“ਜਦੋਂ ਇਨ੍ਹਾਂ ਦਰਖਤਾਂ ’ਤੇ ਚਿੜੀਆਂ ਚਹਿਕਦੀਆਂ ਹਨ ਤਾਂ ਇੰਜ ਮਹਿਸੂਸ ਹੁੰਦਾ ਹੈ ਜਿਵੇਂ ...”
(3 ਜੁਲਾਈ 2025)
ਨੰਗਲ ਡੈਮ ਤੋਂ ਰੇਲ ਗੱਡੀ ਰਾਹੀਂ ਭਾਖੜਾ ਅਤੇ ਅਗਾਂਹ ਕਿਸ਼ਤੀ ਰਾਹੀਂ ਗੋਬਿੰਦ ਸਾਗਰ ਝੀਲ ਟੱਪਕੇ ਧਾਰਮਿਕ ਸਥਾਨ ਦਿਓਟ ਸਿੱਧ ਸ਼ਾਹਤਲਾਈ ਪੈਦਲ ਯਾਤਰਾ ਨੌਣ ਦੀ ਚੜ੍ਹਾਈ ਤੋਂ ਸ਼ੁਰੂ ਹੁੰਦੀ ਹੈ। ਪਿੰਡ ਬੀਣੇਵਾਲ ਤੋਂ ਮਈ ਮਹੀਨੇ ਦੇ ਅਖੀਰਲੇ ਦਿਨਾਂ ਵਿੱਚ ਚਲਦੀ ਇਹ ਯਾਤਰਾ ਪਿਛਲੀ ਅੱਧੀ ਸਦੀ ਤੋਂ ਚਲਦੀ ਆ ਰਹੀ ਹੈ। ਨੌਣ ਦੀ ਚੜ੍ਹਾਈ ਸ਼ੁਰੂ ਹੋਣ ਤੋਂ ਪਹਿਲਾਂ ਅੰਬਾਂ ਦੇ ਦੋ ਦ੍ਰਖਤ ਹਨ, ਜਿਨ੍ਹਾਂ ਨੂੰ ਜੌੜੇ ਅੰਬ ਕਹਿੰਦੇ ਹਨ। ਯਾਤਰੀ ਇੱਥੇ ਹਰ ਸਾਲ ਕਰੀਬ ਦੁਪਹਿਰ 12 ਕੁ ਵਜੇ ਪਹੁੰਚਦੇ ਸਨ। ਜੌੜੇ ਅੰਬਾਂ ਦੁਆਲੇ ਦਾਨੀ ਲੋਕਾਂ ਵੱਲੋਂ ਥੜਾ ਬਣਾਇਆ ਹੋਇਆ ਹੈ। ਲਾਗੇ ਛੋਟੀ ਜਿਹੀ ਚਾਹ ਦੀ ਦੁਕਾਨ ਹੈ। ਇੱਥੇ ਯਾਤਰਾ ਦਾ ਅਗਲਾ ਪੜਾਅ ਸ਼ੁਰੂ ਕਰਨ ਤੋਂ ਪਹਿਲਾਂ ਯਾਤਰੀ ਚਾਹ ਦੀ ਚੁਸਕੀ ਦੇ ਨਾਲ ਠੰਢੀ ਛਾਂ ਦਾ ਅਨੰਦ ਵੀ ਮਾਣਦੇ ਹਨ। ਇਹ ਛਾਂ ਮਾਣਦਿਆਂ ਮਨ ਵਿੱਚ ਖਿਆਲ ਆਉਂਦਾ ਹੈ ਕਿ ਕਾਸ਼! ਇੰਨੀ ਸੋਹਣੀ ਛਾਂ ਵਾਲੇ ਦਰਖਤ ਸਾਡੇ ਪਿੰਡ ਵਿੱਚ ਵੀ ਹੋਣ। ਪਿੰਡ ਬੀਣੇਵਾਲ ਦੇ ਯਾਤਰੀ ਇਨ੍ਹਾਂ ਅੰਬਾਂ ਹੇਠ ਬੈਠਕੇ ਹਰ ਸਾਲ ਸਲਾਹ ਕਰਦੇ ਕਿ ਐਤਕੀਂ ਬਰਸਾਤ ਨੂੰ ਪਿੰਡ ਵਿੱਚ ਬੂਟੇ ਲਾਉਣ ਦਾ ਕੰਮ ਸ਼ੁਰੂ ਕਰਨਾ ਹੈ। ਬਰਸਾਤ ਆਉਂਦੀ, ਤੁਰ ਜਾਂਦੀ। ਗੱਲ ਆਈ-ਗਈ ਹੋ ਜਾਂਦੀ। ਹਰ ਵਰ੍ਹੇ ਜੌੜੇ ਅੰਬਾਂ ਹੇਠ ਗੱਲ ਛਿੜਦੀ, “ਪਿਛਲੇ ਸਾਲ ਕਿੰਨੇ ਕੁ ਬੂਟੇ ਲਗਾ ਦਿੱਤੇ ਨੇ ਫਿਰ?” ਯਾਤਰੀਆਂ ਦੇ ਮੋਹਰੀ ਮਾਸਟਰ ਰਾਜ ਕੁਮਾਰ ਹੋਰਾਂ ਨੂੰ ਸਾਥੀ ਅਸ਼ਵਨੀ, ਅਜੇ, ਚੱਢਾ, ਸੇਠੂ, ਹਰਵਿੰਦਰ ਦੀਆਂ ਟਿੱਚਰਾਂ ਦਾ ਸਾਹਮਣਾ ਵੀ ਕਰਨਾ ਪੈਂਦਾ।
“ਇਹ ਕੰਮ ਇਕੱਲੇ-ਇਕਹਿਰੇ ਦਾ ਨਹੀਂ, ਸਗੋਂ ਇਕੱਠੇ ਹੋ ਕੇ ਕਰਨ ਦਾ ਹੈ ਭਰਾਵੋ!” ਰਾਜ ਕੁਮਾਰ ਜੀ ਦਾ ਜਵਾਬ ਐਤਕੀਂ ਦ੍ਰਿੜ੍ਹ ਇਰਾਦੇ ਵਾਲਾ ਸੀ। ਯਾਤਰਾ ਤੋਂ ਵਾਪਸ ਪਰਤ ਕੇ ਬੈਠਕ ਕੀਤੀ ਗਈ। ਸਰਬਸੰਮਤੀ ਹੋਈ ਕਿ ਪਿੰਡ ਦੀਆਂ ਚੋਣਵੀਆਂ ਥਾਂਵਾਂ ’ਤੇ ਪੌਦੇ ਲਾਏ ਜਾਣ ਅਤੇ ਟ੍ਰੀ ਗਾਰਡ ਦੀ ਸੁਰੱਖਿਆ ਦਿੱਤੀ ਜਾਵੇ। ਇਸ ਬੈਠਕ ਵਿੱਚ ਬੀਤ ਇਲਾਕੇ ਦੇ ਪਿੰਡ ਬੀਣੇਵਾਲ ਦੀ ‘ਗਰੀਨ ਵਿਲੇਜ ਵੈੱਲਫੇਅਰ ਸੁਸਾਇਟੀ’ ਦਾ ਜਨਮ ਹੋਇਆ। ਇਸ ਪਿੰਡ ਦੇ ਸਾਬਕਾ ਸੈਨਿਕਾਂ ਦੀ ਜਥੇਬੰਦੀ ‘ਐਕਸ ਸਰਵਿਸਮੈਨ ਵੈੱਲਫੇਅਰ ਸੁਸਾਇਟੀ’ ਹਰ ਸਾਲ ਪਿੰਡ ਵਿੱਚ ਗਣਤੰਤਰਤਾ ਦਿਵਸ ਦਾ ਦਿਹਾੜਾ ਮਨਾਉਂਦੀ ਹੈ। ‘ਗਰੀਨ ਵਿਲੇਜ ਵੈੱਲਫੇਅਰ ਸੁਸਾਇਟੀ’ ਨੇ ਪੌਦੇ ਲਾਉਣ ਦੀ ਸ਼ੁਰੂਆਤ 26 ਜਨਵਰੀ 2018 ਨੂੰ ਸਾਬਕਾ ਸੈਨਿਕਾਂ ਦੁਆਰਾ ਪੌਦਾ ਲਵਾ ਕੇ ਕੀਤੀ। ਪਿੰਡ ਵਾਸੀ ਤਾਰਾ ਚੰਦ ਜਿਊਲਰ ਨੇ ਪਹਿਲਾ ਟ੍ਰੀ-ਗਾਰਡ ਦਾਨ ਕੀਤਾ। ਪਹਿਲਾ ਪੌਦਾ ਚੱਕਰਸੀਆ ਦਾ ਲਾਇਆ ਗਿਆ, ਜੋ ਹੁਣ ਜਵਾਨੀ ਵਿੱਚ ਕਦਮ ਰੱਖ ਚੁੱਕਾ ਹੈ। ਫੈਸਲਾ ਹੋਇਆ ਕਿ ਹਰ ਐਤਵਾਰ ਇੱਕ ਬੂਟਾ ਲਾਇਆ ਜਾਵੇ। ਖਰਚਾ ਸਮੇਤ ਟ੍ਰੀ-ਗਾਰਡ 1100 ਮਿਥਿਆ ਗਿਆ। ਜਿਸ ਪਰਿਵਾਰ ਵੱਲੋਂ ਸੇਵਾ ਕੀਤੀ ਜਾਂਦੀ, ਉਹਨਾਂ ਦੀ ਮਰਜ਼ੀ ਦਾ ਪੌਦਾ ਲਾ ਕੇ ਪਰਿਵਾਰ ਨੂੰ ਹਰਾ-ਭਰਾ ਰੱਖਣ ਲਈ ਅਰਦਾਸ ਕੀਤੀ ਜਾਂਦੀ। ਚੱਲ ਸੋ ਚੱਲ, ਪੈੜ ਕਾਫ਼ਲੇ ਦਾ ਰੂਪ ਧਾਰਨ ਕਰਨ ਲੱਗੀ। ਲੋਕਾਂ ਦਾ ਭਰਵਾਂ ਹੁੰਗਾਰਾ ਮਿਲਣ ਨਾਲ ਪ੍ਰਬੰਧ ਕਰਨਾ ਔਖਾ ਹੋ ਗਿਆ। ਰੋਜ਼ਾਨਾ ਤਿੰਨ-ਤਿੰਨ ਪੌਦੇ ਲੱਗਣੇ ਸ਼ੁਰੂ ਹੋਏ। ਚੰਗੀ ਸੋਚ ਵਾਲੇ ਲੋਕਾਂ ਨੂੰ ਜਿਵੇਂ ਜਨਮ ਦਿਨ, ਵਿਆਹ ਦੀ ਵਰ੍ਹੇਗੰਢ, ਮਾਤਾ-ਪਿਤਾ ਦੀ ਬਰਸੀ ਦੇ ਦਿਨ ਨੂੰ ਯਾਦਗਾਰੀ ਬਣਾਉਣ ਦਾ ਜਿਵੇਂ ਜ਼ਰੀਆ ਮਿਲ ਗਿਆ ਹੋਵੇ।
ਪਿੰਡ ਵਿੱਚ ਦੋ ਰਾਹ ਹਨ। ਇੱਕ ਸਿੱਧਾ ਜਾਂਦਾ ਹੈ, ਦੂਜਾ ਕਿਸੇ ਵੇਲੇ ਅੰਬਾਂ ਦੇ ਸੰਘਣੇ ਦਰਖਤਾਂ ਵਿੱਚੋਂ ਹੋ ਕੇ ਗੁਜ਼ਰਦਾ ਸੀ। ਇਨ੍ਹਾਂ ਅੰਬਾਂ ਦੀ ਝਿੜੀ ਵਿੱਚ ਬੱਚੇ ਅਕਸਰ ਖੇਡਦੇ ਹੁੰਦੇ ਸਨ। ਪ੍ਰੋ. ਮੋਹਣ ਸਿੰਘ ਦੀ ਕਵਿਤਾ ਦੀਆਂ ਇਹ ਸਤਰਾਂ ਉਹਨਾਂ ਵੇਲਿਆਂ ਦੀ ਹੀ ਤਰਜ਼ਮਾਨੀ ਕਰਦੀਆਂ ਹਨ:
ਇੱਕ ਬੂਟਾ ਅੰਬੀ ਦਾ, ਸਾਡੇ ਵਿਹੜੇ ਲੱਗਾ ਨੀ।
ਉਹਦੇ ਥੱਲੇ ਬਹਿਣਾ ਨੀ, ਸੁਰਗਾਂ ਦਾ ਰਹਿਣਾ ਨੀ।
ਉਹਦਾ ਕੀ ਕਹਿਣਾ ਨੀ, ਵਿਹੜੇ ਦਾ ਗਹਿਣਾ ਨੀ।
ਹੁਣ ਉਹ ਅੰਬ ਸੁੱਕ ਚੁੱਕੇ ਸਨ ਪਰ ਇਸ ਰਾਹ ਦਾ ਨਾਂ ਹੁਣ ਵੀ ਅੰਬਾਂ ਵਾਲਾ ਰਾਹ ਵੱਜਦਾ ਹੈ। ਗਰੀਨ ਵਿਲੇਜ ਵੈੱਲਫੇਅਰ ਸੁਸਾਇਟੀ ਵਾਲਿਆਂ ਨੇ ਅੰਬਾਂ ਵਾਲੇ ਰਾਹ ਨੂੰ ਪੁਨਰ ਸੁਰਜੀਤ ਕਰਨ ਦਾ ਫੈਸਲਾ ਕੀਤਾ। ਹੁਣ ਇਸ ਰਾਹ ’ਤੇ ਲਾਏ ਗਏ ਛੇ ਬੂਟਿਆਂ ਨੂੰ ਅੰਬ ਲਗਦੇ ਹਨ। ਜੋ ਵੀ ਦਾਨੀ ਬੂਟਾ ਲਾਉਂਦਾ, ਟ੍ਰੀ-ਗਾਰਡ ’ਤੇ ਲੱਗੀ ਪਲੇਟ ’ਤੇ ਉਸਦਾ ਨਾਂ ਲਿਖਿਆ ਜਾਂਦਾ। ਸੁਸਾਇਟੀ ਦੇ ਰਜਿਸਟਰ ’ਤੇ ਪੂਰੇ ਵੇਰਵੇ ਦਾ ਇੰਦਰਾਜ਼ ਕੀਤਾ ਜਾਂਦਾ, ਜਿਸ ਵਿੱਚ ਪੌਦਾ ਲਾਉਣ ਵਾਲੇ ਦਾ ਨਾਂ, ਮਿਤੀ, ਮੌਕਾ, ਪੌਦੇ ਦਾ ਨਾਂ ਆਦਿ ਵੇਰਵੇ ਸ਼ਾਮਲ ਹੁੰਦੇ ਅਤੇ ਨਾਲ ਹੀ ਖਾਰਿਜ ਅਤੇ ਵਿਸ਼ੇਸ਼ ਕਥਨ ਦਾ ਖਾਨਾ ਵੀ ਰੱਖਿਆ ਜਾਂਦਾ ਹੈ। ਜੇਕਰ ਪੌਦਾ ਸੁੱਕ ਗਿਆ ਤਾਂ ਰਜਿਸਟਰ ਵਿੱਚ ਵੇਰਵੇ ਦਾ ਇੰਦਰਾਜ ਕਰਕੇ ਉਸਦੀ ਥਾਂ ਨਵੇਂ ਲਾਏ ਪੌਦੇ ਦੀ ਤਫ਼ਸੀਲ ਲਿਖੀ ਜਾਂਦੀ। ਇੱਕ ਦਾਨੀ ਸੱਜਣ ਅਜਿਹਾ ਜੁੜਿਆ, ਜਿਸਦੀ ਇੱਕੋ ਸ਼ਰਤ ਸੀ ਕਿ ਮੇਰਾ ਨਾਂ ਨਸ਼ਰ ਨਹੀਂ ਹੋਣਾ ਚਾਹੀਦਾ। ਵੀਹ-ਤੀਹ ਹਜ਼ਾਰ ਇਹ ਕਹਿਕੇ ਦੇ ਜਾਂਦਾ ਕਿ ਜਦੋਂ ਮੁੱਕ ਜਾਣ ਤਾਂ ਦੱਸ ਦੇਣਾ। ਪੌਦੇ ਲਾਉਣ ਦਾ ਕੰਮ ਬੇਰੋਕ ਜਾਰੀ ਰੱਖਿਆ ਜਾਵੇ। ਇਸ ਪਿੰਡ ਦਾ ਅਮਰੀਕਾ ਵਸਦਾ ਸੋਨੀ ਪਰਿਵਾਰ ਆਪਣੇ ਪਿਤਾ ਨੰਦ ਸੋਨੀ ਅਤੇ ਮਾਤਾ ਸੰਤੋਸ਼ ਸੋਨੀ ਦੀ ਯਾਦ ਵਿੱਚ ਦਿਲ ਖੋਲ੍ਹ ਕੇ ਮਦਦ ਕਰ ਰਿਹਾ ਹੈ।
ਇੱਕ ਬਰਸਾਤ ਦੌਰਾਨ ਸੁਸਾਇਟੀ ਵੱਲੋਂ 51 ਪੌਦਿਆਂ ਦਾ ਟੀਚਾ ਮਿਥਿਆ ਗਿਆ। ਛੇ ਫੁੱਟ ਉੱਚਾ ਟ੍ਰੀ-ਗਾਰਡ ਲਾਇਆ ਜਾਂਦਾ ਹੈ। ਜਦੋਂ ਲੰਬਾਈ ਵਧਦੀ ਹੈ ਤਾਂ ਦੋ ਫੁੱਟ ਜਾਲੀ ਹੋਰ ਲਗਾ ਦਿੱਤੀ ਜਾਂਦੀ ਹੈ। 2018 ਵਿੱਚ ਲਾਏ ਬੂਟੇ ਵੱਡੇ ਹੋਣ ਕਰਕੇ ਉਹਨਾਂ ਦੂਆਲੇ ਲਾਏ ਟ੍ਰੀ-ਗਾਰਡ ਖੋਲ੍ਹ ਕੇ ਦੁਬਾਰਾ ਵਰਤੇ ਜਾਣ ਲੱਗ ਪਏ ਹਨ। ਸੱਤ ਕੁ ਸਾਲ ਦੇ ਅਰਸੇ ਵਿੱਚ 353 ਪੌਦੇ ਲਾਏ ਜਾ ਚੁੱਕੇ ਹਨ। ਗਰੀਨ ਸੁਸਾਇਟੀ ਦੇ ਕਾਰਕੁਨ ਰਾਜ ਨੇ ਖੁਸ਼ੀ ਭਰੇ ਲਹਿਜੇ ਵਿੱਚ ਦੱਸਿਆ ਕਿ ਪਿੰਡ ਵਿੱਚ ਪੰਛੀਆਂ ਦੀ ਗਿਣਤੀ ਵਧੀ ਹੈ। ਪ੍ਰਾਇਮਰੀ ਸਕੂਲ ਲਾਗੇ ਲਾਏ ਪੌਦਿਆਂ ’ਤੇ ਪੰਛੀਆਂ ਦੀ ਚਹਿ-ਚਿਹਾਟ ਮਨ ਨੂੰ ਸਕੂਨ ਬਖਸ਼ਦੀ ਹੈ। ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਬੇਘਰੇ ਹੋਏ ਪੰਛੀ ਮੁੜ ਆਪਣੇ ਘਰਾਂ ਨੂੰ ਪਰਤ ਆਏ ਹੋਣ। ਛੋਟੀਆਂ ਚਿੜੀਆਂ ਟ੍ਰੀ-ਗਾਰਡ ਦੇ ਅੰਦਰ ਆਲ੍ਹਣੇ ਪਾਉਂਦੀਆਂ ਹਨ ਅਤੇ ਵੱਡੀਆਂ ਚਿੜੀਆਂ ਸਮੇਤ ਹੋਰ ਪੰਛੀ ਦਰਖਤਾਂ ਉੱਤੇ। ਸੁਸਾਇਟੀ ਨੂੰ ਸਰਕਾਰੀ ਅਤੇ ਸਵੈ-ਸੇਵੀ ਸੰਸਥਾਵਾਂ ਵੱਲੋਂ ਅਨੇਕਾਂ ਸਨਮਾਨ ਮਿਲੇ ਹਨ। ਲੋਕਾਂ, ਪਸ਼ੂ-ਪੰਛੀਆਂ ਦੀਆਂ ਦੁਆਵਾਂ ਮਿਲੀਆਂ ਹਨ। ਹੁਣ ਪਿੰਡ ਦੀਆਂ ਚੋਣਵੀਆਂ ਥਾਂਵਾਂ ਬੂਟਿਆਂ ਨੇ ਮੱਲ ਲਈਆਂ ਹਨ। ਅਗਲਾ ਮਿਸ਼ਨ ਸੱਚ-ਘਰ ਨੇੜੇ ਸਾਂਝੀ ਥਾਂ ’ਤੇ ਛੋਟਾ ਜੰਗਲ ਉਸਾਰਨ ਦੀ ਯੋਜਨਾ ਹੈ। ਇਲਾਕੇ ਦੇ ਪਿੰਡਾਂ ਨੇ ਵੀ ਇਸਦਾ ਅਸਰ ਕਬੂਲਿਆ ਹੈ। ਆਗੂ ਬਣਨ ਲਈ ਪਹਿਲ ਕਰਨੀ ਪੈਂਦੀ ਹੈ। ਕੋਕੋਵਾਲ-ਮਜਾਰੀ, ਨੈਣਵਾਂ, ਡੱਲੇਵਾਲ, ਕਾਲੇਵਾਲ ਬੀਤ, ਮਹਿੰਦਵਾਣੀ ਵਿਖੇ ਪੌਦੇ ਲਾਏ ਜਾ ਰਹੇ ਹਨ। ਸੁਸਾਇਟੀ ਵਾਲੇ ਖੁਸ਼ੀ ਭਰੇ ਅਹਿਸਾਸ ਵਿੱਚ ਦੱਸਦੇ ਹਨ ਕਿ ਜਦੋਂ ਕਿਸੇ ਪੌਦੇ ਨੂੰ ਇੱਕ ਪੱਤਾ ਵੀ ਨਵਾਂ ਨਿਕਲਦਾ ਹੈ ਤਾਂ ਸਾਡਾ ਕਿਲੋ ਖੂਨ ਵਧ ਜਾਂਦਾ ਹੈ। ਜਦੋਂ ਇਨ੍ਹਾਂ ਦਰਖਤਾਂ ’ਤੇ ਚਿੜੀਆਂ ਚਹਿਕਦੀਆਂ ਹਨ ਤਾਂ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਇਨ੍ਹਾਂ ਦੇ ਨਵੇਂ ਰੈਣ-ਬਸੇਰੇ ਬਣ ਗਏ ਹੋਣ। ਜਦੋਂ ਦਰਖਤਾਂ ਦੀ ਛਾਂ ਹੇਠ ਰਾਹੀ ਅਤੇ ਪਸ਼ੂ ਬੈਠਦੇ ਹਨ ਤਾਂ ਮਹਿਸੂਸ ਹੁੰਦਾ ਹੈ ਜਿਵੇਂ ਅਸੀਂ ਖੁਦ ਛਤਰੀ ਲੈ ਕੇ ਖੜ੍ਹੇ ਹੋਈਏ। ਹੱਥੀਂ ਲਾਏ ਬੂਟਿਆਂ ਨੂੰ ਵਧਦੇ ਦੇਖਣਾ ਖੁਸ਼ੀ ਭਰਿਆ ਅਹਿਸਾਸ ਹੈ। ਇਹ ਉਹੀ ਦੱਸ ਸਕਦਾ ਹੈ ਜਿਸਨੇ ਪੌਦਿਆਂ ਨੂੰ ਹੱਥੀਂ ਲਾ ਕੇ ਪਾਲਿਆ ਹੋਵੇ। ਬੂਟਿਆਂ ਦੀ ਇੰਨੀ ਖੁਸ਼ੀ ਨਾ ਤਾਂ ਫਲ ਖਾਣ ਵਾਲਿਆਂ ਨੂੰ ਹੁੰਦੀ ਹੈ, ਨਾ ਛਾਂ ਮਾਣਨ ਵਾਲਿਆਂ ਨੂੰ ਅਤੇ ਨਾ ਹੀ ਫੁੱਲ ਦੇਖਣ ਵਾਲਿਆਂ ਨੂੰ ਜਿੰਨੀ ਖੁਸ਼ੀ ਉਸ ਪੌਦੇ ਨੂੰ ਲਾਉਣ ਵਾਲਿਆਂ ਨੂੰ ਹੁੰਦੀ ਹੈ। ਰੁੱਖਾਂ ਬਿਨਾਂ ਮਨੁੱਖ ਦੀ ਹੋਂਦ ਨਹੀਂ। ਸਿਰਮੌਰ ਕਵੀ ਸ਼ਿਵ ਕੁਮਾਰ ਬਟਾਲਵੀ ਦੁਆਰਾ “ਰੁੱਖਾਂ ਦਾ ਗੀਤ” ਰਚਨਾ ਰਾਹੀਂ ਕੀਤੇ ਰੁੱਖਾਂ ਦੇ ਮਾਨਵੀਕਰਨ ਤੋਂ ਵੱਡੀ ਹੋਰ ਕੋਈ ਮਿਸਾਲ ਨਹੀਂ ਹੋ ਸਕਦੀ।
ਜਿਸ ਦਿਨ ਮਰਾਂਗੇ, ਦੋ ਰੁੱਖ ਨਾਲ ਲੈ ਕੇ ਸੜਾਂਗੇ,
ਇੰਨਾ ਕੁ ਫ਼ਰਜ਼ ਤਾਂ ਨਿਭਾਅ ਜਾ ਯਾਰਾ,
ਦੋ ਬੂਟੇ ਆਪਣੇ ਜੋਗੇ ਤਾਂ ਲਾ ਜਾ ਯਾਰਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)