DarbaraSKahlon7ਚੋਣਾਂ ਵੇਲੇ ਉਸ ਨੇ ਗੈਰ-ਰਾਜਨੀਤਕ ਅਤੇ ਦਬੰਗਪੁਣੇ ਵਾਲਾ ਫੁੰਕਾਰਾ ਮਾਰਿਆ ਕਿ ਜੇ ਓਲੀਵੀਆ ਚਾਓ ਜਿੱਤਦੀ ਹੈ ਤਾਂ ...2July2023Chow
(2 ਜੁਲਾਈ 2023)

 

2July2023Chow


ਸ਼ਾਇਦ ਕਿਸੇ ਦੇ ਚਿੱਤ ਚੇਤੇ ਵਿਚ ਕਦੇ ਐਸੀ ਅਣਬੁੱਝੀ ਕਿਆਸ ਅਰਾਈ ਹੋਵੇ ਕਿ ਸੰਨ
1970 ਦੀਆਂ ਗਰਮੀਆਂ ਦੇ ਮੌਸਮ ਵਿਚ ਤਤਕਾਲੀ ਬਿਟ੍ਰਿਸ਼ ਬਸਤੀ ਹਾਂਗਕਾਂਗ ਤੋਂ ਕੈਨੇਡਾ ਦੇ ਸ਼ਾਨਾਮੱਤੇ ਸ਼ਹਿਰ ਟਰਾਂਟੋ ਦੇ ਹਵਾਈ ਅੱਡੇ ’ਤੇ ਉਤਰੀ 13 ਸਾਲਾਂ ਅੱਲੜ੍ਹ ਬੱਚੀ, ਜਿਸ ਦਾ ਨਾਂਅ ਓਲੀਵੀਆ ਚਾਓ ਸੀ, ਉਹ ਇੱਕ ਦਿਨ ਇਸ ਸ਼ਹਿਰ ਦੀ ਮੇਅਰ ਚੁਣੀ ਜਾਵੇਗੀ ਅਤੇ ਕੈਨੇਡਾ ਦੀ ਧਰਤੀ ’ਤੇ ਇੱਕ ਨਵਾਂ ਨਵੇਕਲਾ ਇਤਿਹਾਸ ਰਚੇਗੀ।

ਭਾਵੇਂ 156 ਸਾਲ ਬਾਅਦ ਬ੍ਰਿਟੇਨ ਨੇ ਆਪਣੀ ਇਸ ਬਸਤੀ ਨੂੰ ਪਹਿਲੀ ਜੁਲਾਈ, 1997 ਨੂੰ ਅੱਧੀ ਰਾਤ ਨੂੰ ਚੀਨ ਹਵਾਲੇ ਕੀਤਾ, ਪਰ ਚੀਨੀ ਸਭਿਆਚਾਰਕ ਇਨਕਲਾਬ ਤੋਂ ਬਾਅਦ ਹਾਂਗਕਾਂਗ ਨਿਵਾਸੀਆਂ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਦੇਰ-ਸਵੇਰ ਇਸ ਅਮੀਰ-ਤਰੀਨ ਸਾਮਰਾਜਵਾਦੀ ਬਸਤੀ ਨੂੰ ਚੀਨ ਹਵਾਲੇ ਕਰਨਾ ਹੀ ਪੈਣਾ ਹੈ। ਸੋ ਬਹੁਤ ਸਾਰੇ ਖੁੱਲ੍ਹੀ ਸੋਚ ਵਾਲੇ ਲੋਕਾਂ ਕਮਿਊਨਿਸਟ ਚੀਨ ਦੇ ਸ਼ਾਸਨ ਨਾਲੋਂ ਆਪਣੇ ਬਿਹਤਰ ਭਵਿੱਖ ਲਈ ਯੂਰਪ, ਅਮਰੀਕਾ, ਕੈਨੇਡਾ, ਅਸਟ੍ਰੇਲੀਆ ਆਦਿ ਪ੍ਰਵਾਸ ਦਾ ਨਿਰਣਾ ਲਿਆ। ਹਜ਼ਾਰਾਂ ਪ੍ਰਵਾਸੀਆਂ ਨਾਲ ਓਲੀਵੀਆ ਚਾਓ ਦੇ ਮਾਪਿਆਂ ਨੇ ਸੇਂਟ ਜੇਮਜ਼ ਟਾਊਨ ਵਿਖੇ ਇੱਕ ਕਮਰੇ ਵਾਲੀ ਰਿਹਾਇਸ਼ ਵਿੱਚ ਰਹਿਣ ਬਸੇਰਾ ਕੀਤਾ। ਉਸਦਾ ਪਿਤਾ ਹਾਂਗਕਾਂਗ ਵਿਚ ਸਕੂਲ ਸੁਪਰਡੈਂਟ ਸੀ, ਨੂੰ ਟੈਕਸੀ ਚਾਲਕ ਅਤੇ ਮਾਂ, ਜੋ ਉੱਥੇ ਅਧਿਆਪਕਾ ਸੀ, ਇੱਥੇ ਦਰਜ਼ੀ ਵਜੋਂ ਕੰਮ ਕਰਨਾ ਪਿਆ।

ਘਰੇਲੂ ਕਲੇਸ਼ ਦੌਰਾਨ ਪੜ੍ਹਾਈ, ਫਿਰ ਓਲੀਵੀਆ ਚਾਓ ਨੇ ਜੂਨੀਅਰ ਫਾਰੈਸਟ ਰੇਂਜਰ, ਹਸਪਤਾਲ ਵਿਚ ਸੰਕਟਕਾਲੀ ਕੌਂਸਲਰ ਅਤੇ ਟਰਾਂਟੋ ਸਿਟੀ ਕੌਂਸਲ ਵਿਚ ਨੌਕਰੀ ਆਦਿ ਕੰਮ ਕੀਤੇ। ਇਸ ਨਾਲ ਹੀ ਉਸਨੇ ਚੋਣਾਂ ਸਮੇਂ ਵਲੰਟੀਅਰ ਵਜੋਂ ਕੰਮ ਕਰਨ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਚੰਗੀ ਕਿਸਮਤ ਕਰਕੇ ਉਹ ਇੱਕ ਭੈੜੇ ਬੁਆਏ ਫਰੈਂਡ ਤੋਂ ਬਚ ਨਿਕਲੀ। ਫਾਰੈਸਟ ਵਿਖੇ ਕੰਮ ਕਰਨ ਸਮੇਂ ਉਸ ਨੂੰ ਕੈਨੇਡਾ ਦੀ ਅਨੰਤ ਜੰਗਲੀ ਬਨਸਪਤੀ ਨਾਲ ਜੀਵਨ ਭਰ ਦਾ ਨਾਤਾ ਜੋੜਨ ਦਾ ਮੌਕਾ ਮਿਲਿਆ। ਵੀਅਤਨਾਮੀ ਰਿਫਿਊਜ਼ੀਆਂ, ਦੱਬੇ ਕੁੱਚਲੇ ਪ੍ਰਵਾਸੀਆਂ ਅਤੇ ਸਮਾਜ ਦੇ ਪੱਛੜੇ ਵਰਗਾਂ ਦੀ ਸੇਵਾ ਸੰਭਾਲ ਦਾ ਮੌਕਾ ਮਿਲਿਆ ਮਾਰਚ 24, 1957 ਵਿੱਚ ਜਨਮੀ 28 ਸਾਲਾ ਚਾਓ ਸੰਨ 1985 ਵਿਚ ਸਿਟੀ ਸਕੂਲ ਬੋਰਡ ਟਰਸਟੀ ਚੁਣੀ ਗਈ। ਬੱਸ ਫਿਰ ਚੱਲ ਸੋ ਚੱਲ। ਫਿਰ ਉਹ ਮੈਟਰੋ ਕੌਂਸਲਰ, ਸਿਟੀ ਕੌਂਸਲਰ ਚੁਣੀ ਗਈ। ਓਲੀਵੀਆ ਚਾਓ ਟਰਾਂਟੋ ਯੂਨੀਵਰਸਿਟੀ ਵਿਚ ਪੜ੍ਹੀ, 5 ਕੁ ਸਾਲ ਪ੍ਰੋਫੈਸਰ ਵੀ ਰਹੀ।

ਸੰਨ 1988 ਵਿਚ ਓਲੀਵੀਆ ਚਾਓ ਨੇ ਨਿਊ ਡੈਮੋਕ੍ਰੈਟਿਕ ਪਾਰਟੀ (ਐੱਨ.ਡੀ.ਪੀ.) ਦੇ ਆਗੂ ਜੈਕ ਲੇਟਨ ਨਾਲ ਸ਼ਾਦੀ ਕੀਤੀ ਜੋ ਇੱਕ ਬਹੁਤ ਪਾਪੂਲਰ ਆਗੂ ਸਨ। ਉਹ ਪਾਰਲੀਮੈਂਟ ਵਿਚ ਵਿਰੋਧੀ ਧਿਰ ਦੇ ਆਗੂ ਵੀ ਰਹੇ ਪਰ ਬਹੁਤ ਹੀ ਘਿਨਾਉਣੀ ਬੀਮਾਰੀ ਕੈਂਸਰ ਦਾ ਸ਼ਿਕਾਰ ਹੋ ਗਏ ਅਤੇ ਸੰਨ 2011 ਵਿਚ ਚੱਲ ਵਸੇ। ਜੇ ਜੀਵਨ ਸਾਥ ਦਿੰਦਾ ਤਾਂ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਜ਼ਰੂਰ ਬਣਦੇ। ਲੇਟਨ-ਚਾਓ ਦਰਮਿਆਨ ਅਸੀਮ ਪਿਆਰ ਰਿਹਾ। ਓਲੀਵੀਆ ਚਾਓ ਜਨਵਰੀ 23, 2006 ਤੋਂ ਮਾਰਚ 12, 2014 ਤੱਕ ਐੱਨ. ਡੀ. ਪੀ. ਮੈਂਬਰ ਪਾਰਲੀਮੈਂਟ ਹਲਕਾ ਟਰਿਨਟੀ-ਸਪਾਦੀਨਾ ਤੋਂ ਰਹੀ। ਸੰਨ 1991 ਵਿਚ ਜਦੋਂ ਲੇਟਨ ਨੇ ਟਰਾਂਟੋ ਮੇਅਰ ਵਜੋਂ ਚੋਣ ਲੜੀ ਤਾਂ ਚਾਓ ਨੇ ਉਸ ਦੀ ਚੋਣ ਮੁਹਿੰਮ ਵਿਚ ਡਟ ਕੇ ਭਾਗ ਲਿਆ।

ਮੈਂਬਰ ਪਾਰਲੀਮੈਂਟ ਵਜੋਂ ਅਸਤੀਫਾ ਦੇ ਕੇ ਸੰਨ 2014 ਵਿਚ ਓਲੀਵੀਆ ਚਾਓ ਟਰਾਂਟੋ ਦੇ ਮੇਅਰ ਵਜੋਂ ਚੋਣ ਵਿਚ ਕੁੱਦ ਗਈ। ਇਸ ਚੋਣ ਵਿਚ ਜੌਹਨ ਟੋਰੀ ਨੇ ਜਿੱਤ ਪ੍ਰਾਪਤ ਕੀਤੀ ਸੀ ਜਦ ਕਿ ਸਾਬਕਾ ਮੇਅਰ ਬਾਬ ਫੋਰਡ (ਜੋ ਕੈਂਸਰ ਪੀੜਤ ਹੋ ਗਿਆ ਸੀ) ਦਾ ਭਰਾ ਅਜੋਕਾ ਮੁੱਖ ਮੰਤਰੀ ਓਂਟਾਰੀਓ ਡੱਗ ਫੋਰਡ ਦੂਸਰੇ ਨੰਬਰ ’ਤੇ ਰਿਹਾ। ਓਲੀਵੀਆ ਚਾਓ ਤੀਸਰੇ ਨੰਬਰ ’ਤੇ ਆਈ ਸੀ।

ਸੰਨ 2015 ਵਿਚ ਓਲੀਵੀਆ ਚਾਓ ਨੇ ਐੱਨ.ਡੀ.ਪੀ. ਉਮੀਦਵਾਰ ਵਜੋਂ ਮੁੜ ਪਾਰਲੀਮੈਂਟਰੀ ਚੋਣ ਲੜੀ, ਲੇਕਿਨ ਹਾਰ ਗਈ। ਫਿਰ ਉਸ ਨੇ ਰਾਜਨੀਤੀ ਤੋਂ ਕਿਨਾਰਾ ਕਰ ਲਿਆ। ਲੇਕਿਨ ਟਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਆਪਣੀ ਇਕ ਸਟਾਫ ਮੈਂਬਰ ਨਾਲ ਅਣਉਚਿਤ ਸਬੰਧਾਂ ਦੇ ਇੰਕਸ਼ਾਫ ਹੋਣ ’ਤੇ ਅਸਤੀਫਾ ਦੇ ਦਿੱਤਾ ਜਿਸ ਕਰਕੇ ਟਰਾਂਟੋ ਮੇਅਰ ਪਦ ਲਈ 26 ਜੂਨ, 2023 ਨੂੰ ਉੱਪ ਚੋਣ ਕਰਾਈ ਗਈ। 66 ਸਾਲਾ ਚਾਓ ਅੰਦਰਲੀ ਰਾਜਨੀਤੀਵਾਨ ਮੁੜ੍ਹ ਜਾਗ੍ਰਿਤ ਹੋ ਗਈ ਅਤੇ ਉਸ ਨੇ ਇਹ ਚੋਣ ਅਜ਼ਾਦ ਉਮੀਦਵਾਰ ਵਜੋਂ ਲੜਨ ਦਾ ਫੈਸਲਾ ਕੀਤਾ।

ਟਰਾਂਟੋ ਮੇਅਰ ਦਾ ਪਦ ਕਿਸੇ ਰਾਜ ਦੇ ਚੀਫ ਮਨਿਸਟਰ ਤੋਂ ਘੱਟ ਸਨਮਾਨਿਤ ਨਹੀਂ ਹੈ। ਇਸ ਚੋਣ ਵਿਚ ਕੁੱਲ 102 ਉਮੀਦਵਾਰ ਮੈਦਾਨ ਵਿਚ ਸਨ। ਸਾਬਕਾ ਮੇਅਰ ਜਾਹਨ ਟੋਰੀ ਅਤੇ ਓਂਟੇਰੀਓ ਰਾਜ ਦੇ ਧਾਕੜ ਮੁੱਖ ਮੰਤਰੀ (ਪ੍ਰੀਮੀਅਰ) ਡਗਫੋਰਡ ਨਹੀਂ ਸਨ ਚਾਹੁੰਦੇ ਕਿ ਇਸ ਚੋਣ ਵਿਚ ਕਿਸੇ ਵੀ ਸੂਰਤ ਵਿਚ ਓਲੀਵੀਆ ਚਾਓ ਬਾਜ਼ੀ ਮਾਰ ਸਕੇ। ਜੌਹਨ ਟੋਰੀ ਨੇ ਵੈਸੇ ਤਾਂ ਮਹਾਂਭਾਰਤ ਜੰਗ ਦੇ ਅਸਲ ਨਾਇਕ ਮਹਾਰਾਜ ਕ੍ਰਿਸ਼ਨ ਨੇ ਜਿਵੇਂ ਜੰਗ ਦੌਰਾਨ ਹਥਿਆਰ ਨਾ ਉਠਾਉਣ ਦੀ ਪ੍ਰਤੀਗਿਆ ਲਈ ਹੋਈ ਸੀ, ਇਸ ਚੋਣ ਵਿਚ ਨਿਰਪੱਖ ਰਹਿਣ ਦੀ ਪ੍ਰਤਿਗਿਆ ਲਈ ਹੋਈ ਸੀ। ਪਰ ਜਦੋਂ ਓਲੀਵੀਆ ਚਾਓ ਦਾ ਪਾਸਾ ਭਾਰਾ ਪੈਂਦਾ ਵੇਖਿਆ ਤਾਂ ਮਹਾਰਾਜ ਕ੍ਰਿਸ਼ਨ ਵਾਂਗ ਪ੍ਰਤਿਗਿਆ ਤੋੜ ਕੇ ਆਖਰੀ ਦਿਨਾਂ ਵਿਚ ਸਾਬਕਾ ਉਪ ਮੇਅਰ ਅਨਾਬਿਲਾਓ ਦੇ ਹੱਕ ਵਿਚ ਕੁੱਦ ਪਿਆ।

ਰਾਜ ਦਾ ਧਾਕੜ ਮੁੱਖ ਮੰਤਰੀ ਡੱਗ ਫੋਰਡ ਚੋਣ ਲੜ ਰਹੇ ਸਾਬਕਾ ਪੁਲਸ ਮੁੱਖੀ ਮਾਰਕ ਸਾਉਂਡਰਜ਼ ਦੀ ਪਿੱਠ ’ਤੇ ਖੜ੍ਹਾ ਸੀ। ਚੋਣਾਂ ਵੇਲੇ ਉਸ ਨੇ ਗੈਰ-ਰਾਜਨੀਤਕ ਅਤੇ ਦਬੰਗਪੁਣੇ ਵਾਲਾ ਫੁੰਕਾਰਾ ਮਾਰਿਆ ਕਿ ਜੇ ਓਲੀਵੀਆ ਚਾਓ ਜਿੱਤਦੀ ਹੈ ਤਾਂ ਇਹ ਇੱਕ ‘ਬੇਅੰਤ ਤਬਾਹੀ ਵਰਗਾ’ ਕਾਰਨਾਮਾ ਸਿੱਧ ਹੋਵੇਗਾ। ਲੇਕਿਨ ਓਲੀਵੀਆ ਚਾਓ ਨੇ ਪੋਲ ਹੋਈਆਂ ਵੋਟਾਂ ਵਿੱਚੋਂ 269,187 ਭਾਵ 37.18 ਪ੍ਰਤੀਸ਼ਤ ਵੋਟਾਂ ਹਾਸਿਲ ਕਰਕੇ ਚੋਣ ਜਿੱਤ ਲਈ। ਅਨਾਬਿਲਾਓ ਨੇ 234,929 ਵੋਟਾਂ ਭਾਵ 32.45 ਪ੍ਰਤੀਸ਼ਤ ਪ੍ਰਾਪਤ ਕਰਕੇ ਦੂਸਰੀ ਥਾਂ ਪ੍ਰਾਪਤ ਕੀਤੀ। ਤੀਸਰੀ ਸ਼ਰਮਨਾਕ ਪੁਜ਼ੀਸ਼ਨ ਮੁੱਖ ਮੰਤਰੀ ਦੀ ਹਮਾਇਤ ਪ੍ਰਾਪਤ ਕਰਕੇ ਸਾਬਕਾ ਪੁਲਸ ਮੁਖੀ ਮਾਰਕ ਸਾਉਂਡਰਜ਼ ਨੇ 62,128 ਵੋਟਾਂ ਯਾਨੀ ਕਿ 8.58 ਪ੍ਰਤੀਸ਼ਤ ਪ੍ਰਾਪਤ ਕੀਤੀ। ਕੁੱਲ 102 ਉਮੀਦਵਾਰਾਂ ਵਿੱਚੋਂ ਸਭ ਤੋਂ ਘੱਟ ਡੈਨੀਅਲ ਇਰਮੀਆ ਨੂੰ ਸਿਰਫ 27 ਵੋਟਾਂ ਪ੍ਰਾਪਤ ਹੋਈਆਂ। ਖੈਰ! ਸ਼ਾਨਾਮੱਤੇ ਸ਼ਹਿਰ ਟਰਾਂਟੋ ਦੀ ਮਹੱਤਤਾ ਦੇ ਮੱਦੇ ਨਜ਼ਰ ਮੁੱਖ ਮੰਤਰੀ ਡੱਗ ਫੋਰਡ ਨੇ ਐਲਾਨ ਕੀਤਾ ਕਿ ਉਹ ਮੇਅਰ ਚਾਓ ਨਾਲ ਮਿਲ ਕੇ ਕੰਮ ਕਰੇਗਾ।

ਮੇਅਰ ਦਾ ਕਾਰਜਕਾਲ ਕੈਨੇਡਾ ਅੰਦਰ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਵਾਂਗ ਚਾਰ ਸਾਲ ਦਾ ਹੁੰਦਾ ਹੈ। ਮੇਅਰ ਓਲੀਵੀਆ ਚਾਓ ਕੋਲ ਮਸਾਂ ਸਵਾ ਤਿੰਨ ਸਾਲ ਬਚੇ ਹਨ। ਭਾਵੇਂ ਉਸ ਸਾਹਮਣੇ ਵੱਡੀਆਂ ਚਣੌਤੀਆਂ ਮੂੰਹ ਅੱਡੀ ਖੜ੍ਹੀਆਂ ਹਨ ਪਰ ਉਨ੍ਹਾਂ ਨੇ ਇਸ ਸ਼ਾਨਾਮੱਤੇ ਸ਼ਹਿਰ ਦਾ ਗੌਰਵ ਬਹਾਲ ਕਰਨ ਲਈ ਕੋਈ ਕਸਰ ਨਾ ਛੱਡਣ ਦਾ ਪ੍ਰਣ ਲਿਆ ਹੈ। ਇਸ ਸਮੇਂ ਵਿਸ਼ਵ ਦੇ 10 ਵਧੀਆ ਸ਼ਹਿਰਾਂ ਵਿੱਚੋਂ ਤਿੰਨ ਕੈਨੇਡਾ ਦੇ ਸ਼ਹਿਰਾਂ ਵੈਨਕੂਵਰ ਅਤੇ ਕੈਲਗਰੀ ਇਲਾਵਾ ਟਰਾਂਟੋ ਸ਼ਾਮਿਲ ਹੈ।

ਓਲੀਵੀਆ ਚਾਓ, ਜਿਸ ਨੇ ਕਾਰ ਚਲਾਉਣੀ ਨਹੀਂ ਸਿੱਖੀ, ਸ਼ਾਇਦ ਆਪਣੇ ਦਫ਼ਤਰ ਸਾਈਕਲ ’ਤੇ ਆਇਆ ਕਰੇਗੀ। ਉਸ ਨੇ ਇਸ ਖੂਬਸੂਰਤ ਸ਼ਹਿਰ ਤੇ ਮੈਟਰੋਪਾਲੀਟਨ ਜੋ ਓਂਟੇਰੀਓ ਰਾਜ ਦੀ ਰਾਜਧਾਨੀ, ਕੈਨੇਡਾ ਦਾ ਵੱਡਾ ਵਪਾਰਕ, ਰਾਜਨੀਤਕ, ਡਿਪਲੋਮੈਟਿਕ, ਸਭਿਆਚਾਰਕ ਕੇਂਦਰ ਹੈ, ਨੂੰ ਬੁਲੰਦੀਆਂ ’ਤੇ ਸਥਾਪਿਤ ਕਰਨ ਦਾ ਸੰਕਲਪ ਲਿਆ ਹੈ। ਉਸ ਨੇ ਇਸ ਸ਼ਹਿਰ ਵਿੱਚੋਂ ਕੇਂਦਰੀ ਕੰਜ਼ਰਵੇਟਿਵਾਂ ਦੇ ਪਿਛਲੇ 13 ਸਾਲਾਂ ਦੇ ਏਕਾਧਿਕਾਰ ਨੂੰ ਖਤਮ ਕੀਤਾ ਹੈ।

ਮੇਅਰ ਓਲੀਵੀਆ ਚਾਓ ਲਈ ਚਣੌਤੀਆਂ:

ਕੋਵਿਡ-19 ਦੀ ਮਾਰ ਟਰਾਂਟੋ ਵਿਚ ਸਾਫ ਦਿਸ ਰਹੀ ਹੈ। ਸੰਨ 2023 ਦੇ ਬਜਟ ਅਨੁਸਾਰ ਸ਼ਹਿਰ 1.5 ਬਿਲੀਅਨ ਡਾਲਰ ਵਿੱਤੀ ਘਾਟੇ ਨਾਲ ਜੂਝ ਰਿਹਾ ਹੈ। ਅਨੁਮਾਨ ਅਨੁਸਾਰ ਇੱਕ ਦਹਾਕੇ ਵਿਚ ਇਹ 46.5 ਬਿਲੀਅਨ ਡਾਲਰ ਦਾ ਅੰਕੜਾ ਪਾਰ ਕਰ ਜਾਵੇਗਾਸ਼ਹਿਰ ਹਾਊਸਿੰਗ ਸਮੱਸਿਆ ਨਾਲ ਜੂਝ ਰਿਹਾ ਹੈ। 2300 ਪੁਰਾਣੀਆਂ ਇਮਾਰਤਾਂ ਦੀ ਢੱਠਵੀਂ ਹਾਲਤ ਮੂੰਹ ਅੱਡੀ ਖੜ੍ਹੀ ਹੈ। ਟਰਾਂਸਪੋਰਟ, ਕਰਾਈਮ, ਵਧਦੇ ਕਿਰਾਏ ਅਤੇ ਕੀਮਤਾਂ, ਮੁਢਲੇ ਢਾਂਚੇ ਨੂੰ ਮੁੜ ਤੋਂ ਆਧੁਨਿਕ ਖੜ੍ਹ ਕਰਨ ਸਬੰਧੀ ਵੱਡੀਆਂ ਚਣੌਤੀਆਂ ਹਨ, ਜਿਨ੍ਹਾਂ ਦੇ ਨਿਵਾਰਨ ਲਈ ਪ੍ਰੋ. ਮੁਰਤਜ਼ਾ ਹੈਦਰ ਟਰਾਂਟੋ ਮੈਟਰੋਪਾਲੀਟਨ ਯੂਨੀਵਰਸਿਟੀ ਅਨੁਸਾਰ ਇੱਕ ਕਮੇਟੀ ਦਾ ਗਠਨ ਕਰਨਾ ਜ਼ਰੂਰੀ ਹੈ।

ਟਰਾਂਟੋ ਵਿਚ ਆਮ ਘਰ ਦੀ ਕੀਮਤ 1.2 ਤੋਂ 1.5 ਮਿਲੀਅਨ ਡਾਲਰ ਹੈ। ਇੱਕ ਕਮਰੇ ਦਾ ਕਿਰਾਇਆ 2500 ਡਾਲਰ ਹੋ ਚੁੱਕਾ ਹੈ। ਵਿਸ਼ਵ ਪ੍ਰਸਿੱਧ ਸ਼ਹਿਰ ਵਿਚ ਕਰੀਬ 11000 ਲੋਕ ਬੇਘਰੇ ਹਨ। ਦਸਾਂ ਵਿੱਚੋਂ 4 ਘਰ ਔਸਤਨ ਕਿਰਾਇਆ ਭਰਨੋਂ ਆਤੁਰ ਮਹਿਸੂਸ ਕਰਦੇ ਹਨ। ਪ੍ਰਵਾਸੀ ਵਿਦਿਆਰਥੀਆਂ ਅਤੇ ਰਿਫਿਊਜ਼ੀਆਂ ਦਾ ਬੋਝ ਵਧਦਾ ਜਾ ਰਿਹਾ ਹੈ। ਸੰਨ 2031 ਤੱਕ 2,85,000 ਨਵੇਂ ਘਰ ਉਸਾਰਨ ਦਾ ਟੀਚਾ ਹੈ। ਕੀ ਇਹ ਪੂਰਾ ਹੋਵੇਗਾ? ਕੀ ਇਹ ਪਰਿਵਾਰਾਂ ਦੀ ਖਰੀਦ ਸ਼ਕਤੀ ਅਨੁਕੂਲ ਹੋਣਗੇ?

ਸ਼ਹਿਰ ਦੀਆਂ ਪਾਣੀ, ਬਿਜਲੀ, ਸੜਕ, ਹਾਊਸਿੰਗ, ਵਿੱਦਿਅਕ, ਰੋਜ਼ਗਾਰ ਸੇਵਾਵਾਂ ਨਾਲ ਵਾਤਾਵਰਨ ਕੰਟਰੋਲ ਰੱਖਣਾ ਵੱਡੀਆਂ ਚਣੌਤੀਆਂ। ਵਧਦੇ ਜੁਰਮਾਂ, ਆਵਾਜਾਈ, ਸਮਾਜਿਕ ਅਤੇ ਸੰਗਠਤ ਕਰਾਈਮ ਰੋਕਣਾ ਜ਼ਰੂਰੀ ਹੋਵੇਗਾ।

ਡਾਊਨ ਟਾਊਨ ਹੀ ਨਹੀਂ, ਹੋਰ ਇਲਾਕੇ ਵੀ ਸੰਘਣੇ ਹੋਣ ਕਰਕੇ ਸ਼ਹਿਰ ਉੱਤਰੀ ਅਮਰੀਕਾ ਵਿਚ ਵੱਡੀ ਸਮੱਸਿਆ ਖੜ੍ਹੀ ਕਰ ਰਿਹਾ ਹੈ। ਬੱਸ, ਰੇਲ, ਕੈਬ ਆਵਾਜਾਈ, ਸਾਈਕਲਿਸਟ ਲੇਨਾਂ ਨੂੰ ਸੁਰੱਖਿਅਤ ਅਤੇ ਬਿਹਤਰ ਬਣਾਉਣਾ ਲਗਾਤਾਰ ਚੁਣੌਤੀਆਂ ਹਨ।

ਆਪਣੀ ਨੀਤੀਆਂ, ਵਿਕਾਸ ਪ੍ਰੋਗਰਾਮਾਂ ਦੇ ਅਮਲ ਲਈ 26 ਮੈਂਬਰੀ ਸਿਟੀ ਕੌਂਸਲ ਵਿਚ ਸਾਜ਼ਗਾਰ ਮਾਹੌਲ ਅਤੇ ਬਹੁਮਤ ਨਾਲ ਰੱਖਣਾ ਜ਼ਰੂਰੀ ਹੋਵੇਗਾ। ਔਟਵਾ ਤੋਂ ਵਿਸ਼ੇਸ਼ ਫੰਡਾਂ ਦੀ ਤੀਬਰ ਤਲਬਗਾਰਤਾ ਬਣੀ ਰਹੇਗੀ। ਸਭ ਤੋਂ ਜ਼ਰੂਰੀ ਓਂਟਾਰੀਓ ਮੁੱਖ ਮੰਤਰੀ ਡੱਗ ਫੋਰਡ ਨਾਲ ਨਿੱਘੇ ਅਤੇ ਮਿਲਵਰਤਨ ਭਰੇ ਸਬੰਧ ਕਾਇਮ ਰਹਿਣੇ ਜ਼ਰੂਰੀ ਹਨ। ਟਰਾਂਟੋ ਦੀ ਪਹਿਲੀ ਨਸਲੀ ਮੇਅਰ ਦਾ ਲੰਬਾ ਰਾਜਨੀਤਕ ਤਜਜਰਬਾ, ਕੁਝ ਵਿਸ਼ੇਸ਼ ਕਰਨ ਦਾ ਜ਼ਜ਼ਬਾ ਅਤੇ ਸਭ ਨੂੰ ਸਾਥ ਲੈ ਕੇ ਚੱਲਣ ਦੀ ਸਮਰਪਿਤ ਸੇਵਾ ਭਾਵਨਾ ਜ਼ਰੂਰ ਸ਼ਾਨਾਮੱਤੇ ਕੈਨੇਡੀਅਨ ਮੈਟਰੋਪਾਲੀਟਨ ਸ਼ਹਿਰ ਦੇ ਇਤਿਹਾਸਿਕ ਸੁੰਦਰੀਕਰਨ ਅਤੇ ਵਾਤਾਨਕੂਲਤਾ ਲਈ ਸਹਾਈ ਹੋਵੇਗੀ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4064)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਦਰਬਾਰਾ ਸਿੰਘ ਕਾਹਲੋਂ

ਦਰਬਾਰਾ ਸਿੰਘ ਕਾਹਲੋਂ

Kingston, Ontario, Canada.
(Retd. Punjab State Information Commissioner)
Phone: (Canada 1 - 289 - 829 - 2929)

Email: (kahlondarbarasingh@gmail.com)

More articles from this author