MandipKhurmi7ਭਾਰਤ ਵਿੱਚ ਕਿਰਤ ਕਰਨ ਵਾਲੇ ਹੱਥਾਂ ਦੀ ਥੋੜ ਨਹੀਂ, ਜੇ ਥੋੜ ਹੈ ਤਾਂ ਉਹਨਾਂ ਹੱਥਾਂ ਤੋਂ ...
(ਮਈ 5, 2016)

 

ਸਮੁੱਚਾ ਭਾਰਤ ਅੱਜ ਵਿਸ਼ਵ ਭਰ ਵਿੱਚ ਵੱਸਦੇ ਭਾਰਤੀਆਂ ਲਈ ਇਸ ਸੋਚ ਦਾ ਕੇਂਦਰ ਬਣਿਆ ਹੋਇਆ ਹੈ ਕਿ ਅਜਿਹਾ ਕੀ ਕਾਰਨ ਹੈ ਕਿ ਭਾਰਤ ਵਿੱਚ ਇੱਕ ਵੱਖਰੀ ਹੀ ਕਿਸਮ ਦਾ ਮਾਹੌਲ ਬਣਿਆ ਹੋਇਆ ਹੈ? ਅਜਿਹੀ ਕੀ ਵਜ੍ਹਾ ਹੈ ਕਿ ਸਿਹਤ, ਵਿੱਦਿਆ ਅਤੇ ਰੁਜ਼ਗਾਰ ਵਰਗੀਆਂ ਬੁਨਿਆਦਾਂ ਲੋੜਾਂ ਦੀ ਪੂਰਤੀ ਦੇ ਮੁੱਦੇ ’ਤੇ ਬਹਿਸ ਕਰਨ/ਕਰਵਾਉਣ ਦੀ ਬਜਾਏ ਪਹਿਲਾਂ ਅਜਿਹੇ ਮੁੱਦਿਆਂ ’ਤੇ ਨਾਸਾਂ ਰਾਹੀਂ ਭਾਫ ਕੱਢੀ ਜਾ ਰਹੀ ਹੈ, ਜਿਹਨਾਂ ਤੋਂ ਪਹਿਲਾਂ ਦੇਸ਼ ਦੀ ਜਨਤਾ ਨੂੰ ਵਸਦਿਆਂ ਰਸਦਿਆਂ ਦੀ ਕਤਾਰ ਵਿਚ ਖੜ੍ਹਾ ਕਰਨਾ ਮੁੱਖ ਲੋੜ ਹੈ।

ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਉੱਠਿਆ ਦੇਸ਼ਭਗਤੀਬਨਾਮ ਦੇਸ਼ਧ੍ਰੋਹੀਦਾ ਮਸਲਾ ਅਖ਼ਬਾਰਾਂ, ਟੈਲੀਵਿਜਨ ਚੈਨਲਾਂ ਨੇ ਖ਼ੂਬ ਮਸਾਲੇ ਲਾ ਲਾ ਕੇ ਪ੍ਰੋਸਿਆ ਪਰ ਮਾਣਯੋਗ ਸੁਪਰੀਮ ਕੋਰਟ ਨੇ ਕਨ੍ਹਈਆ ਕੁਮਾਰ ਨੂੰ ਜ਼ਮਾਨਤ ਦੇ ਕੇ ਦਰਸਾ ਦਿੱਤਾ ਕਿ ਕਾਨੂੰਨ ਤੋਂ ਉੱਪਰ ਅਜੇ ਵੀ ਕੁੱਝ ਨਹੀਂ ਹੈ। ਬੇਸ਼ੱਕ ਕਾਨੂੰਨ ਦੇ ਰਖਵਾਲੇ ਹੋਣ ਦਾ ਭਰਮ ਫੈਲਾਉਣ ਵਾਲੇ ਦੋ ਤਿੰਨ ਵਕੀਲਾਂ ਵੱਲੋਂ ਕਾਨੂੰਨ ਦੀਆਂ ਖੁਦ ਹੀ ਧੱਜੀਆਂ ਉਡਾਉਣ ਦੇ ਸਟਿੰਗ ਆਪਰੇਸ਼ਨ ਇੱਕ ਚੈੱਨਲ ਵੱਲੋਂ ਪੇਸ਼ ਕੀਤਾ ਗਿਆ ਪਰ ਉਹਨਾਂ ਵਕੀਲਾਂ ਖਿਲਾਫ ਕੀ ਹੋਇਆ, ਜਿਹਨਾਂ ਨੇ ਅਦਾਲਤ ਦੇ ਵਿਹੜੇ ਵਿੱਚ ਅਦਾਲਤ ਦਾ ਅਪਮਾਨ ਕੀਤਾ? ਕੀ ਉਹ ਦੇਸ਼ਭਗਤੀ ਦਾ ਪ੍ਰਗਟਾਵਾ ਸੀ? ਬਿਲਕੁਲ ਨਹੀਂ, ਉਹ ਤਾਂ ਕਿੱਲੇ ਦੇ ਜ਼ੋਰ ’ਤੇ ਤੀਂਘੜ ਰਹੇ ਸਨ। ਸਿਆਸੀ ਆਕਾਵਾਂ ਦੀ ਛਤਰ ਛਾਇਆ ਹੋਵੇ ਤਾਂ ਧੁੱਪ, ਛਾਂ ਬਣ ਜਾਂਦੀ ਐ ਤੇ ਛਾਂ, ਧੁੱਪ। ਤਕੜੇ ਦੀ ਵਹੁਟੀ ਸਭ ਦੀ ਚਾਚੀ ਤੇ ਮਾੜੇ ਦੀ ਵਹੁਟੀ ਸਭ ਦੀ ਭਾਬੀਦੇ ਕਥਨ ਮੁਤਾਬਿਕ ਇਸ ਸਭ ਕੁੱਝ ਦਾ ਬੋਝ ਕਨ੍ਹਈਆ ਵਰਗੇ ਆਮ ਪਰਿਵਾਰ ਦੇ ਨੌਜਵਾਨ ਦੇ ਮੋਢਿਆਂ ’ਤੇ ਹੀ ਆਉਣਾ ਸੀ। ਜੇਕਰ ਕਨ੍ਹਈਆ ਨੂੰ ਦੇਸ਼ਧ੍ਰੋਹੀ ਸਾਬਤ ਕਰਨ ਦਾ ਪਹਿਲਾ ਹੱਲਾ ਕਾਮਯਾਬ ਹੋ ਜਾਂਦਾ ਤਾਂ ਪੂਰੇ ਦੇਸ਼ ਵਿੱਚ ਇਹ ਸਬਕ ਜਾਣਾ ਸੀ ਕਿ ਜੋ ਬੋਲੇਗਾ, ਉਸ ਨਾਲ ਕਨ੍ਹਈਆ ਵਾਲੀ ਹੋਵੇਗੀ।ਪਰ ਅਦਾਲਤ ਨੇ ਜ਼ਮਾਨਤ ਦੇ ਕੇ ਦਰਸਾ ਦਿੱਤਾ ਕਿ ਭਾਰਤ ਵਿੱਚ ਅਜੇ ਵੀ ਬੋਲਣ ਦੀ ਆਜ਼ਾਦੀ ਹੈ।

ਸਾਡੇ ਸਭ ਅੱਗੇ ਇਹ ਸਵਾਲ ਆਣ ਖੜ੍ਹਾ ਹੁੰਦਾ ਹੈ ਕਿ ਕੀ ਦੇਸ਼ਭਗਤੀ/ਦੇਸ਼ਧ੍ਰੋਹ ਦੀ ਪਰਿਭਾਸ਼ਾ ਸਥਾਪਿਤ ਕਰਨ ਜਾਂ ਉਸ ਨੂੰ ਧੱਕੇ ਨਾਲ ਲਾਗੂ ਕਰਨ ਤੋਂ ਪਹਿਲਾਂ ਅਸੀਂ ਦੇਸ਼ ਅਤੇ ਦੇਸ਼ ਦੇ ਲੋਕਾਂ ਨੂੰ ਪੈਰ ਪੈਰ ’ਤੇ ਝੱਲਣੀਆਂ ਪੈ ਰਹੀਆਂ ਦੁਸ਼ਵਾਰੀਆਂ ਦੂਰ ਕਰ ਦਿੱਤੀਆਂ ਹਨ? ਜੇ ਅੱਜ ਭਾਰਤ ਮਾਤਾ ਕੀ ਜੈਨਾ ਬੋਲਣ/ਬੁਲਵਾਉਣ ਨੂੰ ਹੀ ਦੇਸ਼ ਦੀ ਅਖੰਡਤਾਨੂੰ ਖ਼ਤਰਾ ਬਣਾ ਕੇ ਦਰਸਾਇਆ ਜਾ ਰਿਹਾ ਹੋਵੇ ਤਾਂ ਇਸ ਕਾਰਵਾਈ ਤੋਂ ਅਨੇਕਾਂ ਸਵਾਲ ਸਾਡੇ ਅੱਗੇ ਆਣ ਖਲੋਂਦੇ ਹਨ ਕਿ ਕੀ ਲੋਕਾਂ ਦੀ ਜੂਨ ਸੁਧਾਰਨ ਤੋਂ ਪਹਿਲਾਂ ਭਾਰਤ ਮਾਤਾ ਕੀ ਜੈਅਖਵਾਉਣਾ ਹੀ ਸਿਰਫ ਤੇ ਸਿਰਫ ਮੁੱਖ ਮੁੱਦਾ ਰਹਿ ਗਿਆ ਹੋਵੇਇਹ ਵੀ ਸੋਚਣਾ ਬਣਦਾ ਹੈ ਕਿ ਨਾ ਤਾਂ ਭੁੱਖੇ ਢਿੱਡ ਭਗਤੀ ਹੁੰਦੀ ਐ ਤੇ ਨਾ ਹੀ ਭੁੱਖੇ ਢਿੱਡ ਭੰਗੜਾ ਪੈਂਦਾ ਹੈਪੇਟ ਨਾ ਪਈਆਂ ਰੋਟੀਆਂ, ਸੱਭੇ ਗੱਲਾਂ ਖੋਟੀਆਂਕਹਾਵਤ ਅਨੁਸਾਰ ਰੋਟੀ ਰੋਟੀ ਬੋਲਿਆਂ ਭੁੱਖ ਨਹੀਂ ਮਿਟਦੀ ਤੇ ਸਿਰਫ ਜੈ ਜੈਬੋਲਿਆਂ ਜਾਂ ਬੁਲਵਾਇਆਂ ਵੀ ਜੈ ਨਹੀਂ ਹੁੰਦੀ

ਇੱਕ ਪਾਸੇ ਤਾਂ ਅਸੀਂ ਭਾਰਤ ਦੇ ਇੱਕ ਵੱਡੀ ਸ਼ਕਤੀ ਬਣਨ ਵੱਲ ਵਧਣ ਦੀਆਂ ਡੀਂਗਾਂ ਮਾਰਦੇ ਨਹੀਂ ਥੱਕਦੇ, ਦੂਸਰੇ ਪਾਸੇ ਅਸੀਂ ਭਾਰਤ ਮਾਤਾ ਦੀ ਜੈਬੁਲਵਾਉਣ ਵਾਲੇ ਮੁੱਦੇ ’ਤੇ ਹੀ ਬਰੇਕਾਂ ਮਾਰੀ ਬੈਠੇ ਹਾਂ। ਜੇ ਭਾਰਤ ਦੀ ਅਮੀਰੀ ਦਾ ਮੁਲੰਕਣ ਹੀ ਕਰਨਾ ਹੈ ਤਾਂ ਕਿਸੇ ਬੇਘਰੇ ਇਨਸਾਨ ਨੂੰ ਪੁੱਛੋ, ਜਿਸ ਲਈ ਸਾਰਾ ਖੁੱਲ੍ਹਾ ਅਸਮਾਨ ਹੀ ਘਰ ਹੈ। ਉਸ ਸਖ਼ਸ਼ ਨੂੰ ਪੁੱਛੋ, ਜਿਹੜਾ ਦੋ ਡੰਗ ਦੀ ਰੋਟੀ ਤੋਂ ਵੀ ਆਤੁਰ ਹੈ। ਸੜਕਾਂ ਕਿਨਾਰੇ ਮੰਗਦੇ ਬਾਲਾਂ ਨੂੰ ਪੁੱਛੋ, ਜਿਹਨਾਂ ਲਈ ਆਪਣੇ ਹੀ ਦੇਸ਼ ਵਿਚ ਸਕੂਲ ਜਾਣਾ ਵੀ ਕੋਹਿਨੂਰ ਹੀਰਾ ਲੱਭ ਜਾਣ ਵਾਂਗ ਹੈ। ਉਹਨਾਂ ਲੋਕਾਂ ਨੂੰ ਪੁੱਛੋ, ਜਿਹੜੇ ਅਜੇ ਵੀ ਛੂਤ-ਛਾਤ ਦਾ ਦਰਦ ਹੰਢਾ ਰਹੇ ਹਨ। ਉਹਨਾਂ ਲੋਕਾਂ ਨੂੰ ਪੁੱਛੋ, ਜਿਹਨਾਂ ਨੂੰ ਧਰਮ ਨਿਰਪੱਖ ਦੇਸ਼ ਭਾਰਤ ਦੇ ਅੰਦਰ ਵੀ ਵੱਖਰੇ ਧਰਮ ਦੇ ਹੋਣ ਕਰਕੇ ਟੀਰੀ ਅੱਖ ਨਾਲ ਦੇਖਿਆ ਜਾਂਦਾ ਹੈ। ਉਹਨਾਂ ਮਿਹਨਤੀ ਕਿਸਾਨ ਮਜ਼ਦੂਰਾਂ ਨੂੰ ਪੁੱਛੋ, ਜਿਹਨਾਂ ਨੂੰ ਚੂੰਡਣ ਵਾਲੇ ਸਿਆਸਤਦਾਨਾਂ ਨਾਲ ਕਲਿੰਘੜੀਆਂ ਪਾ ਪਾ ਤੁਰਦੇ ਹਨ। ਉਹਨਾਂ ਮਿਹਨਤਕਸ਼ਾਂ ਨੂੰ ਪੁੱਛੋ, ਜਿਹਨਾਂ ਨੂੰ ਧਰਤੀ ਮੁੜ੍ਹਕੇ ਨਾਲ ਸਿੰਜਣ ਤੋਂ ਬਾਦ ਵੀ ਯਕੀਨ ਨਹੀਂ ਹੁੰਦਾ ਕਿ ਉਹਨਾਂ ਦੀ ਮਿਹਨਤ ਦਾ ਮੁੱਲ ਪਵੇਗਾ ਵੀ ਕਿ ਨਹੀਂ? ਉਹਨਾਂ ਅਭਾਗੀਆਂ ਮਾਵਾਂ ਨੂੰ ਪੁੱਛੋ, ਜਿਹੜੀਆਂ ਆਪਣੇ ਗੁੰਮ ਹੋਏ/ਕੀਤੇ ਪੁੱਤਰਾਂ ਦੀ ਭਾਲ ਵਿੱਚ ਅਦਾਲਤੀ ਕਾਰਵਾਈਆਂ ਪੂਰੀਆਂ ਕਰਦੀਆਂ ਹੀ ਪੂਰੀਆਂਹੋ ਗਈਆਂ। ਜਾਂ ਉਹਨਾਂ ਲੋਕਾਂ ਨੂੰ ਪੁੱਛੋ, ਜਿਹੜੇ ਸੰਵਿਧਾਨ ਦੀ ਕਸਮ ਖਾ ਕੇ ਸਰਕਾਰੀ ਨੌਕਰੀਆਂ ਹਾਸਲ ਬਾਬੂਆਂ ਤੋਂ ਸਰਕਾਰੀ ਦਫ਼ਤਰਾਂ ਵਿੱਚ ਜਾਇਜ਼ ਕੰਮ ਕਰਵਾਉਣ ਲਈ ਵੀ ਛਿੱਲ ਲੁਹਾ ਕੇ ਮੁੜਦੇ ਹਨ।

ਭਾਰਤ ਦੇਸ਼ ਕਿਸੇ ਇੱਕ ਧਿਰ ਦੀ ਜਾਗੀਰ ਨਹੀਂ। ਜੇ ਡਾਕਟਰ ਨੇ ਕਿਸੇ ਮਰੀਜ਼ ਦਾ ਦਵਾ-ਦਾਰੂ ਵੀ ਸ਼ੁਰੂ ਕਰਨਾ ਹੋਵੇ ਤਾਂ ਉਹ ਸਭ ਤੋਂ ਪਹਿਲਾਂ ਬਿਨਾਂ ਕੁੱਝ ਜਾਣੇ ਹੀ ਅਪਰੇਸ਼ਨ ਕਰਨ ਲਈ ਹੱਥਾਂ ’ਤੇ ਦਸਤਾਨੇ ਨਹੀਂ ਚੜ੍ਹਾ ਲੈਂਦਾ, ਸਗੋਂ ਮਰੀਜ਼ ਦੀ ਬਿਮਾਰੀ ਦੀ ਤਹਿ ਤੱਕ ਜਾਣ ਲਈ ਮੁੱਢਲੇ ਅਮਲ ਵਿੱਚੋਂ ਗੁਜ਼ਰਦਾ ਹੈ। ਪਰ ਸਾਡੇ ਕੋਲ ਅਜਿਹਾ ਕਿਹੜਾ ਥਰਮਾਮੀਟਰ ਹੈ ਕਿ ਅਸੀਂ ਜਿਸ ਨੂੰ ਦਿਲ ਕੀਤਾ ਦੇਸ਼ਭਗਤ ਬਣਾ ਦਿੱਤਾ? ਜਿਸਨੂੰ ਦਿਲ ਕੀਤਾ ਦੇਸ਼ਧ੍ਰੋਹੀ? ਲੋੜ ਹੈ ਕਿ ਸਿੱਧਾ ਦੇਸ਼ਧ੍ਰੋਹੀ ਵਾਲਾ ਅਪਰੇਸ਼ਨ ਕਰਨ ਨਾਲੋਂ ਮਾਮਲੇ ਦੀ ਖੁਦ ਹੀ ਤਹਿ ਤੱਕ ਜਾਇਆ ਜਾਵੇ ਤਾਂ ਜੋ ਸਾਡੀ ਖੁਦ ਹੀ ਖਿੱਲੀ ਨਾ ਉੱਡੇ। ਕੱਲ੍ਹ ਤੱਕ ਜਿਸ ਕਨ੍ਹਈਆ ਦੀ ਜਾਣ ਪਹਿਚਾਣ ਸਿਰਫ ਯੂਨੀਵਰਸਿਟੀ ਵਿਦਿਆਰਥੀਆਂ ਦੇ ਮਸਲੇ ਉਠਾਉਣ ਤੱਕ ਹੀ ਮਹਿਦੂਦ ਸੀ, ਉਸਨੂੰ ਦੇਸ਼ਧ੍ਰੋਹੀ ਸਾਬਤ ਕਰਨ ਦੀ ਕੋਸ਼ਿਸ਼ਦੇ ਮਾਮਲੇ ਨੇ ਕਨ੍ਹਈਆ ਨੂੰ ਦੇਸ਼ ਭਰ ਦੇ ਬੱਚੇ ਬੱਚੇ ਦੇ ਹੀ ਰੂਬਰੂ ਨਹੀਂ ਕਰਵਾਇਆ ਸਗੋਂ ਆਪਣੇ ਬੇਬਾਕ ਭਾਸ਼ਣਾਂ ਕਰਕੇ ਕਨ੍ਹਈਆ ਦੇਸ਼ ਵਿਦੇਸ਼ ਦੇ ਲੋਕਾਂ ਤੱਕ ਵੀ ਪਹੁੰਚ ਚੁੱਕਾ ਹੈ। ਦੇਸ਼ਧ੍ਰੋਹੀਹੋਣ ਦਾ ਦੋਸ਼ ਛੋਟੀ ਗੱਲ ਨਹੀਂ ਹੁੰਦੀ, ਕਨ੍ਹਈਆ ਦੇ ਮਾਮਲੇ ਨੇ ਜਿਉਂ ਹੀ ਅੰਗੜਾਈ ਲਈ ਤਾਂ ਗੈਰ ਭਾਰਤੀ ਲੋਕਾਂ ਨੇ ਵੀ ਇਸ ਮਾਮਲੇ ਨੂੰ ਦਿਲਚਸਪੀ ਨਾਲ ਦੇਖਿਆ/ਪੜ੍ਹਿਆ। ਹੁਣ ਤੱਕ ਦੇ ਸਮੁੱਚੇ ਘਟਨਾਕ੍ਰਮ ਨੂੰ ਬਾਰੀਕੀ ਨਾਲ ਘੋਖਦੇ ਲੋਕ ਵੀ ਸੋਚਣ ਲਈ ਮਜ਼ਬੂਰ ਹੋਣਗੇ ਕਿ ਸਿਰਫ ਭਾਰਤ ਮਾਤਾ ਕੀ ਜੈਹੀ ਕਿਉਂ? ਅਸੀਂ ਅੱਜ ਤੱਕ ਆਸਟ੍ਰੇਲੀਆ ਮਾਤਾ“, “ਇੰਗਲੈਂਡ ਮਾਤਾਜਾਂ ਕੈਨੇਡਾ ਮਾਤਾਕਿਉਂ ਨਹੀਂ ਸੁਣਿਆ? ਉਹ ਵੀ ਸ਼ਾਇਦ ਇਸੇ ਸਿੱਟੇ ’ਤੇ ਪਹੁੰਚਣਗੇ ਕਿ ਲੋਕਾਂ ਦੇ ਜੀਵਨ ਨਾਲ ਜੁੜੇ ਮੁੱਦਿਆਂ ਦੀ ਪੂਰਤੀ ਦੇ ਹੱਕ ਵਿੱਚ ਉੱਠਦੀਆਂ ਆਵਾਜਾਂ ਨੂੰ ਦੱਬਣ ਦਾ ਇੱਕੋ ਇੱਕ ਸਾਧਨ ਹੀ ਤਾਂ ਹੋ ਸਕਦਾ ਹੈ ਇਹ ਮੁੱਦਾ।

ਭਾਰਤ ਵਿੱਚ ਕਿਰਤ ਕਰਨ ਵਾਲੇ ਹੱਥਾਂ ਦੀ ਥੋੜ ਨਹੀਂ, ਜੇ ਥੋੜ ਹੈ ਤਾਂ ਉਹਨਾਂ ਹੱਥਾਂ ਤੋਂ ਕੰਮ ਲੈਣ ਦੀ ਨੀਤੀ ਦੀ ਹੈ। ਭਾਰਤ ਦੀ ਅਸਲ ਮਾਅਨਿਆਂ ਵਿੱਚ ਹਮੇਸ਼ਾ ਹਮੇਸ਼ਾ ਲਈ ਜੈਉਸ ਦਿਨ ਹੋਵੇਗੀ, ਜਿਸ ਦਿਨ ਦੇਸ਼ ਦੇ ਬੱਚੇ ਬੱਚੇ ਨੂੰ ਲਾਜ਼ਮੀ ਸਿੱਖਿਆ ਦਾ ਅਧਿਕਾਰ ਮਿਲੇਗਾ। ਹਰ ਨਾਗਰਿਕ ਨੂੰ ਸਿਹਤ ਸਹੂਲਤਾਂ ਅਧਿਕਾਰ ਵਜੋਂ ਪ੍ਰਾਪਤ ਹੋਣਗੀਆਂ। ਕੰਮ ਚਾਹੁੰਦੇ ਹਰ ਪੜ੍ਹੇ ਲਿਖੇ, ਅਨਪੜ੍ਹ ਨੂੰ ਬਾਲਗ ਹੋਣ ਸਾਰ ਹੀ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰਨ ਲਈ ਲਾਜ਼ਮੀ ਤੌਰ ’ਤੇ ਰੁਜ਼ਗਾਰ ਮਿਲੇਗਾ। ਕੀ ਅਸੀਂ ਇਹਨਾਂ ਤਿੰਨ ਮੁੱਖ ਲੋੜਾਂ ਦੀ ਹੀ ਆਜ਼ਾਦੀ ਤੋਂ ਬਾਅਦ ਮੁਕੰਮਲ ਪੂਰਤੀ ਕਰ ਸਕੇ ਹਾਂ? ਜੇ ਹਾਂ ਤਾਂ ਦੇਸ਼ ਦਾ ਕੋਈ ਨਾਗਰਿਕ ਭਾਰਤ ਮਾਤਾ ਕੀ ਜੈਕਹਿਣ ਤੋਂ ਝਿਜਕੇਗਾ ਨਹੀਂ। ਜੇ ਫਿਰ ਵੀ ਝਿਜਕੇਗਾ ਤਾਂ ਨਿਰਸੰਦੇਹ ਉਹ ਜ਼ਰੂਰ ਦੇਸ਼ਧ੍ਰੋਹੀਹੋਵੇਗਾ

*****

(277)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਮਨਦੀਪ ਖੁਰਮੀ

ਮਨਦੀਪ ਖੁਰਮੀ

Mandeep Khurmi Himmatpura.
Phone: (44 - 75191 - 12312)

Email: (mandeepkhurmi4u@gmail.com)

 

More articles from this author