“ਇਹ ਵਾਹਨ ਨੌਂ ਸਵਾਰੀਆਂ ਪਾਸ ਹੁੰਦਾ ਸੀ ਪਰ ਸਵਾਰੀਆਂ ਸਮਰੱਥਾ ਤੋਂ ਵੱਧ ਢੋਣੀਆਂ ...”
(22 ਜੂਨ 2025)
ਕਨੇਡਾ ਜਾ ਵਸੇ ਭਾਗ ਸਿੰਘ ਅਟਵਾਲ ਨੇ ਯਾਦਾਂ ਦੀਆਂ ਤਾਰਾਂ ਨੂੰ ਟੁਣਕਾ ਦਿੱਤਾ ਸੀ। ਸਵੇਰੇ ਮੋਬਾਇਲ ਖੋਲ੍ਹਿਆ ਤਾਂ ਫੇਸਬੁੱਕ ’ਤੇ ਉਸਨੇ ਪੋਸਟ ਪਾਈ ਹੋਈ ਸੀ। ਸਵਾਰੀਆਂ ਲੱਦੇ ਟੈਂਪੂ ਦੀ ਫੋਟੋ ਨਾਲ ਹੇਠਾਂ ਲਿਖਿਆ ਹੋਇਆ ਸੀ: ਲੱਭ ਗਿਆ ਛਿੰਦੇ ਵਾਲਾ ਟੈਂਪੂ। ਭਾਗ ਸਿੰਘ ਸ਼ੂਗਰ ਮਿੱਲ ਨਵਾਂਸ਼ਹਿਰ ਦੀ ਇਨਸਪੈਕਟਰੀ ਵੇਲੇ ਛਿੰਦੇ ਦੇ ਟੈਂਪੂ ਦੀ ਸਵਾਰੀ ਕਰਦਾ ਰਿਹਾ ਸੀ। ਫਿਰ ਕੀ ਸੀ, ਮੇਰੀਆਂ ਯਾਦਾਂ ਨੇ ਪਿਛਾਂਹ ਫੇਰਾ ਪਾ ਲਿਆ। ਪਿੰਡਾਂ ਵਿੱਚ ਮਿਨੀ ਬੱਸਾਂ ਦੀ ਆਮਦ ਤੋਂ ਪਹਿਲਾਂ ਕਾਲੇ ਪਿੰਡੇ ਅਤੇ ਪੀਲੇ ਮੂੰਹ ਵਾਲੇ ਟੈਂਪੂਆਂ ਦੀ ਪੂਰੀ ਸਰਦਾਰੀ ਹੁੰਦੀ ਸੀ। ਇਨ੍ਹਾਂ ਨੂੰ ਭੂੰਡ ਵੀ ਕਹਿੰਦੇ ਸਨ। ਛਿੰਦੇ ਦੇ ਟੈਂਪੂ ਖਰੀਦਣ ਤੋਂ ਪਹਿਲਾਂ ਤਿੰਨ ਟੈਂਪੂ ਚਲਦੇ ਹੁੰਦੇ ਸਨ। ਨਿਰਮਲ, ਹਰਮੇਸ਼ ਅਤੇ ਜੀਤ ਵਾਲਾ ਟੈਂਪੂ। ਇਹ ਇਲਾਕੇ ਦੇ ਅੱਡਾ ਹੈਬੋਵਾਲ ਤੋਂ ਝੁੰਗੀਆਂ ਤਕ ਕਰੀਬ ਅੱਠ ਕਿਲੋਮੀਟਰ ਦਾ ਪੈਂਡਾ ਤੈਅ ਕਰਦੇ ਸਨ। ਬੱਸਾਂ ਦੀ ਆਵਾਜਾਈ ਨਾਮਾਤਰ ਸੀ ਅਤੇ ਨਿੱਜੀ ਦੁਪਹੀਆ ਵਾਹਨ ਕਿਸੇ ਵਿਰਲੇ-ਟਾਵੇਂ ਕੋਲ ਹੀ ਹੁੰਦਾ ਸੀ। ਪੈਦਲ ਵਾਲੇ ਦੌਰ ਤੋਂ ਬਾਅਦ ਇਹ ਤਿਪਹੀਆ ਟੈਂਪੂ ਹੀ ਲੋਕਾਂ ਲਈ ਨਵੇਂ-ਨਵੇਂ ਆਵਾਜਾਈ ਦਾ ਸਾਧਨ ਬਣੇ ਸਨ। ਇਸ ਰੂਟ ਲਈ ਇਹ ਚੌਥਾ ਟੈਂਪੂ ਛਿੰਦੇ ਦਾ ਸੀ। ਬਾਅਦ ਵਿੱਚ ਪੰਜਵਾਂ ਸੁਰਿੰਦਰ ਵਾਲਾ ਟੈਂਪੂ ਵੀ ਇਸ ਰੂਟ ’ਤੇ ਆਇਆ। ਛਿੰਦਾ ਜਦੋਂ ਜਲੰਧਰੋਂ ਪਰਮਿਟ ਲੈਣ ਗਿਆ ਤਾਂ ਸੰਬੰਧਤ ਅਧਿਕਾਰੀ ਨੇ ਉਸਦਾ ਪ੍ਰੈੱਪ ਤਕ ਦੀ ਪੜ੍ਹਾਈ ਦਾ ਸਰਟੀਫਿਕੇਟ ਦੇਖਕੇ ਮਿਨੀ ਬੱਸ ਦਾ ਪਰਮਿਟ ਲੈਣ ਲਈ ਪ੍ਰੇਰਿਆ, ਸੋਚਣ ਲਈ ਸਮਾਂ ਵੀ ਦਿੱਤਾ ਪਰ ਇਸ ਮਕਸਦ ਲਈ ਛਿੰਦੇ ਦਾ ਖੀਸਾ ਇਜਾਜ਼ਤ ਨਹੀਂ ਸੀ ਦਿੰਦਾ।
ਉਨ੍ਹਾਂ ਵੇਲਿਆਂ ਵਿੱਚ ਕੋਈ ਟਾਈਮ-ਟੇਬਲ ਨਹੀਂ ਸੀ ਹੁੰਦਾ। ਜਦੋਂ ਸਵਾਰੀਆਂ ਨਾਲ ਟੈਂਪੂ ਭਰ ਜਾਂਦਾ, ਤੁਰ ਪੈਣਾ। ਸਵਾਰੀ ਦੀ ਕੋਈ ਘਾਟ ਨਹੀਂ ਸੀ। ਦੋ ਟੈਂਪੂ ਇੱਕ ਪਾਸੇ ਤੋਂ ਅਤੇ ਦੋ ਦੂਜੇ ਪਾਸੇ ਤੋਂ ਤੁਰ ਪੈਂਦੇ। ਸਵੇਰੇ ਸਾਢੇ ਛੇ ਵਜੇ ਸਵਾਰੀਆਂ ਪਹੁੰਚ ਜਾਂਦੀਆਂ। ਛਿੰਦੇ ਦੇ ਦੱਸਣ ਅਨੁਸਾਰ ਕਈ ਵਾਰ ਤਾਂ ਰੋਟੀ ਖਾਣ ਦਾ ਟਾਈਮ ਵੀ ਨਹੀਂ ਸੀ ਮਿਲਦਾ। ਸਵਾਰੀ ਵੀ ਐਨੀ ਕਾਹਲੀ ਨਹੀਂ ਸੀ ਹੁੰਦੀ ਕਿ ਸ਼ੋਰ-ਸ਼ਰਾਬਾ ਕਰੇ। ਇਹ ਸਬਰ-ਸੰਤੋਖ ਵਾਲਾ ਸਮਾਂ ਸੀ। ਅਜੋਕੇ ਸਮੇਂ ਵਾਲੀ ਦੌੜ-ਭੱਜ ਅਜੇ ਦੂਰ ਦੀ ਗੱਲ ਸੀ। ਟੈਂਪੂਆਂ ਵਾਲਿਆਂ ਨੂੰ ਜਦੋਂ ਸੌ ਰੁਪਇਆ ਬਣ ਜਾਂਦਾ ਤਾਂ ਉਹ ਆਪਣਾ ਦਿਨ ਦਾ ਟੀਚਾ ਪੂਰਾ ਹੋ ਗਿਆ ਸਮਝਦੇ। ਗਰਮੀਆਂ ਵਿੱਚ ਇਹ ਤਪਦੇ ਹੁੰਦੇ ਸਨ, ਸਰਦੀਆਂ ਵਿੱਚ ਹਵਾ ਦੇ ਠੰਢੇ ਬੁੱਲੇ ਆਰ-ਪਾਰ ਹੁੰਦੇ। ਬਰਸਾਤਾਂ ਵਿੱਚ ਪਾਣੀ ਦੀਆਂ ਬੁਛਾੜਾਂ ਨਾਲ ਸਾਹਮਣਾ ਹੋ ਜਾਂਦਾ। ਇਹ ਵਾਹਨ ਨੌਂ ਸਵਾਰੀਆਂ ਪਾਸ ਹੁੰਦਾ ਸੀ ਪਰ ਸਵਾਰੀਆਂ ਸਮਰੱਥਾ ਤੋਂ ਵੱਧ ਢੋਣੀਆਂ ਪੈਂਦੀਆਂ। ਕਿਰਾਇਆ ਇੱਕ ਰੁਪਇਆ ਪ੍ਰਤੀ ਸਵਾਰੀ ਹੁੰਦਾ ਸੀ। ਹਸਮੁੱਖ ਅਤੇ ਖੁੱਲ੍ਹੇ-ਡੁੱਲ੍ਹੇ ਸੁਭਾਅ ਵਾਲਾ ਹੋਣ ਕਰਕੇ ਛਿੰਦਾ ਸਵਾਰੀਆਂ ਦਾ ਚਹੇਤਾ ਹੁੰਦਾ ਸੀ। ਮਿੱਤਰ, ਰਿਸ਼ਤੇਦਾਰ, ਭਲਵਾਨੀ ਗੇੜੀ ਦੇ ਸ਼ੁਕੀਨ ਝੋਲਾ ਫੜਕੇ ਸਵਾਰੀਆਂ ਤੋਂ ਪੈਸੇ ਉਗਰਾਹੁਣ ਵਾਲੇ ਅਤੇ ਮੂੰਹ-ਮੁਲਾਹਜੇ ਵਾਲੇ ਉਸ ਨੂੰ ਉਡੀਕਦੇ ਹੁੰਦੇ ਸਨ। ਕੁੱਲ ਮਿਲਾਕੇ ਇਹ ਮੁਫ਼ਤ ਵਾਲੀਆਂ ਸਵਾਰੀਆਂ ਹੀ ਹੁੰਦੀਆਂ ਸਨ। ਖੁਦ ਕਬੱਡੀ ਦਾ ਖਿਡਾਰੀ ਹੋਣ ਕਰਕੇ ਛਿੰਦਾ ਟੂਰਨਾਮੈਂਟ ਤਕ ਟੀਮ ਲੈ ਕੇ ਜਾਣ ਦੀ ਸੇਵਾ ਵੀ ਕਰਦਾ ਰਿਹਾ। ਉਂਝ ਵੀ ਛਿੰਦਾ ਕਿਸੇ ਨਾਲ ਕੋਰਾ ਨਹੀਂ ਸੀ ਵੱਜਦਾ। ਉਸਦਾ ਟੈਂਪੂ ਮਕਾਣਾਂ, ਨਾਨਕੀ-ਛੱਕ, ਦੋ-ਮੇਲ ਦੀ ਵਿਸਾਖੀ ਲਈ ਸਪੈਸ਼ਲ ਬੁੱਕ ਵੀ ਕੀਤਾ ਜਾਂਦਾ ਸੀ। ਬਰਾਤ ਵਾਲੇ ਟਰੱਕ ਨਾਲ ਟੈਂਪੂ ਵੀ ਬੁੱਕ ਕਰ ਲਿਆ ਜਾਂਦਾ। ਰਾਤੋ-ਰਾਤ ਦੋਮੇਲ ਦੇ ਤਿੰਨ ਗੇੜੇ ਲੱਗ ਜਾਂਦੇ ਸਨ। ਇਹ ਗੱਲ ਸ਼ਾਇਦ ਨਵੀਂ ਪੀੜ੍ਹੀ ਲਈ ਓਪਰੀ ਜਾਪੇ ਕਿ ਛਿੰਦੇ ਨੇ ਆਪਣੇ ਟੈਂਪੂ ਰਾਹੀਂ ਸੱਤ ਮੁਕਲਾਵੇ ਵੀ ਲਿਆਂਦੇ।
ਉਹਨਾਂ ਵੇਲਿਆਂ ਵਿੱਚ ਪੂਰੇ ਇਲਾਕੇ ਵਿੱਚ ਦੋ ਜਾਂ ਤਿੰਨ ਕੁ ਕਾਰਾਂ ਸਨ। ਇਹ ਗੱਲਾਂ 1987-88 ਤੋਂ ਪਹਿਲੀਆਂ ਹਨ। ਟੈਂਪੂ ਦਾ ਪੂਰਾ ਭਾਰ ਮੋਹਰੇ ਲੱਗੇ ਸਪਿੰਡਲ ’ਤੇ ਹੁੰਦਾ ਹੈ। ਜਦੋਂ ਇਹ ਟੁੱਟ ਜਾਂਦਾ ਤਾਂ ਭਰੀਆਂ ਸਵਾਰੀਆਂ ਵਾਲਾ ਟੈਂਪੂ ਚਲਦਾ-ਚਲਦਾ ਮੂਧੇ-ਮੂੰਹ ਹੋ ਜਾਂਦਾ। ਇਹ ਵਰਤਾਰਾ ਕਰੀਬ ਸਾਲ ਵਿੱਚ ਦੋ-ਤਿੰਨ ਵਾਰ ਵਾਪਰ ਜਾਂਦਾ ਸੀ। ਉਘੜ-ਦੁਘੜ ਹੋਈਆਂ ਸਵਾਰੀਆਂ ਵਿੱਚੋਂ ਸੁਭਾਅ ਅਨੁਸਾਰ ਕੁਝ ਤਾਂ ਮਸ਼ਕੂਲੇ ਕਰਨ ਲੱਗਦੀਆਂ, ਕੁਝ ਲੜਨ ਨੂੰ ਪੈਂਦੀਆਂ। 1985 ਤੋਂ 90 ਦੇ ਅਰਸੇ ਤਕ ਸੜਕ ’ਤੇ ਟੈਂਪੂਆਂ ਅਤੇ ਟੈਂਪੂਆਂ ਵਾਲਿਆਂ ਦੀ ਤੂਤੀ ਬੋਲਦੀ ਰਹੀ। ਹੁਣ ਭਾਵੇਂ ਘਰ-ਘਰ ਦੁਪਹੀਆ ਅਤੇ ਚੁਪਹੀਆ ਵਾਹਨਾਂ ਦੀ ਭਰਮਾਰ ਦਾ ਸਮਾਂ ਹੈ ਪਰ ਇਹ ਸਭ ਟੈਂਪੂਆਂ ਦੁਆਲੇ ਖੜ੍ਹੇ ਹੋ ਕੇ ਸਫ਼ਰ ਦਾ ਅਨੰਦ ਲੈਣ ਵਾਲੇ ਉਸ ਦੌਰ ਦੇ ਚਸ਼ਮਦੀਦ ਗਵਾਹਾਂ ਦੀ ਯਾਦ ਪਟਾਰੀ ਦਾ ਹਿੱਸਾ ਹਨ, ਜਿਨ੍ਹਾਂ ਨੇ ਇਹ ਸਭ ਮਾਣਿਆ ਹੈ।
1990 ਵਿੱਚ ਪਹਿਲੀ ਪਾਲ ਵਾਲੀ ਮਿਨੀ ਬੱਸ ਇਸ ਰੂਟ ’ਤੇ ਆਈ। ਫਿਰ ਪੰਡਤ ਚੂਨੀ ਲਾਲ ਵਾਲੀ ਅਤੇ ਫਿਰ ਮਨਜੀਤ ਸਿੰਘ ਵਾਲੀ ਦੌਲਾ ਕੋਚ। ਹੁਣ ਮਿਨੀ ਬੱਸਾਂ ਦੀ ਗਿਣਤੀ ਵਧ ਗਈ ਹੈ। ਸ਼੍ਰੀ ਖਰਾਲਗੜ੍ਹ ਸਾਹਿਬ ਤੋਂ ਗੜ੍ਹਸ਼ੰਕਰ ਤਕ ਬੱਸਾਂ ਦੀ ਆਵਾਜਾਈ ਨਾਲ ਟੈਂਪੂਆਂ ਦੇ ਇੱਕ ਯੁਗ ਦਾ ਅੰਤ ਹੋ ਗਿਆ। ਛਿੰਦਾ ਅੱਜਕੱਲ੍ਹ ਵਿਦੇਸ਼ ਤੋਂ ਖੱਟੀ-ਕਮਾਈ ਕਰਕੇ ਪਿੰਡ ਪਰਤ ਆਇਆ ਹੈ। ਉਹ ਟੈਂਪੂ ਦੀਆਂ ਸਵਾਰੀਆਂ ਵੱਲੋਂ ਮਿਲੇ ਇੱਜ਼ਤ-ਮਾਣ ਨੂੰ ਵੀ ਆਪਣਾ ਸਰਮਾਇਆ ਸਮਝਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)