“ਜੰਗਾਂ ਨਾਲ ਬੱਚਿਆਂ ਉੱਤੇ ਪੂਰੀ ਦੁਨੀਆਂ ਭਰ ਵਿੱਚ ਹੋ ਰਿਹਾ ਸਿਤਮ ਕਿਸੇ ਵੀ ...”
(14 ਮਈ 2026)
ਮੁਨਾਫੇ ਦੀ ਧੁੱਸ ਵਿੱਚ ਅੰਨ੍ਹਾ ਦੁਨੀਆਂ ਦਾ ਸਰਮਾਏਦਾਰਾ ਸਾਮਰਾਜੀ ਪ੍ਰਬੰਧ ਜਦੋਂ ਤੋਂ ਹੋਂਦ ਵਿੱਚ ਆਇਆ ਹੈ, ਇਸਨੇ ਮਨੁੱਖਤਾ ਨੂੰ ਜੰਗਾਂ ਦੇ ਮੂੰਹ ਧੱਕਿਆ ਹੈ। ਦੋ ਸੰਸਾਰ ਜੰਗਾਂ ਤੋਂ ਮਗਰੋਂ ਦੁਨੀਆਂ ਭਰ ਵਿੱਚ ਚੱਲ ਰਹੀਆਂ ਜੰਗਾਂ, ਪਛੜੇ ਜਾਂ ਗਰੀਬ ਮੁਲਕਾਂ ਵਿੱਚੋਂ ਸਸਤੀ ਕਿਰਤ ਸ਼ਕਤੀ ਨਿਚੋੜਨ, ਉਹਨਾਂ ਦੇ ਕੁਦਰਤੀ ਵਸੀਲਿਆਂ ਉੱਤੇ ਕਬਜ਼ਾ ਕਰਕੇ ਮੁਨਾਫਾ ਖੱਟਣ ਲਈ ਸਾਮਰਾਜੀ ਮੁਲਕਾਂ ਦੇ ਆਪਸੀ ਰੱਟਿਆਂ ਦਾ ਸਿੱਟਾ ਰਹੀਆਂ ਹਨ। ਇਨ੍ਹਾਂ ਜੰਗਾਂ ਨੇ ਮਨੁੱਖਤਾ ਨੂੰ ਖੂਨ ਦੀਆਂ ਨਦੀਆਂ ਵਿੱਚ ਡੋਬਿਆ ਹੈ, ਲੋਕਾਂ ਨੂੰ ਆਪਣੀ ਜਨਮ ਭੂਮੀ ਤੋਂ ਉਜਾੜਿਆ ਹੈ। ਦੁਨੀਆਂ ਭਰ ਵਿੱਚ ਸਾਮਰਾਜੀ ਪ੍ਰਬੰਧ ਦੀ ਇਹ ਵਹਿਸ਼ੀ ਕਰੂਪਤਾ ਅਮਰੀਕਾ ਦੀ ਅਗਵਾਈ ਵਾਲੇ ਨਾਟੋ ਧੜੇ ਅਤੇ ਚੀਨੀ-ਰੂਸੀ ਧੜੇ ਦੇ ਆਪਸੀ ਖਹਿਭੇੜ ਦੇ ਰੂਪ ਵਿੱਚ ਖੇਤਰੀ ਜੰਗਾਂ ਰਾਹੀਂ ਪ੍ਰਗਟ ਹੋ ਰਹੀ ਹੈ।
ਅੱਜ ਮੱਧ ਪੂਰਬ ਵਿੱਚ ਇਰਾਨ ਉੱਤੇ ਅਮਰੀਕਾ-ਇਜ਼ਰਾਇਲ ਜੁੰਡਲੀ ਵੱਲੋਂ ਵਿੱਢੀ ਜੰਗ ਵਿੱਚ ਸੈਂਕੜੇ ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਅਮਰੀਕੀ-ਇਜ਼ਰਾਇਲੀ ਦਹਿਸ਼ਤੀਆਂ ਵੱਲੋਂ ਜਾਣ ਬੁੱਝ ਕੇ ਸਕੂਲਾਂ ਉੱਤੇ ਬੰਬ ਸੁੱਟੇ ਗਏ, ਜਿਸ ਵਿੱਚ 150 ਦੇ ਕਰੀਬ ਬੱਚਿਆਂ ਦਾ ਕਤਲ ਕਰ ਦਿੱਤਾ ਗਿਆ। ਅੱਜ ਜਦੋਂ ਪੂਰੀ ਦੁਨੀਆਂ ਵਿੱਚ ਸਾਮਰਾਜੀ ਦਰਿੰਦਿਆਂ ਵੱਲੋਂ ਬੱਚਿਆਂ ਦੇ ਖੂਨ ਨਾਲ ਧਰਤੀ ਰੱਤੀ ਜਾਂਦੀ ਹੈ ਤਾਂ ਉਸ ਮੌਕੇ ਮੁਰਦਾ ਸ਼ਾਂਤੀ ਧਾਰਨ ਕਰਨਾ ਸਭ ਤੋਂ ਵੱਡਾ ਪਾਪ ਹੈ। ਛੋਟੇ ਛੋਟੇ ਬੱਚੇ ਬਾਲ ਅਵਸਥਾ ਵਿੱਚ ਖੇਡਣ ਕੁੱਦਣ ਦੀ ਉਮਰ ਵਿੱਚ, ਬੰਬਾਂ ਨਾਲ ਧੂੜ ਵਿੱਚ ਰਲ ਗਏ ਹਨ।
ਇਜ਼ਰਾਇਲੀ ਬੰਬਾਂ ਨਾਲ ਖੰਡਰ ਕੀਤੇ ਫਲਸਤੀਨ ਦੇ ਸ਼ਹਿਰਾਂ ਵਿੱਚ ਸਾਮਰਾਜੀ ਤਬਾਹੀ ਦਾ ਸ਼ਿਕਾਰ ਹੋਏ। ਸੁਡਾਨ ਦੇ ਤਪਦੇ ਮਾਰੂਥਲਾਂ ਵਿੱਚ, ਯੁਕਰੇਨ ਦੇ ਸ਼ਹਿਰਾਂ ਵਿੱਚ ਅਤੇ ਇਰਾਨ ਉੱਤੇ ਵਿੱਢੇ ਸੱਜਰੇ ਹਮਲੇ ਕਿਸੇ ਦੀ “ਸੁਰੱਖਿਆ” ਲਈ ਨਹੀਂ, ਸਗੋਂ ਤੇਲ ਦੇ ਖੂਹਾਂ ਉੱਤੇ ਕਬਜ਼ੇ ਲਈ, ਖਣਿਜਾਂ ਦੀਆਂ ਖਾਣਾਂ ਦੱਬਣ ਲਈ, ਆਪਣੇ ਭੂਗੋਲਿਕ ਦਾਬੇ ਲਈ ਅਤੇ ਹਥਿਆਰ ਬਣਾਉਣ ਵਾਲੀਆਂ, ਮੌਤ ਦੀਆਂ ਸੌਦਾਗਰ ਕੰਪਨੀਆਂ ਦੇ ਮਾਰੂ ਹਥਿਆਰਾਂ ਦੀ ਵਿਕਰੀ ਵਧਾਉਣ ਲਈ ਹਨ, ਜਿਸ ਵਿੱਚ ਮਨੁੱਖਤਾ ਲਈ ਸਿਰਫ ਮੌਤ ਹੈ ਅਤੇ ਕੰਪਨੀਆਂ ਲਈ ਅਥਾਹ ਮੁਨਾਫਾ ਹੈ।
ਸੰਯੁਕਤ ਰਾਸ਼ਟਰ ਦੇ ਅੰਕੜਿਆਂ ਮੁਤਾਬਿਕ ਇਨ੍ਹਾਂ ਜੰਗਾਂ ਕਰਕੇ ਦੁਨੀਆਂ ਦੇ 47 ਕਰੋੜ 30 ਲੱਖ ਤੋਂ ਵੱਧ ਬੱਚੇ, ਭਾਵ ਦੁਨੀਆਂ ਦਾ ਹਰ ਛੇਵਾਂ ਬੱਚਾ, ਜੰਗ ਦੀ ਅੱਗ ਵਿੱਚ ਝੁਲਸ ਰਹੇ ਮੁਲਕਾਂ ਵਿੱਚ ਸਾਹ ਲੈ ਰਿਹਾ ਹੈ। 2010 ਤੋਂ ਲੈ ਕੇ ਹੁਣ ਤਕ ਜੰਗਾਂ ਵਿੱਚ ਰਹਿ ਰਹੇ ਬੱਚਿਆਂ ਦੀ ਗਿਣਤੀ 60% ਵਧੀ ਹੈ ਅਤੇ ਇਨ੍ਹਾਂ ਜੰਗਾਂ ਵਿੱਚ ਬੱਚਿਆਂ ਵਿਰੁੱਧ ਦਰਜ ਕੀਤੇ ਅਣਮਨੁੱਖੀ ਅਪਰਾਧਾਂ ਦੀ ਫੀਸਦ ਵਿੱਚ 373% ਦਾ ਵਾਧਾ ਹੋਇਆ ਹੈ। ਜੰਗਾਂ ਦੇ ਫੈਲਾਅ ਨਾਲ ਵਧਦੀ ਇਹ ਬਰਬਰਤਾ, ਜੋ ਬੱਚਿਆਂ ਦੇ ਲਹੂ ਦੀ ਪਿਆਸੀ ਹੈ, ਸਾਮਰਾਜੀ ਗਿਰਝਾਂ ਦੇ ਕਰੂਰ, ਬੇਕਿਰਕ, ਬੇਸ਼ਰਮ ਅਤੇ ਮਨੁੱਖਦੋਖੀ ਬਿਰਤੀ ਨੂੰ ਵਿਖਾਉਂਦੀ ਹੈ।
ਫਲਸਤੀਨ ਦੇ ਇਕੱਲੇ ਗਾਜ਼ਾ ਵਿੱਚ ਅਮਰੀਕੀ ਸਾਮਰਾਜੀ ਸ਼ਹਿ ਉੱਤੇ ਇਜ਼ਰਾਇਲੀ ਦਹਿਸ਼ਤੀ ਟੋਲੇ ਵੱਲੋਂ 7 ਅਕਤੂਬਰ 2023 ਤੋਂ ਜਨਵਰੀ 2025 ਤਕ 47,000 ਤੋਂ ਵੱਧ ਫਲਸਤੀਨੀ ਲੋਕਾਂ ਦਾ ਕਤਲ ਕਰ ਦਿੱਤਾ ਗਿਆ, ਜਿਨ੍ਹਾਂ ਵਿੱਚ ਤਕਰੀਬਨ 18,000 ਬੱਚੇ ਸ਼ਾਮਲ ਹਨ। ਗਾਜ਼ਾ ਵਿੱਚ 2023-24 ਵਿੱਚ ਦੁਨੀਆਂ ਭਰ ਵਿੱਚ ਜੰਗਾਂ ਵਿੱਚ ਮਾਰੇ ਗਏ ਕੁੱਲ ਬੱਚਿਆਂ ਦਾ 80% ਅਤੇ ਔਰਤਾਂ ਦਾ 70% ਸਾਮਰਾਜੀ ਜੰਗਾਂ ਦੀ ਬਲੀ ਚੜ੍ਹ ਗਿਆ।
ਅਫਰੀਕਾ ਦੇ ਮੁਲਕ ਸੁਡਾਨ ਨੂੰ ਦੁਨੀਆਂ ਦੀਆਂ ਖਬਰਾਂ ਤੋਂ ਭੁਲਾ ਦਿੱਤਾ ਗਿਆ ਹੈ, ਜੋ ਇਸ ਵੇਲੇ ਇਹ ਦੁਨੀਆਂ ਵਿੱਚ ਇੱਕ ਵੱਡਾ ਮਨੁੱਖੀ ਸੰਕਟ ਝੱਲ ਰਿਹਾ ਮੁਲਕ ਹੈ; ਜਿੱਥੇ ਡੇਢ ਲੱਖ ਤੋਂ ਵੱਧ ਆਮ ਲੋਕ ਮਾਰੇ ਜਾ ਚੁੱਕੇ ਹਨ ਅਤੇ 1.6 ਕਰੋੜ ਬੱਚੇ ਮਦਦ ਦੇ ਮੁਥਾਜ ਹਨ। ਬਹੁਤੇ ਬੱਚਿਆਂ ਦੇ ਸਿਰ ਤੋਂ ਮਾਪਿਆਂ ਅਤੇ ਘਰ ਦੀ ਛਾਂ ਖੋਹੀ ਜਾ ਚੁੱਕੀ ਹੈ।
2020 ਤੋਂ 2024 ਤਕ, ਸਿਰਫ ਚਾਰ ਸਾਲਾਂ ਵਿੱਚ ਤਕਰੀਬਨ 50,000 ਬੱਚੇ ਪੂਰੀ ਦੁਨੀਆਂ ਵਿੱਚ ਜੰਗੀ ਹਥਿਆਰਾਂ ਦਾ ਸ਼ਿਕਾਰ ਬਣੇ। ਸਾਮਰਾਜੀ ਜੰਗਾਂ ਦੀ ਫੇਟ ਝੱਲ ਰਹੇ ਇਹ ਬੱਚੇ ਗੋਲੀਆਂ, ਬੰਬਾਂ ਦੇ ਸ਼ਰਲਿਆਂ ਦੇ ਜ਼ਖਮ, ਅੱਗ ਨਾਲ ਮੱਚਣ, ਹੱਡੀਆਂ ਟੁੱਟਣ, ਅੱਖਾਂ ਗੁਆਉਣਾ, ਸਿਰ ਦੀਆਂ ਸੱਟਾਂ ਦੇ ਸ਼ਿਕਾਰ ਹੋ ਰਹੇ ਹਨ, ਸੁਣਨ ਸਮਰੱਥਾ ਦਾ ਖੁੱਸਣਾ ਅਤੇ ਹੋਰ ਸੱਟਾਂ ਲੱਗਣ ਕਾਰਨ ਜ਼ਖਮੀ ਹੋ ਰਹੇ ਹਨ। ਜੰਗਾਂ ਵਿੱਚ ਲੱਗੇ ਇਹ ਜ਼ਖ਼ਮ ਸਿਰਫ ਚਮੜੀ ਤਕ ਸੀਮਤ ਨਹੀਂ, ਜੰਗੀ ਹਿੰਸਾ ਦਾ ਸਾਹਮਣਾ ਕਰਨ ਵਾਲੇ ਬੱਚਿਆਂ ਵਿੱਚ ਤਰ੍ਹਾਂ ਤਰ੍ਹਾਂ ਦੇ ਮਾਨਸਿਕ ਰੋਗ ਉਪਜਦੇ ਹਨ। ਇਨ੍ਹਾਂ ਬੱਚਿਆਂ ਨੂੰ ਉਦਾਸੀ, ਡਰਾਉਣੇ ਸੁਪਨੇ ਅਤੇ ਖੌਫ ਦੇ ਡੂੰਘੇ ਪਰਛਾਵਿਆਂ ਵਿੱਚ ਸਾਰੀ ਉਮਰ ਜਿਊਣਾ ਪੈ ਰਿਹਾ ਹੈ।
ਜੰਗਾਂ ਨਾਲ ਬੱਚਿਆਂ ਉੱਤੇ ਪੂਰੀ ਦੁਨੀਆਂ ਭਰ ਵਿੱਚ ਹੋ ਰਿਹਾ ਸਿਤਮ ਕਿਸੇ ਵੀ ਇਨਸਾਨੀ ਰੂਹ ਨੂੰ ਕੰਬਾ ਦੇਵੇਗਾ ਅਤੇ ਲਾਜ਼ਮੀ ਹੀ ਉਹ ਇਨਸਾਨ ਹਰ ਹੀਲੇ ਮਨੁੱਖਤਾ ਉੱਤੇ ਮੜ੍ਹੀਆਂ ਜਾ ਰਹੀਆਂ ਸਭਨਾਂ ਨਹੱਕੀਆਂ ਜੰਗਾਂ ਦਾ ਵਿਰੋਧ ਕਰੇਗਾ। ਪਰ ਮੁਨਾਫੇ ਦੇ ਪੈਰੋਕਾਰਾਂ ਲਈ ਇਹ ਮਸਲਾ ਭਾਵੁਕਤਾ ਦਾ ਨਹੀਂ ਹੈ, ਜੋ ਇਨਸਾਨੀ ਗੁਣਾਂ ਨੂੰ ਕਦੋਂ ਤੋਂ ਤਿਲਾਂਜਲੀ ਦੇ ਚੁੱਕੇ ਹਨ ਅਤੇ ਮਨੁੱਖੀ ਭੇਸ ਵਿੱਚ ਜਾਨਵਰ ਬਣ ਚੁੱਕੇ ਹਨ। ਇਸ ਪਿੱਛੇ ਅਮੀਰ ਸਰਮਾਏਦਾਰ ਅਤੇ ਸਾਮਰਾਜੀ ਮੁਲਕਾਂ ਦੀ ਮੁਨਾਫੇ ਦੀ ਅੰਨ੍ਹੀ ਲਾਲਸਾ ਕੰਮ ਕਰਦੀ ਹੈ। 2024 ਵਿੱਚ ਦੁਨੀਆਂ ਦੀਆਂ 100 ਸਭ ਤੋਂ ਵੱਡੀਆਂ ਹਥਿਆਰ ਕੰਪਨੀਆਂ ਦੀ ਕੁੱਲ ਆਮਦਨ 679 ਅਰਬ ਡਾਲਰ ਦੇ ਨਵੇਂ ਰਿਕਾਰਡ ਤਕ ਪਹੁੰਚ ਗਈ ਹੈ। ਸਾਲ 2024 ਵਿੱਚ ਦੁਨੀਆਂ ਭਰ ਦਾ ਫੌਜੀ ਖਰਚਾ 2,718 ਅਰਬ ਡਾਲਰ ਸੀ, ਜੋ ਲਗਾਤਾਰ ਵਧਦਾ ਜਾ ਰਿਹਾ ਹੈ। ਹਰ ਬੱਚੇ ਦੀ ਲਾਸ਼ ਦੇ ਨਾਲ ਸਾਮਰਾਜੀ ਕੰਪਨੀਆਂ ਦੇ ਮੁਨਾਫੇ ਵਧਦੇ ਹਨ।
2020 ਤੋਂ 2024 ਤਕ ਸਿਰਫ ਪੰਜ ਅਮਰੀਕੀ ਹਥਿਆਰ ਕੰਪਨੀਆਂ, ਲਾਕਹੀਡ ਮਾਰਟਿਨ, ਆਰਟੀਐਕਸ, ਬੋਇੰਗ, ਜਨਰਲ ਡਾਇਨਾਮਿਕਸ ਅਤੇ ਨੌਰਥਰੋਪ ਗਰੁਮੈਨ ਨੂੰ 771 ਅਰਬ ਡਾਲਰ ਦੇ ਹਥਿਆਰ ਬਣਾਉਣ ਦੇ ਠੇਕੇ ਮਿਲੇ। ਇਹੀ ਹਥਿਆਰ ਦੁਨੀਆਂ ਭਰ ਵਿੱਚ ਚੱਲ ਰਹੀਆਂ ਜੰਗਾਂ ਵਿੱਚ ਮੌਤ ਵੰਡਣਗੇ।
ਮਨੁੱਖਤਾ ਦੇ ਇਨ੍ਹਾਂ ਕਾਤਲ ਟੋਲਿਆਂ ਵਿੱਚੋਂ ਮਸਲਾ ਕਿਸੇ ਇੱਕ ਕਾਤਲ ਟੋਲੇ ਦੀ ਧਿਰ ਮੰਨ ਲੈਣ ਨਾਲ ਹੱਲ ਨਹੀਂ ਹੋ ਜਾਂਦਾ ਸਗੋਂ ਮਨੁੱਖਤਾ ਦਾ ਭਵਿੱਖ, ਸਾਡੇ ਬੱਚਿਆਂ ਦਾ ਭਵਿੱਖ ਮੌਜੂਦਾ ਲੁੱਟ-ਜਬਰ ਉੱਤੇ ਟਿਕੇ ਇਸ ਸਰਮਾਏਦਾਰੀ-ਸਾਮਰਾਜੀ ਪ੍ਰਬੰਧ ਤੋਂ ਛੁਟਕਾਰੇ ਵਿੱਚ ਹੈ; ਜਿਸ ਲਈ ਅੱਜ ਹਰ ਧੜਕਦੇ ਦਿਲ ਨੂੰ ਦੇਸ਼-ਦੁਨੀਆਂ ਵਿੱਚ ਸਾਮਰਾਜੀ ਮੁਨਾਫਿਆਂ ਲਈ ਚੱਲ ਰਹੀ ਜੰਗ ਦੇ ਵਿਰੋਧ ਵਿੱਚ ਆਪਣੀ ਸੁਰ ਬੁਲੰਦ ਕਰਨੀ ਚਾਹੀਦੀ ਹੈ। ‘ਇਨਸਾਨ’ ਹੋਣ ਦੀ ਇਹੀ ਨਿਸ਼ਾਨੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)














































































































