“ਇਹੋ ਜਿਹੀ ਹਾਲਤ ਜਰਮਨੀ ਵਿਚ ਵੀ ਹੋਈ ਸੀ, ਜਦ ਹਿਟਲਰ ਨੇ ...”
(15 ਫਰਬਰੀ 2018)
ਰਾਜ ਚਾਹੇ ਬਾਦਸ਼ਾਹ ਦਾ ਜਾਂ ਲੋਕ ਰਾਜ ਦਾ ਹੀ ਹੋਵੇ, ਹਕੂਮਤ ਕਰਦੀ ਜੁੰਡਲੀ ਕੋਲ ਬਹੁਤ ਤਾਕਤ ਆ ਜਾਂਦੀ ਹੈ। ਅਥਾਹ ਤਾਕਤ ਹਰੇਕ ਨੂੰ ਖ਼ਰਾਬ ਕਰ ਦਿੰਦੀ ਹੈ। ਇਸੇ ਲਈ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਅਥਾਹ ਤਾਕਤ ਤੇ ਚੈੱਕ ਐਂਡ ਬੈਲੈਂਸ (Check and balance) ਦਾ ਅਸੂਲ ਲਾਇਆ ਜਾਵੇ। ਇਹ ਦੇਸ ਦੇ ਲੋਕੀ ਹੀ ਕਰ ਸਕਦੇ ਹਨ। ਪਰ ਜਿਸ ਦੇਸ ਦੇ ਲੋਕਾਂ ਵਿਚ ਪੂਰੀ ਸਿਆਸੀ ਸੂਝ ਨਾ ਹੋਵੇ, ਜਿਸ ਤਰ੍ਹਾਂ ਭਾਰਤ ਵਿਚ, ਉੱਥੇ ਇਹ ਅਸੂਲ ਕੰਮ ਨਹੀਂ ਕਰਦਾ। ਵਿਕਸਤ ਦੇਸਾਂ ਵਿਚ, ਜਿੱਥੇ ਲੋਕਾਂ ਵਿਚ ਸਿਆਸੀ ਸੂਝ ਹੈ, ਸਰਕਾਰ ਦੀਆਂ ਤਿੰਨ ਸ਼ਾਖ਼ਾਂ - ਇਕ ਕਾਨੂੰਨ ਬਣਾਉਣ ਵਾਲੀ, ਦੂਜੀ ਕਾਨੂੰਨ ਲਾਗੂ ਕਰਨ ਵਾਲੀ ਅਤੇ ਤੀਜੀ ਇਨਸਾਫ਼ ਕਰਨ ਵਾਲੀ, ਨੂੰ ਇਕ ਦੂਸਰੇ ਤੋਂ ਅਜ਼ਾਦ ਰੱਖਿਆ ਜਾਂਦਾ ਹੈ ਤਾਂ ਕਿ ਲੋਕਾਂ ਨੂੰ ਕਚਿਹਰਿਆਂ ਵਿਚ ਇਨਸਾਫ਼ ਮਿਲ ਸਕੇ। ਅਥਾਹ ਸਿਆਸੀ ਤਾਕਤ ਜਾਂ ਪੈਸਾ ਚੰਗੇ ਤੋਂ ਚੰਗੇ ਇਨਸਾਨ ਨੂੰ ਵੀ ਵਿਗਾੜ ਦਿੰਦਾ ਹੈ। ਜਾਣੀ ਤਾਨਾਸ਼ਾਹ ਬਣਾ ਦਿੰਦਾ ਹੈ। ਭਾਰਤ ਵਿਚ ਕਾਨੂੰਨ ਬਣਾਉਣ ਵਾਲਿਆਂ ਥੱਲੇ ਕਾਨੂੰਨ ਲਾਗੂ ਕਰਨ ਵਾਲੇ ਹਨ। ਦੂਸਰੇ ਲਫਜ਼ਾਂ ਵਿਚ ਐੱਮ.ਪੀ. ਅਤੇ ਐੱਮ.ਐੱਲ.ਏ. ਦੇ ਥੱਲੇ ਪੁਲੀਸ ਹੈ। ਇਸੇ ਕਰਕੇ ਭਾਰਤ ਵਿਚ ਕਾਨੂੰਨ ਦੀਆਂ ਧੱਜੀਆਂ ਉੱਡਦੀਆਂ ਹਨ। ਇਸੇ ਲਈ ਵਿਕਸਿਤ ਦੇਸਾਂ ਦੇ ਲੋਕ ਕਾਨੂੰਨ ਬਣਾਉਣ ਵਾਲੇ ਨੂੰ ਕਾਨੂੰਨ ਲਾਗੂ ਕਰਨ ਦੀ ਆਗਿਆ ਨਹੀਂ ਦਿੰਦੇ। ਸਰਕਾਰੀ ਤਾਕਤ ਦੀ ਦੁਰਵਰਤੋਂ ਰੋਕਣ ਲਈ ਲੋਕਾਂ ਵਿਚ ਏਕਤਾ ਹੋਣੀ ਅਤੀ ਜ਼ਰੂਰੀ ਹੈ ਕਿਉਂਕਿ ਇਸ ਤੋਂ ਬਿਨਾਂ ਸਰਕਾਰਾਂ ਦੀ ਤਾਕਤ ’ਤੇ ਕੋਈ ਖ਼ਾਸ ਪਾਬੰਦੀ ਨਹੀਂ। ਪਰ ਜੇ ਲੋਕ ਆਪਸ ਵਿਚ ਵੰਡੇ ਹੋਏ ਹੋਣ ਅਤੇ ਸਿਆਸੀ ਸੂਝ ਵਾਲੇ ਨਾ ਹੋਣ, ਫਿਰ ਸਰਕਾਰਾਂ ਆਪਣੀ ਮਨ ਮਰਜ਼ੀ ਕਰਦੀਆਂ ਹਨ। ਭਾਰਤ ਵਿਚ ਸਰਕਾਰਾਂ ਦਾ ਇਹੀ ਹਾਲ ਹੈ।
ਸਾਰੀਆਂ ਸਰਕਾਰਾਂ, ਅਕਸਰ, ਲੋਕਾਂ ਨੂੰ ਵੱਖਰੇ ਵੱਖਰੇ ਫ਼ਿਰਕਿਆਂ ਵਿਚ ਵੰਡਣ ਦੀਆਂ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ। ਸਮਝਦਾਰ ਲੋਕ ਇਸ ਦੀ ਡੱਟ ਕੇ ਵਿਰੋਧਤਾ ਕਰਦੇ ਹਨ ਅਤੇ ਸਰਕਾਰਾ ਨੂੰ ਸਫਲ ਨਹੀਂ ਹੋਣ ਦਿੰਦੇ। ਭਾਰਤ ਦੇ ਲੋਕਾਂ ਨੂੰ ਧਰਮਾਂ ਵਿਚ ਵੰਡ ਕੇ ਅੰਗਰੇਜ਼ਾਂ ਨੇ ਰਾਜ ਕੀਤਾ, ਇਸੇ ਲਈ ਮੁੱਠੀ ਭਰ ਅੰਗਰੇਜ਼ ਕਰੋੜਾਂ ਭਾਰਤੀਆਂ ’ਤੇ 200 ਸਾਲ ਤਕ ਰਾਜ ਕਰਦੇ ਰਹੇ ਸਨ। ਦੁੱਖ ਹੈ ਕਿ ਅਜੇ ਵੀ ਇਹੀ ਸਿਲਸਿਲਾ ਜਾਰੀ ਹੈ। ਅੰਗਰੇਜ਼ਾਂ ਨੇ ਤਾਂ ਭਾਰਤੀਆਂ ਨੂੰ ਧਰਮਾਂ ਵਿਚ ਹੀ ਵੰਡਿਆ ਸੀ, ਸਾਡੀਆਂ ਅਖੌਤੀ ਹਾਕਮ ਜਮਾਤਾਂ ਨੇ ਧਰਮਾਂ ਦੀ ਵੰਡ ਨੂੰ ਘਟਾਉਣਾ ਤਾਂ ਕੀ ਸੀ ਸਗੋਂ ਭਾਰਤੀ ਲੋਕਾਂ ਨੂੰ ਜਾਤਾਂ-ਪਾਤਾਂ ਵਿਚ ਵੀ ਵੰਡ ਦਿੱਤਾ ਹੈ। ਇਸੇ ਲਈ ਹੁਣ ਜਾਤ-ਪਾਤ ਦੇ ਅਧਾਰ ’ਤੇ ਵੀ ਸਿਆਸੀ ਪਾਰਟੀਆਂ ਬਣ ਗਈਆਂ ਹਨ। ਅੱਜ ਇਸ ਵੰਡ ਦੀ ਕੋਝੀ ਨੀਤੀ ਨੇ ਭਾਰਤ ਵਿਚ ਬੋਲਣ, ਖਾਣ ਪੀਣ, ਪਹਿਨਣ ਅਤੇ ਘੱਟ ਗਿਣਤੀ ਦੇ ਧਰਮਾਂ ਦੀ ਅਜ਼ਾਦੀ ਨੂੰ ਖਤਮ ਕਰਕੇ ਰੱਖ ਦਿੱਤਾ ਹੈ। ਮੁੱਢਲੀਆਂ ਅਜ਼ਾਦੀਆਂ ਨੂੰ ਬਰਕਰਾਰ ਰੱਖਣ ਲਈ ਸਾਰੇ ਲੋਕਾਂ ਵਿਚ ਏਕਤਾ ਦਾ ਹੋਣਾ ਅਤੀ ਜ਼ਰੂਰੀ ਹੈ ਤਾਂ ਜੋ ਉਹ ਆਪਣੇ ਹੱਕਾਂ ਦੀ ਰਾਖੀ ਕਰ ਸਕਣ।
ਅਸੀਂ ਭਾਵੇਂ ਇੱਕੀਵੀਂ ਸਦੀ ਵਿਚ ਜੀ ਰਹੇ ਹਾਂ ਪਰ ਸਾਡੀ ਸੋਚ ਅਠਾਰ੍ਹਵੀਂ ਸਦੀ ਤੋਂ ਵੀ ਪਿੱਛੇ ਹੈ। ਵਾਲਟੇਅਰ (Voltaire) ਦਾ ਜਨਮ 1694 ਵਿਚ ਹੋਇਆ ਸੀ ਅਤੇ ਉਸ ਦੀ ਮੌਤ 1778 ਵਿਚ ਹੋਈ ਸੀ। ਉਸ ਨੇ ਇਨਸਾਨਾਂ ਦੇ ਮੁੱਢਲੇ ਹੱਕਾਂ ਦੀ ਰਾਖੀ ਕਰਨ ਲਈ ਲੋਕਾਂ ਵਿਚ ਏਕਤਾ ਬਣਾਈ ਰੱਖਣ ਲਈ ਆਪਣੇ ਵਿਰੋਧੀ ਵਿਚਾਰਾਂ ਵਾਲੇ ਨੂੰ ਕਿਹਾ ਸੀ, “ਜੋ ਤੂੰ ਕਹਿੰਦਾ ਹੈਂ, ਮੈਨੂੰ ਪਸੰਦ ਨਹੀਂ ਹੈ, ਪਰ ਤੇਰੇ ਬੋਲਣ ਦੀ ਅਜ਼ਾਦੀ ਲਈ ਮੈਂ ਮਰ ਵੀ ਸਕਦਾ ਹਾਂ।” ਜਾਣੀ ਜੇ ਵਿਰੋਧੀ ਨੂੰ ਬੋਲਣ ਦੀ ਅਜ਼ਾਦੀ ਨਹੀਂ, ਫਿਰ ਤੁਹਾਨੂੰ ਵੀ ਨਹੀਂ ਹੋਵੇਗੀ।
ਜਦ 1984 ਵਿਚ ਕਾਂਗਰਸ ਦੇ ਰਾਜ ਵਿਚ ਸਿੱਖਾਂ ਉੱਤੇ ਦਿੱਲੀ ਵਿਚ ਜ਼ੁਲਮ ਢਾਇਆ ਗਿਆ ਸੀ, ਤਦ ਕੋਈ ਲੋਕਾਂ ਦਾ ਖ਼ਾਸ ਰੋਹ ਨਹੀਂ ਉੱਠਿਆ ਸੀ। ਇਸੇ ਤਰ੍ਹਾਂ ਗੁਜਰਾਤ ਵਿਚ ਭਾਰਤੀ ਜਨਤਾ ਪਾਰਟੀ ਨੇ ਮੁਸਲਮਾਨਾਂ ਨਾਲ ਕੀਤੀ। ਧਰਮ ਦੇ ਅਧਾਰ ’ਤੇ ਲੋਕਾਂ ਉੱਤੇ ਅਤਿਆਚਾਰ ਕਰਨਾ ਲੋਕਾਂ ਦੀ ਮੁੱਢਲੀ ਅਜ਼ਾਦੀ ’ਤੇ ਹਮਲਾ ਹੀ ਨਹੀਂ, ਸਗੋਂ ਗੈਰ ਇਨਸਾਨੀਅਤ ਵੀ ਹੈ। ਪੰਜਾਬ ਵੱਲ ਜਦ ਝਾਤੀ ਮਾਰਦੇ ਹਾਂ, ਉੱਥੇ ਅਕਾਲੀ ਅਤੇ ਕਾਂਗਰਸ ਸਰਕਾਰਾਂ ਨੇ ਪਹਿਲਾਂ ਨਕਸਲਵਾੜੀਆਂ ਅਤੇ ਫਿਰ ਖ਼ਾਲਿਸਤਾਨੀਆਂ ਤੇ ਅਕਹਿ ਜ਼ੁਲਮ ਢਾਹੇ। ਪਰ ਵੰਡੇ ਹੋਏ ਲੋਕਾਂ ਵਿਚ ਇਨ੍ਹਾਂ ਜ਼ੁਲਮਾਂ ਵਿਰੁੱਧ ਕੋਈ ਵੱਡੀ ਲਹਿਰ ਨਹੀਂ ਉੱਠ ਸਕੀ। ਪੁਲੀਸ ਮੁਕਾਬਲਾ ਬਣਾ ਕੇ ਲੋਕਾਂ ਨੂੰ ਮਾਰਨ ਦੀ, ਚਾਹੇ ਉਹ ਨਕਸਲਵਾੜੀ ਸੀ ਜਾਂ ਖ਼ਾਲਿਸਤਾਨੀ, ਕਾਨੂੰਨ ਇਜਾਜ਼ਤ ਨਹੀਂ ਦਿੰਦਾ। ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਜੇ ਕਿਸੇ ਨੇ ਗੈਰਕਾਨੂੰਨੀ ਕੰਮ ਕੀਤਾ ਹੋਵੇ, ਤਦ ਉਸ ਨੂੰ ਕਚਿਹਰੀ ਵਿਚ ਲਿਜਾ ਕੇ ਜੱਜ ਦੇ ਫ਼ੈਸਲੇ ਦਾ ਇੰਤਜ਼ਾਰ ਕਰੇ। ਪੁਲੀਸ ਮੁਕਾਬਲੇ ਬਣਾ ਕੇ ਮਾਰਨਾ ਕਤਲ ਕਰਨ ਨਾਲੋਂ ਕਿਤੇ ਜ਼ਿਆਦਾ ਖ਼ਤਰਨਾਕ ਜੁਰਮ ਹੈ। ਇਹ ਸਾਰਾ ਕੁਝ ਇਸ ਲਈ ਵਾਪਰਿਆ ਕਿ ਜਦ ਨਕਸਲਵਾੜੀਆਂ ਨੂੰ ਪੁਲੀਸ ਮੁਕਾਬਲੇ ਬਣਾ ਕੇ ਮਾਰਿਆ ਜਾ ਰਿਹਾ ਸੀ, ਖਾਲਿਸਤਾਨੀ ਬੈਠੇ ਤਮਾਸ਼ਾ ਦੇਖ ਰਹੇ ਸਨ ਅਤੇ ਜਦ ਖਾਲਿਸਤਾਨੀਆਂ ਦੀ ਵਾਰੀ ਆਈ ਤਾਂ ਨਕਸਲਵਾੜੀਏ ਖੁਸ਼ ਹੋ ਰਹੇ ਸਨ। ਸੱਚ ਇਹ ਹੈ ਕਿ ਸਾਡੀ ਮੁੱਢਲੀ ਅਜ਼ਾਦੀ ਤੱਦ ਹੀ ਕਾਇਮ ਰਹੇਗੀ ਜਦ ਅਸੀਂ ਆਪਣੇ ਵਿਰੋਧੀ ਦੀ ਮੁੱਢਲੀ ਅਜ਼ਾਦੀ ਦੀ ਰਾਖੀ ਕਰੀਏ। ਸਰਕਾਰਾਂ ਤੋਂ ਇਸ ਦੀ ਆਸ ਨਹੀਂ ਕੀਤੀ ਜਾ ਸਕਦੀ। ਜੇ ਅਸੀਂ ਏਕਤਾ ਬਣਾ ਕੇ ਆਪਣੇ ਹੱਕਾਂ ਦੀ ਰਾਖੀ ਨਾ ਕਰਾਂਗੇ, ਤਦ ਸਾਡੇ ’ਤੇ ਸਦਾ ਜ਼ੁਲਮ ਢਹਿੰਦੇ ਹੀ ਰਹਿਣਗੇ।
ਅਸੀਂ ਦੇਖਦੇ ਹਾਂ ਕਿ ਭਾਰਤ ਸਰਕਾਰ ਦੀਆਂ ਲੋਕ ਦੋਖੀ ਨੀਤੀਆਂ ਅੱਜ ਵੀ ਚਾਲੂ ਹਨ। ਭਾਰਤ ਵਿਚ ਮੁਸਲਮਾਨ ਗਾਂ ਦਾ ਮਾਸ ਨਹੀਂ ਖਾ ਸਕਦੇ ਜੋ ਉਹ ਸਦੀਆਂ ਤੋਂ ਖਾਂਦੇ ਆਏ ਹਨ। ਬਾਕੀ ਦੁਨੀਆਂ ਗਾਂ ਦਾ ਮਾਸ ਖਾਂਦੀ ਹੈ, ਭਾਰਤ ਬਾਹਰਲੇ ਦੇਸ਼ਾਂ ਨੂੰ ਗਾਂ ਦਾ ਮਾਸ ਵੇਚਦਾ ਹੈ। ਇਨਸਾਨ ਸ਼ੁਰੂ ਤੋਂ ਜਾਨਵਰਾਂ ਦਾ ਮਾਸ ਖਾਂਦਾ ਆ ਰਿਹਾ ਹੈ। ਇੱਥੋਂ ਤੱਕ ਕਿ ਆਰੀਆ ਲੋਕ ਵੀ ਗਾਂ ਦਾ ਮਾਸ ਖਾਂਦੇ ਸਨ। ਪਰ ਹੁਣ ਇਹ ਮੋਦੀ ਦੇ ਚੇਲਿਆਂ ਨੇ ਨਵਾਂ ਖ਼ਰਮਾਨ ਜਾਰੀ ਕਰ ਦਿੱਤਾ ਹੈ ਕਿਉਂਕਿ ਹਿੰਦੂ ਗਾਂ ਦਾ ਮਾਸ ਨਹੀਂ ਖਾਂਦੇ, ਇਸ ਲਈ ਬਾਕੀ ਭਾਰਤੀ ਲੋਕ ਵੀ ਗਾਂ ਦਾ ਮਾਸ ਨਹੀਂ ਖਾ ਸਕਦੇ। ਕੁੜੀਆਂ, ਔਰਤਾਂ ਬਾਹਰ ਨਹੀਂ ਜਾ ਸਕਦੀਆਂ। ਉਨ੍ਹਾਂ ਨੂੰ ਸਰੀਰ ਢਕ ਕੇ ਬਾਹਰ ਜਾਣਾ ਚਾਹੀਦਾ ਹੈ। ਦੂਜੇ ਪਾਸੇ ਬਿਲਕੁਲ ਨੰਗੇ ਸਾਧਾਂ ਨੂੰ ਤੁਰਨ ਫਿਰਨ ਦੀ ਅਜ਼ਾਦੀ ਹੈ, ਕਿਉਂਕਿ ਉਹ ਮਰਦ ਹਨ। ਮੰਦਰਾਂ ਵਿਚ ਨੰਗੇਜ਼ ਚਿੱਤਰਕਾਰੀਆਂ ਦੇਖਣ ਵਿਚ ਕੋਈ ਹਰਜ਼ ਨਹੀਂ। ਤਰਕਸ਼ੀਲ ਇਨਸਾਨਾਂ ਦਾ ਕਤਲ ਇਸ ਲਈ ਕੀਤਾ ਜਾ ਰਿਹਾ ਹੈ ਕਿ ਉਹ ਤਰਕ ਦੀ ਗੱਲ ਕਰਦੇ ਹਨ। ਮੋਦੀ ਮੂੰਹ ਰੱਖਣ ਲਈ ਬਿਆਨ ਦੇ ਦਿੰਦਾ ਹੈ ਪਰ ਆਰ.ਐੱਸ.ਐੱਸ. ਦੇ ਬੰਦੇ ਹੱਥ ਵਿਚ ਕਾਨੂੰਨ ਲੈ ਕੇ ਜਿਸ ਨੂੰ ਚਾਹੁਣ ਕੁੱਟ ਮਾਰ ਕਰ ਸਕਦੇ ਹਨ।
ਇਹੋ ਜਿਹੀ ਹਾਲਤ ਜਰਮਨੀ ਵਿਚ ਵੀ ਹੋਈ ਸੀ, ਜਦ ਹਿਟਲਰ ਨੇ ਤਾਕਤ ਫੜੀ ਸੀ। ਉਸ ਨੇ ਲੋਕਾਂ ਨੂੰ ਇਕੱਲੇ ਇਕੱਲੇ ਕਰਕੇ ਮਾਰਿਆ ਸੀ। ਉੱਥੇ ਵੀ ਲੋਕਾਂ ਵਿਚ ਮੁੱਢਲੇ ਹੱਕਾਂ ਲਈ ਏਕਤਾ ਨਹੀਂ ਬਣ ਸਕੀ ਸੀ। ਭਾਰਤ ਹਿਟਲਰਵਾਦੀ ਤਾਨਾਸ਼ਾਹੀ ਵੱਲ ਵਧ ਰਿਹਾ ਹੈ। ਜਦ ਪੂਰਾ ਤਾਨਾਸ਼ਾਹੀ ਦਾ ਰਾਜ ਭਾਰਤ ਵਿਚ ਰਾਜ ਆ ਜਾਵੇਗਾ, ਉਹ ਹਿੰਦੂ ਵੀ ਪਛਤਾਉਣਗੇ, ਜੋ ਅੱਜ ਮੋਦੀ ਦੇ ਹਾਮੀ ਹਨ, ਜਿਸ ਤਰ੍ਹਾਂ ਜਰਮਨੀ ਵਿਚ ਇਕ ਪਾਦਰੀ ਨੇ ਬਾਅਦ ਵਿਚ ਪਛਤਾਵਾ ਕੀਤਾ ਸੀ:
ਪਹਿਲਾਂ ਉਹ ਕਮਿਊਨਿਸਟਾਂ ਲਈ ਆਏ, ਤੇ ਮੈਂ ਕੁਝ ਨਾ ਬੋਲਿਆ, ਕਿਉਂਕਿ ਮੈਂ ਕਮਿਊਨਿਸਟ ਨਹੀਂ ਸੀ। ਫਿਰ ਉਹ ਟਰੇਡ ਯੂਨੀਅਨਾਂ ਲਈ ਆਏ, ਤੇ ਮੈਂ ਕੁਝ ਨਾ ਬੋਲਿਆ, ਕਿਉਂਕਿ ਮੈਂ ਟਰੇਡ ਯੂਨੀਅਨ ਵਿਚ ਨਹੀਂ ਸੀ। ਫਿਰ ਉਹ ਯਹੂਦੀਆਂ ਲਈ ਆਏ, ਤੇ ਮੈਂ ਕੁੱਝ ਨਾ ਬੋਲਿਆ, ਕਿਉਂਕਿ ਮੈਂ ਯਹੂਦੀ ਨਹੀਂ ਸੀ। ਫਿਰ ਉਹ ਮੇਰੇ ਲਈ ਆਏ, ਤੇ ਉਸ ਵੇਲੇ ਹੋਰ ਕੋਈ ਨਹੀਂ ਸੀ, ਜੋ ਮੇਰੇ ਹੱਕ ਵਿਚ ਬੋਲਦਾ।
- ਪਾਦਰੀ ਮਾਰਟਨ ਨਿਮੋਲਰ, ਜਰਮਨੀ।
*****
(1013)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)