MandipKhurmi7ਜਦੋਂ ਇਹ ਪੱਤਾ ਪੁੱਠਾ ਪੈਂਦਾ ਦਿਸਿਆ ਤਾਂ ਨਾਲੋ ਨਾਲ ਕਈ ਘਟਨਾਵਾਂ ਹੋਰ ਵਾਪਰੀਆਂ ...
(ਨਵੰਬਰ 6, 2015)

 

ਬੀਤੇ ਜੂਨ ਮਹੀਨੇ ਵਿ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੋਂ ਬਾਅਦ ਉਸ ਸਰੂਪ ਦੇ ਪਿੰਡ ਬਰਗਾੜੀ ਵਿਚ ਹੋਣ ਸੰਬੰਧੀ ਕੰਧਾਂ ’ਤੇ ਲੱਗੇ ਪੋਸਟਰਾਂ ਕਾਰਨ ਪੰਜਾਬ ਵਿੱਚ ਵੱਖਰੀ ਜਿਹੀ ਦਹਿਸ਼ਤ ਦਾ ਪਸਾਰਾ ਹੋ ਗਿਆ। ਬੇਸ਼ੱਕ ਪ੍ਰਸ਼ਾਸਨ ਵੱਲੋਂ ਆਪਣੇ ਲਹਿਜੇ ਨਾਲ ਇਹਨਾਂ ਦੋਹਾਂ ਘਟਨਾਵਾਂ ਸੰਬੰਧੀ ਕਾਰਵਾਈ ਕੀਤੀ ਗਈ ਪਰ ਧੁਖਦੀ ਅੱਗ ਉਸ ਸਮੇਂ ਭਾਬੜ ਬਣ ਗਈ ਜਦੋਂ ਉਸ ਪੋਸਟਰ ਰੂਪੀ ਚਿੱਠੀ ਦੀ ਇਬਾਰਤ ਨੂੰ ਅਮਲੀ ਰੂਪ ਦਿੰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁੱਝ ਪੱਤਰੇ ਗਲੀਆਂ ਵਿੱਚ ਖਿੱਲਰੇ ਮਿਲੇ। ਜੇਕਰ ਉਸ ਚਿੱਠੀ ਦੀ ਇਬਾਰਤ ਨੂੰ ਗੌਰ ਨਾਲ ਪੜ੍ਹਿਆ ਜਾਵੇ ਤਾਂ ਉਸਦਾ ਸਾਰਾ ਠੀਕਰਾ ਡੇਰਾ ਸਿਰਸਾ ਪ੍ਰੇਮੀਆਂ ਸਿਰ ਭੰਨਣ ਦੀ ਕੋਸ਼ਿਸ਼ ਸੀ, ਪਰ ਪੰਜਾਬ ਦੇ ਲੋਕਾਂ ਨੂੰ ਇਸ ਸਾਜ਼ਿਸ਼ ਦਾ ਇਲਮ ਇਸ ਕਦਰ ਹੋਵੇਗਾ, ਸ਼ਾਇਦ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ।

ਇਸ ਘਟਨਾ ਬਾਰੇ ਲੋਕਾਂ ਨੇ ਲਾਈਲੱਗਪੁਣੇ ਦਾ ਰਸਤਾ ਅਖਤਿਆਰ ਕਰਦਿਆਂ ਉਸ ਚਿੱਠੀ ਦੀ ਇਬਾਰਤ ਨੂੰ ਮੁੱਢੋਂ ਨਕਾਰਿਆ, ਜਦੋਂ ਪੰਜਾਬ ਦੇ ਇੱਕ ਮੁਹਰੈਲ ਅਖ਼ਬਾਰ ਨੇ ਆਪਣੇ ਮੁੱਖ ਪੰਨੇਤੇ ਇਸ ਸਾਰੀ ਘਟਨਾ ਦਾ ਰੁਖ ਪਿੰਡ ਬਰਗਾੜੀ ਦੇ ਡੇਰਾ ਪ੍ਰੇਮੀਆਂ ਅਤੇ ਚਿੰਤਕ ਸਿਰਾਂ ਜਾਣੀਕਿ ਤਰਕਸ਼ੀਲ ਪਰਿਵਾਰਾਂ ਵੱਲ ਕਰਨ ਦਾ ਅਸਫਲ ਯਤਨ ਵੀ ਕੀਤਾ ਗਿਆ ਸੀ। ਆਮ ਲੋਕ ਇਸ ਵਰਤਾਰੇ ਨੂੰ ਕਿਸੇ ਇੱਕ ਵਿਸ਼ੇਸ਼ ਫਿਰਕੇ ਦੀ ਕਾਰਵਾਈ ਮੰਨਣੋ ਇਨਕਾਰੀ ਹੋ ਕੇ ਇਸ ਨੂੰ ਸਿਆਸੀ ਸ਼ਗੂਫ਼ਾ ਮੰਨਦੇ ਆ ਰਹੇ ਹਨ। ਲੋਕਾਂ ਦਾ ਮੰਨਣਾ ਹੈ ਕਿ ਇਹ ਵਰਤਾਰਾ ਡੇਰਾ ਮੁਖੀ ਨੂੰ ਮਾਫੀ ਦੇਣ ਦੇ ਮਾਮਲੇ ਵਿਚ ਸਿੰਘ ਸਾਹਿਬਾਨਾਂ ਪ੍ਰਤੀ ਪਨਪੇ ਗੁੱਸੇ ਨੂੰ ਧਾਰਮਿਕ ਰੋਹ ਵਿਚ ਤਬਦੀਲ ਕਰਨ, ਸੂਰਤ ਸਿੰਘ ਖਾਲਸਾ ਜੀ ਦੀ ਭੁੱਖ ਹੜਤਾਲ ਤੋਂ ਲੋਕਾਂ ਦਾ ਧਿਆਨ ਹਟਾਉਣ, ਆਮ ਆਦਮੀ ਪਾਰਟੀ ਦੀਆਂ ਗਤੀਵਿਧੀਆਂ ਨੂੰ ਠੱਲ੍ਹਣ, ਚਿੱਟੀ ਮੱਖੀ ਅਤੇ ਨਕਲੀ ਕੀੜੇਮਾਰ ਦਵਾਈਆਂ ਦੇ ਮਾਮਲੇ ਤੋਂ ਲੋਕਾਂ ਦਾ ਧਿਆਨ ਹਟਾਉਣ, ਕਿਸਾਨ ਸੰਘਰਸ਼ ਨੂੰ ਖੱਖਰ-ਭੱਖਰ ਕਰਨ ਅਤੇ ਮੁਆਵਜ਼ੇ ਸੰਬੰਧੀ ਠੋਸ ਕਾਰਵਾਈ ਨੂੰ ਅਮਲੋਂ ਵਾਂਝਾ ਰੱਖਣ ਲਈ ਇੱਕ ਸੋਚੀ ਸਮਝੀ ਚਾਲ ਤਹਿਤ ਕੀਤਾ ਗਿਆ ਸੀ। ਜੇ ਸਾਰਾ ਤੋੜਾ ਇੱਕ ਸਿਆਸੀ ਧਿਰ ਸਿਰ ਝਾੜਿਆ ਜਾਵੇ ਤਾਂ ਉਹ ਵੀ ਤਰਕਸੰਗਤ ਨਹੀਂ ਹੋਵੇਗਾ। ਜਦੋਂ ਲੋਕ ਵਿਰੋਧ ਇੱਕ ਸੱਤਾਧਾਰੀ ਧਿਰ ਦੇ ਗਲੇ ਦੀ ਹੱਡੀ ਬਣ ਰਿਹਾ ਹੋਵੇ ਤਾਂ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿਚ ਬੇਅਦਬੀ ਦੀਆਂ ਘਟਨਾਵਾਂ ਦਾ ਵਾਪਰਨਾ ਵਗਦੀ ਗੰਗਾ ਵਿਚ ਹੱਥ ਧੋਣ ਵਰਗਾ ਕਾਰਾ ਵੀ ਹੋ ਸਕਦਾ ਹੈ।

ਪੰਜ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਵੱਲੋਂ ਕਦੇ ਮਰ ਚਿੜੀਏ ਕਦੇ ਜੀਅ ਚਿੜੀਏ ਦੀ ਖੇਡ ਵਾਂਗ ਜਦੋਂ ਆਪਣਾ ਹੀ ਹੁਕਮਨਾਮਾ ਵਾਪਸ ਲੈ ਲਿਆ ਗਿਆ ਤਾਂ ਲੋਕ ਫਿਰ ਭੜਕ ਉੱਠੇ। ਕੋਟਕਪੂਰਾ ਧਰਨੇ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋਣ ਉਪਰੰਤ ਬੇਸ਼ੱਕ ਲੋਕ ਇਸ ਨੂੰ ਵੀ ਬਰਗਾੜੀ ਕਾਂਡ ਦੀ ਗਰਮੀ ਨੂੰ ਸ਼ਾਂਤ ਕਰਨ ਵਾਲਾ ਸ਼ਗੂਫਾ ਦੱਸ ਰਹੇ ਹਨ। ਇਸ ਤੋਂ ਬਾਦ ਸੱਤਾਧਾਰੀ ਧਿਰ ਦੇ ਆਗੂਆਂ, ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਹੋਰ ਆਗੂਆਂ ਵੱਲੋਂ ਆਪੋ ਆਪਣੇ ਅਹੁਦਿਆਂ ਤੋਂ ਦਿੱਤੇ ਅਸਤੀਫੇ ਵੀ ਲੋਕ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਹਨ ਕਿ ਇਹ ਵੀ ਇਸ ਮਾਮਲੇ ਤੋਂ ਧਿਆਨ ਪਾਸੇ ਕਰਨ ਦਾ ਹੀ ਇੱਕ ਅੰਗ ਹੋਵੇ। ਲੋਕਾਂ ਦੀ ਸੋਚਤੇ ਮੋਹਰ ਉਸ ਸਮੇਂ ਲੱਗੀ ਵੀ ਜਦੋਂ ਇੱਕ ਦਿਨ ਪਹਿਲਾਂ ਅਸਤੀਫੇ ਦੀ ਖਬਰ ਸ਼ੋਸਲ ਮੀਡੀਆਤੇ ਨਸ਼ਰ ਹੋਣ ਤੋਂ ਬਾਦ ਸੈਂਕਰਾਮੈਂਟੋ ਦੇ ਅਕਾਲੀ ਆਗੂਆਂ ਨੇ ਉਸ ਖ਼ਬਰ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਅਸਤੀਫਾ ਦੇਣ ਤੋਂ ਮੂਲੋਂ ਹੀ ਮੁਨਕਰ ਹੋ ਗਏ।

ਕਦਮ ਦਰ ਕਦਮ ਵਾਪਰਦੀਆਂ ਘਟਨਾਵਾਂ ਵਿਚ ਜ਼ਬਰਦਸਤ ਮੋੜ ਉਦੋਂ ਆਇਆ, ਜਦੋਂ ਪੁਲਿਸ ਵੱਲੋਂ ਕੋਟਕਪੂਰਾ ਧਰਨੇ ਵਿੱਚ ਸ਼ਾਮਿਲ ਦੋ ਭਰਾਵਾਂਤੇ ਹੀ ਬੇਅਦਬੀ ਮਾਮਲੇ ਦੇ ਦੋਸ਼ ਲਗਾ ਕੇ ਇਸਦੀਆਂ ਤਾਰਾਂ ਵਿਦੇਸ਼ਾਂ ਨਾਲ ਜੁੜੀਆਂ ਦੱਸ ਦਿੱਤੀਆਂ। ਜਦੋਂਕਿ ਪਹਿਲਾਂ ਸਰੂਪ ਚੋਰੀ ਕਰਨ ਵਾਲੇ ਦੋ ਦੋਸ਼ੀਆਂ ਦੇ ਸਕੈੱਚ ਜਾਰੀ ਕਰਨ ਵੇਲੇ ਘੋਨ ਮੋਨ ਦਿਖਾਏ ਸਨ ਅਤੇ ਅਸਲ ਦੋਸ਼ੀਆਂ ਵਜੋਂ ਸਾਬਤ ਸੂਰਤ ਦੋ ਨੌਜਵਾਨ ਦੋਸ਼ੀ ਗਰਦਾਨ ਦਿੱਤੇ। ਪਰ ਪੁਲਿਸ ਦੀ ਇਹ ਕਹਾਣੀ ਲੋਕਾਂ ਦੇ ਸੰਘੋਂ ਹੇਠਾਂ ਨਹੀਂ ਉੱਤਰੀ। ਅੱਜ ਤੋਂ ਦਸ ਕੁ ਸਾਲ ਪਹਿਲਾਂ ਇਹ ਕਹਾਣੀ ਘੜੀ ਜਾਂਦੀ ਤਾਂ ਸ਼ਾਇਦ ਸਭ ਅੱਖਾਂ ਮੀਟ ਕੇ ਸੱਚ ਮੰਨ ਲਿਆ ਜਾਂਦਾ ਪਰ ਇਸ ਘਟਨਾ ਮੌਕੇ ਜ਼ਖਮੀ ਹੋਏ ਰੁਪਿੰਦਰ ਸਿੰਘ ਤੇ ਹੋਰ ਸਾਥੀਆਂ ਦੇ ਇਲਾਜ ਲਈ ਸਹਾਇਤਾ ਵਾਸਤੇ ਪੈਸੇ ਭੇਜਣ ਵਾਲੇ ਆਸਟਰੇਲੀਆ ਅਤੇ ਦੁਬਈ ਵਸਦੇ ਪੰਜਾਬੀ ਮੁੰਡਿਆਂ ਨੇ ਮੀਡੀਆ ਰਾਹੀਂ ਸਪਸ਼ਟੀਕਰਨ ਦਿੱਤਾ ਕਿ ਉਹਨਾਂ ਕੋਲ ਉਹ ਸਭ ਸਬੂਤ ਮੌਜੂਦ ਹਨ ਕਿ ਜਿਹਨਾਂ ਰਾਹੀਂ ਉਹ ਹਿੱਕ ਠੋਕ ਕੇ ਕਹਿ ਸਕਦੇ ਹਨ ਕਿ ਉਹ ਕੋਈ ਸਾਜ਼ਿਸ਼ਕਰਤਾ ਨਹੀਂ, ਸਗੋਂ ਉਹਨਾਂ ਜ਼ਖਮੀਆਂ ਦੇ ਇਲਾਜ ਲਈ ਸਹਾਇਤਾ ਭੇਜੀ ਸੀ।

ਜਦੋਂ ਇਹ ਪੱਤਾ ਪੁੱਠਾ ਪੈਂਦਾ ਦਿਸਿਆ ਤਾਂ ਨਾਲੋ ਨਾਲ ਕਈ ਘਟਨਾਵਾਂ ਹੋਰ ਵਾਪਰੀਆਂ ਜਿਹਨਾਂ ਨਾਲ ਲੋਕਾਂ ਦਾ ਧਿਆਨ ਇੱਕ ਤੋਂ ਬਾਦ ਦੂਜੀ ਘਟਨਾ ਵੱਲ ਕੇਂਦਰਿਤ ਹੋਵੇ। ਪਹਿਲੀ ਪੰਜ ਪਿਆਰਿਆਂ ਵੱਲੋਂ ਜੱਥੇਦਾਰਾਂ ਨੂੰ ਪੇਸ਼ ਹੋਣ ਦਾ ਹੁਕਮ, ਜਿਸ ਕਰਕੇ ਪੰਜ ਪਿਆਰਿਆਂ ਦੇ ਇਸ ਹੁਕਮ ਦੀ ਰੱਜਵੀਂ ਪ੍ਰਸ਼ੰਸਾ ਹੋਈ। ਦੂਜੀ ਘਟਨਾ, ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਪੰਜ ਪਿਆਰੇ ਅਤੇ ਹੋਰ ਕਰਮਚਾਰੀਆਂ ਦੀ ਮੁਅੱਤਲੀ। ਇਸ ਫੁਰਮਾਨ ਨਾਲ ਦੇਸ਼ ਵਿਦੇਸ਼ ਵਿਚ ਵਸਦੇ ਪੰਜਾਬੀ ਮੱਕੜ ਸਾਹਿਬ ਦੇ ਇਸ ਰਵੱਈਏ ਦੀ ਤੋਏ-ਤੋਏ ਕਰਨ ਲੱਗੇ ਕਿ ਜਿਹੜੇ ਪੰਜ ਪਿਆਰਿਆਂ ਦਾ ਹੁਕਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਲਾਹੀ ਹੁਕਮ ਵਾਂਗੂੰ ਮੰਨਿਆ, ਮੱਕੜ ਸਾਹਿਬ ਉਹਨਾਂ ਤੋਂ ਵੀ ਅੱਗੇ ਕਿਵੇਂ ਲੰਘ ਗਏ? ਤੀਜੀ ਘਟਨਾ, ਮੱਕੜ ਸਾਹਿਬ ਵੱਲੋਂ ਕਿਸੇ ਵੀ ਸ਼੍ਰੋਮਣੀ ਕਮੇਟੀ ਮੈਂਬਰ ਜਾਂ ਕਿਸੇ ਹੋਰ ਅਹੁਦੇਦਾਰ ਦਾ ਅਸਤੀਫਾ ਉਸ ਪਾਸ ਨਾ ਪਹੁੰਚਣ ਦੇ ਬਿਆਨ ਮਗਰੋਂ ਇੱਕ ਨੌਜਵਾਨ ਕਰਮਚਾਰੀ ਨੇ ਅਸਤੀਫਾ ਪੱਤਰ ਹੀ ਉਸਦੇ ਮੂੰਹਤੇ ਮਾਰਿਆ। ਚੌਥੀ ਘਟਨਾ, ਪੁਲਿਸ ਮੁਖੀ ਸੁਮੇਧ ਸੈਣੀ ਦੀ ਬਦਲੀ ਅਤੇ ਪੰਜਵੀਂ ਘਟਨਾ ਪੰਜ ਪਿਆਰਿਆਂ ਦੀ ਮੁੜ ਬਹਾਲੀ ਦੀਆਂ ਖਬਰਾਂ।

ਇਹਨਾਂ ਪਿਛਲੇ ਦਿਨਾਂ ਵਿੱਚ ਹਾਲਾਤ ਜਿੰਦਾਬਾਦ-ਮੁਰਦਾਬਾਦ ਵਾਲੇ ਹੀ ਰਹੇ। ਕਿਸੇ ਇੱਕ ਘਟਨਾ ਕਰਕੇ ਕਿਸੇ ਦੀ ਬੱਲੇ ਬੱਲੇ ਹੁੰਦੀ ਰਹੀ ਤੇ ਕਿਸੇ ਨੂੰ ਰੋਸ ਦਾ ਸਾਹਮਣਾ ਕਰਨਾ ਪਿਆ। ਬੇਸ਼ੱਕ ਪੰਜਾਬ ਨੂੰ ਬਲਦੀ ਦੇ ਬੂਥੇ ਧੱਕਣ ਵਾਲਾ ਸੂਤਰਧਾਰ ਕੋਈ ਵੀ ਹੋਵੇ, ਪਰ ਇਸ ਦਾ ਖਮਿਆਜ਼ਾ ਸਭ ਤੋਂ ਵੱਧ ਅਕਾਲੀ ਦਲ (ਬ) ਨੂੰ ਭੁਗਤਣਾ ਪੈ ਰਿਹਾ ਹੈ। ਧੱਕੇ ਨਾਲ ਹੁੰਦੇ ਸੰਗਤ ਦਰਸ਼ਨ ਹੁਣ ਸੰਗਤਾਂ ਤੋਂ ਦੂਰੀ ਵਿੱਚ ਬਦਲ ਗਏ ਹਨ। ਦੇਸ਼ ਵਿਦੇਸ਼ ਵਿੱਚ ਵਸਦੇ ਹਰ ਪੰਜਾਬੀ ਦੀ ਚਾਹਨਾ ਤਾਂ ਇਹ ਹੈ ਕਿ ਉਹਨਾਂ ਦੀ ਜਨਮ ਭੂਮੀ ਘੁੱਗ ਵਸੇ ਪਰ ਪੰਜਾਬ ਦੀ ਬਦਕਿਸਮਤੀ ਹੀ ਹੈ ਕਿ ਚੋਣਾਂ ਤੋਂ ਪਹਿਲਾਂ ਕਿਸੇ ਨਾ ਕਿਸੇ ਅਗਨੀ ਪ੍ਰੀਖਿਆ ਵਿੱਚੋਂ ਲੰਘਣਾ ਹੀ ਪੈਂਦਾ ਹੈ। ਜਿੱਥੇ ਅਜਿਹੀ ਅਗਨੀ ਪ੍ਰੀਖਿਆ ਨਾ ਹੀ ਵਾਪਰਨ ਦੀ ਕਾਮਨਾ ਕਰ ਸਕਦੇ ਹਾਂ, ਉੱਥੇ ਭਵਿੱਖਬਾਣੀ ਵੀ ਹੈ ਕਿ ਇਹ ਘਟਨਾਵਾਂ ਤਾਂ ਇੱਕ ਫਿਲਮ ਦੇ ਸ਼ੁਰੂ ਹੋਣ ਵਾਂਗ ਟਰੇਲਰ ਵੀ ਹੋ ਸਕਦੀਆਂ ਹਨ, ਕਿਉਂਕਿ ਅਗਲੀਆਂ ਚੋਣਾਂ ਵਿੱਚ ਅਜੇ ਲੰਮਾ ਸਮਾਂ ਬਾਕੀ ਹੈ।

ਵਾਪਰੀਆਂ ਅਤੇ ਵਾਪਰਨ ਵਾਲੀਆਂ ਘਟਨਾਵਾਂ ਪੰਜਾਬ ਦੇ ਭਵਿੱਖ ਲਈ ਹਾਨੀਕਾਰਕ ਹਨ। ਪੰਜਾਬ ਨੂੰ ਆਰਥਿਕ ਪੱਖ ਤੋਂ ਮਜ਼ਬੂਤ ਕਰਨ ਲਈ ਵਿਦੇਸ਼ੀ ਨਿਵੇਸ਼ ਦੀ ਲੋੜ ਮੂੰਹ ਅੱਡੀ ਖੜ੍ਹੀ ਹੈ। ਜਦੋਂ ਅੱਜ ਪੰਜਾਬ ਆਏ ਦਿਨ ਕਿਸੇ ਨਾ ਕਿਸੇ ਘਟਨਾ ਕਾਰਨ ਵਿਸ਼ਵ ਪੱਧਰ ’ਤੇ ਚਰਚਾ ਵਿੱਚ ਆ ਰਿਹਾ ਹੈ, ਕੌਣ ਮੂਰਖ ਹੈ ਜੋ ਨਿਵੇਸ਼ ਕਰਕੇ ਆਪਣੀ ਪੂੰਜੀ ਨੂੰ ਬਰਬਾਦ ਕਰਨ ਦੇ ਰਾਹ ਪਵੇਗਾਖਮੀਆਂ ਦੇ ਇਲਾਜ ਲਈ ਸਹਾਇਤਾ ਭੇਜਣ ਵਾਲੇ ਹੀ ਜਦੋਂ ਬੇਅਦਬੀ ਦੇ ਸਾਜ਼ਿਸ਼ਕਰਤਾ ਗਰਦਾਨ ਦਿੱਤੇ ਜਾਣ ਤਾਂ ਪੰਜਾਬ ਵਿੱਚ ਕਿਸੇ ਦੀਨ ਦੁਖੀ ਦੀ ਬਾਂਹ ਫੜਨ ਲਈ ਆਪਣਾ ਦਸਵੰਧ ਭੇਜਣ ਵਾਲੇ ਵੀ ਸੈਂਕੜੇ ਨਹੀਂ, ਹਜ਼ਾਰਾਂ ਵਾਰ ਸੋਚਣਗੇ ਕਿ ਕੀ ਪਤਾ ਕੱਲ੍ਹ ਨੂੰ ਕਿਸੇ ਸਾਜਿਸ਼ ਵਿਚ ਸ਼ਾਮਿਲ ਹੋਣ ਦੇ ਦੋਸ਼ ਹੀ ਨਾ ਲੱਗ ਜਾਣ?

ਜਿਸ ਵੇਲੇ ਕੋਈ ਕਿਸੇ ਸੰਗੀਨ ਸੰਕਟ ਵਿਚ ਫਸਿਆ ਹੋਇਆ ਹੋਵੇ, ਉਸ ਵੇਲੇ ਅਕਸਰ ਹੀ ਕਿਹਾ ਜਾਂਦਾ ਹੈ ਕਿ “ਤੇਰਾ ਅੱਲ੍ਹਾ ਹੀ ਬੇਲੀ“ ਪਰ ਪੰਜਾਬ ਦੀ ਦਿਨੋ ਦਿਨ ਉਲਝਦੀ ਜਾ ਰਹੀ ਤਾਣੀ ਨੂੰ ਦੇਖਕੇ ਹਰ ਕੋਈ ਇਹੀ ਕਹੇਗਾ ਕਿ “ਓ ਪੰਜਾਬ ਸਿਆਂ! ਹੁਣ ਤਾਂ ਤੇਰਾ ਅੱਲ੍ਹਾ ਵੀ ਬੇਲੀ ਨਹੀਂ।

*****

(98)

ਤੁਸੀਂ ਵੀ ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਮਨਦੀਪ ਖੁਰਮੀ

ਮਨਦੀਪ ਖੁਰਮੀ

Mandeep Khurmi Himmatpura.
Phone: (44 - 75191 - 12312)

Email: (mandeepkhurmi4u@gmail.com)

 

More articles from this author