“ਜਦੋਂ ਕਿਸੇ ਦਾ ਕੋਈ ਆਪਣਾ ਪਰਿਵਾਰਕ ਮੈਂਬਰ ਹਸਪਤਾਲ ਵਿੱਚ ...”
(1 ਅਕਤੂਬਰ 2020)
ਸਮਾਜਿਕ ਫਰਜ਼ ਸਮਝਦੇ ਹੋਏ ਖੂਨ ਦਾਨੀ ਕਰਦੇ ਹਨ ਖੂਨ ਦਾ ਦਾਨ
ਖੂਨ ਦਾ ਦਾਨ ਸਰਵੋਤਮ ਦਾਨ ਇਸ ਲਈ ਕਿਹਾ ਗਿਆ ਹੈ ਕਿਉਂਕਿ ਇਸ ਨਾਲ ਮਰਦੀਆਂ ਜ਼ਿੰਦਗੀਆਂ ਨੂੰ ਬਚਾਉਣ ਦਾ ਉਪਰਾਲਾ ਕੀਤਾ ਗਿਆ ਹੁੰਦਾ ਹੈ। ਜੇਕਰ ਇਹ ਖੂਨ ਦਾਨੀ ਨਾ ਹੋਣ ਤਾਂ ਅਨੇਕਾਂ ਮਰੀਜ਼ ਖੂਨ ਨਾ ਮਿਲਣ ਕਰਕੇ ਮੌਤ ਦੇ ਮੂੰਹ ਵਿੱਚ ਚਲੇ ਜਾਣ। ਖੂਨ ਦਾ ਕੋਈ ਬਦਲ ਨਹੀਂ ਹੈ, ਕਿਉਂਕਿ ਇਹ ਬਣਾਵਟੀ ਢੰਗ ਨਾਲ ਤਿਆਰ ਨਹੀਂ ਕੀਤਾ ਜਾ ਸਕਦਾ, ਇਹ ਖੂਨ ਹਰੇਕ ਮਨੁੱਖ ਦੇ ਸਰੀਰ ਅੰਦਰ ਹੀ ਤਿਆਰ ਹੋ ਸਕਦਾ ਹੈ। ਖੂਨ ਦਾਨੀ ਦੁਆਰਾ ਦਾਨ ਕੀਤੇ ਗਏ ਇੱਕ ਯੂਨਿਟ ਖੂਨ ਨਾਲ ਚਾਰ ਬੇਸ਼ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਨੌਜਵਾਨ ਮੁੰਡੇ-ਕੁੜੀਆਂ ਸਮਾਜ ਲਈ ਆਪਣਾ ਫਰਜ਼ ਸਮਝਦੇ ਹੋਏ ਬਿਨਾਂ ਕਿਸੇ ਭੇਦ-ਭਾਵ ਨਾਲ ਅਨਜਾਣ ਲੋਕਾਂ ਲਈ ਖੂਨ ਦਾ ਦਾਨ ਕਰਦੇ ਹਨ। ਇੰਨਾ ਵੱਡਾ ਪੁੰਨ ਦਾ ਕਾਰਜ ਕਰਨ ਵਾਲੇ ਇਨ੍ਹਾਂ ਖੂਨ ਦਾਨੀਆਂ ’ਤੇ ਕੁਝ ਮੂਰਖ ਲੋਕ ਇਹ ਇਲਜ਼ਾਮ ਲਗਾਉਂਦੇ ਦੇਖੇ ਗਏ ਹਨ ਕਿ ਇਹ ਖੂਨ ਦਾਨ ਕੈਂਪ ਲਗਾ ਕੇ ਉਸ ਨੂੰ ਵੇਚਣ ਦਾ ਧੰਦਾ ਕਰਦੇ ਹਨ। ਅਚੰਭੇ ਵਾਲੀ ਗੱਲ ਇਹ ਹੈ ਕਿ ਇਲਜ਼ਾਮ ਲਗਾਉਣ ਵਾਲੇ ਉਹੀ ਲੋਕ ਹੁੰਦੇ ਹਨ, ਜਿਨ੍ਹਾਂ ਨੇ ਕਦੇ ਖੂਨ ਦੀ ਇੱਕ ਬੂੰਦ ਵੀ ਕਿਸੇ ਨੂੰ ਦਾਨ ਨਹੀਂ ਕੀਤੀ ਹੁੰਦੀ। ਖੂਨ ਦੇ ਸਬੰਧ ਵਿੱਚ ਸੋਸ਼ਲ ਮੀਡੀਆ ’ਤੇ ਆਪਣੀ ਬਕਵਾਸਬਾਜ਼ੀ ਕਰਕੇ ਇਹ ਨਾਮੁਰਾਦ ਲੋਕ ਖੂਨ ਦਾਨੀਆਂ ਦੇ ਦਿਲ ਨੂੰ ਠੇਸ ਪਹੁੰਚਾਉਂਦੇ ਹਨ। ਖੂਨ ਦੀ ਮਹੱਤਤਾ ਬਾਰੇ ਉਦੋਂ ਪਤਾ ਲੱਗਦਾ ਹੈ, ਜਦੋਂ ਕਿਸੇ ਦਾ ਕੋਈ ਆਪਣਾ ਪਰਿਵਾਰਕ ਮੈਂਬਰ ਹਸਪਤਾਲ ਵਿੱਚ ਆਖ਼ਰੀ ਘੜੀਆਂ ਗਿਣ ਰਿਹਾ ਹੁੰਦਾ ਹੈ ਤੇ ਉਦੋਂ ਰੱਬ ਬਣ ਕੇ ਬਹੁੜਿਆ ਖੂਨ ਦਾਨੀ ਉਸ ਨੂੰ ਬਚਾ ਲੈਂਦਾ ਹੈ। ਅੱਜ 1 ਅਕਤੂਬਰ ਨੂੰ ਰਾਸ਼ਟਰੀ ਸਵੈ-ਇੱਛੁਕ ਖੂਨਦਾਨ ਦਿਵਸ ਹੈ। ਲੋਕ ਸੇਵਾ ਹਿਤ ਜੂਝਦੇ ਨੌਜਵਾਨਾਂ ਦੇ ਇਸ ਪਰਉਪਕਾਰ ਨੂੰ ਸਲਾਮ ਕਰਦਿਆਂ ਆਓ ਆਪਾਂ ਸਾਰੇ ਖੂਨ ਦਾਨ ਕਰਨ ਦਾ ਪ੍ਰਣ ਕਰੀਏ, ਅਫ਼ਵਾਹਾਂ ਤੋਂ ਬਚੀਏ, ਇਨ੍ਹਾਂ ਫਰਿਸ਼ਤੇ ਖੂਨਦਾਨੀਆਂ ਦਾ ਮਨੋਬਲ ਉੱਚਾ ਕਰੀਏ ਅਤੇ ਇਨ੍ਹਾਂ ਨੂੰ ਸਹਿਯੋਗ ਕਰੀਏ, ਕਿਉਂਕਿ ਇਹ ਕਿਸੇ ਰੱਬ ਤੋਂ ਘੱਟ ਨਹੀਂ ਹੁੰਦੇ ਜੋ ਮਰਦੇ ਮਰੀਜ਼ ਨੂੰ ਮੌਤ ਦੇ ਮੂੰਹ ਵਿੱਚੋਂ ਕੱਢ ਲਿਆਉਂਦੇ ਹਨ।
ਸਵੈ-ਇੱਛੁਕ ਖੂਨ ਦਾ ਦਾਨ ਕੌਣ ਕਰ ਸਕਦਾ ਹੈ:
ਕੋਈ ਵੀ 18 ਤੋਂ 65 ਸਾਲ ਦੀ ਉਮਰ ਦਾ ਸਰੀਰਿਕ ਤੇ ਮਾਨਿਸਕ ਰੂਪ ਵਿੱਚ ਤੰਦਰੁਸਤ ਵਿਅਕਤੀ ਸਵੈ-ਇੱਛੁਕ ਖੂਨ ਦਾ ਦਾਨ ਕਰ ਸਕਦਾ ਹੈ। ਉਸਦਾ ਘੱਟੋ-ਘੱਟ ਵਜ਼ਨ 45 ਤੋਂ 50 ਕਿਲੋ ਹੋਣਾ ਚਾਹੀਦਾ ਹੈ। ਖੂਨ ਦਾਨ ਕਰਨ ਵਾਲੇ ਵਿਅਕਤੀ ਦਾ ਹੀਮੋਗਲੋਬਿਨ ਘੱਟੋ-ਘੱਟ 12.5 ਗ੍ਰਾਮ ਹੋਵੇ ਅਤੇ ਬਲੱਡ ਪ੍ਰੈੱਸ਼ਰ ਉੱਪਰ ਵੱਲ 100 ਤੋਂ 160 ਤੇ ਥੱਲੇ ਵੱਲ 60 ਤੋਂ 90 ਹੋਵੇ। ਕੋਈ ਵੀ ਪੁਰਸ਼ 90 ਦਿਨਾਂ ਅਤੇ ਔਰਤ 120 ਦਿਨਾਂ ਦੇ ਵਕਫ਼ੇ ਨਾਲ ਖੂਨ ਦਾ ਦਾਨ ਕਰ ਸਕਦੇ ਹਨ। ਕੈਂਸਰ, ਏਡਜ਼, ਟੀ.ਬੀ., ਦਿਲ ਤੇ ਕਿਡਨੀ ਦੀਆਂ ਬਿਮਾਰੀਆਂ ਨਾਲ ਪ੍ਰਭਾਵਤ ਲੋਕ ਖੂਨ ਦਾਨ ਨਹੀਂ ਕਰ ਸਕਦੇ।
ਬਹੁਤੇ ਲੋਕ ਆਪਣਿਆਂ ਲਈ ਵੀ ਖੂਨ ਨਹੀਂ ਦਿੰਦੇ।
ਦੇਖਣ ਵਿੱਚ ਆਇਆ ਹੈ ਕਿ ਖੂਨ ਦੀ ਮੰਗ ਕਰਨ ਵਾਲੇ ਲੋਕ ਆਪਣੇ ਘਰੇਲੂ ਮੈਂਬਰਾਂ ਅਤੇ ਕਰੀਬੀ ਰਿਸ਼ਤੇਦਾਰਾਂ ਲਈ ਖੁਦ ਖੂਨ ਦੇਣ ਤੋਂ ਕਤਰਾਉਂਦੇ ਹਨ। ਇਨ੍ਹਾਂ ਲੋਕਾਂ ਦੀ ਧਾਰਨਾ ਇਹ ਹੁੰਦੀ ਹੈ ਕਿ ਜਦੋਂ ਸਾਨੂੰ ਖੂਨ ਦਾਨੀ ਮਿਲ ਰਿਹਾ ਹੈ ਤਾਂ ਅਸੀਂ ਖੂਨ ਕਿਉਂ ਦੇਣਾ ਹੈ। ਅਜਿਹੇ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਖੂਨ ਦਾਨੀ ਵੀ ਕਿਸੇ ਦੇ ਧੀਆਂ-ਪੁੱਤ ਹੁੰਦੇ ਹਨ। ਉਹ ਸਿਰਫ਼ ਆਪਣਾ ਸਮਾਜਿਕ ਫਰਜ਼ ਸਮਝਦੇ ਹੋਏ ਅਨਜਾਣ ਮਰਦੀਆਂ ਜਾਨਾਂ ਬਚਾਉਣ ਲਈ ਉਪਰਾਲਾ ਕਰਦੇ ਹਨ, ਜੋ ਕਈ ਵਾਰ ਖੂਨ ਦੇ ਰਿਸ਼ਤੇ ਵੀ ਨਹੀਂ ਕਰਦੇ।
ਖੂਨ ਦਾਨ ਕੈਂਪ ਲਗਾਉਣ ਵਾਲੀਆਂ ਸੰਸਥਾਵਾਂ ਨੂੰ ਕੀ ਮਿਲਦਾ?
ਪਿੱਛੇ ਜਿਹੇ ਸੋਸ਼ਲ ਮੀਡੀਆ ’ਤੇ ਇੱਕ ਆਡੀਓ ਵਾਇਰਲ ਹੋਈ, ਜਿਸ ਵਿੱਚ ਇੱਕ ਵਿਅਕਤੀ ਵੱਲੋਂ ਖੂਨ ਦਾਨ ਕੈਂਪ ਲਗਾਉਣ ਵਾਲੀਆਂ ਸੰਸਥਾਵਾਂ ’ਤੇ ਇਹ ਇਲਜ਼ਾਮ ਲਗਾਇਆ ਗਿਆ ਕਿ ਸੰਸਥਾਵਾਂ ਨੂੰ ਖੂਨ ਬਦਲੇ 1000 ਰੁਪਏ ਪ੍ਰਤੀ ਯੂਨਿਟ ਮਿਲਦਾ ਹੈ। ਜਦਕਿ ਸੱਚਾਈ ਇਹ ਹੈ ਕਿ ਕੈਂਪ ਲਗਾਉਣ ਵਾਲੀਆਂ ਸੰਸਥਾਵਾਂ ਨੂੰ ਰਿਫਰੈਸ਼ਮੈਂਟ ਲਈ ਪ੍ਰਤੀ ਯੂਨਿਟ ਸਿਰਫ਼ 50 ਰੁਪਏ ਮਿਲਦੇ ਹਨ ਅਤੇ ਉਹ ਮਿਲਣ ਲਈ ਵੀ ਇੱਕ ਤੋਂ ਡੇਢ ਸਾਲ ਦਾ ਸਮਾਂ ਲੱਗ ਜਾਂਦਾ ਹੈ। ਜਦਕਿ ਸੰਸਥਾਵਾਂ ਦਾ ਇੱਕ ਕੈਂਪ ਲਗਾਉਣ ’ਤੇ 10 ਤੋਂ 15 ਹਜ਼ਾਰ ਦਾ ਖ਼ਰਚਾ ਹੋ ਜਾਂਦਾ ਹੈ।
ਕੀ ਬਲੱਡ ਬੈਂਕਾਂ ਵਿੱਚ ਖੂਨ ਵਿਕਦਾ ਹੈ?
ਕਿਸੇ ਵੀ ਸਰਕਾਰੀ ਬਲੱਡ ਬੈਂਕ ਵਿੱਚੋਂ ਕਿਸੇ ਵੀ ਸਰਕਾਰੀ ਹਸਪਤਾਲ ਵਿੱਚ ਦਾਖਲ ਮਰੀਜ਼ ਲਈ ਖੂਨ ਦਾ ਯੂਨਿਟ ਬਿਲਕੁਲ ਮੁਫ਼ਤ ਮੁਹਈਆ ਕਰਵਾਇਆ ਜਾਂਦਾ ਹੈ, ਜਦਕਿ ਇਸੇ ਸਰਕਾਰੀ ਬਲੱਡ ਬੈਂਕ ਵਿੱਚੋਂ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਮਰੀਜ਼ ਲਈ 1000 ਰੁਪਏ ਪ੍ਰਤੀ ਯੂਨਿਟ ਟੈਸਟ ਫੀਸ ਜਮ੍ਹਾਂ ਕਰਵਾਉਣੀ ਪੈਂਦੀ ਹੈ। ਬਾਕੀ ਹੋਰ ਵੱਡੇ ਪ੍ਰਾਈਵੇਟ ਹਸਪਤਾਲਾਂ ਦੀਆਂ ਬਲੱਡ ਬੈਂਕਾਂ ਦੇ ਵੱਖੋ-ਵੱਖਰੇ ਟੈਸਟ ਰੇਟ ਹਨ, ਪਰ ਉਹ ਵੀ ਟੈਸਟਾਂ ਦੀ ਫੀਸ ਹੀ ਲੈਂਦੇ ਹਨ। ਖੂਨ ਵੇਚਣਾ ਅਤੇ ਖੂਨ ਖਰੀਦਣਾ ਦੋਨੋਂ ਕਾਨੂੰਨੀ ਜੁਰਮ ਹਨ, ਜੋ ਕੋਈ ਵੀ ਨਹੀਂ ਕਰ ਸਕਦਾ।
ਵੱਡੇ ਹਸਪਤਾਲ ਸਰਕਾਰੀ ਬਲੱਡ ਬੈਂਕ ਦਾ ਖੂਨ ਕਿਉਂ ਨਹੀਂ ਲੈਂਦੇ?
ਸੂਬੇ ਦੇ ਵੱਡੇ ਤੇ ਨਾਮੀ ਹਸਪਤਾਲ ਬਾਹਰਲੀ ਕਿਸੇ ਵੀ ਬਲੱਡ ਬੈਂਕ ਦਾ ਖੂਨ ਆਪਣੇ ਹਸਪਤਾਲਾਂ ਵਿੱਚ ਇਸਤੇਮਾਲ ਨਹੀਂ ਕਰਦੇ, ਜਿਸ ਕਰਕੇ ਮਜਬੂਰਨ ਦਾਖਲ ਮਰੀਜ਼ ਨੂੰ ਉਸੇ ਹਸਪਤਾਲ ਵਿੱਚੋਂ ਮਹਿੰਗੇ ਰੇਟ ਦੇ ਟੈਸਟਾਂ ਵਾਲਾ ਖੂਨ ਲੈਣਾ ਪੈਂਦਾ ਹੈ। ਇਨ੍ਹਾਂ ਵੱਡੇ ਹਸਪਤਾਲਾਂ ਦਾ ਕਹਿਣਾ ਹੈ ਕਿ ਸਰਕਾਰੀ ਬਲੱਡ ਬੈਂਕਾਂ ਵਿੱਚ ਖੂਨ ਦੇ ਸਾਰੇ ਟੈਸਟ ਨਹੀਂ ਕੀਤੇ ਜਾਂਦੇ, ਇਸ ਲਈ ਉਹ ਆਪਣੇ ਮਰੀਜ਼ ਲਈ ਉਹ ਖੂਨ ਨਹੀਂ ਵਰਤ ਸਕਦੇ। ਜੇਕਰ ਇਹ ਗੱਲ ਸੱਚ ਹੈ ਤਾਂ ਇਸ ਗੱਲ ’ਤੇ ਸਰਕਾਰ ਤੇ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਸ਼ੱਕ ਦੇ ਘੇਰੇ ਵਿੱਚ ਆਉਂਦੀ ਹੈ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2358)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)