MandipKhurmi7ਇੱਕ ਪਾਸੇ ਵਿਸ਼ਵ ਭਰ ਵਿੱਚੋਂ ਲਾਂਘਾ ਖੁੱਲ੍ਹਣ ਦੀ ਖੁਸ਼ੀ ਦੀਆਂ ਕਿਲਕਾਰੀਆਂ ...
(12 ਨਵੰਬਰ 2019)

 

ਕਹਿੰਦੇ ਹਨ ਕਿ ਇੱਕ ਪੁੱਤ ਨੇ ਆਪਣੇ ਸਿਆਸਤਦਾਨ ਪਿਓ ਕੋਲੋਂ ਸਿਆਸਤ ਦੇ ਗੁਰ ਸਿੱਖਣ ਦੀ ਰਟ ਲਾ ਰੱਖੀ ਸੀਉਹਦਾ ਆਪਣੇ ਪਿਓ ਅੱਗੇ ਹਰ ਵਾਰ ਇਹੀ ਰੋਣਾ ਰਹਿੰਦਾ ਕਿ ਉਹਨੇ ਵੀ ਸਿਆਸਤਦਾਨ ਬਣਨਾ ਹੈ ਤੇ ਉਸਨੂੰ ਸਿਆਸੀ ਬਿਸਾਤ ਦੀਆਂ ਚਾਲਾਂ ਚੱਲਣ ਦਾ ਵੱਲ ਸਿਖਾਇਆ ਜਾਵੇਨਿਰੋਲ ਸਿਆਸੀ ਪਿਓ ਇੰਨਾ ਕੁ ਮਜਬੂਰ ਹੋ ਗਿਆ ਕਿ ਉਸਨੇ ਮੁੰਡੇ ਦੀ ਜ਼ਿਦ ਅੱਗੇ ਗੋਡੇ ਟੇਕ ਦਿੱਤੇਪੁੱਤਰ ਨੂੰ ਸਿਆਸੀ ਕਾਇਦੇ ਦੇ ਪਹਿਲੇ ਸਬਕ ਦਾ ਗਿਆਨ ਦੇਣ ਲਈ ਹੁਕਮ ਦਿੱਤਾ ਕਿ ਉਹ ਪੌੜੀ ਰਾਹੀਂ ਕੋਠੇ ਦੀ ਛੱਤ ਉੱਤੇ ਚੜ੍ਹ ਜਾਵੇਮੁੰਡੇ ਦੇ ਛੱਤ ਉੱਤੇ ਚੜ੍ਹਨ ਤੋਂ ਬਾਅਦ ਪਿਓ ਨੇ ਪੌੜੀ ਚੁੱਕ ਲਈ ਅਤੇ ਮੁੰਡੇ ਨੂੰ ਛੱਤ ਤੋਂ ਵਿਹੜੇ ਵਿੱਚ ਛਾਲ ਮਾਰਨ ਦਾ ਹੁਕਮ ਕੀਤਾਮੁੰਡਾ ਡੌਰ ਭੌਰ ਕਿ ਬਾਪੂ ਅੱਜ ਲੱਤਾਂ ਬਾਂਹਾਂ ਜ਼ਰੂਰ ਤੁੜਵਾਵੇਗਾਪਿਓ ਨੇ ਉਹਦਾ ਫਿਕਰ ਦੂਰ ਕਰਨ ਲਈ ਬਾਂਹਾਂ ਖਿਲਾਰ ਲਈਆਂ ਤੇ ਕਿਹਾ, “ਤੂੰ ਛਾਲ ਮਾਰ, ਮੈਂ ਆਪਣੀਆਂ ਬਾਂਹਾਂ ਵਿੱਚ ਤੈਨੂੰ ਬੋਚ ਲਵਾਂਗਾ।” ਮੁੰਡੇ ਨੇ ਪਿਓ ਉੱਤੇ ਯਕੀਨ ਕਰਦਿਆਂ ਛਾਲ ਮਾਰ ਦਿੱਤੀ ਪਰ ਪਿਓ ਛੜੱਪਾ ਮਾਰ ਕੇ ਪਿਛਾਂਹ ਹਟ ਗਿਆਮੁੰਡੇ ਦੇ ਗੋਡੇ ਗਿੱਟੇ ਛਿੱਲੇ ਗਏ ਤੇ ਹੋਰ ਵੀ ਸੱਟਾਂ ਵੱਜੀਆਂਕੁਰਲਾਉਂਦਾ ਹੋਇਆ ਬੋਲਿਆ, “ਬਾਪੂ, ਆਹ ਕੀ ਕੀਤਾ? ਮੈਂਨੂੰ ਛਾਲ ਮਾਰਨ ਲਈ ਕਹਿ ਕੇ ਆਪ ਮੈਂਨੂੰ ਬਚਾਇਆ ਕਿਉਂ ਨਹੀਂ? “ਤਾਂ ਬਾਪੂ ਦਾ ਦਿੱਤਾ ਜਵਾਬ ਹਰ ਸਮੇਂ ਦੀ ਸਿਆਸਤ ਉੱਤੇ ਢੁੱਕਦਾ ਆ ਰਿਹਾ ਹੈ ਤੇ ਢੁੱਕਦਾ ਹੀ ਰਹੇਗਾਬਾਪੂ ਦਾ ਜਵਾਬ ਸੀ, “ਇਹੀ ਸਿਆਸਤ ਦਾ ਪਹਿਲਾ ਸਬਕ ਹੈ ਕਿ ਜੋ ਦਿਸਦੀ ਹੈ, ਉਹ ਹੁੰਦੀ ਨਹੀਂਜੋ ਹੁੰਦੀ ਹੈ, ਉਹ ਦਿਸਦੀ ਨਹੀਂ।”

ਸੱਚਮੁੱਚ ਹੀ ਅਜਿਹੀ ਸਿਆਸਤ ਦੇ ਪੈਂਤੜੇ ਹੀ ਬੀਤੇ ਦਿਨੀਂ ਹੋਏ ਭਾਰਤ ਸਰਕਾਰ ਵੱਲੋਂ ਆਯੋਜਿਤ ਲਾਂਘਾ ਸਮਾਗਮਾਂ ਵਿੱਚ ਦੇਖਣ ਨੂੰ ਮਿਲੇਸਿਆਸਤ ਤਾਂ ਸਕੇ ਪੁੱਤ ਦੀ ਸਕੀ ਨਹੀਂ ਹੁੰਦੀ, ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਵੇਂ ਬਖ਼ਸ਼ ਦਿੰਦੀ? ਸਮਾਗਮਾਂ ਵਿੱਚ ਕੋਈ ਅਜਿਹਾ ਵਰਤਾਰਾ ਦੇਖਣ ਨੂੰ ਮਿਲਿਆ, ਜਿਹੜਾ ਗੁਰੂ ਜੀ ਦੀਆਂ ਸਿੱਖਿਆਵਾਂ ਉੱਤੇ ਆਧਾਰਿਤ ਹੋਵੇ? ਪਾਠਕ ਵੀ ਜਵਾਬ ਵਜੋਂ ਸਿਰ ਨਾਂਹ ਵਿੱਚ ਹੀ ਹਿਲਾਉਣਗੇਭਾਗੋ ਦੇ ਪਕਵਾਨ ਠੁਕਰਾ ਕੇ ਲਾਲੋ ਦੀ ਕੋਧਰੇ ਦੀ ਰੋਟੀ ਸਵੀਕਾਰਨ ਵਾਲੇ ਬਾਬੇ ਦੀ ਕਿਹੜੀ ਸਿੱਖਿਆ ਦਾ ਅਸੀਂ ਪਾਲਣ ਕੀਤਾ ਹੈ? ਫਾਸਟ ਫੂਡ, ਕੋਲਡ ਡਰਿੰਕ ਦੇ ਸਟਾਲ ਕਦੋਂ “ਲੰਗਰ” ਦਾ ਰੁਤਬਾ ਹਾਸਲ ਕਰ ਗਏ, ਸਾਨੂੰ ਪਤਾ ਹੀ ਨਹੀਂ ਲੱਗਿਆ? ਬਾਬਾ ਨਾਨਕ ਵੀ ਹੈਰਾਨ ਹੁੰਦਾ ਹੋਵੇਗਾ 550 ਤਰ੍ਹਾਂ ਦੇ ਪਕਵਾਨ ਦੇਖ ਕੇ ਅਤੇ ਬੀਮਾਰੀਆਂ ਨੂੰ ਸੱਦਾ ਦੇਣ ਵਾਲੇ ਗੈਸੀ ਜਲ ਪਦਾਰਥਾਂ ਨੂੰ ਲੰਗਰ ਕਹਿ ਕੇ ਵਰਤਾਏ ਜਾਂਦੇ ਦੇਖ ਕੇ

ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਰੂਹ ਗੁਰਮੁਖੀ ਅੰਦਰ ਵਸਦੀ ਹੈ, ਪਰ ਭਾਰਤ ਸਰਕਾਰ ਵੱਲੋਂ ਸਮਾਗਮ ਹਿਤ ਪੰਜਾਬ ਦੀ ਹਿੱਕ ਉੱਤੇ ਗੱਡੇ ਗਏ ਨੀਂਹ ਪੱਥਰ ਵਿੱਚੋਂ ਨਾ ਤਾਂ ਗੁਰੂ ਨਾਨਕ ਦੇਵ ਜੀ ਦਾ ਨਾਮ ਲੱਭਦਾ ਹੈ ਤੇ ਨਾ ਹੀ ਗੁਰਮੁਖੀਸਿਆਸਤਦਾਨਾਂ ਨੇ ਸਿਆਸਤ ਕਰਨੀ ਹੁੰਦੀ ਹੈ ਤੇ ਸਿਆਸਤ ਵਿੱਚ ਕੁਝ ਵੀ ਅਚਨਚੇਤ ਨਹੀਂ ਵਾਪਰਦਾ ਸਗੋਂ ਹਰ ਘਟਨਾ ਹਰ ਬਿਆਨ ਪਹਿਲਾਂ ਤੋਂ ਹੀ ਤੈਅ ਹੁੰਦਾ ਹੈਕੀ ਦਿੱਲੀ ਦੀ ਨਜ਼ਰਸਾਨੀ ਹੇਠ ਤਿਆਰ ਹੋ ਕੇ ਪੰਜਾਬ ਦੇ ਸਾਰੇ ਹੀ ਸਿਆਸੀ ਆਗੂ ਸਿਆਸਤ ਦੀ ਚਕਾਚੌਂਧ ਵਿੱਚ ਐਨੇ ਅੰਨ੍ਹੇ ਹੋ ਗਏ ਸਨ ਕਿ ਉਹਨਾਂ ਨੂੰ ਸਿਰਫ ਆਪਣੇ ਨਾਂਵਾਂ ਤੋਂ ਬਗੈਰ ਨਾ ਤਾਂ ਨੀਂਹ ਪੱਥਰ ਉੱਪਰ ਗੁਰੂ ਨਾਨਕ ਦੇਵ ਜੀ ਦਾ ਨਾ ਅੰਕਿਤ ਕਰਨਾ ਜ਼ਰੂਰੀ ਸਮਝਿਆ ਤੇ ਨਾ ਹੀ ਗੁਰਮੁਖੀ (ਪੰਜਾਬੀ) ਦਾ? ਕੀ ਸਿਆਸਤ ਇੰਨੀ ਹੀ ਮਤਲਬੀ ਹੁੰਦੀ ਹੈ ਕਿ ਉਸ ਲਈ ਦੇਸ਼ ਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਗਵਰਨਰ ਬੀ ਪੀ ਸਿੰਘ ਬਦਨੌਰ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸਾਂਸਦ ਸੰਨੀ ਦਿਓਲ ਐਨੇ ਹੀ ਉੱਚ ਕਿਰਦਾਰਾਂ ਦੇ ਮਾਲਕ ਹਨ ਕਿ ਉਸ ਨੀਂਹ ਪੱਥਰ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਂ ਲਿਖਣਾ ਹੀ ਦਰਕਿਨਾਰ ਕਰ ਦਿੱਤਾ ਗਿਆ? ਆਪੋ ਆਪਣੀਆਂ ਸਟੇਜਾਂ ਲਾਉਣ ਪਿੱਛੇ ਹੋਈ ਬਿਆਨਬਾਜ਼ੀ, ਆਪੋ ਆਪਣੀ ਪਾਰਟੀ ਦੇ ਵਰਕਰਾਂ ਦੇ ਜੱਥਿਆਂ ਦੀਆਂ ਤਸਵੀਰਾਂ ਰਾਹੀਂ ਸਿਰਫ ਤੇ ਸਿਰਫ ਇਹ ਦਿਖਾਉਣ ਦੀ ਕੋਸ਼ਿਸ਼ ਹੀ ਕੀਤੀ ਗਈ ਕਿ ਜਿਵੇਂ ਇਸ ਸਮਾਗਮ ਰਾਹੀਂ ਵੀ ਵੋਟ ਬੈਂਕ ਪੱਕਾ ਕਰਨ ਚੱਲੇ ਹੋਣ

ਬੇਸ਼ੱਕ ਭਾਰਤ ਪਾਕਿਸਤਾਨ ਦੇ ਸੁਖਦ ਸੰਬੰਧਾਂ ਲਈ ਇਹ ਲਾਂਘਾ ਇੱਕ ਉਮੀਦ ਬਣ ਸਕਦਾ ਹੈ ਪਰ ਸਿਆਸਤ ਕਦੋਂ ਚਾਹੇਗੀ ਕਿ ਲੋਕ ਦੋਵਾਂ ਦੇਸ਼ਾਂ ਦੀ ਕਥਿਤ ਦੁਸ਼ਮਣੀ ਦੇ ਬਿਆਨਾਂ ਨੂੰ ਭੁੱਲ ਕੇ ਹਾਕਮਾਂ ਕੋਲੋਂ ਸਿਹਤ, ਵਿੱਦਿਆ ਅਤੇ ਰੁਜ਼ਗਾਰ ਦੀ ਮੰਗ ਕਰਨਸਗੋਂ ਸਿਆਸਤ ਦਾ ਨਿੱਜੀ ਲਾਭ ਹੀ ਇਸ ਗੱਲ ਵਿੱਚ ਹੈ ਕਿ ਲੋਕ ਆਪਣੇ ਭਲੇ ਦੀਆਂ ਲੋੜਾਂ ਨੂੰ ਭੁੱਲ ਕੇ ਸਿਆਸਤ ਦੇ ਹੱਥ-ਠੋਕੇ ਬਣੇ ਰਹਿਣਇਹੀ ਉਦਾਹਰਣ ਸੂਬੇ ਦੇ ਮੁੱਖ ਮੰਤਰੀ ਨੇ ਪੇਸ਼ ਕੀਤੀ ਜਦੋਂ ਉਹਨਾਂ ਬਾਬਾ ਨਾਨਕ ਦੇਵ ਦੇ ਨਾਂਅ ਉੱਤੇ ਸਜਾਈ ਸਟੇਜ ਤੋਂ ਪਾਕਿਸਤਾਨ ਨੂੰ ਮੂਧਾ ਮਾਰਨ, ਚੂੜੀਆਂ ਨਾ ਪਹਿਨੀਆਂ ਹੋਣ ਵਰਗੇ ਬਚਕਾਨਾ ਬਿਆਨ ਦਿੱਤੇਇੱਕ ਪਾਸੇ ਵਿਸ਼ਵ ਭਰ ਵਿੱਚੋਂ ਲਾਂਘਾ ਖੁੱਲ੍ਹਣ ਦੀ ਖੁਸ਼ੀ ਦੀਆਂ ਕਿਲਕਾਰੀਆਂ ਆ ਰਹੀਆਂ ਸਨ ਪਰ ਮੁੱਖ ਮੰਤਰੀ ਸਾਹਿਬ ਕੁਝ ਕੁ ਲਲਕਾਰੇ ਮਾਰਨ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਖੁੱਲ੍ਹੀ ਬੱਸ ਵਿੱਚ ਖੜ੍ਹੇ ਨਜ਼ਰ ਆਏਲਲਕਾਰੇ ਮਾਰਨ ਤੋਂ ਬਾਅਦ ਜਿੱਥੇ ਸੰਗਤ ਪੰਗਤ ਵਿੱਚ ਬੈਠ ਕੇ ਗੁਰੂ ਦੇ ਲੰਗਰਾਂ ਦੀ ਨਿਆਮਤ ਛਕ ਰਹੀ ਸੀ, ਉਦੋਂ ਮੁੱਖ ਮੰਤਰੀ ਕੋਲ ਧਰਤੀ ਉੱਤੇ ਥਾਲ ਰੱਖ ਕੇ ਬੁਰਕੀ ਲਾਉਣ ਦੀ ਹਿੰਮਤ ਵੀ ਨਹੀਂ ਸੀ ਰਹੀ ਤੇ ਉਹ ਪੰਗਤ ਵਿੱਚ ਬੈਠੇ ਹਿੱਕ ਤੱਕ ਉੱਚੇ ਮੇਜ਼ਨੁਮਾ ਡੱਬੇ ਉੱਤੇ ਥਾਲ ਰੱਖ ਕੇ ਪ੍ਰਸ਼ਾਦਾ ਛਕਦੇ ਦੇਖੇ ਗਏ

ਸਮਾਗਮ ਪਾਕਿਸਤਾਨ ਵਿੱਚ ਵੀ ਹੋਇਆ ਹੈ, ਜੇ ਸਮਝਣ ਤਾਂ ਭਾਰਤੀ ਸਿਆਸਤਦਾਨਾਂ ਲਈ ਸਬਕ ਵਰਗਾ ਸੀ ਉਹ ਸਮਾਗਮਸਟੇਜ ਉੱਤੇ ਬੈਠਣ ਲਈ ਖਿੱਚਧੂਹ ਨਹੀਂ ਸੀ ਹੋ ਰਹੀ, ਸਗੋਂ ਜਿਸ ਬੁਲਾਰੇ ਦਾ ਨਾ ਬੋਲਿਆ ਜਾਂਦਾ ਸੀ, ਸਿਰਫ ਉਹੀ ਮੰਚ ਉੱਤੇ ਖੜ੍ਹਾ ਨਜ਼ਰ ਆਉਂਦਾ ਸੀਬਾਕੀ ਸਭ “ਉੱਚੇ ਲੋਕ” ਆਮ ਲੋਕਾਂ ਵਿੱਚ ਚੌਂਕੜੀ ਮਾਰ ਕੇ ਬੈਠੇ ਸਨਪੰਜਾਬ ਸਮੇਤ ਭਾਰਤ ਦੇ ਸਮੂਹ ਸਿਆਸਤਦਾਨਾਂ ਨੂੰ ਇਸ ਉਦਾਹਰਣ ਤੋਂ ਸਬਕ ਲੈ ਕੇ ਅਹਿਦ ਕਰਨਾ ਬਣਦਾ ਹੈ ਕਿ ਉਹ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਧਾਰਮਿਕ ਮੰਚਾਂ ਨੂੰ ਤਾਂ ਬਖਸ਼ਣ ਦੀ ਖੇਚਲ ਕਰਨਬੇਸ਼ੱਕ ਸਮਾਗਮਾਂ ਵਿੱਚੋਂ ਗੁਰੂ ਅਤੇ ਗੁਰਮੁਖੀ (ਪੰਜਾਬੀ) ਨੂੰ ਮਨਫ਼ੀ ਕਰਨ ਪਿੱਛੇ ਸਰਕਾਰਾਂ ਦੀ ਕੋਈ ਵੀ ਮਜਬੂਰੀ ਹੈ ਪਰ ਹੁਣ ਵੀ ਇਸ ਗਲਤੀ ਨੂੰ ਸੁਧਾਰਿਆ ਜਾ ਸਕਦਾ ਹੈਜੇ ਕੇਂਦਰ ਸਰਕਾਰ ਡੇਰਾ ਬਾਬਾ ਨਾਨਕ ਵਿਖੇ ਸਥਾਪਿਤ ਕੀਤੇ ਨੀਂਹ ਪੱਥਰ ਵਿੱਚ ਕੋਈ ਬਦਲਾਅ ਕਰਨ ਤੋਂ ਮੁਨਕਰ ਹੁੰਦੀ ਹੈ ਤਾਂ ਘੱਟੋ ਘੱਟ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਸੇ ਨੀਂਹ ਪੱਥਰ ਦੇ ਬਿਲਕੁਲ ਨਾਲ ਉਸੇ ਆਕਾਰ ਦਾ ਹੋਰ ਨੀਂਹ ਪੱਥਰ ਸਥਾਪਿਤ ਕਰੇ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਦੇ ਨਾਂਅ ਅਤੇ ਗੁਰਮੁਖੀ (ਪੰਜਾਬੀ) ਦੀ ਮੌਜੂਦਗੀ ਯਕੀਨੀ ਹੋਵੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1807)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਮਨਦੀਪ ਖੁਰਮੀ

ਮਨਦੀਪ ਖੁਰਮੀ

Mandeep Khurmi Himmatpura.
Phone: (44 - 75191 - 12312)

Email: (mandeepkhurmi4u@gmail.com)

 

More articles from this author