AmritpalSamrala7ਸਭ ਦਾ ਮੰਨਣਾ ਹੈ ਕਿ ਸਾਡੇ ਦੇਸ਼ ਵਿੱਚ ਬੱਚਿਆਂ ਦਾ ਭਵਿੱਖ ਸੁਰੱਖਿਅਤ ਨਹੀਂ ...
(8 ਜੁਲਾਈ 2019)

 

ਮੇਰੇ ਦੇਸ਼ ਦੀ ਰਾਜਨੀਤੀ ਗੰਧਲੀ ਹੋ ਚੁੱਕੀ ਹੈ ਵਾਤਾਵਰਨ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁੱਕਿਆ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਚਾਰੇ ਪਾਸੇ ਪਸਰਿਆ ਹੋਇਆ ਹੈਸਾਡੇ ਬਜ਼ੁਰਗ ਤਾਂ ਇਸ ਪੀੜਾ ਨੂੰ ਸਹਾਰ ਗਏ, ਅਸੀਂ ਸਹਾਰ ਰਹੇ ਹਾਂ, ਪ੍ਰੰਤੂ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਇਸਨੂੰ ਪ੍ਰਵਾਨ ਕਰਨ ਤੋਂ ਇਨਕਾਰ ਕਰ ਰਹੀ ਹੈਇਨਕਾਰ ਕਰੇ ਵੀ ਕਿਉਂ ਨਾ, ਉਚੇਰੀਆਂ ਪੜ੍ਹਾਈਆਂ, ਵੱਡੀਆਂ ਡਿਗਰੀਆਂ ਅਤੇ ਵਿਗਿਆਨਕ ਯੁੱਗ ਦੇ ਧਾਰਨੀ ਨੌਜਵਾਨ ਘੱਟੋ-ਘੱਟ ਇਸ ਗੱਲ ਨੂੰ ਤਾਂ ਜਾਨਣ ਵਿੱਚ ਸਫਲ ਹੋ ਚੁੱਕੇ ਹਨ ਕਿ ਦੁਨੀਆਂ ਦੇ ਕਿਸ ਕੋਨੇ ਵਿੱਚ ਕਿਹੋ ਜਿਹੇ ਲੋਕ ਰਹਿੰਦੇ ਨੇ ਅਤੇ ਉੱਥੋਂ ਦੇ ਕਿਹੋ ਜਿਹੇ ਦਸਤੂਰ ਨੇਇਹ ਖੁਸ਼ੀ ਦੀ ਵੀ ਗੱਲ ਹੈ ਕਿ ਸਾਡੇ ਨੌਜਵਾਨ ਹੁਣ ਆਪਣੀ ਜ਼ਿੰਦਗੀ ਦੇ ਫੈਸਲੇ ਲੈਣ ਦੇ ਸਮਰੱਥ ਹੋ ਚੁੱਕੇ ਹਨ, ਪ੍ਰੰਤੂ ਇੱਥੇ ਦੁੱਖ ਦੀ ਗੱਲ ਇਹ ਵੀ ਹੈ ਕਿ ਅਸੀਂ ਆਪਣੇ ਦੇਸ਼ ਦੇ ਸਿਸਟਮ ਨੂੰ ਉਨ੍ਹਾਂ ਦੇ ਫੈਸਲਿਆਂ ਦੇ ਅਨੁਕੂਲ ਨਹੀਂ ਰੱਖ ਸਕੇ

ਇੱਥੇ ਮਨੁੱਖ ਦੀਆਂ ਲਾਲਸਾਵਾਂ ਕਾਰਨ ਸਮਾਜ, ਸਿਆਸਤ ਅਤੇ ਵਾਤਾਵਰਣ ਸਮੇਤ ਸਭ ਕੁਝ ਪ੍ਰਦੂਸ਼ਿਤ ਹੋ ਚੁੱਕਾ ਹੈ, ਬੱਸ ਇਹੀ ਕਾਰਨ ਹੈ ਕਿ ਪੜ੍ਹਿਆ-ਲਿਖਿਆ ਨੌਜਵਾਨ ਵਰਗ ਵਿਦੇਸ਼ ਜਾਣ ਨੂੰ ਹੀ ਆਪਣਾ ਸੁਪਨਾ ਬਣਾ ਚੁੱਕਾ ਹੈਇੱਕ ਪਾਸੇ ਮੇਰੇ ਦੇਸ਼ ਦੇ ਫ਼ਿਕਰਮੰਦ ਲੋਕ ਦਲੀਲ ਦੇ ਰਹੇ ਹਨ ਕਿ ਜੇਕਰ ਪੜ੍ਹੇ-ਲਿਖੇ ਨੌਜਵਾਨ ਇਸੇ ਤਰ੍ਹਾਂ ਵਿਦੇਸ਼ਾਂ ਨੂੰ ਭੱਜਦੇ ਰਹੇ ਤਾਂ ਪਿੱਛੇ ਦੇਸ਼ ਦਾ ਕੀ ਬਣੇਗਾ, ਪਰ ਦੂਜੇ ਪਾਸੇ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨ ਆਪਣੀ ਦਲੀਲ ਨਾਲ ਜਵਾਬ ਦਿੰਦੇ ਹਨ ਕਿ ਜੇਕਰ ਅਸੀਂ ਇਸ ਦੇਸ਼ ਵਿੱਚ ਰਹੇ ਤਾਂ ਸਾਡਾ ਕੀ ਬਣੇਗਾਕੈਨੇਡਾ, ਆਸਟ੍ਰੇਲੀਆ ਤੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਜਾਣ ਵਾਲੇ ਇਹ ਨੌਜਵਾਨ ਆਪਣੇ ਦੇਸ਼ ਵਿੱਚੋਂ 10+2 ਪਾਸ ਕਰਦਿਆਂ ਹੀ ਅੰਡਰ ਗ੍ਰੈਜੂਏਟ ਜਾਂ ਗ੍ਰੈਜੂਏਟ ਕੋਰਸਾਂ ਲਈ ਵਿਦੇਸ਼ਾਂ ਨੂੰ ਉਡਾਰੀ ਮਾਰ ਜਾਂਦੇ ਹਨਦੂਜੇ ਪਾਸੇ ਸਾਡੇ ਦੇਸ਼ ਵਿੱਚ ਰਹਿ ਕੇ ਨੌਜਵਾਨ ਗ੍ਰੈਜੂਏਟ ਜਾਂ ਹੋਰ ਉਚੇਰੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨੌਕਰੀਆਂ ਲਈ ਦਰ-ਦਰ ਠੋਕਰਾਂ ਖਾਣ ਲਈ ਮਜਬੂਰ ਹੋ ਜਾਂਦੇ ਹਨਇਸੇ ਕਰਕੇ ਜਿਨ੍ਹਾਂ ਨੌਜਵਾਨਾਂ ਦੇ ਮਾਪਿਆਂ ਕੋਲ ਚੰਗੀ ਗੁੰਜਾਇਸ਼ ਹੁੰਦੀ ਹੈ, ਉਹ ਪਹਿਲਾਂ ਹੀ ਆਪਣੇ ਬੱਚਿਆਂ ਨੂੰ ਸਟੱਡੀ ਬੇਸ ਜਾਂ ਪੀ.ਆਰ. ਬੇਸ ’ਤੇ ਦੂਜੇ ਦੇਸ਼ਾਂ ਦਾ ਰਾਹ ਪੱਧਰਾ ਕਰ ਦਿੰਦੇ ਹਨ

ਸਭ ਦਾ ਮੰਨਣਾ ਹੈ ਕਿ ਸਾਡੇ ਦੇਸ਼ ਵਿੱਚ ਬੱਚਿਆਂ ਦਾ ਭਵਿੱਖ ਸੁਰੱਖਿਅਤ ਨਹੀਂ ਹੈਇੱਕ ਚਪੜਾਸੀ ਦੀ ਆਸਾਮੀ ਲਈ ਜਦੋਂ ਲੱਖਾਂ ਦੀ ਤਾਦਾਦ ਵਿੱਚ ਫਾਰਮ ਭਰੇ ਜਾਂਦੇ ਹਨ ਤੇ ਉਨ੍ਹਾਂ ਵਿੱਚ ਵੀ ਬਹੁ-ਗਿਣਤੀ ਗ੍ਰੈਜੂਏਟ ਤੇ ਪੋਸਟ ਗੈ੍ਰਜੂਏਟ ਨੌਜਵਾਨਾਂ ਦੀ ਹੋਵੇ, ਤਾਂ ਤੁਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਨੌਜਵਾਨ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਕਿਉਂ ਨਾ ਹੋਣਸਾਡੇ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਨੂੰ ਕੂਚ ਕਰਨ ਪਿੱਛੇ ਵੱਡਾ ਕਾਰਨ ਇਹ ਵੀ ਹੈ ਕਿ ਬਾਹਰਲੇ ਦੇਸ਼ਾਂ ਵਿੱਚ ਕੰਮ ਕਰਨ ਵਾਲਿਆਂ ਦੀ ਕਦਰ ਹੈ ਤੇ ਉਨ੍ਹਾਂ ਦੀ ਮਿਹਨਤ ਦਾ ਸਹੀ ਮੁੱਲ ਵੀ ਉਨ੍ਹਾਂ ਦੇ ਪੱਲੇ ਪੈਂਦਾ ਹੈ

ਇਨ੍ਹਾਂ ਨੌਜਵਾਨ ਲੜਕੇ-ਲੜਕੀਆਂ ਨੂੰ ਬਾਹਰਲੇ ਦੇਸ਼ਾਂ ਦਾ ਸਿਸਟਮ, ਰੂਲਜ਼, ਕਾਨੂੰਨੀ ਵਿਵਸਥਾ, ਸਾਫ਼-ਸੁਥਰਾ ਵਾਤਾਵਰਨ, ਇੱਕ ਸਮਾਨਤਾ ਵਾਲਾ ਮਾਹੌਲ ਵੀ ਪ੍ਰਭਾਵਿਤ ਕਰਦਾ ਹੈ, ਜੋ ਉਨ੍ਹਾਂ ਨੂੰ ਆਪਣੇ ਦੇਸ਼ ਵਿੱਚ ਕਿਧਰੇ ਵੀ ਨਜ਼ਰ ਨਹੀਂ ਆਉਂਦਾਦਿਨ ਪ੍ਰਤੀ ਦਿਨ ਘੱਟਦੇ ਜਾ ਰਹੇ ਰੁਜ਼ਗਾਰ ਦੇ ਮੌਕਿਆਂ, ਮੰਦਹਾਲੀ ਦੀ ਭੇਂਟ ਚੜ੍ਹੇ ਵਪਾਰ, ਘਾਟੇ ਦਾ ਵਣਜ਼ ਸਾਬਿਤ ਹੋ ਰਹੀ ਕਿਸਾਨੀ, ਬੇਹੱਦ ਮਹਿੰਗੀ ਹੋ ਰਹੀ ਸਿੱਖਿਆ ਪ੍ਰਣਾਲੀ ਅਤੇ ਸਿਖਰਾਂ ਨੂੰ ਛੋਹ ਰਹੇ ਭ੍ਰਿਸ਼ਟਾਚਾਰ ਨੂੰ ਦੇਖਦਿਆਂ ਸੂਬੇ ਦੇ ਨੌਜਵਾਨਾਂ ਨੇ ਵਿਦੇਸ਼ਾਂ ਵੱਲ ਆਪਣਾ ਰੁਖ ਅਖਤਿਆਰ ਕਰ ਲਿਆ ਹੈਹਰ ਸਾਲ ਲੱਖਾਂ ਵਿਦਿਆਰਥੀ ‘ਆਇਲਟਸ’ ਦਾ ਟੈੱਸਟ ਪਾਸ ਕਰਨ ਉਪਰੰਤ ਵੱਖ-ਵੱਖ ਦੇਸ਼ਾਂ ਦੀਆਂ ਅੰਬੈਸੀਆਂ ਵਿੱਚ ਅਪਲਾਈ ਕਰਦੇ ਹਨਸੂਬੇ ਅੰਦਰ ‘ਆਇਲਟਸ ਕੋਚਿੰਗ ਸੈਂਟਰਾਂ’ ਦੀ ਭਰਮਾਰ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ, ਜਿੱਥੇ ਨੌਜਵਾਨਾਂ ਦੀਆਂ ਡਾਰਾਂ ਦੀਆਂ ਡਾਰਾਂ ਆਉਂਦੀਆਂ ਆਮ ਹੀ ਦਿਖਾਈ ਪੈਂਦੀਆਂ ਹਨ

ਜ਼ਿਆਦਾਤਰ ਨੌਜਵਾਨ ਮੁੰਡੇ-ਕੁੜੀਆਂ ਅਜਿਹੇ ਹੁੰਦੇ ਹਨ, ਜਿਨ੍ਹਾਂ ਕੋਲ ਵਿਦੇਸ਼ ਜਾਣ ਲਈ ਜਾਂ ਤਾਂ ਪੂਰਾ ਪੈਸਾ ਨਹੀਂ ਹੁੰਦਾ ਅਤੇ ਜਾਂ ਫਿਰ ਉਹ ਫੰਡ ਵਗੈਰਾ ਸ਼ੋਅ ਕਰਨ ਵਿੱਚ ਅਸਮਰੱਥ ਹੁੰਦੇ ਹਨਅਕਸਰ ਅਜਿਹੇ ਨੌਜਵਾਨ ‘ਨੌਸਰਬਾਜ਼ ਏਜੰਟਾਂ’ ਦੇ ਧੱਕੇ ਚੜ੍ਹ ਕੇ ਜਿੱਥੇ ਆਪਣੀ ਆਰਥਿਕ ਲੁੱਟ ਕਰਵਾ ਬੈਠਦੇ ਹਨ, ਉੱਥੇ ਹੀ ਏਜੰਟਾਂ ਕੋਲ ਗਵਾਏ ਆਪਣੇ ਪੈਸਿਆਂ ਦਾ ਸਿਤਮ ਝੱਲਦਿਆਂ ਜਾਂ ਤਾਂ ਆਤਮ-ਹੱਤਿਆ ਵਰਗੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਦਿੰਦੇ ਹਨ ਅਤੇ ਜਾਂ ਫਿਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਕੇ ਨਸ਼ਿਆਂ ਵਰਗੀਆਂ ਬਿਮਾਰੀਆਂ ਨੂੰ ਸਹੇੜ ਬੈਠਦੇ ਹਨ

ਅੱਜ ਲੋੜ ਹੈ ਸੂਬਾ ਤੇ ਕੇਂਦਰ ਸਰਕਾਰਾਂ ਨੂੰ ਇਸ ਗੰਭੀਰ ਮਸਲੇ ’ਤੇ ਵਿਚਾਰ ਕਰਨ ਦੀ ਕਿ ਸਾਡੇ ਦੇਸ਼ ਦੇ ਹੋਣਹਾਰ ਨੌਜਵਾਨ ਵਿਦੇਸ਼ਾਂ ਵੱਲ ਕੂਚ ਕਿਉਂ ਕਰ ਰਹੇ ਹਨ? ਅਜਿਹੇ ਕੀ ਕਾਰਨ ਹਨ? ਇਸ ਪ੍ਰਤੀ ਉਨ੍ਹਾਂ ਨੂੰ ਗੰਭੀਰ ਮੰਥਨ ਕਰਨੇ ਪੈਣਗੇਸਾਡੇ ਦੇਸ਼ ਦੇ ਹੁਕਮਰਾਨਾਂ ਨੂੰ ਇਮਾਨਦਾਰ ਹੋਣਾ ਪਵੇਗਾ ਅਤੇ ਸਾਨੂੰ ਵੀ ਆਪਣੇ ਨਿਜਾਮ ਨੂੰ ਖੁਦ ਸੁਧਾਰਨ ਲਈ ਲਾਮਵੰਦ ਹੋਣਾ ਪਵੇਗਾ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1658)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਅੰਮ੍ਰਿਤਪਾਲ ਸਮਰਾਲਾ

ਅੰਮ੍ਰਿਤਪਾਲ ਸਮਰਾਲਾ

Samrala, Ludhiana, Punjab, India.
Phone: (91 - 95692 - 16001)