ChamkaurSKairve7“ਇਹ ਧੂੰਆਂ ਤਾਂ ਉਦੋਂ ਹੀ ਖਤਮ ਹੋਵੇਗਾ ਜਦੋਂ ਅਸੀਂ ਕਿਸਾਨ ਦੀ ਮਜਬੂਰੀ ਨੂੰ ਸਮਝਾਂਗੇ ...”
(2 ਨਵੰਬਰ 2026)

 

ਪਰਾਲੀ ਦਾ ਧੂੰਆਂ ਅੱਜ ਪੰਜਾਬ ਦੀ ਹਵਾ ਵਿੱਚ ਘੁਲਿਆ ਹੋਇਆ ਸਭ ਤੋਂ ਗੰਭੀਰ ਅਤੇ ਸਭ ਤੋਂ ਵਿਵਾਦਿਤ ਪ੍ਰਸ਼ਨ ਹੈ ਜਿਸ ਨੂੰ ਹਰ ਸਾਲ ਅਕਤੂਬਰ ਅਤੇ ਨਵੰਬਰ ਦੇ ਮਹੀਨੇ ਵਿੱਚ ਦਿੱਲੀ ਦੇ ਟੀਵੀ ਚੈਨਲਾਂ ’ਤੇ ਇੱਕ ਖਲਨਾਇਕ ਵਾਂਗ ਪੇਸ਼ ਕੀਤਾ ਜਾਂਦਾ ਹੈ ਅਤੇ ਪੰਜਾਬ ਦੇ ਕਿਸਾਨ ਨੂੰ ਇਸ ਪੂਰੇ ਦੇਸ਼ ਦੇ ਪ੍ਰਦੂਸ਼ਣ ਦਾ ਦੋਸ਼ੀ ਬਣਾ ਕੇ ਉਸ ਦੇ ਮੱਥੇ 'ਤੇ ਕਲੰਕ ਦਾ ਟਿੱਕਾ ਲਾ ਦਿੱਤਾ ਜਾਂਦਾ ਹੈ। ਪਰ ਇਸ ਕਲੰਕ ਦੇ ਪਿੱਛੇ ਦੀ ਅਸਲ ਕਹਾਣੀ ਨੂੰ ਕੋਈ ਵੀ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ। ਕੋਈ ਵੀ ਉਸ ਕਿਸਾਨ ਦੇ ਦਿਲ ਦੀ ਚੀਸ ਨੂੰ ਸੁਣਨ ਦੀ ਕੋਸ਼ਿਸ਼ ਨਹੀਂ ਕਰਦਾ ਜੋ ਆਪਣੇ ਹੱਥੀਂ ਆਪਣੇ ਖੇਤ ਨੂੰ ਅੱਗ ਲਾਉਣ ਲਈ ਮਜਬੂਰ ਹੈ। ਪਰਾਲੀ ਨੂੰ ਅੱਗ ਲਾਉਣਾ ਕਿਸਾਨ ਦਾ ਸ਼ੌਕ ਨਹੀਂ ਹੈ, ਕੋਈ ਉਸ ਦਾ ਤਿਉਹਾਰ ਨਹੀਂ ਹੈ, ਕੋਈ ਵੀ ਕਿਸਾਨ ਪਾਗਲ ਨਹੀਂ ਹੈ ਜੋ ਆਪਣੀ ਹੀ ਜ਼ਮੀਨ ਵਿੱਚ ਅੱਗ ਲਾ ਕੇ ਆਪਣੀ ਹੀ ਮਿੱਟੀ ਦੇ ਮਿੱਤਰ ਕੀੜਿਆਂ ਨੂੰ ਮਾਰ ਦੇਵੇ ਅਤੇ ਆਪਣੀ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਸਾੜ ਦੇਵੇ; ਆਪਣੇ ਹੀ ਬੱਚਿਆਂ ਦੇ ਫੇਫੜਿਆਂ ਵਿੱਚ ਜ਼ਹਿਰੀਲਾ ਧੂੰਆਂ ਭਰ ਦੇਵੇ। ਜੇਕਰ ਕਿਸਾਨ ਪਰਾਲੀ ਨੂੰ ਅੱਗ ਲਾ ਰਿਹਾ ਹੈ ਤਾਂ ਇਸ ਦੇ ਪਿੱਛੇ ਉਸ ਦੀ ਬਹੁਤ ਵੱਡੀ ਮਜਬੂਰੀ ਹੈ ਅਤੇ ਉਸ ਮਜਬੂਰੀ ਨੂੰ ਸਮਝਣ ਲਈ ਸਾਨੂੰ ਪੰਜਾਬ ਦੀ ਖੇਤੀ ਦੇ ਇਤਿਹਾਸ ਵਿੱਚ ਥੋੜ੍ਹਾ ਪਿੱਛੇ ਜਾਣਾ ਪਵੇਗਾ।

ਕਿਸੇ ਸਮੇਂ ਪੰਜਾਬ ਵਿੱਚ ਝੋਨਾ ਬਿਲਕੁਲ ਨਹੀਂ ਸੀ ਹੁੰਦਾ; ਪੰਜਾਬ ਵਿੱਚ ਦਾਲਾਂ ਹੁੰਦੀਆਂ ਸਨ, ਤੇਲ ਬੀਜ ਹੁੰਦੇ ਸਨ, ਮੱਕੀ ਹੁੰਦੀ ਸੀ ਅਤੇ ਕਣਕ ਹੁੰਦੀ ਸੀ; ਜਿਨ੍ਹਾਂ ਦੀ ਪਰਾਲੀ ਨੂੰ ਸੰਭਾਲਣਾ ਬਹੁਤ ਹੀ ਆਸਾਨ ਸੀ। ਪਰ ਸੱਠਵਿਆਂ ਵਿੱਚ ਜਦੋਂ ਦੇਸ਼ ਵਿੱਚ ਅਨਾਜ ਦੀ ਕਮੀ ਹੋਈ ਤਾਂ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨ ਨੂੰ ਕਿਹਾ ਕਿ ਤੁਸੀਂ ਦੇਸ਼ ਦਾ ਢਿੱਡ ਭਰੋ। ਤੁਸੀਂ ਝੋਨਾ ਬੀਜੋ। ਅਸੀਂ ਤੁਹਾਡੀ ਫਸਲ ਨੂੰ ਸਮਰਥਨ ਮੁੱਲ ’ਤੇ ਖਰੀਦਾਂਗੇ। ਪੰਜਾਬ ਦੇ ਭੋਲੇ-ਭਾਲੇ ਕਿਸਾਨ ਨੇ ਦੇਸ਼ ਭਗਤੀ ਦੇ ਜਜ਼ਬੇ ਵਿੱਚ ਆ ਕੇ ਆਪਣੇ ਖੇਤਾਂ ਵਿੱਚ ਝੋਨਾ ਬੀਜਣਾ ਸ਼ੁਰੂ ਕਰ ਦਿੱਤਾ। ਝੋਨਾ ਪੰਜਾਬ ਦੀ ਫਸਲ ਨਹੀਂ ਹੈ,  ਇਹ ਬਹੁਤ ਜ਼ਿਆਦਾ ਪਾਣੀ ਮੰਗਦਾ ਹੈ। ਝੋਨੇ ਦੀ ਪਰਾਲੀ ਬਹੁਤ ਹੀ ਸਖਤ ਅਤੇ ਲੰਬੀ ਹੁੰਦੀ ਹੈ ਜਿਸ ਨੂੰ ਪਸ਼ੂ ਵੀ ਨਹੀਂ ਖਾਂਦੇ। ਇਹ ਜਲਦੀ ਗਲਦੀ ਵੀ ਨਹੀਂ। ਪਹਿਲਾਂ ਜਦੋਂ ਹੱਥਾਂ ਨਾਲ ਵਾਢੀ ਹੁੰਦੀ ਸੀ ਤਾਂ ਪਰਾਲੀ ਨੂੰ ਸੰਭਾਲਣਾ ਫਿਰ ਵੀ ਆਸਾਨ ਸੀ ਪਰ ਜਦੋਂ ਕੰਬਾਈਨ ਮਸ਼ੀਨਾਂ ਆ ਗਈਆਂ ਤਾਂ ਉਹ ਝੋਨੇ ਦੇ ਦਾਣੇ ਤਾਂ ਕੱਢ ਲੈਂਦੀਆਂ ਹਨ ਪਰ ਪਰਾਲੀ ਨੂੰ ਖੇਤ ਵਿੱਚ ਹੀ ਖਿਲਾਰ ਦਿੰਦੀਆਂ ਹਨ। ਇਸ ਸਮੇਂ ਕਿਸਾਨ ਦੇ ਕੋਲ ਸਿਰਫ ਪੰਦਰਾਂ ਤੋਂ ਵੀਹ ਦਿਨਾਂ ਦਾ ਸਮਾਂ ਹੁੰਦਾ ਹੈ ਜਿਸ ਵਿੱਚ ਉਸ ਨੇ ਝੋਨੇ ਦੀ ਫਸਲ ਵੱਢ ਕੇ ਉਸੇ ਖੇਤ ਵਿੱਚ ਕਣਕ ਦੀ ਬਿਜਾਈ ਕਰਨੀ ਹੁੰਦੀ ਹੈ। ਜੇਕਰ ਉਹ ਇਨ੍ਹਾਂ ਵੀਹ ਦਿਨਾਂ ਵਿੱਚ ਕਣਕ ਨਹੀਂ ਬੀਜੇਗਾ ਤਾਂ ਉਸ ਦੀ ਕਣਕ ਦੀ ਫਸਲ ਪਛੜ ਜਾਵੇਗੀ ਅਤੇ ਉਸ ਦਾ ਝਾੜ ਘਟ ਜਾਵੇਗਾ।

ਪਰਾਲੀ ਨੂੰ ਖੇਤ ਵਿੱਚੋਂ ਕੱਢਣ ਦਾ ਇੱਕੋ-ਇੱਕ ਹੱਲ ਹੈ ਸੁਪਰ ਸੀਡਰ ਜਾਂ ਹੈਪੀ ਸੀਡਰ ਮਸ਼ੀਨ। ਪਰ ਉਹ ਮਸ਼ੀਨ ਹਰ ਕਿਸਾਨ ਕੋਲ ਨਹੀਂ ਹੈ। ਉਸਦਾ ਕਿਰਾਇਆ ਬਹੁਤ ਜ਼ਿਆਦਾ ਹੈ। ਉਸ ਨਾਲ ਬਿਜਾਈ ਕਰਨ ਵਿੱਚ ਬਹੁਤ ਜ਼ਿਆਦਾ ਡੀਜ਼ਲ ਲੱਗਦਾ ਹੈ। ਛੋਟਾ ਕਿਸਾਨ, ਜੋ ਪਹਿਲਾਂ ਹੀ ਕਰਜ਼ੇ ਦੀ ਪੰਡ ਹੇਠ ਦੱਬਿਆ ਹੋਇਆ ਹੈ, ਜਿਸ ਨੂੰ ਆਪਣੀ ਝੋਨੇ ਦੀ ਫਸਲ ਦਾ ਪੂਰਾ ਮੁੱਲ ਵੀ ਨਹੀਂ ਮਿਲਿਆ, ਉਹ ਮਹਿੰਗੀ ਮਸ਼ੀਨ ਦਾ ਕਿਰਾਇਆ ਕਿੱਥੋਂ ਲਿਆਵੇਗਾ? ਇਸ ਲਈ ਉਸ ਕੋਲ ਸਭ ਤੋਂ ਸਸਤਾ ਅਤੇ ਸਭ ਤੋਂ ਤੇਜ਼ ਰਾਹ ਬਚਦਾ ਹੈ ਮਾਚਿਸ ਦੀ ਇੱਕ ਤੀਲੀ।  ਕਿਸਾਨ ਉਹ ਤੀਲੀ ਉਹ ਆਪਣੇ ਖੇਤ ਨੂੰ ਨਹੀਂ, ਆਪਣੀ ਮਜਬੂਰੀ ਨੂੰ ਲਾਉਂਦਾ ਹੈ। ਉਸ ਤੀਲੀ ਵਿੱਚ ਉਸ ਦਾ ਦਰਦ ਸੜਦਾ ਹੈ, ਉਸ ਦਾ ਕਰਜ਼ਾ ਸੜਦਾ ਹੈ ਅਤੇ ਸਰਕਾਰਾਂ ਦੀਆਂ ਗਲਤ ਨੀਤੀਆਂ ਸੜਦੀਆਂ ਹਨ।

ਦਿੱਲੀ ਵਿੱਚ ਬੈਠੇ ਲੋਕਾਂ ਨੂੰ ਪਰਾਲੀ ਦਾ ਧੂੰਆਂ ਤਾਂ ਦਿਸਦਾ ਹੈ ਪਰ ਉਸ ਧੂੰਏਂ ਦੇ ਪਿੱਛੇ ਖੜ੍ਹਾ ਕਰਜ਼ੇ ਵਿੱਚ ਡੁੱਬਿਆ ਹੋਇਆ ਕਿਸਾਨ ਨਹੀਂ ਦਿਸਦਾ। ਸਾਨੂੰ ਇਹ ਨਹੀਂ ਦਿਸਦਾ ਕਿ ਪੰਜਾਬ ਦਾ ਧਰਤੀ ਹੇਠਲਾ ਪਾਣੀ ਝੋਨੇ ਕਾਰਨ ਕਿਵੇਂ ਹੇਠਾਂ ਚਲਾ ਗਿਆ ਹੈ। ਸਾਨੂੰ ਇਹ ਨਹੀਂ ਦਿਸਦਾ ਕਿ ਪੰਜਾਬ ਦਾ ਕਿਸਾਨ ਕਿਵੇਂ ਦਿਨ-ਰਾਤ ਮਿਹਨਤ ਕਰਕੇ ਵੀ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਰਿਹਾ ਹੈ। ਸਾਡੇ ਲਈ ਕਿਸਾਨ ਨੂੰ ਦੋਸ਼ੀ ਬਣਾਉਣਾ ਬਹੁਤ ਹੀ ਅਸਾਨ ਹੈ ਪਰ ਉਸਦੀ ਸਮੱਸਿਆ ਨੂੰ ਹੱਲ ਕੋਈ ਨਹੀਂ ਕਰਨਾ ਚਾਹੁੰਦਾ। ਜੇਕਰ ਸਰਕਾਰ ਸੱਚਮੁੱਚ ਹੀ ਪਰਾਲੀ ਦੇ ਧੂੰਏਂ ਨੂੰ ਖਤਮ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਕਿਸਾਨ ਨੂੰ ਸਜ਼ਾ ਦੇਣ ਦੀ ਬਜਾਏ ਉਸ ਨੂੰ ਸਹੂਲਤ ਦੇਣੀ ਪਵੇਗੀ। ਉਸ ਨੂੰ ਹਰ ਪਿੰਡ ਵਿੱਚ ਸਸਤੇ ਰੇਟ ’ਤੇ ਪਰਾਲੀ ਸੰਭਾਲਣ ਵਾਲੀਆਂ ਮਸ਼ੀਨਾਂ ਦੇਣੀਆਂ ਪੈਣਗੀਆਂ; ਉਸ ਨੂੰ ਪਰਾਲੀ ਦਾ ਸਹੀ ਮੁੱਲ ਦੇਣਾ ਪਵੇਗਾ ਤਾਂ ਜੋ ਉਹ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਫੈਕਟਰੀ ਨੂੰ ਵੇਚ ਸਕੇ। ਉਸ ਨੂੰ ਝੋਨੇ ਦੀ ਥਾਂ ਦੂਜੀਆਂ ਫਸਲਾਂ ਬੀਜਣ ਲਈ ਪ੍ਰੇਰਿਤ ਕਰਨਾ ਪਵੇਗਾ ਅਤੇ ਉਨ੍ਹਾਂ ਫਸਲਾਂ ’ਤੇ ਐੱਮ.ਐੱਸ.ਪੀ. ਦੇਣੀ ਪਵੇਗੀ।

ਜਦੋਂ ਤੱਕ ਕਿਸਾਨ ਨੂੰ ਦੂਜੀਆਂ ਫਸਲਾਂ ਦਾ ਮੁਨਾਫਾ ਨਹੀਂ ਮਿਲੇਗਾ, ਉਦੋਂ ਤੱਕ ਉਹ ਝੋਨਾ ਬੀਜਣ ਲਈ ਮਜਬੂਰ ਰਹੇਗਾ। ਅਤੇ ਜਦੋਂ ਤੱਕ ਉਹ ਝੋਨਾ ਬੀਜੇਗਾ, ਉਦੋਂ ਤੱਕ ਪਰਾਲੀ ਤਾਂ ਪੈਦਾ ਹੋਵੇਗੀ ਹੀ। ਪਰਾਲੀ ਦਾ ਧੂੰਆਂ ਸਿਰਫ ਕਿਸਾਨ ਦੀ ਸਮੱਸਿਆ ਨਹੀਂ ਹੈ, ਇਹ ਪੂਰੇ ਦੇਸ਼ ਦੀ ਸਿਹਤ ਦੀ ਸਮੱਸਿਆ ਹੈ ਅਤੇ ਇਸ ਦਾ ਹੱਲ ਵੀ ਸਾਰਿਆਂ ਨੂੰ ਰਲ ਕੇ ਹੀ ਕੱਢਣਾ ਪਵੇਗਾ। ਕਿਸਾਨ ਨੂੰ ਗਾਲ੍ਹਾਂ ਕੱਢਣ ਨਾਲ ਇਹ ਧੂੰਆਂ ਖਤਮ ਨਹੀਂ ਹੋਵੇਗਾ। ਇਹ ਧੂੰਆਂ ਤਾਂ ਉਦੋਂ ਹੀ ਖਤਮ ਹੋਵੇਗਾ ਜਦੋਂ ਅਸੀਂ ਕਿਸਾਨ ਦੀ ਮਜਬੂਰੀ ਨੂੰ ਸਮਝਾਂਗੇ; ਉਸ ਦੇ ਮੋਢੇ ਨਾਲ ਮੋਢਾ ਜੋੜਾਂਗੇ ਅਤੇ ਉਸ ਨੂੰ ਇਹ ਵਿਸ਼ਵਾਸ ਦਿਵਾਵਾਂਗੇ ਕਿ ਤੂੰ ਇਕੱਲਾ ਨਹੀਂ ਹੈਂ, ਸਾਰਾ ਦੇਸ਼ ਤੇਰੇ ਨਾਲ ਹੈ। ਕਿਉਂਕਿ ਜੇਕਰ ਕਿਸਾਨ ਹੀ ਨਾ ਰਿਹਾ ਤਾਂ ਸਾਡੀ ਥਾਲੀ ਵਿੱਚ ਰੋਟੀ ਕਿੱਥੋਂ ਆਵੇਗੀ? ਅਤੇ ਜੇਕਰ ਰੋਟੀ ਹੀ ਨਾ ਰਹੀ ਤਾਂ ਅਸੀਂ ਸਾਹ ਲੈ ਕੇ ਵੀ ਕੀ ਕਰਾਂਗੇ?

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਚਮਕੌਰ ਸਿੰਘ ਕੈਰਵੇ

ਚਮਕੌਰ ਸਿੰਘ ਕੈਰਵੇ

Whatsapp: (91 - 98752 - 00097)
Email: (cskairveoffical@gmail.com)

More articles from this author