“ਫਿਰ ਵੀ ਨਿਰਵੈਰ ਰੁਕੀ ਨਹੀਂ। ਉਸ ਨੇ ਡਾ. ਹਰਬੰਸ ਸਿੰਘ ਦੀ ਜਾਣਕਾਰੀ ਤੋਂ ਬਗੈਰ, ਚੁੱਪ ਚੁਪੀਤੇ ...”
(26 ਜਨਵਰੀ 2021)
ਡਾਕਟਰ ਹਰਬੰਸ ਸਿੰਘ ਸੰਸਾਰ ਦੀ ਭੀੜ ਵਿੱਚ ਸਭ ਤੋਂ ਅਨੋਖਾ, ਨਿਆਰਾ, ਪਿਆਰਾ ਤੇ ਹੁਸੀਨ ਵਿਅਕਤੀ ਸੀ। ਜਿੱਥੇ ਬਹਿੰਦਾ, ਖੜ੍ਹਦਾ ਜਾਂ ਬੋਲਦਾ, ਰੌਣਕਾਂ ਦੀਆਂ ਝੜੀਆਂ ਲੱਗ ਜਾਂਦੀਆਂ। ਉਸ ਦੀਆਂ ਤੋਰਾਂ ਤੇ ਤੱਕਾਂ ਵਿੱਚ, ਸੂਰਤ ਤੇ ਸੀਰਤ ਵਿੱਚ ਮਿਕਨਾਤੀਸੀ ਖਿੱਚ ਸੀ। ਉਹ ਬਹੁਤ ਰਲੌਟਾ, ਮਿਲਾਪੜਾ, ਸੁਚੇਤ ਤੇ ਸਹਿਯੋਗੀ ਭਾਵਨਾ ਦਾ ਭਰ ਵਗਦਾ ਦਰਿਆ ਸੀ। ਤੁਰੇ ਜਾਂਦਿਆਂ ਨੂੰ ਮੋਹ ਲੈਂਦਾ ਸੀ। ਉਹ ਬਹੁ-ਪੱਖੀ ਵਿੱਦਿਆ ਤੇ ਕਈ ਹੁਨਰਾਂ ਦਾ ਮਾਹਰ, ਉੱਦਮੀ, ਉਤਸ਼ਾਹੀ ਤੇ ਮਿਹਨਤੀ ਰੁਚੀਆਂ ਦਾ ਮਾਲਕ ਸੀ। ਉਹਦੇ ਬੋਲਾਂ ਵਿੱਚ ਹਾਸੇ ਛਣਕਦੇ, ਸਮਾਜਿਕ, ਵਿਗਿਆਨਕ ਤੇ ਯਥਾਰਥੀ ਲੋਕਧਾਰਾ ਦੀ ਮਹਿਕ ਹੁੰਦੀ। ਚੋਟੀ ਦੇ ਲੇਖਕਾਂ, ਵਿਗਿਆਨੀਆਂ ਤੇ ਬੁੱਧੀਜੀਵੀਆਂ ਦੀ ਮਹਿਫਲਾਂ ਵਿੱਚ ਆਪਣੀ ਸੁਲਝੀ ਤੇ ਸ੍ਰੇਸ਼ਟ ਵਿਚਾਰਧਾਰਾ ਨਾਲ ਉਹ ਬੋਹੜ ਵਾਂਗ ਛਾ ਜਾਂਦਾ।
ਡਾ. ਹਰਬੰਸ ਸਿੰਘ ਦੀ ਬੋਲ ਬਾਣੀ ਤੇ ਵਰਤਣ ਵਿਹਾਰ ਵਿੱਚ ਮੋਹ ਲੈਣ ਵਾਲਾ ਅਜਿਹਾ ਕੌਤਕੀ ਤੇ ਚੁੰਬਕੀ ਗੁਣ ਸੀ ਕਿ ਉਹ ਪਹਿਲੀ ਮਿਲਣੀ ਵਿੱਚ ਤੇ ਪਹਿਲੀ ਨਜ਼ਰੇ ਆਪਣੇ ਪਿਆਰ ਦੀਆਂ ਪੁਸ਼ਪ ਕੜੀਆਂ ਨਾਲ ਜਕੜ ਲੈਂਦਾ ਤੇ ਵਿਅਕਤੀ ਦੇ ਹਿਰਦੇ ਦੇ ਸੁਹਜ ਵਿਹੜੇ ਵਿੱਚ ਆਪਣੇ ਸਤਿਕਾਰ ਦੀ ਪੀਹੜੀ ਡਾਹ ਕੇ ਬਹਿ ਜਾਂਦਾ ਸੀ। ਇਸੇ ਕਾਰਣ ਉਸ ਦੀ ਮਿੱਤਰਤਾ ਦੀ ਲੜੀ ਰੀਝਾਂ ਨਾਲ ਸ਼ਿੰਗਾਰੀ, ਮਨਮੋਹਕ ਤੇ ਵਿਸ਼ਾਲ ਹੁੰਦੀ ਗਈ।
ਪੰਜਾਬੀ ਦੇ ਮਹਾਨ ਚਿੰਤਕ ਤੇ ਨਾਵਲਿਸਟ ਗੁਰਦਿਆਲ ਸਿੰਘ ਉਸ ਦੇ ਪਰਮ ਮਿੱਤਰਾਂ ਵਿੱਚ ਇੱਕ ਸਨ। ਉਸ ਦੇ ਪਿਆਰੇ ਮਿੱਤਰਾਂ ਵਿੱਚ ਸ਼ਾਮਲ ਸਨ ਮੋਗੇ ਦੀਆਂ ਕੁਝ ਪ੍ਰਮੁੱਖ ਸ਼ਖਸੀਅਤਾਂ, ਸਮੇਤ ਗੁਰਦਰਸ਼ਨ ਸਿੰਘ ਤੇ ਜ਼ਿਲ੍ਹਾ ਜਾਲੰਧਰ ਤੋਂ ਗੁਰਬਚਨ ਸਿੰਘ ਨਿੱਝਰ ਅਤੇ ਹੋਰ ਕਈ ਸੱਜਣ।
ਡਾ. ਹਰਬੰਸ ਸਿੰਘ ਦਾ ਜਨਮ, ਪਿਤਾ ਰਾਮ ਸਿੰਘ, ਮਾਤਾ ਜੈ ਕੌਰ ਦੇ ਘਰ ਚਾਰ ਅਪ੍ਰੈਲ 1938 ਨੂੰ ਜ਼ਿਲ੍ਹਾ ਮੋਗਾ ਦੇ ਪਿੰਡ ਇੰਦਰਗੜ੍ਹ ਵਿੱਚ ਹੋਇਆ। ਇਹ ਆਪਣੀਆਂ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ। ਧਰਮਕੋਟ ਵਾਸੀ ਪਿਤਾ ਹਰੀ ਸਿੰਘ ਮਾਤਾ ਸ਼ਾਮ ਕੌਰ ਦੀ ਪੁੱਤਰੀ ਜਸਵੀਰ ਕੌਰ ਨਾਲ ਇਸਦੀ ਸ਼ਾਦੀ ਹੋਈ। ਇਨ੍ਹਾਂ ਦੇ ਘਰ ਤਿੰਨ ਪਿਆਰੀਆਂ ਪੁੱਤਰੀਆਂ ਅਤੇ ਇੱਕ ਪੁੱਤਰ ਨੇ ਜਨਮ ਲਿਆ: ਮਨਦੀਪ ਕੌਰ (ਐਡਮਿੰਟਨ, ਕਨੇਡਾ) , ਪਰਮਜੀਤ ਕੌਰ (ਚੰਦੀਗੜ੍ਹ) , ਰਾਜਿੰਦਰ ਕੌਰ (ਬਰਨਾਲਾ) ਅਤੇ ਗੁਰਮੇਲ ਸਿੰਘ। ਹਰਬੰਸ ਸਿੰਘ ਦੀ ਸੁੱਘੜ ਸੁਜਾਨ ਇਕਲੌਤੀ ਨੂੰਹ-ਪੁੱਤਰੀ ਬਲਜੀਤ ਕੌਰ, ਇੱਕ ਪੋਤਰਾ ਅਭੀਜੀਤ ਸਿੰਘ ਤੇ ਪੋਤਰੀ ਸਿਮਰਨ ਕੌਰ ਹੈ।
ਦੁਨਿਆਵੀ ਸਕੀਰੀ ਪੱਖੋਂ ਹਰਬੰਸ ਸਿੰਘ ਮੇਰਾ ਸਾਢੂ ਸੀ, ਪਰ ਉਹ ਮੇਰਾ ਹੋਰ ਵੀ ਬਹੁਤ ਕੁਝ ਸੀ। ਜ਼ਿੰਦਗੀ ਦੀਆਂ ਆਪਣੀਆਂ ਉਲਝੀਆਂ ਲਿਟਾਂ ਨੂੰ ਉਸ ਨੇ ਆਪਣੇ ਹੱਥੀਂ ਵਾਹਿਆ, ਸੁਆਰਿਆ ਤੇ ਆਪਣਾ ਸਿਰ ਆਪ ਗੁੰਦਿਆ ਹੈ। ਉਸ ਦੀ ਜ਼ਿੰਦਗੀ ਦੇ ਵਿਸਥਾਰ ਨੂੰ ਦੇਖਦਿਆਂ ਲਗਦਾ ਹੈ ਜਿਵੇਂ ਧਰਤੀ ਦਾ ਇਹ ਟੋਟਾ ਉਸ ਲਈ ਛੋਟਾ ਹੋਵੇ ਤੇ ਉਸ ਦੀਆਂ ਸੋਚਾਂ ਦੀ ਉਡਾਰੀ ਬਹੁਤ ਵੱਡੀ ਤੇ ਵਿਸ਼ਾਲ ਹੋਵੇ। ਉਸ ਦੇ ਪੈਰ ਚੱਕਰ ਹੀ ਅਜਿਹਾ ਸੀ ਕਿ ਉਹ ਇੱਕ ਥਾਂ ਟਿਕ ਕੇ ਬਹਿਣ ਵਾਲਾ ਨਹੀਂ ਸੀ ਨਾ ਹੀ ਉਹ ਕਿਸੇ ਕਾਰੋਬਾਰ ਦੇ ਇੱਕੋ ਕਿੱਲੇ ਨਾਲ ਬੱਝੇ ਰਹਿਣ ਵਾਲਾ ਸੀ। ਭਗਤ ਕਬੀਰ ਵਾਂਗ ‘ਐਸੇ ਘਰ ਹਮ ਬਹੁਤ ਬਸਾਏ। ਜਬ ਹਮ ਰਾਮ ਗਰਭ ਮਹਿ ਆਏ’ ਵਾਂਗ ਉਸ ਨੇ ਬਾਰ ਬਾਰ ਆਪਣੇ ਟਿਕਾਣੇ ਤੇ ਕਾਰੋਬਾਰ ਬਦਲੇ।
ਉਹ ਪੀਰਾਂ, ਫਕੀਰਾਂ ਤੇ ਦਰਵੇਸ਼ਾਂ ਵਾਂਗ ਕੱਖਾਂ ਕਾਨਿਆਂ ਦੀ ਕੁੱਲੀ ਵਿੱਚ ਵੀ ਬਾਦਸ਼ਾਹਾਂ ਵਾਂਗ ਰਹਿ ਸਕਦਾ ਸੀ। ਗੰਢੇ ਤੇ ਅਚਾਰ ਨਾਲ ਰੁੱਖੀ ਮਿੱਸੀ ਖਾ ਕੇ ਵੀ ਛੱਤੀ ਪ੍ਰਕਾਰ ਦੇ ਭੋਜਨਾਂ ਦਾ ਆਨੰਦ ਲੈ ਸਕਦਾ ਸੀ। ਕਿਸੇ ਦੇ ਉੱਚੇ ਮਹਿਲ, ਮਹਿੰਗੀਆਂ ਕਾਰਾਂ ਤੇ ਬਹੁ-ਭਾਂਤੇ ਪਦਾਰਥਾਂ ਨਾਲ ਉਸ ਨੂੰ ਭੋਰਾ ਵੀ ਮਲਾਲ ਨਹੀਂ ਸੀ। ਹੀਣ ਭਾਵਨਾ ਤਾਂ ਉਸ ਦੇ ਨੇੜੇ ਤੇੜੇ ਵੀ ਨਹੀਂ ਸੀ। ਪਰ ਉਹ ਕਿਸੇ ਦੇ ਕੰਮ ਆਉਣ ਤੇ ਵਿਗੜੀ ਸੁਆਰਨ ਲਈ ਜ਼ਿੰਦਗੀ ਦੇ ਵੱਡੇ ਤੋਂ ਵੱਡੇ ਖਤਰੇ ਸਹੇੜ ਸਕਦਾ ਸੀ। ਕਿਸੇ ਦੀ ਚੰਗਿਆਈ ਜਾਂ ਕੋਈ ਹੁਨਰ ਦੇਖ ਕੇ ਚੁੱਪ ਰਹਿਣ ਜਾਂ ਦੜ ਵੱਟਣ ਦਾ ਆਦੀ ਨਹੀਂ ਸੀ; ਸਗੋਂ ਵਡਿਆਈ ਤੇ ਪਰਸੰਸਾ ਦਾ ਕੋਈ ਸੁਭਾਗ ਜਾਣ ਨਹੀਂ ਸੀ ਦਿੰਦਾ। ਉਹ ਆਪਣੇ ਪਰਸ਼ੰਸਕ ਬੋਲਾਂ ਦੁਆਰਾ ਨਿਹਾਲ ਕਰ ਦਿੰਦਾ ਸੀ। ਅਜਿਹੀ ਸੁੱਚੀ ਤੇ ਪਵਿੱਤਰ ਭਾਵਨਾ ਸੀ ਉਸ ਦੀ।
ਡਾ. ਹਰਬੰਸ ਸਿੰਘ ਨੇ ਆਪਣੀ ਸੁਖੀ ਤੇ ਖੁਸ਼ਹਾਲ ਜ਼ਿੰਦਗੀ ਲਈ ਜੋ ਘੋਰ ਸੰਘਰਸ਼ ਤੇ ਤਪੱਸਿਆ ਕੀਤੀ ਉਸ ਦਾ ਵਿਸਥਾਰ ਬੇਅੰਤ ਜੋਖਮ, ਔਕੜਾਂ ਅਤੇ ਕਠਨਾਈਆਂ ਭਰਿਆ ਪਿਆ ਹੈ। ਉਹ ਜਿਸ ਵੀ ਕਿੱਤੇ ਵਿੱਚ ਪਿਆ, ਉਸ ਦੀ ਧੁਰ ਆਤਮਾ ਤਕ ਰਸਾਈ ਕੀਤੀ। ਜ਼ਿੰਦਗੀ ਦੇ ਅਰੰਭ ਵਿੱਚ ਮਸ਼ੀਨਰੀ ਦੇ ਕੰਮਾਂ ਵਿੱਚ ਲੰਮਾ ਸਮਾਂ ਪੂਰੀ ਲਗਨ ਨਾਲ ਕਠੋਰ ਮਿਹਨਤ ਤੇ ਕਮਾਈ ਕੀਤੀ।
ਜੀਵਨ ਵਿੱਚ ਕਈ ਵਾਰ ਕੁਝ ਅਜਿਹੀਆਂ ਅਣਸੁਖਾਵੀਆਂ, ਦੁੱਖ ਭਰੀਆਂ ਤੇ ਬੇਹੱਦ ਕੌੜੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜੋ ਸੋਚੀਆਂ ਵਿਚਾਰੀਆਂ ਨਹੀਂ ਹੁੰਦੀਆਂ। ਜਿਨ੍ਹਾਂ ਕਰ ਕੇ ਬੰਦੇ ਦਾ ਦਿਲ ਟੁੱਟ ਜਾਂਦਾ ਹੈ, ਉਹ ਮਾਨਸਕ ਰੋਗ ਸਹੇੜ ਲੈਂਦਾ ਤੇ ਮੰਜਾ ਮੱਲ ਲੈਂਦਾ ਹੈ। ਪਰ ਡਾ. ਹਰਬੰਸ ਸਿੰਘ ਘੋਰ ਔਕੜਾਂ, ਸੰਕਟਾਂ ਤੇ ਮੁਸੀਬਤਾਂ ਵਿੱਚ ਵੀ ਦਿਲ ਛੱਡਣ ਤੇ ਹੌਸਲਾ ਹਾਰਨ ਵਾਲਾ ਨਹੀਂ ਸੀ। ਉਸ ਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਸਮਾਂ ਵੀ ਆਇਆ ਕਿ ਉਸ ਦੀਆਂ ਜਾਨ ਤੋਂ ਪਿਆਰੀਆਂ ਤਿੰਨੋਂ ਧੀਆਂ, ਵਾਰੀ ਵਾਰੀ ਵਿਧਵਾ ਹੋ ਗਈਆਂ। ਪਿੱਛੋਂ ਚੰਡੀਗੜ੍ਹ ਵਾਲੀ ਵਿਧਵਾ ਲੜਕੀ ਸੜਕੀ ਹਾਦਸੇ ਵਿੱਚ ਸੁਰਗਵਾਸ ਹੋ ਗਈ। ਉਸ ਸਮੇਂ ਹਰਬੰਸ ਸਿੰਘ ਦੇ ਦੁੱਖਾਂ ਦਾ ਕੋਈ ਪਾਰਾਵਾਰ ਨਹੀਂ ਸੀ। ਘਰ ਵਿੱਚ ਸੋਗੀ ਮਾਹੌਲ, ਉੱਤੋਂ ਉਸ ਦੇ ਸਰੀਰ ਨੂੰ ਪਤਾ ਨਹੀਂ ਕੀ ਰੋਗ ਲੱਗਾ, ਉਸ ਦਾ ਸਾਰਾ ਸਰੀਰ ਬੁਰੀ ਤਰ੍ਹਾਂ ਸੁੱਜ ਗਿਆ। ਬੇਚੈਨੀ ਤੇ ਭਟਕਣਾ ਵਿੱਚ ਨਾ ਪਿਆ ਜਾਵੇ, ਨਾ ਬੈਠਿਆ ਜਾਵੇ, ਨਾ ਖਾਧਾ ਪੀਤਾ ਜਾਵੇ। ਬਚਣ ਦੀ ਉਮੀਦ ਵੀ ਜਾਂਦੀ ਰਹੀ। ਪਰ ਦੁੱਖਾਂ ਮਾਰੇ ਅਜਿਹੇ ਹਾਲਾਤ ਵਿੱਚ ਵੀ ਉਸ ਨੇ ਹੌਸਲਾ ਨਹੀਂ ਹਾਰਿਆ, ਦ੍ਰਿੜ੍ਹਤਾ ਤੇ ਦਲੇਰੀ ਦਾ ਪੱਲਾ ਨਹੀਂ ਛੱਡਿਆ। ਕੁੱਕਨੂਸ ਵਾਂਗ ਉਹ ਆਪਣੀ ਰਾਖ ਵਿੱਚੋਂ ਮੁੜ ਮੁੜ ਉੱਠਣ ਤੇ ਉੱਡਣ ਵਾਲਾ ਸੀ। ਉਸ ਨੇ ਜ਼ਿੰਦਗੀ ਦੀ ਮੁੜ ਉਸਾਰੀ ਕੀਤੀ। ਲੜਕੀਆਂ ਮੁੜ ਸੈੱਟ ਕੀਤੀਆਂ। ਪਹਿਲਾਂ ਵਾਂਗ ਪਰਿਵਾਰ ਖੁਸ਼ਹਾਲੀ ਦੇ ਪਰਾਂ ’ਤੇ ਮੁੜ ਉਡਾਰੀਆਂ ਮਾਰਨ ਲੱਗਾ।
ਸਭ ਤੋਂ ਪਹਿਲਾਂ ਉਸ ਨੇ ਧਰਮਕੋਟ ਨੇੜੇ ਜ਼ਿਲ੍ਹਾ ਮੋਗਾ ਦੇ ਆਪਣੇ ਜਨਮ ਨਗਰ ਇੰਦਰਗੜ੍ਹ ਦੇ ਕੱਚੇ ਘਰਾਂ ਤੇ ਤੰਗ ਗਲ਼ੀਆਂ ਵਿੱਚੋਂ ਉੱਠ ਕੇ ਧਰਮਕੋਟ ਜ਼ੀਰਾ ਰੋਡ ’ਤੇ ਆਪਣੇ ਘਰ ਦੀ ਉਸਾਰੀ ਕੀਤੀ। ਉੱਥੇ ਹੀ ਕਾਰਾਂ ਦੀ ਮੁਰੰਮਤ ਦਾ ਕਾਰੋਬਾਰ ਅਰੰਭਿਆ। ਛੇਤੀ ਹੀ ਇਹ ਭਾਗਸ਼ਾਲੀ ਟਿਕਾਣਾ ਰੌਣਕਾਂ ਦਾ ਕੇਂਦਰ ਬਣ ਗਿਆ। ਪਰ ਉਹ ਇੱਕ ਥਾਂ ਟਿਕ ਕੇ ਰਹਿਣ ਵਾਲਾ ਕਿੱਥੇ ਸੀ? ਇੱਥੇ ਵੀ ਬਹੁਤਾ ਚਿਰ ਨਾ ਟਿਕਿਆ। ਆਪਣਾ ਵਸੇਬਾ ਤੇ ਕਾਰੋਬਾਰ ਕੋਟਕਪੂਰੇ ਲੈ ਗਿਆ।
ਕੋਟਕਪੂਰੇ ਫਰੀਦਕੋਟ ਰੋਡ ’ਤੇ ਉਸ ਨੇ ਆਪਣੇ ਕਾਰੋਬਾਰ ਦਾ ਤੇ ਘਰ ਦਾ ਬਹੁਤ ਮਿਹਨਤ ਤੇ ਰੀਝਾਂ ਨਾਲ ਵਿਸਥਾਰ ਕੀਤਾ। ਬਹੁਤ ਤਹਿਜ਼ੀਬ ਵਾਲਾ ਘਰ ਤੇ ਆਦਰਸ਼ਕ ਸੁਪਨਿਆਂ ਦੀ ਵਿਸ਼ਾਲ ਵਰਕਸ਼ਾਪ ਦਾ ਨਿਰਮਾਣ ਕੀਤਾ। ਉਸ ਦਾ ਇਹ ਟਿਕਾਣਾ ਰੌਣਕਾਂ ਤੇ ਮਹਿਫਲਾਂ ਦਾ ਕੇਂਦਰ ਬਣ ਗਿਆ। ਪੂਰੇ ਕੋਟਕਪੂਰੇ ਵਿੱਚ ਇਸਦੀ ਚੜ੍ਹਾਈ ਦੀਆਂ ਗੱਲਾਂ ਹੁੰਦੀਆਂ। ਇੱਥੇ ਉਸ ਨੇ ਲੰਮਾ ਸਮਾਂ ਸਖਤ ਮਿਹਨਤ ਕੀਤੀ, ਕਮਾਈ ਕੀਤੀ, ਪਰਾਪਰਟੀ ਦਾ ਵੀ ਵਿਸਥਾਰ ਕੀਤਾ। ਫਿਰ ਪਹਿਲਾ ਘਰ ਵੇਚ ਕੇ ਗੋਬਿੰਦ ਨਗਰ ਵਿੱਚ ਨਵਾਂ ਤੇ ਵਿਸ਼ਾਲ ਘਰ ਬਣਾਇਆ।
ਫਿਰ ਡਾਕਟਰੀ ਵਿਗਿਆਨ ਵੱਲ ਰੁਚੀ ਹੋ ਗਈ। ਕਾਰਾਂ ਦਾ ਕੰਮ ਛੱਡ ਕੇ ਡਾਕਟਰੀ ਧੰਦੇ ਮਗਰ ਪੈ ਗਿਆ। ਆਯੁਰਵੈਦਕ ਦੀ ਥਿਉਰੀ ਤੇ ਆਕਿਊਪਰੈਸ਼ਰ ਦੀ ਖੋਜ ਵਿੱਚ ਆਪਣੇ ਜੀਵਨ ਦੀ ਸਾਰੀ ਸ਼ਕਤੀ ਝੋਕ ਦਿੱਤੀ। ਕਠੋਰ ਮਿਹਨਤ ਕੀਤੀ ਅਤੇ ਇਸ ਵਿੱਚ ਸਿਰੇ ਦਾ ਮਾਹਰ ਡਾਕਟਰ ਬਣਿਆ। ਆਕਿਊਪਰੈਸ਼ਰ ਅਜਿਹੀ ਕੋਮਲ ਤੇ ਸੂਖਮ ਵਿਧੀ ਹੈ; ਜਿਸ ਦੁਆਰਾ ਬਗੈਰ ਕਿਸੇ ਦਵਾ ਦਾਰੂ ਤੋਂ, ਆਪਣੇ ਹੱਥਾਂ ਦੀ ਟੋਹ ਤੇ ਛੋਹ ਨਾਲ ਸਰੀਰ ਦੇ ਤਮਾਮ ਰੋਗ ਦੂਰ ਕੀਤੇ ਜਾਂਦੇ ਹਨ। ਇਸ ਵਿਧੀ ਦਾ ਸਿਰੇ ਦਾ ਮਾਹਰ ਸੀ ਉਹ। ਕੋਟਕਪੂਰੇ, ਦਿੱਲੀ ਜਾਂ ਸਾਡੇ ਕੋਲ ਕਨੇਡਾ ਆਇਆ, ਹਰ ਥਾਂ ਉਸ ਦੇ ਚਾਹੁਣ ਵਾਲੇ ਮਰੀਜ਼ਾਂ ਦੀਆਂ ਲਾਈਨਾਂ ਲੱਗ ਜਾਂਦੀਆਂ, ਵਾਰੀ ਨਹੀਂ ਸੀ ਆਉਂਦੀ।
ਫਿਰ ਉਸ ਦੀਆਂ ਸੋਚਾਂ ਸਕੀਮਾਂ ਨੂੰ ਕੋਟਕਪੂਰਾ ਸ਼ਹਿਰ ਛੋਟਾ ਲੱਗਾ। ਸ਼ਾਸਤਰੀ ਨਗਰ ਦਿੱਲੀ ਉਸ ਦੇ ਸਰਬੰਧੀ ਜਾਗੀਰ ਸਿੰਘ ਦੀ ਲੜਕੀ ਬਲਵਿੰਦਰ ਕੌਰ ਰਹਿੰਦੀ ਸੀ। ਉਸ ਦੀ ਡਬਲ ਛੱਤੀ ਵਿਸ਼ਾਲ ਕੋਠੀ ਸੀ। ਕੋਟਕਪੂਰਾ ਛੱਡ ਕੇ ਉਸ ਨੇ ਬਲਵਿੰਦਰ ਕੌਰ ਕੋਲ ਦਿੱਲੀ ਜਾ ਡੇਰੇ ਲਾਏ। ਇੱਥੇ ਇਸਦੀ ਸ਼ਫਾ ਦੇ, ਇਸਦੇ ਹੁਨਰ ਤੇ ਡਾਕਟਰੀ ਵਿਗਿਆਨ ਦੇ ਦੂਰ ਦੂਰ ਤਕ ਡੰਕੇ ਵੱਜ ਗਏ।
ਭਾਈ ਕੀ ਸਮਾਧ ਵਾਲੇ ਨਾਨਕਸਰੀ ਬਾਬਾ ਜੀ ਗੁਰਦੇਵ ਜੀ ਦਾ ਪਹਾੜ ਗੰਜ ਬਹੁਤ ਵੱਡਾ ਠਾਠ ਸੀ। ਉਨ੍ਹਾਂ ਦੇ ਭਾਰਤ ਤੋਂ ਇਲਾਵਾ ਹੋਰ ਵੀ ਕਈ ਦੇਸ਼ਾਂ ਵਿੱਚ ਅਜਿਹੇ ਠਾਠ ਹਨ। ਹਰ ਥਾਂ ਸ਼ਰਧਾਲੂਆਂ ਦੀ ਭੀੜ ਜੁੜਦੀ ਸੀ। ਡਾ. ਹਰਬੰਸ ਸਿੰਘ ਦੀ ਮਸ਼ਹੂਰੀ ਦੀ ਮਹਿਕ ਬਾਬਾ ਜੀ ਦੇ ਦਰਬਾਰ ਤਕ ਪਹੁੰਚ ਗਈ। ਉਨ੍ਹਾਂ ਨੂੰ ਅਜਿਹੇ ਗੁਣੀ ਦੀ ਲੋੜ ਸੀ। ਉਨ੍ਹਾਂ ਇਸ ਨੂੰ ਆਪਣੇ ਨਾਲ ਜੋੜਨ ਦੇ ਯਤਨ ਕੀਤੇ। ਉਨ੍ਹਾਂ ਦੀ ਇੱਛਾ ਸੀ ਕਿ ਡਾਕਟਰ ਹਰਬੰਸ ਸਿੰਘ ਦੇਸ਼ ਵਿਦੇਸ਼ਾਂ ਵਿੱਚ ਉਨ੍ਹਾਂ ਦੇ ਨਾਲ ਰਹੇ। ਇਸ ਨਾਲ ਬਾਬਾ ਜੀ ਦੀ ਮਹਿਮਾ ਦਾ ਹੋਰ ਵਿਸਥਾਰ ਹੁੰਦਾ ਸੀ। ਜਿੱਥੇ ਮਾਨਸਿਕ ਅਰੋਗਤਾ ਲਈ ਬਾਬਾ ਜੀ ਪਰਵਚਨ ਕਰਦੇ ਸਨ, ਉੱਥੇ ਤਨ ਦੀ ਅਰੋਗਤਾ ਲਈ ਡਾਕਟਰ ਹਰਬੰਸ ਸਿੰਘ ਦੀ ਡਾਕਟਰੀ ਸੇਵਾ ਬਹੁਤ ਵੱਡੇ ਅਰਥ ਰੱਖਦੀ ਸੀ। ਨਾਲੇ ਠਾਠ ਵਿੱਚ ਬਹੁ ਭਾਂਤੀ ਬੇਅੰਤ ਸੁਖ ਸਹੂਲਤਾਂ ਦੇ ਨਾਲ ਮਾਇਆ ਦੇ ਵੀ ਬੇਅੰਤ ਖੁੱਲ੍ਹੇ ਗੱਫੇ ਸਨ। ਦੇਸ ਵਿਦੇਸ਼ ਦੀ ਮੁਫਤ ਦੀ ਸੈਰ। ਸਧਾਰਣ ਸੋਚ ਵਾਲੇ ਵਿਅਕਤੀ ਲਈ ਅਜਿਹਾ ਮੌਕਾ ਕਰਮਾਂ ਨਾਲ ਮਿਲਦਾ ਹੈ। ਪਰ ਹਰਬੰਸ ਸਿੰਘ ਦੀ ਗੱਲ ਹੋਰ ਸੀ। ਜੇ ਕਿਸੇ ਵਿਅਕਤੀ ਜਾਂ ਸੰਸਥਾ ਨਾਲ ਡਾਕਟਰ ਹਰਬੰਸ ਸਿੰਘ ਦੀ ਵਿਚਾਰਧਾਰਾ ਮੇਲ ਨਹੀਂ ਸੀ ਖਾਂਦੀ, ਉਹ ਉਸ ਨਾਲ ਮੇਲ ਮਿਲਾਪ ਤਾਂ ਕੀ, ਅੱਖ ਤਕ ਨਹੀਂ ਸੀ ਮਿਲਾਉਂਦਾ। ਬਾਬਾਵਾਦ ਦਾ ਜਲੌਅ ਉਸ ਨੂੰ ਉੱਕਾ ਪਸੰਦ ਨਹੀਂ ਸੀ। ਇਸ ਲਈ ਉਸ ਨੇ ਬਾਬਾ ਜੀ ਦੇ ਠਾਠ ਤੋਂ ਕਿਨਾਰਾ ਕਰ ਲਿਆ।
ਸ਼ਾਸਤਰੀ ਨਗਰ ਰਹਿੰਦਿਆਂ ਬਲਵਿੰਦਰ ਕੌਰ ਦੇ ਘਰ ਬਹੁਤ ਸਾਰੇ ਇਸਦੇ ਮਰੀਜ਼ਾਂ ਵਿੱਚੋਂ ਇਸਦੇ ਸੰਪਰਕ ਵਿੱਚ ਇੱਕ ਨਿਰਾਸ, ਉਦਾਸ ਤੇ ਦੁਖਿਆਰੀ ਅਪਾਹਜ ਲੜਕੀ ਆਈ- ਨਿਰਵੈਰ ਕੌਰ। ਨਿਰੀ ਤਰਸ ਦੀ ਪਾਤਰ। ਉਸ ਦੀ ਜ਼ਿੰਦਗੀ ਦਾ ਕੋਈ ਸਹਾਰਾ ਨਹੀਂ ਸੀ, ਨਾ ਮਾਪੇ ਨਾ ਕੋਈ ਹੋਰ ਸੰਗੀ ਸਾਥੀ। ਉਸ ਦੇ ਸਰੀਰ ਦਾ ਲੱਕੋਂ ਹੇਠਲਾ ਹਿੱਸਾ ਅਸਲੋਂ ਨਕਾਰਾ ਸੀ। ਤੁਰ ਫਿਰ ਨਹੀਂ ਸੀ ਸਕਦੀ। ਦਿੱਲੀ ਟੈਗੋਰ ਗਾਰਡਨ ਕੋਲ ਉਹ ਆਪਣੇ ਉਦਾਸ ਘਰ ਇਕੱਲੀ ਲਾਚਾਰ ਜ਼ਿੰਦਗੀ ਨੂੰ ਧੱਕਾ ਦੇ ਰਹੀ ਸੀ। ਡਾ. ਹਰਬੰਸ ਸਿੰਘ ਦੇ ਇਲਾਜ ਨਾਲ ਨਿਰਵੈਰ ਦੀਆਂ ਲੱਤਾਂ ਭਾਵੇਂ ਤੁਰਨ ਜੋਗੀਆਂ ਨਾ ਹੋ ਸਕੀਆਂ ਪਰ ਸਰੀਰ ਦੇ ਬਾਕੀ ਰੋਗ ਦੂਰ ਹੋ ਗਏ ਅਤੇ ਉਹ ਧੁਰ ਅੰਦਰੋਂ ਇਸਦੀ ਪੱਕੀ ਮੁਰੀਦ ਬਣ ਗਈ।
ਬਹੁਤ ਤਰਲਿਆਂ ਨਾਲ ਡਾਕਟਰ ਹਰਬੰਸ ਸਿੰਘ ਨੂੰ ਉਹ ਆਪਣੇ ਘਰ ਲਿਜਾਣ ਵਿੱਚ ਸਫਲ ਹੋ ਗਈ। ਉਸ ਨੂੰ ਡਾਕਟਰ ਹਰਬੰਸ ਸਿੰਘ ਤੇ ਉਸ ਦੀ ਪਤਨੀ ਜਸਵੀਰ ਕੌਰ ਵਰਗੇ ਮਮਤਾ ਭਰਪੂਰ ਰਹਿਮ ਦਿਲਾਂ ਅਤੇ ਸਕਿਆਂ ਨਾਲੋਂ ਵੱਧ ਮਾਂ ਪਿਓ ਵਰਗਾ ਆਸਰਾ ਮਸਾਂ ਮਿਲਿਆ ਸੀ। ਨਿਰਵੈਰ ਦੇ ਅਸਲੋਂ ਉਦਾਸ ਘਰ ਵਿੱਚ ਹਰਬੰਸ ਸਿੰਘ ਦੇ ਡਾਕਟਰੀ ਕਿੱਤੇ ਦੀਆਂ ਤੇ ਮਰੀਜ਼ਾਂ ਦੀਆਂ ਭੀੜਾਂ ਜੁੜਨ ਲੱਗ ਗਈਆਂ। ਰੌਣਕਾਂ ਨਾਲ ਘਰ ਭਰਿਆ ਰਹਿੰਦਾ। ਨਿਰਵੈਰ ਕੌਰ ਦੀ ਨਿਰਾਸ, ਉਦਾਸ ਜ਼ਿੰਦਗੀ ਵਿੱਚ ਚਾਅ ਤੇ ਉਤਸ਼ਾਹ ਦਾ ਹੁਲਾਰਾ ਆ ਗਿਆ। ਖੁਸ਼ੀਆਂ ਅਤੇ ਖੇੜਿਆਂ ਦੇ ਮਹਿਕਦੇ ਫੁੱਲ ਖਿੜ ਗਏ। ਉਸ ਨੂੰ ਜਿਊਣਾ ਚੰਗਾ ਚੰਗਾ ਲੱਗਣ ਲੱਗ ਪਿਆ।
ਉੱਧਰ ਜਿਵੇਂ ਪਾਕਿਸਤਾਨ ਬਣਨ ਸਮੇਂ ਭਗਤ ਪੂਰਨ ਸਿੰਘ ਇੱਕ ਅਪਾਹਜ ਬੱਚੇ ਪਿਆਰਾ ਸਿੰਘ ਨੂੰ ਨਨਕਾਣਾ ਸਾਹਿਬ ਤੋਂ ਆਪਣੇ ਕੰਧੇੜੇ ਉੱਤੇ ਚੁੱਕ ਕੇ ਅੰਮ੍ਰਿਤਸਰ ਲਿਆਇਆ ਤੇ ਸਾਰੀ ਉਮਰ ਆਪਣੇ ਪਿੰਗਲਵਾੜੇ ਵਿੱਚ ਉਸ ਦੀ ਸੇਵਾ ਕੀਤੀ, ਠੀਕ ਉਸੇ ਤਰ੍ਹਾਂ ਡਾ. ਹਰਬੰਸ ਸਿੰਘ ਆਪਣੀ ਨਿਰਵੈਰ ਨੂੰ ਮਮਤਾ ਭਰੇ ਬਾਬਲ ਵਾਂਗ ਆਪਣੇ ਕੰਧਾੜੇ ਚੁੱਕ ਕੇ ਲਈ ਫਿਰਦਾ ਰਿਹਾ। ਉਸ ਦੀ ਹਰ ਇੱਛਾ ਜਾਂ ਖ਼ਾਹਿਸ਼ ਪੂਰੀ ਕਰਨ ਦਾ ਉਸ ਦਾ ਮਿਸ਼ਨ ਬਣ ਗਿਆ। ਉੱਧਰ ਨਿਰਵੈਰ ਨੇ ਦਿੱਲੀ ਵਾਲੀ ਆਪਣੇ ਰਿਹਾਇਸ਼ੀ ਘਰ ਵਾਲੀ ਪਰਾਪਰਟੀ ਡਾ. ਹਰਬੰਸ ਸਿੰਘ ਦੇ ਨਾਂ ਕਰਨ ਦਾ ਫੈਸਲਾ ਕਰ ਲਿਆ ਪਰ ਰੱਜੀ ਰੂਹ, ਸੰਤੁਸ਼ਟ ਤੇ ਮਹਾਨ ਮਨੁੱਖ ਡਾ. ਹਰਬੰਸ ਸਿੰਘ ਨੇ ਉਸ ਦੀ ਇਸ ਸਕੀਮ ਦੀ ਪਰਕਿਰਿਆ ਨੂੰ ਪੂਰੀ ਤਰ੍ਹਾਂ ਨਾਲ ਰੋਕ ਲਾ ਦਿੱਤੀ ਤੇ ਉਸ ਦੀਆਂ ਸਾਰੀਆਂ ਸਲਾਹਾਂ ਸਕੀਮਾਂ ਨਕਾਰ ਦਿੱਤੀਆਂ। ਫਿਰ ਵੀ ਨਿਰਵੈਰ ਰੁਕੀ ਨਹੀਂ। ਉਸ ਨੇ ਡਾ. ਹਰਬੰਸ ਸਿੰਘ ਦੀ ਜਾਣਕਾਰੀ ਤੋਂ ਬਗੈਰ, ਚੁੱਪ ਚੁਪੀਤੇ ਆਪਣੀ ਲੱਖਾਂ ਦੀ ਪਰਾਪਰਟੀ ਡਾ. ਹਰਬੰਸ ਸਿੰਘ ਦੇ ਨਾਂ ਕਰ ਕੇ ਆਪਣੀ ਸੱਚੀ ਸੁੱਚੀ ਤੇ ਪਵਿੱਤਰ ਪਿਆਰ-ਭਾਵਨਾ ਦੀ ਸੁਗੰਧੀ ਚਾਰ ਚੁਫੇਰੇ ਖਿਲਾਰ ਦਿੱਤੀ।
ਡਾ. ਹਰਬੰਸ ਸਿੰਘ ਦੀ ਸੁਹਣੀ, ਸਚਿਆਰੀ, ਪਿਆਰੀ ਤੇ ਲਾਇਕ ਪੋਤਰੀ ਸਿਮਰਨ ਦਾ 6 ਦਸੰਬਰ ਨੂੰ ਲੁਧਿਆਣੇ ਵਿਆਹ ਸੀ। ਹਰਬੰਸ ਸਿੰਘ ਤੇ ਜਸਵੀਰ ਦਿੱਲੀਓਂ ਕੋਟਕਪੂਰੇ ਆ ਗਏ। ਸੁੱਖੀਂ ਸਾਂਦੀਂ ਸ਼ਗਨਾਂ ਭਰੇ ਵਿਆਹ ਦੀਆਂ ਰਸਮਾਂ ਹੋਈਆਂ। 17 ਦਸੰਬਰ ਨੂੰ ਘਰ ਵਿੱਚ ਮਾਮੂਲੀ ਬੁਖਾਰ ਹੋਇਆ। ਪਹਿਲਾਂ ਘਰ ਵਿੱਚ ਓਹੜ ਪੋਹੜ ਕਰਦੇ ਰਹੇ, ਫਿਰ ਕੋਟਕਪੂਰੇ ਸਰਕਾਰੀ ਹਸਪਤਾਲ ਗਏ। ਉਨ੍ਹਾਂ ਤੁਰੰਤ ਸਰਕਾਰੀ ਹਸਪਤਾਲ ਫਰੀਦਕੋਟ ਰੈਫਰ ਕਰ ਦਿੱਤਾ। ਉਨ੍ਹਾਂ ਕਰੋਨਾ ਪਾਜ਼ਿਟਵ ਡਿਕਲੇਅਰ ਕਰ ਦਿੱਤਾ। ਪਾਜ਼ਿਟਵ ਦਾ ਮਤਲਬ ਸੀ, ਕਰੋਨਾ ਦਾ ਹੋਣਾ, ਕਰੋਨਾ ਦਾ ਹੋਣਾ ਮੌਤ ਦਾ ਹੋਣਾ ਸੀ। ਇਲਾਜ ਸ਼ੁਰੂ, ਪਰ ਕਿੱਥੇ? ਭਾਵੀ ਦੇ ਕਹਿਰ ਦਾ ਪਤਾ ਨਹੀਂ ਸੀ। ਹੁਣ ਕੀ ਹੋ ਸਕਦਾ ਸੀ? ਦਿਲ ਦੀਆਂ ਦਿਲ ਵਿੱਚ ਰਹਿ ਗਈਆਂ। ਡਾਕਟਰ ਹਰਬੰਸ ਸਿੰਘ ਸੁਹਣੀ, ਸਚਿਆਰੀ ਤੇ ਪਿਆਰੀ ਰੂਹ ਦਾ ਸ਼ਿੰਗਾਰ, ਕੋਮਲ ਤੇ ਮਧੁਰ ਨਗਮਿਆਂ ਦੀ ਗੁੰਜਾਰ, ਉੱਤਮ ਵਿਹਾਰ, ਪਵਿੱਤਰ ਕਿਰਦਾਰ ਤੇ ਠੀਕ ਅਰਥਾਂ ਵਿੱਚ ਰੰਗੀਨ ਸੁਪਨਿਆਂ ਦਾ ਸਰਦਾਰ ਸੀ। ਇਹੋ ਜਿਹੇ ਅਣਮੁੱਲੇ ਇਨਸਾਨ ਕਿੱਥੋਂ ਲੱਭਦੇ ਹਨ। ਇਹ ਪਿਆਰੀ ਹਸਤੀ ਅੱਠ ਜਨਵਰੀ 2021 ਨੂੰ ਕੋਟਕਪੂਰੇ ਪਰਲੋਕ ਸਿਧਾਰ ਗਈ। ਹੁਣ ਤਾਂ ਦਿਲ ਇਹੋ ਪੁਕਾਰਦਾ ਹੈ, ‘ਨਹੀਓਂ ਲੱਬਣੇ ਲਾਲ ਗੁਆਚੇ, ਮਿੱਟੀ ਨਾ ਫਰੋਲ ਜੋਗੀਆ!’
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2549)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)