“ਸੋਨੇ ਦਾ ਚਮਚਾ ਮੂੰਹ ਵਿੱਚ ਰੱਖਣ ਵਾਲੇ ਲੋਕ ਕਿੰਝ ਸਮਝ ਸਕਦੇ ਹਨ ਕਿ ਬੇਹਾ ਟੁੱਕਰ ਖਾਣ ...”
(21 ਮਾਰਚ 2026)
ਸੋਚਵਾਨ ਬੰਦਾ ਅਕਸਰ ਹੀ ਸੋਚਦਾ ਹੈ ਕਿ ਮੈਂ ਇੰਝ ਕਿਉਂ ਹਾਂ? ਮੈਂ ਇੰਝ ਕਿਉਂ ਕੀਤਾ? ਮੈਂਨੂੰ ਇੰਝ ਕਰਨਾ ਚਾਹੀਦਾ ਸੀ। ਮੈਂ ਇਹ ਕਿਉਂ ਬੋਲਿਆ? ਇੰਝ ਕਿਉਂ ਸੋਚਿਆ? ਕੀ ਕਾਰਨ ਸਨ ਕਿ ਮੈਂ ਖੁਦ ’ਤੇ ਕਾਬੂ ਨਹੀਂ ਪਾ ਸਕਿਆ? ਮੈਂ ਜਲਦਬਾਜ਼ੀ ਕਿਉਂ ਕੀਤੀ?
ਬੰਦੇ ਦੇ ਮਨ ਖ਼ਾਬਾਂ, ਖ਼ਿਆਲਾਂ, ਖਬਤਾਂ, ਖਲਬਲੀ, ਖਿੱਚੋਤਾਣ ਅਤੇ ਖ਼ੁਦਗਰਜੀ ਨਾਲ ਭਰਿਆ ਹੈ। ਪਤਾ ਨਹੀਂ ਕਿਹੜੇ ਵਕਤ ਕੀ ਸੋਚਦਾ ਹੈ, ਕੀ ਕਿਆਸਦਾ ਹੈ ਅਤੇ ਕੀ ਕਰ ਬੈਠਦਾ ਹੈ? ਕਈ ਵਾਰ ਤਾਂ ਕੋਝੀਆਂ ਹਰਕਤਾਂ ਕਰਨ ਤੋਂ ਬਾਅਦ ਸੋਚਦਾ ਹੈ ਕਿ ਮੈਂ ਇਹ ਕਿਉਂ ਕੀਤਾ?
ਬੰਦਾ ਅਕਸਰ ਕਮੀਨਗੀਆਂ, ਕਮੀਆਂ, ਕੂੜ ਅਤੇ ਕੁਲਹਿਣੇ ਵਕਤਾਂ ਦਾ ਗੁਲਾਮ ਬਣਿਆ ਰਹਿੰਦਾ ਹੈ। ਉਸਨੂੰ ਇਹ ਤਾਂ ਪਤਾ ਹੀ ਨਹੀਂ ਲਗਦਾ ਕਿ ਸਰੀਰਕ ਗੁਲਾਮੀ ਨਾਲੋਂ ਮਾਨਸਿਕ ਗੁਲਾਮੀ ਬਹੁਤ ਖ਼ਤਰਨਾਕ ਹੈ। ਅਸੀਂ ਸਾਰੇ ਇਸ ਮਾਨਸਿਕ ਗੁਲਾਮੀ ਦਾ ਘੱਟ ਜਾਂ ਵੱਧ ਸ਼ਿਕਾਰ ਕਿਉਂ ਹਾਂ? ਜਦੋਂ ਬੰਦਾ ਖ਼ੁਦ ਸੋਚਣ ਦੀ ਬਜਾਏ ਕਿਸੇ ਦੀ ਸੋਚ ਅਨੁਸਾਰ ਖ਼ੁਦ ਦੀਆਂ ਤਰਜੀਹਾਂ ਨਿਰਧਾਰਤ ਕਰਨ ਲੱਗ ਪਵੇ ਤਾਂ ਫਿਰ ਉਸਨੂੰ ਆਪਣੇ ਰਾਹ ਖੁਦ ਸਿਰਜਣ ਦਾ ਵੱਲ ਕਿੰਝ ਆਵੇ?
ਕਈ ਵਾਰ ਬੰਦਾ ਇਹ ਸੋਚਦਾ ਹੈ ਕਿ ਫਲਾਣਾ ਵਿਅਕਤੀ ਬੜੀ ਜਲਦੀ ਅਮੀਰ ਹੋ ਗਿਆ ਹੈ, ਮੈਂ ਕਿਉਂ ਨਹੀਂ ਉਸ ਵਾਂਗ ਅਮੀਰ ਹੁੰਦਾ? ਪਰ ਇਹ ਸਮਝਣ ਤੋਂ ਆਕੀ ਹੁੰਦਾ ਹੈ ਕਿ ਉਸ ਵਿਅਕਤੀ ਨੇ ਕਿਹੜੀਆਂ ਜਾਇਜ਼ ਜਾਂ ਨਾਜਾਇਜ਼ ਤਰਕੀਬਾਂ ਵਰਤੀਆਂ? ਕੀ ਉਹ ਵੀ ਅਜਿਹੀ ਵਰਤਾਰੇ ਵਿੱਚੋਂ ਅਮੀਰੀ ਭਾਲਦਾ ਹੈ? ਬੰਦਿਆ! ਕਦੇ ਸੋਚੀਂ ਕਿ ਤੂੰ ਜਿਹੜੀਆਂ ਲਾਸ਼ਾਂ ਨੂੰ ਨੀਹਾਂ ਹੇਠ ਦੱਬ ਕੇ ਮਹਿਲ-ਮੁਨਾਰੇ ਖੜ੍ਹੇ ਕੀਤੇ ਹਨ, ਜਦੋਂ ਇਹ ਲਾਸ਼ਾਂ ਬੋਲ ਪਈਆਂ ਤਾਂ ਇਨ੍ਹਾਂ ਨੇ ਮਹਿਲਾਂ ਨੂੰ ਤਹਿਸ-ਨਹਿਸ ਕਰਨ ਲੱਗਿਆਂ ਪਲ ਵੀ ਨਹੀਂ ਲਾਉਣਾ?
ਕਈ ਵਾਰ ਬੰਦੇ ਦਾ ਅਫਲਾਤੂਨੀ ਮਨ ਸੋਚਦਾ ਹੈ ਕਿ ਮੈਂ ਫਲਾਣੇ ਲੇਖਕ, ਕਲਾਕਾਰ ਵਾਂਗ ਮਹਾਨ ਹਸਤੀ ਬਣਾ, ਮਸ਼ਹੂਰ ਹੋਵਾਂ। ਪਰ ਉਸਨੂੰ ਇਹ ਸਮਝ ਕੌਣ ਦੇਵੇ ਕਿ ਕੋਈ ਵੀ ਸ਼ੋਹਰਤ ਇੱਕ ਦਿਨ ਵਿੱਚ ਨਹੀਂ ਕਮਾਈ ਜਾਂਦੀ, ਉਮਰਾਂ ਲੱਗ ਜਾਂਦੀਆਂ ਹਨ ਕਿਸੇ ਮੁਕਾਮ ’ਤੇ ਪਹੁੰਚਣ ਲਈ। ਵੈਸੇ ਇਹ ਵੀ ਕੇਹਾ ਹਾਸੋਹੀਣਾ ਵਰਤਾਰਾ ਕਿ ਕਈ ਵਾਰ ਬੰਦਾ ਕਿਸੇ ਨੂੰ ਵਕਾਰੀ ਇਨਾਮ ਮਿਲਣ ’ਤੇ ਤਿਲਮਿਲਾਉਂਦਾ ਹੈ। ਆਖਰ ਨੂੰ ਉਸਦਾ ਇਨਾਮ ਝਪਟਣ ਤੀਕ ਵੀ ਨੀਵਾਂ ਗਿਰਨ ਲੱਗਿਆਂ ਸ਼ਰਮਿੰਦਗੀ ਮਹਿਸੂਸ ਨਹੀਂ ਕਰਦਾ। ਬੰਦੇ ਦੀ ਫਿਤਰਤ ਜੁ ਹੋਈ ਸਭ ਕੁਝ ਹੜੱਪ ਕਰ ਲੈਣ ਦੀ।
ਬੰਦਾ ਸੋਚਦਾ ਹੈ ਕਿ ਮੈਂ ਸਟੇਜ ’ਤੇ ਹੋਵਾਂ। ਹਰ ਸਰੋਤਾ ਬੜੇ ਧਿਆਨ ਨਾਲ ਮੈਂਨੂੰ ਸੁਣੇ। ਤਾੜੀਆਂ ਵੱਜਣ ਅਤੇ ਮੇਰੀ ਬੱਲੇ ਬੱਲੇ ਹੋਵੇ। ਪਰ ਇਸ ਲਈ ਕੀ ਜ਼ਰੂਰੀ ਹੈ, ਇਸ ਬਾਰੇ ਤਾਂ ਕਦੇ ਸੋਚਦਾ ਹੀ ਨਹੀਂ ਕਿ ਲੋਕਾਂ ਨੂੰ ਸੰਬੋਧਨ ਕਿੰਝ ਕਰਨਾ ਹੈ? ਕੀ ਉਸਦੇ ਬੋਲਾਂ ਵਿੱਚ ਸਹਿਜਤਾ ਅਤੇ ਸਿਆਣਪ ਹੈ? ਕੀ ਉਸਦੇ ਮੁਖਾਰਬਿੰਦ ਤੋਂ ਫੁੱਲ ਕਿਰਦੇ ਹਨ? ਕੀ ਉਸਦੇ ਬੋਲਾਂ ਵਿੱਚ ਮਿਠਾਸ ਹੈ? ਕੀ ਉਸਨੂੰ ਬੋਲਣ ਦੀ ਤਮੀਜ਼ ਵੀ ਹੈ ਕਿ ਕਿੱਥੇ ਕੀ ਬੋਲਣਾ, ਕਿੰਝ ਬੋਲਣਾ, ਕਿੰਨਾ ਬੋਲਣਾ ਅਤੇ ਕਿਹੜੇ ਪਾਠਕ ਵਰਗ ਨੂੰ ਮੁਖਾਤਬ ਹੋ ਰਹੇ ਹੋ, ਜਾਂ ਸਰੋਤੇ ਤੁਹਾਥੋਂ ਕੀ ਸੁਣਨਾ ਪਾਸੰਦ ਕਰਦੇ ਹਨ?
ਕਈ ਵਾਰ ਤਾਂ ਇੰਝ ਵੀ ਹੁੰਦਾ ਕਿ ਘੱਸੀਆਂ ਪਿੱਟੀਆਂ ਗੱਲਾਂ ਨੂੰ ਦੁਹਰਾਉਣ ਵਾਲਾ ਵਿਅਕਤੀ ਤਿਲਮਿਲਾ ਕੇ ਰਹਿ ਜਾਂਦਾ ਕਿ ਮੇਰੇ ਬੋਲ ਅਸਰ-ਅੰਦਾਜ਼ ਕਿਉਂ ਨਹੀਂ ਹੁੰਦੇ। ਸ਼ਾਇਦ ਉਸਨੂੰ ਇਹ ਗਿਆਨ ਹੀ ਨਹੀਂ ਹੁੰਦਾ ਕਿ ਲੋਕ ਕੁਝ ਨਵਾਂ, ਨਵੇਕਲਾ, ਲੀਕ ਤੋਂ ਹਟ ਕੇ, ਨਵੇਂ ਸਰੋਕਾਰਾਂ ਅਤੇ ਸੰਵੇਦਨਾਵਾਂ ਬਾਰੇ ਸੁਣਨ ਦੇ ਇੱਛਕ ਹੁੰਦੇ ਹਨ, ਪੁਰਾਣੀਆਂ ਦਲੀਲਾਂ, ਤਰਕ ਅਤੇ ਉਦਾਹਰਨਾਂ ਵਿੱਚੋਂ ਨਵੇਂ ਅਰਥ ਨਹੀਂ ਸਿਰਜ ਸਕਦੇ। ਕੁਝ ਤਾਂ ਖ਼ੁਦ ਨੂੰ ਵੀ ਸਿਰਜਣਾ ਪੈਣਾ।
ਬੰਦਾ ਇਹ ਵੀ ਅਕਸਰ ਸੋਚਦਾ ਕਿ ਮੈਂ ਫਸਲ ਬੀਜੀ ਪਰ ਮੇਰੇ ਖੇਤ ਵਿੱਚ ਫਸਲ ਉਂਝ ਨਹੀਂ ਲਹਿਰਾਉਂਦੀ ਜਿਵੇਂ ਗਵਾਂਢੀ ਦੀ ਹਰੀ ਭਰੀ ਹੈ। ਪਰ ਉਹ ਇਹ ਸਮਝਣ ਤੋਂ ਅਸਮਰੱਥ ਹੁੰਦਾ ਹੈ ਕਿ ਪੁੱਤਾਂ ਵਾਂਗ ਫਸਲਾਂ ਨੂੰ ਪਾਲਣ ਵਾਲਿਆਂ ਦੇ ਖੇਤਾਂ ਵਿੱਚ ਬੋਹਲ ਉੱਗਦੇ ਹਨ, ਜਦੋਂ ਕਿ ਫਸਲਾਂ ਦੀ ਬਿਗਾਨਿਆਂ ਵਾਂਗ ਓਪਰੀ ਨਜ਼ਰ ਨਾਲ ਦੇਖਭਾਲ ਕਰਨ ਵਾਲਿਆਂ ਦੇ ਹਿੱਸੇ ਸਿਰਫ ਮਾਯੂਸੀ ਹੀ ਆਵੇਗੀ।
ਕੁਝ ਬੰਦੇ ਤਾਂ ਸੋਚਣ ਵਿੱਚ ਹੀ ਆਪਣੀ ਉਮਰ ਗਵਾ ਲੈਂਦੇ ਕਿਉਂਕਿ ਉਨ੍ਹਾਂ ਨੂੰ ਇਹ ਯਾਦ ਹੀ ਨਹੀਂ ਰਹਿੰਦਾ ਕਿ ਸੋਚਣ ਨਾਲੋਂ ਕੁਝ ਕਰਨਾ, ਮੱਤਾਂ ’ਤੇ ਅਮਲ ਕਰਨਾ ਅਤੇ ਉਸਾਰੂ ਬਿਰਤੀਆਂ ਨੂੰ ਆਪਣੀ ਕਰਮ-ਸ਼ੈਲੀ ਵਿੱਚ ਲਿਆਉਣਾ ਹੀ ਦਰਅਸਲ ਸ਼ੁਭ-ਕਰਮਨ ਲਈ ਸ਼ੁਭ ਅਰੰਭ ਹੁੰਦਾ ਹੈ, ਵਰਨਾ ‘ਸੋਚੈ ਸੋਚਿ ਨ ਹੋਵਈ ਜੇ ਸੋਚੀ ਲੱਖ ਵਾਰ’ ਵਰਗੀ ਸਥਿਤੀ ਬੰਦੇ ਦੀ ਬਣੀ ਰਹਿੰਦੀ ਹੈ ਤਾਅ-ਉਮਰ।
ਬੰਦਾ ਸੋਚਦਾ ਹੈ ਮੈਂ ਰਾਜਾ ਹੋਵਾਂ ਤਾਂ ਤਖ਼ਤ ’ਤੇ ਬਹਿ ਕੇ ਹੁਕਮ ਚਲਾਵਾਂ। ਮਨਮਰਜ਼ੀ ਦਾ ਰਾਜ ਚਲਾਵਾਂ। ਜੋ ਚਾਹਵਾਂ ਸੋ ਪਾਵਾਂ। ਨਾ ਕੋਈ ਮੈਨੂੰ ਪੁੱਛਣ ਵਾਲਾ ਹੋਵੇ, ਨਾ ਕੋਈ ਜ਼ਿੰਮੇਵਾਰੀ, ਖਲਕਤ ਮੇਰੇ ਸਾਹਵੇਂ ਕਰੇ ਤਾਬਿਆਦਾਰੀ। ਕੋਈ ਨਾ ਮੈਂਨੂੰ ਹਟਕੇ। ਮੈਂ ਹੀ ਮੈਂ ਦਾ ਰਾਗ ਸੁਣਾ ਤੇ ਮੈਂ ਹੀ ਮੈਂ ਅਲਾਪਾਂ। ਮੈਂ ਹੀ ਮੈਂ ਨਾਲ ਖੁਦ ਨੂੰ ਪੂਜਾਂ ਤੇ ਖੁਦਾ ਦਾ ਰੂਪ ਹੀ ਜਾਪਾਂ। ਪਰ ਬੰਦਾ ਭੁੱਲ ਹੀ ਜਾਂਦਾ ਕਿ ਸੋਚਣ ਨਾਲੋਂ ਕਰਨਾ ਚੰਗਾ ਅਤੇ ਬਹਿਣ ਨਾਲੋਂ ਤੁਰਨਾ। ਦੇਖਣ ਦੇ ਨਾਲ ਕੁਝ ਨਹੀਂ ਹੁੰਦਾ, ਪੈਂਦਾ ਹੈ ਹਰ ਪਲ ਕੁਝ ਨਾ ਕੁਝ ਭੁਰਨਾ।
ਕਈ ਵਾਰ ਮਾਵਾਂ ਸੋਚਦੀਆਂ ਹਨ ਕਿ ਮੇਰਾ ਪੁੱਤ ਤਾਂ ਮੁਲਕਾਂ ਦਾ ਰਾਜਾ ਬਣੇਗਾ। ਪਰ ਉਸਦੀ ਪਰਿਵਰਸ਼ ਵੱਲ ਧਿਆਨ ਦੇਣ ਦੀ ਬਜਾਏ, ਉਸਦੀ ਸੋਚ ਵਿੱਚ ਕੁਝ ਚੰਗੇਰਾ ਬਣਨ ਦੀ ਤਮੰਨਾ ਪੈਦਾ ਕਰਨ ਜਾਂ ਉਸਨੂੰ ਸੁਪਨਾ ਦੇਣ ਦੀ ਜ਼ਹਿਮਤ ਹੀ ਨਹੀਂ ਕਰਦੀਆਂ। ਤਦ ਵੱਡਾ ਹੋ ਕੇ ਪੁੱਤ ਨੇ ਰਾਜਾ ਨਹੀਂ ਸਗੋਂ ਨੌਕਰ ਹੀ ਬਣਨਾ ਹੈ। ਅਮੀਰ ਨਹੀਂ ਸਗੋਂ ਕੰਗਾਲ। ਭੋਲੀਆਂ ਮਾਵਾਂ ਦੇ ਦਾਈਏ ਦੀ ਪੂਰਨਤਾ ਤਾਂ ਪੁੱਤ ਦੇ ਸੁਪਨੇ, ਉੱਦਮ, ਹਿੰਮਤ, ਹੌਸਲੇ, ਸਿਰੜ ਅਤੇ ਸਾਧਨਾਂ ਨੇ ਕਰਨੀ ਹੁੰਦੀ ਹੈ ਜਿਸਦੀ ਗੁੜ੍ਹਤੀ ਮਾਵਾਂ ਨੇ ਦਿੱਤੀ ਹੀ ਨਹੀਂ ਹੁੰਦੀ।
ਬੰਦਾ ਜੋ ਮਰਜ਼ੀ ਖ਼ਿਆਲੀ ਖ਼ਾਬ ਲੈਂਦਾ ਰਹੇ ਪਰ ਬਣਨਾ ਉਸਨੇ ਉਹੀ ਹੁੰਦਾ ਹੈ, ਜਿਸਦੇ ਉਹ ਯੋਗ ਹੁੰਦਾ ਹੈ। ਸ਼ੁਹਰਤ ਜਾਂ ਬਦਨਾਮੀ ਬੰਦੇ ਦੀ ਕਾਰਜ-ਸ਼ੈਲੀ ਅਤੇ ਆਦਤਾਂ ’ਤੇ ਨਿਰਭਰ ਹੁੰਦੀ ਹੈ।
ਬੰਦਾ ਸੁਪਨੇ ਬਹੁਤ ਲੈਂਦਾ ਹੈ ਪਰ ਸੁਪਨਿਆਂ ਦੇ ਸੱਚ ਲਈ ਬੰਦੇ ਨੂੰ ਹੀ ਜੱਦੋਜਹਿਦ ਕਰਨੀ ਪੈਣੀ ਹੈ। ਆਪਣੇ ਮਨ ਵਿੱਚ ਤਰਕੀਬਾਂ ਪੈਦਾ ਕਰਨੀਆਂ ਪੈਣੀਆਂ ਹਨ, ਤਰਜੀਹਾਂ ਸਿਰਜਣੀਆਂ ਪੈਣੀਆਂ ਹਨ ਅਤੇ ਫਿਰ ਇਨ੍ਹਾਂ ਤਰਜੀਹਾਂ ’ਤੇ ਪਹਿਰਾ ਦਿੰਦਿਆਂ ਖੁਦ ਨੂੰ ਮਿਹਨਤ ਦੀ ਭੱਠੀ ਵਿੱਚ ਝੋਕ ਕੇ ਕੁਝ ਅਜ਼ੀਮ ਪ੍ਰਾਪਤੀਆਂ ਦਾ ਫਲ ਮਿਲਦਾ ਹੈ। ਕੁਝ ਨਹੀਂ ਮਿਹਨਤ ਬਿਨਾਂ ਮਿਲਦਾ। ਤੁਰਦਿਆਂ ਹੀ ਸਫਰ ਮੁੱਕਦਾ ਹੈ। ਮੰਜ਼ਲਾਂ ਦਾ ਸਿਰਨਾਵਾਂ ਮੱਥਿਆਂ ਵਿੱਚ ਹੋਵੇ ਤਾਂ ਮੰਜ਼ਲ ਪ੍ਰਾਪਤੀ ਬਹੁਤ ਸਹਿਜੇ ਮਿਲ ਜਾਂਦੀ ਹੈ।
ਵੱਡੀਆਂ ਪ੍ਰਾਪਤੀਆਂ ਲਈ ਉਚੇਰੇ ਸੁਪਨੇ ਲੈਣੇ ਜ਼ਰੂਰੀ ਹਨ। ਇਹ ਸੁਪਨੇ ਹਰ ਪਲ ਮਨ ਵਿੱਚ ਖ਼ਲਬਲੀ ਪੈਦਾ ਕਰਦੇ ਰਹਿਣ ਅਤੇ ਬੰਦੇ ਦਾ ਟੀਚਾ ਸਪਸ਼ਟ ਹੋਵੇ, ਨੀਅਤ ਸਾਫ ਹੋਵੇ, ਉਸਨੂੰ ਮਿਹਨਤ ਕਰਨ ਦਾ ਵੱਲ ਹੋਵੇ ਤਾਂ ਸਾਰੀਆਂ ਨਿਆਮਤਾਂ ਬੰਦੇ ਦੀ ਝੋਲੀ ਪੈਂਦੀਆਂ ਹਨ।
ਬੰਦਾ ਸੋਚਦਾ ਹੈ ਮੇਰੇ ਰਾਹਾਂ ਨੂੰ ਮੰਜ਼ਲ ਮਿਲੇ। ਮੇਰੀਆਂ ਤਮੰਨਾਵਾਂ ਦੀ ਤ੍ਰਿਪਤੀ ਹੋਵੇ। ਮੇਰੀਆਂ ਭਾਵਨਾਵਾਂ ਨੂੰ ਹਾਸਲਤਾ ਮਿਲੇ। ਮੇਰੀ ਭਟਕਣ ਨੂੰ ਸਹਿਜ ਮਿਲੇ। ਮੇਰੀ ਦੌੜ ਨੂੰ ਵਿਰਾਮ ਮਿਲੇ। ਮੇਰੀਆਂ ਤਰਜੀਹਾਂ ਨੂੰ ਸਮਰਪਣ ਮਿਲੇ। ਮੇਰੇ ਅੱਖਰਾਂ ਨੂੰ ਸ਼ਬਦ ਮਿਲਣ। ਮੇਰੇ ਸ਼ਬਦਾਂ ਵਿੱਚ ਅਰਥਾਂ ਦੇ ਚਿਰਾਗ ਜਗਣ। ਮੇਰੀਆਂ ਲਿਖਤਾਂ ਵਿੱਚੋਂ ਸੱਚ ਉਦੈ ਹੋਵੇ। ਮੇਰੀ ਕਲਮ ਨੂੰ ਹਰਫ਼ਾਂ ਦਾ ਵਰਦਾਨ ਮਿਲੇ। ਪਰ ਇਹ ਸਭ ਕੁਝ ਆਪਣੇ ਆਪ ਨਹੀਂ ਹੋਣਾ, ਇਸ ਲਈ ਖ਼ੁਦ ਹੰਭਲਾ ਮਾਰਨਾ ਪੈਣਾ ਹੈ, ਕੁਝ ਉੱਦਮ ਕਰਨਾ ਪੈਣਾ ਹੈ। ਕਲਮ ਚੁੱਕਣੀ ਪੈਣੀ ਹੈ, ਬੰਦ ਕਿਤਾਬ ਵਿਚਲੇ ਹਰਫ਼ਾਂ ਨੂੰ ਜਗਾਉਣਾ ਪੈਣਾ ਹੈ। ਦਿਲ-ਦਿਮਾਗ ਨੂੰ ਚੰਗੇ ਆਹਰੇ ਲਾਉਣਾ ਪੈਣਾ ਹੈ ਅਤੇ ਖੁਦ ਨੂੰ ਅਮਲਾਂ ਦੇ ਰਾਹ ਪਾਉਣਾ ਪੈਣਾ ਹੈ, ਤਾਂ ਹੀ ਬੰਦਾ ਮਨ ਚਾਹੀ ਪ੍ਰਾਪਤੀ ਦੀ ਆਸ ਰੱਖ ਸਕਦਾ ਹੈ।
ਕਈ ਵਾਰ ਤਾਂ ਆਸ ਵੀ ਨਿਰਾਸ ਕਰਦੀ ਹੈ ਪਰ ਨਿਰਾਸਤਾ ਵਿੱਚੋਂ ਆਸ ਨੂੰ ਦੇਖਣਾ ਹੈ, ਅਸਫ਼ਲਤਾ ਵਿੱਚੋਂ ਸਫਲਤਾ ਨੂੰ ਕਿਆਸਣਾ ਹੈ। ਟੋਇਆਂ-ਟਿੱਬਿਆਂ ਵਿੱਚੋਂ ਆਪਣੀਆਂ ਪੈੜਾਂ ਦੇ ਨਿਸ਼ਾਨ ਸਿਰਜਣ ਵਾਲੇ ਹੀ ਨਵੇਂ ਰਾਹਾਂ ਦੇ ਪਾਂਧੀ ਹੁੰਦੇ ਹਨ। ਬੰਦਿਆ! ਸੋਚ ਜ਼ਰੂਰ ਪਰ ਸੋਚਦਾ ਹੀ ਨਾ ਰਹੀਂ। ਉੱਠ, ਆਲਸ ਦੀ ਲੋਈ ਲਾਹ, ਕਦਮਾਂ ਵਿੱਚ ਪੈਂਡਾ ਉਗਾ, ਤੇਰੀ ਮੰਜ਼ਲ ਤੈਂਨੂੰ ਉਡੀਕ ਰਹੀ ਹੈ, ਤੇਰਾ ਰਾਹ ਤੱਕਦੀ ਹੈ, ਉਸਨੂੰ ਨਿਰਾਸ ਨਾ ਕਰੀਂ। ’ਕੇਰਾਂ ਉਹ ਹਤਾਸ਼ ਹੋ ਗਈ ਤਾਂ ਖਾਲੀ ਹੱਥਾਂ ਵਿੱਚ ਉੱਕਰੀ ਤੇਰੀ ਨਿਮੋਝੂਣਤਾ ਨੇ ਤੈਂਨੂੰ ਹੀ ਹਜ਼ਮ ਕਰ ਜਾਣਾ ਹੈ।
ਕਈ ਵਾਰ ਬੰਦਾ ਸੋਚਦਾ ਹੈ ਕਿ ਜੇ ਇੰਜ ਹੋ ਜਾਂਦਾ ਤਾਂ ਮੇਰੇ ਲਈ ਸਭ ਕੁਝ ਅਸਾਨ ਹੋ ਜਾਂਦਾ। ਪਰ ਇਹ ‘ਜੇ’ ਹੀ ਹੁੰਦੀ ਹੈ ਜਿਸਦੀਆਂ ਮੁਹਾਰਾਂ ਮੋੜਨ ਅਤੇ ਇਸਨੂੰ ਆਪਣੇ ਹਿਤ ਵਿੱਚ ਭੁਗਤਾਉਣ ਵਾਲਿਆਂ ਨੂੰ ਹੀ ਦਰਅਸਲ ਕੁਝ ਪ੍ਰਾਪਤੀ ਹੁੰਦਾ ਹੈ। ‘ਜੇ’ ਵਿੱਚ ਝੂਰਦੇ ਰਹਿਣ ਵਾਲੇ ਸਿਰਫ ‘ਜੇ’ ਵਿੱਚੋਂ ਜ਼ਿੱਲਤ, ਜਹੰਨਮ, ਜ਼ਹਾਲਾਤ ਅਤੇ ਜ਼ਰਜ਼ਰੀ ਜਿਹੀ ਜ਼ਿੰਦਗੀ ਦੇ ਖੋਖ਼ਲੇ ਅਹਿਸਾਸ ਦਾ ਭਰਮ ਪਾਲਦੇ ਹਨ।
ਕਈ ਵਾਰ ਤਾਂ ਬੰਦਾ ਇਹ ਵੀ ਸੋਚਦਾ ਕਿ ਜੇ ਸਮੇਂ ਸਿਰ ਮੈਂ ਸਹੀ ਫੈਸਲਾ ਕਰ ਲੈਂਦਾ ਤਾਂ ਗਲਤ ਰਾਹਾਂ ’ਤੇ ਜਾਣ ਤੋਂ ਬਚ ਜਾਂਦਾ। ਪਰ ਇਹੀ ਤਾਂ ਬੰਦੇ ਦੇ ਮਨ ਦੀ ਤਰਾਸਦੀ ਕਿ ਜੀਵਨ-ਰਾਹ ਦੇ ਚੌਰਾਹੇ ਵਿੱਚ ਕੀਤੀ ਹੋਈ ਕੁਤਾਹੀ ਤੁਹਾਡੀ ਸਮੁੱਚੀ ਜ਼ਿੰਦਗੀ ਨੂੰ ਗਲਤ ਮੋੜ ਦੇ ਸਕਦੀ ਹੈ। ਪਰ ਫਿਰ ਵੀ ਜੇਕਰ ਆਪਣੀ ਗਲਤੀ ਨੂੰ ਮੰਨ ਕੇ ਸਹੀ ਮੋੜ ਕੱਟ ਲਈਏ ਤਾਂ ਗਲਤੀ ਦਾ ਸੁਧਾਰ ਹੋ ਜਾਂਦਾ ਹੈ ਅਤੇ ਬੰਦਾ ਦੇਰ-ਸਵੇਰ ਮੰਜ਼ਿਲ ’ਤੇ ਪਹੁੰਚ ਹੀ ਜਾਂਦਾ ਹੈ। ਪਰ ਜੇ ਬੰਦਾ ਗਲਤੀ ਕਰਕੇ ਵੀ ਗਲਤੀ ਨਹੀਂ ਮੰਨਦਾ, ਉਸਦੇ ਮਨ ਵਿੱਚ ਭੋਰਾ ਵੀ ਪਛਤਾਵਾ ਨਹੀਂ ਤਾਂ ਫਿਰ ਬੰਦੇ ਦੇ ਪੱਲੇ ਨਿਰਾਸ਼ਾ ਹੀ ਪੈਣੀ ਹੁੰਦੀ ਹੈ। ਭਾਵੇਂ ਬੰਦਾ ਕਿੰਨੇ ਵੀ ਵੱਡੇ ਦਾਈਏ ਕਰੀ ਜਾਵੇ, ਅਸਲੀਅਤ ਨੇ ਜੱਗ-ਜ਼ਾਹਰ ਹੋ ਹੀ ਜਾਣਾ ਹੁੰਦਾ ਹੈ।
ਬੰਦਾ ਸੋਚਦਾ ਹੈ ਜੇ ਮੇਰੇ ਰਾਹਾਂ ਵਿੱਚ ਕੰਡੇ ਨਾ ਹੁੰਦੇ, ਮੇਰੇ ਮਨ ਵਿੱਚ ਲੋੜਾਂ ਅਤੇ ਥੋੜਾਂ ਦਾ ਬੋਝ ਨਾ ਹੁੰਦਾ। ਮੈਂਨੂੰ ਪਰਿਵਾਰਕ ਤੰਗੀਆਂ ਤੁਰਸ਼ੀਆਂ ਨਾਲ ਯੁੱਧ ਨਾ ਕਰਨਾ ਪੈਂਦਾ। ਮੈਂਨੂੰ ਦੀਵੇ ਵਿੱਚ ਮੁੱਕ ਰਹੇ ਤੇਲ ਦੀ ਚਿੰਤਾ ਨਾ ਹੁੰਦੀ। ਮੈਂਨੂੰ ਬਾਪ ਨਾਲ ਖੇਤੀ ਦੇ ਕੰਮ ਨਾ ਕਰਵਾਉਣੇ ਪੈਂਦੇ ਜਾਂ ਮੈਂਨੂੰ ਦਿਨ ਭਰ ਖੇਤਾਂ ਵਿੱਚ ਬਾਪ ਨਾਲ ਹੱਥ ਨਾ ਵਟਾਉਣਾ ਪੈਂਦਾ ਤਾਂ ਸ਼ਾਇਦ ਮੇਰੀਆਂ ਪ੍ਰਾਪਤੀਆਂ ਹੋਰ ਵੱਡੀਆਂ ਹੁੰਦੀਆਂ। ਪਰ ਬੰਦਾ ਇਹ ਭੁੱਲ ਹੀ ਜਾਂਦਾ ਹੈ ਕਿ ਜਿਸਨੇ ਔਕੜਾਂ ਨਾਲ ਮੱਥਾ ਲਾ ਕੇ ਆਪਣੇ ਪੈਰਾਂ ਹੇਠਲੀ ਧਰਤੀ ਲੱਭ ਲਈ, ਆਪਣੇ ਸਿਰ ਉੱਪਰਲੇ ਅੰਬਰ ਦੀ ਨਿਸ਼ਾਨਦੇਹੀ ਕਰ ਲਈ, ਜਿਸਨੇ ਜ਼ਿੰਦਗੀ ਨਾਲ ਖਹਿ ਕੇ ਇਸਦੇ ਸੱਚ ਨੂੰ ਨਿੱਠ ਕੇ ਦੇਖਿਆ ਅਤੇ ਹੰਢਾਇਆ ਹੈ, ਉਸਨੇ ਹੀ ਜੀਵਨ ਨੂੰ ਹੀਰਾ ਬਣਾਇਆ ਹੈ। ਜੀਵਨ ਦੇ ਸੱਚ ਤੋਂ ਅਣਗੌਲੇ ਲੋਕ ਭਰਮ ਭੁਲੇਖਿਆਂ ਵਿੱਚ ਹੀ ਜ਼ਿੰਦਗੀ ਗਵਾ ਦਿੰਦੇ ਹਨ। ਜਦੋਂ ਉਨ੍ਹਾਂ ਦਾ ਸਾਹਮਣਾ ਜੀਵਨੀ ਤਲਖੀਆਂ ਅਤੇ ਕੁੜੱਤਣਾਂ ਨਾਲ ਪੈਂਦਾ ਤਾਂ ਉਹ ਬੜੀ ਜਲਦੀ ਥਿੱੜਕ ਜਾਂਦੇ ਹਨ ਅਤੇ ਉਨ੍ਹਾਂ ਦੇ ਪੈਰਾਂ ਹੇਠਲੀ ਜਮੀਨ ਖਿਸਕ ਜਾਂਦੀ ਹੈ। ਸਾਬਤ ਕਦਮੀ ਨਾਲ ਆਪਣੇ ਰਾਹ ਸਿਰਜਣ ਵਾਲੇ ਅਤੇ ਹਰ ਮੁਸ਼ਕਿਲ ਵਿੱਚੋਂ ਸਾਬਤ ਨਿਕਲਣ ਵਾਲੇ ਹੀ ਜੀਵਨ-ਰਾਹਾਂ ਦੇ ਮਾਰਗ-ਦਰਸ਼ਕ ਹੁੰਦੇ ਹਨ। ਉਹ ਤਵਾਰੀਖ਼ ਨੂੰ ਨਵੀਂ ਦਸ਼ਾ ਤੇ ਦਿਸ਼ਾ ਦਿੰਦੇ ਹਨ। ਦਰਅਸਲ ਬੰਦੇ ਨੇ ਡਾ. ਅਬਦੁਲ ਕਲਾਮ, ਅਬਰਾਹਮ ਲਿੰਕਨ, ਨੈਲਸਨ ਮੰਡੇਲਾ ਵਰਗੇ ਮਹਾਨ ਵਿਅਕਤੀਆਂ ਦੀਆਂ ਜੀਵਨੀਆਂ ਦਾ ਤੱਥ ਸਾਰ ਤਾਂ ਜਾਣਿਆ ਹੀ ਨਹੀਂ ਹੁੰਦਾ। ਸੋਨੇ ਦਾ ਚਮਚਾ ਮੂੰਹ ਵਿੱਚ ਰੱਖਣ ਵਾਲੇ ਲੋਕ ਕਿੰਝ ਸਮਝ ਸਕਦੇ ਹਨ ਕਿ ਬੇਹਾ ਟੁੱਕਰ ਖਾਣ ਵਾਲੇ ਕਿੰਝ ਆਪਣੇ ਮੱਥਿਆਂ ’ਤੇ ਮੰਜ਼ਿਲਾਂ ਦਾ ਸਿਰਨਾਵੇਂ ਉਕਰਾਉਂਦੇ ਹਨ।
ਬੰਦਾ ਬਹੁਤੀ ਵਾਰ ਅਣਭੋਲ ਹੋ ਜਾਂਦਾ ਹੈ। ਉਹ ਸੋਚਦਾ ਹੈ ਕਿ ਜਿਵੇਂ ਮੈਂ ਸੋਚਦਾ ਹਾਂ, ਸ਼ਾਇਦ ਇੰਜ ਹੀ ਹੋਵੇ। ਜਿਵੇਂ ਮੈਂ ਚਾਹੁੰਦਾ ਹਾਂ, ਇੰਝ ਹੀ ਹੋਵੇ। ਜਿਵੇਂ ਮੇਰਾ ਮਸਕਦ ਹੈ, ਇਹ ਹੀ ਪੂਰਾ ਹੋਵੇ। ਪਰ ਉਹ ਇਹ ਸਮਝਣ ਤੋਂ ਅਸਮਰੱਥ ਹੋ ਜਾਂਦਾ ਹੈ ਕਿ ਸੋਚਣ ਅਤੇ ਹੋਣ ਵਿੱਚ ਬਹੁਤ ਵੱਡਾ ਫ਼ਾਸਲਾ ਹੈ। ਇਸ ਦੂਰੀ ਨੂੰ ਤੈਅ ਕਰਨ ਲਈ, ਇਸ ਫਾਸਲੇ ਨੂੰ ਮਿਟਾਉਣ ਲਓ ਸਮੇਂ ਦਾ ਹਾਣੀ ਹੋਣ ਦੀ ਲੋੜ ਹੈ। ਸੋਚਣ, ਕਰਨ ਅਤੇ ਹੋਣ ਆਦਿ ਪੜਾਵਾਂ ਨੂੰ ਪਾਰ ਕਰਕੇ ਹੀ ਬੰਦਾ ਕੁਝ ਪ੍ਰਾਪਤੀ ਕਰ ਸਕਦਾ ਹੈ।
ਐ ਬੰਦੇ! ਯਾਦ ਰੱਖ ਕਿ ਸਿਰਫ ਸੋਚਣ ਨਾਲ ਕੁਝ ਨਹੀਂ ਹੋਣਾ, ਕੁਝ ਪ੍ਰਾਪਤ ਨਹੀਂ ਹੋਣਾ। ਖ਼ਾਬਾਂ-ਖ਼ਿਆਲਾਂ ਤੋਂ ਬਾਹਰ ਆ, ਸੱਚ ਦਾ ਸਾਹਮਣਾ ਕਰ, ਕੁਝ ਕਰਨ ਦੀ ਹਿੰਮਤ ਜੁਟਾ। ਆਪਣੇ ਹੌਸਲੇ ਅਤੇ ਸਿਰੜ ਨੂੰ ਸਾਥੀ ਬਣਾ। ਔਝੜ ਰਾਹਾਂ ’ਤੇ ਆਪਣੇ ਪੈਰਾਂ ਦੀ ਨਿਸ਼ਾਨਦੇਹੀ ਕਰ। ਇਨ੍ਹਾਂ ਰਾਹਾਂ ਨੂੰ ਪ੍ਰਾਪਤੀਆਂ ਦਾ ਮਾਰਗ ਬਣਾ, ਤੇਰੇ ਸੁਪਨਿਆਂ ਦਾ ਸੱਚ ਤੂੰ ਹੋਵੇਂਗਾ। ਤੇਰਾ ਚੌਗਿਰਦਾ ਦੇਖੇਗਾ ਕਿ ਤੂੰ ਹੀ ਸਾਰੀਆਂ ਪ੍ਰਾਪਤੀਆਂ ਦਾ ਸੱਚ ਅਤੇ ਸਿਰਨਾਵਾਂ ਏਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































