DarbaraSKahlon7ਅਕਸਰ ਸਰਕਾਰਾਂ ਅਤੇ ਸੱਤਾਧਾਰੀ ਆਗੂਆਂ ਵੱਲੋਂ ਮੀਡੀਆ ਦੇ ਕੰਮਕਾਜ ਵਿੱਚ ਬੇਲੋੜੇ ਅੜਿੱਕੇ ...
(13 ਅਪ੍ਰੈਲ 2023)
ਇਸ ਸਮੇਂ ਪਾਠਕ: 290.


ਵਿਸ਼ਵ ਅਤੇ ਖਾਸ ਕਰਕੇ ਭਾਰਤ ਅੰਦਰ ਵਸਦੀ ਸਿੱਖ ਘੱਟ ਗਿਣਤੀ ਦੀ ਕਿਰਦਾਰਕੁਸ਼ੀ
, ਸਿੱਖ ਵਿਚਾਰਧਾਰਾ ਦੀ ਪ੍ਰਸਤੁਤੀ, ਸਿੱਖ ਬੇਗੁਨਾਹ ਨੌਜਵਾਨਾਂ ਸਬੰਧੀ ਅਵਾਜ਼ ਉਠਾਉਣ ਵਾਲੇ, ਪੰਜਾਬ ਅਤੇ ਪੰਜਾਬੀਅਤ ਦਾ ਪਰਚਮ ਬੁਲੰਦ ਕਰਨ ਵਾਲੇ ਮੀਡੀਏ ’ਤੇ ਰਾਜਕੀ ਹਮਲਿਆਂ ਤੋਂ ਬੇਜ਼ਾਰ ਹੋ ਕੇ ਉਨ੍ਹਾਂ ਦੀ ਰਾਖੀ ਅਤੇ ਉਨ੍ਹਾਂ ਨਾਲ ਚਟਾਨ ਵਾਂਗ ਖੜ੍ਹੇ ਹੋਣ ਲਈ ਸਿੱਖ ਪੰਥ ਦੀ ਸਰਵਉੱਚ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਆਈ ਹੈ। ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ 7 ਅਪਰੈਲ, 2023 ਨੂੰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਮੀਡੀਆ ਇਕੱਠ ਬੁਲਾਇਆ। ਡੂੰਘੇ ਵਿਚਾਰ ਵਟਾਂਦਰੇ ਬਾਅਦ ਸਿੱਖ ਪੰਥ, ਸੱਭਿਆਚਾਰ, ਵਿਚਾਰਧਾਰਾ, ਸੰਸਥਾਵਾਂ, ਸਿੱਖ ਕਿਰਦਾਰ ਅਤੇ ਸਿੱਖੀ ਸਮਰਪਿਤ ਮੀਡੀਆ ਦੀ ਭਵਿੱਖ ਵਿੱਚ ਰਾਖੀ ਲਈ ਇੱਕ ਤਾਕਤਵਰ, ਚੇਤੰਨ ਅਤੇ ਜਵਾਬਦੇਹ ਮੀਡੀਆ ਹਾਊਸ ਦੀ ਸਥਾਪਨਾ ਦਾ ਨਿਰਣਾ ਲਿਆ ਗਿਆ।

ਮੀਡੀਆ ਅਜੋਕੇ ਸਮਾਜ ਦੀ ਇੱਕ ਐਸੀ ਪਵਿੱਤਰ ਸੰਸਥਾ ਹੈ ਜੋ ਹਰ ਪਲ, ਹਰ ਛਿਨ, ਹਰ ਹਾਲਾਤ ਵਿੱਚ ਉਸ ਨੂੰ ਉਸ ਦੀ ਕਾਰਕਰਦਗੀ ਦਾ ਸ਼ੀਸ਼ਾ ਵਿਖਾਉਂਦੀ ਹੈ। ਲੋਕਤੰਤਰੀ ਸਮਾਜ ਵਿੱਚ ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਵਾਂਗ ਹੀ ਇਸਦੀ ਸਥਿਰਤਾ, ਸਫਲਤਾ ਅਤੇ ਰਖਵਾਲੀ ਲਈ ਮੀਡੀਆ ਇਸਦੇ ਚੌਥੇ ਸਤੰਭ ਵਜੋਂ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਬਗੈਰ ਲੋਕਤੰਤਰ ਦੀ ਹੋਂਦ ਕਾਇਮ ਰੱਖਣੀ ਅਸੰਭਵ ਹੈ। ਇਹ ਇੱਕ ਅਜਿਹੀ ਜਾਗਰੂਕ, ਕ੍ਰਿਆਸ਼ੀਲ, ਜ਼ਿੰਮੇਵਾਰ ਸੰਸਥਾ ਹੈ ਜੋ ਚੌਵੀ ਘੰਟੇ ਦਿਨ-ਰਾਜ ਜਾਗਰੂਕ ਅਤੇ ਚੇਤੰਨ ਰਹਿੰਦੀ ਹੈ।

ਸਿਹਤਮੰਦ ਲੋਕਤੰਤਰ ਦੇ ਪ੍ਰਮੁੱਖ ਮਾਰਗ ਦਰਸ਼ਨ ਲੋਕਾਂ ਦਾ ਰਾਜ, ਅਜ਼ਾਦਾਨਾ ਅਤੇ ਮੁਨਸਫਾਨਾ ਚੋਣਾਂ, ਵਿਅਕਤੀਗਤ ਹੱਕਾਂ ਦੀ ਰਖਵਾਲੀ ਅਤੇ ਆਪਸੀ ਮਿਲਵਰਤਨ ਮੰਨੇ ਗਏ ਹਨ। ਇਨ੍ਹਾਂ ਦੀ ਸਫਲਤਾ ਲਈ ਅਜ਼ਾਦ ਮੀਡੀਆ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਇਸ ਮੰਤਵ ਲਈ ਮੀਡੀਆ ਤਿੰਨ ਮੁਹਾਜ਼ਾਂ ਦੇ ਪੂਰੀ ਸ਼ਿੱਦਤ ਦੇ ਪੂਰੀ ਸ਼ਿੱਦਤ ਨਾਲ ਕੰਮ ਕਰਦਾ ਹੈ।

ਪਹਿਲਾ, ਅਜ਼ਾਦ ਮੀਡੀਆ ਭਾਵ ਪ੍ਰੈੱਸ ਸਚਾਈ ਲਈ ਲੜਦੀ ਹੈ। ਟ੍ਰੇਂਡ, ਨਿਰਪੱਖ, ਸੂਝਵਾਨ, ਵਚਨਬੱਧ ਮੀਡੀਆ ਕਰਮੀ ਵਿਸ਼ਲੇਸ਼ਣ ਅਤੇ ਵਿਆਖਿਆ ਸਹਿਤ ਸਚਾਈ ਸਥਾਪਿਤ ਕਰਦੇ ਹਨ। ਇੱਕ ਜਾਗਰੂਕ ਹੁਨਰਮੰਦ ਪੱਤਰਕਾਰ ਦੇ ਦਿਮਾਗ ਵਿੱਚ ਸਟੋਰੀ, ਆਰਟੀਕਲ, ਟੀ.ਵੀ., ਰੇਡੀਓ, ਆਨ ਲਾਈਨ ਵਾਦ-ਵਿਵਾਦ ਪ੍ਰਸਤੁਤੀ ਵੇਲੇ ਕੌਣ, ਕੀ, ਕਿੱਥੇ, ਕਦੋਂ ਅਤੇ ਕਿਉਂ ਭਾਰੂ ਹੁੰਦੇ ਹਨ, ਇਨ੍ਹਾਂ ਸਭ ਦੇ ਉੱਤਰ ਢੂੰਡਦਾ ਉਹ ਪ੍ਰਸਤੁਤੀ ਕਰਦਾ ਹੈ। ਇਹ ਸਹੀ ਅਤੇ ਸੁਚਾਰੂ ਪੱਤਰਕਾਰਤਾ ਦੇ ਅਭਿੰਨ ਅੰਗ ਹਨ ਅਤੇ ਉਸ ਲਈ ਜ਼ਰੂਰੀ ਵੀ ਹੁੰਦੇ ਹਨ।

ਦੂਸਰਾ, ਆਜ਼ਾਦ ਮੀਡੀਆ ਸੱਤਾ ਸ਼ਕਤੀ ਨੂੰ ਜਵਾਬਦੇਹ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਸੱਤਾ ਸ਼ਕਤੀ ਸਨਮੁਖ ਨਿਗਰਾਨ ਸੰਸਥਾ ਵਜੋਂ ਵਿਚਰਦਾ ਹੈ। ਸੱਤਾ ਸ਼ਕਤੀ ਨੂੰ ਪਾਰਦਰਸ਼ਤਾ ਨਾਲ ਕੰਮ ਕਰਨ ਲਈ ਬਾਜ਼ ਦੀ ਅੱਖ ਵਜੋਂ ਕੰਮ ਕਰਦਾ ਹੈ। ਜਦੋਂ ਕਿਸੇ ਸਮਾਜ ਅਤੇ ਲੋਕਤੰਤਰ ਵਿਵਸਥਾ ਵਿੱਚ ਸੱਤਾਧਾਰੀ ਲੋਕ ਡਰ, ਭੈਅ ਅਤੇ ਬੇਚੈਨੀ ਦਾ ਮਾਹੌਲ ਆਪਣੇ ਸੌੜੇ ਸਿਆਸੀ ਟੀਚਿਆਂ ਦੀ ਪੂਰਤੀ ਲਈ ਪੈਦਾ ਕਰਨ ਤਾਂ ਪ੍ਰੈੱਸ ਨੂੰ ਤੁਰੰਤ ਉਨ੍ਹਾਂ ਦਾ ਪਰਦਾਫਾਸ਼ ਕਰਨਾ ਹੁੰਦਾ ਹੈ। ਇਹ ਇਸਦਾ ਪਵਿੱਤਰ ਕਾਜ਼ ਹੈ। ਪਰ ਜਦੋਂ ਇਹ ਆਪਣੇ ਰੈਵੇਨਿਊ, ਸੰਸਦ ਮੈਂਬਰਸ਼ਿੱਪ, ਰਾਸ਼ਟਰੀ ਐਵਾਰਡਾਂ ਅਤੇ ਭਰਾਤਰੀ ਮੀਡੀਆ ਸੰਸਥਾਵਾਂ ਨੂੰ ਕਮਜ਼ੋਰ ਕਰਨ ਲਈ ਸੱਤਾਧਾਰੀਆਂ ਅੱਗੇ ਦੱਬ ਜਾਵੇ ਤਾਂ ਇਹ ਸਮਾਜ ਅਤੇ ਲੋਕਤੰਤਰ ਲਈ ਅਤਿ ਮਾਰੂ ਅਤੇ ਘਾਤਿਕ ਦੈਂਤ ਦਾ ਰੂਪ ਧਾਰਨ ਕਰ ਲੈਂਦੀ ਹੈ।

ਮੀਡੀਆ ਸੰਸਥਾਵਾਂ ਨੂੰ ਅੱਜ ਇਹ ਵੀ ਸੋਚਣ ਦੀ ਲੋੜ ਹੈ ਕਿ ਇਸਦੀ ਵਧਦੀ ਟਾਕਸਿਕ ਸ਼ਕਤੀ ਜਿਵੇਂ ਲੋਕਤੰਤਰ ਲਈ ਖਤਰਾ ਬਣ ਰਹੀ ਹੈ ਜੇਕਰ ਉਸ ਨੂੰ ਰੋਕਿਆ ਨਾ ਗਿਆ ਤਾਂ ਨਤੀਜੇ ਮਾਰੂ ਨਿਕਲ ਸਕਦੇ ਹਨ। ਜੇਕਰ ਮੀਡੀਆ ਰਾਜਨੀਤੀਵਾਨਾਂ ਅਤੇ ਸੱਤਾਧਾਰੀਆਂ ਵਾਂਗ ਸੱਚ ਜਾਣਦੇ ਹੋਏ ਵੀ ਝੂਠ ਦਾ ਪ੍ਰਾਪੇਗੰਡਾ ਕਰੀ ਜਾਵੇਗਾ ਤਾਂ ਨਿਸ਼ਚਿਤ ਤੌਰ ’ਤੇ ਇਸ ਵਿੱਚ ਜਨਤਕ ਭਰੋਸਾ ਥਿੜਕ ਜਾਵੇਗਾ। ਅਕਸਰ ਸੱਤਾਧਾਰੀ ਅਤੇ ਰਾਜਨੀਤਕ ਆਗੂ ਝੂਠ ਪਰੋਸੀ ਜਾਂਦੇ ਹ,ਨ ਜਿੰਨਾ ਚਿਰ ਉਸ ਨੂੰ ਸੱਚ ਨਾ ਮੰਨਿਆ ਜਾਵੇ। ਸੱਚ ਤੋਂ ਦਰਅਸਲ ਸਭ ਭੱਜਦੇ ਹਨ ਕਿਉਂਕਿ ਸੱਚ ਭਰੇ ਸ਼ਬਦ ਬਾਣਾਂ ਦੀ ਤਰ੍ਹਾਂ ਸੱਤਾ ਦੇ ਝੂਠ ਨੂੰ ਚੀਰਦੇ ਹਨ।

ਤੀਸਰੇ, ਆਜ਼ਾਦ ਮੀਡੀਆ ਮੱਤਦਾਤਾਵਾਂ ਨੂੰ ਜਾਣਕਾਰੀ ਪ੍ਰਦਾਨ ਕਰਕੇ ਲੋਕਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ। ਲੋਕਤੰਤਰ ਅੰਦਰ ਮੱਤਦਾਤਾ ਆਪਣੇ ਮੱਤ ਦਾ ਪ੍ਰਯੋਗ ਕਰਕੇ ਸਰਕਾਰ ਦੀ ਚੋਣ ਕਰਦਾ ਹੈ। ਫਿਰ ਉਹੀ ਸਰਕਾਰ ਹੋਂਦ ਵਿੱਚ ਆਉਂਦੀ ਹੈ ਜਿਸ ਤਰ੍ਹਾਂ ਦੀ ਉਹ ਚੁਣਦਾ ਹੈ। ਪੜ੍ਹੇ ਲਿਖੇ ਲੋਕ ਵੀ ਆਪਣੇ ਸਹੀ ਆਗੂ ਚੁਣਨ ਵਿੱਚ ਟਪਲਾ ਖਾ ਜਾਂਦੇ ਹਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਚੁਣਨ ਵੇਲੇ ਨੂੰ ਚੇਤੰਨ, ਸੁਚੇਤ ਅਤੇ ਸਹੀ ਚੋਣਕਾਰ ਬਣਾਉਣ ਵਿੱਚ ਮੀਡੀਆ ਅਹਿਮ ਭੂਮਿਕਾ ਅਦਾ ਕਰਦਾ ਹੈ। ਆਗੂਆਂ ਦੇ ਕਿਰਦਾਰ, ਵਿਚਾਰਧਾਰਾ ਅਤੇ ਪਿਛੋਕੜ ਦੀ ਸਹੀ ਜਾਣਕਾਰੀ ਮੱਤਦਾਤਵਾਂ ਨੂੰ ਪ੍ਰਦਾਨ ਕਰਦਾ ਹੈ।

ਲੇਕਿਨ ਅਜੋਕੇ ਯੁਗ ਵਿੱਚ ਮੀਡੀਏ ਨੂੰ ਬਹੁਤ ਹੀ ਵੱਡੀਆਂ ਚੁਣੌਤੀਆਂ ਦਰਪੇਸ਼ ਹਨ। ਮੀਡੀਆ ਅਤੇ ਮੀਡੀਆ ਕਰਮੀਆਂ ਦੀ ਨਿੱਜਤਾ ’ਤੇ ਹਮਲੇ, ਖਬਰਾਂ ਬਲੌਕ ਕਰਨਾ, ਖਬਰਾਂ ਵਿੱਚ ਦੇਰੀ ਕਰਨਾ, ਲੋਕਾਂ ਸਾਹਮਣੇ ਪੱਤਰਕਾਰਾਂ ਅਤੇ ਮੀਡੀਆ ਕਰਮੀਆਂ ਨੂੰ ਇਵੇਂ ਪੇਸ਼ ਕਰਨਾ ਕਿ ਜਿਵੇਂ ਉਹ ਉਨ੍ਹਾਂ ਦੇ ਦੁਸ਼ਮਣ ਹੋਣ। ਉਨ੍ਹਾਂ ਨੂੰ ਅਦਾਲਤਾਂ ਵਿੱਚ ਘੜੀਸਣਾ ਤਾਂ ਕਿ ਉਹ ਸੱਚੀ ਪੱਤਰਕਾਰੀ ਤੋਂ ਤੌਬਾ ਕਰਨ। ਲੋਕਤੰਤਰ ਵਿੱਚ ਮੀਡੀਆ ਕਰਮੀ ਅਤੇ ਪੱਤਰਕਾਰ ਦਾ ਰੋਲ ਜਨਤਕ ਚੇਤਨਾ, ਸਮਾਜਿਕ ਤਬਦੀਲੀ, ਸਰਬੱਤ ਦਾ ਭਲਾ ਅਤੇ ਇਸਦੀ ਰਖਵਾਲੀ ਇੱਕ ਪਵਿੱਤਰ ਫਰਜ਼ ਹੁੰਦਾ ਹੈ। ਇਹ ਉਸ ਦੀ ਬੋਨ ਮੈਰੋ ਵਾਂਗ ਜੀਵਨ ਦਾ ਜ਼ਰੂਰੀ ਅੰਗ ਹੁੰਦਾ ਹੈ। ਹਰ ਸਾਲ ਬਹੁਤ ਸਾਰੇ ਪੱਤਰਕਾਰ ਆਪਣੀ ਡਿਊਟੀ ਕਰਦੇ ਮਾਰੇ ਜਾਂਦੇ ਹਨ। ਸੰਨ 2020 ਵਿੱਚ 60 ਅਤੇ ਸੰਨ 2021 ਵਿੱਚ 55 ਦੇ ਕਰੀਬ ਪੱਤਰਕਾਰ ਡਿਊਟੀ ਕਰਦੇ ਮਾਰੇ ਗਏ। 22 ਸਾਲਾ ਮਾਹਸਾ ਅਮੀਨੀ ਦੀ ਮੌਤ ਦਾ ਸੱਚ ਉਭਾਰਨ ਵਾਲੇ ਪੱਤਰਕਾਰ ਨੀਲੂਫਰ ਹਾਮੇਦੀ ਅਤੇ ਇਲਾਹ ਮੁਹੰਮਦੀ ਝੂਠੇ ਜਾਸੂਸੀ ਕੇਸ ਅਧੀਨ ਇਰਾਨ ਸਰਕਾਰ ਨੇ 110 ਤੋਂ ਵੱਧ ਦਿਨਾਂ ਤੋਂ ਜੇਲ੍ਹ ਡੱਕੇ ਹੋਏ ਹਨ।

ਅਕਸਰ ਸਰਕਾਰਾਂ ਅਤੇ ਸੱਤਾਧਾਰੀ ਆਗੂਆਂ ਵੱਲੋਂ ਮੀਡੀਆ ਦੇ ਕੰਮਕਾਜ ਵਿੱਚ ਬੇਲੋੜੇ ਅੜਿੱਕੇ ਪਾਏ ਜਾਂਦੇ ਹਨ। ਲਾਇਸੰਸ ਕੈਂਸਲ ਕਰਨਾ, ਬੁਰਾ-ਭਲਾ ਕਹਿਣਾ, ਲਾਲਚ ਦੇਣਾ, ਸਤਾਉਣਾ, ਗ੍ਰਿਫਤਾਰ ਕਰਨਾ, ਹਿੰਸਾ ਦਾ ਸ਼ਿਕਾਰ ਬਣਾਉਣਾ, ਇਸ਼ਤਿਹਾਰ ਰੋਕਣਾ, ਬਦਨਾਮ ਕਰਨਾ ਆਦਿ ਹੱਥਕੰਡੇ ਵਰਤੇ ਜਾਂਦੇ ਹਨ।

ਸਰਕਾਰਾਂ ਅਤੇ ਸੱਤਾਧਾਰੀ ਆਗੂ ਮੀਡੀਆ ਦੀ ਉਸਾਰੂ ਆਲੋਚਨਾ ਤੋਂ ਬਚਣ ਲਈ ਦਬਾਉਣ, ਧਮਕਾਉਣ, ਰੈਵਿਨਿਊ ਨੁਕਸਾਨ ਕਰਨ, ਗ੍ਰਿਫਤਾਰ ਕਰਨ, ਬਦਨਾਮ ਕਰਨ ਦੇ ਹੱਥਕੰਡੇ ਵਰਤਦੇ ਹਨ। ਇਹ ਬਿਮਾਰੀ ਵਿਸ਼ਵ ਵਿਆਪੀ ਹੈ। ਤਾਨਾਸ਼ਾਹ ਤਾਂ ਅਜਿਹਾ ਕਰਦੇ ਹੀ ਕਰਦੇ ਹਨ, ਏਕਾਧਿਕਾਰਵਾਦੀ, ਨਰੋਈ ਸੋਚ ਰਹਿਤ ਨਾਰਸਿਸਟ, ਸੰਕੁਚਿਤ ਸੋਚ ਵਾਲੇ ਸੱਤਾਧਾਰੀ ਆਗੂ ਮੀਡੀਏ ਨੂੰ ਵੱਡੀ ਪੱਧਰ ’ਤੇ ਭੈਭੀਤ ਕਰਦੇ ਵੇਖੇ ਜਾਂਦੇ ਰਹੇ ਹਨ। ਡੋਨਾਲਡ ਟਰੰਪ ਸਾਬਕਾ ਅਮਰੀਕੀ ਰਾਸ਼ਟਰਪਤੀ ਇਸ ਕਾਰਜ ਲਈ ਅਤਿ ਦਾ ਬਦਨਾਮ ਰਿਹਾ ਹੈ। ਉਸ ਨੇ ਤਾਂ ਐੱਫ ਬੀ. ਆਈ. ਡਾਇਰੈਕਟਰ ਜੇਮਜ਼ ਕਾਮੇ ਨੂੰ ਰਿਪੋਰਟਰਾਂ ਨੂੰ ਜੇਲ੍ਹ ਸੁੱਟਣ ਲਈ ਕਿਹਾ ਜੋ ਕਲਾਸੀਫਾਈਡ ਜਾਣਕਾਰੀ ਛਾਪਿਆ ਕਰਦੇ ਸਨ। ਸੀ. ਐੱਨ. ਐੱਨ. ਕਵਰੇਜ ਨੂੰ ਕੂੜਾ, ਝੂਠ, ਭਿਆਨਕ ਗਰਦਾਨਿਆ ਉਸ ਦੇ ਰਿਪੋਰਟਰ ਕੈਤਲਾਨ ਕੋਲਿਨਜ਼ ਨੂੰ ਰੋਜ਼ ਗਾਰਡਨ ਪ੍ਰੈੱਸ ਵਾਰਤਾ ਤੋਂ ਬਾਹਰ ਕਰ ਦਿੱਤਾ। ਨਾਮਵਰ ਅਖਬਾਰ ਵਾਸ਼ਿੰਗਟਨ ਪੋਸਟ ਹਮੇਸ਼ਾ ਉਸ ਦੇ ਨਿਸ਼ਾਨੇ ’ਤੇ ਰਹੀ ਪਰ ਜੋ ਬਦਨਾਮੀ ਅਜੋਕੇ ਯੁਗ ਵਿੱਚ ਉਸ ਨੇ ਖੱਟੀ ਹੈ, ਉਹ ਸਭ ਦੇ ਸਾਹਮਣੇ ਹੈ। ਅੱਜ ਡੋਨਾਲਡ ਟਰੰਪ ਕਿੱਥੇ ਹੈ? ਅਮਰੀਕੀ ਕੈਪੀਟਲ ’ਤੇ 6 ਜਨਵਰੀ, 2021 ਨੂੰ ਹੱਲਾ ਕਰਾਉਣ ਵਾਲੇ ਇਸ ਆਗੂ ਨੂੰ ਲੋਕ ਨਫਰਤ ਦੀ ਨਿਗਾਹ ਨਾਲ ਵੇਖਦੇ ਹਨ, ਭਾਵੇਂ ਉਹ ਫਿਰ ਸੱਤਾ ਦੇ ਸ਼ੇਖ ਚਿੱਲੀ ਸੁਪਨੇ ਵੇਖ ਰਿਹਾ ਹੈ। ਸੰਨ 2015 ਵਿੱਚ ਸੱਤਵੀਂ ਸਰਕਟ ਜੱਜ ਰਿਚਰਡ ਪੋਸਨਰ ਵੱਲੋਂ ਦਿੱਤੀ ਜੁਡੀਸ਼ੀਅਲ ਰਾਏ ਵਿੱਚ ਸਪਸ਼ਟ ਕਿਹਾ ਗਿਆ ਕਿ ਜੋ ਪਬਲਿਕ ਆਫੀਸ਼ੀਅਲ ਵਿਚਾਰਾਂ ਦੀ ਅਜ਼ਾਦੀ ਅਤੇ ਰਾਇ ’ਤੇ ਸਰਕਾਰ ਸ਼ਕਤੀ ਜਾਂ ਪ੍ਰਤੀਬੰਧ ਨਾਫਜ਼ ਕਰਨ ਦੀ ਧਮਕੀ ਦਿੰਦਾ ਹੈ, (ਅਮਰੀਕੀ) ਸੰਵਿਧਾਨ ਦੀ ਪਹਿਲੀ ਸੋਧ ਦੀ ਉਲੰਘਣਾ ਕਰਦਾ ਹੈ। ਟਰੰਪ ਨੇ ਐਸਾ ਕਈ ਵਾਰ ਕੀਤਾ।

ਸੰਨ 2009 ਵਿੱਚ ਜੇਮਜ਼ ਮਰਡੌਕ ਨੇ ਐਡਿਨਬਰਗ ਕੌਮਾਂਤਰੀ ਟੈਲੀਵਿਜ਼ਨ ਮੇਲੇ ਵਿੱਚ ਆਪਣੇ ਭਾਸ਼ਣ ਵਿੱਚ ਸਪਸ਼ਟ ਕੀਤਾ ਕਿ ਉਹ ਲੋਕਤੰਤਰ ਅੰਦਰ ਮੀਡੀਏ ਦੀ ਮਹੱਤਵਪੂਰਨ ਭੂਮਿਕਾ ਵਿੱਚ ਵਿਸ਼ਵਾਸ ਰੱਖਦੇ ਹਨ ਕਿਉਂਕਿ ਮੀਡੀਆ ਲੋਕਤੰਤਰੀ ਵਿਵਸਥਾ ਵੀ ਸਫਲਤਾ ਵਿੱਚ ਅਹਿਮ ਰੋਲ ਅਦਾ ਕਰਦਾ ਹੈ। ਉਨ੍ਹਾਂ ਸਪਸ਼ਟ ਕਿਹਾ ਕਿ ਰੈਵੇਨਿਯੂ ਬਗੈਰ ਇਸ ਵਿੱਚ ਜਨਤਕ ਵਿਸ਼ਵਾਸ, ਵਧੀਆ ਰਿਪੋਰਟਿੰਗ, ਰਚਨਾਤਮਿਕ ਸੂਝ-ਬੂਝ, ਵਧੀਆ ਭੂਮਿਕਾ ਅਤੇ ਚੰਗਿਆਈ ਜਿਹੇ ਗੁਣ ਰੁੜ੍ਹ ਜਾਂਦੇ ਹਨ। ਇਸ ਨੂੰ ਆਪਣੇ ਤੌਰ ’ਤੇ ਲਾਭ ਵਾਲੀ ਸਥਿਤੀ ਅਤਿ ਲੋੜੀਂਦੀ ਹੈ। ਇਸ ਬਗੈਰ ਇਸਦੀ ਆਜ਼ਾਦੀ ਸੰਭਵ ਨਹੀਂ। ਇਸਦੇ ਰੈਵੇਨਿਯੂ ਦੇ ਮੁੱਖ ਸ੍ਰੋਤ ਇਸ਼ਤਿਹਾਰ ਅਤੇ ਚੰਦਾ ਹੁੰਦੇ ਹਨ। ਜੇਕਰ ਇਸ ਲਈ ਇਹ ਸਰਕਾਰਾਂ ਅਤੇ ਸਰਮਾਏਦਾਰਾਂ ’ਤੇ ਨਿਰਭਰ ਰਹੇਗਾ ਤਾਂ ਇਸਦੀ ਅਜ਼ਾਦੀ ਖ਼ਾਕ ਹੋ ਜਾਵੇਗੀ।

ਅੱਜ ਇਹ ਸਵਾਲ ਵੀ ਅਤਿ ਮਹੱਤਵਪੂਰਨ ਹੈ ਕਿ ਜੇਕਰ ਪੱਤਰਕਾਰ ਅਤੇ ਪੱਤਰਕਾਰਤਾ ਵਿਰੁੱਧ ਸੱਤਾਧਾਰੀ, ਸਰਕਾਰੀ, ਗੈਰ-ਸਰਕਾਰੀ ਹਮਲਿਆਂ ਦੀ ਸਜ਼ਾ ਨਹੀਂ ਮਿਲਦੀ ਤਾਂ ਕਾਨੂੰਨੀ ਸਿਸਟਮ ਅਤੇ ਸੁਰੱਖਿਆ ਫਰੇਮਵਰਕ ਨਕਾਰਾ ਹੋ ਜਾਂਦੇ ਹਨ। ਐਸਾ ਵਿਚਾਰ ਯੂਨੈਸਕੋ ਦੇ ਡਾਇਰੈਕਟਰ ਜਨਰਲ ਔਡਰੇ ਅਜੋਲੇ ਰੱਖਦੇ ਹਨ। ਸੱਤਾਧਾਰੀਆਂ ਅਤੇ ਰਾਜ ਤੋਂ ਮੀਡੀਆ ਅਤੇ ਮੀਡੀਆ ਕਰਮੀਆਂ ਦੀ ਰਾਖੀ ਲਈ ਯੂਨੈਸਕੋ ਨੇ ਚਾਲੂ ਸਾਲਾਂ ਵਿੱਚ ਜੱਜਾਂ, ਸਰਕਾਰੀ ਅਤੇ ਗੈਰ-ਸਰਕਾਰੀ ਵਕੀਲਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਹੈ। ਹੁਣ ਤਕ ਕਰੀਬ 23000 ਨਿਆਂ ਅਧਿਕਾਰੀਆਂ ਨੂੰ ਮੀਡੀਆ, ਪੱਤਰਕਾਰੀ ਕਾਨੂੰਨ, ਕੌਮਾਂਤਰੀ ਮੀਡੀਆ ਕਾਨੂੰਨ, ਔਨਲਾਈਨ ਵੈਬਨਾਰ ਆਦਿ ਬਾਰੇ ਯੂਨੀਵਰਸਿਟੀਆਂ ਅਤੇ ਨਾਮਵਰ ਵਿੱਦਿਅਕ ਅਦਾਰਿਆਂ ਰਾਹੀਂ ਟ੍ਰੈਂਡ ਕੀਤਾ ਜਾ ਚੁੱਕਾ ਹੈ। ਇਹ ਜ਼ਰੂਰੀ ਟ੍ਰੇਨਿੰਗ ਸਿਲਸਿਲਾ ਸ਼ਿੱਦਤ ਨਾਲ ਜਾਰੀ ਹੈ।

ਕੈਨੇਡਾ ਅੰਦਰ ਚਾਲੂ ਇਤਿਹਾਸ ਵਿੱਚ ਮੀਡੀਆ ਅਤੇ ਹੋਰ ਵਿਸ਼ਿਆਂ ਸਬੰਧੀ ਮਸਲੇ ਮਿਲ ਬੈਠ ਕੇ ਹੱਲ ਕਰਨ ਦਾ ਬਹੁਤ ਹੀ ਸ਼ਲਾਘਾਯੋਗ ਸਿਸਟਮ ਕੰਮ ਕਰ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਮਾਨ ਸਾਹਿਬ ਨੂੰ ਅਜਿਹੇ ਅਫਸਰਸ਼ਾਹਾਂ ਅਤੇ ਸਲਾਹਕਾਰਾਂ ਤੋਂ ਬਚਣ ਦੀ ਲੋੜ ਹੈ ਜੋ ਖਾਹ-ਮਖਾਹ ਗਵਰਨਰ, ਅਫਸਰਸ਼ਾਹੀ, ਕਿਸਾਨੀ, ਬੇਰੋਜ਼ਗਾਰਾਂ ਅਤੇ ਮੀਡੀਏ ਨਾਲ ਟਕਰਾਅ ਦੀ ਸਥਿਤੀ ਪੈਦਾ ਕਰਦੇ ਹਨ। ਆਮ ਆਦਮੀ ਪਾਰਟੀ ਤਾਂ ਹੀ ਭਾਰਤੀ ਰਾਜਨੀਤੀ ਅੰਦਰ ਲੰਬੀ ਰੇਸ ਦੇ ਘੋੜੇ ਵਾਂਗ ਸਥਾਪਿਤ ਹੋ ਸਕੇਗੀ ਜੇਕਰ ਉਹ ਅਜਿਹਾ ਅਮਲ ਸੱਚ, ਦਲੇਰੀ ਅਤੇ ਸਾਫ਼ਗੋਈ ਨਾਲ ਸ਼ੁਰੂ ਕਰਦੀ ਹੈ। ਨਰੋਏ ਲੋਕਤੰਤਰ ਅੰਦਰ ਮੀਡੀਏ ਨਾਲ ਟਕਰਾ ਅਤੇ ਵਿਤਕਰੇ ਦੀ ਕੋਈ ਥਾਂ ਨਹੀਂ ਹੁੰਦੀ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3908)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਦਰਬਾਰਾ ਸਿੰਘ ਕਾਹਲੋਂ

ਦਰਬਾਰਾ ਸਿੰਘ ਕਾਹਲੋਂ

Kingston, Ontario, Canada.
(Retd. Punjab State Information Commissioner)
Phone: (Canada 1 - 289 - 829 - 2929)

Email: (kahlondarbarasingh@gmail.com)

More articles from this author