“ਪੰਜਾਬ ਦੇ ਲੋਕਾਂ ਦੀ ਚਿਰਾਂ ਤੋਂ ਮੰਗ ਸੀ ਕਿ ਸੂਬੇ ਅੰਦਰ ਕੋਈ ਤੀਜੀ ਧਿਰ ਆਵੇ ...”
(25 ਸਤੰਬਰ 2016)
ਪੰਜਾਬ ਦੇ ਲੋਕਾਂ ਦੀ ਚਿਰਾਂ ਤੋਂ ਮੰਗ ਸੀ ਕਿ ਸੂਬੇ ਅੰਦਰ ਕੋਈ ਤੀਜੀ ਧਿਰ ਆਵੇ, ਜੋ ਪੰਜਾਬ ਦੀਆਂ ਪ੍ਰਮੁੱਖ ਪਾਰਟੀਆਂ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਦਾ ਮੁਕਾਬਲਾ ਕਰਨ ਦੇ ਸਮਰੱਥ ਹੋਵੇ। ਆਮ ਆਦਮੀ ਪਾਰਟੀ ਦੇ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਇਹ ਮੰਗ ਪੂਰੀ ਹੁੰਦੀ ਨਜ਼ਰ ਆਉਣ ਲੱਗੀ। ਸਾਲ 2014 ਵਿਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਦੇਸ਼ ਭਰ ਵਿੱਚੋਂ ਕੇਵਲ ਪੰਜਾਬ ਸੂਬੇ ਅੰਦਰ 4 ਸੀਟਾਂ ਹਾਸਿਲ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਸਮੁੱਚੇ ਪੰਜਾਬ ਅੰਦਰ ਕ੍ਰਾਂਤੀ ਦੀ ਜਵਾਲਾ ਜਗਾ ਦਿੱਤੀ, ਜਿਸ ਨੂੰ ਖਾਸਕਰ ਨੌਜਵਾਨ ਵਰਗ ਵੱਲੋਂ ਭਰਵਾਂ ਹੁੰਘਾਰਾ ਮਿਲਿਆ। ਪਿੰਡ-ਪਿੰਡ ਅਤੇ ਸ਼ਹਿਰ-ਸ਼ਹਿਰ ਆਮ ਆਦਮੀ ਪਾਰਟੀ ਦਾ ਨਾਂਅ ਹਰ ਇੱਕ ਦੀ ਜ਼ੁਬਾਨ ’ਤੇ ਚੜ੍ਹ ਗਿਆ। ਇੱਥੋਂ ਤੱਕ ਕਿ ਛੋਟੇ-ਛੋਟੇ ਬੱਚੇ ਵੀ ਆਮ ਆਦਮੀ ਪਾਰਟੀ ਦੀਆਂ ਟੋਪੀਆਂ ਪਾ ਕੇ ਨਾਅਰੇਬਾਜ਼ੀ ਕਰਦੇ ਆਮ ਦੇਖੇ ਜਾਂਦੇ। ਪੰਜਾਬ ਵਿਧਾਨ ਸਭਾ ਦੇ ਹਰੇਕ ਹਲਕੇ ਵਿਚ ਨੌਜਵਾਨਾਂ ਅਤੇ ਬਦਲਾਅ ਚਾਹੁਣ ਵਾਲੇ ਲੋਕਾਂ ਦੀਆਂ ਬਣੀਆਂ ਟੀਮਾਂ ਘਰ-ਘਰ ਘੁੰਮਣ ਲੱਗੀਆਂ, ਜਿੱਥੇ ਉਹ ‘ਆਪ’ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੀਆ ਨੀਤੀਆਂ ਤੇ ਇਮਾਨਦਾਰੀ ਦੀਆਂ ਮਿਸਾਲਾਂ ਦਿੰਦੇ ਨਾ ਥੱਕਦੇ।
ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਤਿਵੇਂ-ਤਿਵੇਂ ਪਾਰਟੀ ਦੀਆਂ ਸਰਗਰਮੀਆਂ ਵਧਦੀਆਂ ਗਈਆਂ ਅਤੇ ਨਵੇਂ ਪ੍ਰਭਾਵਸ਼ਾਲੀ ਚਿਹਰੇ ਵੀ ਪਾਰਟੀ ਵੱਲੋਂ ਸ਼ਾਮਿਲ ਕੀਤੇ ਜਾਣੇ ਸ਼ੁਰੂ ਕਰ ਦਿੱਤੇ ਗਏ। ਇਨ੍ਹਾਂ ਵਿੱਚੋਂ ਕਈ ਨਵੇਂ ਚਿਹਰਿਆਂ ਦਾ ਪੁਰਾਣੇ ਵਲੰਟੀਅਰਾਂ ਵੱਲੋਂ ਸਵਾਗਤ ਹੋਇਆ ਅਤੇ ਕਈਆਂ ਦਾ ਵਿਰੋਧ। ਇਸ ਤਰ੍ਹਾਂ ਕੁੱਝ ਹੋਰ ਸਮਾਂ ਬੀਤਿਆ ਤੇ ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ 2017 ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰਨਾ ਸ਼ੁਰੂ ਕੀਤਾ ਗਿਆ। ਪਹਿਲੀ ਲਿਸਟ ਆਉਂਦਿਆਂ ਹੀ ਤਕਰੀਬਨ ਹਰੇਕ ਥਾਈਂ ਸਵਾਗਤ ਵੀ ਹੋਇਆ ਤੇ ਵਿਰੋਧ ਵੀ। ਜਦੋਂ ਦੂਜੀ ਲਿਸਟ ਜਾਰੀ ਹੋਈ ਤਾਂ ਪੁਰਾਣੇ ਵਲੰਟੀਅਰਾਂ ਵੱਲੋਂ ਐਲਾਨੇ ਉਮੀਦਵਾਰਾਂ ਨੂੰ ਉਹੀ ਇੱਜ਼ਤ ਮਾਣ ਬਖਸ਼ਿਆ ਗਿਆ ਜੋ ਪਹਿਲੀ ਲਿਸਟ ਮੌਕੇ ਬਖਸ਼ਿਆ ਸੀ। ਅਨੇਕਾਂ ਥਾਵਾਂ ’ਤੇ ਨਾਰਾਜ਼ ਵਲੰਟੀਅਰਾਂ ਵੱਲੋਂ ਖੋਲ੍ਹੇ ਗਏ ਪਾਰਟੀ ਦਫ਼ਤਰਾਂ ਨੂੰ ਜਿੰਦਰੇ ਮਾਰ ਦਿੱਤੇ ਗਏ ਤੇ ਸੂਬੇ ਅੰਦਰ ਇੰਨਕਲਾਬ ਲਿਆਉਣ ਵਾਲੇ ਇਹ ਵਲੰਟੀਅਰ ਸਿਰਫ਼ ਇਸ ਗੱਲੋਂ ਆਪੋ-ਆਪਣੇ ਘਰ੍ਹੀਂ ਜਾ ਬੈਠੇ ਕਿ ਉਨ੍ਹਾਂ ਦੇ ਪਸੰਦੀਦਾ ਉਮੀਦਵਾਰ ਨੂੰ ਪਾਰਟੀ ਨੇ ਟਿਕਟ ਨਾ ਦੇ ਕੇ ਧੋਖਾ ਕੀਤਾ ਹੈ।
ਇੱਥੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਅਸਲ ਵਿਚ ਪਾਰਟੀ ਵਿਚ ਕੰਮ ਕਰਨ ਵਾਲ਼ੇ ਕੁੱਝ ਕੁ ਵਲੰਟੀਅਰਾਂ ਦਾ ਅਸਲੀ ਚਿਹਰਾ ਸਾਹਮਣੇ ਆਇਆ ਕਿ ਉਹ ਪਾਰਟੀ ਨਾਲ ਜੁੜੇ ਹੀ ਤਾਂ ਸੀ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਚਹੇਤਿਆਂ ਨੂੰ ਉਮੀਦਵਾਰ ਐਲਾਨਿਆ ਜਾਵੇ। ਪੰਜਾਬ ਵਿਚ ਕੁੱਲ 117 ਵਿਧਾਨ ਸਭਾ ਹਲਕੇ ਹਨ ਤੇ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਵਜੋਂ ਦਾਅਵੇਦਾਰੀ ਰੱਖਣ ਵਾਲ਼ਿਆਂ ਦੀ ਗਿਣਤੀ 1500 ਦੇ ਕਰੀਬ ਹੈ।ਹਰੇਕ ਹਲਕੇ ਵਿਚ ਕਰੀਬ 10 ਤੋਂ 15 ਪਾਰਟੀ ਵਰਕਰ ਉਮੀਦਵਾਰੀ ਦੀ ਆਸ ਤਕਾਈ ਬੈਠੇ ਸੀ।
ਪਾਰਟੀ ਸੁਪਰੀਮੋ ਸ਼੍ਰੀ ਕੇਜਰੀਵਾਲ ਅਤੇ ਉਨ੍ਹਾਂ ਦੀ ਟੀਮ ਵੱਲੋਂ ਕਰਵਾਏ ਗਏ ਸਰਵੇਖਣ ਮੁਤਾਬਕ ਹਰੇਕ ਹਲਕੇ ਵਿਚ ਕਿਸੇ ਇੱਕ ਹੀ ਵਰਕਰ ਨੂੰ ਆਪਣੀ ਪਾਰਟੀ ਦਾ ਉਮੀਦਵਾਰ ਐਲਾਨਿਆ ਜਾਣਾ ਸੀ ਨਾ ਕਿ ਹਰੇਕ ਵਰਕਰ ਨੂੰ। ਜ਼ਾਹਿਰ ਹੈ ਕਿ ਕੁੱਝ ਦੀਆਂ ਨਾਰਾਜ਼ਗੀਆਂ ਅਤੇ ਕੁੱਝ ਦੀਆਂ ਖੁਸ਼ੀਆਂ ਸ਼੍ਰੀ ਕੇਜਰੀਵਾਲ ਦੀ ਝੋਲੀ ਪਈਆਂ। ਜਿਹੜੇ ਵਲੰਟੀਅਰ ਪਹਿਲਾਂ ਸ਼੍ਰੀ ਕੇਜਰੀਵਾਲ ਅਤੇ ਉਨ੍ਹਾਂ ਦੇ ਟੀਮ ਮੈਂਬਰ ਸੰਜੇ ਸਿੰਘ, ਦੁਰਗੇਸ਼ ਪਾਠਕ, ਗੁਰਪ੍ਰੀਤ ਘੁੱਗੀ ਤੇ ਭਗਵੰਤ ਮਾਨ ਸਮੇਤ ਹੋਰਨਾਂ ਦੀ ਸਿਫ਼ਤ ਕਰਦੇ ਨਹੀਂ ਸੀ ਥੱਕਦੇ, ਉਹੀ ਵਲੰਟੀਅਰ ਟਿਕਟ ਨਾ ਮਿਲਣ ਕਾਰਨ ਆਮ ਆਦਮੀ ਪਾਰਟੀ ਖਿਲਾਫ਼ ਕੂੜ ਪ੍ਰਚਾਰ ਕਰਨ ਵਿਚ ਜੁਟ ਗਏ। ਇਮਾਨਦਾਰੀ ਦੀਆਂ ਮਿਸਾਲਾਂ ਦੇਣ ਵਾਲੇ ਇਹ ਵਲੰਟੀਅਰ ਕਰੋੜਾਂ ਰੁਪਏ ਦੀ ਰਿਸ਼ਵਤ ਲੈ ਕੇ ਟਿਕਟਾਂ ਵੇਚਣ, ‘ਆਪ’ ਦੇ ਵੱਡੇ ਲੀਡਰਾਂ ਨਾਲ ਮੀਟਿੰਗ ਕਰਵਾਉਣ ਲਈ ਪੈਸੇ ਮੰਗਣ ਦਾ ਦੋਸ਼ ਲਗਾਉਣ ਅਤੇ ਪਾਰਟੀ ਦੇ ਪ੍ਰਮੁੱਖ ਆਗੂਆਂ ’ਤੇ ਔਰਤਾਂ ਨਾਲ ਛੇੜਛਾੜ ਦੇ ਦੋਸ਼ ਲਗਾਉਣ ਵਿਚ ਮਸ਼ਰੂਫ ਹੋ ਗਏ।
ਪਰ ਇਸ ਸਾਰੇ ਵਰਤਾਰੇ ਨਾਲ ਆਮ ਆਦਮੀ ਪਾਰਟੀ ਦੇ ਅਕਸ ’ਤੇ ਕੁੱਝ ਬਹੁਤਾ ਪ੍ਰਭਾਵ ਨਾ ਪਿਆ, ਬਲਕਿ ਲੋਕਾਂ ਦਾ ਵਿਸ਼ਵਾਸ ਹੋਰ ਪੱਕਾ ਹੋ ਗਿਆ। ਕੁੱਝ ਲੋਕਾਂ ਨਾਲ ਉਪਰੋਕਤ ਵਿਸ਼ਿਆਂ ’ਤੇ ਗੱਲਬਾਤ ਕਰਨ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪੰਜਾਬ ਦੇ ਲੋਕ ਬਦਲਾਅ ਦਾ ਮਨ ਬਣਾ ਚੁੱਕੇ ਹਨ ਤੇ ਉਹ ਸ਼੍ਰੀ ਕੇਜਰੀਵਾਲ ਦੀ ਰਾਜਨੀਤੀ ਤੋਂ ਪ੍ਰਭਾਵਿਤ ਹਨ ਤੇ ਲੋਕਾਂ ਦਾ ਦਾਅਵਾ ਹੈ ਕਿ ਪੰਜਾਬ ਅੰਦਰ ਕ੍ਰਾਂਤੀ ਦੀ ਜਵਾਲਾ ਜ਼ਰੂਰ ਰੰਗ ਲੈ ਕੇ ਆਵੇਗੀ। ਪੰਜਾਬ ਦੇ ਇਨਸਾਫ਼ ਪਸੰਦ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਜੇਕਰ ‘ਆਪ’ ਦੇ ਵਲੰਟੀਅਰ ਵੀ ਉਹੀ ਸੋਚ ਰੱਖਦੇ ਹਨ, ਜੋ ਪਹਿਲਾਂ ਦੀਆਂ ਰਾਜਨੀਤਿਕ ਪਾਰਟੀਆਂ ਰੱਖਦੀਆਂ ਹਨ, ਫਿਰ ਉਨ੍ਹਾਂ ਦੀ ਸੋਚ ਅਤੇ ਰਾਜਨੀਤਿਕਾਂ ਦੀ ਸੋਚ ਵਿਚ ਕੀ ਅੰਤਰ ਹੋਇਆ? ਆਮ ਆਦਮੀ ਪਾਰਟੀ ਦਾ ਗਠਨ ਦੇਸ਼ ਦੇ ਵਿਗੜ ਚੁੱਕੇ ਢਾਂਚੇ ਨੂੰ ਸੁਧਾਰਨ ਲਈ ਹੋਇਆ ਸੀ, ਨਾ ਕਿ ਪਹਿਲਾਂ ਦੀਆਂ ਰਾਜਨੀਤਿਕ ਪਾਰਟੀਆਂ ਦੀ ਤਰਜ਼ ’ਤੇ ਰਾਜ ਕਰਨ ਜਾਂ ਹਕੂਮਤ ਚਲਾਉਣ ਲਈ।
ਹੁਣ ਤੱਕ 32 ਵਿਧਾਨ ਸਭਾ ਹਲਕਿਆਂ ਦੇ ਉਮੀਦਵਾਰਾਂ ਦਾ ਐਲਾਨ ਪਾਰਟੀ ਵੱਲੋਂ ਕਰ ਦਿੱਤਾ ਗਿਆ ਹੈ ਤੇ ਬਾਕੀ ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ ਹੈ, ਦੇਖਣਾ ਇਹ ਹੈ ਕਿ 117 ਵਿਧਾਨ ਸਭਾ ਹਲਕਿਆਂ ਦੇ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਪੁਰਾਣੇ ਵਲੰਟੀਅਰਾਂ ਵਿਚਕਾਰ ਰਿਸ਼ਤੇ ਦੀ ਡੋਰ ਹੋਰ ਉਲਝੇਗੀ ਜਾਂ ਫਿਰ ਸੁਲਝ ਕੇ ਇੱਕ ਨਵਾਂ ਇਤਿਹਾਸ ਸਿਰਜੇਗੀ?
*****
(440)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)