DarbaraSKahlon7“... ਬਰਗਾੜੀ ਕਾਂਡ ਯਾਦ ਰੱਖੇ, ਕੇਂਦਰ ਦਾ ਕੁਝ ਵਿਗੜਨਾ ਨਹੀਂ ਪਰ ਆਮ ਆਦਮੀ ਪਾਰਟੀ ਅਤੇ ਸਰਕਾਰ ਦਾ ... ”
(27 ਮਾਰਚ 2023)
ਇਸ ਸਮੇਂ ਪਾਠਕ: 176
.


ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਦੇਸ਼ ਵਿਦੇਸ਼ ਅੰਦਰ ਘੱਟ ਗਿਣਤੀ ਸਿੱਖ ਕੌਮ ਨਾਲ ਸਬੰਧਿਤ ਭਾਈਚਾਰਾ ਅਤਿ ਸਕਤੇ ਵਿਚ ਹੈ। ‘ਵਾਰਿਸ ਪੰਜਾਬ ਦੇ’ ਸੰਗਠਨ ਦੇ ਆਗੂ ਕੇਂਦਰੀ ਅਰਧ ਸੁਰੱਖਿਆ ਬਲ
, ਰੈਪਿਡ ਐਕਸ਼ਨ ਫੋਰਸ ਦਸਤੇ, ਕੇਂਦਰੀ ਅਤੇ ਪ੍ਰਾਂਤਿਕ ਖੁਫੀਆ ਏਜੰਸੀਆਂ ਵਲੋਂ ਪੰਜਾਬ ਅਤੇ ਪੰਜਾਬ ਵਿਚ ਵੱਸਦੇ ਸਿੱਖ ਭਾਈਚਾਰੇ ਦੇ ਬੇਗੁਨਾਹ ਜਾਂ ਭਾਵਨਾਤਮਿਕ ਤੌਰ ’ਤੇ ਨਸ਼ਾ ਛੁਡਾਊ ਅਤੇ ਅੰਮ੍ਰਿਤਪਾਨ ਪ੍ਰਚਾਰ ਮੁਹਿੰਮ ਰਾਹੀਂ ਵਰਗਲਾਏ ਨੌਜਵਾਨਾਂ ਜਾਂ ਵਿਰੋਧ ਜਿਤਲਾ ਰਹੇ ਲੋਕਾਂ ਨਾਲ ਮਤਰੇਈ ਮਾਂ ਵਾਲਾ ਜਾਬਰਾਨਾ ਵਿਵਹਾਰ ਕਰ ਰਹੀਆਂ ਹਨ, ਇਹ ਵਰਤਾਰਾ ਉਨ੍ਹਾਂ ਨੂੰ ਦੇਸ਼ ਦੀ ਵੰਡ, 14-15 ਸਾਲਾ ਰਾਜਕੀ ਅਤੇ ਗੈਰ-ਰਾਜਕੀ ਅਤਿਵਾਦ, ਨਵੰਬਰ ’84 ਨਸਲਕੁਸ਼ੀ ਵਾਲੇ ਡਰਾਉਣੇ ਅਤੇ ਅਤਿ ਪੀੜਾਜਨਕ ਸਾਕਿਆਂ ਦੀ ਯਾਦ ਕਰਵਾ ਰਿਹਾ ਹੈ।

ਮਾਣਯੋਗ ਪੰਜਾਬ-ਹਰਿਆਣਾ ਹਾਈਕੋਰਟ ਅਨੁਸਾਰ ਰਾਜ ਵਿਚ 80,000 ਪੁਲਿਸ ਬਲ, ਅਰਧ ਸੁਰੱਖਿਆ ਬਲ, ਰੈਪਿਡ ਐਕਸ਼ਨ ਫੋਰਸ ਆਦਿ ਦਗੜ-ਦਗੜ ਚੱਪੇ-ਚੱਪੇ ਤੇ ਦਨਦਨਾ ਰਹੇ ਹਨ ਪਰ ਅੰਮ੍ਰਿਤਪਾਲ ਸਿੰਘ ਫੜਿਆ ਨਹੀਂ ਜਾ ਰਿਹਾ। ਲੇਕਿਨ ਇਹ ਪ੍ਰਕ੍ਰਿਆ, ਆਮ ਸ਼ਹਿਰੀਆਂ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਅੰਦਰ ਦਹਿਸ਼ਤ ਅਤੇ ਸਹਿਮ ਦਾ ਮਾਹੌਲ ਪੈਦਾ ਕਰ ਰਹੀ ਹੈ। ਇਹ ਅਪਰੇਸ਼ਨ ਕੇਂਦਰੀ ਗ੍ਰਹਿ ਮੰਤਰਾਲੇ, ਖੁਫੀਆ ਏਜੰਸੀ ਐਨ.ਆਈ.ਏ. ਅਤੇ ਸਹਿਯੋਗੀਆਂ ਵਲੋਂ ਪੰਜਾਬ ਸਰਕਾਰ ਨਾਲ ਮਿਲ ਕੇ ਚਲਾਇਆ ਗਿਆ ਹੈ।

ਦੇਸ਼, ਵਿਦੇਸ਼ ਅਤੇ ਪੰਜਾਬ ਅੰਦਰ ਸਿੱਖ ਆਗੂਆਂ ਦੀ ਕੁੰਭਕਰਨੀ ਨੀਂਦ ਉਦੋਂ ਖੁੱਲ੍ਹੀ ਜਦੋਂ ‘ਵਾਰਿਸ ਪੰਜਾਬ ਦੇ’ ਸੰਗਠਨ ਅਤੇ ਅੰਮ੍ਰਿਤਪਾਲ ਸਿੰਘ ਦੇ ਹਮਲਾਵਰ ਸਿੱਖ ਜਾਗ੍ਰਿਤੀ ਪ੍ਰਚਾਰ ਦੇ ਨਤੀਜੇ ਵਜੋਂ ਮੂਰਖਾਨਾ ਅਜਨਾਲਾ ਕਾਂਡ ਬਾਅਦ ਕੇਂਦਰ ਅਤੇ ਪੰਜਾਬ ਸਰਕਾਰ ਦੀ ਸਾਂਝੀ ਪੁਲਿਸ ਕਾਰਵਾਈ ਵਿਚ ਬੇਗੁਨਾਹ, ਅਨਜਾਣ, ਭਾਵਨਾਤਮਿਕ ਤੌਰ ’ਤੇ ਵਰਗਲਾਏ ਨੌਜਵਾਨਾਂ ਦੀ ਫੜੋਫੜੀ ਸ਼ੁਰੂ ਹੋਈ। ਅੰਮ੍ਰਿਤਪਾਲ ਸਿੰਘ ਦੇ ਨੇੜਲੇ ਅਤੇ ਬਾਜੇਕੇ ‘ਪ੍ਰਧਾਨ ਮੰਤਰੀ’ ਵਰਗੇ ਮੂੜ੍ਹ ਨਸ਼ਾ-ਪੱਤਾ ਆਦਿ ਵਰਗੇ ਵਿਅਕਤੀਆਂ ਨੂੰ ਡਿਬਰੂਗੜ੍ਹ (ਆਸਾਮ) ਐੱਨ.ਐੱਸ.ਏ. ਕਾਨੂੰਨ, 1980 ਤਹਿਤ ਭੇਜਿਆ ਜਾਣਾ ਸ਼ੁਰੂ ਕੀਤਾ ਗਿਆ। ਮਾਪਿਆਂ ਨੇ ਸਿੱਖ, ਡੇਰਾਦਾਰਾਂ ਅਤੇ ਅਕਾਲੀ ਆਗੂਆਂ ਅੱਗੇ ਰੋਣਾ-ਧੋਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਕੁਝ ਹੋਸ਼ ਆਈ।

ਦੇਸ਼-ਵਿਦੇਸ਼ ਅਤੇ ਪੰਜਾਬ ਅੰਦਰ ਸਿੱਖ ਲੀਡਰਸ਼ਿਪ ਬੁਰੀ ਤਰ੍ਹਾਂ ਵੰਡੀ ਹੋਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬੁਰੀ ਤਰ੍ਹਾਂ ਵੰਡ ਅਤੇ ਫੁੱਟ ਦਾ ਸ਼ਿਕਾਰ ਹੈ। ਮੌਜੂਦਾ ਸ਼੍ਰੋਮਣੀ ਕਮੇਟੀ ਸ਼੍ਰੀ ਅੰਮ੍ਰਿਤਸਰ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸਬੰਧਿਤ ਸੰਗਠਨਾਂ ਨੂੰ ਸਿੱਖਾਂ ਦੇ ਵੱਖ-ਵੱਖ ਦੇਸ਼-ਵਿਦੇਸ਼ ਅਤੇ ਪੰਜਾਬ ਅੰਦਰ ਕ੍ਰਿਆਤਮਿਕ ਧੜੇ ਬਾਦਲ ਪਰਿਵਾਰ ਦਾ ਹੱਥਠੋਕਾ ਸਮਝਦੇ ਹਨ। ਐਸੀ ਸਥਿਤੀ ਵਿਚ ਮੌਜੂਦਾ ਹਾਲਾਤ ਪੈਦਾ ਹੋਣ ਤੋਂ ਪਹਿਲਾਂ ਕਿਸੇ ਨੇ ‘ਵਾਰਿਸ ਪੰਜਾਬ ਦੇ’ ਡੁਬਈ ਤੋਂ ਪੈਰਾਸ਼ੂਟ ਰਾਹੀਂ 20 ਸਤੰਬਰ 2022 ਨੂੰ ਉਤਾਰੇਉਹ ਆਪਣੇ ਪੂਰਵਅਧਿਕਾਰੀ ਆਗੂ ਦੀਪ ਸਿੱਧੂ ਕਲੀਨ ਸ਼ੇਵਡ ਵਾਂਗ ਕਲੀਨ ਸ਼ੇਵਡ ਸਨ ਜੋ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅੰਮ੍ਰਿਤਪਾਨ ਕਰਕੇ ਸਿੰਘ ਸਜੇਭਾਈ ਅੰਮ੍ਰਿਤਪਾਲ ਸਿੰਘ ਨੂੰ ਉਸਦੇ ਹਾਕਿਸ਼ ਪ੍ਰਚਾਰ, ਧਮਕੀਆਂ ਭਰੇ ਲਹਿਜ਼ੇ, ਸਿੱਖ ਧਾਰਮਿਕ ਮਰਿਯਾਦਾ, ਸਿਧਾਂਤਾਂ, ਸਰਬ-ਸਾਂਝੀਵਾਲਤਾ ਬਾਰੇ ਅਗਵਾਈ ਦੇਣ ਦੀ ਜੁਰਅਤ ਜਾਂ ਹੀਲਾ ਨਾ ਕੀਤਾ। ਉਹ ਜਥੇਦਾਰ ਸ਼੍ਰੀ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਿਆ, ਉਨ੍ਹਾਂ ਨੇ ਵੀ ਸਹੀ ਧਾਰਮਿਕ ਅਗਵਾਈ ਦੇਣ ਦਾ ਹੀਲਾ ਨਾ ਕੀਤਾ।

ਸ਼੍ਰੋਮਣੀ ਅਕਾਲੀ ਦਲ ਬਾਦਲ, ਇਸ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਹੋਰਨਾਂ ਉਸ ਦਾ ਵਿਰੋਧ ਜ਼ਰੂਰ ਕੀਤਾ। ਬਿਕਰਮ ਮਜੀਠੀਏ ਨੇ ਤਾਂ ਕਿਹਾ ਕਿ ਜੇਕਰ ਉਸ ਨੂੰ ਉਸ ਹਵਾਲੇ ਕੀਤਾ ਜਾਵੇ ਤਾਂ 10 ਮਿੰਟ ਵਿਚ ਸਿੱਧਾ ਕਰ ਦੇਵੇਗਾ। ਭਾਈ ਸਿੱਧਾ ਕਰ ਦਿੰਦਾ, ਤੈਨੂੰ ਰੋਕਿਆ ਕਿਸਨੇ?

ਜਿਨ੍ਹਾਂ ਡੇਰੇਦਾਰਾਂ, ਸਿੱਖ ਸੰਸਥਾਵਾਂ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਸੰਤ ਭਿੰਡਰਾਂਵਾਲਾ ਦੇ ਪਿੰਡ ਰੋਡੇ ਵਿਖੇ ਪਗੜੀਆਂ ਸੌਂਪੀਆਂ, ਉਨ੍ਹਾਂ ਵਿੱਚੋਂ ਵੀ ਕੋਈ ਉਸ ਨੂੰ ਸਿੱਖ ਗੁਰ ਮਰਿਯਾਦਾ ਅਨੁਸਾਰ ਵਿਚਰਣ, ਸਹੀ ਮਾਰਗ ਦਰਸ਼ਣ ਕਰਨ ਅਤੇ ਪੰਜਾਬ, ਦੇਸ਼ ਅਤੇ ਪੰਥਕ ਹਿੱਤਾਂ ਅਨੁਸਾਰ ਚੱਲਣ ਲਈ ਕੋਈ ਸਹਿਯੋਗ ਜਾਂ ਅਗਵਾਈ ਦੇਣ ਲਈ ਅੱਗੇ ਨਾ ਆਇਆ।

ਕੇਂਦਰ ਸਰਕਾਰ, ਕੇਂਦਰੀ ਖੁਫੀਆ ਏਜੰਸੀਆਂ, ਪੰਜਾਬ ਸਰਕਾਰ, ਪੁਲਿਸ ਪ੍ਰਸ਼ਾਸਨ, ਖੁਫੀਆ ਏਜੰਸੀਆਂ ਨੇ ‘ਅਪਰੇਸ਼ਨ ਅੰਮ੍ਰਿਤਪਾਲ’ ਤੋਂ ਪਹਿਲਾਂ ਉਸ ਦੇ ਆਈ.ਐੱਸ.ਆਈ. ਬਦਨਾਮ ਪਾਕਿਸਤਾਨੀ ਖੁਫੀਆ ਏਜੰਸੀ, ਜਾਰਜੀਆ ਟ੍ਰੇਨਿੰਗ, ਵਿਦੇਸ਼ੀ ਫੰਡਿੰਗ, ਬੱਬਰ ਖਾਲਸਾ ਇੰਟਰਨੈਸ਼ਨਲ, ਬ੍ਰਿਟਿਸ਼ ਸਿੱਖ ਅਤਿਵਾਦੀ ਸੰਗਠਨ, ਸਿੱਖ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪਨੂੰ ਨਾਲ ਸੰਬੰਧਾਂ ਦੀ ਗੱਲ ਨਹੀਂ ਕੀਤੀ।

ਲੇਕਿਨ ਐਨ.ਆਈ.ਏ. ਦੀ ਅਗਵਾਈ ਵਿਚ ਪ੍ਰਧਾਨ ਮੰਤਰੀ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਵਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਦੋਂ ਕੇਂਦਰ ਅਤੇ ਪੰਜਾਬ ਸਰਕਾਰ ਨੇ ‘ਅਪਰੇਸ਼ਨ ਅੰਮ੍ਰਿਤਪਾਲ’ ਚਲਾਇਆ ਤਾਂ ਅੰਮ੍ਰਿਤਪਾਲ ਦੇ ਘਰ ਜੱਲੂਪੁਰ ਖੇੜਾ (ਅੰਮ੍ਰਿਤਸਰ) ਅੱਗੇ ਲਿਖਿਆ ਏ.ਕੇ.ਐੱਫ. (ਅਨੰਦਪੁਰ (ਅੰਮ੍ਰਿਤਪਾਲ) ਖਾਲਸ ਫੌਜ), ਏ.ਕੇ.ਐੱਫ. ਲਿਖਤ ਹਥਿਆਰ, 33 ਬੁਲਟ ਪਰੂਫ ਜੈਕਟਾਂ, ਮਨੁੱਖੀ ਬੰਬ ਤਿਆਰ ਕਰਨ ਦੀ ਯੋਜਨਾ, ਵਿਦੇਸ਼ੀ ਫੰਡਿੰਗ ਦਾ ਇੰਕਸ਼ਾਫ ਹੋਇਆ ਤਾਂ ਉਸ ਵਲੋਂ ਚਲਾਈ ਜਾ ਰਹੀ ਅੰਮ੍ਰਿਤਪਾਨ ਪ੍ਰਚਾਰ, ਨਸ਼ਾ ਛੁਡਾਊ, ਸਿੱਖ ਹਥਿਆਰਬੰਦ, ਸਿਰ ਦੇਣ ਦੀ ਮਨਸ਼ਾ ਨਾਲ ‘ਵਾਰਿਸ ਪੰਜਾਬ ਦੇ’ ਸੰਗਠਨ ਨਾਲ ਖਾਲਿਸਤਾਨ ਪ੍ਰਾਪਤੀ ਲਈ ਜੁੜਨ ਦੀ ਮੁਹਿੰਮ ਦਾ ਪਰਦਾਫਾਸ਼ ਹੋਣ ਨਾਲ ਪੰਜਾਬੀਆਂ ਅਤੇ ਖਾਸ ਕਰਕੇ ਸਿੱਖ ਘੱਟ ਗਿਣਤੀ ਦੇ ਰੌਂਗਟੇ ਖੜ੍ਹੇ ਹੋ ਗਏ। ਉਸ ਵਲੋਂ ਭਾਰਤ ਦਾ ਨਾਗਰਿਕ ਨਾ ਹੋਣ, ਸਿੱਖਾਂ ਦੇ ਭਾਰਤ ਅੰਦਰ ਗੁਲਾਮ ਹੋਣ ਦੇ ਜੁਮਲੇ ਪਹਿਲਾਂ ਹੀ ਜਨਤਾ ਅਤੇ ਸਿੱਖ ਭਾਈਚਾਰੇ ਨੂੰ ਭੰਬਲਭੂਸੇ ਵਿਚ ਸੁੱਟ ਰਹੇ ਸਨ।

ਮੌਜੂਦਾ ਸਥਿਤੀ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਸਰਕਾਰ ਨੂੰ ਬੇਗੁਨਾਹ ਨੌਜਵਾਨ ਗ੍ਰਿਫਤਾਰ ਨਾ ਕਰਨ ਦੀ ਅਪੀਲ, ਜਥੇਦਾਰ ਸ਼੍ਰੀ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨੇ ਸਿਆਸੀ ਮੁਫਾਦਾਂ ਕਾਰਨ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਸਿਰਜਣ ਤੋਂ ਸਰਕਾਰਾਂ ਨੂੰ ਗੁਰੇਜ਼ ਕਰਨ, ਬਾਬਾ ਹਰਨਾਮ ਸਿੰਘ ਧੁੰਮਾ ਦਮਦਮੀ ਟਕਸਾਲ ਮੁਖੀ, ਸੁਖਦੇਵ ਸਿੰਘ ਢੀਂਡਸਾ, ਸਿਮਰਨਜੀਤ ਸਿੰਘ ਮਾਨ ਸਾਂਸਦ, ਸੁਖਬੀਰ ਬਾਦਲ, ਦਿੱਲੀ ਸਥਿਤ ਆਗੂਆਂ, ਕੁਝ ਡੇਰੇਦਾਰਾਂ ਵਲੋਂ ਆਪੋ ਆਪਣੇ ਢੰਗ ਨਾਲ ਸਰਕਾਰਾਂ ਨੂੰ ਤੰਬੀਹ (ਨਸੀਹਤ) ਕੀਤੀ।

ਵਿਦੇਸ਼ਾਂ ਅੰਦਰ ਸਿੱਖ ਸੰਗਠਨਾਂ ਅਤੇ ਆਗੂਆਂ ਦਾ ਰੋਹ ਸਾਹਮਣੇ ਆਇਆ। ਯੂ.ਕੇ. ਵਿਚ ਭਾਰਤੀ ਹਾਈ ਕਮਿਸ਼ਨ ਬਾਹਰੋਂ ਤਿਰੰਗਾ ਉਤਾਰਿਆ, ਅਮਰੀਕਾ ਵਿਚ ਸਾਂਨਫ੍ਰਾਂਸਿਸਕੋ ਭਾਰਤੀ ਕੌਂਸਲੇਟ ਸਾਹਮਣੇ ਆਸਟ੍ਰੇਲੀਆ, ਕੈਨੇਡਾ ਅਤੇ ਹੋਰ ਕਈ ਦੇਸ਼ਾਂ ਵਿਚ ਵਿਰੋਧ ਪ੍ਰਦਰਸ਼ਨ ਕੀਤੇ ਗਏ। ਭਾਰਤ ਅੰਦਰ ਸਿੱਖਾਂ ਨੂੰ ਗੁਲਾਮ ਹੋਣ ਕਰਕੇ ਵੱਖਰੇ ਖਾਲਿਸਤਾਨ ਰਾਜ ਲਈ ਨੌਜਵਾਨਾਂ ਨੂੰ ਹਥਿਆਰਬੰਦ ਹੋਣ ਦੇ ਸੱਦੇ ਦਿਤੇ। ਸਿੱਖ ਫਾਰ ਜਸਟਿਸ ਸੰਗਠਨ ਦੇ ਆਗੂ ਗੁਰਪਤਵੰਤ ਪਨੂੰ ਦੇ ਐਸੇ ਬਿਆਨ ਆਏ।

ਪੰਜਾਬ ਅੰਦਰ ਕੈਪਟਨ ਚੰਨਣ ਸਿੰਘ ਅਤੇ ਹੋਰ ਪ੍ਰੌੜ ਆਗੂਆਂ ਦਾ ਕਹਿਣਾ ਹੈ ਕਿ 14-15 ਸਾਲ ਅਤਿਵਾਦੀ ਤ੍ਰਾਸਦੀ ਵੇਲੇ ਵਿਦੇਸ਼ਾਂ ਵਿਚ ਬੈਠੇ ਸਿੱਖ ਆਗੂਆਂ ਦੀ ਭੜਕਾਹਟ ਕਰਕੇ ਹਜ਼ਾਰਾਂ ਨੌਜਵਾਨ ਅਤੇ ਪਰਿਵਾਰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰ ਮੁਕਾਏ ਗਏ, ਅਣਮਨੁੱਖੀ ਤਸੀਹੇ ਦੇ ਕੇ ਅਪੰਗ ਬਣਾ ਦਿੱਤੇ। ਉਨ੍ਹਾਂ ਦੀ ਕਿਸੇ ਨੇ ਅੱਜ ਤੱਕ ਸਾਰ ਨਹੀਂ ਲਈ। ਖਾਲਿਸਤਾਨ ਲਈ ਜੇਕਰ ਐਨੇ ਸੰਜੀਦਾ ਹੋ ਤਾਂ ਆਪ ਅਤੇ ਆਪਣੇ ਪੁੱਤ-ਧੀਆਂ ਲੈ ਕੇ ਪੰਜਾਬ ਆ ਕੇ ਹਥਿਆਰਬੰਦ ਲੜਾਈ ਲੜੋ। ਪੰਜਾਬ ਵਿਚ ਸਿੱਖ ਮੁੱਦਿਆਂ ’ਤੇ ਸੰਘਰਸ਼ ਛਿੜਨ ’ਤੇ ਭਾਰਤ ਵਿਚ ਦੂਸਰੇ ਸੂਬਿਆਂ ਵਿਚ ਰਹਿੰਦੇ ਸਿੱਖਾਂ ਦੀ ਸ਼ਾਮਤ ਆ ਜਾਂਦੀ ਹੈ।

ਕੀ ਪੰਜਾਬ ਵਿਚ ਸਿੱਖ ਆਗੂਆਂ ਨੂੰ ਇਕਜੁੱਟ ਹੋ ਕੇ ਇੱਕ ਉੱਚ ਪੱਧਰੀ ਵਫਦ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਬੇਗੁਨਾਹ ਨੌਜਵਾਨਾਂ ਅਤੇ ਸਿੱਖਾਂ ਦੀ ਗ੍ਰਿਫਤਾਰੀ ਰੋਕਣ ਲਈ ਡਟ ਕੇ ਪੱਖ ਨਹੀਂ ਸੀ ਪੇਸ਼ ਕਰਨਾ ਚਾਹੀਦਾ? ਸਾਰੇ ਦੇਸ਼ ਦੇ ਸਿੱਖ ਆਗੂਆਂ ਦੇ ਤਾਕਤਵਰ ਵਫਦ ਨੂੰ ਤੁਰੰਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਰਾਸ਼ਟਰਪਤੀ ਬੀਬੀ ਦਰੋਪਦੀ ਮੁਰਮੂ ਨੂੰ ਨਹੀਂ ਸੀ ਮਿਲਣਾ ਚਾਹੀਦਾ? ਕੀ ਵਿਦੇਸ਼ ਅੰਦਰ ਉੱਘੇ ਸਿੱਖ ਆਗੂਆਂ ਨੂੰ ਅਮਰੀਕੀ ਪ੍ਰਧਾਨ ਜੋਅ ਬਾਈਡਨ, ਯੂ.ਕੇ. ਪ੍ਰਧਾਨ ਮੰਤਰੀ ਸੂਨਕ ਰਿਸ਼ੀ, ਕੈਨੇਡਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਹੋਰ ਐਸੇ ਆਗੂਆਂ ਨੂੰ ਆਪਣੇ ਦੇਸ਼ਾਂ ਵਿਚ ਮਿਲ ਕੇ ਭਾਰਤੀ ਪ੍ਰਧਾਨ ਮੰਤਰੀ ਤੇ ਦਬਾਅ ਨਹੀਂ ਸੀ ਬਣਾਉਣਾ ਚਾਹੀਦਾ ਤਾਂ ਕਿ ਬੇਗੁਨਾਹ ਸਿੱਖਾਂ ਨਾਲ ਬੇਇਨਸਾਫੀ ਨਾ ਹੋਵੇ?

ਜਥੇਦਾਰ ਅਕਾਲ ਤਖਤ ਸਾਹਿਬ ਨੂੰ ਸਮੇਂ ਸਿਰ ਅੰਮ੍ਰਿਤਪਾਲ ਸਿੰਘ ਦਾ ਸਹੀ ਮਾਰਗ ਦਰਸ਼ਣ ਕਰਨਾ ਲੋੜੀਂਦਾ ਸੀ ਜਿਸ ਲਈ ਉਹ ਜਥੇਦਾਰ ਅਕਾਲੀ ਫੂਲਾ ਸਿੰਘ ਵਾਂਗ ਜੁਅਰਤ ਨਹੀਂ ਕਰ ਸਕੇ। ਹੁਣ ਉਨ੍ਹਾਂ ਪੰਜਾਬ ਦੇ ਅਜੋਕੇ ਹਾਲਾਤਾਂ ਸਬੰਧੀ ਵਿਚਾਰ ਚਰਚਾ ਕਰਨ ਅਤੇ ਇਨ੍ਹਾਂ ਨੂੰ ਨਜਿੱਠਣ ਲਈ ਬੁੱਧੀਜੀਵੀ, ਮਾਹਿਰਾਂ, ਵਕੀਲਾਂ, ਵਿਦਿਆਰਥੀ ਆਗੂਆਂ ਦੀ ਮੀਟਿੰਗ ਸੱਦੀ ਹੈ। ਲੋੜ ਹੈ ਨਿਰਣਾਇਕ, ਦਲੇਰਾਨਾ, ਪੰਥਕ ਸੁਰੱਖਿਆ ਅਤੇ ਚੜ੍ਹਦੀ ਕਲਾ ਲਈ ਉਸਾਰੂ ਅਮਲਯੋਗ ਫੈਸਲਾ ਲੈਣ ਦੀ।

ਅਸੀਂ ਇਨ੍ਹਾਂ ਸ਼ਬਦਾਂ ਰਾਹੀਂ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰੌੜ ਸਿੱਖ ਸਿਆਸਤਦਾਨ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਬੇਨਤੀ ਕਰਦੇ ਹਾਂ ਕਿ ਤੁਰੰਤ ਪ੍ਰਭਾਵ ਤੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਪਣੀ ਉਮਰ ਦੀ ਰਾਤਮਈ ਸ਼ਾਮ ਵੇਲੇ ਆਪਣੇ ਪਰਿਵਾਰ ਤੋਂ ਮੁਕਤ ਕਰਕੇ ਸਮੂਹ ਪੰਥਕ ਲੀਡਰਸ਼ਿਪ ਨੂੰ ਸੌਂਪ ਦੇਣ। ਕਰੋ ਐਲਾਨ ‘ਪੰਥ ਵਸੇ ਮੈਂ ਉਜੜਾ ਮੰਨ ਚਾਓ ਘਨੇਰਾ।’ ਪੰਥ ਸਿਰ ਜੋੜ ਕੇ ਸਭ ਮਸਲੇ ਹੱਲ ਕਰਨ ਦੇ ਅੱਜ ਵੀ ਸਮਰੱਥ ਹੈ। ‘ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ।’

ਭਗਵੰਤ ਮਾਨ ਸਰਕਾਰ ‘ਅਪਰੇਸ਼ਨ ਅੰਮ੍ਰਿਤਪਾਲ’ ਵਿਚ ਕੇਂਦਰ ਦੀ ਭਾਜਪਾ ਅਗਵਾਈ ਵਾਲੀ ਸਰਕਾਰ ਦੇ ਫੰਦੇ ਵਿਚ ਫਸ ਚੁੱਕੀ ਹੈ। ਜੇਕਰ ਇਸ ਨੇ ਪੰਜਾਬੀਆਂ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਦੀ ਇੱਛਾ ਸ਼ਕਤੀ ਅਨੁਸਾਰ ਇਸ ਨੂੰ ਭਲੀਭਾਂਤ ਨਾ ਨਜਿੱਠਿਆ ਤਾਂ ਬਰਗਾੜੀ ਕਾਂਡ ਯਾਦ ਰੱਖੇ, ਕੇਂਦਰ ਦਾ ਕੁਝ ਵਿਗੜਨਾ ਨਹੀਂ ਪਰ ਆਮ ਆਦਮੀ ਪਾਰਟੀ ਅਤੇ ਸਰਕਾਰ ਦਾ ਅਕਾਲੀ ਦਲ ਬਾਦਲ ਵਾਂਗ ਕੁਝ ਬਚਣਾ ਨਹੀਂ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3875)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਦਰਬਾਰਾ ਸਿੰਘ ਕਾਹਲੋਂ

ਦਰਬਾਰਾ ਸਿੰਘ ਕਾਹਲੋਂ

Kingston, Ontario, Canada.
(Retd. Punjab State Information Commissioner)
Phone: (Canada 1 - 289 - 829 - 2929)

Email: (kahlondarbarasingh@gmail.com)

More articles from this author