“ਮੈਂ ਗੱਲ ਉਨ੍ਹਾਂ ਦਿਨਾਂ ਦੀ ਸਾਂਝੀ ਕਰ ਰਿਹਾ ਹਾਂ ਜਦੋਂ ਮੋਬਾਇਲ ਫੋਨਾਂ ਦਾ ਅਜੇ ...”
(23 ਨਵੰਬਰ 2026)
ਮਰਗ ਦੇ ਭੋਗ ’ਤੇ ਵੈਰਾਗਮਈ ਕੀਰਤਨ ਚੱਲ ਰਿਹਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚੋਂ ਸ਼ਬਦ “ਕਿਸੁ ਨਾਲਿ ਕੀਚੈ ਦੋਸਤੀ, ਸਭੁ ਜਗੁ ਚਲਣਹਾਰੁ” ਉਚਾਰਿਆ ਜਾ ਰਿਹਾ ਸੀ। ਇਹ ਅਟੱਲ ਸਚਾਈ ਹੈ। ਗੁਰਬਾਣੀ ਦਾ ਫਰਮਾਨ ਹੈ: ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜ ਕੈ ਕਾਲਿ॥ ਮੌਤ ਦਾ ਕਾਰਨ ਹੀ ਜਨਮ ਹੈ। ਜਨਮ-ਮਰਨ ਦੇ ਵਿਚਕਾਰਲਾ ਸਮਾਂ ਇਹ ਤੈਅ ਕਰਦਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਕਿਵੇਂ ਜੀਵਿਆ। ਨੌਕਰੀ ਦੀ ਸ਼ੁਰੂਆਤ ਅਤੇ ਰਿਟਾਇਰਮੈਂਟ ਦੇ ਵਿਚਕਾਰਲੇ ਸਮੇਂ ਵਿੱਚ ਤੁਸੀਂ ਖੁਦ ਤੈਅ ਕਰਨਾ ਹੈ ਕਿ ਬਤੌਰ ਕਰਮਚਾਰੀ/ਅਧਿਕਾਰੀ ਦੇ ਤੌਰ ’ਤੇ ਕਿਵੇਂ ਵਿਚਰਨਾ ਹੈ।
ਬਹੁਤ ਸਾਰੇ ਕਰਮਚਾਰੀ, ਅਫਸਰ ਸਾਹਿਬਾਨ ਇਹ ਭੁਲੇਖਾ ਖਾ ਜਾਂਦੇ ਹਨ ਕਿ ਇਹ ਰੁਤਬਾ, ਇਹ ਕੁਰਸੀ, ਇਹ ਅਹੁਦਾ, ਇਹ ਰੋਅਬ-ਸ਼ੋਅਬ ਸਦੀਵੀ ਹੈ। ਕਈ ਵਾਰ ਅਹੁਦਿਆਂ ਦਾ ਨਸ਼ਾ ਉਨ੍ਹਾਂ ਦੇ ਸਿਰ ਚੜ੍ਹਕੇ ਬੋਲਣ ਲੱਗਦਾ ਹੈ। ਇਸ ਮਗਰੂਰੀ ਤੋਂ ਬਚ ਸਕਣਾ ਜਣੇ-ਖਣੇ ਦੇ ਵੱਸ ਦੀ ਗੱਲ ਵੀ ਨਹੀਂ ਹੁੰਦੀ; ਬਹੁਤ ਘੱਟ ਲੋਕ ਬਚ ਪਾਉਂਦੇ ਹਨ। ਇਸ ਨਸ਼ੇ ਵਿੱਚ ਕਈ ਵਾਰ ਉਹ ਰਿਸ਼ਤੇ-ਨਾਤੇ ਵੀ ਭੁੱਲ ਜਾਂਦੇ ਹਨ। ਕੰਮ ਕਰਵਾਉਣ ਆਏ ਲੋਕਾਂ ਨੂੰ ਖਾਊਂ-ਵਢੂੰ ਵੀ ਕਰਦੇ ਹਨ। ਉਹ ਉਮਰ ਦਾ ਵੱਡਾ ਹਿੱਸਾ ਲੋਕਾਂ ਵਿੱਚ ਲਾ ਕੇ ਵੀ ਲੋਕ-ਮਨਾਂ ਵਿੱਚ ਆਪਣੀ ਥਾਂ ਬਣਾਉਣ ਤੋਂ ਵਾਂਝੇ ਰਹਿ ਜਾਂਦੇ ਹਨ। ਉਹ ਇਸ ਭੁਲੇਖੇ ਵਿੱਚ ਹੁੰਦੇ ਹਨ ਕਿ ਇਹ ਸਭ ਉਨ੍ਹਾਂ ਦੀ ਇੱਛਾ ਮੁਤਾਬਿਕ ਹੀ ਚਲਦਾ ਰਹੇਗਾ। ਭਵਿੱਖ ਬਾਰੇ ਉਹ ਜਿਵੇਂ ਬੇਖਬਰ ਹੋ ਜਾਂਦੇ ਹਨ। ਸੇਵਾ-ਮੁਕਤੀ ਪਿੱਛੋਂ ਸਮਝ ਆਉਂਦੀ ਹੈ ਜਦੋਂ ਆਪਣੇ ਮਤਹਿਤ ਕੰਮ ਕਰਨ ਵਾਲਿਆਂ ਕੋਲ ਨਾਲ ਵਾਲੀ ਕੁਰਸੀ ’ਤੇ ਬੈਠੇ ਉੱਲੂਆਂ ਵਾਂਗ ਇੱਧਰ-ਉੱਧਰ ਝਾਕਦੇ ਰਹਿੰਦੇ ਹਨ, ਕੋਈ ਇਨ੍ਹਾਂ ਨੂੰ ਬੁਲਾਉਂਦਾ ਤਕ ਨਹੀਂ। ਇਸ ਸਮੇਂ ਸਿਰੋਂ ਲਾਹ ਕੇ ਜੇਬ ਵਿੱਚ ਪਾਈ ਕਲਗੀ ਕਿਸੇ ਕੰਮ ਨਹੀਂ ਆਉਂਦੀ।
ਸੇਵਾ ਦੀ ਚੇਟਕ ਵਾਲੇ ਲੋਕ ਸੇਵਾ-ਮੁਕਤੀ ਤੋਂ ਬਾਅਦ ਵੀ ਭਰਪੂਰ ਜ਼ਿੰਦਗੀ ਜਿਊਂਦੇ ਹਨ। ਉਨ੍ਹਾਂ ਰਾਹੀਂ ਸਮਾਜ ਵਿੱਚ ਹੋਣ ਵਾਲੇ ਕਾਰਜ ਉਨ੍ਹਾਂ ਨੂੰ ਉਡੀਕ ਰਹੇ ਹੁੰਦੇ ਹਨ। ਅਕਸਰ ਕੰਮ ਵੀ ਉਨ੍ਹਾਂ ਨੂੰ ਹੀ ਮਿਲਦੇ ਹਨ ਜੋ ਜ਼ਿਆਦਾ ਕੰਮ ਕਰਦੇ ਹਨ, ਭਾਵੇਂ ਦਫਤਰ ਹੋਵੇ, ਭਾਵੇਂ ਘਰ ਹੋਵੇ, ਭਾਵੇਂ ਸਮਾਜ ਹੋਵੇ। ਉਹ ਪਹਿਲਾਂ ਨਾਲ਼ੋਂ ਵੀ ਜਵਾਨ ਹੋ ਕੇ ਕੰਮ ਕਰਦੇ ਹਨ। ਉਨ੍ਹਾਂ ਕੋਲ ਅਗਲੇ ਪੜਾਅ ਲਈ ਮਿਸ਼ਨ ਹੁੰਦਾ ਹੈ। ਨਾਲ ਹਮਖਿਆਲੀ ਲੋਕਾਂ ਦਾ ਕਾਫਲਾ ਹੁੰਦਾ ਹੈ। ਇਹ ਆਪਣੀ ਨੌਕਰੀ ਤੋਂ ਬਾਅਦ ਵਾਲੀ ਜ਼ਿੰਦਗੀ ਨੂੰ ਵੀ ਭਰਪੂਰ ਮਾਣਦੇ ਹਨ। ਇਹ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਕੁਰਸੀ ਦੀ ਸ਼ਕਤੀ ਤੋਂ ਬਾਅਦ ਵੀ ਇੱਜ਼ਤ-ਮਾਣ ਮਿਲਦਾ ਰਹਿੰਦਾ ਹੈ। ਇਹ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਭਰ ਦੀ ਕੀਤੀ ਹੋਈ ਕਮਾਈ ਹੁੰਦੀ ਹੈ, ਜਿਸ ’ਤੇ ਬਾਅਦ ਵਿੱਚ ਮਾਣ ਕੀਤਾ ਜਾ ਸਕਦਾ ਹੈ।
ਮੈਂ ਗੱਲ ਉਨ੍ਹਾਂ ਦਿਨਾਂ ਦੀ ਸਾਂਝੀ ਕਰ ਰਿਹਾ ਹਾਂ ਜਦੋਂ ਮੋਬਾਇਲ ਫੋਨਾਂ ਦਾ ਅਜੇ ਪ੍ਰਚਲਨ ਨਹੀਂ ਸੀ। ਲੈਂਡਲਾਈਨ ਫੋਨ ਵੀ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਸਸ। ਸਾਡੇ ਸਟਾਫ ਦੇ ਮਰਦ ਮੈਂਬਰਾਂ ਦੀ ਟੋਲੀ ਪਰਵਾਣੂ, ਪਿੰਜੌਰ ਤੋਂ ਘੁੰਮ ਕੇ ਚੰਡੀਗੜ੍ਹ ਪਹੁੰਚੀ ਸੀ। ਉਨ੍ਹਾਂ ਦਿਨਾਂ ਵਿੱਚ ਸੂਮੋ ਗੱਡੀ ਦੀ ਪੂਰੀ ਚੜ੍ਹਾਈ ਹੁੰਦੀ ਸੀ। ਅਸੀਂ ਵੀ ਸੂਮੋ ਕਿਰਾਏ ’ਤੇ ਲੈ ਕੇ ਗਏ ਸੀ। ਉੱਥੇ ਚਾਹ-ਪਾਣੀ ਪੀਂਦਿਆਂ ਸਾਡੇ ਇੱਕ ਸਟਾਫ ਮੈਂਬਰ ਨੇ ਨੇੜੇ ਖੜ੍ਹੇ ਟ੍ਰੈਫਿਕ ਪੁਲਿਸ ਦੇ ਜਵਾਨਾਂ ਨਾਲ ਆਪਣੇ ਪਿੰਡ ਦੇ ਇੱਥੋਂ ਸੇਵਾ-ਮੁਕਤ ਹੋ ਕੇ ਗਏ ਟ੍ਰੈਫਿਕ ਪੁਲਿਸ ਦੇ ਥਾਣੇਦਾਰ ਦੀ ਗੱਲ ਸਾਂਝੀ ਕੀਤੀ। ਉਸ ਭਲੇ ਪੁਰਸ਼ ਦਾ ਨਾਂ ਸੁਣਦਿਆਂ ਪੁਲਿਸ ਵਾਲਿਆਂ ਦਾ ਸਾਡੇ ਪ੍ਰਤੀ ਵਤੀਰਾ ਹੈਰਾਨ ਕਰ ਦੇਣ ਵਾਲਾ ਸੀ। ਉਨ੍ਹਾਂ ਨੇ ਬੜੀ ਹਲੀਮੀ ਨਾਲ ਸਾਡੇ ਨਾਲ ਗੱਲਬਾਤ ਕੀਤੀ। ਚਾਹ ਅਤੇ ਖਾਣੇ ਲਈ ਵੀ ਪੇਸ਼ਕਸ਼ ਕੀਤੀ। ਉਨ੍ਹਾਂ ਦੱਸਿਆ ਕਿ ਅਸੀਂ ਉਸ ਭਲੇ ਪੁਰਸ਼ ਦਾ ਬਹੁਤ ਸਤਿਕਾਰ ਕਰਦੇ ਹਾਂ ਜਿਨ੍ਹਾਂ ਦਾ ਤੁਸੀਂ ਨਾਂ ਲਿਆ ਹੈ। ਉਨ੍ਹਾਂ ਜਵਾਨਾਂ ਦੇ ਬੋਲ ਅਦਬ ਨਾਲ ਲਬਰੇਜ਼ ਸਨ। ਅਹੁਦਿਆਂ ਦਾ ਸਤਿਕਾਰ ਵੀ ਚੰਗੇ ਬੰਦਿਆਂ ਨਾਲ ਹੀ ਕਾਇਮ ਰਹਿੰਦਾ ਹੈ। ਅਸੀਂ ਸਾਰੇ ਹੈਰਾਨ ਵੀ ਸਾਂ ਅਤੇ ਖ਼ੁਸ਼ ਵੀ। ਇਹ ਵੀ ਕਿੰਨੀ ਅਨੋਖੀ ਕਮਾਈ ਹੈ। ਆਮ ਖਿਆਲ ਕੀਤਾ ਜਾਂਦਾ ਹੈ ਕਿ ਮਾਣ-ਸਤਿਕਾਰ ਦੀਆਂ ਗੱਲਾਂ ਰਿਟਾਇਰਮੈਂਟ ਮੌਕੇ ਮਾਈਕ ਅਤੇ ਮਰਗ ਦੀ ਦਰੀ ਤਕ ਹੀ ਖਤਮ ਹੋ ਜਾਂਦੀਆਂ ਹਨ।
ਜੋ ਜਨਮਿਆ ਹੈ ਉਸਨੇ ਇੱਕ ਦਿਨ ਇਸ ਸੰਸਾਰ ਤੋਂ ਜਾਣਾ ਹੈ। ਜਿਹੜਾ ਨੌਕਰੀ ਵਿੱਚ ਹਾਜ਼ਰ ਹੋਇਆ ਹੈ, ਉਸਨੂੰ ਸਮਾਂ-ਬੱਧ ਅਹੁਦੇ ਤੋਂ ਲਾਂਭੇ ਹੋਣਾ ਹੈ। ਜਿਹੜੇ ਪ੍ਰਾਣੀ ਆਪਣੇ ਜੀਵਨ ਵਿੱਚ ਇਨਸਾਨੀਅਤ ਦਾ ਪੱਲਾ ਫੜੀ ਰੱਖਣਗੇ, ਉਨ੍ਹਾਂ ਨੂੰ ਲੋਕ ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਵੀ ਯਾਦ ਕਰਦੇ ਰਹਿਣਗੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































