“ਪੰਜਾਬ ਰੋਡਵੇਜ਼ ਦੀ ਬੱਸ ਦੇ ਸਵੇਰੇ, ਦੁਪਹਿਰ ਅਤੇ ਸ਼ਾਮ, ਗੜ੍ਹਸ਼ੰਕਰ ਦੇ ਤਿੰਨ ਚੱਕਰ ਲੱਗਦੇ ਸਨ। ਬੱਸ ਦਾ ...”
(13 ਦਸੰਬਰ 2023)
ਇਸ ਸਮੇਂ ਪਾਠਕ: 488.
ਅਖ਼ਬਾਰ ਪੜ੍ਹਨ ਦਾ ਭੁਸ ਕਾਲਜ ਦੀ ਲਾਇਬ੍ਰੇਰੀ ਤੋਂ ਲੱਗ ਗਿਆ ਸੀ। ਸਕੂਲ ਪੜ੍ਹਦੇ ਸਮੇਂ ਸ਼ਹਿਰ ਤੋਂ ਆਉਂਦੇ ਇੱਕ ਅਧਿਆਪਕ ਰਾਹੀਂ ਭਾਵੇਂ ਅਖ਼ਬਾਰ ਆਉਂਦੀ ਹੁੰਦੀ ਸੀ ਪਰ ਵਿਦਿਆਰਥੀਆਂ ਨੂੰ ਪੜ੍ਹਨ ਦੀ ਇਜ਼ਾਜਤ ਨਹੀਂ ਸੀ। ਗ੍ਰੈਜੂਏਸ਼ਨ ਕਰ ਕੇ ਨਿਕਲੇ ਤਾਂ ਇਹ ਸ਼ੌਕ ਬਰਕਰਾਰ ਰਿਹਾ। ਹੌਲ਼ੀ ਹੌਲ਼ੀ ਕਾਗਜ਼ ’ਤੇ ਆਪ ਅੱਖਰ ਝਰੀਟਣੇ ਸ਼ੁਰੂ ਕਰ ਦਿੱਤੇ। ਬਸ ਫਿਰ ਕੀ ਸੀ, ਕਈ ਕਈ ਅਖਬਾਰਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਡੀਐੱਮ ਕਾਲਜ ਮੋਗਾ ਵਿਚ ਬੀਐੱਡ ਦੀ ਪੜ੍ਹਾਈ ਕਰਦਿਆਂ ਅਖਬਾਰਾਂ ਨਾਲ ਨਾਤਾ ਹੋਰ ਗੂੜ੍ਹਾ ਹੋ ਗਿਆ। ਪਹਿਲਾਂ ਤਾਂ ਕਮਰਾ ਦੂਰ ਸੀ, ਜਿੱਥੇ ਅਖਬਾਰਾਂ ਦੀ ਪਹੁੰਚ ਔਖੀ ਸੀ, ਫਿਰ ਇਸੇ ਕਰ ਕੇ ਕਮਰਾ ਬੱਸ ਅੱਡੇ ਦੇ ਨੇੜੇ ਲੈ ਲਿਆ ਤਾਂ ਜੋ ਸਵੇਰੇ ਸਵੇਰੇ ਅਖਬਾਰਾਂ ਖਰੀਦ ਲਿਆ ਕਰਾਂਗਾ। ਫਿਰ ਤਾਂ ਮੌਜਾਂ ਲੱਗ ਗਈਆਂ। ਮੇਰਾ ਕਮਰੇ ਵਾਲਾ ਸਾਥੀ ਸਵੇਰੇ ਰੱਬ ਦਾ ਨਾਂ ਲੈਣ ਬੈਠ ਜਾਂਦਾ ਤੇ ਮੈਂ ਮੂੰਹ ’ਤੇ ਪਾਣੀ ਦੇ ਛਿੱਟੇ ਮਾਰ ਬੱਸ ਅੱਡੇ ਦਾ ਰਾਹ ਫੜ ਲੈਂਦਾ। ਵਾਪਸੀ ’ਤੇ ਮੇਰੇ ਹੱਥ ਵਿਚ ਦੋ-ਤਿੰਨ ਅਖ਼ਬਾਰਾਂ ਹੁੰਦੀਆਂ।
“ਤੇਰਾ ਇੱਕ ਨਾਲ਼ ਨੀ ਸਰਦਾ?” ਸਾਥੀ ਆਉਂਦੇ ਨੂੰ ਇੱਕੋ ਸਵਾਲ ਕਰਦਾ। ਜਦੋਂ ਮੈਂ ਉਸ ਨੂੰ ਪੜ੍ਹਨ ਦੀ ਪੇਸ਼ਕਸ਼ ਕਰਦਾ ਤਾਂ ਉਹ ਬੋਲਦਾ, “ਭਰਾਵਾ ਤੇਰਾ ਈ ਕੰਮ ਐ ਇਹ।” ਐਤਵਾਰ ਦਾ ਦਿਨ ਮੇਰੇ ਲਈ ਬੜਾ ਉਤਸ਼ਾਹਪੂਰਨ ਹੁੰਦਾ। ਛੇ-ਸੱਤ ਰੰਗਦਾਰ ਰਸਾਲਿਆਂ ਵਾਲੀਆਂ ਅਖ਼ਬਾਰਾਂ ਦੇ ਖ਼ਜ਼ਾਨੇ ਦਾ ਮੈਂ ਮਾਲਕ ਹੁੰਦਾ। ਪੜ੍ਹਾਈ ਪੂਰੀ ਕਰ ਕੇ ਪਿੰਡ ਆਇਆ ਤਾਂ ਪਿੰਡ ਵਿਚ ਅਖ਼ਬਾਰ ਆਉਣੀ ਸ਼ੁਰੂ ਹੋ ਗਈ ਸੀ। ਸਾਡੇ ਪਿੰਡਾਂ ਤੱਕ ਅਖ਼ਬਾਰਾਂ ਅੱਪੜਦੀਆਂ ਕਰਨਾ ਕਿਹੜਾ ਸੌਖਾ ਕੰਮ ਸੀ, ਕੋਈ ਹੌਸਲੇ ਵਾਲ਼ਾ ਬੰਦਾ ਹੀ ਇਸ ਕੰਮ ਨੂੰ ਹੱਥ ਪਾ ਸਕਦਾ ਸੀ। ਇਸ ਜ਼ਿੰਮੇਵਾਰੀ ਨੂੰ ਅੱਛਰ ਸਿੰਘ ਨੇ ਬਾਖੂਬੀ ਨਿਭਾਇਆ। ਰੋਜ਼ਾਨਾ ਨੀਮ-ਪਹਾੜੀ ਰਸਤਿਆਂ ’ਤੇ 70 ਕਿਲੋਮੀਟਰ ਸਾਈਕਲ ਚਲਾਉਣਾ ਪੈਂਦਾ। ਦੋ ਦਹਾਕੇ ਜਿਸ ਸਿਰੜ ਨਾਲ਼ ਉਸ ਨੇ ਇਹ ਕੰਮ ਕੀਤਾ, ਉਹ ਸ਼ਾਇਦ ਹੀ ਕੋਈ ਹੋਰ ਕਰ ਸਕਦਾ।
ਉਨ੍ਹਾਂ ਦਿਨਾਂ ਵਿਚ ਪੰਜਾਬੀ ਦਾ ਨਵਾਂ ਅਖ਼ਬਾਰ ਛਪਣਾ ਸ਼ੁਰੂ ਹੋਇਆ ਤਾਂ ਮਨ ਵਿਚ ਪੱਤਰਕਾਰ ਬਣਨ ਦੀ ਇੱਛਾ ਉਬਾਲੇ ਮਾਰਨ ਲੱਗੀ। ਖੁਦ ਜਾ ਕੇ ਇੱਕ ਅਖ਼ਬਾਰ ਦੇ ਸੰਪਾਦਕ ਤੋਂ ਖ਼ਬਰਾਂ ਭੇਜਣ ਲਈ ਅਥਾਰਟੀ ਲੈਟਰ ਪ੍ਰਾਪਤ ਕੀਤਾ। ਉਨ੍ਹਾਂ ਦਿਨਾਂ ਵਿਚ ਅੱਜ ਵਾਂਗ ਖ਼ਬਰਾਂ ਭੇਜਣ ਦੇ ਆਧੁਨਿਕ ਸਾਧਨ ਦੂਰ ਦੀ ਗੱਲ ਸਨ। ਇਨ੍ਹਾਂ ਬਾਰੇ ਕਲਪਨਾ ਕਰਨੀ ਵੀ ਔਖੀ ਸੀ। ਫੈਕਸ ਕਰਨ ਲਈ ਕਰੀਬ 25-26 ਕਿਲੋਮੀਟਰ ਦਾ ਪੈਂਡਾ ਸੀ। ਫੈਕਸ ਵੀ ਸੌਖੀ ਨਹੀਂ ਸੀ ਜਾਂਦੀ। ਤਕਨੀਕੀ ਖਰਾਬੀ ਕਾਰਨ ਜੇ ਜੰਪ ਵੱਜ ਜਾਂਦਾ ਤਾਂ ਮੁਫਤ ਦੇ ਪੈਸੇ ਭਰਨੇ ਪੈਂਦੇ। ਫੈਕਸ ਕਰਨਾ ਮਹਿੰਗਾ ਪੈਂਦਾ ਸੀ। ਨਾਲ਼ੇ ਪੈਟਰੋਲ ਫੂਕੋ, ਨਾਲੇ ਲਾਈਨ ਵਿੱਚ ਲੱਗੋ। ਉਨ੍ਹਾਂ ਦਿਨਾਂ ਵਿਚ ਸੰਚਾਰ ਸਹੂਲਤ ਲਈ ਲੈਂਡਲਾਈਨ ’ਤੇ ਹੀ ਨਿਰਭਰਤਾ ਸੀ। ਪੀਸੀਓ ’ਤੇ ਲੋਕ ਵਾਰੀ ਦਾ ਇੰਤਜ਼ਾਰ ਕਰ ਰਹੇ ਹੁੰਦੇ। ਰੁੱਝੀਆਂ (ਵਿਅਸਤ) ਲਾਈਨਾਂ ਦੀ ਟੂੰ ਟੂੰ ਦੀ ਆਵਾਜ਼ ਲੰਮਾ ਸਮਾਂ ਸੁਣ ਸੁਣ ਕਿਤੇ ਜਾ ਕੇ ਫੋਨ ਲਗਦੇ।
ਇਸ ਦੌਰਾਨ ਅਸੀਂ ਕਈ ਮਿੱਤਰਾਂ ਨੇ ਨਵਾਂ ਜੁਗਾੜ ਲੱਭ ਲਿਆ। ਫੈਕਸ ਕਰਨ ਲਈ ਇੱਕ ਪੰਨੇ ਦੇ ਤੀਹ ਰੁਪਏ ਅਦਾ ਕਰਨੇ ਪੈਂਦੇ ਸਨ। ਬੇਰੁਜ਼ਗਾਰੀ ਵਿਚ ਸ਼ੌਕ ਪੂਰੇ ਕਰਨੇ ਵੀ ਔਖੇ ਹੋ ਜਾਂਦੇ ਹਨ। ਖਬਰਾਂ ਲਿਖ ਕੇ ਅਸੀਂ ਲਿਫਾਫੇ ਵਿਚ ਬੰਦ ਕਰ ਕੇ ਉੱਪਰ ਮੋਟਾ ਕਰ ਕੇ ਲਿਖ ਦਿੰਦੇ- “ਚੰਡੀਗੜ੍ਹ ਸੈਕਟਰ 17 ਬੱਸ ਅੱਡੇ ਵਿਚ ਲੱਗੇ ਅਖਬਾਰ ਦੇ ਬਕਸੇ ਵਿਚ ਪਾ ਦਿਓ, ਧੰਨਵਾਦ’। ਉਨ੍ਹਾਂ ਦਿਨਾਂ ਵਿਚ ਬੱਸਾਂ 17 ਸੈਕਟਰ ਜਾਂਦੀਆਂ ਹੁੰਦੀਆਂ ਸਨ। ਅਖ਼ਬਾਰ ਵਾਲਾ ਬਕਸਾ ਦਿਨ ਵਿਚ ਦੋ ਵਾਰ ਖੁੱਲ੍ਹਦਾ ਸੀ। ਵੀਹ ਰੁਪਏ ਨਾਲ਼ ਲਾ ਕੇ ਕੰਡਕਟਰ ਨੂੰ ਲਿਫਾਫਾ ਅਖਬਾਰ ਵਾਲੇ ਬਕਸੇ ਵਿਚ ਪਾਉਣ ਦੀ ਬੇਨਤੀ ਵੀ ਜ਼ਬਾਨੀ ਦੁਹਰਾ ਦਿੰਦੇ। ਇਸ ਕੰਮ ਲਈ ਗੜ੍ਹਸ਼ੰਕਰ ਜਾਣਾ ਪੈਂਦਾ।
ਸਾਡੇ ਪਿੰਡਾਂ ਤੋਂ ਪੰਜਾਬ ਰੋਡਵੇਜ਼ ਦੀ ਬੱਸ ਦੇ ਸਵੇਰੇ, ਦੁਪਹਿਰ ਅਤੇ ਸ਼ਾਮ, ਗੜ੍ਹਸ਼ੰਕਰ ਦੇ ਤਿੰਨ ਚੱਕਰ ਲੱਗਦੇ ਸਨ। ਬੱਸ ਦਾ ਕੰਡਕਟਰ ਹਰਭਜਨ ਸਿੰਘ ਕਾਲਜ ਵੇਲੇ ਤੋਂ ਜਾਣੂ ਸੀ। ਉਹਨੇ ਇਹ ਕੰਮ ਆਪਣੇ ਜ਼ਿੰਮੇ ਲੈ ਲਿਆ। ਹਰਭਜਨ ਸਿੰਘ ਰਾਹੀਂ ਇਹ ਚਿੱਠੀ ਗੜ੍ਹਸ਼ੰਕਰ ਪਹੁੰਚਦੀ ਅਤੇ ਅਗਾਂਹ ਉਹ ਆਪਣੇ ਰਸੂਖ ਰਾਹੀਂ ਚੰਡੀਗੜ੍ਹ ਵਾਲੀ ਬੱਸ ਦੇ ਕੰਡਕਟਰ ਹੱਥ ਫੜਾ ਅਖ਼ਬਾਰ ਵਾਲੇ ਬਕਸੇ ਵਿਚ ਪਾਉਣ ਦੀ ਤਾਕੀਦ ਕਰ ਦਿੰਦਾ। ਲਿਫਾਫੇ ਵਿਚ ਪਾਉਣ ਲਈ ਸਫਿਆਂ ਅਤੇ ਵਰਕਿਆਂ ਦੀ ਕੋਈ ਪਾਬੰਦੀ ਨਹੀਂ ਸੀ। ਕਈ ਵਾਰ ਅਸੀਂ ਇਹ ਲਿਫ਼ਾਫ਼ਾ ਸਾਡੇ ਪਿੰਡਾਂ ਤੋਂ ਚੰਡੀਗੜ੍ਹ ਰੋਜ਼ਾਨਾ ਡਿਊਟੀ ’ਤੇ ਜਾਂਦੇ ਥਾਣੇਦਾਰ ਨੂੰ ਉਨ੍ਹਾਂ ਦੇ ਘਰ ਜਾ ਕੇ ਸੌਂਪ ਦਿੰਦੇ।
ਇਹ ਸਿਲਸਿਲਾ ਕਈ ਸਾਲ ਚੱਲਦਾ ਰਿਹਾ। ਦੇਖਦਿਆਂ ਦੇਖਦਿਆਂ ਸੰਚਾਰ ਦੇ ਸਾਧਨਾਂ ਨੇ ਅਜਿਹੀ ਤੇਜ਼ੀ ਫੜੀ ਕਿ ਸਭ ਕੁਝ ਬਦਲ ਗਿਆ। ਅਖ਼ਬਾਰ ਵਾਲਾ ਬਕਸਾ ਹੁਣ ਬੀਤੇ ਦੀ ਬਾਤ ਬਣ ਗਿਆ ਹੈ। ਖ਼ਬਰਾਂ ਅਤੇ ਲੇਖ ਈਮੇਲ ਰਾਹੀਂ ਜਾਣੇ ਸ਼ੁਰੂ ਹੋ ਗਏ। ਪਹਿਲਾਂ-ਪਹਿਲ ਅਖ਼ਬਾਰਾਂ ਲਈ ਮੈਟਰ ਵਿਸ਼ੇਸ਼ ਫੌਂਟ ਵਿਚ ਭੇਜਣ ਲਈ ਕਿਹਾ ਜਾਂਦਾ ਸੀ ਪਰ ਫੌਂਟ ਕਨਵਰਟਰ ਆਉਣ ਨਾਲ ਇਹ ਪਾਬੰਦੀ ਵੀ ਖਤਮ ਹੋ ਗਈ। ਇਸ ਸਭ ਲਈ ਕੰਪਿਊਟਰ ਅਤੇ ਇੰਟਰਨੈੱਟ ਕੁਨੈਕਸ਼ਨ ਦੀ ਲੋੜ ਪੈਣ ਲੱਗੀ। ਇਸ ਤੋਂ ਅਗਾਂਹ ਹੁਣ ਮੈਟਰ ਟਾਈਪ ਕਰਨ, ਭੇਜਣ ਅਤੇ ਅਖ਼ਬਾਰ ਪੜ੍ਹਨ ਜਿਹਾ ਸਭ ਕੰਮ ਮੋਬਾਈਲ ਫੋਨ ਜ਼ਰੀਏ ਹੀ ਹੋਣ ਲੱਗ ਪਿਆ ਹੈ। ਸਭ ਕੁਝ ਮੁੱਠੀ ਵਿਚ ਆ ਗਿਆ ਹੈ। ਅੱਗੇ ਅੱਗੇ ਦੇਖੋ ਕੀ ਹੁੰਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4544)
(ਸਰੋਕਾਰ ਨਾਲ ਸੰਪਰਕ ਲਈ: (