MandipKhurmi7ਮੁਹੰਮਦ ਰਫੀਕ ... ਜਿਸਨੇ ਮਹਿਜ਼ 8 ਮਹੀਨੇ ਵਿੱਚ 33 ਬਜ਼ੁਰਗਾਂ ਕੋਲੋਂ ਛੇ ਲੱਖ ...
(16 ਮਾਰਚ 2020)

 

ਮਨੁੱਖੀ ਫਿਤਰਤ ਹੈ ਕਿ ਕਈ ਵਾਰ ਉਹਨਾਂ ਚੀਜ਼ਾਂ ਦੇ ਗੱਫ਼ੇ ਵੀ ਲੋੜਦਾ ਹੈ, ਜਿਹਨਾਂ ਤੇ ਉਸਦਾ ਉੱਕਾ ਹੀ ਹੱਕ ਨਹੀਂ ਹੁੰਦਾ। ਪਰ ਅਜਿਹੀ ਲਾਲਸਾ ਕਈ ਵਾਰ ਖੁਦ ਲਈ ਪ੍ਰੇਸ਼ਾਨੀਆਂ ਦਾ ਸਬੱਬ ਬਣ ਜਾਂਦੀ ਹੈ। ਮਨੁੱਖੀ ਲਾਲਚੀ ਮਨ ਦੀ ਇਸ ਫਿਤਰਤ ਦਾ ਲਾਹਾ ਲੈਂਦਿਆਂ ਕਈ ਵਾਰ ਠੱਗ ਕਿਸਮ ਦੇ ਲੋਕ ਆਪਣੇ ਹੱਥ ਰੰਗ ਜਾਂਦੇ ਹਨ। ਲਾਲਚ ਹਿਤ ਅਸੀਂ ਕਈ ਵਾਰ ਆਪਣੀਆਂ ਜੇਬਾਂ ਵੀ ਖਾਲੀ ਕਰਵਾ ਬਹਿੰਦੇ ਹਾਂ। ਲੋਕਾਂ ਨੂੰ ਅਜਿਹੇ ਹੀ ਜਾਲ ਵਿੱਚ ਫਸਾ ਕੇ ਲੁੱਟਣ ਵਾਲੇ ਗਰੋਹ ਹਰ ਜਗ੍ਹਾ ਮਿਲ ਜਾਣਗੇ। ਸਕਾਟਲੈਂਡ ਵਸਦੇ ਲੋਕਾਂ ਨੂੰ ਅਚਾਨਕ ਹੀ ਆਉਂਦੀਆਂ ਫੋਨ ਕਾਲਾਂ ਤੋਂ ਸਾਵਧਾਨ ਰਹਿਣ ਲਈ ਪੁਲਿਸ ਵੱਲੋਂ ਚਿਤਾਵਨੀ ਦਿੱਤੀ ਗਈ ਹੈ। ਕੰਪਿਊਟਰ ਜ਼ਰੀਏ ਹੁੰਦੀ ਆਟੋਮੇਟਡ ਕਾਲ ਰਾਹੀਂ ਸੁਣਨ ਵਾਲੇ ਨੂੰ ਆਪਣੇ ਫੋਨ ਤੋਂ 1 ਨੰਬਰ ਡਾਇਲ ਕਰਨ ਲਈ ਕਿਹਾ ਜਾਂਦਾ ਹੈ। ਇਸ ਉਪਰੰਤ ਗਾਹਕ ਸੇਵਾ ਕੇਂਦਰ ਵੱਲੋਂ ਕੋਈ ਸ਼ਖਸ ਗੱਲ ਕਰਨ ਲਗਦਾ ਹੈ ਅਤੇ ਮੁਕੰਮਲ ਤੌਰ ਉੱਤੇ ਭਰੋਸੇ ਵਿੱਚ ਲੈਣ ਉਪਰੰਤ ਬੈਂਕ ਦੇ ਖਾਤੇ ਆਦਿ ਬਾਰੇ ਪੁੱਛਗਿੱਛ ਕਰਦਾ ਹੈ। ਇਸ ਆਨਲਾਈਨ ਠੱਗੀ ਦੀ ਸ਼ਿਕਾਰ ਸਕਾਟਲੈਂਡ ਦੀ ਹੀ ਇੱਕ ਔਰਤ ਹੋਈ ਹੈ ਜਿਸ ਕੋਲੋਂ 80,ਹਜ਼ਾਰ ਪੌਂਡ ਇਹ ਕਹਿ ਕੇ ਠੱਗ ਲਏ ਗਏ ਕਿ “ਉਸਦਾ ਐਮਾਜ਼ੋਨ ਪ੍ਰਾਈਮ ਖਾਤਾ ਹੈਕ ਹੋ ਗਿਆ ਹੈ ਅਤੇ ਉਸਦੇ ਬੈਂਕ ਖਾਤੇ ਵਿੱਚ ਪਏ ਪੌਂਡ ਕਿਸੇ ਸੁਰੱਖਿਅਤ ਖਾਤੇ ਵਿੱਚ ਤਬਦੀਲ ਕਰਨੇ ਜ਼ਰੂਰੀ ਹਨ।” ਇਸ ਤੋਂ ਬਾਅਦ ਠੱਗਾਂ ਨੇ ਆਪਣਾ ਕੋਈ ਖਾਤਾ ਨੰਬਰ ਦੇ ਕੇ ਸਾਰੇ ਪੌਂਡ ਉਸ ਵਿੱਚ ਢੇਰੀ ਕਰਵਾ ਲਏ।

ਬੇਸ਼ੱਕ ਇਸ ਤਰ੍ਹਾਂ ਦੀਆਂ ਠੱਗੀਆਂ ਦੀ ਸਕੀਮ ਇੰਗਲੈਂਡ ਵਿੱਚ ਜਾਣੀ ਪਛਾਣੀ ਹੈ ਪਰ ਠੱਗ ਕਿਸਮ ਦੇ ਲੋਕ ਗੱਲਬਾਤ ਰਾਹੀਂ ਠੱਗਣ ਵਿੱਚ ਮਾਹਿਰ ਹੁੰਦੇ ਹਨ। ਸਕਾਟਲੈਂਡ ਪੁਲਿਸ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਰਾਹੀਂ ਕਿਹਾ ਗਿਆ ਹੈ ਕਿ ਬੇਸ਼ੱਕ ਤੁਸੀਂ ਖੁਦ ਵੀ ਕਾਲ ਕਰ ਰਹੇ ਹੋਵੋਂ, ਬਿਨਾਂ ਮਤਲਬ ਤੋਂ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ। ਫੋਨ ਉੱਤੇ ਗੱਲ ਕਰਦੇ ਵਕਤ ਕਿਸੇ ਨੂੰ ਵੀ ਆਪਣੇ ਬੈਂਕ ਦੇ ਕਾਰਡ ਜਾਂ ਕਰੈਡਿਟ ਕਾਰਡ ਦੀ ਜਾਣਕਾਰੀ ਸਾਂਝੀ ਕਰਨੋਂ ਸੰਕੋਚ ਕਰੋ। ਅਜਿਹੀ ਕਿਸੇ ਵੀ ਫੋਨ ਕਾਲ ਉੱਤੇ ਗੱਲ ਅੱਗੇ ਨਾ ਵਧਾਓ ਜਿਸ ਰਾਹੀਂ ਤੁਹਾਨੂੰ ਲਾਟਰੀ ਜਾਂ ਕੋਈ ਹੋਰ ਇਨਾਮ ਜਿੱਤਣ ਦਾ ਚੋਗਾ ਪਾਇਆ ਜਾ ਰਿਹਾ ਹੋਵੇ। ਪੁਲਿਸ ਵੱਲੋਂ ਸਪਸ਼ਟ ਕਿਹਾ ਗਿਆ ਹੈ ਕਿ “ਅਜਿਹੀ ਲਾਟਰੀ ਤੁਹਾਨੂੰ ਕਦੇ ਵੀ ਨਹੀਂ ਨਿੱਕਲੇਗੀ, ਜਿਹੜੀ ਤੁਸੀਂ ਪਾਈ ਹੀ ਨਹੀਂ ਹੈ।” ਇਨਾਮ ਜਾਂ ਲਾਟਰੀ ਦੀ ਰਾਸ਼ੀ ਦੇਣ ਤੋਂ ਪਹਿਲਾਂ ਟੈਕਸ ਰਾਸ਼ੀ ਜਮ੍ਹਾਂ ਕਰਵਾਉਣ ਦੇ ਨਾਂਅ ਉੱਤੇ ਮੰਗੀ ਜਾਂਦੀ ਰਾਸ਼ੀ ਕਦੇ ਵੀ ਨਾ ਦਿਓ।

ਸਕਾਟਲੈਂਡ ਪੁਲਿਸ ਨੇ ਮਦਰਵੈੱਲ ਇਲਾਕੇ ਦੇ ਵਸਨੀਕ ਮੁਹੰਮਦ ਰਫੀਕ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸਨੇ ਮਹਿਜ਼ 8 ਮਹੀਨੇ ਵਿੱਚ 33 ਬਜ਼ੁਰਗਾਂ ਕੋਲੋਂ ਛੇ ਲੱਖ ਤੀਹ ਹਜ਼ਾਰ ਪੌਂਡ ਠੱਗ ਲਏ ਸਨ। ਮੁਹੰਮਦ ਰਫੀਕ ਆਪਣੇ ਆਪ ਨੂੰ ਲੋਕਾਂ ਨਾਲ ਫਰਾਡ ਕਰਨ ਵਾਲਿਆਂ ਦੀ ਛਾਣਬੀਣ ਕਰਨ ਵਾਲਾ ਅਫਸਰ ਦੱਸ ਕੇ ਭਰੋਸੇ ਵਿੱਚ ਲੈਂਦਾ ਸੀ। ਅੰਤ 34 ਸਾਲਾ ਮੁਹੰਮਦ ਰਫੀਕ ਉਦੋਂ ਪੁਲਿਸ ਅੜਿੱਕੇ ਆ ਗਿਆ ਜਦੋਂ ਉਸਨੇ ਕੈਂਟ ਇਲਾਕੇ ਦੀ ਇੱਕ ਬਜ਼ੁਰਗ ਔਰਤ ਨੂੰ ਬਾਰਾਂ ਹਜ਼ਾਰ ਪੌਂਡ ਟਰਾਂਸਫਰ ਕਰਨ ਲਈ ਕਿਹਾ। ਉਸ ਔਰਤ ਨੇ ਪੁਲਿਸ ਨਾਲ ਸੰਪਰਕ ਕਰਕੇ ਦੱਸਿਆ ਕਿ ਇੱਕ ਆਦਮੀ ਆਪਣੇ ਆਪ ਨੂੰ ਫਰਾਡ ਇਨਵੈਸਟੀਗੇਸ਼ਨ ਅਫਸਰ ਦੱਸ ਕੇ ਉਸ ਨੂੰ ਇੱਕ ਸੁਰੱਖਿਅਤ ਖਾਤੇ ਵਿੱਚ ਪੌਂਡ ਟਰਾਂਸਫਰ ਕਰਨ ਨੂੰ ਕਹਿ ਰਿਹਾ ਹੈ, ਜਦੋਂ ਕਿ ਉਸਦਾ ਕਹਿਣਾ ਹੈ ਕਿ ਉਸਦਾ (ਔਰਤ ਦਾ) ਖਾਤਾ ਠੱਗਾਂ ਵੱਲੋਂ ਹੈਕ ਕਰ ਲਿਆ ਗਿਆ ਹੈ।

ਗਲਾਸਗੋ ਪੁਲਿਸ ਵੱਲੋਂ ਇਸੇ ਸਾਲ ਹੀ ਇੱਕ ਆਦਮੀ ਵੱਲੋਂ 65 ਹਜ਼ਾਰ ਪੌਂਡ ਦੀ ਠੱਗੀ ਦਾ ਸ਼ਿਕਾਰ ਹੋਣ ਬਾਰੇ ਦੱਸਿਆ ਹੈ। ਇਸ ਸੰਬੰਧੀ ਲੋਕਾਂ ਨੂੰ ਐਮਾਜ਼ੋਨ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਐਮਾਜ਼ੋਨ ਦਾ ਨਾਂਅ ਵਰਤ ਕੇ ਜੇਕਰ ਤੁਹਾਡੇ ਕੋਲੋਂ ਨਿੱਜੀ ਜਾਣਕਾਰੀ ਦੀ ਮੰਗ ਕਰਦਾ ਹੈ ਤਾਂ ਕਦੇ ਵੀ ਵਿਸ਼ਵਾਸ ਨਾ ਕਰੋ। ਲੰਡਨ ਵਿੱਚ ਇਹ ਧੋਖਾਧੜੀ ਇਸ ਕਦਰ ਪੈਰ ਪਸਾਰ ਚੁੱਕੀ ਹੈ ਕਿ ਅਪ੍ਰੈਲ 2018 ਤੋਂ ਅਪ੍ਰੈਲ 2019 ਤੱਕ ਲੰਡਨ ਪੁਲਿਸ ਦੇ ਨੈਸ਼ਨਲ ਫਰਾਡ ਇੰਟੈਲੀਜੈਂਸ ਬਿਊਰੋ ਕੋਲ 23500 ਸ਼ਿਕਾਇਤਾਂ ਆਈਆਂ ਸਨ। ਇੰਗਲੈਂਡ ਦੇ ਲੋਕਾਂ ਨੂੰ ਇੱਕ ਸੈਕਿੰਡ ਵਿੱਚ ਔਸਤਨ 8 ਫਰਾਡ ਕਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦੋਂਕਿ ਇੱਕ ਮਹੀਨੇ ਵਿੱਚ ਇਹਨਾਂ ਕਾਲਾਂ ਦੀ ਗਿਣਤੀ 21 ਮਿਲੀਅਨ ਤੱਕ ਪਹੁੰਚ ਜਾਂਦੀ ਹੈ।

ਜਦੋਂ ਅੱਜ ਤੋਂ 10 ਵਰ੍ਹੇ ਪਿਛਾਂਹ ਝਾਤ ਮਾਰਦਾ ਹਾਂ ਤਾਂ ਇੱਕ ਦੋਸਤ ਵੱਲੋਂ ਪੰਜਾਬ ਤੋਂ ਕੀਤੀ ਫੋਨ ਕਾਲ ਯਾਦ ਆਉਂਦੀ ਹੈ। ਉਸ ਦੋਸਤ ਨੇ ਮੈਂਨੂੰ ਇਹ ਦੱਸਣ ਲਈ ਫੋਨ ਕੀਤਾ ਸੀ ਕਿ ਉਸਦਾ ਫੋਨ ਨੰਬਰ ਇੰਗਲੈਂਡ ਦੀ ਕਿਸੇ ਲਾਟਰੀ ਵੱਲੋਂ ਚੁਣਿਆ ਗਿਆ ਹੈ ਤੇ ਉਸ ਨੂੰ ਲਗਭਗ 50 ਹਜ਼ਾਰ ਦੀ ਰਾਸ਼ੀ ਮਿਲਣ ਵਾਲੀ ਹੈ। ਅਸਲ ਗੱਲ ਇਹ ਸੀ ਕਿ ਉਸ ਵੀਰ ਨੂੰ ਫੋਨ ’ਤੇ ਮੈਸੇਜ ਹੀ ਇਹ ਮਿਲਿਆ ਸੀ ਤੇ ਉਸ “ਅਚਾਨਕ“ ਬਿਨਾਂ ਟਿਕਟ ਖਰੀਦਿਆਂ ਜਿੱਤੀ ਲਾਟਰੀ ਦੀ ਰਾਸ਼ੀ ਦਾ ਬਣਦਾ ਟੈਕਸ ਪਹਿਲਾਂ ਭਰਨ ਦੀ ਬੇਨਤੀ ਵੀ ਕੀਤੀ ਗਈ ਸੀ। ਮੈਂ ਬਹੁਤ ਹੀ ਇਮਾਨਦਾਰੀ ਨਾਲ ਉਸ ਵੀਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਸ ਤਰ੍ਹਾਂ ਦੀਆਂ ਫੋਨ ਕਾਲਾਂ, ਈਮੇਲਾਂ ਠੱਗੀ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੁੰਦੀਆਂ। ਪਰ ਮੁਫ਼ਤ ਵਿੱਚ ਮਿਲੀ ਸਲਾਹ ਨੂੰ ਅਣਸੁਣਿਆ ਕਰਕੇ ਉਸ ਵੀਰ ਨੇ ਟੈਕਸ ਰਾਸ਼ੀ ਠੱਗਾਂ ਵੱਲੋਂ ਦੱਸੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੀ। ਸਿਤਮ ਦੀ ਗੱਲ ਇਹ ਕਿ ਉਸ ਨੂੰ ਇਹ ਵੀ ਪਤਾ ਨਹੀਂ ਲੱਗਿਆ ਕਿ ਉਸ ਨੂੰ ਠੱਗ ਕੌਣ ਗਿਆ, ਲਾਟਰੀ ਵਾਲੀ ਰਾਸ਼ੀ ਮਿਲਣੀ ਤਾਂ ਦੂਰ ਦੀ ਗੱਲ ਸੀ। ਅੱਜ ਬੇਸ਼ੱਕ ਤਕਨੀਕ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਠੱਗ ਵੀ ਇਸੇ ਯੁੱਗ ਵਿੱਚ ਹੀ ਵਿਚਰਦੇ ਹੋਣ ਕਰਕੇ ਨਾਲੋ ਨਾਲ ਤਰੱਕੀ ਕਰ ਰਹੇ ਹਨ। ਸਿਰਫ ਲੋੜ ਹੈ ਤਾਂ ਫੂਕ ਫੂਕ ਕੇ ਕਦਮ ਪੁੱਟਣ ਦੀ, ਨਹੀਂ ਤਾਂ ਕੋਈ ਪਤਾ ਨਹੀਂ ਕਿ ਕੌਣ ਕਦੋਂ ਤੇ ਕਿੱਥੇ ਤੁਹਾਡੀ ਜੇਬ ਵਿੱਚ ਮੋਰੀਆਂ ਕਰ ਜਾਵੇ।

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1999)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਮਨਦੀਪ ਖੁਰਮੀ

ਮਨਦੀਪ ਖੁਰਮੀ

Mandeep Khurmi Himmatpura.
Phone: (44 - 75191 - 12312)

Email: (mandeepkhurmi4u@gmail.com)

 

More articles from this author