“ਅਸੀਂ ਕੇਹੀ ਭਟਕਣ ਦਾ ਸ਼ਿਕਾਰ ਹੋ ਪਿੰਡਾਂ ਦੇ ਅਜਿਹੇ ਸੱਚੇ ਸੁੱਚੇ ਕਿਰਤੀਆਂ ...”
(29 ਜੂਨ 2025)
ਮੇਰੇ ਆਪਣੇ...
ਪੰਜਾਬ ਪਿੰਡਾਂ ਵਿੱਚ ਵਸਦਾ ਹੈ ਅਤੇ ਪਿੰਡਾਂ ਵਿੱਚ ਰੱਬ ਵਸਦਾ ਹੈ ਕਿਉਂਕਿ ਪਿੰਡਾਂ ਵਿੱਚ ਹੀ ਵਸਦੇ ਸਨ ਰੱਬ ਵਰਗੇ ਫਰਿਸ਼ਤਾ ਲੋਕ। ਪਿੰਡ ਦੇ ਸਮਾਜਿਕ ਰੰਗਾਂ ਦੀ ਖੂਬਸੂਰਤੀ ਵਿੱਚ ਵੱਖ-ਵੱਖ ਕਿੱਤਿਆਂ ਅਤੇ ਧਰਮਾਂ ਦੇ ਲੋਕਾਂ ਦਾ ਆਪਸੀ ਸਹਿਚਾਰ, ਭਾਈਚਾਰਕ ਸਾਂਝ, ਇੱਕ ਦੂਜੇ ਦੇ ਕੰਮ ਆਉਣ ਦਾ ਜਜ਼ਬਾ, ਲੋੜਾਂ ਅਤੇ ਥੋੜਾਂ ਨੂੰ ਸਮਝਣ ਅਤੇ ਪੂਰਾ ਕਰਨ ਦੀ ਤੱਤਪਰਤਾ ਆਦਿ ਸਭ ਸ਼ਾਮਲ ਹੁੰਦਾ ਸੀ। ਪੇਂਡੂ ਲੋਕਾਂ ਦੇ ਮਨਾਂ ਦੀ ਪਾਕੀਜ਼ਗੀ ਅਤੇ ਸਾਦਗੀ ਦੀ ਸੰਗਤ ਵਿੱਚ ਮੌਲਦੀਆਂ ਨਸਲਾਂ ਨੇ ਆਪਣੇ ਪੁਰਖਿਆਂ ਦੀਆਂ ਸਮੁੱਤਾਂ ਅਤੇ ਸਮਝੌਤੀਆਂ ਵਿੱਚੋਂ ਆਪਣੀ ਸੁਪਨਸਾਜ਼ੀ ਨੂੰ ਪ੍ਰਵਾਜ਼ ਦਿੱਤੀ। ਕੁਝ ਲੋਕ ਆਮ ਹੁੰਦਿਆਂ ਵੀ ਖਾਸਮ-ਖਾਸ ਹੋਏ ਮੇਰੇ ਚੇਤਿਆਂ ਵਿੱਚ ਵਸਦੇ ਹਨ ਜਿਨ੍ਹਾਂ ਦਾ ਸ਼ਾਬਦਿਕ ਚਿੱਤਰ ਪੰਜਾਬੀ ਪਿਆਰਿਆਂ ਲਈ ਹਾਜ਼ਰ ਹੈ। ਸ਼ਾਇਦ ਇਹ ਲੋਕ ਸਾਡੇ ਸਾਰਿਆਂ ਦੇ ਹੀ ਚੇਤਿਆਂ ਵਿੱਚ ਵਸਦੇ ਹਨ ਕਿਉਂਕਿ ਇਹ ਸਾਡੇ ਆਪਣੇ ਲੋਕ ਸਨ। ਤੁਸੀਂ ਇਨ੍ਹਾਂ ਰਾਹੀਂ ਆਪਣੇ ਵਿਰਸੇ ਨੂੰ ਜ਼ਰੂਰ ਯਾਦ ਕਰਨਾ। ਇਹੀ ਉਨ੍ਹਾਂ ਨੂੰ ਸਭ ਤੋਂ ਵੱਡੀ ਸ਼ਰਧਾਂਜਲੀ ਹੋਵੇਗੀ।
**
ਪਿੰਡ ਦੇ ਕੇਂਦਰ ਵਿੱਚ ਉੱਚਾ ਥੜ੍ਹਾ, ਗਲੀ ਵਾਲੇ ਪਾਸੇ ਖੁੱਲ੍ਹਦਾ ਇਕਹਿਰਾ ਕਮਰਾ, ਨਿੱਕਾ ਜਿਹਾ ਲੱਕੜ ਦਾ ਦਰਵਾਜ਼ਾ। ਦਿਨ ਵੇਲੇ ਇਹ ਦਰਵਾਜ਼ਾ ਮਰਜ਼ੀ ਨਾਲ ਖੁੱਲ੍ਹਦਾ ਸੀ। ਕੋਈ ਨਿਸ਼ਚਿਤ ਸਮਾਂ ਨਹੀਂ ਸੀ ਹੁੰਦਾ ਇਸਦੇ ਖੁੱਲ੍ਹਣ ਅਤੇ ਬੰਦ ਹੋਣ ਦਾ। ਗਲੀ ਵੱਲ ਦਾ ਕਮਰਾ ਦਰਅਸਲ ਬਾਬੇ ਧੰਨੂ ਦਾ ਜੁੱਤੀਆਂ ਗੰਢਣ ਵਾਲਾ ਅੱਡਾ ਸੀ। ਇਸਦੇ ਪਿਛਵਾੜੇ ਵਿੱਚ ਵਸਦਾ ਰਸਦਾ ਸੀ ਉਸਦਾ ਪਰਿਵਾਰ। ਇੱਥੇ ਬਹਿ ਕੇ ਉਹ ਟੁੱਟੀਆਂ ਜੁੱਤੀਆਂ ਗੰਢਦਾ, ਨਵੀਂਆਂ ਜੁੱਤੀਆਂ ਤਿਆਰ ਕਰਦਾ, ਇੱਕ ਪਾਸੇ ਬਣਾਊਣ ਵਾਲੀਆਂ ਜੁੱਤੀਆਂ ਦੇ ਮੇਚ ਲੈ ਕੇ ਰੱਖੇ ਹੋਏ ਹੁੰਦੇ ਸਨ। ਕਿਸੇ ਦਾ ਪਤਾਵਾ ਪਾਉਣਾ, ਕਿਸੇ ਨੂੰ ਗੰਢਣਾ ਅਤੇ ਕਿਸੇ ਦੀ ਉੱਖੜੀ ਅੱਡੀ ਨੂੰ ਠੀਕ ਕਰਨਾ ਆਦਿ। ਪੱਤੀ ਦੇ ਸਾਰੇ ਸੇਪੀ ਵਾਲੇ ਘਰ ਉਸਦੇ ਗਾਹਕ ਸਨ। ਉਹ ਮਨਮਰਜ਼ੀ ਦਾ ਮਾਲਕ। ਉਹ ਆਪਣੇ ਹੁੱਕੇ ਵਿੱਚ ਪਾਣੀ ਪਾਉਂਦਾ, ਉੱਤੇ ਚਿਲਮ ਰੱਖਦਾ ਅਤੇ ਆਪਣੇ ਅੱਡੇ ’ਤੇ ਬੈਠ ਹੁੱਕੇ ਦੀ ਗੁੜ-ਗੁੜ ਦੀ ਮਸਤੀ ਵਿੱਚ ਆਪਣਾ ਕੰਮ ਕਰਦਿਆਂ ਹਮੇਸ਼ਾ ਨੀਵੀਂ ਪਾਈ ਰੱਖਦਾ। ਉਹ ਕਦੇ ਕਦੇ ਦਾੜ੍ਹੀ ਮੁੰਨਦਾ ਪਰ ਉਸਦੀਆਂ ਮੁੱਛਾਂ ਵਿਚਲਾ ਤਾਅ ਹਮੇਸ਼ਾ ਭਲਵਾਨੀ ਦਿੱਖ ਦਾ ਭਰਮ ਪਾਉਂਦਾ। ਸਿਰ ’ਤੇ ਵਲੇਵੇਂ ਮਾਰ ਕੇ ਬੱਝੀ ਘਸਮੈਲੀ ਜਿਹੀ ਪੱਗ ਦਾ ਲੰਮਾ ਲੜ ਉਸਦੇ ਢਿੱਡ ਤਕ ਪਹੁੰਚਦਾ। ਇਸਨੂੰ ਬਹੁਤ-ਭਾਂਤੀ ਵਰਤਦਾ। ਇਹੀ ਲੜ ਉਸਦਾ ਤੌਲੀਆ ਵੀ ਹੁੰਦਾ, ਮੂੰਹ ਸਾਫ ਕਰਨ ਜਾਂ ਮੁੜ੍ਹਕਾ ਪੂੰਝਣ ਲਈ।
ਉਸਦੀ ਬੋਲ ਬਾਣੀ ਬਹੁਤ ਕੁਰਖਤ। ਕਦੇ ਵੀ ਸਿੱਧੇ ਮੂੰਹ ਨਾ ਬੋਲਦਾ। ਪਰ ਉਹ ਗੁਣੀ ਬਹੁਤ ਸੀ। ਕਦੇ ਵੀ ਕਿਸੇ ਬੱਚੇ ਨੇ ਜੁੱਤੀ ਗੰਢਾਉਣ ਉਸ ਕੋਲ ਜਾਣਾ ਤਾਂ ਸਭ ਤੋਂ ਪਹਿਲਾਂ ਉਸਦਾ ਰੁੱਖਾ ਜਿਹਾ ਬੋਲ ਹੁੰਦਾ ਕਿ ਇੱਥੇ ਰੱਖ ਦੇ। ਤੇ ਜੇ ਕਦੇ ਪੁੱਛ ਲੈਣਾ ਕਿ ਕਦੋਂ ਗੰਢੀ ਜੁੱਤੀ ਲੈਣ ਆਵਾਂ ਤਾਂ ਕਹਿਣਾ ਕਿ ਆ ਜਾਵੀਂ। ਜੇ ਠੀਕ ਹੋ ਗਈ ਤਾਂ ਲੈ ਜਾਵੀ ਨਹੀਂ ਤਾਂ ਫਿਰ ਆ ਜਾਵੀਂ। ਕਿੰਨੀ ਕੁ ਦੂਰ ਆ ਤੇਰਾ ਘਰ? ਗੇੜਾ ਮਾਰਦਾ ਰਹੀਂ। ਕਈ ਗੇੜਿਆਂ ਤੋਂ ਬਾਅਦ ਜੁੱਤੀ ਗੰਢੀ ਜਾਂਦੀ ਪਰ ਮੁਰੰਮਤ ਹੁੰਦੀ ਸਿੱਕੇਬੰਦ।
ਉਸਦੇ ਹੱਥਾਂ ਵਿੱਚ ਹੁਨਰ ਸੀ। ਪੈਰਾਂ ਦਾ ਮੇਚ ਲੈ ਕੇ ਬੱਚਿਆਂ ਦੇ ਮੌਜੇ ਬਣਾਉਣ ਦੀ ਉਸਨੂੰ ਬਹੁਤ ਮੁਹਾਰਤ ਸੀ ਅਤੇ ਮੌਜੇ ਤੋੜਿਆ ਵੀ ਨਹੀਂ ਸੀ ਟੁੱਟਦੇ। ਉਹ ਵੱਡਿਆਂ ਦੀਆਂ ਜੁੱਤੀਆਂ ਵੀ ਬਣਾਉਂਦਾ ਪਰ ਸਾਈ ਲੈ ਕੇ, ਕਈ ਮਹੀਨੇ ਲਾ ਦਿੰਦਾ। ਪਰ ਪੱਤੀ ਦੇ ਹਰ ਵਿਅਕਤੀ ਦੀ ਪਹਿਲੀ ਪਸੰਦ ਹੁੰਦੀ ਕਿ ਜੁੱਤੀ ਉਸ ਕੋਲੋਂ ਹੀ ਬਣਵਾਈ ਜਾਵੇ ਕਿਉਂਕਿ ਉਸਦੀ ਬਣਾਈ ਜੁੱਤੀ ਕਈ ਰੁੱਤਾਂ ਹੰਢਾ ਕੇ ਵੀ ਨਹੀਂ ਸੀ ਟੁੱਟਦੀ। ਦਰਅਸਲ ਉਨ੍ਹਾਂ ਸਮਿਆਂ ਵਿੱਚ ਜੁੱਤੀਆਂ ਬਜ਼ਾਰੋਂ ਕੌਣ ਲੈਣ ਜਾਂਦਾ ਸੀ? ਸਾਰੇ ਜੀਅ ਪਿੰਡ ਦੇ ਮੋਚੀ ਦੀਆਂ ਬਣਾਈਆਂ ਹੋਈਆਂ ਜੁੱਤੀਆਂ ਹੀ ਪਾਉਂਦੇ ਹੁੰਦੇ ਸਨ। ਵੈਸੇ ਵੀ ਉਨ੍ਹਾਂ ਸਮਿਆਂ ਵਿੱਚ ਪੈਰੀਂ ਜੁੱਤੀ ਪਾਉਣ ਦਾ ਰਿਵਾਜ਼ ਬਹੁਤ ਘੱਟ ਸੀ। ਸਾਰਾ ਦਿਨ ਹੀ ਨੰਗੇ ਪੈਰੀਂ ਰਹਿਣਾ ਭਾਵੇਂ ਖੇਤੀਂ ਕੰਮ ਕਰਨਾ ਹੋਵੇ, ਹੱਲ ਵਾਹੁਣਾ ਹੋਵੇ, ਪੱਠੇ ਵੱਢਣੇ ਹੋਣ, ਗੋਡੀ ਕਰਨੀ ਹੋਵੇ ਜਾਂ ਖੂਹ ’ਤੇ ਜਾਣਾ ਹੋਵੇ ਆਦਿ। ਬਹੁਤੀ ਵਾਰ ਤਾਂ ਬੱਚੇ ਸਕੂਲ ਵੀ ਨੰਗੇ ਪੈਰੀਂ ਹੀ ਜਾਂਦੇ ਸਨ। ਜੁੱਤੀ ਤਾਂ ਖਾਸ ਮੌਕਿਆਂ ਜਿਵੇਂ ਵਾਂਢੇ ਜਾਣ, ਮੇਲੇ ਜਾਂ ਮੱਸਿਆ ਜਾਣ ਲਈ ਹੁੰਦੀ। ਪਰ ਜੁੱਤੀ ਸਿਰਫ ਨੇੜੇ ਜਾ ਕੇ ਹੀ ਪਾਈ ਜਾਂਦੀ ਕਿਉਂਕਿ ਇਹ ਫਿਕਰ ਹੁੰਦਾ ਕਿ ਜੁੱਤੀ ਮੈਲੀ ਨਾ ਹੋ ਜਾਵੇ। ਵੈਸੇ ਵੀ ਕਦੇ ਕਦਾਈਂ ਜੁੱਤੀ ਪਾਉਣ ਨਾਲ ਪੈਰਾਂ ਵਿੱਚ ਛਾਲੇ ਹੋਣ ਦਾ ਡਰ ਵੀ ਬਣਿਆ ਰਹਿੰਦਾ ਸੀ। ਵੈਸੇ ਉਨ੍ਹਾਂ ਸਮਿਆਂ ਵਿੱਚ ਮੰਗਵੀਂ ਜੁੱਤੀ, ਖੁੱਸਾ, ਚਿੱਟਾ ਚਾਦਰਾ, ਕੁੱੜਤਾ ਆਦਿ ਮੰਗ ਕੇ ਵਿਆਹਾਂ ’ਤੇ ਜਾਣ ਦਾ ਰਿਵਾਜ਼ ਆਮ ਸੀ।
ਬਾਬਾ ਧੰਨੂ ਬਹੁ-ਪੱਖੀ ਸ਼ਖਸ ਸੀ। ਸਾਡੀ ਪੱਤੀ ਦੇ ਹਰ ਘਰ ਵਿੱਚ ਹੋਣ ਵਾਲੇ ਕਿਸੇ ਵੀ ਸਮਾਗਮ, ਭੋਗ, ਮੰਗਣੀ, ਮਰਗ ਆਦਿ ਤੇ ਉਸ ਨੂੰ ਸਭ ਤੋਂ ਪਹਿਲਾਂ ਸੱਦਿਆ ਜਾਂਦਾ ਕਿਉਂਕਿ ਉਹ ਹਰ ਘਰ ਸੱਦਾ ਦੇਣ ਦਾ ਕਾਰਜ ਬਹੁਤ ਬਖੂਬੀ ਕਰਦਾ। ਹੱਥ ਵਿਚਲਾ ਅਣਘੜ ਡੰਡਾ ਖੜਕਾਉਂਦਾ ਅਤੇ ਠਿੱਬੀ ਜਿਹੀ ਜੁੱਤੀ ਨਾਲ ਇੱਕ ਵੱਖਰਾ ਹੀ ਰਾਗ ਪੈਦਾ ਕਰਦਾ ਉਹ ਘਰ ਦਾ ਬੂਹਾ ਖੜਕਾਉਂਦਾ। ਖਾਸ ਸਮੇਂ ਅਤੇ ਵਿਸ਼ੇਸ਼ ਥਾਂ ’ਤੇ ਆਉਣ ਲਈ ਸੱਦਾ ਦਿੰਦਾ। ਕਿਸੇ ਨੂੰ ਚੁੱਲ੍ਹੇ ਨਿਉਂਦਾ ਅਤੇ ਕਿਸੇ ਨੂੰ ਨਿਊਂਦਾ ਦਿੰਦਾ। ਉਸਨੂੰ ਸਭ ਪਤਾ ਹੁੰਦਾ ਕਿ ਸੱਦਾ ਭੇਜਣ ਵਾਲੇ ਪਰਿਵਾਰ ਦੀ ਕਿਸ ਪਰਿਵਾਰ ਨਾਲ ਕਿੰਨੀ ਕੁ ਨੇੜਤਾ ਹੈ? ਕਿਹੜੇ ਘਰ ਨੂੰ ਨਿਉਂਦਾ ਜਾਂ ਚੁੱਲ੍ਹੇ ਨਿਉਂਦਾ ਦੇਣਾ ਹੈ।
ਬਾਬਾ ਧੰਨੂ ਅਕਸਰ ਹੀ ਖੰਘਦਾ ਰਹਿੰਦਾ ਕਿਉਂਕਿ ਉਹ ਹੁੱਕਾ ਪੀਣ ਦਾ ਆਦੀ ਸੀ। ਪਰ ਜੇ ਕਿਧਰੇ ਸਿਗਰਟ ਜਾਂ ਬੀੜੀ ਮਿਲ ਜਾਂਦੀ ਤਾਂ ਉਸਦਾ ਵੀ ਸੂਟਾ ਲਾ ਲੈਂਦਾ। ਪਰ ਉਸਦੀ ਇਹ ਸਭ ਤੋਂ ਵੱਡੀ ਖੂਬਸੂਰਤ ਆਦਤ ਸੀ ਕਿ ਉਹ ਕਦੇ ਵੀ ਜੱਟਾਂ ਦੇ ਘਰ ਜਾ ਕੇ ਹੁੱਕਾ ਨਹੀਂ ਸੀ ਪੀਂਦਾ ਕਿਉਂਕਿ ਉਹ ਜਾਣਦਾ ਸੀ ਕਿ ਸਿੱਖ ਪਰਿਵਾਰ ਤੰਮਾਕੂ ਨੂੰ ਨਫਰਤ ਕਰਦੇ ਹਨ।
ਬਾਬਾ ਧੰਨੂ ਪੱਤੀ ਵਿਚਲੇ ਹਰ ਘਰ ਦਾ ਪਰਿਵਾਰਕ ਮੈਂਬਰ ਸੀ। ਬਿਨਾਂ ਕਿਸੇ ਉਚੇਚ ਤੋਂ ਉਹ ਕਿਸੇ ਵੀ ਘਰ ਦਾ ਬੂਹਾ ਖੜਕਾ ਦਿੰਦਾ, ਲੋੜ ਦੱਸਦਾ ਅਤੇ ਕੋਈ ਵੀ ਘਰ ਉਸਦੀ ਲੋੜ ਪੂਰਤੀ ਕਰਨ ਤੋਂ ਨਹੀਂ ਸੀ ਉਕਦਾ।
ਦਰਅਸਲ ਪਿੰਡ ਦੇ ਸਮਾਜ ਦੀ ਸਭ ਤੋਂ ਵੱਡੀ ਖੂਬਸੂਰਤੀ ਇਹ ਸੀ ਕਿ ਉੱਥੇ ਕਿਸੇ ਦੀ ਜਾਤ ਨਹੀਂ ਸੀ ਪਰਖੀ ਜਾਂਦੀ। ਭਾਵੇਂ ਬਾਬਾ ਧੰਨੂ ਕਿੱਤੇ ਵਜੋਂ ਮੋਚੀ ਸੀ ਪਰ ਹਰ ਘਰ ਵਿੱਚ ਉਸਨੂੰ ਪੂਰਨ ਇੱਜ਼ਤ ਮਿਲਦੀ ਸੀ। ਪਿੰਡ ਵਿੱਚ ਸਾਰੇ ਲਾਗੀ ਹੀ ਸਮਾਜਿਕ ਅਤੇ ਪਰਿਵਾਰਕ ਸਮਾਗਮਾਂ ਦਾ ਸਭ ਤੋਂ ਅਹਿਮ ਹਿੱਸਾ ਮੰਨੇ ਜਾਂਦੇ ਸਨ ਕਿਉਂਕਿ ਹਰ ਸਮਾਗਮ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸੰਪੂਰਨ ਹੁੰਦਾ ਸੀ। ਹਰ ਜਾਤ ਅਤੇ ਕਿੱਤੇ ਨਾਲ ਸਬੰਧਤ ਵਿਅਕਤੀ ਆਪਣਾ ਯੋਗਦਾਨ ਪਾਉਂਦਾ ਤਾਂ ਕਿ ਕਿਸੇ ਕਿਸਮ ਦੀ ਘਾਟ ਜਾਂ ਕੁਤਾਹੀ ਮਹਿਮਾਨਾਂ ਦੇ ਸਾਹਮਣੇ ਨਾ ਹੋਵੇ। ਸਬੰਧਤ ਘਰ ਦੀ ਇੱਜ਼ਤ ਅਤੇ ਸ਼ਾਨ ਦਾ ਖਾਸ ਖ਼ਿਆਲ ਰੱਖਿਆ ਜਾਂਦਾ ਸੀ।
ਬਾਬਾ ਧੰਨੂ ਦੀ ਇਹ ਵੀ ਖਾਸੀਅਤ ਸੀ ਕਿ ਉਸਦਾ ਬੱਚਿਆਂ ਨਾਲ ਬਹੁਤ ਵਾਹ ਪੈਂਦਾ ਸੀ। ਹਰ ਕਿਸਮ ਦੇ ਸੁੱਖ ਸੁਨੇਹੇ ਦੇਣ ਲਈ ਹਰ ਘਰ ਵਿੱਚ ਗਾਹੇ-ਬਗਾਹੇ ਉਸਦਾ ਆਉਣਾ-ਜਾਣਾ ਬਣਿਆ ਰਹਿੰਦਾ ਸੀ। ਇਸ ਲਈ ਜਵਾਨ ਹੋ ਰਹੇ ਬੱਚੇ ਇਸ ਗੱਲ ਦਾ ਖਾਸ ਧਿਆਨ ਰੱਖਦੇ ਕਿ ਉਨ੍ਹਾਂ ਕੋਲੋਂ ਕੋਈ ਗਲਤੀ ਨਾ ਹੋ ਜਾਵੇ ਕਿਉਂਕਿ ਬਾਬਾ ਧੰਨੂ ਦੀ ਬਾਜ਼ ਅੱਖ ਜਵਾਨ ਹੋ ਰਹੇ ਬੱਚਿਆਂ ਨੂੰ ਵਾਚਣ ਵਿੱਚ ਬੜੀ ਮਾਹਰ ਸੀ। ਉਹ ਕਿਸੇ ਵੀ ਬੱਚੇ ਦੀ ਗਲਤੀ ਬਾਰੇ ਉਸਦੇ ਮਾਪਿਆਂ ਨੂੰ ਦੱਸਣ ਲੱਗਿਆਂ ਜ਼ਰਾ ਵੀ ਡਰਦਾ ਜਾਂ ਹਿੱਚਕਾਉਂਦਾ ਨਹੀਂ ਸੀ। ਉਸਦੀ ਸਲਾਹ ਨੂੰ ਹਰ ਕੋਈ ਅਹਿਮੀਅਤ ਦਿੰਦਾ। ਇਸਦੀ ਬਦੌਲਤ ਉਨ੍ਹਾਂ ਸਮਿਆਂ ਵਿੱਚ ਪ੍ਰਵਾਨ ਚੜ੍ਹੀ ਨੌਜਵਾਨ ਪੀੜ੍ਹੀ ਨੇ ਸਾਬਤ ਕਦਮੀਂ ਆਪਣੀਆਂ ਜੀਵਨ-ਰਾਹਾਂ ਨੂੰ ਬਖੂਬੀ ਸਿਰਜਿਆ ਅਤੇ ਆਪਣੀ ਪਛਾਣ ਬਣਾਈ।
ਬਾਬਾ ਧੰਨੂ ਦੀ ਸ਼ਖਸੀਅਤ ਦਾ ਇਹ ਕੇਹਾ ਆਲਮ ਸੀ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰ ਗਾਹੁੰਦਿਆਂ, ਦੇਸ਼-ਵਿਦੇਸ਼ਾਂ ਵਿੱਚ ਘੁੰਮਦਿਆਂ ਅਤੇ ਜੀਵਨ ਦੇ ਰੁਝੇਵਿਆਂ ਦੇ ਬਾਵਜੂਦ ਵੀ ਮੈਂਨੂੰ ਉਸਦੀ ਯਾਦ ਕਦੇ ਕਦਾਈਂ ਜੁੱਤੀ ਪਾਉਣ ਵੇਲੇ ਆ ਜਾਂਦੀ। ਆਧੁਨਿਕਤਾ ਦੇ ਦੌਰ ਵਿੱਚ ਕੌਣ ਹੁਣ ਪਿੰਡ ਦੇ ਮੋਚੀ ਕੋਲੋਂ ਜੁੱਤੀਆਂ ਗੰਢਾਉਂਦਾ ਅਤੇ ਕਿਹੜਾ ਮੇਚ ਦੇ ਕੇ ਸਾਈ ’ਤੇ ਜੁੱਤੀਆਂ ਬਣਵਾਉਂਦਾ ਹੈ? ਉਸਦਾ ਪੁੱਤ ਜੀਤ ਸਿੰਘ ਉਰਫ ਜੀਤੂ ਕੁਝ ਸਮੇਂ ਤਕ ਪਿੰਡ ਦੇ ਬੱਸ ਅੱਡੇ ’ਤੇ ਜੁੱਤੀਆਂ ਗੰਢਦਾ ਰਿਹਾ। ਪਰ ਹੁਣ ਉਸਨੇ ਵੀ ਇਹ ਕੰਮ ਛੱਡ ਦਿੱਤਾ ਹੈ। ਉਸਦੀ ਔਲਾਦ ਹੋਰ ਕਿੱਤਿਆਂ ਵਿੱਚ ਰੁੱਝੀ ਆਪਣੇ ਜੀਵਨ ਨੂੰ ਆਪਣੇ ਰੰਗ-ਢੰਗ ਨਾਲ ਬਿਤਾ ਰਹੀ ਹੈ।
ਅਜੋਕੇ ਦੌਰ ਵਿੱਚ ਅਸੀਂ ਕੇਹੀ ਭਟਕਣ ਦਾ ਸ਼ਿਕਾਰ ਹੋ ਪਿੰਡ ਦੇ ਅਜਿਹੇ ਸੱਚੇ ਸੁੱਚੇ ਕਿਰਤੀਆਂ ਤੋਂ ਹੀ ਬੇਮੁੱਖ ਹੋ ਗਏ ਜੋ ਕਿਸਾਨਾਂ ਦੇ ਸਹਿਯੋਗੀ ਹੁੰਦੇ ਸਨ ਅਤੇ ਉਨ੍ਹਾਂ ਦੇ ਹਰ ਦੁੱਖ ਸੁੱਖ ਦੇ ਭਾਈਵਾਲ। ਇੱਕ ਦੂਜੇ ਦੀਆਂ ਲੋੜਾਂ ਦੀ ਪੂਰਤੀ ਦਾ ਅਹਿਸਾਸ ਵੀ ਹੁੰਦਾ ਸੀ। ਹਰ ਵਿਅਅਤੀ ਮਾਣਮੱਤੇ ਸਮਾਜ ਦਾ ਸਭ ਤੋਂ ਮਾਣਮੱਤਾ ਅਤੇ ਅਹਿਮ ਅੰਗ ਹੁੰਦਾ ਸੀ। ਸਰਬ ਭਾਈਵਾਲਤਾ ਪਿੰਡ ਦੀ ਸਭ ਤੋਂ ਵਧੀਆ ਤਹਿਜ਼ੀਬ ਹੁੰਦੀ ਸੀ। ਇਹ ਤਹਿਜ਼ੀਬ ਰੁੱਸ ਗਈ ਹੈ। ਹੁਣ ਹਰ ਪਰਿਵਾਰ ਆਪਣੇ ਆਪ ਵਿੱਚ ਸੁੰਗੜਿਆ ਆਪਣੀਆਂ ਤਰਜੀਹਾਂ ਮਿਥਦਾ, ਦੂਸਰੇ ਦੀ ਅਵੱਗਿਆ ਅਤੇ ਅਣਦੇਖੀ ਵਿੱਚੋਂ ਹੀ ਆਪਣਾ ਮੁਫ਼ਾਦ ਭਾਲਦਾ ਹੈ।
ਹੁਣ ਅਸੀਂ ਬਰਾਂਡਡ ਮਹਿੰਗੀਆਂ ਜੁੱਤੀਆਂ ਖਰੀਦਦੇ ਹਾਂ ਅਤੇ ਆਪਣੇ ਆਪ ਨੂੰ ਵੱਡੇ ਰੁਤਬੇ ਦੇ ਮਾਲਕ ਕਹਿਲਾਉਂਦੇ ਹਾਂ। ਪਰ ਬਾਬਾ ਧੰਨੂ ਦੇ ਬਣਾਏ ਮੌਜਿਆਂ ਨੂੰ ਪਾ ਕੇ ਵਾਂਢੇ ਜਾਂ ਕਿਸੇ ਮੱਸਿਆ/ਮੇਲੇ ’ਤੇ ਜਾਣ ਵੇਲੇ ਇੱਕ ਵੱਖਰੀ ਹੀ ਟੌਹਰ ਹੁੰਦੀ ਸੀ। ਨੰਗੇ ਪੈਰੀਂ ਰਹਿਣ ਕਾਰਨ ਮੌਜੇ ਦਾ ਚਮੜਾ ਸਖਤ ਹੋ ਜਾਂਦਾ ਸੀ। ਇਸ ਲਈ ਪੈਰੀਂ ਪਾਉਣ ਤੋਂ ਪਹਿਲਾਂ ਉਸਨੂੰ ਸਰ੍ਹੋਂ ਦਾ ਤੇਲ ਲਾਕੇ ਇੱਕ ਦਿਨ ਪਹਿਲਾਂ ਹੀ ਨਰਮ ਕਰ ਲਈਦਾ ਸੀ। ਨਵੇਂ ਮੌਜੇ ਤਾਂ ਕਦੇ ਕਦਾਈਂ ਖਾਸ ਮੌਕਿਆਂ ’ਤੇ ਪਾਈਦੇ ਸਨ। ਇਨ੍ਹਾਂ ਮੌਜਿਆਂ ਵਿੱਚ ਬਾਬਾ ਧੰਨੂ ਦੇ ਹੱਥਾਂ ਦੀ ਛੋਹ, ਉਸਦੀ ਕਾਰੀਗਰੀ ਦਾ ਕਮਾਲ, ਮੌਜੇ ਦੀ ਬਣਤਰ ਅਤੇ ਤਿਆਰੀ ਵਿੱਚ ਸੁੱਚੀਆਂ ਭਾਵਨਾਵਾਂ ਦੇ ਅਹਿਸਾਸ ਬਰਾਂਡਡ ਜੁੱਤੀਆਂ ਵਿੱਚ ਕਿੱਥੋਂ ਮਿਲਦੇ ਹਨ?
ਬਾਬਾ ਧੰਨੂ ਵਰਗੇ ਫੱਕਰ/ਮਲੰਗ ਲੋਕ ਆਪਣੇ ਰੰਗ ਵਿੱਚ ਆਪਣਾ ਜੀਵਨ ਜਿਊਣ ਵਾਲੇ, ਬਾਹਰੋਂ ਕੁਰਖਤ ਹੁੰਦਿਆਂ ਵੀ ਅੰਦਰੋਂ ਮਲਾਈ ਵਰਗੀ ਨਰਮੀ ਰੱਖਣ ਵਾਲੇ ਅਤੇ ਹਰ ਬੱਚੇ ਦੇ ਸਿਰ ’ਤੇ ਅਛੋਪਲੇ ਜਿਹੇ ਅਸੀਸ ਭਰਿਆ ਹੱਥ ਰੱਖਣ ਵਾਲੇ ਲੋਕ ਜਦੋਂ ਗੁੰਮ ਹੋ ਜਾਂਦੇ ਹਨ ਤਾਂ ਬੱਚਿਆਂ ਨੂੰ ਮਿਲਣ ਵਾਲੀਆਂ ਦੁਆਵਾਂ ਵੀ ਰੁੱਸ ਜਾਂਦੀਆਂ ਹਨ। ਸ਼ਾਇਦ ਇਹ ਰੁੱਸੀਆਂ ਹੋਈਆਂ ਦੁਆਵਾਂ ਅਤੇ ਅਸੀਸਾਂ ਦਾ ਅਸਰ ਹੀ ਹੈ ਕਿ ਅੱਜ ਕੱਲ੍ਹ ਪਿੰਡਾਂ ਵਿਚਲੀ ਨੌਜਵਾਨ ਪੀੜ੍ਹੀ ਆਪਣੇ ਅਕੀਦਿਆਂ ਤੋਂ ਥਿੜਕੀ, ਟੀਚਿਆਂ ਤੋਂ ਭਟਕੀ, ਆਪਣੇ ਸੁਪਨਿਆਂ ਨੂੰ ਸੂਲੀ ’ਤੇ ਟੰਗ ਕੇ ਨਸ਼ਿਆਂ ਵਿੱਚ ਅਜਿਹੀ ਗਲਤਾਨ ਹੋ ਗਈ ਕਿ ਪਿੰਡਾਂ ਵਿੱਚੋਂ ਜਵਾਨੀ ਵੀ ਰੁੱਸ ਗਈ। ਪੜ੍ਹਾਕੂਆਂ ਦੇ ਘਰ ਵੀ ਪਰਵਾਸ ਕਰ ਗਏ। ਅੱਧੀ ਅੱਧੀ ਰਾਤ ਤਕ ਪਿੰਡ ਦੀ ਫਿਰਨੀ ਵਿੱਚ ਖੇਡਣ ਵਾਲੇ ਜੁਆਕ ਹੁਣ ਨਸ਼ਿਆਂ ਦੀ ਦਲਦਲ ਵਿੱਚ ਗਵਾਚੇ ਰਾਤ ਦਾ ਹਨੇਰਾ ਹੀ ਬਣ ਗਏ ਹਨ।
ਕਾਸ਼! ਬਾਬਾ ਧੰਨੂ ਵਰਗੇ ਲੋਕ ਅਚੇਤ ਰੂਪ ਵਿੱਚ ਬੱਚਿਆਂ ਦੀ ਪਾਕ ਮਾਨਸਿਕਤਾ ਵਿੱਚ ਸੁਮੱਤਾਂ ਧਰਨ। ਹਰ ਘਰ ਦੀਆਂ ਸੁੱਖਾਂ ਮੰਗਣ ਵਾਲੀ ਪਿੰਡ ਦੀ ਵਿਰਾਸਤ ਤੋਂ ਜੇਕਰ ਨੌਜਵਾਨ ਪੀੜ੍ਹੀ ਕੋਈ ਸੇਧ ਲੈ ਲਵੇ ਤਾਂ ਉਨ੍ਹਾਂ ਨੂੰ ਅਹਿਸਾਸ ਹੋਵੇਗਾ ਕਿ ਇਹ ਨਿੱਕੇ ਆਖੇ ਜਾਣ ਵਾਲੇ ਲੋਕਾਂ ਦੀਆਂ ਬਹੁਤ ਵੱਡੀਆਂ ਦੇਣਾਂ ਸਨ ਸਮਾਜ ਅਤੇ ਪਰਿਵਾਰ ਨੂੰ। ਤਾਂ ਹੀ ਉਨ੍ਹਾਂ ਸਮਿਆਂ ਵਿੱਚ ਹਰ ਪਰਿਵਾਰ ਦੇ ਬੱਚਿਆਂ ਨੇ ਆਪਣੇ ਹਿੱਸੇ ਦਾ ਅੰਬਰ ਅਤੇ ਧਰਤ ਨੂੰ ਤਲਾਸ਼ਣ ਵਿੱਚ ਕੋਈ ਕਸਰ ਨਹੀਂ ਛੱਡੀ।
ਬਾਬਾ ਧੰਨੂ ਵਰਗੇ ਕਿਰਤੀਆਂ ਨੂੰ ਤਹਿ ਦਿਲ ਤੋਂ ਸਲਾਮ ਕਿ ਉਹ ਹੁਣ ਤੀਕ ਵੀ ਉਨ੍ਹਾਂ ਲੋਕਾਂ ਦੇ ਚੇਤਿਆਂ ਵਿੱਚ ਵਸਦੇ ਨੇ ਜਿਨ੍ਹਾਂ ਨੇ ਕਈ ਦਹਾਕੇ ਪਹਿਲਾਂ ਪਿੰਡ ਤੋਂ ਉਡਾਰੀ ਮਾਰ ਲਈ ਸੀ। ਅਜਿਹੇ ਅਣਗੌਲੇ ਲੋਕ ਹੀ ਦਰਅਸਲ ਪਿੰਡ ਦਾ ਮਾਣਮੱਤਾ ਸਿਰਨਾਵਾਂ ਸਨ, ਜਿਨ੍ਹਾਂ ਨੂੰ ਯਾਦ ਕਰਨਾ ਸਾਡੀ ਤਹਿਰੀਕ ਸਾਨੂੰ ਸਮਝਾਉਂਦੀ ਹੈ।
ਬਾਬਾ ਧੰਨੂ ਦਾ ਪਰਿਵਾਰ ਭਾਵੇਂ ਕਿੰਨੀ ਵੀ ਤਰੱਕੀ ਕਰ ਲਵੇ ਪਰ ਉਸਦੀ ਵਿਰਾਸਤ ਤਕ ਪਹੁੰਚਣਾ ਅਸਾਨ ਨਹੀਂ।
ਬਾਬਾ ਧੰਨੂ ਤੇਰੀ ਕੀਰਤੀ ਨੂੰ ਰੂਹ ਤੋਂ ਸਲਾਮ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


















































































































