AmrikSDayal7“ਬੰਦ ਬੋਤਲਾਂ ਵਿੱਚ ਪਾਣੀ ਵਿਕਣ ਦੀ ਗੱਲ ਹੁਣ ਪੁਰਾਣੀ ਹੋ ਗਈ ਹੈ। ਨਲਕਿਆਂ ਅਤੇ ਟੂਟੀਆਂ ਨੂੰ ਬੁੱਕ ਲਾ ਕੇ ...”
(18 ਅਕਤੂਬਰ 2021)


ਆਸਟਰੇਲੀਆ ਤੋਂ ਪਰਤੇ ਇੱਕ ਰਿਸ਼ਤੇਦਾਰ ਮੁੰਡੇ ਨਾਲ਼ ਗੱਲਾਂ ਛਿੜ ਪਈਆਂ ਸਨ
। ਬਾਹਰਲੇ ਮੁਲਕਾਂ ਦੇ ਰਹਿਣ-ਸਹਿਣ ਅਤੇ ਰਹੁ-ਰੀਤਾਂ ਦੀਆਂ ਗੱਲਾਂ ਕਰਦਿਆਂ-ਕਰਦਿਆਂ ਲੋਕਾਂ ਦੇ ਨਿੱਜੀ ਚਰਿੱਤਰ ਦੇ ਨਾਲ-ਨਾਲ ਮੁਲਕ ਅਤੇ ਵਾਤਾਵਰਨ ਪ੍ਰਤੀ ਜਿੰਮੇਵਾਰੀ ਦੀਆਂ ਗੱਲਾਂ ਸਾਂਝੀਆਂ ਹੋਣ ਲੱਗੀਆਂ। ਉਸ ਮੁੰਡੇ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਉੱਥੇ ਕਿਸੇ ਕੰਪਨੀ ਦਾ ਟਰੱਕ ਚਲਾ ਰਿਹਾ ਹੈ। ਇੱਕ ਦਿਨ ਉਸਦਾ ਟਰੱਕ ਜਦੋਂ ਆਸਟਰੇਲੀਆ ਦੇ ਕਿਸੇ ਰਿਹਾਇਸ਼ੀ ਖੇਤਰ ਵਿੱਚੋਂ ਲੰਘ ਰਿਹਾ ਸੀ ਤਾਂ ਟਰੱਕ ਦੇ ਉੱਪਰਲੇ ਹਿੱਸੇ ਨਾਲ ਖਹਿ ਕੇ ਦਰਖਤ ਦੀਆਂ ਕੁਝ ਟਾਹਣੀਆਂ ਟੁੱਟ ਗਈਆਂ। ਮੌਕੇ ਦੀ ਫੋਟੋ ਸਥਾਨਕ ਬਸ਼ਿੰਦਆਂ ਨੇ ਲੈ ਲਈ ਅਤੇ ਸੰਬੰਧਤ ਅਧਿਕਾਰੀਆਂ ਨੂੰ ਘੱਲ ਦਿੱਤੀ। ਬਾਅਦ ਵਿੱਚ ਜ਼ੁਰਮਾਨਾ ਅਦਾ ਕਰਕੇ ਕੰਪਨੀ ਦੀ ਖਲਾਸੀ ਹੋਈ।

ਉਸ ਰਿਸ਼ਤੇਦਾਰ ਨੇ ਅਗਾਂਹ ਦੱਸਿਆ ਕਿ ਉੱਥੇ ਲੋਕ ਪੂਰੇ ਸੁਚੇਤ ਹਨ ਅਤੇ ਸਿਸਟਮ ਅਜਿਹਾ ਹੈ ਕਿ ਲੋਕ ਦੀ ਸੁਣਵਾਈ ਵੀ ਹੁੰਦੀ ਹੈ। ਸਾਡੇ ਵਾਂਗ ‘ਹੋਊ ਪਰੇ’, ‘ਕੋਈ ਗੱਲ ਨੀ’, ‘ਕੋਈ ਫਰਕ ਨੀ ਪੈਂਦਾ’, ਦੈਖ ਲਾਂਗੇ ਤੈਨੂੰ, ਇਹ ਤਾਂ ਚਲਦੈ ਈ ਐ’ ਵਾਲੀ ਸੋਚ ਸ਼ਾਇਦ ਉਹਨਾਂ ਲੋਕਾਂ ਦੀ ਮਾਨਸਿਕਤਾ ਦਾ ਹਿੱਸਾ ਨਹੀਂ ਬਣੀ। ਉਸ ਮੁੰਡੇ ਦੀਆਂ ਗੱਲਾਂ ਸੁਣਕੇ ਮੈਨੂੰ ਹੈਰਾਨੀ ਹੋਈ ਕਿ ਦਰਖਤਾਂ ਦੀ ਤਾਂ ਗੱਲ ਛੱਡੋ, ਟਾਹਣੀਆਂ ਨੂੰ ਨੁਕਸਾਨ ਪਹੁੰਚਾਉਣਾ ਵੀ ਖਤਰੇ ਤੋਂ ਖਾਲੀ ਨਹੀਂ। ਵਾਤਾਵਰਨ ਨੂੰ ਲੈ ਕੇ ਪਿਛਲੇ ਮਹੀਨੀਆਂ ਦੀਆਂ ਕੁੱਝ ਕੁ ਗੱਲਾਂ ਮੇਰੇ ਚੇਤਿਆਂ ਦੀ ਚੰਗੇਰ ਵਿੱਚੋਂ ਨਿਕਲ ਆਈਆਂ। ਜੂਨ ਦੇ ਮਹੀਨੇ ਕੜਾਕੇ ਦੀ ਗਰਮੀ ਪੈ ਰਹੀ ਸੀ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪਾਣੀ ਦੀ ਕਿੱਲਤ ਸੰਬੰਧੀ ਫੋਟੋਆਂ, ਵੀਡੀਓਜ਼ ਅਤੇ ਖਬਰਾਂ ਸੋਸ਼ਲ ਮੀਡੀਆ ਰਾਹੀਂ ਸਾਂਝੀਆਂ ਕੀਤੀਆਂ ਜਾ ਰਹੀਆਂ ਸਨ। ਲੋਕ ਸੋਸ਼ਲ ਮੀਡੀਏ ਦੇ ਵੱਖ-ਵੱਖ ਹਿੱਸਿਆ ਨੂੰ ਦੇਖਦਿਆਂ ਇੰਜ ਪ੍ਰਤੀਤ ਹੋ ਰਿਹਾ ਸੀ ਕਿ ਲੋਕ ਪਾਣੀ ਅਤੇ ਵਾਤਾਵਰਨ ਨੂੰ ਲੈ ਕੇ ਬਹੁਤ ਚਿੰਤਤ ਹਨ। ਐਤਕੀਂ ਵੱਡੀ ਗਿਣਤੀ ਲੋਕ ਪੌਦੇ ਲਗਾਉਣ ਦੀਆਂ ਗੋਂਦਾਂ ਗੁੰਦਦੇ ਨਜ਼ਰ ਆਏ। ਇਹ ਚਿੰਤਾ ਅਕਸਰ ਹਰ ਸਾਲ ਇਹਨਾਂ ਦਿਨਾਂ ਵਿੱਚ ਦੇਖੀ ਜਾਂਦੀ ਹੈ। ਮੌਸਮ ਬਦਲਦੇ ਸਾਰ ਹੀ ਇਹ ਸਭ ਅਲੋਪ ਹੋ ਜਾਂਦਾ ਹੈ। ਇਸ ਪਰਦੇ ਉੱਤੇ ਗਿਣਤੀ-ਮਿਣਤੀ ਦੇ ਲੋਕ ਰਹਿ ਜਾਂਦੇ ਹਨ।

ਮੇਰੀਆਂ ਸੋਚਾਂ ਦੀ ਲੜੀ ਤੋੜਦਿਆਂ ਮੁੰਡੇ ਨੇ ਅਗਾਂਹ ਦੱਸਿਆ ਕਿ ਭਾਰਤ ਵਿੱਚ ਹੁਣ ਸਾਹ ਲੈਣ ਵਾਲੀ ਹਵਾ ਵੀ ਵਿਕਣ ਲੱਗ ਪਈ ਹੈ। ਇਸ ਗੱਲ ਦੀ ਤਸਦੀਕ ਪਿਛਲੇ ਦਿਨੀਂ ਅਖਬਾਰ ਦੀ ਇੱਕ ਖਬਰ ਨੇ ਵੀ ਕੀਤੀ। ਅਖਬਾਰ ਮੁਤਾਬਕ ਲੋਕਾਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਅਜਿਹਾ ਦਿਨ ਵੀ ਆਏਗਾ ਕਿ ਹਵਾ ਵੀ ਬੰਦ ਬੋਤਲਾਂ ਵਿੱਚ ਵਿਕਣ ਲੱਗ ਪਏਗੀ। ਇਸਦੀ ਵਿਕਰੀ ਆਨਲਾਈਨ ਵੀ ਹੋ ਰਹੀ ਹੈ, ਜਿਸਦੀ ਕੀਮਤ ਸਾਹਾਂ ਦੇ ਹਿਸਾਬ ਨਾਲ ਰੱਖੀ ਗਈ ਹੈ। ਇਸ ਬਾਬਤ ਮਾਹਰ ਪਿਛਲੇ ਲੰਬੇ ਸਮੇਂ ਤੋਂ ਜਾਗਣ ਦਾ ਹੋਕਾ ਦੇ ਰਹੇ ਸਨ ਪਰ ਹੁਣ ਤਾਂ ਲਗਦਾ ਹੈ ਕਿ ਨੱਕ ਵਿੱਚੋਂ ਚੋ ਕੇ ਮੂੰਹ ਵਿੱਚ ਪੈਣ ਵਾਲੀ ਸਥਿਤੀ ਬਣਦੀ ਜਾ ਰਹੀ। ਸਿਆਣਿਆਂ ਦਾ ਕਿਹਾ ਹੋਇਆ ਅਕਸਰ ਬਾਅਦ ਵਿੱਚ ਹੀ ਚੇਤੇ ਆਉਂਦਾ ਹੈ। ਸਾਡੇ ਬਜ਼ੁਰਗ ਭਾਵੇਂ ਜ਼ਿਆਦਾ ਪੜ੍ਹੇ-ਲਿਖੇ ਨਹੀਂ ਸਨ ਪਰ ਵਾਤਾਵਰਨ ਪ੍ਰੇਮੀ ਜ਼ਰੂਰ ਸਨ। ਉਹਨਾਂ ਨੇ ਮਾਂ ਰੂਪੀ ਧਰਤ ਨੂੰ ਸੰਭਾਲਿਆ। ਪਿੰਡ ਦੇ ਹਰ ਕਿਸਾਨ ਦੇ ਰਕਬੇ ਦੇ ਹਿਸਾਬ ਨਾਲ ਉਸਦਾ ਆਪਣਾ ਛੋਟਾ ਜਿਹਾ ਜੰਗਲ ਹੋਇਆ ਕਰਦਾ ਸੀ। ਖੇਤਾਂ ਵਿੱਚ ਦਰਖਤਾਂ ਦੇ ਸਮੂਹ ਰੂਪੀ ਝਿੜੀਆਂ ਆਮ ਦਿਖਾਈ ਦਿੰਦੀਆਂ ਹੁੰਦੀਆਂ ਸਨ। ਇਹਨਾਂ ਵਿੱਚੋਂ ਲੱਕੜ ਖਾਸ ਲੋੜ ਵੇਲੇ ਹੀ ਕੱਟੀ ਜਾਂਦੀ ਸੀ ਅਤੇ ਬਰਸਾਤ ਦੇ ਦਿਨਾਂ ਵਿੱਚ ਹੋਰ ਬੂਟੇ ਲਗਾ ਕੇ ਇਸਦੀ ਪੂਰਤੀ ਕਰ ਲਈ ਜਾਂਦੀ ਸੀ। ਹੁਣ ਇਹ ਝਿੜੀਆਂ ਨਵੀਆਂ ਤਕਨੀਕਾਂ ਦੀ ਭੇਟ ਚੜ੍ਹ ਚੁੱਕੀਆਂ ਹਨ।

ਬਜ਼ੁਰਗ ਕੁਦਰਤੀ ਸਰੋਤ ਟੋਭਿਆਂ ਨੂੰ ਖੁਆਜੇ ਦੇ ਰੂਪ ਵਿੱਚ ਪੂਜਦੇ ਸਨ। ਗਾਂ-ਮੱਝ ਸੂਣ ਵੇਲੇ ਦੁੱਧ ਦਾ ਕੁਝ ਹਿੱਸਾ ਟੋਭੇ ਨੂੰ ਭੇਟ ਕੀਤਾ ਜਾਂਦਾ ਅਤੇ ਸਾਉਣ ਮਹੀਨੇ ਵਿੱਚ ਨੱਕੋ-ਨੱਕ ਭਰੇ ਟੋਭਿਆਂ ਕੰਢੇ ਦਲੀਏ ਦਾ ਚੜ੍ਹਾਵਾ ਦਿੱਤਾ ਜਾਂਦਾ। ਇਹ ਬਜ਼ੁਰਗ ਇਹਨਾਂ ਕੁਦਰਤੀ ਸੋਮਿਆਂ ਦੀ ਮਹੱਤਤਾ ਤੋਂ ਅਣਭਿੱਜ ਨਹੀਂ ਸਨ। ਅਗਲੀ ਪੀੜ੍ਹੀ ਵਲੋਂ ਹੁਣ ਵੀ ਭਾਵੇਂ ਕੁਝ ਲੋਕ ਲਕੀਰ ਦੇ ਫਕੀਰ ਬਣਦਿਆਂ ਛੋਟੇ-ਛੋਟੇ ਡੁੰਮ੍ਹਾਂ ਅਤੇ ਟੂਟੀਆਂ ਮੂਹਰੇ ਇਹ ਰਸਮ ਸਾਉਣ ਮਹੀਨੇ ਵਿੱਚ ਪੂਰੀ ਕਰਦੇ ਹਨ ਪਰ ਇਹ ਇਸਦੇ ਪਿੱਛੇ ਛੁਪੇ ਅਸਲ ਮਕਸਦ ਤੋਂ ਕੋਹਾਂ ਦੂਰ ਹਨ। ਇਹ ਕੁਦਰਤੀ ਸੋਮੇ ਦੁਰਦਸ਼ਾ ਦਾ ਸ਼ਿਕਾਰ ਹੋ ਕੇ ਆਪਣੀ ਹੋਣੀ ’ਤੇ ਅੱਥਰੂ ਵਹਾਉਂਦਿਆਂ ਬੀਤੇ ਵੇਲਿਆਂ ਨੂੰ ਯਾਦ ਕਰ ਰਹੇ ਜਾਪਦੇ ਹਨ।

ਬੰਦ ਬੋਤਲਾਂ ਵਿੱਚ ਪਾਣੀ ਵਿਕਣ ਦੀ ਗੱਲ ਹੁਣ ਪੁਰਾਣੀ ਹੋ ਗਈ ਹੈ। ਨਲਕਿਆਂ ਅਤੇ ਟੂਟੀਆਂ ਨੂੰ ਬੁੱਕ ਲਾ ਕੇ ਰੱਜਵਾਂ ਪਾਣੀ ਪੀ ਕੇ ਪਿਆਸ ਬੁਝਾਉਣ ਵਾਲੇ ਲੋਕ ਹੁਣ ਇਹਨਾਂ ਦੇ ਪਾਣੀ ਤੋਂ ਡਰਨ ਲੱਗ ਪਏ ਹਨ। ਲੋਕ ਰੈਸਟੋਰੈਂਟਾਂ ਤੋਂ ਇਲਾਵਾ ਛੋਟੇ ਢਾਬਿਆਂ ’ਤੇ ਵੀ ਰੋਟੀ ਨਾਲ ਬੰਦ ਬੋਤਲ ਵਾਲੇ ਪਾਣੀ ਦੀ ਮੰਗ ਕਰਨ ਲੱਗ ਪਏ ਹਨ। ਹਵਾ ਵਿਕਣ ਦੀ ਗੱਲ ਭਾਵੇਂ ਆਮ ਨਹੀਂ ਹੋਈ ਪਰ ਚਿੰਤਾ ਦਾ ਵਿਸ਼ਾ ਜਰੂਰ ਬਣ ਗਈ ਹੈ। ਅਗਲੀਆਂ ਪੀੜ੍ਹੀਆਂ ਨੂੰ ਕੁਦਰਤੀ ਸਰੋਤਾਂ ਤੋਂ ਸੱਖਣੇ ਕਰਨਾ ਸਾਡੀ ਸਾਰਿਆਂ ਦੀ ਆਪਣੀ ਬਣਦੀ ਜਿੰਮੇਵਾਰੀ ਤੋਂ ਭੱਜਣ ਵਾਲੀ ਗੱਲ ਹੋਵੇਗੀ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4301)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਅਮਰੀਕ ਸਿੰਘ ਦਿਆਲ

ਅਮਰੀਕ ਸਿੰਘ ਦਿਆਲ

Kalewal Beet, Hoshiarpur, Punjab, India.
Phone: (91 - 94638 - 51568)
Email: (amrikdayal@gmail.com)

More articles from this author