ChamkaurSKairve7“ਆਉ ਅਸੀਂ ਸਾਰੇ ਰਲ ਕੇ ਇਹ ਪ੍ਰਣ ਕਰੀਏ ਕਿ ਅਸੀਂ ਆਪਣੇ ਹਰ ਕੰਮ ਵਿੱਚ ...”GuruNanakPlough1
(24 ਨਵੰਬਰ 2026)

 

GuruNanakPloughing1

ਅੱਜ ਦਾ ਸੰਸਾਰ ਜਿਸ ਦੌਰ ਵਿੱਚੋਂ ਲੰਘ ਰਿਹਾ ਹੈ ਉਹ ਦੌਰ ਨਫਰਤ, ਹਿੰਸਾ, ਲਾਲਚ ਅਤੇ ਸਵਾਰਥ ਦਾ ਦੌਰ ਹੈ। ਹਰ ਪਾਸੇ ਜੰਗਾਂ ਦਾ ਰੌਲਾ ਹੈ; ਹਰ ਪਾਸੇ ਧਰਮਾਂ ਦੇ ਨਾਂ ’ਤੇ ਲੜਾਈਆਂ ਹਨ; ਹਰ ਪਾਸੇ ਦੇਸ਼ਾਂ ਦੀਆਂ ਸਰਹੱਦਾਂ ’ਤੇ ਬੰਬ ਅਤੇ ਤੋਪਾਂ ਖੜ੍ਹੀਆਂ ਹਨ ਅਤੇ ਹਰ ਮਨੁੱਖ ਦੇ ਦਿਲ ਵਿੱਚ ਇੱਕ ਦੂਜੇ ਲਈ ਸ਼ੱਕ ਅਤੇ ਨਫਰਤ ਦਾ ਜ਼ਹਿਰ ਭਰਿਆ ਹੋਇਆ ਹੈ। ਅਜਿਹੇ ਹਨੇਰੇ ਸਮੇਂ ਵਿੱਚ ਗੁਰੂ ਨਾਨਕ ਦੇਵ ਜੀ ਦਾ ਸਰਬੱਤ ਦੇ ਭਲੇ ਦਾ ਸੰਕਲਪ ਇੱਕ ਦੀਵੇ ਵਾਂਗ ਹੈ ਜੋ ਸਾਨੂੰ ਰੌਸ਼ਨੀ ਦਿਖਾ ਸਕਦਾ ਹੈ, ਸਾਨੂੰ ਰਾਹ ਦਿਖਾ ਸਕਦਾ ਹੈ ਅਤੇ ਸਾਨੂੰ ਇਸ ਹਨੇਰੇ ਤੋਂ ਬਾਹਰ ਕੱਢ ਸਕਦਾ ਹੈ।

ਗੁਰੂ ਨਾਨਕ ਦੇਵ ਜੀ ਨੇ ਅੱਜ ਤੋਂ ਸਾਢੇ ਪੰਜ ਸੌ ਸਾਲ ਪਹਿਲਾਂ ਜਦੋਂ ਇਸ ਧਰਤੀ ’ਤੇ ਚਰਨ ਪਾਏ ਸਨ ਤਾਂ ਉਸ ਸਮੇਂ ਵੀ ਸਮਾਜ ਵਿੱਚ ਇਹੀ ਹਾਲ ਸੀ। ਹਿੰਦੂ ਅਤੇ ਮੁਸਲਮਾਨ ਆਪਸ ਵਿੱਚ ਲੜ ਰਹੇ ਸਨ, ਜਾਤ-ਪਾਤ ਦਾ ਜ਼ਹਿਰ ਫੈਲਿਆ ਹੋਇਆ ਸੀ। ਗਰੀਬਾਂ ਉੱਤੇ ਜ਼ੁਲਮ ਹੋ ਰਿਹਾ ਸੀ ਅਤੇ ਮਨੁੱਖ ਮਨੁੱਖ ਨੂੰ ਨਫਰਤ ਦੀ ਨਜ਼ਰ ਨਾਲ ਦੇਖ ਰਿਹਾ ਸੀ। ਉਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਇੱਕ ਬਹੁਤ ਹੀ ਕ੍ਰਾਂਤੀਕਾਰੀ ਸ਼ਬਦ ਕਿਹਾ ਸੀ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ - ਉਨ੍ਹਾਂ ਨੇ ਕਿਹਾ ਸੀ ਕਿ ਕੋਈ ਵੀ ਮੇਰਾ ਦੁਸ਼ਮਣ ਨਹੀਂ ਹੈ, ਕੋਈ ਵੀ ਮੇਰੇ ਲਈ ਬਿਗਾਨਾ ਨਹੀਂ ਹੈ, ਸਾਰੇ ਹੀ ਮੇਰੇ ਆਪਣੇ ਹਨ ਅਤੇ ਇਸੇ ਸੋਚ ਤੋਂ ਹੀ ਸਰਬੱਤ ਦੇ ਭਲੇ ਦਾ ਸੰਕਲਪ ਪੈਦਾ ਹੋਇਆ। ਸਰਬੱਤ ਦੇ ਭਲੇ ਦਾ ਸਿੱਧਾ ਅਤੇ ਸਰਲ ਅਰਥ ਹੈ ਸਾਰਿਆਂ ਦਾ ਭਲਾ; ਸਾਰੇ ਜੀਵਾਂ ਦਾ ਭਲਾ; ਸਾਰੀ ਕਾਇਨਾਤ ਦਾ ਭਲਾ। ਇਸ ਵਿੱਚ ਹਿੰਦੂ ਦਾ ਵੀ ਭਲਾ ਹੈ, ਮੁਸਲਮਾਨ ਦਾ ਵੀ ਭਲਾ ਹੈ, ਸਿੱਖ ਦਾ ਵੀ ਭਲਾ ਹੈ ਅਤੇ ਇਸਾਈ ਦਾ ਵੀ ਭਲਾ ਹੈ। ਇਸ ਵਿੱਚ ਮਨੁੱਖ ਦਾ ਹੀ ਨਹੀਂ ਪਸ਼ੂ-ਪੰਛੀਆਂ ਦਾ ਵੀ ਭਲਾ ਹੈ। ਦਰਿਆਵਾਂ ਦਾ ਵੀ ਭਲਾ ਹੈ ਪਹਾੜਾਂ ਦਾ ਵੀ ਭਲਾ ਹੈ ਅਤੇ ਧਰਤੀ ਦਾ ਵੀ ਭਲਾ ਹੈ।

ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਹ ਸਿਖਾਇਆ ਕਿ ਜਦੋਂ ਤਕ ਅਸੀਂ ਸਿਰਫ ਆਪਣੇ ਭਲੇ ਬਾਰੇ ਸੋਚਾਂਗੇ ਉਦੋਂ ਤਕ ਅਸੀਂ ਕਦੇ ਵੀ ਸੁਖੀ ਨਹੀਂ ਹੋ ਸਕਦੇ। ਸੁਖ ਤਾਂ ਉਦੋਂ ਹੀ ਮਿਲੇਗਾ ਜਦੋਂ ਅਸੀਂ ਸਾਰਿਆਂ ਦੇ ਭਲੇ ਬਾਰੇ ਸੋਚਾਂਗੇ। ਅੱਜ ਦੇ ਸਮੇਂ ਵਿੱਚ ਇਸ ਸੰਕਲਪ ਦੀ ਲੋੜ ਕਿਉਂ ਹੈ? ਇਸ ਨੂੰ ਸਮਝਣ ਲਈ ਆਪਣੇ ਆਲੇ-ਦੁਆਲੇ ਦੇਖੋ, ਅੱਜ ਅਸੀਂ ਕੀ ਕਰ ਰਹੇ ਹਾਂ। ਅਸੀਂ ਆਪਣੇ ਧਰਮ ਨੂੰ ਵੱਡਾ ਅਤੇ ਦੂਜੇ ਦੇ ਧਰਮ ਨੂੰ ਛੋਟਾ ਸਮਝ ਰਹੇ ਹਾਂ; ਅਸੀਂ ਆਪਣੀ ਜਾਤ ਨੂੰ ਉੱਚੀ ਅਤੇ ਦੂਜੇ ਦੀ ਜਾਤ ਨੂੰ ਨੀਵੀਂ ਸਮਝ ਰਹੇ ਹਾਂ। ਅਸੀਂ ਆਪਣੇ ਦੇਸ਼ ਦੇ ਲੋਕਾਂ ਨੂੰ ਹੀ ਆਪਸ ਵਿੱਚ ਵੰਡ ਰਹੇ ਹਾਂ ਅਤੇ ਇਸ ਵੰਡ ਦਾ ਫਾਇਦਾ ਸਿਰਫ ਉਹ ਤਾਕਤਾਂ ਲੈ ਰਹੀਆਂ ਹਨ ਜੋ ਸਾਨੂੰ ਲੜਾ ਕੇ ਰਾਜ ਕਰਨਾ ਚਾਹੁੰਦੀਆਂ ਹਨ। ਜੇਕਰ ਅਸੀਂ ਗੁਰੂ ਨਾਨਕ ਦੇ ਸਰਬੱਤ ਦੇ ਭਲੇ ਦੇ ਸੰਕਲਪ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਲਈਏ ਤਾਂ ਇਹ ਸਾਰੀਆਂ ਵੰਡੀਆਂ ਆਪਣੇ ਆਪ ਖਤਮ ਹੋ ਜਾਣਗੀਆਂ ਕਿਉਂਕਿ ਜਦੋਂ ਅਸੀਂ ਹਰ ਰੋਜ਼ ਅਰਦਾਸ ਵਿੱਚ ਕਹਿੰਦੇ ਹਾਂ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤਾਂ ਇਸਦਾ ਅਰਥ ਇਹ ਹੈ ਕਿ ਅਸੀਂ ਵਾਹਿਗੁਰੂ ਅੱਗੇ ਇਹ ਬੇਨਤੀ ਕਰ ਰਹੇ ਹਾਂ ਕਿ ਹੇ ਵਾਹਿਗੁਰੂ, ਸਿਰਫ ਮੇਰਾ ਹੀ ਨਹੀਂ, ਸਗੋਂ ਸਾਰਿਆਂ ਦਾ ਭਲਾ ਕਰੀਂ, ਭਾਵੇਂ ਉਹ ਮੇਰਾ ਦੁਸ਼ਮਣ ਹੀ ਕਿਉਂ ਨਾ ਹੋਵੇ। ਇਹ ਕਿੰਨੀ ਵੱਡੀ ਅਤੇ ਕਿੰਨੀ ਉੱਚੀ ਸੋਚ ਹੈ। ਦੁਨੀਆ ਦੇ ਕਿਸੇ ਵੀ ਧਰਮ ਵਿੱਚ ਅਜਿਹੀ ਸਰਵ-ਵਿਆਪਕ ਅਤੇ ਸਰਵ-ਕਲਿਆਣਕਾਰੀ ਪ੍ਰਾਰਥਨਾ ਨਹੀਂ ਮਿਲਦੀ ਜਿੱਥੇ ਆਪਣੇ ਦੁਸ਼ਮਣ ਦੇ ਭਲੇ ਦੀ ਵੀ ਕਾਮਨਾ ਕੀਤੀ ਜਾਂਦੀ ਹੋਵੇ।

ਅੱਜ ਜਦੋਂ ਪੰਜਾਬ ਵਿੱਚ ਪਾਣੀ ਦਾ ਸੰਕਟ ਹੈ, ਜਦੋਂ ਹਵਾ ਪ੍ਰਦੂਸ਼ਿਤ ਹੋ ਰਹੀ ਹੈ, ਜਦੋਂ ਨਸ਼ਿਆਂ ਨੇ ਸਾਡੀ ਜਵਾਨੀ ਨੂੰ ਖਾ ਲਿਆ ਹੈ, ਤਾਂ ਸਾਨੂੰ ਸਰਬੱਤ ਦੇ ਭਲੇ ਦੀ ਸਭ ਤੋਂ ਵੱਧ ਲੋੜ ਹੈ ਕਿਉਂਕਿ ਸਰਬੱਤ ਦੇ ਭਲੇ ਦਾ ਅਰਥ ਇਹ ਵੀ ਹੈ ਕਿ ਅਸੀਂ ਆਪਣੀ ਹਵਾ ਨੂੰ ਸਾਫ ਰੱਖੀਏ ਤਾਂ ਜੋ ਸਾਰੇ ਸਾਹ ਲੈ ਸਕਣ। ਅਸੀਂ ਆਪਣੇ ਪਾਣੀ ਨੂੰ ਸਾਫ ਰੱਖੀਏ ਤਾਂ ਜੋ ਸਾਰੇ ਪੀ ਸਕਣ ਅਤੇ ਅਸੀਂ ਆਪਣੇ ਸਮਾਜ ਨੂੰ ਨਸ਼ਾ-ਮੁਕਤ ਰੱਖੀਏ ਤਾਂ ਜੋ ਸਾਰਿਆਂ ਦੇ ਬੱਚੇ ਸੁਰੱਖਿਅਤ ਰਹਿ ਸਕਣ। ਸਰਬੱਤ ਦਾ ਭਲਾ ਸਿਰਫ ਇੱਕ ਧਾਰਮਿਕ ਨਾਅਰਾ ਨਹੀਂ ਹੈ, ਇਹ ਇੱਕ ਜੀਵਨ-ਜਾਂਚ ਹੈ, ਇੱਕ ਸਮਾਜਿਕ ਦਰਸ਼ਨ ਹੈ ਅਤੇ ਇੱਕ ਆਰਥਿਕ ਮਾਡਲ ਵੀ ਹੈ। ਜੇਕਰ ਸਰਕਾਰਾਂ ਇਸ ਸੰਕਲਪ ਨੂੰ ਆਪਣੀਆਂ ਨੀਤੀਆਂ ਵਿੱਚ ਲਾਗੂ ਕਰਨ ਤਾਂ ਕੋਈ ਵੀ ਭੁੱਖਾ ਨਹੀਂ ਸੌਂਵੇਗਾ, ਕੋਈ ਵੀ ਬੇਘਰ ਨਹੀਂ ਰਹੇਗਾ ਅਤੇ ਕੋਈ ਵੀ ਬਿਮਾਰੀ ਤੋਂ ਬਿਨਾਂ ਇਲਾਜ ਤੋਂ ਨਹੀਂ ਮਰੇਗਾ ਕਿਉਂਕਿ ਸਰਕਾਰ ਸਿਰਫ ਕੁਝ ਲੋਕਾਂ ਦੇ ਭਲੇ ਬਾਰੇ ਨਹੀਂ ਸਗੋਂ ਸਰਬੱਤ ਦੇ ਭਲੇ ਬਾਰੇ ਸੋਚੇਗੀ।

ਗੁਰੂ ਨਾਨਕ ਨੇ ਸਾਨੂੰ ਤਿੰਨ ਸੁਨਹਿਰੀ ਸਿਧਾਂਤ ਦਿੱਤੇ ਸਨ - ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਵੰਡ ਛਕਣਾ ਹੀ ਸਰਬੱਤ ਦੇ ਭਲੇ ਦੀ ਪਹਿਲੀ ਪੌੜੀ ਹੈ। ਜਦੋਂ ਅਸੀਂ ਆਪਣੀ ਕਮਾਈ ਵਿੱਚੋਂ ਦੂਜਿਆਂ ਨੂੰ ਵੰਡਦੇ ਹਾਂ ਤਾਂ ਹੀ ਅਸੀਂ ਸਰਬੱਤ ਦੇ ਭਲੇ ਦੇ ਰਾਹ ’ਤੇ ਤੁਰਦੇ ਹਾਂ। ਇਸ ਲਈ ਅੱਜ ਦੇ ਇਸ ਸਵਾਰਥੀ ਯੁਗ ਵਿੱਚ ਜਿੱਥੇ ਹਰ ਕੋਈ ਮੈਂ-ਮੈਂ ਦੀ ਦੌੜ ਵਿੱਚ ਲੱਗਾ ਹੋਇਆ ਹੈ, ਉੱਥੇ ਗੁਰੂ ਨਾਨਕ ਦਾ ਸਰਬੱਤ ਦੇ ਭਲੇ ਦਾ ਸੰਕਲਪ ਇੱਕ ਠੰਢੀ ਹਵਾ ਦੇ ਬੁੱਲੇ ਵਾਂਗ ਹੈ ਜੋ ਸਾਡੇ ਸੜਦੇ ਹੋਏ ਮਨਾਂ ਨੂੰ ਸ਼ਾਂਤੀ ਦੇ ਸਕਦਾ ਹੈ। ਇਹ ਸੰਕਲਪ ਅੱਜ ਪਹਿਲਾਂ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜੇਕਰ ਅਸੀਂ ਅੱਜ ਵੀ ਸਰਬੱਤ ਦੇ ਭਲੇ ਨੂੰ ਨਾ ਅਪਣਾਇਆ ਤਾਂ ਕੱਲ੍ਹ ਨੂੰ ਸ਼ਾਇਦ ਭਲਾ ਕਰਨ ਲਈ ਕੋਈ ਬਚੇਗਾ ਹੀ ਨਹੀਂ। ਇਸ ਲਈ ਆਉ ਅਸੀਂ ਸਾਰੇ ਰਲ ਕੇ ਇਹ ਪ੍ਰਣ ਕਰੀਏ ਕਿ ਅਸੀਂ ਆਪਣੇ ਹਰ ਕੰਮ ਵਿੱਚ, ਆਪਣੇ ਹਰ ਬੋਲ ਵਿੱਚ ਅਤੇ ਆਪਣੇ ਹਰ ਸਾਹ ਵਿੱਚ ਸਰਬੱਤ ਦੇ ਭਲੇ ਨੂੰ ਯਾਦ ਰੱਖਾਂਗੇ ਤਾਂ ਜੋ ਗੁਰੂ ਨਾਨਕ ਦਾ ਸੁਪਨਾ ਸੱਚ ਹੋ ਸਕੇ ਅਤੇ ਇਹ ਧਰਤੀ ਫਿਰ ਤੋਂ ਫਿਰਦੌਸ (ਜੰਨਤ, ਬਹਿਸ਼ਤ, ਸਵਰਗ, ਬਾਗ, ਰਮਣੀਕ ਥਾਂ) ਬਣ ਸਕੇ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਚਮਕੌਰ ਸਿੰਘ ਕੈਰਵੇ

ਚਮਕੌਰ ਸਿੰਘ ਕੈਰਵੇ

Whatsapp: (91 - 98752 - 00097)
Email: (cskairveoffical@gmail.com)

More articles from this author