“ਕਾਰ ਦੀ ਡਿੱਗੀ ਵਿੱਚ ਜਿਹੜੀ ਰੌਣਕ ਸੌ-ਡੇਢ ਸੌ ਡਾਲਰ ਖ਼ਰਚ ਕੇ ਆ ਜਾਂਦੀ ਸੀ ਉਹ ਹੁਣ ਦੋ ਸੌ ਡਾਲਰ ਖ਼ਰਚ ਕੇ ਵੀ ...”
(17 ਮਈ 2022)
ਮਹਿਮਾਨ: 36.
ਕੈਨੇਡਾ ਉਹ ਗੀਤ ਹੈ ਜਿਸ ਨੂੰ ਹਰ ਪੰਜਾਬੀ ਗਾਉਣਾ ਚਾਹੁੰਦਾ ਹੈ। ਕੈਨੇਡਾ ਦਾ ਸੁਪਨਾ ਕਿਸੇ ਰੁਮਾਂਟਿਕ ਕਵਿਤਾ ਦੀ ਸਿਰਜਣਾ ਦੇ ਅਨੁਭਵ ਵਿੱਚੋਂ ਲੰਘਣ ਵਰਗਾ ਹੈ। ਸੋਹਣੇ ਸੁਪਨੇ ਲੈਣ ਲਈ ਗੂੜ੍ਹੀ ਨੀਂਦ ਆਉਣੀ ਜ਼ਰੂਰੀ ਨਹੀਂ ਹੁੰਦੀ। ਕਲਪਨਾ ਦੇ ਪਰਾਂ ਵਿੱਚ ਵੀ ਸੁਪਨੇ ਉਡਾਣ ਭਰਦੇ ਹਨ। ਪਰ ਹਰ ਸੁਪਨੇ ਦੀ ਸਾਕਾਰਤਾ ਦਾ ਸਫ਼ਰ ਸੁਖਾਵਾਂ ਨਹੀਂ ਹੁੰਦਾ। ਮੰਜ਼ਿਲ ’ਤੇ ਪਹੁੰਚ ਕੇ ਕੁਝ ਤਲਖ਼ ਹਕੀਕਤਾਂ ਵੀ ਤੁਹਾਡਾ ਸਵਾਗਤ ਕਰਦੀਆਂ ਹਨ। ਤਲਖੀਆਂ ਵਿੱਚ ਪਰਵਾਸੀ ਸੁਪਨੇ ਮੁੜ ਪਰਵਾਸ ਕਰਨ ਦੇ ਸੁਪਨੇ ਵੀ ਲੈਂਦੇ ਹਨ। ਇਸ ਵਰਤਾਰੇ ਬਾਰੇ ਕੁਝ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਹਾਂ।
ਕੈਨੇਡਾ ਵੱਲ ਇਹ ਮੇਰਾ ਤੀਜਾ ਗੇੜਾ ਹੈ। ਕਰੋਨਾ ਨਾ ਆਉਂਦਾ ਤਾਂ ਸ਼ਾਇਦ ਪੰਜਵਾਂ-ਛੇਵਾਂ ਹੁੰਦਾ। ਹਰ ਗੇੜੇ ਕੈਨੇਡਾ ਦਾ ਤਲਿਸਮ ਮੱਧਮ ਪੈ ਰਿਹਾ ਹੈ। ਜਿਹੜੀਆਂ ਗੱਲਾਂ ਕਰਕੇ ਇਹ ਮੁਲਕ ਸੁਪਨਾ ਲੱਗਦਾ ਸੀ, ਪੰਜਾਬ ਬੈਠਿਆਂ ਨੂੰ ਆਪਣੇ ਵੱਲ ਖਿੱਚਦਾ ਸੀ, ਉਹ ਗੱਲਾਂ ਹੁਣ ਛੋਟੀਆਂ ਲੱਗਣ ਲੱਗੀਆਂ ਹਨ। ਇੱਥੇ ਹੰਢਾਏ ਜਾ ਰਹੇ ਅਨੁਭਵਾਂ ਦੀ ਚੀਸ ਵੱਡੀ ਲਗਦੀ ਹੈ। ਕਰੋਨਾ ਦੌਰਾਨ ਜਦੋਂ ਪੜ੍ਹਦੇ, ਸੁਣਦੇ ਸਾਂ ਕਿ ਕੈਨੇਡਾ ਸਰਕਾਰ ਘਰ ਬੈਠਿਆਂ ਨੂੰ ਦੋ-ਦੋ ਹਜ਼ਾਰ ਡਾਲਰ ਦੇ ਰਹੀ ਹੈ ਤਾਂ ਟਰੂਡੋ ਉੱਪਰ ਰਸ਼ਕ ਆਉਂਦਾ ਸੀ। ਆਪਣੇ ਦੇਸ ਦੀ ਹਕੂਮਤ ਨੂੰ ਲਾਹਨਤਾਂ ਪਾਉਂਦੇ ਸਾਂ। ਇੱਥੇ ਆ ਕੇ ਪਤਾ ਲੱਗਾ ਹੈ ਕਿ ਉਸ ਖੈਰਾਤ ਨੂੰ ਹਕੂਮਤ ਮੰਡੀ ਦੀ ਗੁੱਝੀ ਜੁਗਤ ਰਾਹੀਂ ਵਸੂਲ ਕਰ ਰਹੀ ਹੈ। ਨਿੱਤ ਵਰਤੋਂ ਦੀ ਹਰ ਚੀਜ਼ ਦੀ ਕੀਮਤ ਡਿਉਡੀ-ਦੁੱਗਣੀ ਹੋ ਗਈ ਹੈ। ਗਰੌਸਰੀ ਕਰਦਿਆਂ ਕਾਰ ਦੀ ਡਿੱਗੀ ਵਿੱਚ ਜਿਹੜੀ ਰੌਣਕ ਸੌ-ਡੇਢ ਸੌ ਡਾਲਰ ਖ਼ਰਚ ਕੇ ਆ ਜਾਂਦੀ ਸੀ ਉਹ ਹੁਣ ਦੋ ਸੌ ਡਾਲਰ ਖ਼ਰਚ ਕੇ ਵੀ ਨਹੀਂ ਆਉਂਦੀ। ਸਭ ਤੋਂ ਵੱਡੀ ਮਾਰ ਪਈ ਹੈ ਪਰਾਪਰਟੀ ਨੂੰ। ਕਰੋਨਾ ਦੌਰਾਨ ਪਤਲੀ ਪੈ ਗਈ ਵਿੱਤੀ ਹਾਲਤ ਨੂੰ ਸੁਧਾਰਨ ਲਈ ਬੈਂਕਾਂ ਨੇ ਕਰਜ਼ੇ ਉੱਪਰ ਬਿਆਜ ਦਰਾਂ ਦੋ ਪਰਸੈਂਟ ਤੋਂ ਵੀ ਹੇਠਾਂ ਲੈ ਆਂਦੀਆਂ। ਨਤੀਜਾ ਇਹ ਹੋਇਆ ਕਿ ਪਹਿਲਾਂ ਹੀ ਪੂੰਜੀਪਤੀ ਹੋਏ ਲੋਕਾਂ ਨੇ ਹੋਰ ਨਵੇਂ ਘਰ ਖਰੀਦਣੇ ਸ਼ੁਰੂ ਕਰ ਦਿੱਤੇ। ਗਾਹਕ ਵਧਣ ਨਾਲ ਕੀਮਤਾਂ ਵੀ ਵਧ ਗਈਆਂ। ਵਿਦਿਆਰਥੀ ਵੀਜ਼ੇ ’ਤੇ ਕੈਨੇਡਾ ਆਏ ਤੇ ਨਵੇਂ-ਨਵੇਂ ਪੀ.ਆਰ. ਹੋਏ ਬੱਚਿਆਂ ਲਈ ਘਰ ਖਰੀਦਣੇ ਤਾਂ ਮੁਸ਼ਕਲ ਹੋਏ ਹੀ, ਕਿਰਾਏ ’ਤੇ ਰਹਿਣਾ ਵੀ ਔਖਾ ਹੋ ਗਿਆ। ਇਸਦਾ ਨਤੀਜਾ ਇਹ ਹੋਇਆ ਕਿ ਲੋਕਾਂ ਦਾ ਇਸ ਮੁਲਕ ਨਾਲੋਂ ਮੋਹ ਭੰਗ ਹੋਣਾ ਸ਼ੁਰੂ ਹੋ ਗਿਆ। ਲੋਕਾਂ ਨੇ ਇੱਥੋਂ ਕਿਸੇ ਹੋਰ ਦੇਸ ਵਿੱਚ ਪ੍ਰਸਥਾਨ ਕਰਨ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਹੈ। ਇੱਕ ਨਵੇਂ ਸਰਵੇਖਣ ਮੁਤਾਬਕ ਤੀਹ ਪਰਸੈਂਟ ਨੌਜਵਾਨ ਪਰਵਾਸੀਆਂ ਨੇ ਅਗਲੇ ਦੋ ਸਾਲਾਂ ਦੌਰਾਨ ਕੈਨੇਡਾ ਛੱਡਣ ਦਾ ਮਨ ਬਣਾ ਲਿਆ ਹੈ। ਇਹ ਸਰਵੇਖਣ ਕੈਨੇਡੀਅਨ ਨਾਗਰਿਕਤਾ ਸਬੰਧੀ ਸੰਸਥਾ ਲੀਗਰ ਵੱਲੋਂ ਕਰਵਾਇਆ ਗਿਆ ਹੈ। ਇਸ ਸਰਵੇਖਣ ਮੁਤਾਬਕ 18-34 ਸਾਲ ਉਮਰ ਵਰਗ ਦੇ ਤੀਹ ਪਰਸੈਂਟ ਨਵੇਂ ਬਣੇ ਕੈਨੇਡੀਅਨ ਅਤੇ 23 ਪਰਸੈਂਟ ਯੂਨੀਵਰਸਿਟੀ ਪੜ੍ਹਾਕੂ ਅਗਲੇ ਦੋ ਸਾਲਾਂ ਦੌਰਾਨ ਕਿਸੇ ਹੋਰ ਦੇਸ ਜਾਣ ਦਾ ਮਨ ਬਣਾਈ ਬੈਠੇ ਹਨ।
ਇਨ੍ਹਾਂ ਹਾਲਤਾਂ ਦੇ ਚੱਲਦਿਆਂ ਵੀ ਕੈਨੇਡਾ ਦਾ ਯੂਥ ਇਹ ਸਮਝਦਾ ਹੈ ਕਿ ਕੈਨੇਡਾ ਨੇ ਪ੍ਰਵਾਸੀਆਂ ਨੂੰ ਬਿਹਤਰ ਜੀਵਨ ਜਿਊਣ ਦੀਆਂ ਸਹੂਲਤਾਂ ਦਿੱਤੀਆਂ ਹਨ। ਪਰ ਨਵੇਂ ਸਰਵੇਖਣ ਇਹ ਸੰਕੇਤ ਦੇ ਰਹੇ ਹਨ ਕਿ ਕੈਨੇਡਾ ਵਿੱਚ ਆਪਣਾ ਭਵਿੱਖ ਵੇਖਣ ਵਾਲਿਆਂ ਦਾ ਵਿਸ਼ਵਾਸ ਡਗਮਗਾਇਆ ਹੈ ਅਤੇ ਇਹ ਓਟਾਵਾ ਲਈ ਖਤਰੇ ਦੀ ਘੰਟੀ ਹੈ। ਇਸ ਰੁਝਾਨ ਦਾ ਸਭ ਤੋਂ ਵੱਡਾ ਕਾਰਣ ਇੱਥੇ ਜਿਊਣਾ ਮਹਿੰਗਾ ਹੋ ਗਿਆ ਹੈ। ਵਧਦੀਆਂ ਕੀਮਤਾਂ ਦਾ ਮਤਲਬ ਦੁਨੀਆਂ ਵਿੱਚ ਕਿਸੇ ਹੋਰ ਸਥਾਨ ਦੀ ਭਾਲ ਜਿੱਥੇ ਰਹਿਣਾ, ਖਾਣਾ-ਪੀਣਾ, ਜੀਵਨ ਦੀਆਂ ਸਧਾਰਣ ਸੁਖ-ਸਹੂਲਤਾਂ ਨੂੰ ਮਾਨਣਾ ਆਸਾਨ ਹੋਵੇ। ਜੇਬ ਵਿੱਚ ਛਣਕਦੀ ਭਾਨ ਕੋਲ ਜਿਊਣ ਦੇ ਸਬੱਬ ਖਰੀਦਣ ਦੀ ਔਕਾਤ ਹੋਵੇ। ਤੰਗੀਆਂ-ਤੁਰਸ਼ੀਆਂ, ਜਿਨ੍ਹਾਂ ਨੂੰ ਗਲੋਂ ਲਾਹੁਣ ਲਈ ਉਨ੍ਹਾਂ ਆਪਣੀ ਜਨਮ ਭੋਏਂ ਛੱਡੀ ਹੈ, ਆਪਣਾ ਵਤਨ ਛੱਡਿਆ ਹੈ, ਆਪਣੀ ਹੋਂਦ ਨਾਲ ਜੁੜੇ ਬਹੁਤ ਸਾਰੇ ਸਵਾਲ ਛੱਡੇ ਹਨ, ਮੁੜ ਉਨ੍ਹਾਂ ਲਈ ਵੰਗਾਰ ਨਾ ਬਣ ਜਾਣ।
ਪਰਵਾਸ ਹਮੇਸ਼ਾ ਬਿਹਤਰ ਜੀਵਨ ਹਾਲਤਾਂ ਦੀ ਤਲਾਸ਼ ਵਿੱਚ ਨਿੱਕਲੇ ਲੋਕਾਂ ਦਾ ਸੁਪਨਾ ਹੁੰਦਾ ਹੈ। ਜਦੋਂ ਇਹ ਸੁਪਨਾ ਟੁੱਟਦਾ ਹੈ ਤਾਂ ਤਲਾਸ਼ ਵੀ ਨਵੇਂ ਰਾਹ ਲੱਭਦੀ ਹੈ। ਜਦ ਘਰੋਂ ਨਿੱਕਲ ਹੀ ਤੁਰੇ ਤਾਂ ਫਿਰ ਇੱਥੇ ਕੀ ਤੇ ਉੱਥੇ ਕੀ। ਨਵੀਆਂ ਰਾਹਾਂ ਪਿਛਲੀਆਂ ਥਾਂਵਾਂ ਦੇ ਚੇਤਿਆਂ ਨੂੰ ਵੀ ਪੈੜਾਂ ਦਾ ਹਮ-ਸਫ਼ਰ ਬਣਾ ਲੈਂਦੀਆਂ ਹਨ। ਮਲਟੀਕਲਚਰਡ ਸੱਭਿਅਤਾ ਲਈ ਵਿਕਾਸ ਦੀ ਗਤੀ ਦਾ ਹੁਸਨ ਨੌਜਵਾਨ ਇਰਾਦਿਆਂ ਦਾ ਮੁਥਾਜ ਹੁੰਦਾ ਹੈ। ਪਰਵਾਸੀਆਂ ਦਾ ਇੱਕ ਹੋਰ ਪਰਵਾਸ ’ਤੇ ਤੁਰ ਜਾਣ ਦਾ ਇਰਾਦਾ ਹਕੂਮਤਾਂ ਲਈ ਪ੍ਰੇਸ਼ਾਨੀ ਦਾ ਸਬੱਬ ਵੀ ਬਣਦਾ ਹੈ। ਪਰਵਾਸੀ ਦਾ ਇਰਾਦਾ ਹੀ ਉਸਦਾ ਸਰਮਾਇਆ ਹੁੰਦਾ ਹੈ। ਕਠਿਨ ਹਾਲਤਾਂ ਵਿੱਚੋਂ ਨਿੱਕਲ ਕੇ ਆਪਣੀ ਮਿਹਨਤ, ਜਜ਼ਬੇ ਅਤੇ ਇਰਾਦੇ ਨਾਲ ਨਵੀਆਂ ਮੰਜ਼ਿਲਾਂ ਸਰ ਕਰਨੀਆਂ ਭਾਵ ਆਪਣੇ ਲਈ ਇੱਕ ਨਵੀਂ ਦੁਨੀਆਂ ਸਿਰਜਣੀ ਉਸਦਾ ਸੁਪਨਾ ਹੁੰਦਾ ਹੈ। ਪਰਵਾਸੀ ਨੰਗੇ ਪੈਰੀਂ ਤਪਦੇ ਥਲ ਨੂੰ ਗਾਹੁੰਦਾ ਨਖ਼ਲਿਸਤਾਨ ਹੁੰਦਾ ਹੈ। ਉਹ ਪੀੜ੍ਹੀਆਂ ਦੀ ਗ਼ੁਰਬਤ ਧੋਣ ਲਈ ਬੇਘਰ ਹੋ ਘਰ ਦੀ ਤਲਾਸ਼ ਵਿੱਚ ਨਿੱਕਲੀ ਆਸ ਹੁੰਦਾ ਹੈ। ਆਸਰਾ ਦਿੱਤੇ ਮੁਲਕ ਨੇ ਇਨ੍ਹਾਂ ਗੱਲਾਂ ਦਾ ਲਾਹਾ ਖੱਟਦਿਆਂ ਹਰ ਤਰ੍ਹਾਂ ਦੇ ਵਿਕਾਸ ਨੂੰ ਗਤੀ ਦੇਣ ਲਈ ਇਨ੍ਹਾਂ ਪਰਵਾਸੀਆਂ ਦੀ ਊਰਜਾ ਨੂੰ ਵਰਤਣਾ ਹੁੰਦਾ ਹੈ। ਸਰਵੇ ਦੱਸਦੇ ਹਨ ਕਿ ਅੱਜ ਮਹਿੰਗਾਈ ਦੀ ਇਸ ਮਾਰ ਦਾ ਡੰਗ ਪਿਛਲੇ ਤੀਹਾਂ ਸਾਲਾਂ ਵਿੱਚ ਸਭ ਤੋਂ ਵੱਧ ਹੈ। ਅਰਥ ਸ਼ਾਸਤਰੀ ਇਸ ਰੁਝਾਨ ਦੇ ਹੋਰ ਵਧਣ ਦੀ ਚਿਤਾਵਣੀ ਦੇ ਰਹੇ ਹਨ। ਹਕੂਮਤ ਇਸ ਵਰਤਾਰੇ ਬਾਰੇ ਜ਼ਰੂਰ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੋਵੇਗੀ।
ਕੈਨੇਡਾ ਨਾਲੋਂ ਮੋਹ-ਭੰਗ ਹੋਣ ਦੇ ਹੋਰ ਕਾਰਨਾਂ ਵਿੱਚ ਪਰਵਾਸੀਆਂ ਲਈ ਇੱਜ਼ਤ-ਮਾਣ ਵਾਲੀਆਂ ਨੌਕਰੀਆਂ ਦੀ ਥੁੜ ਹੈ। ਵੇਅਰ-ਹਾਊਸ ਦੀ ਜੌਬ, ਉਹ ਵੀ ਘੱਟ ਤਨਖਾਹਾਂ ’ਤੇ ਕਰਨ ਲਈ ਮਜਬੂਰ ਹੋਣਾ, ਆਪਣੀ ਯੋਗਤਾ ਦੇ ਅਨੁਕੂਲ ਜੌਬ ਨਾ ਮਿਲਣੀ, ਕੋਈ ਸਤਿਕਾਰਤ ਸਮਾਜਿਕ ਰੁਤਬਾ ਨਾ ਮਿਲਣਾ ਆਦਿ ਵੀ ਇੱਕ ਵੱਡਾ ਕਾਰਣ ਹੈ ਕਿ ਲੋਕ ਇੱਥੋਂ ਚਲੇ ਜਾਣ ਦਾ ਸੋਚ ਰਹੇ ਹਨ। ਯੂਨੀਵਰਸਿਟੀ ਦੀ ਪੜ੍ਹਾਈ ਮੁਕੰਮਲ ਕਰ ਚੁੱਕੇ ਸਿਰਫ਼ ਤੀਹ ਪਰਸੈਂਟ ਪਰਵਾਸੀਆਂ ਦਾ ਹੀ ਮੰਨਣਾ ਹੈ ਕਿ ਉਨ੍ਹਾਂ ਨੂੰ ਚੰਗੀ ਜੌਬ ਅਤੇ ਉਚਿਤ ਤਨਖਾਹ ਮਿਲ ਰਹੀ ਹੈ। ਬਹੁਤੇ ਟਰੱਕ ਡਰਾਇਵਰ ਬਣਨ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਉੱਥੇ ਪੈਸੇ ਵੱਧ ਬਣਦੇ ਹਨ। ਆਪਣੇ ਹੋਰ ਭੈਣਾਂ-ਭਰਾਵਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਜੇਕਰ ਉਹ ਇੱਥੇ ਆ ਕੇ ਆਪਣਾ ਭਵਿੱਖ ਤਲਾਸ਼ਣ ਤੋਂ ਖ਼ਬਰਦਾਰ ਕਰ ਰਹੇ ਹਨ ਤਾਂ ਇਸਦਾ ਕਾਰਣ ਉੱਪਰ ਦੱਸੇ ਹਾਲਾਤ ਹੀ ਹਨ। ਇਹ ਕੈਨੇਡਾ ਕਲਚਰ ਦਾ ਇੱਕ ਪੱਖ ਹੈ। ਉਂਝ ਜਿਸ ਸਿਸਟਮ ਦੀ ਸ਼ਲਾਘਾ ਕਰਦੇ ਅਸੀਂ ਇੱਥੇ ਆ ਵਸੇ ਹਾਂ ਉਹ ਸਿਸਟਮ ਨੂੰ ਬਣਾਈ ਰੱਖਣਾ ਵੀ ਸਾਡਾ ਫਰਜ਼ ਹੈ। ਅਸੀਂ ਇਸ ਫਰਜ਼ ਨਾਲ ਕਿੰਨੀ ਕੁ ਵਫ਼ਾਦਾਰੀ ਪਾਲ ਰਹੇ ਹਾਂ, ਇਸ ਸਵਾਲ ਦੇ ਰੂਬਰੂ ਹੁੰਦਿਆਂ ਸ਼ਰਮਿੰਦਗੀ ਹੁੰਦੀ ਹੈ। ਜਿਨ੍ਹਾਂ ਪਗਡੰਡੀਆਂ ’ਤੇ ਅਸੀਂ ਸੈਰ ਕਰਦੇ ਹਾਂ, ਜਿਨ੍ਹਾਂ ਪਾਰਕਾਂ ਵਿੱਚ ਪਨਾਹ ਲੈਂਦੇ ਹਾਂ, ਉੱਥੇ ਆਪਣੇ ਕੁੱਤੇ ਘੁਮਾਉਂਦੇ ਲੋਕ ਅਕਸਰ ਮਿਲ ਜਾਂਦੇ ਹਨ। ਜੇਕਰ ਕੁੱਤਾ ਰਸਤੇ ਵਿੱਚ ਹਾਜ਼ਤ ਕਰਦਾ ਹੈ ਤਾਂ ਗੋਰੇ ਲੋਕ ਤੁਰੰਤ ਹੱਥ ਵਿੱਚ ਫੜੇ ਲਿਫ਼ਾਫ਼ੇ ਵਿੱਚ ਸਾਂਭ ਲੈਂਦੇ ਹਨ। ਆਪਣੇ ਲੋਕ ਵੀ ਇਸ ਅਨੁਸ਼ਾਸਨ ਦਾ ਪਾਲਣ ਕਰਦੇ ਰਹੇ ਹਨ। ਪਰ ਹੁਣ ਸਾਰੇ ਨਹੀਂ ਕਰਦੇ। ਗਰੌਸਰੀ ਕਰਦਿਆਂ ਜਿਸ ਟਰਾਲੀ ਵਿੱਚ ਸਮਾਨ ਲੱਦ ਕੇ ਪਹਿਲਾਂ ਕੈਸ਼ ਕਾਊਂਟਰ ਤੇ ਫਿਰ ਪਾਰਕਿੰਗ ਲੌਟ ਤਕ ਲਿਜਾਣਾ ਹੁੰਦਾ ਹੈ, ਉਹ ਟਰਾਲੀਆਂ ਹੁਣ ਕਿਸੇ ਛੱਪੜ ਜਾਂ ਝੀਲ ਕਿਨਾਰੇ ਲਾਵਾਰਸ ਖੜ੍ਹੀਆਂ ਮਿਲ ਜਾਂਦੀਆਂ ਹਨ। ਤੁਰੇ ਜਾਂਦਿਆਂ ਚਾਹ, ਕੌਫ਼ੀ ਪੀਣੀ, ਸਨੈਕਸ ਖਾਣੇ ਆਮ ਵਰਤਾਰਾ ਹੈ। ਪਰ ਖਾਣ ਤੋਂ ਬਾਅਦ ਖਾਲੀ ਗਲਾਸ ਕਿਸੇ ਘਰ ਦੀ ਫੈਂਸ ਅੰਦਰ ਜਾਂ ਰਾਹ ਗਲੀ ਵਿੱਚ ਸੁੱਟ ਦੇਣਾ ਨਵਾਂ ਵਰਤਾਰਾ ਹੈ। ਇੰਝ ਦੀਆਂ ਨਿੱਕੀਆਂ ਨਿੱਕੀਆਂ ਕਈ ਗੱਲਾਂ ਹਨ ਜਿਨ੍ਹਾਂ ਦਾ ਵੱਡੀਆਂ ਬਣ ਜਾਣ ਦਾ ਖ਼ਤਰਾ ਹੈ। ਕੁਝ ਲੋਕ ਇਸ ਧਰਤੀ ਨੂੰ ਸਵਰਗ ਕਹਿੰਦੇ ਹਨ। ਪਰ ਨਰਕ ਬਣਦਿਆਂ ਬਹੁਤੀ ਦੇਰ ਨਹੀਂ ਲੱਗਣੀ। ਸਮਝਣ ਤੇ ਸੰਭਲਣ ਦੀ ਲੋੜ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3571)
(ਸਰੋਕਾਰ ਨਾਲ ਸੰਪਰਕ ਲਈ: