“ਹੁਣ ਸਚੁਮੱਚ ਹੀ ਭਰੋਸੇਯੋਗਤਾ ਨੂੰ ਖੋਰਾ ਲੱਗਣ ਕਰਕੇ ਗੁੜ ਦਾ ਘਾਟਾ ...”
(19 ਫਰਵਰੀ 2026)
ਗੁੜ ਲੈ ਲਓ ਜੀ ਗੁੜ, ਦੇਸੀ ਗੁੜ-ਸ਼ੱਕਰ ... ਮੋਟਰ ਸਾਈਕਲ ’ਤੇ ਗੁੜ-ਸ਼ੱਕਰ ਵੇਚਣ ਵਾਲੇ ਦੇ ਹੋਕੇ ਨੇ ਮੇਰਾ ਧਿਆਨ ਆਪਣੇ ਵੱਲ ਖਿੱਚਿਆ। ਇਹ ਮੋਟਰ ਸਾਈਕਲ ਵਾਲਾ ਪਹਿਲਾਂ ਸਾਈਕਲ ’ਤੇ ਗੁੜ-ਸ਼ੱਕਰ ਲੱਦ ਕੇ ਦੂਜੇ ਇਲਾਕਿਆਂ ਵਿੱਚ ਵੇਚਣ ਜਾਂਦਾ ਹੁੰਦਾ ਸੀ। ਚੜ੍ਹਦੇ ਸਿਆਲ ਤੋਂ ਅਪਰੈਲ ਮਹੀਨੇ ਤਕ ਇਹ ਗੁੜ ਵੇਚਦਾ ਹੈ। ਚੜ੍ਹਦੇ ਸਿਆਲ ਤੋਂ ਗੁੜ ਖਾਣ ਨੂੰ ਜੀਅ ਕਰਨ ਲੱਗ ਪੈਂਦਾ ਹੈ। ਨਵੀਂ ਪੀੜ੍ਹੀ ਦੇ ਸੁਹਜ-ਸੁਆਦ ਬਦਲ ਗਏ ਹਨ ਪਰ ਪੁਰਾਣੀ ਪੀੜ੍ਹੀ ਵਾਲੇ ਲੋਕ ਅਜੇ ਵੀ ਇਨ੍ਹਾਂ ਕੁਦਰਤੀ ਨਿਆਮਤਾਂ ਨਾਲ ਜੁੜੇ ਹੋਏ ਹਨ।
ਚਾਰ ਦਹਾਕੇ ਪਹਿਲਾਂ ਦੀਆਂ ਗੱਲਾਂ ਹਨ। ਉਦੋਂ ਉਮਰ ਦਾ ਪੜਾਅ ਬਚਪਨ ਤੋਂ ਕਿਸ਼ੋਰ ਅਵਸਥਾ ਵਿਚਲਾ ਸੀ। ਸਾਡੇ ਇਲਾਕੇ ਦੇ ਪਿੰਡਾਂ ਵਿੱਚ ਵੱਡਾ ਰਕਬਾ ਕਮਾਦ ਹੇਠ ਹੁੰਦਾ ਸੀ। ਇਹ ਕਹਿਣਾ ਕੋਈ ਝੂਠ ਨਹੀਂ ਹੋਵੇਗਾ ਕਿ ਲਗਭਗ ਹਰ ਘਰ ਨੇ ਕਮਾਦ ਬੀਜਿਆ ਹੁੰਦਾ ਸੀ, ਭਾਵੇਂ ਥੋੜ੍ਹਾ, ਭਾਵੇਂ ਬਹੁਤਾ। ਪਿੰਡ ਦੇ ਜਿਹੜੇ ਪਾਸੇ ਜਾਓ ਕਮਾਦ ਦੇ ਖੇਤ ਦਿਸ ਪੈਂਦੇ ਸਨ। ਨੀਮ-ਪਹਾੜੀ ਇਲਾਕਾ ਹੋਣ ਕਰਕੇ ਗੰਨਾ ਸ਼ੂਗਰ ਮਿੱਲ ਤਕ ਨਾ ਲਿਜਾ ਕੇ ਗੁੜ ਬਣਾ ਕੇ ਘਰੇਲੂ ਖਪਤ ਲਈ ਹੀ ਵਰਤਿਆ ਜਾਂਦਾ ਸੀ। ਉਹਨਾਂ ਸਮਿਆਂ ਵਿੱਚ ਪਿੰਡਾਂ ਵਿੱਚ ਮਿਲਣ ਵਾਲੀਆਂ ਨਿਆਮਤਾਂ ਵਿੱਚ ਗੰਨੇ ਵੀ ਸ਼ਾਮਲ ਸਨ। ਦੁਸਹਿਰੇ ਦੇ ਨੇੜੇ-ਤੇੜੇ ਗੰਨਿਆਂ ਦੀਆਂ ਪੋਰੀਆਂ ਵਿੱਚ ਰਸ ਭਰ ਜਾਂਦਾ ਸੀ। ਉਹਨਾਂ ਸਮਿਆਂ ਵਿੱਚ ਅੱਜ ਵਾਂਗ ਦੁਕਾਨਾਂ ਉੱਤੇ ਬੱਚਿਆਂ ਦੇ ਖਾਣ-ਪੀਣ ਦੀਆਂ ਵੰਨਗੀਆਂ ਸੋਚ ਤੋਂ ਪਰੇ ਦੀਆਂ ਗੱਲਾਂ ਸਨ। ਉਹ ਪੰਜੀ ਦੀਆਂ ਪੰਜ ਮਿੱਠੀਆਂ ਗੋਲੀਆਂ ਦਾ ਜ਼ਮਾਨਾ ਸੀ।
ਦੁਸਹਿਰੇ ਤੋਂ ਪਹਿਲਾਂ ਗੰਨਾ ਨਾ ਚੂਪਣ ਬਾਰੇ ਸਾਨੂੰ ਇਹ ਡਰਾਵਾ ਦਿੱਤਾ ਜਾਂਦਾ ਸੀ ਕਿ ਜਿਹੜਾ ਦੁਸਹਿਰੇ ਤੋਂ ਪਹਿਲਾਂ ਗੰਨਾ ਚੂਪਦਾ ਹੈ, ਉਹ ਅਗਲੇ ਜਨਮ ਵਿੱਚ ਗਧਾ ਬਣਦਾ ਹੈ। ਬਾਲ-ਮਨਾਂ ਵਿੱਚ ਅਜਿਹੇ ਵਹਿਮ ਘਰ ਕਰ ਜਾਂਦੇ ਹਨ। ਦੁਸਹਿਰੇ ਦੀ ਉਡੀਕ ਖਤਮ ਹੁੰਦੇ ਸਾਰ ਮੱਥਾ ਟੇਕ ਕੇ ਗੰਨੇ ਚੂਪਣ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਸੀ। ਦਿਵਾਲੀ ਦੇ ਨੇੜੇ ਗੁੜ ਅਤੇ ਸ਼ੱਕਰ ਬਣਾਉਣ ਲਈ ਗੰਨੇ ਪਿੜਾਈ ਸ਼ੁਰੂ ਹੋ ਜਾਂਦੀ ਸੀ। ਵੇਲਣੇ ਬਲਦਾਂ ਨਾਲ ਚੱਲਣ ਵਾਲੇ ਹੁੰਦੇ ਸਨ। ਗੰਨੇ ਵੱਢਣ ਅਤੇ ਘੜਨ ਦਾ ਕੰਮ ਸਮੂਹਿਕ ਤੌਰ ’ਤੇ ਕੀਤਾ ਜਾਂਦਾ ਸੀ। ਗੰਨੇ ਘੜਾਉਣ ਵਾਲੇ ਭਰੀਆਂ ਵੇਲਣੇ ਤਕ ਛੱਡ ਆਉਂਦੇ। ਇਸ ਬਦਲੇ ਉਹ ਪਸ਼ੂਆਂ ਲਈ ਆਗ ਲੈ ਜਾਂਦੇ। ਵਾਰੀ ਆਉਣ ਉਪਰੰਤ ਵੇਲਣੇ ’ਤੇ ਮਦਦ ਵੀ ਕਰਦੇ ਅਤੇ ਤੱਤੇ-ਤੱਤੇ ਗੁੜ ਦਾ ਅਨੰਦ ਲੈਂਦੇ।
ਉਦੋਂ ਕਮਾਦ ਵਿੱਚ ਦੇਸੀ ਰੂੜ੍ਹੀ ਤੋਂ ਬਿਨਾਂ ਕੁਝ ਵੀ ਨਹੀਂ ਸੀ ਪਾਇਆ ਜਾਂਦਾ। ਗੁੜ ਖਾਣ ਦੇ ਸ਼ੁਕੀਨਾਂ ਦੀ ਵੇਲਣੇ ’ਤੇ ਰੌਣਕ ਲੱਗੀ ਰਹਿੰਦੀ ਸੀ। ਅਵਾਜ਼ਾਂ ਮਾਰ ਕੇ ਰਸ ਪਿਲਾਇਆ ਜਾਂਦਾ ਸੀ। ਇਹ ਸਿਲਸਿਲਾ ਵਿਸਾਖੀ ਤਕ ਚਲਦਾ ਰਹਿੰਦਾ। ਘਰਾਂ ਵਿੱਚ ਗੁੜ ਦੇ ਢੇਰ ਲੱਗੇ ਹੁੰਦੇ। ਸ਼ੁੱਧ ਗੁੜ ਦੀ ਖੁਸ਼ਬੋ ਦੂਰੋਂ ਖਿੱਚ ਪਾਉਂਦੀ। ਗੁੜ ਅਤੇ ਸ਼ੱਕਰ ਦੇ ਭੜੋਲੇ ਭਰੇ ਰਹਿੰਦੇ। ਸਾਲ ਭਰ ਦੀ ਵਰਤੋਂ ਲਈ ਭੜੋਲੇ ਲਿੱਪ ਕੇ ਰੱਖ ਲਏ ਜਾਂਦੇ। ਇਹ ਉਸ ਵੇਲੇ ਅੱਜ ਦੇ ਏਅਰ ਟਾਈਟ ਕੰਟੇਨਰ ਦਾ ਕੰਮ ਕਰਦੇ ਸਨ। ਪਿੰਡ ਵਿੱਚ ਹੁੰਦੇ ਜੱਗ ਲਈ ਆਟਾ-ਮਿੱਠਾ ਪੁੱਜਦਾ ਕਰਨ ਲਈ ਅਨਾਊਂਸਮੈਂਟ ਹੁੰਦੀ ਤਾਂ ਗੁੜ ਦਾ ਢੇਰ ਲੱਗ ਜਾਂਦਾ। ਗੁੜ ਦੀ ਚਾਹ ਦਾ ਜ਼ਾਇਕਾ ਉਹੀ ਦੱਸ ਸਕਦੇ ਹਨ ਜਿਨ੍ਹਾਂ ਨੇ ਇਹ ਚੱਖਿਆ ਹੋਵੇ। ਘਿਓ-ਸ਼ੱਕਰ ਪ੍ਰਾਹੁਣਚਾਰੀ ਲਈ ਵਿਸ਼ੇਸ਼ ਸਵੀਟ-ਡਿਸ਼ ਹੁੰਦੀ ਸੀ। ਖੰਡ ਦੀ ਚਾਹ ਅਮੀਰ ਘਰਾਂ ਵਿੱਚ ਹੀ ਬਣਦੀ। ਸਾਡੇ ਬੀਤ ਇਲਾਕੇ ਦੇ ਗੁੜ ਦੀ ਦੂਰ-ਦੂਰ ਤਕ ਮਸ਼ਹੂਰੀ ਸੀ। ਜਦੋਂ ਪਿੰਡਾਂ ਵਿਚਲੇ ਵਪਾਰੀ ਇਹ ਗੁੜ ਮੰਡੀ ਲੈ ਕੇ ਜਾਂਦੇ ਤਾਂ ਇਹ ਹੱਥੋ ਹੱਥੀ ਵਿਕ ਜਾਂਦਾ। ਵਿਆਹ ਦੇ ਸੱਦੇ ਮੌਕੇ ਦੋ ਸੇਰ ਗੁੜ ਦਿੱਤਾ ਜਾਂਦਾ। ਸ਼ਗਨਾਂ ਦਾ ਹਰ ਕੰਮ ਗੁੜ ਤੋਂ ਬਿਨਾਂ ਅਧੂਰਾ ਹੁੰਦਾ। ਬਲਦਾਂ ਵਾਲੇ ਵੇਲਣਿਆਂ ਤੋਂ ਬਾਅਦ ਇੰਜਣ ਵਾਲੇ ਵੇਲਣੇ ਆ ਗਏ। ਪਿੜਾਈ ਦੇ ਕੰਮ ਨੇ ਤੇਜ਼ੀ ਫੜ ਲਈ। ਮਸ਼ੀਨੀਕਰਨ ਨਾਲ ਸਮੇਂ ਦੇ ਬਦਲਾਅ ਦੀ ਰਫਤਾਰ ਵਧ ਗਈ। ਜੰਗਲਾਂ ਦੇ ਰੁੱਖਾਂ ਉੱਤੇ ਵੀ ਕੁਹਾੜਾ ਚੱਲਣਾ ਸ਼ੁਰੂ ਹੋ ਗਿਆ। ਜੰਗਲਾਂ ਵਿੱਚ ਆਪਣਾ ਗੁਜ਼ਾਰਾ ਕਰਨ ਵਾਲੇ ਜਾਨਵਰ ਕਮਾਦ ਨੂੰ ਆਪਣਾ ਖਾਜਾ ਬਣਾਉਣ ਲੱਗੇ। ਹੌਲੀ-ਹੌਲੀ ਕਮਾਦ ਹੇਠੋਂ ਰਕਬਾ ਘਟਦਾ-ਘਟਦਾ ਬਹੁਤ ਘੱਟ ਗਿਆ।
ਹੁਣ ਵੀ ਸਾਡੀ ਪੀੜ੍ਹੀ ਨੂੰ ਨਵੰਬਰ ਮਹੀਨੇ ਵਿੱਚ ਗੁੜ ਖਾਣ ਦੀ ਲਲ੍ਹਕ ਜਾਗਦੀ ਹੈ। ਸ਼ੁੱਧ ਗੁੜ ਲੱਭਿਆਂ ਨਹੀਂ ਮਿਲਦਾ। ਮਿਲਾਵਟ ਦੇ ਦੌਰ ਵਿੱਚ ਭਰੋਸੇਯੋਗਤਾ ਦੀ ਗਰੰਟੀ ਨਹੀਂ ਰਹੀ। ਪਿਛਲੇ ਸਾਲਾਂ ਤੋਂ ਸੰਬੰਧਤ ਵਿਭਾਗ ਵੱਲੋਂ ਵੇਲਣਿਆਂ ਦੀ ਪੜਤਾਲ ਦੌਰਾਨ ਗੁੜ ਦੇ ਨਾਂ ’ਤੇ ਜ਼ਹਿਰ ਵੇਚਣ ਦੀਆਂ ਰਿਪੋਰਟਾਂ ਨਸ਼ਰ ਹੁੰਦੀਆਂ ਰਹਿੰਦੀਆਂ ਹਨ। ਦੂਜੇ ਇਲਾਕਿਆਂ ਤੋਂ ਗੰਨਾ ਲਿਆਕੇ ਪੀੜਨਾ ਅਤੇ ਚੀਨੀ ਦੇ ਰਲੇਵੇਂ ਦੀਆਂ ਖਬਰਾਂ ਨੇ ਗੁੜ ਦੇ ਸ਼ੁਕੀਨਾਂ ਨੂੰ ਚਿੰਤਾ ਵਿੱਚ ਜ਼ਰੂਰ ਪਾ ਦਿੱਤਾ ਹੈ। ਇਸ ਦੌਰਾਨ “ਸ਼ੁੱਧ ਦੇਸੀ ਗੁੜ” ਦੇ ਬੋਰਡ ਲੱਗੇ ਸੜਕ ਕਿਨਾਰੇ ਚਲਦੇ ਵੇਲਣਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ। ਪੁਰਾਣੇ ਸਮੇਂ ਵਿੱਚ ਰੱਜੇ-ਪੁੱਜੇ ਬੰਦੇ ਦੀ ਗੁੜ ਨਾਲ ਤੁਲਨਾ ਕੀਤੀ ਜਾਂਦੀ ਸੀ, ਅਖੇ, “ਇਹਨੂੰ ਕਿਹੜਾ ਗੁੜ ਦਾ ਘਾਟਾ ਐ।” ਹੁਣ ਸਚੁਮੱਚ ਹੀ ਭਰੋਸੇਯੋਗਤਾ ਨੂੰ ਖੋਰਾ ਲੱਗਣ ਕਰਕੇ ਗੁੜ ਦਾ ਘਾਟਾ ਮਹਿਸੂਸ ਹੁੰਦਾ ਹੈ। ਵੇਲਣੇ ’ਤੇ ਬੈਠ ਕੇ ਤੱਤਾ-ਤੱਤਾ ਗੁੜ ਖਾਣ ਦੀਆਂ ਗੱਲਾਂ ਹੁਣ ਯਾਦਾਂ ਦਾ ਹਿੱਸਾ ਬਣ ਗਈਆਂ ਹਨ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































