“ਜੇਕਰ ਇਹ ਪਟਾਕਾ ਫੈਕਟਰੀਆਂ ਨਾ ਵੀ ਹੋਣ, ਸਾਡੇ ਦੇਸ਼ ਦੀ ਕਿਹੜੀ ਤਰੱਕੀ ...”
(7 ਸਤੰਬਰ 2019)
ਦੇਸ਼ ਦੀ ਰਾਜਨੀਤਿਕ ਪ੍ਰਣਾਲੀ ਦੇ ਨਾਲ-ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਾਰਗੁਜ਼ਾਰੀ ਇੰਨੀ ਬੁਰੀ ਤਰ੍ਹਾਂ ਗ੍ਰਸਤ ਹੋ ਚੁੱਕੀ ਹੈ ਕਿ ਲੋਕਾਂ ਦਾ ਜਿਊਣਾ ਦੁੱਭਰ ਬਣਿਆ ਹੋਇਆ ਹੈ। ਇੱਥੇ ਕਾਨੂੰਨੀ ਵਿਵਸਥਾ ਇਸ ਕਦਰ ਤਾਰ-ਤਾਰ ਹੋਈ ਪਈ ਹੈ ਕਿ ਇੱਥੋਂ ਦੇ ਨੌਜਵਾਨ ਦੇਸ਼ ਦੇ ਸਿਸਟਮ ਤੋਂ ਦੁਖੀ ਹੋ ਕੇ ਬਾਹਰਲੇ ਦੇਸ਼ਾਂ ਵੱਲ ਨੂੰ ਕੂਚ ਕਰਦੇ ਜਾ ਰਹੇ ਹਨ। ਜੇਕਰ ਸਰਕਾਰ ਅਤੇ ਪ੍ਰਸ਼ਾਸਨ ਸੁਹਿਰਦਤਾ ਦੇ ਨਾਲ ਆਪਣੀ ਜ਼ਿੰਮੇਵਾਰੀ ਨੂੰ ਸਮਝੇ, ਤਾਂ ਸਾਡੇ ਦੇਸ਼ ਦੇ ਇਹ ਨੌਜਵਾਨ ਆਪਣੇ ਪਰਿਵਾਰਾਂ ਤੋਂ ਦੂਰ ਦੂਜੇ ਮੁਲਕਾਂ ਵੱਲ ਜਾਣ ਲਈ ਮਜਬੂਰ ਨਾ ਹੋਣ।
ਬੀਤੇ ਦਿਨੀਂ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਅੰਦਰ ਹੋਈ ਘਟਨਾ ਨੇ ਜਿੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਪੋਲ ਖੋਲ੍ਹੀ ਹੈ, ਉੱਥੇ ਸਾਡੇ ਰਾਜਨੀਤਿਕ ਆਗੂਆਂ ਦੀ ਕਾਰਗੁਜ਼ਾਰੀ ਉੱਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ। ਬਟਾਲਾ ਸ਼ਹਿਰ ਦੀ ਇੱਕ ਸੰਘਣੀ ਆਬਾਦੀ ਵਿੱਚ ਨਿਯਮਾਂ ਨੂੰ ਛਿੱਕੇ ਟੰਗ ਕੇ ਚੱਲ ਰਹੀ ਇੱਕ ਅਣਅਧਿਕਾਰਤ ਪਟਾਕਾ ਫੈਕਟਰੀ ਵਿੱਚ ਹੋਏ ਵਿਸਫੋਟ ਨੇ ਅਣਗਿਣਤ ਬੇਕਸੂਰ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਧਕੇਲ ਦਿੱਤਾ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਕਰੀਬ 20-22 ਸਾਲ ਪੁਰਾਣੀ ਇਸ ਪਟਾਕਾ ਫੈਕਟਰੀ ਨੂੰ ਚਲਾਉਣ ਪਿੱਛੇ ਕੌਣ-ਕੌਣ ਜ਼ਿੰਮੇਵਾਰ ਹੈ? ਜੇਕਰ ਇਸਦੀ ਪੜਤਾਲ ਕੀਤੀ ਜਾਵੇ ਤਾਂ ਸੱਤਾਧਾਰੀ ਸਰਕਾਰ ਦੇ ਨਾਲ-ਨਾਲ ਜ਼ਿਲ੍ਹਾ ਅਤੇ ਸਬ ਡਵੀਜ਼ਨ ਪੱਧਰ ਦੇ ਅਧਿਕਾਰੀ ਮੁੱਖ ਰੂਪ ਵਿੱਚ ਸਾਹਮਣੇ ਆਉਂਦੇ ਹਨ। ਪਤਾ ਲੱਗਿਆ ਹੈ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੋਲ ਪਟਾਕਾ ਫੈਕਟਰੀ ਚਲਾਉਣ ਲਈ ਲਾਈਸੰਸ ਦੇਣ ਦਾ ਕੰਮ ਹੁੰਦਾ ਹੈ। ਸੰਘਣੀ ਆਬਾਦੀ ਵਿੱਚ ਇਹ ਲਾਈਸੰਸ ਕਿਉਂ ਦਿੱਤਾ ਗਿਆ? ਜੇਕਰ ਲਾਈਸੰਸ ਨਹੀਂ ਦਿੱਤਾ ਗਿਆ ਤਾਂ ਇਸ ਫੈਕਟਰੀ ਵਿਰੁੱਧ ਕੋਈ ਕਾਰਵਾਈ ਅਮਲ ਵਿੱਚ ਕਿਉਂ ਨਹੀਂ ਲਿਆਂਦੀ ਗਈ? ਦੀਵਾਲੀ ਦਾ ਤਿਉਹਾਰ ਨੇੜੇ ਆਉਣ ਉੱਤੇ ਜ਼ਿਲ੍ਹੇ ਦੇ ਪੁਲਿਸ ਵਿਭਾਗ ਵੱਲੋਂ ਵੀ ਪਟਾਕਾ ਫੈਕਟਰੀਆਂ ਦੀ ਜਾਂਚ ਕਰਨੀ ਹੁੰਦੀ ਹੈ। ਫਿਰ ਕਿਉਂ ਇਹ ਜਾਂਚ ਨਹੀਂ ਕੀਤੀ ਗਈ? ਇਹ ਵੀ ਸਬੰਧਤ ਐੱਸ.ਐੱਸ.ਪੀ., ਡੀ.ਐੱਸ.ਪੀ. ਅਤੇ ਐੱਸ.ਐੱਚ.ਓ. ਦੀ ਲੋਕਾਂ ਪ੍ਰਤੀ ਫਿਕਰਮੰਦੀ ਨੂੰ ਉਜਾਗਰ ਕਰਦਾ ਹੈ ਕਿ ਪੁਲਿਸ ਪ੍ਰਸ਼ਾਸਨ ਕਿੰਨਾ ਕੁ ਸੁਹਿਰਦ ਹੈ। ਇਸ ਤੋਂ ਬਾਅਦ ਨੰਬਰ ਆਉਂਦਾ ਹੈ ਨਗਰ ਕੌਂਸਲ ਦੇ ਪ੍ਰਧਾਨ, ਉਸ ਵਾਰਡ ਦੇ ਕੌਂਸਲਰ ਅਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਦਾ, ਜਿਨ੍ਹਾਂ ਵੱਲੋਂ ਇਸ ਅਣਅਧਿਕਾਰਤ ਫੈਕਟਰੀ ਵੱਲ ਧਿਆਨ ਹੀ ਨਹੀਂ ਦਿੱਤਾ ਗਿਆ। ਇਸ ਸਾਰੇ ਘਟਨਾਕ੍ਰਮ ਤੋਂ ਇਹ ਗੱਲ ਸਹਿਜੇ ਹੀ ਸਾਹਮਣੇ ਆਉਂਦੀ ਹੈ ਕਿ ਮਿਲੀਭੁਗਤ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ ਹੁੰਦਾ। ਨਹੀਂ ਤਾਂ ਇੰਨੇ ਸਾਲਾਂ ਦੀ ਚੱਲਦੀ ਅਣਅਧਿਕਾਰਤ ਫੈਕਟਰੀ ਇਨ੍ਹਾਂ ਕੁਰਸੀਤੋੜਾਂ ਦੇ ਧਿਆਨ ਵਿੱਚ ਕਿਉਂ ਨਹੀਂ ਆਈ। ਜੇਕਰ ਕੋਈ ਦੋਪਹੀਆ ਵਾਹਨ ਜ਼ਰਾ ਜਿੰਨਾ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਜਾਵੇ ਤਾਂ ਪੁਲਿਸ ਵੱਲੋਂ ਉਸਦਾ ਚਲਾਨ ਕੱਟਦੇ ਹੋਏ ਉਸਨੂੰ ਭਾਰੀ ਜ਼ੁਰਮਾਨਿਆਂ ਨਾਲ ਨਿਵਾਜਿਆ ਜਾਂਦਾ ਹੈ, ਪਰ ਲੋਕਾਂ ਦੀ ਜਾਨ ਦਾ ਖੌਅ ਬਣੀਆਂ ਅਜਿਹੀਆਂ ਫੈਕਟਰੀਆਂ ਉੱਤੇ ਪ੍ਰਸ਼ਾਸਨ ਕਾਰਵਾਈ ਕਰਨ ਵਿੱਚ ਕਿਉਂ ਅਸਮਰੱਥ ਹੁੰਦਾ ਹੈ, ਇਹ ਵੀ ਇੱਕ ਸਵਾਲ ਹੈ। ਜੇਕਰ ਪ੍ਰਸ਼ਾਸਨ ਅਣਗਹਿਲੀ ਵਰਤ ਰਿਹਾ ਸੀ ਤਾਂ ਇੱਥੋਂ ਦੇ ਵਿਧਾਇਕ ਵੱਲੋਂ ਕੋਈ ਐਕਸ਼ਨ ਕਿਉਂ ਨਹੀਂ ਲਿਆ ਗਿਆ? ਇਹ ਸਾਰੀਆਂ ਗੱਲਾਂ ਬਹੁਤ ਕੁਝ ਵਿਆਖਿਆ ਕਰ ਰਹੀਆਂ ਹਨ। ਅਜਿਹੀਆਂ ਹੋਰ ਪਤਾ ਨਹੀਂ ਕਿੰਨੀਆਂ ਕੁ ਪਟਾਕਾ ਫੈਕਟਰੀਆਂ ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚ ਸਥਿੱਤ ਹੈ, ਜਿਨ੍ਹਾਂ ਦਾ ਪਤਾ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਘਟਨਾ ਵਾਪਰਨ ਮਗਰੋਂ ਲੱਗਦਾ ਹੈ।
ਹੁਣ ਇਸ ਘਟਨਾ ਸਬੰਧੀ ਚਾਹੇ ਕੋਈ ਵੀ ਕਾਰਵਾਈ ਹੋ ਜਾਵੇ, ਚਾਹੇ ਸਬੰਧਤ ਅਧਿਕਾਰੀ ਬਰਖਾਸਤ ਹੋ ਜਾਣ, ਰਾਜਨੀਤਿਕ ਨੁਮਾਇੰਦੇ ਅਸਤੀਫ਼ੇ ਦੇ ਦੇਣ, ਪਰ ਮਰ ਚੁੱਕੀਆਂ ਬੇਸ਼ਕੀਮਤੀ ਜਾਨਾਂ ਕਦੇ ਵਾਪਸ ਨਹੀਂ ਆਉਣਗੀਆਂ। ਹੋ ਸਕਦਾ ਹੈ ਹੁਣ ਸਰਕਾਰ ਐਲਾਨ ਕਰੇ ਕਿ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਇੰਨੇ ਲੱਖ ਅਤੇ ਗੰਭੀਰ ਜ਼ਖਮੀ ਹੋਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਇੰਨੇ ਹਜ਼ਾਰ ਦਿੱਤੇ ਜਾਣਗੇ। ਕੁਝ ਦਿਨ ਅਖ਼ਬਾਰਾਂ ਅਤੇ ਨਿਊਜ਼ ਚੈਨਲਾਂ ਉੱਤੇ ਗੱਲਾਂ ਚੱਲਣਗੀਆਂ, ਬਾਅਦ ਵਿੱਚ ਲੋਕ ਵੀ ਇਸ ਘਟਨਾ ਨੂੰ ਭੁੱਲ ਜਾਣਗੇ ਅਤੇ ਦੋਬਾਰਾ ਤੋਂ ਫਿਰ ਉਹੀ ਸਿਸਟਮ ਸ਼ੁਰੂ ਹੋ ਜਾਵੇਗਾ। ਪ੍ਰੰਤੂ ਜੇਕਰ ਭੁੱਲਣਾ ਨਹੀਂ ਤਾਂ ਉਨ੍ਹਾਂ ਪਰਿਵਾਰਾਂ ਨੂੰ ਨਹੀਂ ਭੁੱਲਣਾ, ਜਿਨ੍ਹਾਂ ਦੇ ਆਪਣੇ ਇਸ ਖੂਨੀ ਪਟਾਕਾ ਫੈਕਟਰੀ ਦੀ ਭੇਂਟ ਚੜ੍ਹ ਗਏ।
ਜੇਕਰ ਇਹ ਪਟਾਕਾ ਫੈਕਟਰੀਆਂ ਨਾ ਵੀ ਹੋਣ, ਸਾਡੇ ਦੇਸ਼ ਦੀ ਕਿਹੜੀ ਤਰੱਕੀ ਰੁਕ ਰਹੀ ਹੈ ਇਨ੍ਹਾਂ ਪਟਾਕਿਆਂ ਬਿਨਾਂ। ਜਿਸ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਵਿੱਚ ਹੀ ਦਰਜ ਕਰ ਦਿੱਤਾ ਹੈ ਕਿ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’, ਉਸੇ ਗੁਰੂ ਸਾਹਿਬਾਨ ਜੀ ਦੇ ਵਿਆਹ ਪੁਰਬ ਮੌਕੇ ਅਸੀਂ ਆਤਿਸ਼ਬਾਜ਼ੀਆਂ ਚਲਾਉਂਦੇ ਹਾਂ, ਉਨ੍ਹਾਂ ਦੇ ਜਨਮ ਦਿਹਾੜਿਆਂ ਮੌਕੇ ਅਤੇ ਨਗਰ ਕੀਰਤਨਾਂ ਵਿੱਚ ਵੀ ਆਤਿਸ਼ਬਾਜ਼ੀ ਚਲਾਉਂਦੇ ਹਾਂ। ਕੀ ਸਾਬਿਤ ਕਰਨਾ ਚਾਹੁੰਦੇ ਹਾਂ ਅਸੀਂ ਗੁਰੂ ਸਾਹਿਬਾਨਾਂ ਅੱਗੇ ਕਿ ਅਸੀਂ ਤੁਹਾਡੀ ਬਾਣੀ ਨੂੰ ਨਹੀਂ ਮੰਨਦੇ? ਤੁਹਾਡੀਆਂ ਕਹੀਆਂ ਗੱਲਾਂ ਝੂਠੀਆਂ ਨੇ, ਕੀ ਅਸੀਂ ਇਹ ਸਾਬਿਤ ਕਰਨਾ ਚਾਹੁੰਦੇ ਹਾਂ? ਜੇਕਰ ਅਸੀਂ ਲੋਕ ਇਹ ਆਤਿਸ਼ਬਾਜ਼ੀਆਂ ਵਰਤੀਏ ਹੀ ਨਾ ਤਾਂ ਕਿਹੜੀ ਪਰਲੋ ਆ ਜਾਵੇਗੀ। ਹਾਂ, ਜੇਕਰ ਅਸੀਂ ਇਹ ਆਤਿਸ਼ਬਾਜ਼ੀ ਨਾ ਵਰਤੀਏ, ਤਾਂ ਸਾਡਾ ਵਾਤਾਵਰਨ ਜ਼ਰੂਰ ਸ਼ੁੱਧ ਹੋ ਜਾਵੇਗਾ। ਆਓ ਸਾਰੇ ਪ੍ਰਣ ਕਰੀਏ ਕਿ ਜੇਕਰ ਤੁਹਾਡੇ ਨਜ਼ਦੀਕ ਕਿਸੇ ਸੰਘਣੀ ਆਬਾਦੀ ਵਿੱਚ ਅਜਿਹੀਆਂ ਪਟਾਕਾ ਫੈਕਟਰੀਆਂ ਚੱਲ ਰਹੀਆਂ ਹਨ, ਕੋਈ ਅਣਸੁਖਾਵੀਂ ਘਟਨਾ ਵਾਪਰਨ ਤੋਂ ਪਹਿਲਾਂ ਉਸਦੇ ਵਿਰੁੱਧ ਕਾਰਵਾਈ ਲਈ ਲਾਮਵੰਦ ਹੋਈਏ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1726)
(ਸਰੋਕਾਰ ਨਾਲ ਸੰਪਰਕ ਲਈ: