Malwinder7ਆਰਥਿਕ ਪਾੜਾ ਵੀ ਸਮਾਜਿਕ ਨਫ਼ਰਤ ਦਾ ਕਾਰਣ ਬਣਦਾ ਹੈ। ਜਮਾਤੀ ਵੰਡ ਦੇ ਫੈਲ ਰਹੇ ਪਾੜੇ ਨਾਲ ...
(9 ਫਰਵਰੀ 2022)


ਦੋਵੇਂ ਚਚੇਰੇ ਭਰਾ ਹਨ
ਹਮ-ਉਮਰ ਵੀ ਹਨਇੱਕੋ ਸਕੂਲ ਵਿੱਚ ਪੜ੍ਹਦੇ ਹਨਸਾਰਾ ਦਿਨ ਇਕੱਠੇ ਖੇਡਦੇ ਹਨਸਵੇਰੇ ਵੱਡੇ ਭਰਾ ਦਾ ਪੁੱਤਰ, ਜੋ ਉਮਰ ਵਿੱਚ ਵੀ ਥੋੜ੍ਹਾ ਵੱਡਾ ਹੈ, ਆਪਣੇ ਪਿਉ ਨਾਲ ਕਾਰ ਦੀ ਮੂਹਰਲੀ ਸੀਟ ’ਤੇ ਬੈਠ ਕੇ ਸਕੂਲ ਜਾਂਦਾ ਹੈਛੋਟੇ ਭਰਾ ਦਾ ਪੁੱਤਰ ਆਪਣੇ ਪਾਪਾ ਨਾਲ ਸਕੂਟਰ ’ਤੇ ਬੈਠ ਕੇ ਜਾਂਦਾ ਹੈਦੋ ਵਾਹਨ, ਇੱਕ ਚਾਰ ਪਹੀਆ ਤੇ ਇੱਕ ਦੋ ਪਹੀਆ, ਇੱਕੋ ਵੇਲੇ ਇੱਕੋ ਘਰ ਵਿੱਚੋਂ ਇੱਕੋ ਮੰਜ਼ਲ ਲਈ ਨਿਕਲਦੇ ਹਨਬੜਾ ਅਜੀਬ ਮੰਜ਼ਰ ਹੈਦੋਸਤਾਂ ਵਰਗੇ ਦੋ ਭਰਾ ਕੀ ਸੋਚਦੇ ਹੋਣਗੇ! ਮਾਪਿਆਂ ਨੇ ਇਸ ਵਰਤਾਰੇ ਦੀ ਵਿਆਖਿਆ ਆਪਣੇ ਬੱਚਿਆਂ ਕੋਲ ਕਿਵੇਂ ਕੀਤੀ ਹੋਵੇਗੀ? ਕੀ ਇਹ ਨਫ਼ਰਤ ਦਾ ਆਗਾਜ਼ ਨਹੀਂ ਹੈ? ਮਨਾਂ ਅੰਦਰ ਵੰਡੀਆਂ ਪਾਉਣ ਦੀ ਕੋਝੀ ਸ਼ੁਰੂਆਤਦੋ ਮਾਸੂਮ ਹਿਰਦਿਆਂ ਅੰਦਰ ਵਖਰੇਵੇਂ ਦੇ ਬੀਜ ਬੀਜੇ ਗਏ ਹੋਣਗੇ

ਮੈਂਨੂੰ ਆਪਣੇ ਬਚਪਨ ਦੀ ਇੱਕ ਗੱਲ ਯਾਦ ਆਉਂਦੀ ਹੈ, ਜਿਹੜੀ ਕਦੀ ਮੇਰੀ ਮਾਂ ਨੇ ਮੇਰੇ ਨਾਲ ਸਾਂਝੀ ਕੀਤੀ ਸੀਉਸ ਦੱਸਿਆ ਕਿ ਤੇਰੇ ਤਾਏ ਦਾ ਮੁੰਡਾ ਜਿਹੜਾ ਤੈਥੋਂ ਇੱਕ ਸਾਲ ਵੱਡਾ ਸੀ, ਸਕੂਲ ਵੀ ਸਾਲ ਪਹਿਲਾਂ ਜਾਣ ਲੱਗ ਪਿਆ ਸੀਜਦ ਮੈਂ ਸਕੂਲ ਜਾਣਾ ਸ਼ੁਰੂ ਕੀਤਾ ਤਾਂ ਤਾਈ ਨੇ ਆਪਣੇ ਮੁੰਡੇ ਨੂੰ ਸਾਡਾ ਬੂਹਾ ਲੰਘਾ ਕੇ ਜਾਣਾ ਕਿ ਕਿੱਧਰੇ ਮੈਂ ਉਸ ਨਾਲ ਸਕੂਲ ਨਾ ਚਲਿਆ ਜਾਵਾਂਉਹ ਵੱਖਰੀ ਗੱਲ ਹੈ ਕਿ ਬਾਅਦ ਵਾਲੇ ਸਾਲਾਂ ਵਿੱਚ ਅਸੀਂ ਦੋਸਤ ਵੀ ਰਹੇ ਅਤੇ ਫੇਲ ਹੋ ਕੇ ਉਹ ਮੇਰਾ ਜਮਾਤੀ ਵੀ ਹੋ ਗਿਆ

ਸਾਡੇ ਸਮਾਜ ਵਿੱਚ ਨਫ਼ਰਤ ਦਾ ਵਰਤਾਰਾ ਬਹੁਤ ਆਮ ਹੈਜਾਤੀ ਅਧਾਰਤ ਨਫ਼ਰਤ ਤੋਂ ਆਪਾਂ ਸਾਰੇ ਜਾਣੂ ਹਾਂਪਰ ਇਹ ਸਕੂਲ ਵਿੱਚ ਪੜ੍ਹਦੇ ਬੱਚਿਆਂ, ਪਾਰਕਾਂ ਅਤੇ ਖੇਡ ਮੈਦਾਨ ਵਿੱਚ ਖੇਡਦੇ ਬੱਚਿਆਂ ਕੋਲ ਨਹੀਂ ਹੁੰਦੀਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਕਈ ਵਾਰ ਹਿੰਸਕ ਭੀੜ ਕੋਲੋਂ ਆਪਣੀ ਜਾਤ ਅਤੇ ਧਰਮ ਦਾ ਪਤਾ ਲੱਗਦਾ ਹੈਵਿਚਾਰਧਾਰਕ ਸਾਂਝ ਦੀਆਂ ਤੰਦਾਂ ਟੁੱਟਣ ਲੱਗਦੀਆਂ ਹਨਇਹ ਸਾਰਾ ਕੁਝ ਰਾਜਨੀਤਕ ਚਾਲਾਂ ਦੀ ਪੈਦਾਇਸ਼ ਹੁੰਦਾ ਹੈਧਰਮ ਅਧਾਰਤ ਨਫ਼ਰਤ ਰਾਜਨੀਤੀ ਦੀ ਲੋੜ ਬਣ ਗਈ ਲਗਦੀ ਹੈਲੋਕਤੰਤਰਿਕ ਸਿਸਟਮ ਅੰਦਰ ਹਰ ਰਾਜਨੀਤਕ ਪਾਰਟੀ ਲੋਕਾਂ ਨੂੰ ਧਰਮਾਂ ਵਿੱਚ ਵੰਡ ਕੇ ਆਪਣੇ ਹੱਕ ਵਿੱਚ ਭੁਗਤਦੀ ਵੋਟ ਦਾ ਜੁਗਾੜ ਕਰਦੀ ਹੈਭਾਰਤ ਅੰਦਰ ਦੇਸ਼ ਆਜ਼ਾਦ ਹੋਣ ਮਗਰੋਂ ਕੁਝ ਦਹਾਕੇ ਰਾਜਨੀਤੀ ਦਾ ਆਧਾਰ ਕੁਝ ਹੋਰ ਮੁੱਦੇ ਵੀ ਸਨ ਜਿਨ੍ਹਾਂ ਵਿੱਚ ਗਰੀਬੀ ਹਟਾਉ ਵਰਗੇ ਨਾਅਰੇ ਵੀ ਸਨਫਿਰ ਕਿਸੇ ਵਿਸ਼ੇਸ਼ ਵਿਚਾਰਧਾਰਾ ਵਾਲੀ ਧਿਰ ਨੇ ਜਾਤ ਅਤੇ ਧਰਮ ਅਧਾਰਤ ਰਾਜਨੀਤੀ ਕਰਨੀ ਸ਼ੁਰੂ ਕਰ ਦਿੱਤੀਇਹ ਰਾਜਨੀਤੀ ਉਨ੍ਹਾਂ ਨੂੰ ਰਾਸ ਵੀ ਬਹੁਤ ਆ ਰਹੀ ਹੈਪਰ ਦੇਸ਼ ਨਫ਼ਰਤ ਵਿੱਚ ਭੁੱਜ ਰਿਹਾ ਹੈਹੁਣ ਤਾਂ ਕਿਸੇ ਅਖੌਤੀ ਧਾਰਮਕ ਸਮਾਗਮ ਦੌਰਾਨ ਨੇਤਾਵਾਂ ਵੱਲੋਂ ਦਿੱਤੇ ਨਫ਼ਰਤੀ ਭਾਸ਼ਣਾਂ ਦਾ ਮਸਲਾ ਦੇਸ਼ ਦੀ ਸਰਵਉੱਚ ਅਦਾਲਤ ਦੇ ਧਿਆਨ ਵਿੱਚ ਲਿਆਉਣ ਦੀ ਨੌਬਤ ਵੀ ਆ ਗਈ ਹੈਆਮ ਆਦਮੀ ਦੀਆਂ ਲੋੜਾਂ ਅਤੇ ਸਮੱਸਿਆਵਾਂ ਦਰਕਿਨਾਰ ਹੋ ਗਈਆਂ ਹਨਵਤਨ ਦਾ ਭਵਿੱਖ ਸੰਕਟ ਵਿੱਚ ਧਸਦਾ ਨਜ਼ਰ ਆ ਰਿਹਾ ਹੈਰਿਸ਼ਤਿਆਂ, ਸਾਝਾਂ, ਵਸਤਾਂ, ਵਰਤਾਰਿਆਂ ਨੂੰ ਵੇਖਣ ਅਤੇ ਸਮਝਣ ਵਾਲੀ ਸਾਡੀ ਦ੍ਰਿਸ਼ਟੀ ਦੂਸ਼ਿਤ ਹੋ ਗਈ ਹੈ

ਆਰਥਿਕ ਪਾੜਾ ਵੀ ਸਮਾਜਿਕ ਨਫ਼ਰਤ ਦਾ ਕਾਰਣ ਬਣਦਾ ਹੈਜਮਾਤੀ ਵੰਡ ਦੇ ਫੈਲ ਰਹੇ ਪਾੜੇ ਨਾਲ ਅਸੀਂ ਵੱਖਰੇ ਵੱਖਰੇ ਵਰਗ ਸਮੂਹ ਬਣਾ ਲਏ ਹਨਕਿਸੇ ਵਿਸ਼ੇਸ਼ ਸਮੂਹ ਵੱਲੋਂ ਆਪਣੇ ਤੋਂ ਹੇਠਲੇ ਸਮੂਹ ਦੇ ਕਿਸੇ ਮੈਂਬਰ ਦੀ ਅਣਦੇਖੀ ਕਰਨੀ ਉਸਦੀ ਹੱਤਕ ਕਰਨ ਬਰਾਬਰ ਹੁੰਦੀ ਹੈਅਜਿਹਾ ਵਿਵਹਾਰ ਨਫ਼ਰਤ ਨੂੰ ਜਨਮ ਦਿੰਦਾ ਹੈਬਹੁਤ ਸਾਰੇ ਸਮਾਜਿਕ ਰੀਤੀ ਰਿਵਾਜ਼ ਵੱਖਰੀ ਤਰ੍ਹਾਂ ਮਨਾਏ ਜਾਣ ਦੀ ਪਿਰਤ ਵੀ ਸਮਾਜ ਅੰਦਰ ਨਫ਼ਰਤ ਦੇ ਨਾਲ ਨਾਲ ਕਈ ਹੋਰ ਸਮੱਸਿਆਵਾਂ ਦਾ ਕਾਰਣ ਬਣ ਰਹੀ ਹੈਵੱਖਰੀ ਤਰ੍ਹਾਂ ਤੋਂ ਭਾਵ ਖਰਚੀਲੇ ਰਿਵਾਜ਼ ਹਨਜੋ ਸਮਰੱਥ ਨਹੀਂ ਹਨ, ਉਹ ਹੀਣਭਾਵ ਦਾ ਸ਼ਿਕਾਰ ਹੁੰਦੇ ਹਨਕਿਧਰੋਂ ਉਧਾਰੇ ਜਾਂ ਵਿਆਜੀ ਪੈਸੇ ਫੜਦੇ ਹਨਮੋੜ ਨਾ ਸਕਣ ਕਾਰਣ ਜ਼ਲੀਲ ਵੀ ਹੁੰਦੇ ਹਨ ਅਤੇ ਦੂਜੀ ਧਿਰ ਦੀ ਨਫ਼ਰਤ ਦਾ ਸ਼ਿਕਾਰ ਵੀਸਲੀਕੇ ਅਤੇ ਸੰਜਮ ਨਾਲ ਜ਼ਿੰਦਗੀ ਜਿਊਣ ਦਾ ਵੱਲ ਅਜੇ ਸਾਨੂੰ ਨਹੀਂ ਆਇਆਜਿਨ੍ਹਾਂ ਪਰਿਵਾਰਾਂ ਕੋਲ ਇਹ ਜੀਵਨ ਜਾਚ ਹੈ, ਉਹ ਸੁਖੀ ਵੀ ਹਨ ਅਤੇ ਪ੍ਰਸੰਨ ਵੀਬਾਕੀਆਂ ਕੋਲ ਪ੍ਰੇਸ਼ਾਨੀਆਂ ਹਨ, ਤਣਾਅ ਹੈ, ਕਲੇਸ਼ ਹੈ, ਮੁਸ਼ਕਲਾਂ, ਮੁਸੀਬਤਾਂ ਹਨਸੁੱਚਾ ਜੀਵਨ ਜਿਊਣ ਵਾਲਿਆਂ ਪ੍ਰਤੀ ਉਨ੍ਹਾਂ ਕੋਲ ਸਿਰਫ਼ ਨਫ਼ਰਤ ਹੈਕੁਝ ਲੋਕ ਇਸ ਡਰ ਕਾਰਣ ਤੁਹਾਨੂੰ ਨਫ਼ਰਤ ਕਰਦੇ ਹਨ ਕਿ ਉਹ ਭਵਿੱਖ ਵਿੱਚ ਕਦੀ ਵੀ ਤੁਹਾਡੇ ਵਾਲਾ ਰੁਤਬਾ ਹਾਸਲ ਨਹੀਂ ਕਰ ਸਕਣਗੇਇਹ ਨਫ਼ਰਤ ਅਸਲ ਵਿੱਚ ਉਨ੍ਹਾਂ ਦੀ ਨਕਾਮੀ ਅਤੇ ਅਯੋਗਤਾ ਵਿੱਚੋਂ ਨਿਕਲਿਆ ਖ਼ਲਾਅ ਹੁੰਦਾ ਹੈਅਸਲ ਵਿੱਚ ਉਹ ਆਪਣੇ ਆਪ ਨੂੰ ਹੀ ਨਫ਼ਰਤ ਕਰ ਰਹੇ ਹੁੰਦੇ ਹਨਜਿਹੜੀਆਂ ਸੁਖ-ਸਹੂਲਤਾਂ ਅਸੀਂ ਕਮਾਈਆਂ ਹੁੰਦੀਆਂ ਹਨ, ਜਿਨ੍ਹਾਂ ਦਾ ਸੁਖ ਅਸੀਂ ਮਾਣ ਰਹੇ ਹੁੰਦੇ ਹਾਂ, ਉਹ ਸੁਖ-ਸਹੂਲਤਾਂ ਤੋਂ ਵਾਂਝੇ ਮਨੁੱਖ ਲਈ ਨਫ਼ਰਤ ਦਾ ਸਬੱਬ ਬਣ ਜਾਂਦਾ ਹੈਸਾਡੀ ਢਹਿੰਦੇ ਵਿਚਾਰਾਂ ਵਿਚਲੀ ਸੋਚ ਵੀ ਸਾਨੂੰ ਦੂਜੇ ਸਫ਼ਲ ਮਨੁੱਖ ਨੂੰ ਨਫ਼ਰਤ ਕਰਨ ਦਾ ਕਾਰਣ ਬਣਦੀ ਹੈਦੂਜਿਆਂ ਦੇ ਦੁੱਖ-ਸੁਖ ਦੇ ਭਾਈਵਾਲ ਮਨੁੱਖ ਖੁਸ਼ ਵੀ ਰਹਿੰਦੇ ਹਨ ਅਤੇ ਨਫ਼ਰਤ ਵਰਗੀ ਲਾਇਲਾਜ ਬੀਮਾਰੀ ਤੋਂ ਵੀ ਬਚੇ ਰਹਿੰਦੇ ਹਨਅਸਲ ਵਿੱਚ ਨਫ਼ਰਤ ਕਿਸੇ ਮਨੁੱਖ ਦਾ ਭਾਵਕ ਵਤੀਰਾ ਵੀ ਹੁੰਦਾ ਹੈਭਾਵਕਤਾ ਦੇ ਵਹਿਣ ਵਿੱਚ ਬੰਦਾ ਸਹੀ ਨਿਰਣਾ ਕਰਨ ਦੇ ਯੋਗ ਨਹੀਂ ਰਹਿੰਦਾਉਹ ਗੁੱਸੇ ਦਾ ਸ਼ਿਕਾਰ ਵੀ ਹੋ ਸਕਦਾ ਹੈਗੁੱਸਾ ਵੀ ਨਫ਼ਰਤ ਕਰਨ ਦਾ ਕਾਰਣ ਬਣਦਾ ਹੈਦੂਜਿਆਂ ਨੂੰ ਨੀਵਾਂ ਸਮਝਣ, ਵੇਖਣ ਦਾ ਰੁਝਾਨ ਵੀ ਨਫ਼ਰਤ ਨੂੰ ਜਨਮ ਦਿੰਦਾ ਹੈਨਫ਼ਰਤ ਮਨੁੱਖ ਅੰਦਰ ਹਿੰਸਕ ਪ੍ਰਵਿਰਤੀ ਦੇ ਜਾਗਣ ਦਾ ਕਾਰਣ ਬਣਦੀ ਹੈਦੇਸ਼ ਵੰਡ ਵੇਲੇ ਦਸ ਲੱਖ ਲੋਕਾਂ ਦਾ ਕਤਲੇਆਮ ਇਸੇ ਪ੍ਰਵਿਰਤੀ ਦੀ ਦੇਣ ਹੈਦੁਨੀਆਂ ਦੇ ਵੱਖ-ਵੱਖ ਖਿੱਤਿਆਂ ਅੰਦਰ ਹੁੰਦੀਆਂ ਬੇਰਹਿਮ ਹੱਤਿਆਵਾਂ ਦਾ ਕਾਰਣ ਵੀ ਇਹ ਨਫ਼ਰਤ ਹੀ ਹੈਨਫ਼ਰਤ ਇੱਕੋ ਸ਼ਹਿਰ, ਪਿੰਡ, ਸਥਾਨ ’ਤੇ ਸੁਖੀ ਵਸਦੇ ਲੋਕਾਂ ਅੰਦਰ ਸੁੱਤੇ ਪਏ ਹਿੰਸਕ ਜਾਨਵਰ ਨੂੰ ਹੁੱਝਾਂ ਮਾਰ ਜਗਾ ਦਿੰਦੀ ਹੈਨਫ਼ਰਤ ਸਾਡੀਆਂ ਸੋਚਾਂ ਦੇ ਵਹਿਣ ਨੂੰ ਗੰਧਲੇ, ਕੋਝੇ ਅਤੇ ਹਿੰਸਕ ਵਰਤਾਰੇ ਕੋਲ ਲੈ ਜਾਂਦੀ ਹੈਅਸੀਂ ਆਪਣੇ ਵਿਵਹਾਰ ਤੋਂ ਵਿਪਰੀਤ ਸੋਚਦੇ ਤੇ ਵਿਚਰਦੇ ਹਾਂਬਦਲਾ ਲੈਣ ਦੀ ਪ੍ਰਵਿਰਤੀ ਸਾਡੇ ਅੰਦਰ ਅੰਗੜਾਈ ਲੈਂਦੀ ਹੈਮੁਹੱਬਤੀ ਰਿਸ਼ਤੇ ਕੁੜੱਤਣ ਨਾਲ ਭਰ ਜਾਂਦੇ ਹਨ

ਅਸੀਂ ਨਫ਼ਰਤ ਕਿਉਂ ਕਰਦੇ ਹਾਂ? ਇਹ ਸਵਾਲ ਦਿਲਚਸਪ ਵੀ ਹੈ ਅਤੇ ਵਿਚਾਰਨ ਵਾਲਾ ਵੀ ਹੈਕਿਸੇ ਵਿਅਕਤੀ ਨਾਲ ਨਫ਼ਰਤ ਦਾ ਕਾਰਣ ਸਧਾਰਣ ਨਰਾਜ਼ਗੀ ਵੀ ਹੋ ਸਕਦੀ ਹੈ ਜਿਹੜੀ ਥੋੜ੍ਹ-ਚਿਰੀ ਹੋਵੇਗੀਵਕਤ ਨਾਲ ਅਪਣੱਤ ਪਰਤ ਆਵੇਗੀ ਅਤੇ ਹਾਲਾਤ ਪਹਿਲਾਂ ਵਰਗੇ ਖ਼ੁਸ਼ਗਵਾਰ ਹੋ ਜਾਣਗੇਕਿਸੇ ਸਮੂਹ ਨਾਲ ਨਫ਼ਰਤ ਦਾ ਕਾਰਣ ਜਾਤ, ਧਰਮ ਅਤੇ ਵਿਚਾਰਧਾਰਿਕ ਵਖਰੇਵਾਂ ਹੁੰਦਾ ਹੈਇਸ ਨਫ਼ਰਤ ਦੀਆਂ ਜੜ੍ਹਾਂ ਡੂੰਘੀਆਂ ਹੁੰਦੀਆਂ ਹਨਅਜਿਹੀ ਨਫ਼ਰਤ ਪੀੜ੍ਹੀਆਂ ਤਕ ਚਲਦੀ ਹੈਦੁਨੀਆਂ ਵਿੱਚ ਬਹੁਤ ਸਾਰੇ ਦੰਗੇ, ਕਤਲੇਆਮ, ਪ੍ਰਾਪਰਟੀ ਦਾ ਨੁਕਸਾਨ ਅਤੇ ਅਗਜ਼ਨੀ ਵਰਗੀਆਂ ਘਟਨਾਵਾਂ ਇਸੇ ਨਫ਼ਰਤ ਦੇ ਚੱਲਦਿਆਂ ਹੁੰਦੀਆਂ ਦੁਖਦਾਇਕ ਘਟਨਾਵਾਂ ਹਨਸੱਤਾ ਨਾਲ ਨਫ਼ਰਤ ਵੀ ਸਿਸਟਮ ਪ੍ਰਤੀ ਨਰਾਜ਼ਗੀ ਵਿੱਚੋਂ ਪੈਦਾ ਹੁੰਦੀ ਹੈਸਿਸਟਮ ਜੋ ਸਾਡੀ ਸੋਚ ਵਰਗਾ ਨਹੀਂ ਹੁੰਦਾ, ਸਾਡੀਆਂ ਆਸਾਂ ਦੇ ਅਨੁਕੂਲ ਨਹੀਂ ਹੁੰਦਾ, ਸਾਡੇ ਸੁਪਨਿਆਂ ਨੂੰ ਸਾਕਾਰ ਕਰਨ ਵਾਲਾ ਨਹੀਂ ਹੁੰਦਾ, ਜਿਸ ਸਿਸਟਮ ਵਿੱਚ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ, ਉਸ ਸਿਸਟਮ ਨੂੰ ਅਸੀਂ ਦਿਲੋਂ ਨਫ਼ਰਤ ਕਰਦੇ ਹਾਂਅਸੀਂ ਅਜਿਹੇ ਸਿਸਟਮ ਨੂੰ ਜਦ ਬਦਲ ਨਹੀਂ ਸਕਦੇ ਤਾਂ ਇਸ ਤੋਂ ਦੂਰ ਜਾਣਾ ਚਾਹੁੰਦੇ ਹਾਂਵੱਡੀ ਤਾਦਾਦ ਵਿੱਚ ਹੋ ਰਹੇ ਪਰਵਾਸ ਨੂੰ ਇਸੇ ਪ੍ਰਸੰਗ ਵਿੱਚ ਵੇਖਿਆ ਜਾ ਸਕਦਾ ਹੈਸੱਤਾ ਦੇ ਫੈਸਲਿਆਂ ਖ਼ਿਲਾਫ਼ ਹੁੰਦੇ ਸੰਘਰਸ਼ ਸਿਸਟਮ ਵਿਰੁੱਧ ਵਿਦਰੋਹ ਦਾ ਹੀ ਪ੍ਰਤੀਕ ਹੁੰਦੇ ਹਨ ਜਿਹੜੇ ਸੱਤਾ ਨਾਲ ਨਫ਼ਰਤ ਦਾ ਪ੍ਰਗਟਾਵਾ ਹੁੰਦੇ ਹਨਕਿਸਾਨੀ ਸੰਘਰਸ਼ ਦੀ ਉਦਾਹਰਣ ਸਾਡੇ ਕੋਲ ਹੈਅਜਿਹੀ ਨਫ਼ਰਤ ਹੁਣ ਵਿਸ਼ਵ ਵਿਆਪੀ ਵਰਤਾਰਾ ਬਣ ਚੁੱਕਾ ਹੈਸੱਤਾ ’ਤੇ ਕਾਬਜ਼ ਹਰ ਵਿਅਕਤੀ ਤਾ-ਉਮਰ ਆਪਣੇ ਅਹੁਦੇ ਉੱਪਰ ਬਣਿਆ ਰਹਿਣਾ ਚਾਹੁੰਦਾ ਹੈਇਸ ਲਈ ਉਹ ਜਿਹੜੇ ਹੱਥਕੰਡੇ ਵਰਤਦਾ ਹੈ, ਉਹ ਸਹਿਣਯੋਗ ਨਹੀਂ ਹੁੰਦੇਅਜਿਹੇ ਵਿੱਚ ਨਫ਼ਰਤ ਕੁਦਰਤੀ ਵਰਤਾਰਾ ਬਣ ਜਾਂਦੀ ਹੈ

ਅਸੀਂ ਨਫ਼ਰਤ ਨੂੰ ਕਿਵੇਂ ਤਿਆਗ ਸਕਦੇ ਹਾਂ? ਨਿੱਜ ਨਾਲ ਜੁੜੀ ਨਫ਼ਰਤ ਬਹੁਤ ਅਸਾਨੀ ਨਾਲ ਤਿਆਗੀ ਜਾ ਸਕਦੀ ਹੈਅਸੀਂ ਆਪਣੀਆਂ ਲਾਲਸਾਵਾਂ, ਕਾਮਨਾਵਾਂ ਉੱਪਰ ਕਾਬੂ ਪਾ ਕੇ, ਆਪਣਾ ਜੀਵਨ ਵਿਹਾਰ ਬਦਲ ਕੇ, ਰਹਿਣ-ਸਹਿਣ ਵਿੱਚ ਸਾਦਗੀ ਲਿਆ ਕੇ, ਸੋਚਾਂ ਵਿੱਚ ਚੜ੍ਹਦੀ ਕਲਾ ਵਰਗਾ ਜਜ਼ਬਾ ਲਿਆ ਕੇ ਅਸੀਂ ਨਫ਼ਰਤ ਵਰਗੀ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹਾਂਪਰ ਸਮੂਹ ਪ੍ਰਤੀ ਨਫ਼ਰਤ ਉੱਪਰ ਕਾਬੂ ਪਾਉਣ ਲਈ ਸਮੂਹਕ ਯਤਨਾਂ ਦੀ ਲੋੜ ਪਵੇਗੀਸਮੂਹਕ ਯਤਨਾਂ ਲਈ ਜਿਸ ਏਕੇ ਦੀ ਲੋੜ ਹੈ, ਜਿਨ੍ਹਾਂ ਮੱਤਭੇਦਾਂ ਨੂੰ ਭੁੱਲਣ ਦੀ ਲੋੜ ਹੈ, ਵਿਰੋਧ ਨੂੰ ਸਾਂਝੀ ਲੜਾਈ ਸਮਝਣ ਦੀ ਲੋੜ ਹੈ, ਉਸ ਦੀ ਪ੍ਰਾਪਤੀ ਲਈ ਵੀ ਸੰਘਰਸ਼ ਕਰਨਾ ਪੈਣਾ ਹੈਕਿਸਾਨੀ ਸੰਘਰਸ਼ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸੰਜਮ, ਸਬਰ ਤੇ ਸਿਦਕ ਨਾਲ ਲੜੀ ਲੜਾਈ ਦੀ ਜਿੱਤ ਹੁੰਦੀ ਹੈਹਠੀ ਸਰਕਾਰਾਂ ਦੀਆਂ ਗਲਤ ਨੀਤੀਆਂ ਨੂੰ ਬਦਲਣ ਲਈ ਮਜਬੂਰ ਕੀਤਾ ਜਾ ਸਕਦਾ ਹੈਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਗਲਤ ਬੰਦੇ, ਗਲਤ ਨੀਤੀਆਂ, ਗਲਤ ਵਿਚਾਰਧਾਰਾਵਾਂ ਸਾਡੇ ਸਭ ਲਈ ਘਾਤਕ ਹਨਇਨ੍ਹਾਂ ਵਿਰੁੱਧ ਨਫ਼ਰਤ ਅਤੇ ਸਾਂਝਾ ਵਿਰੋਧ ਜਿੱਤ ਦੇ ਨਾਲ ਨਾਲ ਸਾਂਝੀਵਾਲਤਾ ਨੂੰ ਵੀ ਮਜ਼ਬੂਤ ਕਰਦਾ ਹੈਅਜਿਹੀ ਨਫ਼ਰਤ ਦੀ ਅੱਜ ਲੋੜ ਹੈਇਹ ਨਫ਼ਰਤ ਗਲਤ ਵਿਰੁੱਧ ਹੈਜਿੱਥੇ ਰਾਜਨੀਤੀ ਦੁਆਰਾ ਧਰਮ ਅਤੇ ਜਾਤ ਅਧਾਰਤ ਫੈਲਾਈ ਨਫ਼ਰਤ ਦੇ ਨਤੀਜੇ ਭਿਆਨਕ ਹੁੰਦੇ ਹਨ, ਉੱਥੇ ਸੱਤਾ ਵਿਰੁੱਧ ਅਜਿਹੀ ਨਫ਼ਰਤ ਸਾਝਾਂ ਸੁਰਜੀਤ ਕਰਨ ਅਤੇ ਹੱਕੀ ਮੰਗਾਂ ਮਨਵਾਉਣ ਦਾ ਸੁਹਜਮਈ ਕਾਰਜ ਕਰਦੀ ਹੈਅਸੀਂ ਕਹਿ ਸਕਦੇ ਹਾਂ ਕਿ ਸਵੱਸ਼ ਪ੍ਰਸ਼ਾਸਨ, ਸੁਹਿਰਦ ਨੇਤਾ, ਯੋਗ ਨੀਤੀਆਂ ਸਮੇਂ ਦੀ ਲੋੜ ਹਨਹਰ ਇੱਕ ਨੂੰ ਆਪਣੇ ਪੱਧਰ ’ਤੇ ਆਪਣੇ ਦਾਇਰੇ ਵਿੱਚ ਇੱਕ ਬਦਲਾਅ ਲਈ ਯਤਨ ਆਰੰਭਣੇ ਪੈਣਗੇਘਰ ਤੋਂ ਸ਼ੁਰੂ ਕਰਕੇ ਹੀ ਸਰਬੱਤ ਦਾ ਭਲਾ ਕਰਨ ਵਰਗੀ ਸੋਚ ਵਿਕਸਤ ਕਰ ਸਕਦੇ ਹਾਂਇਹ ਸ਼ੁਭ ਕਾਰਜ ਦਾ ਆਰੰਭ ਅੱਜ ਹੀ ਕਰੀਏ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3347)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਮਲਵਿੰਦਰ

ਮਲਵਿੰਦਰ

Phone: (91 - 97795 - 91344)
Email: (malwindersingh1958@yahoo.com)