BhagatSinghGurdwara3MandipKhurmi7ਇਨਸਾਨੀਅਤ ਦੇ ਪੱਖ ਵਿਚ ਸੋਚਦੇ ਹਰ ਸ਼ਖ਼ਸ ਦਾ ਇਹ ਨੈਤਿਕ ਫਰਜ਼ ਬਣਦਾ ਹੈ ਕਿ ਉਹ ਕੌਮੀ ਸ਼ਹੀਦ ਦੀ ਸੋਚ ਨਾਲ ਖਿਲਵਾੜ ਹੋਣੋ ਰੋਕਣ ਲਈ ਅੱਗੇ ਆਵੇ ...
(ਅਪਰੈਲ 19, 2016)

 
ਜਾਗਣ ਦਾ ਵੇਲਾ


BhagatSinghGurdwara2

 

ਜਿਹੜੀਆਂ ‘ਤਾਕਤਾਂ’ ਨੂੰ ਕਿਤਾਬ ਤੋਂ ਬੰਬ ਵਾਂਗ ਡਰ ਲਗਦਾ ਹੋਵੇ, ਜਿਹਨਾਂ ਦਾ ਸਾਰਾ ਜ਼ੋਰ ਲੋਕਾਂ ਨੂੰ ਪੜ੍ਹਨੋਂ ਰੋਕਣ ’ਤੇ ਲੱਗਾ ਹੋਵੇ, ਜਿਹਨਾਂ ਨੂੰ ਆਪਣੇ ਸਥਾਪਿਤ ਕੀਤੇ ਲੁੱਟ ਦੇ ਸਾਮਰਾਜ ਨੂੰ ਬਰਕਰਾਰ ਰੱਖਣ ਦਾ ਫਿਕਰ ਹੋਵੇ, ਜਿਹਨਾਂ ਨੂੰ ਇਹ ਡਰ ਹੋਵੇ ਕਿ ਮਿਹਨਤਕਸ਼ ਲੋਕ ਆਪਣੇ ਹੱਕਾਂ ਲਈ ਉੱਠ ਖੜ੍ਹੇ ਨਾ ਹੋਣ, ਉਹ ਤਾਕਤਾਂ ਆਪਣਾ ਹਰ ਹੀਲਾ ਵਰਤਦੀਆਂ ਹਨ ਕਿ ਆਮ ਜਨਤਾ ਨੂੰ ਕਿਤਾਬਾਂ ਤੋਂ ਦੂਰ ਰੱਖਿਆ ਜਾਵੇ। ਜੇ ਲੋਕ ਪੜ੍ਹਨਗੇ ਤਾਂ ਜਾਗਰੂਕ ਹੋਣਗੇ। ਜੇ ਜਾਗਰੂਕ ਹੋਣਗੇ ਤਾਂ ਆਪਣਾ ਭਲਾ-ਬੁਰਾ ਵਿਚਾਰਨਗੇ। ਜੇ ਪੜ੍ਹਨਗੇ ਤਾਂ ਨਿਸ਼ਾਨਦੇਹੀ ਕਰਨ ਜੋਗਰੇ ਹੋਣਗੇ ਕਿ ਇਕ ਨੂੰ ਖ਼ੂਨ ਪਸੀਨਾ ਇੱਕ ਕੀਤਿਆਂ ਵੀ ਸਿਰਫ਼ ਰੋਟੀ ਮਸਾਂ ਜੁੜਦੀ ਹੈ ਪਰ ਇੱਕ ਬਿਨਾਂ ਕੁੱਝ ਕੀਤਿਆਂ ਹੀ ਦੁਨੀਆਂ ਦੀ ਤਮਾਮ ਐਸ਼ ਮਾਣ ਰਿਹਾ ਹੈ?

ਲੋਟੂ ਜਮਾਤ ਲਈ ਅੱਜ ਦੀ ਘੜੀ ਸਭ ਤੋਂ ਵੱਡਾ ਦੁਸ਼ਮਣ ਭਗਤ ਸਿੰਘ ਦੀ ਤਸਵੀਰ ਹੈ, ਭਗਤ ਸਿੰਘ ਦੀ ਸੋਚ ਹੈ, ਭਗਤ ਸਿੰਘ ਦੇ ਰਾਹ ਤੁਰਦੇ ਲੋਕ ਹਨ। ਜਿੱਥੇ ਉਸ ਜਮਾਤ ਨੇ ਆਪਣੇ ਲੁੱਟਤੰਤਰ ਦਾ ਪਹੀਆ ਚੱਲਦਾ ਰੱਖਣਾ ਹੈ, ਉੱਥੇ ਉਸਨੇ ਆਪਣੀ ਪੂਰੀ ਵਾਹ ਲਾਉਣੀ ਹੈ ਕਿ ਭਗਤ ਸਿੰਘ ਦੀ ਤਸਵੀਰ ਨੂੰ ਕਿਸ ਢੰਗ ਨਾਲ ਬਦਲਿਆ ਜਾਵੇ ਕਿ ਕਿਸੇ ਨੂੰ ਪਤਾ ਵੀ ਨਾ ਲੱਗੇ ਅਤੇ ਭਗਤ ਸਿੰਘ ਦੀ ਛਵੀ ਵੀ ਬਦਲ ਦਿੱਤੀ ਜਾਵੇ। ਇਹ ਹੋਇਆ ਵੀ ਹੈ ਅਤੇ ਹੋ ਵੀ ਰਿਹਾ ਹੈ ਕਿ ਭਗਤ ਸਿੰਘ ਨੂੰ ਪਗੜੀ, ਟੋਪੀ ਜਾਂ ਧਰਮਾਂ ਦੇ ਮਸਲਿਆਂ ਵਿਚ ਉਲਝਾ ਕੇ ਇੱਕ ਅਜਿਹੇ ਦਹਿਸ਼ਤਪਸੰਦ ਵਜੋਂ ਪੇਸ਼ ਕੀਤਾ ਜਾ ਰਿਹਾ ਹੈ, ਜਿਸਦਾ ਇੱਕ ਹੱਥ ਬਦਮਾਸ਼ਾਂ ਵਾਂਗ ਮੁੱਛ ਉੱਪਰ ਅਤੇ ਦੂਸਰਾ ਪਿਸਤੌਲ ਦੇ ਘੋੜੇ ਉੱਪਰ ਹੈ।

ਭਗਤ ਸਿੰਘ ਦੀ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਰੋਕਣਦੀ ਸੋਚ ਜਦ ਅਜਿਹੀਆਂ ਤਾਕਤਾਂ ਨੂੰ ਬਦਹਜ਼ਮੀ ਕਰਦੀ ਹੈ ਤਾਂ ਕਦੇ ਪ੍ਰਚਾਰਿਆ ਜਾਂਦਾ ਹੈ ਕਿ ਭਗਤ ਸਿੰਘ ਫਲਾਣੇ ਧਰਮ ਦਾ ਪੈਰੋਕਾਰ ਸੀ ਤੇ ਕਦੇ ਕਿਸੇ ਧਰਮ ਦਾ। ਪਰ ਇਹ ਕਿਉਂ ਨਹੀਂ ਪ੍ਰਚਾਰਿਆ ਜਾਂਦਾ ਕਿ ਭਗਤ ਸਿੰਘ ਨੇ ਕੁੱਝ ਕਾਰਨ ਵੀ ਦੱਸੇ ਸਨ ਕਿ ਮੈਂ ਨਾਸਤਿਕ ਕਿਉਂ ਹਾਂ?” ਜੇ ਇਹ ਦੱਸ ਦਿੱਤਾ ਤਾਂ ਆਮ ਲੋਕ ਸਿਆਣੇ ਹੋਣਗੇ ਪਰ ਲੋਕਾਂ ਨੂੰ ਲਕੀਰ ਦੇ ਫਕੀਰ ਬਣਾ ਕੇ, ਬੁੱਧੂ ਬਣੇ ਰਹਿਣ ਵਿਚ ਹੀ ਤਾਂ ਉਹਨਾਂ ਦੀ ਭਲਾਈ ਹੈ। ਤਾਂ ਹੀ ਤਾਂ ਨਿਰੰਤਰ ਲੋਕਾਂ ਦੀ ਲੁੱਟ ਦਾ ਰਾਹ ਪੱਧਰਾ ਕੀਤਾ ਜਾ ਸਕਦਾ ਹੈ

ਹੁਣ ਗੱਲ ਕਰੀਏ ਭਗਤ ਸਿੰਘ ਦੇ ਰਾਹ ਤੁਰਦੇ ਲੋਕਾਂ ਦਾ ਰਾਹ ਬਦਲਣ ਦੀ। ਭਗਤ ਸਿੰਘ ਦੀ ਵਿਚਾਰਧਾਰਾ ਵੀ ਤਾਂ ਤਰਕਵਾਦੀ ਵਿਦਵਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੋਕੇ ਨੂੰ ਅੱਗੇ ਤੋਰਦੀ ਹੈ ਕਿ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣਾ ਹੈ। ਕਿਰਤ ਕਰਨੀ ਹੈ ਪਰ ਕਿਰਤ ਦੀ ਲੁੱਟ ਨਹੀਂ ਹੋਣ ਦੇਣੀ। ਉਹ ਆਪਣੇ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਾ ਕੁਰਬਾਨ ਕਰਨ ਦੇ ਜ਼ਜ਼ਬੇ ਵਾਲੀ ਪਿਰਤ ਨੂੰ ਹੀ ਤਾਂ ਅੱਗੇ ਤੋਰਦੀ ਹੈ। ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਾ ਜ਼ੁਲਮ ਕਰਨਾ, ਨਾ ਜ਼ੁਲਮ ਸਹਿਣਾਦੇ ਸੁਨੇਹੇ ਨੂੰ ਅੱਗੇ ਤੋਰਦੀ ਹੈ।

ਜਦੋਂ ਭਗਤ ਸਿੰਘ ਦੇ ਮਨੁੱਖਤਾ ਲਈ ਲੜਨ, ਕੁਰਬਾਨ ਹੋਣ ਉੱਪਰ ਕੋਈ ਸ਼ੱਕ ਸੰਦੇਹ ਹੀ ਨਹੀਂ ਰਹਿ ਜਾਂਦਾ ਤਾਂ ਉਹ ਨਾਸਤਿਕ ਸੀ ਜਾਂ ਆਸਤਿਕ ਸੀ। ਸਭ ਤੋਂ ਵੱਡੀ ਗੱਲ ਕਿ ਉਹ ਸੱਚਾ ਸੁੱਚਾ ਇਨਸਾਨ ਸੀ, ਜੋ ਦੇਸ਼ ਦੇ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਦੇ ਮਨੁੱਖਾਂ ਦੀ ਬਿਹਤਰ ਜ਼ਿੰਦਗੀ ਲਈ ਆਸਵੰਦ ਸੀ। ਉਹ ਵਿਸ਼ਵ ਭਰ ਦੇ ਕਿਰਤੀ ਹੱਥਾਂ ਦੀ ਕਲਿੰਗੜੀ ਪਈ ਦੇਖਣੀ ਚਾਹੁੰਦਾ ਸੀ। ਪਰ ਕਿਹੜੀ ਵਜ੍ਹਾ ਹੈ ਕਿ ਉਸ ਇਨਸਾਨੀਅਤ ਦੇ ਆਸ਼ਕ ਨੂੰ ਕਦੇ ਨਾਸਤਿਕਤਾ ਵਾਲੀ ਐਨਕ ਨਾਲ ਦੇਖਿਆ ਜਾਂਦਾ ਹੈ ਤੇ ਕਦੇ ਆਸਤਿਕਤਾ ਵਾਲੀ ਨਾਲ। ਲੋਕਾਂ ਵਿੱਚ ਭੰਬਲਭੂਸਾ ਪੈਦਾ ਕੀਤਾ ਜਾ ਰਿਹਾ ਹੈ

ਭਗਤ ਸਿੰਘ ਦੇ ਮਗਰ ਮਗਰ ਵਿਚਾਰਧਾਰਕ ਰਾਹ ਵੱਲ ਜਾਂਦੇ ਅਤੇ ਜਾਣ ਲਈ ਤਿਆਰ ਬੈਠੇ ਲੋਕਾਂ ਦਾ ਮੁਹਾਣ ਠੱਲ੍ਹਣ ਲਈ ਇੱਕ ਬਹੁਤ ਵੱਡਾ ਹੱਲਾ ਹੁਸੈਨੀਵਾਲਾ ਦੀ ਧਰਤੀ ਤੋਂ ਹੀ ਬੋਲਿਆ ਜਾ ਰਿਹਾ ਹੈ, ਜਿੱਥੇ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਸ਼ਹੀਦੀ ਯਾਦਗਾਰ ਬਣੀ ਹੋਈ ਹੈ। ਆਪ ਸਭ ਹੈਰਾਨ ਹੋਵੋਗੇ ਇਹ ਜਾਣ ਕੇ ਕਿ ਹੁਸੈਨੀਵਾਲਾ ਵਿਖੇ ਸ਼ਹੀਦੇ ਏ ਆਜ਼ਮ ਸ. ਭਗਤ ਸਿੰਘ ਦੇ ਨਾਮ ’ਤੇ ਗੁਰਦੁਆਰੇ ਦੀ ਉਸਾਰੀ ਹੋ ਰਹੀ ਹੈ। ਸੜਕ ਕਿਨਾਰੇ ਬੋਰਡ ਲਗਾ ਕੇ ਉਸਾਰੀ ਜਾ ਰਹੀ ਇਮਾਰਤ ਲਈ ਸੇਵਾ ਪਾਓਦਾ ਹੋਕਾ ਦਿੱਤਾ ਗਿਆ ਹੈ। ਬੇਸ਼ੱਕ ਅੰਗਰੇਜ਼ ਸਰਕਾਰ ਨੇ ਭਗਤ ਸਿੰਘ ਨੂੰ ਇੱਕੋ ਵਾਰ ਫਾਸੀ ਦਿੱਤੀ ਸੀ ਪਰ ਹੁਣ ਭਗਤ ਸਿੰਘ ਦੇਸ਼ ਦੇ ਆਪਣੇ ਅੰਗਰੇਜਾਂਹੱਥੋਂ ਪਲ ਪਲ ਫਾਸੀ ਚੜ੍ਹਿਆ ਕਰੇਗਾ, ਇਸ ਸੜਕ ਕਿਨਾਰੇ ਖੜ੍ਹੇ ਬੋਰਡ ਨੂੰ ਜੇ ਫਾਸੀ ਵਾਲਾ ਤਖ਼ਤਾ ਮੰਨ ਲਿਆ ਜਾਵੇ ਤਾਂ।

ਉਸਾਰੀ ਲਈ ਸੇਵਾ ਪਾਓਦੇ ਹੋਕੇ ਤੋਂ ਲੈ ਕੇ ਗੋਲਕ ਵਿਚ ਮੱਥੇ ਟਿਕਵਾਉਣ, ਅਰਦਾਸਾਂ ਹੋਣ, ਮੰਨਤਾਂ ਮੰਗਣ ਤੱਕ ਦਾ ਸਫ਼ਰ ਅਜੇ ਬਾਕੀ ਹੈ। ਭਗਤ ਸਿੰਘ ਦੀ ਸੋਚ ਨਾਲ ਇੱਕ ਧਾਰਮਿਕ ਅਸਥਾਨ ਦੀ ਉਸਾਰੀ ਦੀ ਆੜ ਹੇਠ ਖਿਲਵਾੜ ਹੋਵੇਗਾ। ਉਸਦਾ ਮੂੰਹ ਚਿੜਾਇਆ ਜਾਵੇਗਾ ਕਿ ਕਿਉਂ, ਹੁਣ ਖੁਸ਼ ਐਂ, ਲੋਕਾਂ ਲਈ ਸ਼ਹੀਦ ਹੋ ਕੇ? ਅਸੀਂ ਤਾਂ ਤੈਨੂੰ ਵੀ ਬਾਬਾ ਭਗਤ ਸਿੰਘ ਬਣਾ ਧਰਿਆ ਹੈ। ਓਹ ਬਾਬਾ, ਜਿਸ ਅੱਗੇ ਲੋਕ ਮੱਥੇ ਰਗੜਨਗੇ, ਸੁੱਖਾਂ ਸੁੱਖਣਗੇ, ਖੂਨ ਪਸੀਨੇ ਦੀ ਕਮਾਈ ਭੇਟਾ ਕਰਨਗੇ ਤੇ ਉਸ ਕਮਾਈ ਦੇ ਸਿਰ ’ਤੇ ਅਸੀਂ ਗੋਗੜਾਂ ਵਧਾਵਾਂਗੇ।

ਨਾਸਤਿਕ ਭਗਤ ਸਿੰਘ ਦੇ ਨਾਮ ’ਤੇ ਗੁਰਦੁਆਰੇ ਦੀ ਉਸਾਰੀ ਕੀ ਸੰਕੇਤ ਦਿੰਦੀ ਐ? ਇਸ ਬਾਰੇ ਸੋਚਣ ਲਈ ਹਰ ਆਸਤਿਕ ਨਾਸਤਿਕ ਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਜਿੱਥੇ ਪਾਖੰਡਵਾਦ ਖਿਲਾਫ ਜੂਝ ਰਹੀਆਂ ਧਾਰਮਿਕ ਸੰਸਥਾਵਾਂ ਨੂੰ ਇਸ ਬਾਰੇ ਬੋਲਣ ਦੀ ਲੋੜ ਹੈ, ਉੱਥੇ ਇਨਸਾਨੀਅਤ ਦੇ ਪੱਖ ਵਿਚ ਸੋਚਦੇ ਹਰ ਸਖ਼ਸ਼ ਦਾ ਇਹ ਨੈਤਿਕ ਫਰਜ਼ ਬਣਦਾ ਹੈ ਕਿ ਉਹ ਕੌਮੀ ਸ਼ਹੀਦ ਦੀ ਸੋਚ ਨਾਲ ਖਿਲਵਾੜ ਹੋਣੋ ਰੋਕਣ ਲਈ ਅੱਗੇ ਆਵੇ, ਨਹੀਂ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਵੀ ਸਾਨੂੰ ਮਾਫ਼ ਨਹੀਂ ਕਰਨਗੀਆਂ

*****

(261)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਮਨਦੀਪ ਖੁਰਮੀ

ਮਨਦੀਪ ਖੁਰਮੀ

Mandeep Khurmi Himmatpura.
Phone: (44 - 75191 - 12312)

Email: (mandeepkhurmi4u@gmail.com)

 

More articles from this author