SurjitK7ਇਸ ਸਮੱਸਿਆ ਬਾਰੇ ਜਿੰਨਾ ਵੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ...
(26 ਅਪਰੈਲ 2020)

 

ਸਰਦ ਰੁੱਤ ਦੀ ਪਹਿਲੀ ਬਰਫ਼ ਦਾ ਆਗਮਨ ਹੋਇਆ ਤਾਂ ਰੁੰਡ-ਮੁੰਡ ਹੋਏ ਰੁੱਖਾਂ ਦੀਆਂ ਨੰਗੀਆਂ ਟਹਿਣੀਆਂ ਉੱਤੇ ਲਟਕਦਿਆਂ ਫੰਭਿਆਂ ਨੂੰ ਵੇਖ ਇਉਂ ਜਾਪਿਆ ਜਿਵੇਂ ਕੁਦਰਤ ਰਾਣੀ ਰੂੰ ਦੇ ਵਿੱਚ ਨਹਾ ਕੇ ਆਈ ਹੋਵੇ ਅਤੇ ਆਪਣੇ ਪਿੰਡੇ ਨੂੰ ਸੁਕਾਉਣ ਲਈ ਕੁਝ ਰੂਈ ਛੰਡਕ ਕੇ ਜ਼ਮੀਨ ’ਤੇ ਸੁੱਟੀ ਜਾਂਦੀ ਹੋਵੇਢੇਰਾਂ ਦੇ ਢੇਰ ਬਰਫ਼ ਨੂੰ ਵੇਖ ਕੇ ਅਕਸਰ ਹੈਰਾਨੀ ਹੁੰਦੀ ਹੈ ਕਿ ਇਹ ਕਿੱਥੋਂ ਆ ਗਈ? ਪਾਣੀ ਨੂੰ ਇਸ ਰੂਪ ਵਿੱਚ ਸਾਂਭਣ ਦੀ ਕਿਹੀ ਸੁਹਣੀ ਵਿਉਂਤ ਬਣਾਈ ਏ ਕੁਦਰਤ ਨੇ!

ਪਾਣੀ ਦੇ ਕਿੰਨੇ ਰੂਪ ਨੇ! ਪਾਣੀ ਕਦੇ ਬੱਦਲ ਬਣ ਅੰਬਰੀਂ ਉਡ ਜਾਂਦਾ ਏਕਦੀ ਮੀਂਹ ਬਣ ਕੇ ਉੱਪਰੋਂ ਛਮ-ਛਮ ਵਰ੍ਹ ਪੈਂਦਾ ਏਕਦੇ ਆਪਣੇ ਠੋਸ ਰੂਪ ਵਿੱਚ ਬਰਫ਼ ਬਣ ਧਰਤੀ ’ਤੇ ਜੰਮ ਜਾਂਦਾ ਏ, ਕਦੇ ਭਾਫ ਦਾ ਰੂਪ ਧਾਰਨ ਕਰਦਾ ਏ। ਕਦੇ ਲਹਿਰਾਂ ਬਣ ਸਾਗਰਾਂ ਦੀ ਹਿੱਕ ’ਤੇ ਅਠਖੇਲੀਆਂ ਕਰਦਾ ਏ, ਕਦੇ ਪਹਾੜਾਂ ਵਿੱਚੋਂ ਆਬਸ਼ਾਰਾਂ ਬਣ ਹੇਠਾਂ ਡਿੱਗਦਾ ਏ ਤੇ ਕਦੀ ਨਦੀ ਰੂਪ ਹੋ ਜਾਂਦਾ ਏਨਹਿਰਾਂ, ਨਾਲੇ, ਝੀਲਾਂ, ਚਸ਼ਮੇ, ਚੋਅ ਅਤੇ ਸਾਗਰ ਸਾਰੇ ਹੀ ਪਾਣੀ ਨੂੰ ਇੱਕ ਖਾਸ ਰੂਪ ਵਿੱਚ ਪੇਸ਼ ਕਰਦੇ ਹਨ

ਇਸ ਪਾਰਦਰਸ਼ੀ ਤਰਲ ਪਦਾਰਥ ਦਾ ਕੋਈ ਰੰਗ ਨਹੀਂਬਰਫ਼ ਸਫੈਦ ਹੈ, ਸਾਗਰ ਅੰਬਰ ਦੀ ਨੀਲੱਤਣ ਸਮੋ ਕੇ ਨੀਲੀ ਭਾਅ ਮਾਰਦਾ ਹੈ, ਝਰਨਾ ਹੈ ਚਾਂਦੀ ਰੰਗਾ! ਇਹ ਪਾਣੀ ਆਪਣਾ ਰੰਗ-ਰੂਪ ਤੇ ਆਕਾਰ ਬਦਲ ਲੈਂਦਾ ਏ ਪਰ ਆਖਿਰ ਸਾਗਰ ਵਿੱਚ ਮਿਲ ਕੇ ਫੇਰ ਨੀਲ-ਸਮੁੰਦਰ ਹੋ ਜਾਂਦਾ ਏਪਾਣੀ ਦੀ ਬੂੰਦ-ਬੂੰਦ ਸਾਗਰ ਹੈ ਅਤੇ ਸਾਗਰ ਹੀ ਬੂੰਦ ਵਿੱਚ ਸਿਮਟ ਜਾਂਦਾ ਹੈਸਾਗਰ ਵਿੱਚੋਂ ਉੱਠਦੀਆਂ ਲਹਿਰਾਂ ਸਦਾ ਮਸਤੀ ਵਿੱਚ ਰਹਿੰਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਇਸ ਗੱਲ ਦਾ ਇਲਮ ਹੁੰਦਾ ਏ ਕਿ ਉਹ ਸਾਹਿਲ ਨਾਲ ਟਕਰਾ ਕੇ ਫ਼ਨਾਹ ਹੋਣਗੀਆਂ ਪਰ ਮੁੜ ਜੀਅ ਉੱਠਣਗੀਆਂ ਤੇ ਫਿਰ ਸਾਗਰ ਹੋ ਜਾਣਗੀਆਂਇਹ ਖੇਡ ਹੈ ਜੋ ਨਿਰੰਤਰ ਚੱਲ ਰਹੀ ਹੈ

ਕੁਦਰਤ ਦੇ ਨੇਮ ਅਨੁਸਾਰ ਰੁੱਤਾਂ ਬਦਲਦੀਆਂ ਹਨ। ਸਰਦ ਰੁੱਤ ਆਉਂਦੀ ਹੈ, ਬਰਫ਼ ਪੈਂਦੀ ਹੈ ਤੇ ਫਿਰ ਬਸੰਤ ਰੁੱਤ ਦਾ ਆਗਮਨ ਹੁੰਦਾ ਹੈਬਰਫ਼ ਪਿਘਲਦੀ ਹੈ ਅਤੇ ਸਮੁੰਦਰ ਵਿੱਚ ਰਲ ਕੇ ਲਹਿਰਾਂ ਦਾ ਰੂਪ ਧਾਰ ਲੈਂਦੀ ਹੈਇਹ ਚੱਕਰ ਇਵੇਂ ਹੀ ਚੱਲਦਾ ਰਹਿੰਦਾ ਹੈ ਸਦਾ! ਇਸ ਨੂੰ ਜਲਚੱਕਰ ਵੀ ਕਹਿੰਦੇ ਹਨ

ਰੁੱਤਾਂ ਦੀ ਅਦਲਾ ਬਦਲੀ ਵਾਂਗ ਜ਼ਿੰਦਗੀ ਦੇ ਰੰਗ ਵੀ ਬਦਲਦੇ ਰਹਿੰਦੇ ਹਨਕਈ ਵਾਰ ਅਨੰਤ ਖੁਸ਼ੀ ਨਾਲ ਮਨ ਦਾ ਮੋਰ ਨੱਚ ਉੱਠਦਾ ਹੈ ਅਤੇ ਕੁਝ ਹਾਦਸੇ ਅਜਿਹੇ ਹੁੰਦੇ ਹਨ ਕਿ ਮਨ ਵਿਚਲਿਤ ਹੋ ਜਾਂਦਾ ਹੈਇਹ ਹੁੰਦਾ ਹੈ ਜ਼ਿੰਦਗੀ ਦਾ ਚੱਕਰ! ਪਾਣੀ ਵਾਂਗ ਹੀ ਜ਼ਿੰਦਗੀ ਦੇ ਵੀ ਕਈ ਰੰਗ ਹਨਕੋਈ ਵੀ ਰੰਗ ਸਦੈਵ ਨਹੀਂ ਰਹਿੰਦਾਇਸ ਲਈ ਪਾਣੀ ਦੇ ਵਹਿਣ ਵਾਂਗ ਜ਼ਿੰਦਗੀ ਸਦਾ ਆਪਣੀ ਚਾਲੇ ਤੁਰਦੀ ਰਹਿੰਦੀ ਹੈਸਮੇਂ ਦਾ ਚੱਕਰ ਸਦੀਵ ਚੱਲਦਾ ਰਹਿੰਦਾ ਹੈ

ਪਾਣੀ ਜੀਵਨ ਹੈ - ਇਹ ਇੱਕ ਅਟੱਲ ਸੱਚਾਈ ਹੈਸਾਡੀ ਜ਼ਿੰਦਗੀ ਵਿੱਚ ਇਹ ਖੂਬਸੂਰਤੀ ਵੀ ਭਰਦਾ ਹੈਮਨੁੱਖ ਦੀਆਂ ਸਾਰੀਆਂ ਪੁਰਾਣੀਆਂ ਸੱਭਿਆਤਾਵਾਂ ਪਾਣੀਆਂ ਦੇ ਕੰਢਿਆਂ ’ਤੇ ਸਥਾਪਿਤ ਹੋਈਆਂਗੁਰਬਾਣੀ ਵਿੱਚ ਲਿਖਿਆ ਹੈ- ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਇਸੱਚ ਹੈ ਕਿ ਧਰਤੀ ’ਤੇ ਹਰ ਤਰ੍ਹਾਂ ਦੇ ਜੀਵਨ ਲਈ ਪਾਣੀ ਅਤਿ ਜ਼ਰੂਰੀ ਹੈ ਚਾਹੇ ਉਹ ਬਨਸਪਤੀ ਹੋਵੇ ਜਾਂ ਹੋਰ ਜੀਵ ਜੰਤੂ ਹੋਣਸਾਡੀ ਧਰਤੀ ਦਾ ਇੱਕ ਹਿੱਸਾ ਜ਼ਮੀਨ ਅਤੇ ਤਿੰਨ ਹਿੱਸੇ ਪਾਣੀ ਹੈਇੱਥੋਂ ਤੱਕ ਕਿ ਸਾਡੇ ਸਰੀਰ ਵਿੱਚ ਵੀ ਤਿੰਨ ਹਿੱਸੇ ਪਾਣੀ ਹੀ ਹੈਰਸਾਇਣ ਵਿਗਿਆਨ ਵਿੱਚ ਐੱਚ ਟੂ ਓ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਇਹ ਤਰਲ ਪਦਾਰਥ ਦੋ ਹਿੱਸੇ ਹਾਈਡਰੋਜਨ ਅਤੇ ਇੱਕ ਹਿੱਸਾ ਆਕਸੀਜਨ ਹੈਕਿਹਾ ਜਾਂਦਾ ਹੈ ਕਿ ਭੋਜਨ ਤੋਂ ਬਿਨਾ ਆਦਮੀ ਇੱਕ ਮਹੀਨਾ ਜਿੰਦਾ ਰਹਿ ਸਕਦਾ ਹੈ ਪਰ ਪਾਣੀ ਤੋਂ ਬਿਨਾ ਇੱਕ ਹਫ਼ਤਾ ਹੀ ਮਸਾਂ ਕੱਟਦਾ ਏਇੰਨੀ ਅਹਿਮੀਅਤ ਹੈ ਪਾਣੀ ਦੀ ਸਾਡੀ ਜ਼ਿੰਦਗੀ ਵਿੱਚ!

ਇਸ ਅਣਮੁੱਲੇ ਖਜ਼ਾਨੇ ਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੈਭਾਵੇਂ ਅਸੀਂ ਆਪਣੇ ਆਲੇ ਦੁਆਲੇ ਬਹੁਤ ਸਾਰਾ ਪਾਣੀ ਵੇਖਦੇ ਹਾਂਧਰਤੀ ਦਾ 70 ਪ੍ਰਤੀਸ਼ਤ ਪਾਣੀ ਨਾਲ ਢਕਿਆ ਹੋਇਆ ਹੈ ਪਰ ਇਸ ਵਿੱਚੋਂ ਤਕਰੀਬਨ ਸਾਢੇ 97 ਫੀ ਸਦੀ ਪਾਣੀ ਖਾਰਾ ਹੈ ਜੋ ਕਿ ਵਰਤੋਂ ਵਿੱਚ ਨਹੀਂ ਲਿਆਂਦਾ ਜਾ ਸਕਦਾਬਹੁਤ ਸਾਰਾ ਪਾਣੀ ਪਹਾੜਾਂ ਅਤੇ ਬਰਫ਼ ਜਾਂ ਗਲੇਸ਼ੀਅਰਾਂ ਦੇ ਰੂਪ ਵਿੱਚ ਜੰਮਿਆ ਪਿਆ ਹੈ ਜਾਂ ਮਿੱਟੀ ਵਿੱਚ ਨਮੀ ਦੇ ਰੂਪ ਵਿੱਚ ਸਮਿਲਿਤ ਹੈਇਉਂ ਵੇਖੀਏ ਤਾਂ ਸਿਰਫ਼ ਇੱਕ ਪ੍ਰਤੀਸ਼ਤ ਪਾਣੀ ਹੀ ਜੀਵਨ ਨੂੰ ਕਾਇਮ ਰੱਖਣ ਲਈ ਵਰਤਿਆ ਜਾ ਸਕਦਾ ਹੈ ਅਤੇ ਇਸ ਵਿੱਚ ਕਿਸੇ ਤਰੀਕੇ ਵਾਧਾ ਨਹੀਂ ਕੀਤਾ ਜਾ ਸਕਦਾ। ਇਸ ਲਈ ਇਸ ਨੂੰ ਸੰਭਾਲਣ ਦੀ ਬਹੁਤ ਜ਼ਰੂਰਤ ਹੈਧਰਤੀ ਉੱਤੇ ਅਬਾਦੀ ਅਤੇ ਕਾਰਖਾਨਿਆਂ ਦੇ ਵਧਣ ਕਰਕੇ ਪਾਣੀ ਦੀ ਵਰਤੋਂ ਵਧਦੀ ਜਾ ਰਹੀ ਹੈਮਿੱਠੇ ਪਾਣੀ ਦਾ ਤਕਰੀਬਨ 70 ਪ੍ਰਤੀਸ਼ਤ ਖੇਤੀ-ਬਾੜੀ ਲਈ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ ਅਤੇ ਇਵੇਂ ਇਹ ਕੀਮਤੀ ਖਜ਼ਾਨਾ ਖਾਲੀ ਹੋਣ ’ਤੇ ਆ ਗਿਆ ਹੈ

ਅਜੇ ਕੁਝ ਦਹਾਕੇ ਪਹਿਲਾਂ ਪੰਜਾਬ ਵਿੱਚ ਨਦੀਆਂ, ਨਹਿਰਾਂ ਅਤੇ ਚੋਆਂ ਵਹਿੰਦੀਆਂ ਦਿਸਦੀਆਂ ਅਤੇ ਪਿੰਡਾਂ ਵਿੱਚ ਅਕਸਰ ਛੱਪੜ ਪਾਣੀ ਨਾਲ ਭਰੇ ਰਹਿੰਦੇਹੈਂਡ ਪੰਪਾਂ ਤੋਂ ਪੀਣ ਵਾਲਾ ਸਾਫ਼-ਸੁਥਰਾ ਪਾਣੀ ਨਿਕਲਦਾ ਅਤੇ ਖੂਹਾਂ ਵਿੱਚੋਂ ਖੇਤੀਬਾੜੀ ਕਰਨ ਯੋਗ ਪਾਣੀ ਪ੍ਰਾਪਤ ਹੁੰਦਾਪਰ ਅੱਜ ਪੰਜ+ਆਬ ਬੇਆਬ ਹੋ ਗਿਆ ਹੈਦਰਿਆ ਸੁੱਕ ਗਏ ਹਨ ਅਤੇ ਧਰਤੀ ਹੇਠੋਂ ਪਾਣੀ ਖਤਮ ਹੋ ਗਿਆ ਹੈਲੋਕ ਧਰਤੀ ਨੂੰ ਹੋਰ ਡੂੰਘੀ ਤੋਂ ਡੂੰਘੀ ਪੁੱਟ ਕੇ ਪਾਣੀ ਦੀ ਕਮੀ ਨੂੰ ਪੂਰੀ ਕਰ ਰਹੇ ਹਨ ਜੋ ਕਿ ਧਰਤੀ ਲਈ ਬਹੁਤ ਘਾਤਕ ਸਿੱਧ ਹੋ ਰਿਹਾ ਹੈ

ਵੇਖਣ ਵਿੱਚ ਆਇਆ ਹੈ ਕਿ ਪੰਜਾਬ ਦਾ ਬੰਦਾ ਵਾਤਾਵਰਣ ਸੰਬੰਧੀ ਬਿਲਕੁਲ ਸੰਵੇਦਨਸ਼ੀਲ ਨਹੀਂ ਰਿਹਾਕੁਦਰਤ ਨੇ ਪੰਜਾਬ ਨੂੰ ਦਰਿਆਵਾਂ ਨਾਲ ਨਿਵਾਜਿਆ ਸੀਸਾਡੇ ਦਰਿਆ ਸਾਡੀ ਸੰਸਕ੍ਰਿਤੀ ਦਾ ਚਿੰਨ੍ਹ ਸਨਸਾਡੀ ਸੱਭਿਅਤਾ ਇੱਥੇ ਪ੍ਰਫੁੱਲਤ ਹੋਈਇਨ੍ਹਾਂ ਦਰਿਆਵਾਂ ’ਤੇ ਗੀਤ ਗਾਏ ਗਏਇਨ੍ਹਾਂ ਦੀ ਪੂਜਾ ਕੀਤੀ ਗਈਮਨ ਵਿੱਚੋਂ ਇੱਕ ਹੂਕ ਨਿਕਲਦੀ ਹੈ, ਜਦੋਂ ਉਹਨਾਂ ਦਰਿਆਵਾਂ ਨੂੰ ਅੱਜ ਸੁੱਕ ਗਏ ਵੇਖਦੇ ਹਾਂਲੋਕ ਉਨ੍ਹਾਂ ਵਿੱਚ ਗੰਦ-ਕੂੜਾ ਸੁੱਟ ਕੇ ਹੋਰ ਪੂਰੀ ਜਾ ਰਹੇ ਨੇਪਾਣੀ ਦੀ ਜਗ੍ਹਾ ਪੌਲੀਥੀਨ ਦੇ ਲਿਫਾਫੇ ਵੇਖ ਕੇ ਇੱਕ ਪਾਸੇ ਵੇਖਣ ਨੂੰ ਘਿਨਾਉਣਾ ਲੱਗਦਾ ਹੈ, ਦੂਜੇ ਪਾਸੇ ਮਿੱਟੀ ਨੂੰ ਨੁਕਸਾਨ ਪਹੁੰਚਾਉਂਦਾ ਹੈਕਾਰਖਾਨਿਆਂ ਦਾ ਗੰਦ ਅਤੇ ਨਾਲੀਆਂ ਦਾ ਗੰਦਾ ਪਾਣੀ ਜ਼ਮੀਨ ਵਿੱਚ ਦੱਬਿਆ ਜਾ ਰਿਹਾ ਹੈ ਜਿਸ ਨਾਲ ਜ਼ਮੀਨ ਹੇਠਲਾ ਪਾਣੀ ਦੂਸ਼ਿਤ ਹੋ ਗਿਆ ਹੈਕੀਰਤਪੁਰ ਵਰਗੇ ਥਾਂਵਾਂ ’ਤੇ, ਜਿੱਥੇ ਬੇਈਂ ਵਿੱਚ ਪਹਿਲਾਂ ਹੀ ਪਾਣੀ ਨਾਮਾਤਰ ਹੈ, ਲੋਕ ਰਾਖ ਦੀਆਂ ਬੋਰੀਆਂ ਦੀਆਂ ਬੋਰੀਆਂ ਨਾਲ ਉਸ ਨੂੰ ਪੂਰਦੇ ਜਾ ਰਹੇ ਨੇਹਾਲਾਤ ਨੂੰ ਵੇਖ ਕੇ ਚਾਹੀਦਾ ਇਹ ਹੈ ਕਿ ਮੁੱਠੀ ਭਰ ਰਾਖ ਹੀ ਬੇਂਈਂ ਵਿੱਚ ਸੁੱਟੀ ਜਾਵੇ ਬਾਕੀ ਰਾਖ ਨੂੰ ਧਰਤੀ ਹੇਠਾਂ ਦਬਾ ਦੇਣਾ ਚਾਹੀਦਾ ਹੈ

ਅਸੀਂ ਵੇਖਦੇ ਹਾਂ ਕਿ ਅੱਜ ਪੰਜਾਬ ਦਾ ਪਾਣੀ ਅਸ਼ੁੱਧ ਹੋ ਚੁੱਕਾ ਹੈ ਅਤੇ ਬਹੁਤ ਸਾਰੀਆਂ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈਪਹਿਲਾਂ ਮਨੁੱਖ ਨੇ ਪਾਣੀ ਲਈ ਖਤਰਾ ਪੈਦਾ ਕੀਤਾ ਹੁਣ ਪਾਣੀ ਬੰਦੇ ਲਈ ਖਤਰਨਾਕ ਹੋ ਗਿਆ ਹੈਇਹ ਸਮੱਸਿਆ ਹਰ ਆਦਮੀ ਦੀ ਸਮੱਸਿਆ ਹੈਇਹ ਸੋਚ ਕੇ ਅਤਿਅੰਤ ਦੁੱਖ ਹੁੰਦਾ ਹੈ ਕਿ ਜੇ ਹਾਲਾਤ ਇਹੀ ਰਹੇ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੀਣ ਲਈ ਪਾਣੀ ਨਹੀਂ ਮਿਲੇਗਾਕਿਹਾ ਜਾ ਰਿਹਾ ਹੈ ਕਿ ਅੱਜ ਤੋਂ ਨੌਂ ਸਾਲ ਬਾਅਦ ਵਰਤਣ ਵਾਲਾ ਪਾਣੀ ਖਤਮ ਹੋ ਜਾਏਗਾ, ਜਿਵੇਂ ਅੱਜ ਕੇਪ ਟਾਊਨ ਵਿੱਚ ਹੋਇਆ ਹੈਪਰ ਅਸੀਂ ਇਸ ਗੱਲ ਵੱਲ ਧਿਆਨ ਨਹੀਂ ਦੇ ਰਹੇਪਾਣੀ ਦੀ ਬੋਤਲ ਵਿੱਚੋਂ ਦੋ ਘੁੱਟ ਪੀ ਕੇ ਬਾਕੀ ਦਾ ਪਾਣੀ ਬੇਕਾਰ ਸੁੱਟਣ ਵੇਲੇ ਅਸੀਂ ਇਸ ਬਾਰੇ ਬਿਲਕੁਲ ਨਹੀਂ ਸੋਚਦੇਆਰ ਓ ਵਿੱਚੋਂ ਕਿੰਨਾ ਪਾਣੀ ਜ਼ਾਇਆ ਜਾਈ ਜਾਂਦਾ ਹੈ, ਇਸ ਬਾਰੇ ਅਸੀਂ ਬਿਲਕੁਲ ਨਹੀਂ ਸੋਚਦੇਅਸੀਂ ਇੰਨੇ ਅਸੰਵੇਦਨਸ਼ੀਲ ਕਦੋਂ ਤੋਂ ਹੋ ਗਏ?

ਜਿਸ ਪੰਜਾਬ ਵਿੱਚ ਭਾਈ ਘਨਈਆ ਦੁਸ਼ਮਣਾਂ ਦੇ ਮੂੰਹ ਵਿੱਚ ਵੀ ਪਾਣੀ ਪਾਉਂਦਾ ਰਿਹਾ, ਉਸ ਪੰਜਾਬ ਵਿੱਚੋਂ ਅਸੀਂ ਪਾਣੀ ਮੁਕਾਉਣ ’ਤੇ ਤੁਲੇ ਹੋਏ ਹਾਂਕੀ ਸਾਨੂੰ ਹਰ ਗੱਲ ਸਰਕਾਰਾਂ ਉੱਤੇ ਛੱਡ ਦੇਣੀ ਚਾਹੀਦੀ ਹੈ? ਕੀ ਆਮ ਆਦਮੀ ਦਾ ਕੋਈ ਫਰਜ਼ ਨਹੀਂ ਬਣਦਾ? ਕਿੰਨੀ ਜਗਾਹ ਵੇਖਿਆ ਹੈ ਕਿ ਪਾਣੀ ਦੇ ਨਲਕੇ ਬੇਕਾਰ ਚੱਲਦੇ ਰਹਿੰਦੇ ਹਨਭਾਂਡੇ ਧੋਂਦਿਆਂ, ਬਰੱਸ਼ ਕਰਦਿਆਂ, ਨਹਾਉਂਦਿਆਂ-ਧੋਂਦਿਆਂ ਜਾਂ ਹੋਰ ਕਰਮ ਕਰਦਿਆਂ ਪਾਣੀ ਦੀ ਸੰਜਮ ਨਾਲ ਵਰਤੋਂ ਕਰਕੇ ਹੀ ਅਸੀਂ ਕਿੰਨਾ ਪਾਣੀ ਬਚਾ ਸਕਦੇ ਹਾਂਮੀਂਹ ਦਾ ਪਾਣੀ ਇਕੱਠਾ ਕਰਕੇ ਬਾਗਬਾਨੀ ਲਈ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈਵਗਦੇ ਪਾਣੀਆਂ ਵਿੱਚ ਗੰਦ ਨਾ ਸੁੱਟਣ ਨਾਲ ਵੀ ਅਸੀਂ ਕੁਝ ਕੁ ਜ਼ਿੰਮੇਵਾਰੀ ਤਾਂ ਨਿਭਾ ਹੀ ਸਕਦੇ ਹਾਂਪਾਣੀ ਦੀ ਸੰਭਾਲ ਕੇ ਵਰਤੋਂ ਕਰਕੇ ਅਸੀਂ ਇਸ ਗੰਭੀਰ ਸਮੱਸਿਆ ਨੂੰ ਕੁਝ ਹੱਦ ਤੱਕ ਸੁਲਝਾਉਣ ਵਿੱਚ ਮਦਦ ਕਰ ਸਕਦੇ ਹਾਂਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਇਸ ਸਮੱਸਿਆ ਬਾਰੇ ਜਿੰਨਾ ਵੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ, ਉੰਨਾ ਕਰੀਏ

ਆਉ ਕੁਝ ਕਰੀਏ ਤਾਂ ਕਿ ਜਿਹੜੇ ਪਾਣੀ ਦੇ ਖੂਬਸੂਰਤ ਰੂਪ- ਬਰਫ਼, ਬਰਖਾ, ਬੱਦਲ, ਸਮੁੰਦਰ, ਝੀਲਾਂ ਅਤੇ ਝਰਨੇ ਅਸੀਂ ਮਾਣਦੇ ਹਾਂ, ਉਹ ਆਉਣ ਵਾਲੇ ਸਮਿਆਂ ਵਿੱਚ ਕਿਤੇ ਸੁੱਕ ਨਾ ਜਾਣਸਿੰਧ ਘਾਟੀ ਦੀ ਸਭਿਅਤਾ ਕੁਦਰਤ ਨੇ ਖਤਮ ਕੀਤੀ ਸੀ, ਇਸ ਜੀਵਨ ਨੂੰ ਅਸੀਂ ਕਿਤੇ ਖੁਦ ਹੀ ਨਾ ਸਮਾਪਤ ਕਰ ਦੇਈਏਦੇਖਿਉ ਕਿਤੇ ‘ਜਲ ਬਿਨ ਸਾਖ’ (ਜ਼ਿੰਦਗੀ ਦੀ) ਕੁਮਲਾ ਨਾ ਜਾਵੇ

**

ਉਤਸਵ

ਉਸ ਦਿਨ

ਪਤਝੜ ਨੇ
ਹੌਲ਼ੀ ਜਿਹੀ ਮੈਂਨੂੰ ਕਿਹਾ-

ਵੇਖਦੀ ਏਂ
ਕੇਸਰੀ ਅੰਬਰ ਤੋਂ
ਸਰਕਦਾ ਸਰਕਦਾ ਸੂਰਜ
ਸਹਿਜੇ ਸਹਿਜੇ
ਧਰਤੀ ਦੀ ਧੁੰਨੀ ਨੂੰ ਜਾ ਲੱਗੈ!

ਅਚਾਨਕ ਬਾਰੀ ਵਿੱਚੋਂ,
ਇਕ ਮੱਧਮ ਜਿਹੀ ਆਵਾਜ਼ ਉੱਭਰੀ,

ਮੈਂ ਵੇਖਿਆ
ਰੁੱਖ ਤੋਂ ਡਿੱਗ ਕੇ ਇੱਕ ਸੁੱਕਾ ਪੱਤਾ
ਸਹਿਮਿਆ ਜਿਹਾ
ਧਰਤੀ ’ਤੇ ਪਿਆ
ਥਰ ਥਰ ਕੰਬ ਰਿਹਾ ਸੀ!

ਮੈਂ ਤ੍ਰਭਕੀ
ਆਪ ਮੁਹਾਰੇ ਧਿਆਨ ਉਚਕ ਕੇ
ਪਿਤਾ ਜੀ ਦੇ ਕਮਰੇ ਵੱਲ ਦੌੜਿਆ!

ਸੁੰਨੇ ਜਿਹੇ ਕਮਰੇ ਵਿੱਚ
ਇਕੱਲੇ ਬੈਠੇ
ਅਠਾਨ੍ਹਵੇਂ ਵਰ੍ਹਿਆਂ ਦੇ ਬਜ਼ੁਰਗ -
ਮੇਰੇ ਪਿਤਾ
ਟੀ. ਵੀ. ’ਤੇ ਚੱਲ ਰਿਹਾ
ਕ੍ਰਿਕਟ ਦਾ ਮੈਚ ਵੇਖ ਰਹੇ ਸਨ!

ਮਸਾਂ ਸਾਹ ਵੱਲ ਹੋਇਆ ਸੀ
ਕਿ ਚਾਣਚੱਕ
ਵਾਤਾਵਰਣ ਵਿੱਚ
ਇਕ ਹੋਰ ਆਵਾਜ਼ ਨਿੱਤਰੀ!

ਇਸ ਬਾਰ ਤੱਕਿਆ ਤਾਂ
ਕੋਈ ਸੁੱਕਾ ਪੱਤਾ ਨਹੀਂ ਸੀ ਡਿੱਗਿਆ
ਸਗੋਂ ਮੇਰੇ ਪਿਤਾ ਨੇ
ਉੱਚੇ ਠਹਾਕੇ ਤੋਂ ਬਾਅਦ
ਜ਼ੋਰ ਦੀ ਤਾੜੀ ਮਾਰੀ ਸੀ,
ਸ਼ਾਇਦ ਉਨ੍ਹਾਂ ਦੀ ਚਹੇਤੀ ਟੀਮ
ਜਿੱਤ ਗਈ ਸੀ!

ਮੈਂ ਹੱਸ ਪਈ,
ਅੰਬਰ ਵੱਲ ਤੱਕਿਆ -
ਬਾਰੀ ਵਿੱਚੋਂ ਨਿੱਕਲ ਕੇ
ਪੂਰੇ ਦਾ ਪੂਰਾ ਸੰਧੂਰੀ ਸੂਰਜ
ਮੇਰੇ ਪਿਤਾ ਦੇ ਕਮਰੇ ਵਿੱਚ ਭਰ ਆਇਆ ਸੀ!

ਮੈਂ
ਹੌਲੇ ਜਿਹੇ ਪਤਝੜ ਨੂੰ ਆਖਿਆ -
ਜੇ ਜਿਊਣ ਦਾ ਵੱਲ ਆ ਜਾਵੇ
ਤਾਂ ਹਰ ਵਰੇਸ ਉਤਸਵ ਹੁੰਦੀ ਏ!

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2082)

(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)

About the Author

ਸੁਰਜੀਤ

ਸੁਰਜੀਤ

Brampton, Ontario, Canada.
Email: (surjitk33@gmail.com)