“ਸਾਨੂੰ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਇਸ ਸ਼ਹੀਦ ਦੇ ਸੁਪਨਿਆਂ ਦਾ ਭਾਰਤ ...”
(16 ਨਵੰਬਰ 2026)

16 ਨਵੰਬਰ 1915 ਦਾ ਉਹ ਦਿਨ ਜਦੋਂ ਲਾਹੌਰ ਦੀ ਸੈਂਟਰਲ ਜੇਲ੍ਹ ਦੀ ਫਾਂਸੀ ਵਾਲੀ ਕੋਠੜੀ ਵਿੱਚ ਇੱਕ 19 ਸਾਲ ਦਾ ਨੌਜਵਾਨ ਹੱਸਦਾ-ਹੱਸਦਾ ਫਾਂਸੀ ਦੇ ਤਖਤੇ ਵੱਲ ਵਧ ਰਿਹਾ ਸੀ। ਉਸ ਨੇ ਆਪਣੇ ਹੱਥਾਂ ਨਾਲ ਫਾਂਸੀ ਦਾ ਰੱਸਾ ਚੁੰਮਿਆ ਅਤੇ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਾ ਕੇ ਆਪਣੀ ਜਾਨ ਦੇਸ਼ ਦੇ ਨਾਮ ਕੁਰਬਾਨ ਕਰ ਦਿੱਤੀ। ਉਹ ਕੋਈ ਆਮ ਨੌਜਵਾਨ ਨਹੀਂ ਸੀ, ਉਹ ਸੀ ਸ਼ਹੀਦ ਕਰਤਾਰ ਸਿੰਘ ਸਰਾਭਾ, ਜਿਸ ਨੇ ਆਪਣੀ ਛੋਟੀ ਜਿਹੀ ਜ਼ਿੰਦਗੀ ਵਿੱਚ ਉਹ ਕਰ ਦਿਖਾਇਆ ਜੋ ਵੱਡੇ-ਵੱਡੇ ਸਿਆਸਤਦਾਨ ਆਪਣੀ ਪੂਰੀ ਉਮਰ ਵਿੱਚ ਨਹੀਂ ਕਰ ਸਕਦੇ। ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿੱਚ ਹੋਇਆ ਸੀ। ਉਸ ਦੇ ਪਿਤਾ ਦਾ ਨਾਮ ਸਰਦਾਰ ਮੰਗਲ ਸਿੰਘ ਸੀ ਜੋ ਇੱਕ ਅਮੀਰ ਜ਼ਿਮੀਂਦਾਰ ਸਨ ਪਰ ਕਰਤਾਰ ਸਿੰਘ ਦਾ ਬਚਪਨ ਬਹੁਤ ਛੋਟੀ ਉਮਰ ਵਿੱਚ ਹੀ ਯਤੀਮ ਹੋਣ ਦੇ ਦੁੱਖ ਨਾਲ ਭਰਿਆ ਸੀ। ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਦਾ ਪਾਲਣ-ਪੋਸ਼ਣ ਉਸ ਦੇ ਦਾਦਾ ਜੀ ਬਦਨ ਸਿੰਘ ਨੇ ਕੀਤਾ। ਉਸ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਕੀਤੀ ਅਤੇ ਫਿਰ ਲੁਧਿਆਣੇ ਦੇ ਮਾਲਵਾ ਖਾਲਸਾ ਹਾਈ ਸਕੂਲ ਵਿੱਚ ਦਾਖਲਾ ਲਿਆ। ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ, ਪਰ ਉਸ ਦੇ ਅੰਦਰ ਅੰਗਰੇਜ਼ੀ ਹਕੂਮਤ ਵਿਰੁੱਧ ਗੁੱਸਾ ਬਚਪਨ ਤੋਂ ਹੀ ਸੀ। ਜਦੋਂ ਉਹ ਸਿਰਫ 10ਵੀਂ ਜਮਾਤ ਵਿੱਚ ਸੀ ਤਾਂ ਉਸ ਨੇ ਉਡੀਸਾ ਦੇ ਜੰਗਲਾਂ ਵਿੱਚ ਅੰਗਰੇਜ਼ਾਂ ਵੱਲੋਂ ਕਬਾਇਲੀਆਂ ਉੱਤੇ ਕੀਤੇ ਜਾ ਰਹੇ ਜ਼ੁਲਮਾਂ ਬਾਰੇ ਸੁਣਿਆ ਅਤੇ ਉਸੇ ਦਿਨ ਉਸ ਨੇ ਪ੍ਰਣ ਲਿਆ ਕਿ ਉਹ ਦੇਸ਼ ਨੂੰ ਆਜ਼ਾਦ ਕਰਵਾਏਗਾ। ਇਸੇ ਇਰਾਦੇ ਨਾਲ 1912 ਵਿੱਚ ਜਦੋਂ ਉਹ ਸਿਰਫ 16 ਸਾਲ ਦਾ ਸੀ ਤਾਂ ਉਹ ਆਪਣੇ ਚਾਚੇ ਦੇ ਨਾਲ ਅਮਰੀਕਾ ਦੇ ਸ਼ਹਿਰ ਸਾਨ ਫਰਾਂਸਿਸਕੋ ਚਲਾ ਗਿਆ, ਜਿੱਥੇ ਉਹ ਬਰਕਲੇ ਯੂਨੀਵਰਸਿਟੀ ਵਿੱਚ ਰਸਾਇਣ ਵਿਗਿਆਨ ਦੀ ਪੜ੍ਹਾਈ ਕਰਨ ਲੱਗਾ। ਪਰ ਅਮਰੀਕਾ ਵਿੱਚ ਵੀ ਉਸ ਨੇ ਦੇਖਿਆ ਕਿ ਭਾਰਤੀਆਂ ਨਾਲ ਕਿਸ ਤਰ੍ਹਾਂ ਗੋਰੇ ਲੋਕ ਨਫ਼ਰਤ ਭਰਿਆ ਵਿਵਹਾਰ ਕਰਦੇ ਹਨ। ਜਹਾਜ਼ਾਂ ਵਿੱਚ ਭਾਰਤੀਆਂ ਨੂੰ ਥੱਲੇ ਬਿਠਾਇਆ ਜਾਂਦਾ ਸੀ, ਕਾਲੇ ਅਤੇ ਗੋਰੇ ਦਾ ਭੇਦਭਾਵ ਉਸ ਨੇ ਆਪਣੀਆਂ ਅੱਖਾਂ ਨਾਲ ਦੇਖਿਆ।
ਉੱਥੇ ਹੀ ਕਰਤਾਰ ਸਿੰਘ ਸਰਾਭਾ ਦੀ ਮੁਲਾਕਾਤ ਲਾਲਾ ਹਰਦਿਆਲ ਜੀ ਨਾਲ ਹੋਈ, ਜੋ ਉਸ ਸਮੇਂ ਗ਼ਦਰ ਪਾਰਟੀ ਦੇ ਮੁੱਖ ਆਗੂ ਸਨ। ਲਾਲਾ ਹਰਦਿਆਲ ਜੀ ਨੇ ਕਰਤਾਰ ਸਿੰਘ ਦੀ ਦੇਸ਼ ਭਗਤੀ ਨੂੰ ਪਛਾਣ ਲਿਆ ਅਤੇ ਉਸ ਨੂੰ ਗ਼ਦਰ ਪਾਰਟੀ ਵਿੱਚ ਸ਼ਾਮਲ ਕਰ ਲਿਆ। 1 ਨਵੰਬਰ 1913 ਨੂੰ ਗ਼ਦਰ ਪਾਰਟੀ ਦੀ ਸਥਾਪਨਾ ਹੋਈ ਅਤੇ ਉਸ ਦਾ ਪਹਿਲਾ ਅਖ਼ਬਾਰ ਗ਼ਦਰ ਨਿਕਲਿਆ, ਜਿਸ ਦਾ ਪਹਿਲਾ ਅੰਕ ਉਰਦੂ ਵਿੱਚ ਛਪਿਆ ਸੀ ਅਤੇ ਉਸ ਅੰਕ ਨੂੰ ਲਿਖਣ ਅਤੇ ਛਾਪਣ ਵਿੱਚ ਕਰਤਾਰ ਸਿੰਘ ਸਰਾਭਾ ਦਾ ਸਭ ਤੋਂ ਵੱਥ ਹੱਥ ਸੀ। ਉਹ ਦਿਨ ਰਾਤ ਪ੍ਰੈਸ ਵਿੱਚ ਕੰਮ ਕਰਦਾ ਸੀ। ਕਈ ਵਾਰ ਤਾਂ ਉਹ ਲਗਾਤਾਰ 36-36 ਘੰਟੇ ਕੰਮ ਕਰਦਾ ਰਹਿੰਦਾ ਸੀ, ਉਸ ਨੇ ਅੰਗਰੇਜ਼ੀ ਹਕੂਮਤ ਵਿਰੁੱਧ ਅਜਿਹੀਆਂ ਅੱਗ ਵਰਗੇ ਕਵਿਤਾਵਾਂ ਅਤੇ ਲੇਖ ਲਿਖੇ, ਜਿਨ੍ਹਾਂ ਨੇ ਅਮਰੀਕਾ ਵਿੱਚ ਵਸਦੇ ਹਜ਼ਾਰਾਂ ਪੰਜਾਬੀਆਂ ਦੇ ਖੂਨ ਨੂੰ ਉਬਾਲ ਦਿੱਤਾ।
ਕਰਤਾਰ ਸਿੰਘ ਸਰਾਭਾ ਸਟੇਜ ’ਤੇ ਖੜ੍ਹਾ ਹੋ ਕੇ ਜਦੋਂ ਤਕਰੀਰ ਕਰਦਾ ਸੀ ਤਾਂ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਅਤੇ ਮੁੱਠੀਆਂ ਬੰਦ ਹੋ ਜਾਂਦੀਆਂ ਸਨ। ਉਸ ਦੀ ਮਸ਼ਹੂਰ ਤਕਰੀਰ ਸੀ ਕਿ ਮੈਂ ਅਮਰੀਕਾ ਇਸ ਲਈ ਨਹੀਂ ਆਇਆ ਕਿ ਡਾਲਰ ਕਮਾਵਾਂ, ਮੈਂ ਤਾਂ ਇਸ ਲਈ ਆਇਆ ਹਾਂ ਕਿ ਹਥਿਆਰ ਚਲਾਉਣਾ ਸਿੱਖਾਂ ਅਤੇ ਅੰਗਰੇਜ਼ਾਂ ਨੂੰ ਆਪਣੇ ਦੇਸ਼ ਵਿੱਚੋਂ ਕੱਢਾਂ। ਜਦੋਂ ਪਹਿਲੀ ਵਿਸ਼ਵ ਜੰਗ 1914 ਵਿੱਚ ਸ਼ੁਰੂ ਹੋਈ ਤਾਂ ਗ਼ਦਰ ਪਾਰਟੀ ਨੇ ਫੈਸਲਾ ਕੀਤਾ ਕਿ ਇਹੀ ਸਹੀ ਸਮਾਂ ਹੈ ਜਦੋਂ ਅੰਗਰੇਜ਼ ਜੰਗ ਵਿੱਚ ਫਸੇ ਹੋਏ ਹਨ ਅਤੇ ਭਾਰਤ ਵਿੱਚ ਬਗਾਵਤ ਕੀਤੀ ਜਾ ਸਕਦੀ ਹੈ। ਇਸ ਯੋਜਨਾ ਤਹਿਤ ਹਜ਼ਾਰਾਂ ਗ਼ਦਰੀ ਬਾਬੇ ਜਹਾਜ਼ਾਂ ਰਾਹੀਂ ਭਾਰਤ ਵਾਪਸ ਆਉਣ ਲੱਗੇ। ਕਰਤਾਰ ਸਿੰਘ ਸਰਾਭਾ ਵੀ ਉਨ੍ਹਾਂ ਵਿੱਚੋਂ ਇੱਕ ਸੀ। ਉਹ ਸਤੰਬਰ 1914 ਵਿੱਚ ਕੋਲੰਬੋ ਰਾਹੀਂ ਪੰਜਾਬ ਪਹੁੰਚਿਆ।
ਭਾਰਤ ਪਹੁੰਚ ਕੇ ਕਰਤਾਰ ਸਿੰਘ ਸਰਾਭਾ ਨੂੰ ਪਤਾ ਲੱਗਾ ਕਿ ਅੰਗਰੇਜ਼ ਸਰਕਾਰ ਪਹਿਲਾਂ ਹੀ ਬਹੁਤ ਚੌਕਸ ਹੈ ਅਤੇ ਗ਼ਦਰੀਆਂ ਨੂੰ ਫੜ ਰਹੀ ਹੈ।, ਪਰ ਉਹ ਡਰਿਆ ਨਹੀਂ, ਉਸ ਨੇ ਪਿੰਡ-ਪਿੰਡ ਜਾ ਕੇ ਫੌਜ ਦੇ ਜਵਾਨਾਂ ਨੂੰ ਬਗਾਵਤ ਲਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਉਹ ਮੀਆਂ ਮੀਰ ਛਾਉਣੀ, ਫਿਰੋਜ਼ਪੁਰ ਛਾਉਣੀ, ਲਾਹੌਰ ਛਾਉਣੀ, ਅੰਬਾਲਾ ਛਾਉਣੀ ਵਿੱਚ ਜਾ ਕੇ ਸਿਪਾਹੀਆਂ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਕਿਹਾ ਕਿ 21 ਫਰਵਰੀ 1915 ਨੂੰ ਸਾਰੇ ਭਾਰਤ ਵਿੱਚ ਇੱਕੋ ਸਮੇਂ ਫੌਜੀ ਬਗਾਵਤ ਹੋਵੇਗੀ, ਇਸ ਯੋਜਨਾ ਨੂੰ ਲਾਹੌਰ ਸਾਜ਼ਿਸ਼ ਕੇਸ ਕਿਹਾ ਜਾਂਦਾ ਹੈ। ਪਰ ਬਦਕਿਸਮਤੀ ਨਾਲ ਇਸ ਯੋਜਨਾ ਦੀ ਖ਼ਬਰ ਅੰਗਰੇਜ਼ਾਂ ਦੀ ਪੁਲਿਸ ਨੂੰ ਕਿਰਪਾਲ ਸਿੰਘ ਨਾਮ ਦੇ ਇੱਕ ਗੱਦਾਰ ਨੇ ਦੇ ਦਿੱਤੀ ਜੋ ਪੁਲਿਸ ਦਾ ਮੁਖ਼ਬਰ ਬਣ ਗਿਆ ਸੀ। ਇਸ ਕਾਰਨ ਅੰਗਰੇਜ਼ਾਂ ਨੇ ਪਹਿਲਾਂ ਹੀ ਕਈ ਗ਼ਦਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਕਰਤਾਰ ਸਿੰਘ ਸਰਾਭਾ ਨੂੰ ਵੀ ਸਰਗੋਧਾ ਦੇ ਚੱਕ ਨੰਬਰ 5 ਤੋਂ ਗ੍ਰਿਫ਼ਤਾਰ ਕਰ ਲਿਆ ਗਿਆ, ਜਦੋਂ ਉਹ ਅਫਗਾਨਿਸਤਾਨ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।
ਗ੍ਰਿਫ਼ਤਾਰੀ ਤੋਂ ਬਾਅਦ ਕਰਤਾਰ ਸਿੰਘ ਸਰਾਭਾ ਉੱਤੇ ਲਾਹੌਰ ਸੈਂਟਰਲ ਜੇਲ੍ਹ ਵਿੱਚ ਬਹੁਤ ਅੱਤਿਆਚਾਰ ਕੀਤੇ ਗਏ। ਉਸ ਨੂੰ ਭੁੱਖਾ ਰੱਖਿਆ ਗਿਆ, ਕੋਰੜੇ ਮਾਰੇ ਗਏ, ਬਰਫ ਦੀਆਂ ਸਿਲਾਂ ’ਤੇ ਲਿਟਾਇਆ ਗਿਆ, ਪਰ ਉਸ ਨੇ ਆਪਣੇ ਕਿਸੇ ਵੀ ਸਾਥੀ ਦਾ ਨਾਮ ਨਹੀਂ ਦੱਸਿਆ। ਅੰਗਰੇਜ਼ ਜੱਜ ਨੇ ਜਦੋਂ ਉਸ ਨੂੰ ਪੁੱਛਿਆ ਕਿ ਤੁਹਾਡੀ ਉਮਰ ਕੀ ਹੈ ਤਾਂ ਉਸ ਨੇ ਹੱਸ ਕੇ ਕਿਹਾ ਕਿ ਮੈਂ 19 ਸਾਲ ਦਾ ਹਾਂ। ਜੱਜ ਨੇ ਕਿਹਾ ਕਿ ਤੁਸੀਂ ਤਾਂ ਬਹੁਤ ਛੋਟੇ ਹੋ, ਤੁਹਾਨੂੰ ਕਿਸ ਨੇ ਭੜਕਾਇਆ ਹੈ, ਤਾਂ ਕਰਤਾਰ ਸਿੰਘ ਨੇ ਗਰਜ ਕੇ ਕਿਹਾ ਕਿ ਮੈਨੂੰ ਕਿਸੇ ਨੇ ਨਹੀਂ ਭੜਕਾਇਆ, ਮੈਂ ਆਪਣੇ ਦੇਸ਼ ਦੀ ਗੁਲਾਮੀ ਨੂੰ ਦੇਖ ਕੇ ਖੁਦ ਭੜਕਿਆ ਹਾਂ ਅਤੇ ਜੇ ਮੈਨੂੰ ਦੁਬਾਰਾ ਜਨਮ ਮਿਲਿਆ ਤਾਂ ਮੈਂ ਫਿਰ ਇਸੇ ਰਸਤੇ ’ਤੇ ਆਵਾਂਗਾ।
ਅਦਾਲਤ ਨੇ ਕਰਤਾਰ ਸਿੰਘ ਸਰਾਭਾ ਅਤੇ ਉਸ ਦੇ 7 ਸਾਥੀਆਂ ਵਿਸ਼ਨੂੰ ਗਣੇਸ਼ ਪਿੰਗਲੇ, ਬਖਸ਼ੀਸ਼ ਸਿੰਘ, ਸੁਰੈਣ ਸਿੰਘ, ਹਰਨਾਮ ਸਿੰਘ ਆਦਿ ਨੂੰ ਫਾਂਸੀ ਦੀ ਸਜ਼ਾ ਸੁਣਾਈ। ਫਾਂਸੀ ਵਾਲੇ ਦਿਨ ਜਦੋਂ ਵਕੀਲ ਨੇ ਕਿਹਾ ਕਿ ਤੁਸੀਂ ਮਾਫੀਨਾਮਾ ਲਿਖ ਦਿਓ ਤਾਂ ਤੁਹਾਡੀ ਫਾਂਸੀ ਉਮਰ ਕੈਦ ਵਿੱਚ ਬਦਲ ਜਾਵੇਗੀ ਤਾਂ ਕਰਤਾਰ ਸਿੰਘ ਨੇ ਉਸ ਮਾਫੀਨਾਮੇ ਨੂੰ ਪਾੜ ਕੇ ਸੁੱਟ ਦਿੱਤਾ ਅਤੇ ਕਿਹਾ ਕਿ ਮੈਂ ਮਾਫੀ ਨਹੀਂ ਮੰਗਾਂਗਾ, ਮੈਂ ਤਾਂ ਚਾਹੁੰਦਾ ਹਾਂ ਕਿ ਮੈਂ ਫਾਂਸੀ ਚੜ੍ਹਾਂ ਤਾਂ ਜੋ ਮੇਰੇ ਖੂਨ ਨਾਲ ਆਜ਼ਾਦੀ ਦਾ ਬੀਜ ਉੱਗੇ। 16 ਨਵੰਬਰ 1915 ਨੂੰ ਸਵੇਰੇ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦਿੱਤੀ ਗਈ। ਉਸ ਸਮੇਂ ਉਸ ਦਾ ਭਾਰ ਸਿਰਫ 46 ਕਿਲੋ ਰਹਿ ਗਿਆ ਸੀ ਕਿਉਂਕਿ ਉਸ ਨੇ ਜੇਲ੍ਹ ਵਿੱਚ ਭੁੱਖ ਹੜਤਾਲ ਕੀਤੀ ਹੋਈ ਸੀ। ਪਰ ਉਸ ਦਾ ਹੌਸਲਾ ਹਿਮਾਲਿਆ ਤੋਂ ਵੀ ਉੱਚਾ ਸੀ।
ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ। ਕਿਹਾ ਜਾਂਦਾ ਹੈ ਕਿ ਜਦੋਂ ਸ਼ਹੀਦ ਭਗਤ ਸਿੰਘ 11 ਸਾਲ ਦੇ ਸਨ ਤਾਂ ਉਹ ਆਪਣੀ ਮਾਂ ਨੂੰ ਕਹਿੰਦੇ ਸਨ ਕਿ ਮੈਂ ਸਰਾਭਾ ਵਰਗਾ ਬਣਨਾ ਹੈ। ਭਗਤ ਸਿੰਘ ਹਮੇਸ਼ਾ ਕਰਤਾਰ ਸਿੰਘ ਸਰਾਭਾ ਦੀ ਤਸਵੀਰ ਆਪਣੀ ਜੇਬ ਵਿੱਚ ਰੱਖਦੇ ਸਨ ਅਤੇ ਉਨ੍ਹਾਂ ਨੂੰ ਆਪਣਾ ਗੁਰੂ ਮੰਨਦੇ ਸਨ। ਅੱਜ ਦੇ ਨੌਜਵਾਨਾਂ ਲਈ ਕਰਤਾਰ ਸਿੰਘ ਸਰਾਭਾ ਇੱਕ ਸਵਾਲ ਹੈ ਕਿ ਜਦੋਂ 19 ਸਾਲ ਦੀ ਉਮਰ ਵਿੱਚ ਉਹ ਦੇਸ਼ ਲਈ ਫਾਂਸੀ ਚੜ੍ਹ ਸਕਦਾ ਹੈ ਤਾਂ ਅਸੀਂ 19 ਸਾਲ ਦੀ ਉਮਰ ਵਿੱਚ ਮੋਬਾਈਲ ਫੋਨ ਅਤੇ ਨਸ਼ਿਆਂ ਵਿੱਚ ਕਿਉਂ ਫਸੇ ਹੋਏ ਹਾਂ। ਕਰਤਾਰ ਸਿੰਘ ਸਰਾਭਾ ਨੇ ਸਾਨੂੰ ਸਿਖਾਇਆ ਕਿ ਜ਼ਿੰਦਗੀ ਕਿੰਨੀ ਲੰਬੀ ਹੈ ਇਹ ਮਹੱਤਵਪੂਰਨ ਨਹੀਂ, ਜ਼ਿੰਦਗੀ ਕਿੰਨੀ ਸ਼ਾਨਦਾਰ ਹੈ, ਇਹ ਮਹੱਤਵਪੂਰਨ ਹੈ।
ਕਰਤਾਰ ਸਿੰਘ ਸਰਾਭਾ ਦੀ ਲਿਖੀ ਹੋਈ ਕਵਿਤਾ ਅੱਜ ਵੀ ਹਰ ਪੰਜਾਬੀ ਦੇ ਦਿਲ ਵਿੱਚ ਗੂੰਜਦੀ ਹੈ,
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ,
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ,
ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ,
ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।
ਇਸ ਲਈ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ’ਤੇ ਸਾਨੂੰ ਸਿਰਫ ਮਾਲਾ ਪਾਉਣ ਅਤੇ ਭਾਸ਼ਣ ਦੇਣ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਸਾਨੂੰ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਇਸ ਸ਼ਹੀਦ ਦੇ ਸੁਪਨਿਆਂ ਦਾ ਭਾਰਤ ਬਣਾਵਾਂਗੇ ਜਿੱਥੇ ਕੋਈ ਭੁੱਖਾ ਨਾ ਸੌਂਵੇਂ, ਕੋਈ ਅਨਪੜ੍ਹ ਨਾ ਰਹੇ, ਕੋਈ ਗੁਲਾਮ ਨਾ ਰਹੇ, ਅਤੇ ਜਿੱਥੇ ਹਰ ਨੌਜਵਾਨ ਦੇ ਦਿਲ ਵਿੱਚ ਦੇਸ਼ ਭਗਤੀ ਦੀ ਅੱਗ ਬਲਦੀ ਰਹੇ। ਸ਼ਹੀਦ ਕਰਤਾਰ ਸਿੰਘ ਸਰਾਭਾ ਅਮਰ ਰਹੇ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)



























































































































