“ਚੰਨ ਜੀ ਦੇ ਗੁੱਸੇ ਸਾਹਮਣੇ ਪ੍ਰਧਾਨ ਜੀ ਵੀ ਬੇਵੱਸ ਨਜ਼ਰ ਆਏ। ਪ੍ਰੈੱਸ-ਸਕੱਤਰ ਨੂੰ ਬੇਨਤੀ ਕੀਤੀ ਗਈ ਕਿ ...”
(6 ਨਵੰਬਰ 2021)
ਮਨੁੱਖ ਆਪਣੀ ਹੋਂਦ ਦੀ ਲੜਾਈ ਲੜਦਿਆਂ ਦਰਅਸਲ ਸਰੀਰਕ ਅਤੇ ਮਾਨਸਿਕ ਸਚਾਈਆਂ ਨਾਲ ਲੜਨ ਦੀ ਸਮਰੱਥਾ ਦਾ ਪ੍ਰਗਟਾਵਾ ਹੀ ਕਰ ਰਿਹਾ ਹੁੰਦਾ ਹੈ। ਮਨੁੱਖੀ ਜੀਵਨ ਦੀਆਂ ਜਟਿਲ ਅਤੇ ਸਧਾਰਣ ਸਮੱਸਿਆਵਾਂ ਨੂੰ ਹੱਲ ਕਰਨਾ ਅਤੇ ਚੰਗੇ ਫੈਸਲੇ ਲੈਣ ਦੀ ਯੋਗਤਾ ਮਨੁੱਖੀ ਹੋਂਦ ਨਾਲ ਜੁੜੇ ਵੱਡੇ ਸਵਾਲ ਹਨ। ਸਹਿਜ ਰਹਿਣਾ, ਕਿਰਤ ਕਰਨਾ ਅਤੇ ਅਣਹੋਇਆਂ ਅੰਦਰ ਹੋਣ ਦਾ ਵਿਸ਼ਵਾਸ ਪੈਦਾ ਕਰਨਾ ਸਮਾਜਿਕ ਜੀਵਨ ਦੀ ਖੜੋਤ ਅੰਦਰ ਗਤੀ ਪੈਦਾ ਕਰਨ ਦਾ ਸਬੱਬ ਬਣਦੇ ਹਨ। ਗਵਾਚੀ ਪਹਿਚਾਣ ਜੀਵਨ ਅੰਦਰ ਖੜੋਤ ਪੈਦਾ ਕਰਦੀ ਹੈ। ਭੀੜ ਵਿੱਚੋਂ ਅਚਾਨਕ ਕੋਈ ਤੁਹਾਨੂੰ ਜਾਨਣ ਵਾਲਾ ਮਿਲ ਜਾਵੇ ਤਾਂ ਤੁਹਾਡੇ ਜਿਵੇਂ ਭਾਗ ਖੁੱਲ੍ਹ ਜਾਂਦੇ ਹਨ। ਕੁਲਵੰਤ ਸਿੰਘ ਵਿਰਕ ਦੀ ਕਹਾਣੀ ਹੈ ‘ਮੈਨੂੰ ਜਾਣਨੈ’। ਇਸ ਕਹਾਣੀ ਵਿਚਲਾ ਪਾਤਰ ਜੀਵਨ ਨਾਲੋਂ ਜਿਵੇਂ ਟੁੱਟ ਚੁੱਕਾ ਹੁੰਦਾ ਹੈ। ਨਿਰਾਸ਼, ਚੁੱਪ ਦੀ ਬੁੱਕਲ ਮਾਰੀ ਫਿਰਦੇ ਇਸ ਪਾਤਰ ਨੂੰ ਕੋਈ ਉਸ ਨੂੰ ਜਾਨਣ ਵਾਲਾ ਮਿਲ ਜਾਂਦਾ ਹੈ। ਉਸ ਦੀਆਂ ਅੱਖਾਂ ਵਿੱਚ ਚਮਕ ਆ ਜਾਂਦੀ ਹੈ। ਉਹ ਉਤਸ਼ਾਹ ਨਾਲ ਭਰਿਆ ਪੁੱਛਦਾ ਹੈ, ‘ਮੈਨੂੰ ਜਾਣਨੈ?’ ਭਰੀ ਭਕੁੰਨੀ ਦੁਨੀਆਂ ਵਿੱਚ ਕੋਈ ਉਸ ਨੂੰ ਜਾਨਣ ਵਾਲਾ ਮਿਲ ਜਾਂਦਾ ਹੈ। ਉਸ ਦੀ ਹੋਂਦ ਨੂੰ ਇੱਕ ਪਹਿਚਾਣ ਮਿਲ ਜਾਂਦੀ ਹੈ। ਵੱਡੀਆਂ ਗੱਲਾਂ ਹਨ ਇਹ। ਕਈ ਵਾਰ ਨਿੱਕੀਆਂ ਨਿੱਕੀਆਂ ਗੱਲਾਂ ਮਨੁੱਖ ਅੰਦਰ ਅਣਗੌਲੇ ਰਹਿ ਜਾਣ ਦਾ ਡਰ ਜਾਂ ਫ਼ਿਕਰ ਪੈਦਾ ਕਰਦੀਆਂ ਹਨ। ਇੱਕ ਬਿਰਤਾਂਤ ਸਾਂਝਾ ਕਰਦੇ ਹਾਂ:
ਅਸੀਂ ਅੰਮ੍ਰਿਤਸਰ ਤੋਂ ਲੁਧਿਆਣੇ ਜਾ ਰਹੇ ਸਾਂ। ਕੇਂਦਰੀ ਲੇਖਕ ਸਭਾ ਦਾ ਇਜਲਾਸ ਸੀ। ਕੁਝ ਸ਼ਾਇਰ ਸਾਂ, ਇੱਕ ਕਹਾਣੀਕਾਰ ਤੇ ਇੱਕ ਪੱਤਰਕਾਰ। ਸ਼ਾਇਰ ਤਾਂ ਆਪਣੀਆਂ ਗੱਪਾਂ ਵਿੱਚ ਰੁੱਝ ਗਏ। ਗੱਲਾਂ ਅਤੇ ਚੁਟਕਲਿਆਂ ਦੇ ਰੰਗ ਬਦਲਦੇ ਰਹੇ। ਹਾਸਿਆਂ ਦੀ ਟੁਣਕਾਰ ਵੀ। ਫ਼ੁਰਸਤ ਦੇ ਇਨ੍ਹਾਂ ਪਲਾਂ ਵਿੱਚ ਸਭ ਮਸਤ ਸਨ। ਸਫ਼ਰ ਵਾਹਵਾ ਸੁਖਾਵਾਂ ਕੱਟ ਰਿਹਾ ਸੀ। ਪਰ ਪੱਤਰਕਾਰ ਨੂੰ ਤਾਂ ਹਰ ਵੇਲੇ ਆਪਣੇ ਕਰਮਾਂ ਦਾ ਹਿਸਾਬ ਦੇਣਾ ਪੈਂਦਾ ਹੈ। ਢਾਣੀ ਵਿੱਚ ਸ਼ਾਮਲ ਇਕਲੌਤੇ ਪੱਤਰਕਾਰ ਦੋਸਤ ਨੂੰ ਕਿਸੇ ਮਿੱਤਰ ਦਾ ਜਾਂ ਕਹਿ ਲਵੋ ਕਿਸੇ ਜਣੇ ਦਾ ਫ਼ੋਨ ਆ ਗਿਆ। ਉਸ ਵਿਅਕਤੀ ਨੇ ਪਿਛਲੇ ਦਿਨੀਂ ਹੋਏ ਕਿਸੇ ਸਮਾਗਮ ਦੀ ਰਿਪੋਰਟ ਅਖ਼ਬਾਰ ਵਿੱਚ ਪੜ੍ਹੀ ਸੀ। ਰਿਪੋਰਟ ਵਿੱਚ ਹਾਜ਼ਰ ਤਿੰਨ ਦਰਜਨ ਸਰੋਤਿਆਂ ਵਿੱਚ ਉਸ ਨੂੰ ਆਪਣਾ ਨਾਂ ਨਹੀਂ ਸੀ ਲੱਭਾ। ਉਸ ਛਪੀ ਰਿਪੋਰਟ ਦੀ ਪੱਤਰਕਾਰ ਨੂੰ ਵਧਾਈ ਦਿੰਦਿਆਂ ਉਲਾਮ੍ਹਾ ਦਿੱਤਾ ਕਿ ਦਾਸ ਵੀ ਉਸ ਸਮਾਗਮ ਵਿੱਚ ਹਾਜ਼ਰ ਸੀ ਪਰ ਅਖ਼ਬਾਰ ਵਿੱਚ ਉਸਦਾ ਨਾਂ ਨਹੀਂ ਹੈ। ਪੱਤਰਕਾਰ ਦੋਸਤ ਨੇ ਸੌਰੀ ਕਹਿੰਦਿਆਂ ‘ਕਿਤੇ ਰਹਿ ਗਿਆ ਹੋਣਾ’ ਕਹਿ ਕਿ ਜਾਨ ਛੁਡਵਾਉਣੀ ਚਾਹੀ। ਅਖ਼ਬਾਰ ਪੱਤਰਕਾਰ ਦੇ ਕੋਲ ਹੀ ਸੀ। ਉਸ ਦੁਬਾਰਾ ਨਜ਼ਰ ਮਾਰੀ ਤਾਂ ਨਾਂਵਾਂ ਦੀ ਭੀੜ ਵਿੱਚ ਦਾਸ ਦਾ ਨਾਂ ਵੀ ਦਿਸ ਪਿਆ। ਉਸ ਬੈਕ-ਕਾਲ ਕਰਕੇ ਨਰਾਜ਼ ਜਣੇ ਨੂੰ ਇਸ ਬਾਬਤ ਦੱਸਿਆ। ਸਾਡੀ ਵਿਹਲ ਲਈ ਇਹ ਇੱਕ ਨਵਾਂ ਆਹਰ ਸੀ। ਸਮੱਸਿਆ ਖੜ੍ਹੀ ਹੋਈ ਤੇ ਝਟਪਟ ਹੱਲ ਵੀ ਹੋ ਗਈ।
ਗੱਲ ਤਾਂ ਮਨੁੱਖੀ ਹੋਂਦ ਦੀ ਹੈ। ਮਨੁੱਖ ਨਿੱਕੇ-ਨਿੱਕੇ ਵਰਤਾਰਿਆਂ ਵਿੱਚੋਂ ਆਪਣੀ ਹੋਂਦ ਦੀ ਤਲਾਸ਼ ਕਰਦਾ ਰਹਿੰਦਾ ਹੈ। ਸੰਸਥਾਵਾਂ ਦੀਆਂ ਅਹੁਦੇਦਾਰੀਆਂ ਹਥਿਆਉਣ ਦਾ, ਵੱਖਰੀਆਂ ਸੰਸਥਾਵਾਂ ਜਾਂ ਪਾਰਟੀਆਂ ਬਣਾਉਣ ਦਾ, ਸੋਸ਼ਲ ਮੀਡੀਆ ’ਤੇ ਚੱਤੋਪਹਿਰ ਸਰਗਰਮ ਰਹਿਣ ਦਾ, ਆਪਣੇ ਦੁਆਲੇ ਇੱਕ ਵਿਸ਼ਾਲ ਨੈੱਟਵਰਕ ਖੜ੍ਹਾ ਕਰਨ ਦਾ, ਹਰ ਪੋਸਟ ਦਾ ਤੁਰੰਤ ਜਵਾਬ ਪਰਤਾਉਣ ਦਾ ਅਤੇ ਹੁੰਗਾਰਾ ਨਾ ਭਰਨ ਵਾਲੇ ਦੋਸਤਾਂ ਨਾਲ ਗਿਲਾ ਕਰਨ ਦਾ ਮਕਸਦ ਵੀ ਆਪਣੀ ਹੋਂਦ ਨੂੰ ਬਣਾਈ ਰੱਖਣ ਦਾ ਉਪਰਾਲਾ ਮਾਤਰ ਹੀ ਹੈ। ਵਿਦੇਸ਼ਾਂ ਵਿੱਚ ਵਸੇ ਲੋਕਾਂ ਲਈ ਆਪਣੀ ਪਛਾਣ ਦੀ ਸਮੱਸਿਆ ਵਧੇਰੇ ਜਟਿਲ ਰੂਪ ਵਿੱਚ ਸਾਹਮਣੇ ਆਉਂਦੀ ਹੈ। ਆਪਣੇ ਆਲੇ-ਦੁਆਲੇ ਦੇ ਅਣਜਾਣੇ ਸੰਸਾਰ ਦੀ ਭੀੜ ਵਿੱਚ ’ਕੱਲੇ ਰਹਿ ਗਏ ਬਹੁਤ ਸਾਰੇ ਲੋਕ ਉੱਥੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਧਾਰਮਿਕ ਸੰਸਥਾਵਾਂ, ਸਭਿਆਚਾਰਕ ਅਤੇ ਸਾਹਿਤਕ ਸਰਗਰਮੀਆਂ ਉਨ੍ਹਾਂ ਲਈ ਧਰਵਾਸ ਬਣਦੇ ਹਨ। ਮੈਂ ਕੈਨੇਡਾ ਦੀਆਂ ਸਾਹਿਤ ਸਭਾਵਾਂ ਵਿੱਚ ਅਜਿਹੇ ਲੋਕ ਵੀ ਕਵੀ ਬਣੇ ਵੇਖੇ ਹਨ ਜਿਨ੍ਹਾਂ ਦਾ ਇੱਥੇ ਪੰਜਾਬ ਰਹਿੰਦਿਆਂ ਕਵਿਤਾ ਨਾਲ ਕੋਈ ਦੂਰ ਦਾ ਰਿਸ਼ਤਾ ਵੀ ਨਹੀਂ ਸੀ। ਕਿਸੇ ਚੱਲ ਰਹੇ ਸਮਾਗਮ ਵਿੱਚ ਦਰਸ਼ਕਾਂ ਵਿੱਚ ਬੈਠੇ ਕਿਸੇ ਸਰੋਤੇ ਦਾ ਨਾਂ ਬੋਲਿਆ ਜਾਵੇ ਤਾਂ ਉਹ ਆਪਣੇ ਆਪ ਨੂੰ ਹੋਰਨਾਂ ਤੋਂ ਵੱਖਰਾ ਮਹਿਸੂਸ ਕਰਦਾ ਸਵੈ-ਵਿਸ਼ਵਾਸ ਨਾਲ ਭਰ ਜਾਂਦਾ ਹੈ। ਜੇ ਬੋਝੇ ਵਿੱਚ ਕਵਿਤਾ ਹੋਵੇ ਤਾਂ ਤੁਹਾਡਾ ਜ਼ਿਕਰ ਸਰੋਤਿਆਂ ਵਿੱਚੋਂ ਉੱਠ ਕਵੀਆਂ ਕੋਲ ਜਾ ਬਹਿੰਦਾ ਹੈ। ਭੀੜ ਦਾ ਹਿੱਸਾ ਬਣੇ ਮਨੁੱਖ ਨੂੰ ਭੀੜ ਵਿੱਚ ਗੁਆਚ ਜਾਣ ਦਾ ਡਰ ਹੀ ਸਤਾਉਂਦਾ ਰਹਿੰਦਾ ਹੈ। ਕਵੀ ਬਹੁਤੀ ਵਾਰ ਇਸ ਡਰ ਤੋਂ ਮੁਕਤ ਹੁੰਦਾ ਹੈ। ਜਦ ਮਨੁੱਖ ਨੂੰ ਜਾਨਣ ਪਛਾਨਣ ਵਾਲਾ ਕੋਈ ਨਾ ਹੋਵੇ, ਉਸ ਦਾ ਨਾਂ ਲੈ ਕੇ ਬੁਲਾਉਣ ਵਾਲਾ ਕੋਈ ਨਾ ਹੋਵੇ ਤਾਂ ਉਹ ਇਕੱਲਤਾ ਦੇ ਅਣਗੌਲੇ ਰੋਗ ਨਾਲ ਪੀੜਤ ਹੋ ਜਾਂਦਾ ਹੈ। ਤਾਂ ਹੀ ਕਹਿੰਦੇ ਹਨ ਕਿ ਬੰਦੇ ਦਾ ਬਚਪਨ ਉਸਦੀ ਮਾਂ ਦੇ ਜਿਊਂਦੇ ਰਹਿਣ ਤਕ ਰਹਿੰਦਾ ਹੈ।
ਕਿਸੇ ਵੀ ਲੇਖਕ, ਸ਼ਾਇਰ ਦਾ ਪਹਿਲੀ ਵਾਰ ਕਿਸੇ ਅਖ਼ਬਾਰ, ਰਸਾਲੇ ਵਿੱਚ ਛਪਣ ਦਾ ਅਨੁਭਵ ਲਗਭਗ ਇੱਕੋ ਜਿਹਾ ਹੁੰਦਾ ਹੈ। ਪਹਿਲੀ ਵਾਰ ਉਸ ਨੂੰ ਆਪਣੀ ਹੋਂਦ ਦਾ ਅਹਿਸਾਸ ਹੁੰਦਾ ਹੈ। ਉਹ ਆਪਣੇ ਬਹੁਤ ਸਾਰੇ ਹੀਣ ਭਾਵਾਂ ਤੋਂ ਮੁਕਤ ਹੋ ਜਾਂਦਾ ਹੈ। ਉਹ ਭੀੜ ਵਿੱਚ ਤੁਰਿਆ ਫਿਰਦਾ ਬਾਕੀਆਂ ਨਾਲੋਂ ਵੱਖਰਾ ਹੋਣ ਦੇ ਅਹਿਸਾਸ ਨਾਲ ਭਰਿਆ ਰਹਿੰਦਾ ਹੈ। ਵੱਖਰਾ ਹੋਣ ਲਈ ਹੀ ਕੁਝ ਲੋਕ ਪਹਿਰਾਵੇ ਦਾ ਆਸਰਾ ਲੈਂਦੇ ਹਨ। ਕੁਝ ਅਜੀਬੋ-ਗਰੀਬ ਵਾਲਾਂ ਦਾ ਸਟਾਈਲ ਬਣਾਉਂਦੇ ਹਨ। ਸਰੀਰ ਦੇ ਵੱਖ-ਵੱਖ ਅੰਗਾਂ ਉੱਪਰ ਟੈਟੂ ਬਣਵਾਉਣੇ, ਨਹੁੰ ਵਧਾਉਣੇ, ਅਜੀਬ ਹਰਕਤਾਂ ਕਰਨੀਆਂ ਅਤੇ ਲੋੜੋਂ ਵੱਧ ਬੋਲਣਾ ਜਾਂ ਚੁੱਪ ਰਹਿਣਾ ਵੀ ਵੱਖਰਾ ਦਿਸਣ ਦਾ ਚਾਰਾ ਹੀ ਹੁੰਦਾ ਹੈ। ਵੱਖ-ਵੱਖ ਖਿੱਤਿਆਂ ਅੰਦਰ ਚੱਲੀਆਂ ਲਹਿਰਾਂ ਦੌਰਾਨ ਕਈ ਲੋਕ, ਖਾਸ ਕਰਕੇ ਨੌਜਵਾਨ ਪੀੜ੍ਹੀ, ਆਪੇ ਸਿਰਜੇ ਗਰੁੱਪ ਦੇ ਕਮਾਂਡਰ, ਗੈਂਗਸਟਰ ਬਣ ਬਹਿੰਦੇ ਹਨ। ਅਜਿਹੇ ਲੋਕਾਂ ਜਾਂ ਅਹੁਦਿਆਂ ਦੀ ਉਮਰ ਬੇਸ਼ਕ ਥੋੜ੍ਹੀ ਹੁੰਦੀ ਹੈ, ਪਰ ਲੋਕਾਂ ਵਿੱਚ ਫੈਲ ਰਿਹਾ ਉਸਦਾ ਡਰ, ਖ਼ੌਫ਼ ਅਤੇ ਹੋ ਰਹੀ ਬੱਲੇ-ਬੱਲੇ ਉਸ ਅੰਦਰ ਅੰਗੜਾਈ ਲੈ ਰਿਹਾ ਵੱਖਰੀ ਹੋਂਦ ਦਾ ਭਰਮ ਉਸ ਨੂੰ ਟਿਕ ਕੇ ਨਹੀਂ ਬਹਿਣ ਦਿੰਦਾ। ਪਰ ਜਦ ਕਿੱਧਰੇ ਵੀ ਉਸਦੀ ਹੋਂਦ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ, ਉਸਦੇ ਸਵੈਮਾਣ ਨੂੰ ਡੂੰਘੀ ਸੱਟ ਵੱਜਦੀ ਹੈ। ਉਹ ਪੀੜ ਪੀੜ ਹੋ ਜਾਂਦਾ ਹੈ।
ਅਜਿਹਾ ਹੀ ਵਾਪਰਿਆ ਚੰਨ ਜੀ ਨਾਲ। ਇਸੇ ਲਈ ਚੰਨ ਜੀ ਦਾ ਸ਼ਿਕਵਾ ਜਾਇਜ਼ ਵੀ ਸੀ ਤੇ ਉਬਾਲੇ ਵੀ ਮਾਰ ਰਿਹਾ ਸੀ। ਚੰਨ ਜੀ ਸਾਡੇ ਸ਼ਾਇਰ ਦੋਸਤ ਹਨ। ਸਾਡੀ ਸੰਸਥਾ ਦੇ ਸਤਿਕਾਰਤ ਅਹੁਦੇਦਾਰ। ਸੰਸਥਾ ਦੇ ਹੀ ਕਿਸੇ ਦੋਸਤ ਦੀ ਨਵੀਂ ਕਾਵਿ-ਪੋਥੀ ਉੱਪਰ ਵਿਚਾਰ ਚਰਚਾ ਸੀ। ਕੁਝ ਵਿਦਵਾਨ ਦੋਸਤਾਂ ਨੇ ਪਰਚੇ ਪੜ੍ਹੇ। ਹਾਜ਼ਰ ਸ਼ਾਇਰਾਂ ਨੇ ਵੀ ਗੱਲ ਕੀਤੀ। ਚੰਨ ਜੀ ਵੀ ਬੋਲੇ ਤੇ ਆਪਣੀ ਰਚਨਾ ਵੀ ਸਾਂਝੀ ਕੀਤੀ। ਤੀਜੇ ਦਿਨ ਜਦ ਅਖ਼ਬਾਰ ਵਿੱਚ ਤਸਵੀਰ ਸਮੇਤ ਖ਼ਬਰ ਛਪੀ ਤਾਂ ਚੰਨ ਜੀ ਤਸਵੀਰ ਵਿੱਚ ਵੀ ਦਿਖਾਈ ਦੇ ਰਹੇ ਸਨ। ਪਰ ਇਹ ਕੀ ਭਾਣਾ ਵਾਪਰ ਗਿਆ? ਚੰਨ ਜੀ ਦਾ ਨਾਂ ਗਾਇਬ ਸੀ। ਗੁੱਸਾ ਤਾਂ ਆਉਣਾ ਹੀ ਸੀ ਨਾ! ਉਨ੍ਹਾਂ ਸੰਸਥਾ ਨੂੰ ਛੱਡਣ ਦੀ ਸਿਰਫ਼ ਧਮਕੀ ਹੀ ਨਾ ਦਿੱਤੀ ਸਗੋਂ ਸੰਸਥਾ ਵੱਲੋਂ ਬਣਾਏ ਗਰੁੱਪ ਨੂੰ ਵੀ ਬਾਏ ਬਾਏ ਕਹਿ ਦਿੱਤਾ। ਗੱਲ ਪ੍ਰਧਾਨ ਜੀ ਤਕ ਪਹੁੰਚ ਗਈ। ਉਨ੍ਹਾਂ ਕਿਹਾ ਕਿ ਮੈਂ ਗੱਲ ਕਰਦਾ ਹਾਂ। ਚੰਨ ਜੀ ਦੇ ਗੁੱਸੇ ਸਾਹਮਣੇ ਪ੍ਰਧਾਨ ਜੀ ਵੀ ਬੇਵੱਸ ਨਜ਼ਰ ਆਏ। ਪ੍ਰੈੱਸ-ਸਕੱਤਰ ਨੂੰ ਬੇਨਤੀ ਕੀਤੀ ਗਈ ਕਿ ਪ੍ਰੈੱਸ-ਨੋਟ ਵਿੱਚ ਚੰਨ ਜੀ ਦਾ ਨਾਂ ਬੋਲਡ ਅੱਖਰਾਂ ਵਿੱਚ ਸ਼ਾਮਲ ਕਰਕੇ ਰਹਿੰਦੀਆਂ ਅਖ਼ਬਾਰਾਂ ਨੂੰ ਖ਼ਬਰ ਭੇਜੀ ਜਾਵੇ। ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਉਨ੍ਹਾਂ ਅਖ਼ਬਾਰਾਂ ਦੇ ਜਿਨ੍ਹਾਂ ਚੰਨ ਜੀ ਦੇ ਨਾਂ ਵਾਲੀ ਖ਼ਬਰ ਛਾਪੀ। ਚੰਨ ਜੀ ਹੁਣ ਸਹਿਜ ਸਨ। ਉਨ੍ਹਾਂ ਦੀ ਹੋਂਦ ਨੂੰ ਪਹਿਚਾਣ ਮਿਲ ਗਈ ਸੀ।
ਦੋਸਤੋ! ਸਮਾਜ ਵਿੱਚ ਵਿਚਰਦਿਆਂ ਦੂਜਿਆਂ ਦੀ ਹੋਂਦ ਦੀ ਅਣਦੇਖੀ ਨਾ ਕਰੋ। ਅਣਦੇਖੀ ਦਾ ਸ਼ਿਕਾਰ ਬਚਪਨ, ਲੋੜਾਂ ਥੁੜਾਂ ਤੋਂ ਮਹਿਰੂਮ ਬਚਪਨ ਆਪਣੇ ਅੰਦਰ ਤਲਖੀਆਂ ਦਾ ਇੱਕ ਸੰਸਾਰ ਸਾਂਭੀ ਰੱਖਦਾ ਹੈ। ਜ਼ਿੰਦਗੀ ਦੇ ਕਿਸੇ ਮੋੜ ’ਤੇ ਵੀ ਕੋਈ ਇੱਕ ਸਬੱਬ ਉਸ ਅੰਦਰ ਸੁੱਤੀ ਕੋਈ ਸੂਖ਼ਮ ਕਲਾ ਜਗਾ ਦਿੰਦਾ ਹੈ। ਇਹ ਕਲਾ ਹੀ ਉਸ ਦੀ ਅਣਗੌਲੀ ਹੋਂਦ ਨੂੰ ਇੱਕ ਪਹਿਚਾਣ ਦਿੰਦੀ ਹੈ। ਇਹ ਨਵੀਂ ਪਹਿਚਾਣ ਹੀ ਉਸ ਨੂੰ ਹੀਣ ਭਾਵਨਾ ਤੋਂ ਮੁਕਤ ਕਰਦੀ ਹੈ। ਉਹ ਇੱਕ ਨਵੇਂ ਵਿਸ਼ਵਾਸ ਨਾਲ ਭਰ ਜਾਂਦਾ ਹੈ। ਰਿਸ਼ਤਿਆਂ ਨੂੰ ਅਹੁਦਿਆਂ, ਰੁਤਬਿਆਂ ਅਤੇ ਮਾਇਕ ਸਮਰੱਥਾ ਦੇ ਤਰਾਜ਼ੂ ਵਿੱਚ ਨਾ ਤੋਲੋ। ਹਰ ਇੱਕ ਨੂੰ ਇੰਝ ਮਿਲੋ ਜਿਵੇਂ ਮਿਲ ਕੇ ਅਪਾਰ ਖੁਸ਼ੀ ਹੋਈ ਹੋਵੇ। ਜੀਵਨ ਵਿੱਚ ਤਣਾਅ ਬਹੁਤ ਹਨ। ਇਨ੍ਹਾਂ ਤੋਂ ਮੁਕਤ ਹੋਣ ਲਈ ਨਿੱਕੇ-ਨਿੱਕੇ ਯਤਨ ਵੱਡੇ ਅਰਥ ਸਿਰਜਦੇ ਹਨ। ਕਿਸੇ ਦੀ ਨਿਗੂਣੀ ਹੋਂਦ ਨੂੰ ਵਡਿਆ ਦੇਣ ਨਾਲ ਸਾਡਾ ਆਪਣਾ ਕੱਦ ਵੀ ਵਧਦਾ ਹੈ। ਸਾਡਾ ਵਿਵਹਾਰ ਨਿਰਾਸ਼ ਰੂਹਾਂ ਅੰਦਰ ਖੇੜਾ ਪੈਦਾ ਕਰ ਸਕਦਾ ਹੈ। ਆਪਣੀ ਇਸ ਸਮਰੱਥਾ ਦਾ ਢੁਕਵਾਂ ਉਪਯੋਗ ਕਰਦਿਆਂ ਉਦਾਸ ਛਿਣਾਂ ਨੂੰ ਰੁਖ਼ਸਤ ਕਰਨਾ ਹੀ ਸਾਡਾ ਮਕਸਦ ਅਤੇ ਲਾਲਚ ਹੋਣਾ ਚਾਹੀਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3128)
(ਸਰੋਕਾਰ ਨਾਲ ਸੰਪਰਕ ਲਈ: