“‘ਈਸ਼ਵਰ ਕੀ ਖੋਜ’ ਵਿੱਚ ਇੱਕ ਹਵਾਲਾ ਮਿਲਦਾ ਹੈ ਕਿ 1956 ਵਿੱਚ ਉੱਤਰ ਪ੍ਰਦੇਸ਼ ਦੇ ...”
(2 ਨਵੰਬਰ 2019)
ਮਾਤ ਗਰਭ ਅਗਨ ਕੁੰਡ ਹੈ। ਇੱਥੇ ਹਰ ਵਕਤ ਅੱਗ ਬਲਦੀ ਹੈ। ਗਰਭ ਵਿੱਚ ਬੱਚਾ ਪੁੱਠਾ ਲਮਕਦਾ ਹੈ ਅਤੇ ਰੱਬ ਅੱਗੇ ਅਰਦਾਸਾਂ ਕਰਦਾ ਹੈ ਕਿ ਮੈਂਨੂੰ ਇੱਥੋਂ ਬਾਹਰ ਕੱਢ ਲੈ। ਮੈਂ ਬਾਹਰ ਆ ਕੇ ਤੇਰਾ ਨਾਮ ਜਪੂੰਗਾ, ਆਦਿ ਵਰਗੇ ਵਿਖਿਆਨਾਂ ਨਾਲ ਭਾਰਤੀ ਧਰਮਾਂ ਦੇ ਸਾਰੇ ਗਰੰਥ ਭਰੇ ਪਏ ਹਨ। ਉਹ ਇਹ ਵੀ ਕਹਿੰਦੇ ਹਨ ਕਿ ਮਾਹਵਾਰੀ ਵਾਲੇ ਦਿਨਾਂ ਵਿੱਚ ਔਰਤ ਅਪਵਿੱਤਰ ਹੁੰਦੀ ਹੈ ਅਤੇ ਬਹੁਤੇ ਮੰਦਰਾਂ ਵਿੱਚ ਔਰਤ ਨੂੰ ਇਹਨਾਂ ਦਿਨਾਂ ਵਿੱਚ ਅੰਦਰ ਜਾਣ ਦੀ ਆਗਿਆ ਨਹੀਂ। ਇਸ ਵਿਗਿਆਨਕ ਯੁੱਗ ਵਿੱਚ ਵੀ ਇਹ ਵਰਤਾਰਾ ਚਲਦਾ ਦੇਖ ਕੇ ਬੇਹੱਦ ਦੁੱਖ ਅਤੇ ਹੈਰਾਨੀ ਹੁੰਦੀ ਹੈ। ਔਰਤ ਮਾਂ ਹੈ, ਸਿਰਜਣਹਾਰੀ ਹੈ। ਮਾਹਵਾਰੀ ਆਉਣ ਵਾਲੇ ਦਿਨ ਬੱਚੇ ਦੀ ਸ਼ੁਰੂਆਤ ਹੁੰਦੀ ਹੈ ਜਿਸਨੂੰ ਧਰਮ ਅਪਵਿੱਤਰ ਗਿਣਦੇ ਹਨ। ਜੇ ਇਹ ਨਾ ਹੋਵੇ ਤਾਂ ਮਨੁੱਖਤਾ ਦਾ ਜਨਮ ਹੀ ਨਾ ਹੋਵੇ। ਗਰਭ ਨੂੰ ਅਗਨ ਕੁੰਡ ਕਹਿਣਾ ਔਰਤ ਦੀ ਸਭ ਤੋਂ ਵੱਡੀ ਤੌਹੀਨ ਹੈ। ਮਰਦ ਭਗਤ, ਗੁਰੂ, ਆਦਿ ਵਾਰ ਵਾਰ ਇਹ ਲਿਖ ਕੇ ਆਪਣੀ ਮਾਂ ਦਾ ਹੀ ਅਪਮਾਨ ਕਰਦੇ ਹਨ। ਵਿਗਿਆਨ ਅਨੁਸਾਰ ਮਾਂ ਦਾ ਗਰਭ (ਬੱਚੇਦਾਨੀ ਦੀ ਝਿੱਲੀ) ਬੱਚੇ ਲਈ ਸਭ ਤੋਂ ਸੁਰੱਖਿਤ ਥਾਂ ਹੁੰਦੀ ਹੈ। 280 ਦਿਨ (ਜਾਂ ਇੱਕ ਅੱਧ ਵੱਧ ਘੱਟ) ਦਿਨ ਬੱਚਾ ਇਸ ਝਿੱਲੀ ਵਿੱਚ ਗੁਜ਼ਾਰਦਾ ਹੈ, ਦਸ ਮਹੀਨੇ ਨਹੀਂ (ਜਿਵੇਂ ਕਿ ਗਰੰਥ ਕਹਿੰਦੇ ਹਨ।) ਪਹਿਲੇ ਤਿੰਨ ਮਹੀਨੇ ਬੱਚੇ ਦੇ ਅੰਗ ਬਣਨ ਉੱਤੇ ਲੱਗ ਜਾਂਦੇ ਹਨ। ਜਦ ਤਿੰਨ ਮਹੀਨਿਆਂ ਬਾਦ ਉਹ ਪੂਰਾ ਇਨਸਾਨ ਬਣ ਜਾਂਦਾ ਹੈ ਤਾਂ ਬੈਠਣ ਦੀ ਸ਼ਕਲ ਵਿੱਚ ਦਿਸਦਾ ਹੈ, ਪੁੱਠਾ ਲਮਕਿਆ ਨਹੀਂ। ਅਗਲੇ ਛੇ ਮਹੀਨੇ ਉਹ ਪੂਰਾ ਮਨੁੱਖ ਬਣ ਕੇ ਇੱਕ ਸਰਕਲ ਵਿੱਚ ਘੁੰਮ ਕੇ ਵਿਕਾਸ ਕਰਦਾ ਹੈ। ਹੌਲੀ ਹੌਲੀ ਘੁੰਮਦਾ ਘੁੰਮਦਾ 280 ਵੇਂ ਦਿਨ ਉਸਦਾ ਸਿਰ ਨੀਚੇ ਆ ਜਾਂਦਾ ਹੈ। ਧਰਮਾਂ ਵਾਲਿਆਂ ਵੱਲੋਂ ਮਾਤ ਗਰਭ ਨੂੰ ਅਗਨ ਕੁੰਡ ਕਹਿਣਾ, ਉੱਥੇ ਅੱਗ ਬਲਦੀ ਕਹਿਣਾ, ਸਰਾਸਰ ਗੈਰ ਵਿਗਿਆਨਕ ਹੈ। ਜੇ ਪੇਟ ਵਿੱਚ ਅੱਗ ਹੀ ਬਲਦੀ ਹੈ ਤਾਂ ਫਿਰ ਮਾਤਾ ਸੜ ਕਿਉਂ ਨਹੀਂ ਗਈ। ਸਿਰਫ ਬੱਚੇ ਵਾਸਤੇ ਹੀ ਖਾਸ ਅੱਗ ਕਿਉਂ ਬਲਦੀ ਹੈ। ਫਿਰ ਅਰਦਾਸ ਕਰਨ ਦੀ ਗੱਲ ਕਿ ਰੱਬਾ ਮੈਂਨੂੰ ਇੱਥੋਂ ਕੱਢ ਲੈ, ਮੈਂ ਬਾਹਰ ਆ ਕੇ ਤੇਰਾ ਨਾਮ ਜਪੂੰਗਾ, ਨਿਰਾ ਅਗਿਆਨ ਹੈ (ਪੁਜਾਰੀ ਰੱਬ ਨੂੰ ਰਿਸ਼ਵਤ ਦੇਣ ਦੀ ਸ਼ੁਰੂਆਤ ਤਾਂ ਇੱਥੋਂ ਹੀ ਕਰ ਦਿੰਦੇ ਹਨ। ਅਰਦਾਸ ਬੱਚਾ ਕਿਹੜੀ ਭਾਸ਼ਾ ਵਿੱਚ ਕਰਦਾ ਹੈ। ਜਨਮ ਸਮੇਂ ਬੱਚੇ ਦਾ ਕੋਈ ਮਨ ਨਹੀਂ ਹੁੰਦਾ। ਉਸਦਾ ਦਿਮਾਗ ਕੋਰੀ ਸਲੇਟ ਹੁੰਦਾ ਹੈ। ਹੌਲੀ ਦਿਮਾਗ ਵਿੱਚ ਲਗਰਾਂ ਫੁੱਟਣ ਲਗਦੀਆਂ ਹਨ। ਬੱਚੇ ਦੀ ਯਾਦਾਸਤ ਵਾਲੇ ਨਿਉਰੋਨ ਦੋ ਸਾਲ ਦੀ ਉਮਰ ਵਿੱਚ ਜਾ ਕੇ ਬਣਦੇ ਹਨ। ਇਸ ਤੋਂ ਪਹਿਲਾਂ ਬੱਚੇ ਦੀ ਯਾਦਦਾਸ਼ਤ ਮਾਮੂਲੀ ਹੁੰਦੀ ਹੈ ਅਤੇ ਉਹ ਜਲਦੀ ਭੁੱਲ ਜਾਂਦਾ ਹੈ। ਇਸੇ ਲਈ ਸਾਲ ਕੁ ਦੇ ਬੱਚੇ ਨੂੰ ਜੇ ਹੋਰ ਕੋਈ ਗੋਦ ਲੈ ਲਏ ਤਾਂ ਉਹ ਆਪਣੇ ਪਹਿਲੇ ਮਾਂ ਬਾਪ ਨੂੰ ਭੁੱਲ ਜਾਂਦਾ ਹੈ। ਮਾਂ ਬਾਪ ਹੀ ਬੱਚੇ ਨੂੰ ਧਰਮ, ਜਾਤ ਆਦਿ ਦੀਆਂ ਗੱਲਾਂ ਸਿਖਾਉਂਦੇ ਹਨ। ਜੇ ਬੱਚਾ ਜਾਨਵਰਾਂ ਵਿੱਚ ਰਹੇ ਤਾਂ ਜਾਨਵਰਾਂ ਵਾਂਗ ਹੀ ਵਿਵਹਾਰ ਕਰੇਗਾ। ਮਹਾਰਾਜ ਸਿੰਘ ਭਾਰਤੀ ਦੀ ਕਿਤਾਬ ‘ਈਸ਼ਵਰ ਕੀ ਖੋਜ’ ਵਿੱਚ ਇੱਕ ਹਵਾਲਾ ਮਿਲਦਾ ਹੈ ਕਿ 1956 ਵਿੱਚ ਉੱਤਰ ਪ੍ਰਦੇਸ਼ ਦੇ ਲਖਮੀਰਪੁਰ ਦੇ ਜੰਗਲਾਂ ਵਿੱਚ ਭੇੜੀਏ ਨਾਲ ਇੱਕ ਰਹਿੰਦੇ ਇੱਕ ਇਨਸਾਨੀ ਬੱਚੇ ਨੂੰ ਵੀ ਫੜਿਆ ਗਿਆ ਸੀ ਜੋ ਜਾਨਵਰਾਂ ਵਾਂਗ ਹੀ ਵਿਵਹਾਰ ਕਰਦਾ ਸੀ। ਪਸ਼ੂਆਂ ਵਾਂਗ ਚਾਰ ਪੈਰਾਂ ਤੇ ਚੱਲਦਾ ਅਤੇ ਬਿਨਾਂ ਹੱਥਾਂ ਤੋਂ ਖਾਂਦਾ ਸੀ ਅਤੇ ਉਸਦੀ ਕੋਈ ਭਾਸ਼ਾ ਨਹੀਂ ਸੀ। ਮਨੁੱਖੀ ਸਮਾਜ ਤੋਂ ਬਾਹਰ ਰਹਿਣ ਕਾਰਨ ਉਸਦੇ ਦਿਮਾਗ ਦਾ ਵਿਕਾਸ ਨਹੀਂ ਹੋਇਆ ਸੀ। ਨੌਂ ਸਾਲ ਤੱਕ ਲਗਾਤਾਰ ਉਸਦਾ ਇਲਾਜ ਕੀਤਾ ਗਿਆ ਪਰ ਉਹ ਇਨਸਾਨੀ ਸਮਾਜ ਨਾਲ ਨਹੀਂ ਜੁੜ ਸਕਿਆ। ਅਖੀਰ ਉਹ ਮਰ ਗਿਆ। ਵਿਗਿਆਨੀਆਂ ਨੇ ਇਸ ਨੌਂ ਸਾਲ ਦੇ ਰਿਕਾਰਡ ਦਾ ਅਧਿਐਨ ਕਰਕੇ ਇਹ ਸਿੱਟਾ ਕੱਢਿਆ ਹੈ ਕਿ ਮਨੁੱਖੀ ਸਮਾਜ ਹੀ ਬੱਚੇ ਨੂੰ ਆਪਣੇ ਅਨੁਸਾਰ ਢਾਲਦਾ ਹੈ ਨਹੀਂ ਤਾਂ ਹਰ ਪੈਦਾ ਹੋਣ ਵਾਲਾ ਇਨਸਾਨੀ ਬੱਚਾ ਪਸ਼ੂ ਹੀ ਹੁੰਦਾ ਹੈ। (ਗਰਭ ਵਿੱਚ ਨਾਮ ਜਪਣ ਦੇ ਵਾਅਦੇ ਕਿਵੇਂ ਕਰ ਲਵੇਗਾ) ਅਸਲ ਵਿੱਚ ਧਾਰਮਿਕ ਲੋਕਾਂ ਦਾ ਸਾਰਾ ਜ਼ੋਰ ਮਨੁੱਖ ਨੂੰ ਡਰਾਉਣ ਉੱਤੇ ਲੱਗਾ ਹੋਇਆ ਹੈ। ਜਦ ਵੀ ਕੋਈ ਇਸ ਡਰ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦਾ ਹੈ, ਧਾਰਮਿਕ ਲੋਕਾਂ ਦੇ ਭਾਅ ਦੀ ਬਣ ਜਾਂਦੀ ਹੈ। ਜਦ ਕਾਪਰਨੀਕਸ ਨੇ ਧਰਤੀ ਘੁੰਮਦੀ ਦਾ ਸਿਧਾਂਤ ਪੇਸ਼ ਕੀਤਾ ਤਾਂ ਇਟਲੀ ਦੇ ਚਰਚ ਨੇ ਬਹੁਤ ਹਾਲ ਪਾਹਰਿਆ ਕੀਤੀ। ਇਸ ਸਿਧਾਂਤ ਦਾ ਪਰਚਾਰ ਕਰਨ ਵਾਲੇ ਬਰੂਨੋ ਨੂੰ ਜਿੰਦਾ ਜਲਾ ਦਿੱਤਾ ਗਿਆ। ਗਲੈਲੀਓ ਨੂੰ ਜੇਲ ਵਿੱਚ ਸੜਨਾ ਪਿਆ। ਫਿਰ 300 ਸਾਲ ਬਾਦ ਉਸੇ ਚਰਚ ਨੇ ਮੁਆਫੀ ਮੰਗ ਲਈ ਕਿ ਅਸੀਂ ਬਰੂਨੋ ਅਤੇ ਗਲੈਲੀਓ ਨੂੰ ਗਲਤ ਸਜ਼ਾ ਦਿੱਤੀ ਸੀ, ਉਹ ਸਹੀ ਸਨ। ਅੱਜ ਜਿੱਥੇ ਬਰੂਨੋ ਨੂੰ ਜਿਉਂਦੇ ਸਾੜਿਆ ਗਿਆ ਉੱਥੇ ਹੀ ਉਸਦਾ ਬੁੱਤ ਲੱਗਿਆ ਹੋਇਆ ਹੈ।
ਮਨੁੱਖੀ ਸਰੀਰ ਦਾ ਤਾਪਮਾਨ 98.6 ਡਿਗਰੀ ਹੁੰਦਾ ਹੈ। ਇਸੇ ਤਾਪਮਾਨ ’ਤੇ ਹੀ ਗਰਭ ਵਿੱਚ ਬੱਚਾ ਵਧਦਾ ਫੁੱਲਦਾ ਹੈ। ਮਾਂ ਦੇ ਤਾਪਮਾਨ ਦੇ ਬਰਾਬਰ ਹੀ ਬੱਚੇ ਦਾ ਤਾਪਮਾਨ ਰਹਿੰਦਾ ਹੈ। ਧਾਰਮਿਕ ਲੋਕ ਕਹਿੰਦੇ ਹਨ ਜੋ (ਰੱਬ) ਮਾਤਾ ਦੇ ਗਰਭ ਵਿੱਚ ਸਾਡੀ ਰੱਖਿਆ ਕਰਦਾ ਹੈ, ਉਹ ਵਿਸਾਰਨਾ ਨਹੀਂ ਚਾਹੀਦਾ। ਇਹ ਰੱਖਿਆ ਤਾਂ ਕੁਦਰਤ ਦੇ ਨਿਯਮਾਂ ਅਨੁਸਾਰ ਹੋ ਰਹੀ ਹੈ ਜਾਂ ਕੋਈ ਨੁਕਸ ਪੈਣ ਉੱਤੇ ਡਾਕਟਰ ਕਰਦੇ ਹਨ, ਕਿਸੇ ਅਖੌਤੀ ਰੱਬ ਦਾ ਇਸ ਵਿੱਚ ਕੋਈ ਦਖਲ ਨਹੀਂ। ਮੈਂਨੂੰ ਬਹੁਤ ਸਾਰੇ ਅਜਿਹੇ ਬੱਚਿਆਂ ਦਾ ਪਤਾ ਹੈ, ਜੋ ਛੇ ਮਹੀਨੇ ਬਾਦ (ਕਿਸੇ ਨੁਕਸ ਕਾਰਨ) ਬੱਚੇ ਦਾਨੀ ਵਿੱਚੋਂ ਬਾਹਰ ਆ ਗਏ ਅਤੇ ਬਾਕੀ ਤਿੰਨ ਮਹੀਨੇ ਡਾਕਟਰੀ ਮਸ਼ੀਨਾਂ ਵਿੱਚ ਰੱਖ ਕੇ ਉਹਨਾਂ ਦੀ ਪਰਵਰਿਸ਼ ਕੀਤੀ ਗਈ। ਮਾਤ ਗਰਭ ਦੀ ਡਰਾਉਣੀ ਅੱਗ, ਪੁੱਠਾ ਲਮਕਣਾ, ਅਰਦਾਸਾਂ ਕਰਨੀਆਂ ਅਤੇ ਨਾਮ ਜਪਣ ਦਾ ਵਾਅਦਾ ਕਰਨਾ ਆਦਿ ਸਭ ਧਾਰਮਿਕ ਲੋਕਾਂ ਦੀਆਂ ਦੁਕਾਨਦਾਰੀਆਂ ਹਨ। ਇਹ ਤਾਂ ਪੱਕਾ ਹੀ ਹੈ ਕਿ ਧਰਮ ਡਰ ਦਾ ਬਿਜ਼ਨਿਸ ਹੈ। ਕੁਝ ਧਾਰਮਿਕ ਗਰੰਥ ਕਹਿੰਦੇ ਹਨ ਕਿ ਜਦ ਬੱਚਾ ਗਰਭ ਵਿੱਚ ਸਾਢੇ ਛੇ ਮਹੀਨੇ ਦਾ ਹੋ ਜਾਂਦਾ ਹੈ ਤਾਂ ਸਰੀਰ ਵਿੱਚ ਬਾਹਰੋਂ ਆ ਕੇ ਰੂਹ (ਆਤਮਾ) ਪ੍ਰਵੇਸ਼ ਕਰਦੀ ਹੈ। ਜਿਸ ਬੱਚੇ ਦਾ ਜਨਮ ਹੀ ਛੇ ਮਹੀਨੇ ਵਿੱਚ ਹੋ ਗਿਆ ਕੀ ਉਹ ਰੂਹ ਵਿਹੂਣਾ ਸੀ? ਪਰ ਧਾਰਮਿਕ ਲੋਕਾਂ ਦਾ ਕੀ ਹੈ, ਇਹ ਕਹਿ ਦੇਣਗੇ ਰੂਹ ਡਾਕਟਰੀ ਮਸ਼ੀਨ ਵਿੱਚ ਬੱਚੇ ਵਿੱਚ ਪਰਵੇਸ਼ ਕਰ ਜਾਂਦੀ ਹੈ। ਧਾਰਮਿਕ ਲੋਕਾਂ ਦੀ ਇਹ ਸਭ ਤੋਂ ਵੱਡੀ ਲੋੜ ਹੈ ਰੂਹ (ਆਤਮਾ) ਦਾ ਪਰਚਾਰ ਕਰਨਾ। ਇਸ ਤੋਂ ਬਿਨਾ ਉਹ ਪੁਨਰ ਜਨਮ ਅਤੇ ਪਰਲੋਕ ਦਾ ਪਰਚਾਰ ਨਹੀਂ ਕਰ ਸਕਦੇ ਹਨ। ਪਰਲੋਕ ਦੇ ਪਰਚਾਰ (ਨਰਕ ਦਾ ਡਰ ਅਤੇ ਸਵਰਗ ਦਾ ਲਾਲਚ) ਬਿਨਾ ਦਾਨ ਪੁੰਨ ਦੀ ਰਕਮ ਇਕੱਠੀ ਨਹੀਂ ਹੋ ਸਕਦੀ ਅਤੇ ਸੰਤ ਜਨ ਐਸ਼ ਨਹੀਂ ਕਰ ਸਕਦੇ। ਵਿਗਿਆਨ ਦੇ ਇਸ ਯੁੱਗ ਵਿੱਚ ਇਸ ਤਰ੍ਹਾਂ ਗੈਰਵਿਗਿਆਨਕ ਅਤੇ ਫਾਲਤੂ ਗੱਲਾਂ ਉੱਤੇ ਵਿਸ਼ਵਾਸ ਕਰਨ ਵਾਲਿਆਂ ਨੇ ਦਰਅਸਲ ਆਪਣੇ ਦਿਮਾਗ ਨੂੰ ਹੀ ਜਿੰਦਰੇ ਲਾ ਦਿੱਤੇ ਹਨ। ਧਰਮ ਦਾ ਕੰਮ ਇਸ ਦੁਨੀਆ ਨੂੰ ਝੂਠੀ (ਕਲਪਿਤ) ਕਹਿ ਕੇ ਅਗਲੀ (ਜੋ ਹੈ ਨਹੀਂ) ਦੁਨੀਆ ਨੂੰ ਸੱਚੀ ਕਹਿ ਕੇ ਲੋਕਾਂ ਨੂੰ ਅੱਗਾ ਸੰਵਾਰਨ ਦਾ ਉਪਦੇਸ਼ ਦੇਣਾ ਹੈ। ਇਹ ਅੱਗਾ ਸੰਵਾਰਨ ਦਾ ਉਪਦੇਸ਼ ਹੀ ਧਰਮ ਦਾ ਸਭ ਤੋਂ ਵੱਡਾ ਹਥਿਆਰ ਹੈ। ਇਸ ਲਈ ਭਾਵੇਂ ਉਹਨਾਂ ਨੂੰ ਮਾਂ ਦੇ ਗਰਭ ਨੂੰ ਨਰਕ ਕਹਿਣਾ ਪਵੇ, ਭਾਵੇਂ ਉੱਥੇ ਬਲਦੀ ਅੱਗ (ਜਠਰਾਗਨ) ਕਹਿਣਾ ਪਵੇ, ਬੱਸ ਉਹਨਾਂ ਦਾ ਕੰਮ ਲੋਕਾਂ ਨੂੰ ਡਰਾ ਕੇ ਲੁੱਟਣਾ ਹੈ। ਲੁੱਟੇ ਉਹ ਜਾਂਦੇ ਹਨ ਜਿਹਨਾਂ ਕੋਲ ਦੋ ਨੰਬਰ ਦਾ ਪੈਸਾ ਹੁੰਦਾ ਹੈ ਅਤੇ ਦਾਨ ਪੁੰਨ ਕਰੇ ਬਿਨਾ ਉਹਨਾਂ ਦਾ ਮਨ ਨਹੀਂ ਟਿਕਦਾ। ਇੱਕ ਕਿਰਤੀ ਆਦਮੀ ਭਲਾ ਦਾਨ ਪੁੰਨ ਕਰਕੇ ਕਿਹੜੇ ਮੰਦਰ ਉਸਾਰ ਸਕਦਾ ਹੈ। ਹਰ ਹਾਕਮ, ਰਾਜੇ, ਸਰਕਾਰਾਂ ਦੀ ਇਹ ਲੋੜ ਹੁੰਦੀ ਹੈ ਕਿ ਧਾਰਮਿਕ ਬਾਬਿਆਂ ਰਾਹੀਂ ਲੋਕਾਂ ਨੂੰ ਇਹਨਾਂ ਕਰਮਕਾਂਡਾਂ ਵਿੱਚ ਉਲਝਾਈ ਰੱਖਿਆ ਜਾਵੇ ਤਾਂ ਕਿ ਉਹ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਕੇ ਹਾਕਮਾਂ ਦੇ ਗਲ ਨਾ ਪੈ ਸਕਣ। ਉਹਨਾਂ ਦਾ ਇੱਕੋ ਮਕਸਦ ਧਰਮ ਰਾਹੀਂ ਲੋਕਾਂ ਦੀ ਸੋਚ ਖੁੰਢੀ ਕਰਨਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1794)
(ਸਰੋਕਾਰ ਨਾਲ ਸੰਪਰਕ ਲਈ: