“ਸਾਨੂੰ ਇਹ ਸਮਝਣਾ ਪਵੇਗਾ ਕਿ ਜ਼ਿੰਦਗੀ ਕੋਈ ਦੌੜ ਨਹੀਂ ਹੈ, ਇਹ ਇੱਕ ਯਾਤਰਾ ...”
(11 ਨਵੰਬਰ 2026)
ਅੱਜ ਦੇ ਮਨੁੱਖ ਵਿੱਚ ਕਿਉਂ ਖਤਮ ਹੋ ਰਿਹਾ ਹੈ ਸਬਰ-ਸੰਤੋਖ, ਇਹ ਸਵਾਲ ਅੱਜ ਦੇ ਭੌਤਿਕਵਾਦੀ ਯੁੱਗ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਗੰਭੀਰ ਪ੍ਰਸ਼ਨ ਹੈ। ਇਸਦਾ ਜਵਾਬ ਲੱਭਣ ਲਈ ਸਾਨੂੰ ਆਪਣੇ ਅੰਦਰ ਝਾਤੀ ਮਾਰਨੀ ਪਵੇਗੀ, ਆਪਣੇ ਸਮਾਜ ਦੀ ਚੀਰ-ਪਾੜ ਕਰਨੀ ਪਵੇਗੀ ਅਤੇ ਆਪਣੀ ਜੀਵਨ-ਜਾਚ ਦਾ ਮੁਲਾਂਕਣ ਕਰਨਾ ਪਵੇਗਾ। ਕਦੇ ਉਹ ਸਮਾਂ ਸੀ ਜਦੋਂ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸਨ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ ਅਤੇ ਸੰਤੋਖੀ ਬੰਦਾ ਸਦਾ ਸੁਖੀ ਰਹਿੰਦਾ ਹੈ। ਉਨ੍ਹਾਂ ਦੇ ਜੀਵਨ ਵਿੱਚ ਸਬਰ ਅਤੇ ਸੰਤੋਖ, ਦੋਵੇਂ ਹੀ ਸਾਹਾਂ ਵਾਂਗ ਵਸਦੇ ਸਨ। ਉਹ ਥੋੜ੍ਹੇ ਵਿੱਚ ਵੀ ਗੁਜ਼ਾਰਾ ਕਰ ਲੈਂਦੇ ਸਨ। ਉਹ ਰੁੱਖੀ-ਮਿੱਸੀ ਖਾ ਕੇ ਵੀ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਸਨ। ਉਨ੍ਹਾਂ ਕੋਲ ਵੱਡੀਆਂ ਵੱਡੀਆਂ ਕੋਠੀਆਂ ਨਹੀਂ ਸਨ, ਵੱਡੀਆਂ-ਵੱਡੀਆਂ ਗੱਡੀਆਂ ਨਹੀਂ ਸਨ, ਪਰ ਉਨ੍ਹਾਂ ਦੇ ਦਿਲਾਂ ਵਿੱਚ ਸਕੂਨ ਸੀ। ਉਨ੍ਹਾਂ ਦੀਆਂ ਰਾਤਾਂ ਦੀ ਨੀਂਦ ਗਹਿਰੀ ਸੀ ਅਤੇ ਉਨ੍ਹਾਂ ਦੇ ਚਿਹਰਿਆਂ ’ਤੇ ਇੱਕ ਅਜੀਬ ਜਿਹਾ ਨੂਰ ਹੁੰਦਾ ਸੀ।
ਅੱਜ ਦੇ ਮਨੁੱਖ ਕੋਲ ਸਭ ਕੁਝ ਹੈ। ਉਸ ਕੋਲ ਕੋਠੀ ਹੈ। ਗੱਡੀ ਹੈ। ਬੈਂਕ ਬੈਲੈਂਸ ਹੈ। ਮੋਬਾਇਲ ਹੈ। ਇੰਟਰਨੈੱਟ ਹੈ ਪਰ ਉਸ ਕੋਲ ਜੇਕਰ ਕੋਈ ਘਾਟ ਹੈ, ਤਾਂ ਉਹ ਹੈ ਸਬਰ ਅਤੇ ਸੰਤੋਖ। ਅੱਜ ਦਾ ਮਨੁੱਖ ਹਰ ਵੇਲੇ ਭੱਜ ਰਿਹਾ ਹੈ। ਉਹ ਸਵੇਰੇ ਉੱਠਦੇ ਹੀ ਭੱਜਣਾ ਸ਼ੁਰੂ ਕਰ ਦਿੰਦਾ ਹੈ। ਉਹ ਕਿਸੇ ਚੀਜ਼ ਦੀ ਉਡੀਕ ਨਹੀਂ ਕਰ ਸਕਦਾ, ਉਸ ਨੂੰ ਹਰ ਚੀਜ਼ ਤੁਰੰਤ (ਅਭੀ) ਚਾਹੀਦੀ ਹੈ। ਉਸ ਨੂੰ ਤੁਰੰਤ ਪੈਸਾ ਚਾਹੀਦਾ ਹੈ, ਤੁਰੰਤ ਸਫਲਤਾ ਚਾਹੀਦੀ ਹੈ, ਉਸ ਨੂੰ ਤੁਰੰਤ ਪ੍ਰਸਿੱਧੀ ਚਾਹੀਦੀ ਹੈ। ਇਸ ਤੁਰੰਤ (ਅਭੀ) ਦੀ ਦੌੜ ਵਿੱਚ ਉਸਨੇ ਸਬਰ ਨੂੰ ਹੀ ਖਤਮ ਕਰ ਦਿੱਤਾ ਹੈ।
ਸਬਰ ਕਿਉਂ ਖਤਮ ਹੋ ਰਿਹਾ ਹੈ? ਇਸਦਾ ਸਭ ਤੋਂ ਵੱਡਾ ਕਾਰਨ ਹੈ ਸਾਡੀ ਸੋਸ਼ਲ ਮੀਡੀਆ ਦੀ ਦੁਨੀਆ, ਜਿੱਥੇ ਹਰ ਚੀਜ਼ ਦੋ ਸਕਿੰਟ ਵਿੱਚ ਮਿਲ ਜਾਂਦੀ ਹੈ। ਜਿੱਥੇ ਇੱਕ ਕਲਿੱਕ ’ਤੇ ਖਾਣਾ ਆ ਜਾਂਦਾ ਹੈ, ਇੱਕ ਕਲਿੱਕ ’ਤੇ ਕੱਪੜੇ ਆ ਜਾਂਦੇ ਹਨ, ਅਤੇ ਇੱਕ ਕਲਿੱਕ ’ਤੇ ਰਿਸ਼ਤੇ ਬਣ ਅਤੇ ਟੁੱਟ ਜਾਂਦੇ ਹਨ। ਜਦੋਂ ਹਰ ਚੀਜ਼ ਇੰਨੀ ਜਲਦੀ ਮਿਲਣ ਲੱਗ ਪਵੇ ਤਾਂ ਮਨੁੱਖ ਵਿੱਚ ਉਡੀਕ ਕਰਨ ਦੀ ਆਦਤ ਹੀ ਖਤਮ ਹੋ ਜਾਂਦੀ ਹੈ। ਉਹ ਸੋਚਦਾ ਹੈ ਕਿ ਜਿਵੇਂ ਮੋਬਾਇਲ ’ਤੇ ਸਭ ਕੁਝ ਤੁਰੰਤ ਮਿਲਦਾ ਹੈ, ਉਵੇਂ ਹੀ ਜ਼ਿੰਦਗੀ ਵਿੱਚ ਵੀ ਸਭ ਕੁਝ ਤੁਰੰਤ ਮਿਲ ਜਾਣਾ ਚਾਹੀਦਾ ਹੈ। ਪਰ ਜ਼ਿੰਦਗੀ ਮੋਬਾਇਲ ਦੀ ਸਕਰੀਨ ਨਹੀਂ ਹੈ। ਜ਼ਿੰਦਗੀ ਇੱਕ ਖੇਤ ਵਾਂਗ ਹੈ, ਜਿੱਥੇ ਬੀਜ ਬੀਜਣ ਤੋਂ ਬਾਅਦ ਫਸਲ ਪੱਕਣ ਤਕ ਉਡੀਕ ਕਰਨੀ ਪੈਂਦੀ ਹੈ। ਜਿਹੜਾ ਮਨੁੱਖ ਉਡੀਕ ਨਹੀਂ ਕਰ ਸਕਦਾ, ਉਹ ਕਦੇ ਵੀ ਫਸਲ ਨਹੀਂ ਵੱਢ ਸਕਦਾ।
ਸਬਰ ਖਤਮ ਹੋਣ ਦਾ ਦੂਜਾ ਵੱਡਾ ਕਾਰਨ ਹੈ ਸਾਡੀ ਤੁਲਨਾ ਕਰਨ ਦੀ ਆਦਤ। ਅੱਜ ਦਾ ਮਨੁੱਖ ਆਪਣੇ ਆਪ ਨੂੰ ਹਰ ਵੇਲੇ ਦੂਜਿਆਂ ਨਾਲ ਤੋਲਦਾ ਰਹਿੰਦਾ ਹੈ। ਉਹ ਫੇਸਬੁੱਕ ’ਤੇ ਦੇਖਦਾ ਹੈ ਕਿ ਉਸਦੇ ਦੋਸਤ ਨੇ ਨਵੀਂ ਗੱਡੀ ਲੈ ਲਈ ਹੈ, ਉਹ ਇੰਸਟਾਗ੍ਰਾਮ ’ਤੇ ਦੇਖਦਾ ਹੈ ਕਿ ਉਸਦੇ ਰਿਸ਼ਤੇਦਾਰ ਨੇ ਵਿਦੇਸ਼ ਦੀ ਯਾਤਰਾ ਕਰ ਲਈ ਹੈ ਅਤੇ ਫਿਰ ਉਹ ਆਪਣੇ ਆਪ ਨੂੰ ਕੋਸਣ ਲੱਗ ਪੈਂਦਾ ਹੈ ਕਿ ਮੇਰੇ ਕੋਲ ਨਵੀਂ ਗੱਡੀ ਕਿਉਂ ਨਹੀਂ, ਮੈਂ ਸੈਰ ਸਪਾਟੇ ਕਿਉਂ ਨਹੀਂ ਕਰ ਰਿਹਾ? ਇਸ ਤੁਲਨਾ ਨੇ ਮਨੁੱਖ ਦੇ ਅੰਦਰੋਂ ਸੰਤੋਖ ਨੂੰ ਮਾਰ ਦਿੱਤਾ ਹੈ। ਉਹ ਭੁੱਲ ਗਿਆ ਹੈ ਕਿ ਹਰ ਇੱਕ ਦੀ ਸਥਿਤੀ ਅਥਵਾ ਹਾਲਾਤ, ਕੰਮ-ਕਾਰ, ਆਮਦਨ-ਖਰਚ ਵੱਖਰੇ-ਵੱਖਰੇ ਹਨ। ਸੰਤੋਖ ਦਾ ਅਰਥ ਇਹ ਨਹੀਂ ਹੈ ਕਿ ਤੁਸੀਂ ਮਿਹਨਤ ਕਰਨੀ ਛੱਡ ਦਿਓ, ਸੰਤੋਖ ਦਾ ਅਰਥ ਹੈ ਕਿ ਤੁਸੀਂ ਮਿਹਨਤ ਪੂਰੀ ਕਰੋ ਪਰ ਫਲ ਦੀ ਪ੍ਰਾਪਤੀ ਲਈ ਉਡੀਕ, ਸਬਰ ਕਰੋ। ਸਾਡੇ ਗੁਰੂ ਸਾਹਿਬਾਨ ਨੇ ਵੀ ਤਾਂ ਇਹੀ ਸਿਖਾਇਆ ਹੈ ਕਿ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਪਰ ਅੱਜ ਅਸੀਂ ਕਿਰਤ ਨੂੰ ਛੱਡ ਕੇ ਸਿਰਫ ਫਲ ਦੇ ਪਿੱਛੇ ਭੱਜ ਰਹੇ ਹਾਂ।
ਸਬਰ-ਸੰਤੋਖ ਦੇ ਖਤਮ ਹੋਣ ਦਾ ਤੀਜਾ ਕਾਰਨ ਹੈ ਸਾਡੀਆਂ ਵਧਦੀਆਂ ਹੋਈਆਂ ਇੱਛਾਵਾਂ। ਕਦੇ ਸਾਡੀਆਂ ਲੋੜਾਂ ਸੀਮਿਤ ਸਨ, ਪਰ ਅੱਜ ਸਾਡੀਆਂ ਇੱਛਾਵਾਂ ਅਸੀਮਤ ਹੋ ਗਈਆਂ ਹਨ। ਇੱਕ ਇੱਛਾ ਪੂਰੀ ਹੁੰਦੀ ਹੈ ਤਾਂ ਦੂਜੀ ਪੈਦਾ ਹੋ ਜਾਂਦੀ ਹੈ। ਦੂਜੀ ਪੂਰੀ ਹੁੰਦੀ ਹੈ ਤਾਂ ਤੀਜੀ ਪੈਦਾ ਹੋ ਜਾਂਦੀ ਹੈ ਇਨ੍ਹਾਂ ਇੱਛਾਵਾਂ ਦੀ ਘੁੰਮਣਘੇਰੀ ਵਿੱਚ ਫਸ ਕੇ ਮਨੁੱਖ ਆਪਣੀ ਸਾਰੀ ਉਮਰ ਦੁਖੀ ਰਹਿੰਦਾ ਹੈ, ਉਹ ਕਦੇ ਵੀ ਸੰਤੁਸ਼ਟ ਨਹੀਂ ਹੁੰਦਾ। ਉਹ ਸੋਚਦਾ ਹੈ ਕਿ ਜੇਕਰ ਮੈਨੂੰ ਇਹ ਮਿਲ ਜਾਵੇ ਤਾਂ ਮੈਂ ਸੁਖੀ ਹੋ ਜਾਵਾਂਗਾ। ਪਰ ਜਦੋਂ ਉਹ ਚੀਜ਼ ਮਿਲ ਜਾਂਦੀ ਹੈ ਤਾਂ ਉਸ ਨੂੰ ਪਤਾ ਲਗਦਾ ਹੈ ਕਿ ਸੁਖ ਤਾਂ ਉਸ ਚੀਜ਼ ਵਿੱਚ ਹੈ ਹੀ ਨਹੀਂ। ਤ੍ਰਿਪਤੀ ਬੰਦੇ ਦੇ ਅੰਦਰ ਹੈ, ਜਿਸ ਨੂੰ ਬੰਦਾ ਬਾਹਰ ਲੱਭਦਾ ਫਿਰਦਾ ਹੈ।
ਚੌਥਾ ਕਾਰਨ ਹੈ ਸਾਡੇ ਸੰਯੁਕਤ ਪਰਿਵਾਰਾਂ ਦਾ ਟੁੱਟਣਾ। ਕਦੇ ਸਾਡੇ ਘਰਾਂ ਵਿੱਚ ਦਾਦਾ-ਦਾਦੀ ਹੁੰਦੇ ਸਨ, ਜੋ ਬੱਚਿਆਂ ਨੂੰ ਸਬਰ ਅਤੇ ਸੰਤੋਖ ਦੀਆਂ ਕਹਾਣੀਆਂ ਸੁਣਾਉਂਦੇ ਸਨ; ਜੋ ਉਨ੍ਹਾਂ ਨੂੰ ਰਾਜਾ ਭਰਥਰੀ ਅਤੇ ਗੋਪੀ ਚੰਦ ਦੀਆਂ ਕਹਾਣੀਆਂ ਸੁਣਾ ਕੇ ਸਮਝਾਉਂਦੇ ਸਨ ਕਿ ਬੇਸਬਰੀ ਦੀ ਦੌੜ-ਭੱਜ ਫਜ਼ੂਲ ਹੈ। ਪਰ ਅੱਜ ਪਰਿਵਾਰ ਟੁੱਟ ਗਏ ਹਨ, ਬੱਚੇ ਇਕੱਲੇ ਰਹਿ ਗਏ ਹਨ, ਬੱਚਿਆਂ ਨੂੰ ਸਬਰ ਸਿਖਾਉਣ ਵਾਲਾ ਕੋਈ ਨਹੀਂ ਹੈ। ਬੱਚਿਆਂ ਦੇ ਹੱਥ ਵਿੱਚ ਸਿਰਫ ਮੋਬਾਇਲ ਹੈ, ਜਿਹੜਾ ਉਨ੍ਹਾਂ ਨੂੰ ਹਰ ਵੇਲੇ ਇਹੀ ਸਿਖਾਉਂਦਾ ਹੈ ਕਿ ਹੋਰ ਚਾਹੀਦਾ ਹੈ, ਹੋਰ ਚਾਹੀਦਾ ਹੈ ਅਤੇ ਇਸ ਹੋਰ ਦੀ ਦੌੜ ਵਿੱਚ ਮਨੁੱਖ ਆਪਣੀ ਮਾਨਸਿਕ ਸ਼ਾਂਤੀ ਗੁਆ ਬੈਠਾ ਹੈ।
ਅੱਜ ਹਰ ਦੂਜਾ ਵਿਅਕਤੀ ਡਿਪਰੈਸ਼ਨ ਦਾ ਸ਼ਿਕਾਰ ਹੈ, ਹਰ ਤੀਜਾ ਵਿਅਕਤੀ ਨੀਂਦ ਦੀਆਂ ਗੋਲੀਆਂ ਖਾ ਰਿਹਾ ਹੈ। ਕਿਉਂ? ਕਿਉਂਕਿ ਉਸ ਕੋਲ ਸਬਰ-ਸੰਤੋਖ ਨਹੀਂ ਹੈ। ਉਹ ਹਰ ਵੇਲੇ ਕਿਸੇ ਅਣਜਾਣੀ ਚਿੰਤਾ ਵਿੱਚ ਡੁੱਬਿਆ ਰਹਿੰਦਾ ਹੈ। ਇਸ ਲਈ ਜੇਕਰ ਅਸੀਂ ਆਪਣੇ ਜੀਵਨ ਵਿੱਚ ਸੱਚਾ ਸੁਖ ਚਾਹੁੰਦੇ ਹਾਂ ਤਾਂ ਸਾਨੂੰ ਸਬਰ-ਸੰਤੋਖ ਦਾ ਪੱਲਾ ਫੜਨਾ ਪਵੇਗਾ, ਸਾਨੂੰ ਇਹ ਸਮਝਣਾ ਪਵੇਗਾ ਕਿ ਜ਼ਿੰਦਗੀ ਕੋਈ ਦੌੜ ਨਹੀਂ ਹੈ, ਇਹ ਇੱਕ ਯਾਤਰਾ ਹੈ। ਯਾਤਰਾ ਦਾ ਅਨੰਦ ਉਦੋਂ ਹੀ ਆਉਂਦਾ ਹੈ ਜਦੋਂ ਅਸੀਂ ਟਹਿਲ-ਕਦਮੀ ਕਰਦੇ, ਆਲੇ-ਦੁਆਲੇ ਦੇ ਨਜ਼ਾਰਿਆਂ ਦਾ ਅਨੰਦ ਮਾਣਦੇ ਆਪਣੀ ਮੰਜ਼ਿਲ ਵੱਲ ਵਧਦੇ ਜਾਈਏ। ਜਿਸ ਮਨੁੱਖ ਕੋਲ ਸਬਰ-ਸੰਤੋਖ ਹੈ, ਉਸ ਕੋਲ ਹਰ ਮੁਸੀਬਤ ਦਾ ਹੱਲ ਹੈ, ਉਸ ਕੋਲ ਖੁਸ਼ੀਆਂ ਦੇ ਭੰਡਾਰ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































