“ਜਦੋਂ ਮੈਂਪਿਛਲਝਾਤੀਮਾਰਦਾਹਾਂਤਾਂਯਾਦਆਉਂਦੇਨੇ 1991 ਤੋਂ 1995 ਤੀਕਦੇਉਹਦਿਨ ਜਦੋਂ ਮੇਰਾਹਰ ...”
(11 ਅਗਸਤ 2024)
ਐੱਮਐੱਸਸੀ ਕਰਦਿਆਂ ਸਾਰ ਮਨ ਵਿੱਚ ਤਾਂਘ ਸੀ ਕਿ ਪੀਐੱਚਡੀ ਕਰਾਂ ਅਤੇ ਬਾਪ ਦੀ ਅੱਖ ਵਿੱਚ ਪ੍ਰੈੱਪ ਵਿੱਚੋਂ ਫੇਲ ਹੋਣ ਦੇ ਹਿਰਖ਼ ਨੂੰ ਸਹਿਲਾਵਾਂ। ਪਰ ਘਰ ਦੇ ਆਰਥਿਕ ਹਾਲਾਤ ਨੂੰ ਧਿਆਨ ਵਿੱਚ ਰੱਖਦਿਆਂ ਪੀਐੱਚਡੀ ਕਰਨ ਦਾ ਵਿਚਾਰ ਤਿਆਗ ਕੇ ਨੌਕਰੀ ਦੀ ਭਾਲ਼ ਵਿੱਚ ਤੁਰ ਪਿਆ, ਭਾਵੇਂ ਕਿ ਐੱਮਐੱਸੀ ਦਾ ਰਿਜ਼ਲਟ ਆਉਣ ’ਤੇ ਡਾ. ਖੁਰਾਨਾ ਨੇ ਜ਼ੋਰ ਲਾਇਆ ਸੀ ਕਿ ਮੈਂ ਪੀਐੱਚਡੀ ਕਰਾਂ।
ਮਨੁੱਖ ਦੀ ਸਫ਼ਲਤਾ ਦਾ ਰਾਜ਼ ਹੀ ਇਸ ਵਿੱਚ ਹੁੰਦਾ ਕਿ ਕੀ ਉਸਦੀ ਸੋਚ ਵਿੱਚ ਨਵੇਂ ਫੁਰਨੇ ਫੁਰਦੇ ਨੇ?ਕੀ ਉਹ ਆਪਣੀਆਂ ਤਮੰਨਾਵਾਂ ਨੂੰ ਸੰਗੋੜਦਾ ਹੈ ਜਾਂ ਫੈਲਾਉਂਦਾ ਹੈ? ਕੀ ਉਹ ਇੱਕ ਮੁਕਾਮ ’ਤੇ ਜਾ ਕੇ ਠਹਿਰ ਜਾਂਦਾ ਹੈ? ਕੀ ਸਾਰੀ ਜ਼ਿੰਦਗੀ ਉਸ ਹੀ ਮੁਕਾਮ ਦੇ ਨਾਮ ਲਾ ਉਮਰ ਦੇ ਪੈਂਡੇ ਨੂੰ ਖੋਟਾ ਕਰ ਜਾਂਦਾ ਹੈ? ਕੀ ਉਸਦੇ ਮਨ ਵਿੱਚ ਲਏ ਹੋਏ ਸੁਪਨੇ ਜਿਉਂਦੇ ਨੇ? ਕੀ ਕਦੇ ਕਦਾਈਂ ਉਹ ਅਧੂਰੇ ਸੁਪਨਿਆਂ ਨੂੰ ਮਿਲਦਾ ਹੈ ਅਤੇ ਉਹਨਾਂ ਦਾ ਸੱਚ ਸਿਰਜਣ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਸਾਣ ’ਤੇ ਲਾਉਂਦਾ ਹੈ? ਕੀ ਉਹ ਨਵੀਂਆਂ ਤਦਬੀਰਾਂ ਨੂੰ ਆਪਣੀ ਤਾਂਘ ਬਣਾਉਂਦਾ ਹੈ? ਕੀ ਉਸ ਨੂੰ ਚੇਤਿਆਂ ਵਿੱਚ ਸੱਜਰੇ ਲੱਗਦੇ ਨੇ ਉਹ ਪਲ, ਜਦੋਂ ਤਿੜਕੇ ਸੁਪਨੇ ਦੀ ਚੀਸ ਸੀਨੇ ਵਿੱਚ ਛੇਕ ਕਰ ਗਈ ਸੀ ਅਤੇ ਇਸਦੀ ਪੀੜਾ ਵਿੱਚ ਉਹ ਖੁ਼ਦ ਵੀ ਪੀੜ-ਪੀੜ ਹੋਇਆ ਸੀ? ਆਪਣੇ ਮਾਪਿਆਂ ਨੂੰ ਵੀ ਪੀੜਾਂ ਵਣਜੀਆਂ ਸਨ? ਕੀ ਉਹ ਨਵੀਂ ਅਤੇ ਉਚੇਰੀ ਪ੍ਰਵਾਜ਼ ਭਰਨ ਲਈ ਤਿਆਰ ਹੈ? ਕੀ ਉਸ ਨੂੰ ਆਪਣੇ ਆਪ ’ਤੇ ਭਰੋਸਾ ਹੈ ਕਿ ਉਹ ਜੀਵਨ ਦੇ ਕਿਸੇ ਵੀ ਪੜਾਅ ਵਿੱਚ ਆਪਣੇ ਸੁਪਨਿਆਂ ਦੀ ਅਪੂਰਤੀ ਨੂੰ ਪੂਰਨਤਾ ਦਾ ਵਰਦਾਨ ਦੇ ਸਕਦਾ ਹੈ?
ਅਸੀਂ ਸਾਰੇ ਸੁਪਨੇ ਲੈਂਦੇ ਹਾਂ ਅਤੇ ਫਿਰ ਸੁਪਨਿਆਂ ਨੂੰ ਭੁੱਲਣ ਦੀ ਆਦਤ ਵੀ ਪਾ ਲੈਂਦੇ ਹਾਂ। ਬਹੁਤੀ ਵਾਰ ਸਾਡੇ ਸੁਪਨਿਆਂ ਦੀ ਤਾਸੀਰ ਅਤੇ ਤਕਦੀਰ ਵੀ ਸਮੇਂ ਨਾਲ ਬਦਲਦੀ ਰਹਿੰਦੀ ਹੈ। ਸਾਨੂੰ ਯਾਦ ਹੀ ਨਹੀਂ ਰਹਿੰਦਾ ਕਿ ਅਸੀਂ ਕਿਸ ਰੁੱਤੇ ਕਿਹੜਾ ਸੁਪਨਾ ਲਿਆ ਸੀ ਅਤੇ ਕਿਹੜੇ ਸੁਪਨੇ ਨੂੰ ਪੂਰਾ ਕਰਨ ਲਈ ਖ਼ੁਦ ਨੂੰ ਅਰਪਿਤ ਕਰਨ ਦਾ ਪ੍ਰਣ ਲਿਆ ਸੀ। ਸਿਰਫ਼ ਕੁਝ ਬੇਹਿੰਮਤੇ ਅਤੇ ਸਿਰੜਹੀਣ ਲੋਕ ਹੁੰਦੇ ਨੇ ਜੋ ਆਪਣੀ ਤਕਦੀਰ ਨੂੰ ਕੋਸਦੇ ਹਨ, ਆਪਣੀਆਂ ਪੈੜਾਂ ਨੂੰ ਗਵਾਚਣ ਦੇ ਰਾਹ ਤੋਰਦੇ ਹਨ ਅਤੇ ਫਿਰ ਸੁਪਨਿਆਂ ਦਾ ਧੁੰਦਲਕਾ ਉਹਨਾਂ ਦੀ ਜ਼ਿੰਦਗੀ ਦੇ ਉੱਜਲ ਭਵਿੱਖ ਨੂੰ ਵੀ ਗਹਿਰ ਨਾਲ ਭਰ ਦਿੰਦਾ ਹੈ।
ਜ਼ਰੂਰੀ ਹੁੰਦਾ ਹੈ ਆਪਣੇ ਪੈਰਾਂ ਵਿੱਚ ਸਫ਼ਰ ਨੂੰ ਉਗਾਉਣਾ, ਆਪਣੇ ਦੀਦਿਆਂ ਵਿੱਚ ਉੱਚੇ ਦਿਸਹੱਦਿਆਂ ਵੰਨੀਂ ਝਾਕਣ ਅਤੇ ਆਪਣੀ ਸੋਚ ਦੀ ਪ੍ਰਵਾਜ਼ ਨੂੰ ਅੰਬਰ ਦਾ ਹਾਣੀ ਬਣਾਈ ਰੱਖਣਾ, ਫਿਰ ਕਿਸੇ ਵੀ ਅਸਥਾਈ ਰੁਕਾਵਟ ਦੇ ਕੋਈ ਅਰਥ ਨਹੀਂ ਰਹਿੰਦੇ। ਫਿਰ ਰਾਹਾਂ ਦਾ ਘੱਟਾ ਤੁਹਾਡੇ ਮਸਤਕ ਦੀ ਧੂੜ ਬਣ ਕੇ ਤੁਹਾਡੀਆਂ ਬਲਾਵਾਂ ਉਤਾਰਦਾ ਹੈ, ਤੁਹਾਡੀ ਪੈੜਾਂ ਨੂੰ ਨੱਤਮਸਤਕ ਹੁੰਦਾ ਹੈ।
ਸਰਕਾਰੀ ਕਾਲਜ ਦੀ ਸਥਾਈ ਨੌਕਰੀ ਮਿਲਣ ਅਤੇ ਸਿਰ ’ਤੇ ਛੱਤ ਅਤੇ ਆਪਣੇ ਪਰਿਵਾਰ ਦੇ ਨਿੱਘ ਨੂੰ ਮਾਣਦਿਆਂ ਵੀ ਮਨ ਵਿੱਚ ਇੱਕ ਕਸਕ ਜ਼ਰੂਰ ਉੱਠਦੀ ਸੀ ਕਿ ਮੈਂ ਪੀਐੱਚਡੀ ਕਰਾਂ। ਇਹ ਸੁਪਨਾ ਮੇਰੇ ਅਵਚੇਤਨ ਮਨ ਵਿੱਚ ਅਕਸਰ ਹੀ ਮੈਂਨੂੰ ਕੁਰੇਦਦਾ ਰਹਿੰਦਾ। ਇਸ ਸੁਪਨੇ ਨਾਲ ਹੀ ਬਹੁਤ ਕੁਝ ਅਜਿਹਾ ਜੁੜਿਆ ਹੋਇਆ ਸੀ, ਜਿਸ ਨੂੰ ਪੂਰਾ ਕਰਨ ਲਈ ਮੈਂ ਆਪਣੇ ਆਪ ਨੂੰ ਪ੍ਰਖਣਾ ਅਤੇ ਨਿਰੀਖਣਾ ਚਾਹੁੰਦਾ ਸਾਂ। ਇਸ ਚਾਹਤ ਵਿੱਚੋਂ ਹੀ ਉਗਮੇ ਮੇਰੇ ਖ਼ਿਆਲ ਨੂੰ ਅਸਲੀਅਤ ਦਾ ਜਾਮਾ ਪਾਉਣ ਲਈ ਇੱਕ ਦਿਨ ਮੈਂ ਆਪਣੇ ਮਿੱਤਰ, ਬੀਐੱਸਸੀ ਤੇ ਐੱਮਐੱਸਸੀ ਵਿੱਚ ਮੇਰੇ ਤੋਂ ਇੱਕ ਸਾਲ ਜੂਨੀਅਰ ਅਤੇ ਗੁਰੂ ਨਾਨਕ ਯੂਨੀਵਰਸਿਟੀ ਵਿੱਚ ਫ਼ਿਜਿਕਸ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਵਜੋਂ ਕਾਰਜਸ਼ੀਲ ਡਾ. ਕੁਲਵੰਤ ਸਿੰਘ ਨੂੰ ਮਿਲਿਆ ਅਤੇ ਉਸ ਨਾਲ ਪੀਐੱਚਡੀ ਕਰਨ ਦੀ ਇੱਛਾ ਜ਼ਾਹਰ ਕੀਤੀ। ਇਹ ਡਾ. ਥਿੰਦ ਦੀ ਵਡੱਤਣ ਅਤੇ ਮੁਹੱਬਤੀ ਅੰਦਾਜ਼ ਸੀ ਕਿ ਉਸਨੇ ਇਸਦੀ ਹਾਮੀ ਭਰੀ ਅਤੇ ਮੈਂ ਪੀਐੱਚਡੀ ਕਰਨ ਦਾ ਮਨ ਵਿੱਚ ਧਾਰ ਲਿਆ।
ਸਾਇੰਸ ਵਿੱਚ ਪੀਐੱਚਡੀ ਕਰਨਾ, ਬਹੁਤ ਹੀ ਮਿਹਨਤ ਅਤੇ ਸਿਰੜ ਵਾਲਾ ਕਾਰਜ ਹੈ, ਜਿਸ ਵਿੱਚ ਤੁਹਾਡੀ ਮਿਹਨਤ, ਨਿਰੰਤਰਤਾ, ਧਿਆਨ ਦਾ ਕੇਂਦਰੀਕਰਨ ਅਤੇ ਆਪਣੇ ਆਪ ਨੂੰ ਇੱਕ ਨਿਸ਼ਚਿਤ ਸੀਮਾ ਵਿੱਚ ਬੰਨ੍ਹ ਕੇ ਸਮੇਂ ਸਿਰ ਪੂਰਾ ਕਰਨਾ ਹੁੰਦਾ ਹੈ। ਇਹ ਖੋਜ ਕਾਰਜ ਪ੍ਰਯੋਗਕੀ ਅਤੇ ਥਿਊਰੈਟੀਕਲ ਹੁੰਦਾ ਹੈ, ਇਸ ਵਿੱਚ ਤੁਹਾਡੇ ਗਾਈਡ ਨੇ ਸਿਰਫ਼ ਗਾਈਡ ਕਰਨਾ ਹੁੰਦਾ ਹੈ। ਇਹ ਖੋਜਾਰਥੀ ’ਤੇ ਨਿਰਭਰ ਕਰਦਾ ਕਿ ਉਹ ਆਪਣੇ ਗਾਈਡ ਦੇ ਦਿਸ਼ਾ-ਨਿਰਦੇਸ਼ਾਂ ਦੀ ਆਗਿਆ ਦਾ ਪਾਲਣ ਕਰਦਿਆਂ ਖ਼ੁਦ ਨੂੰ ਕਿੰਨਾ ਕੁ ਸਾਧਦਾ ਹੈ? ਆਪਣੇ ਖੋਜ-ਕਾਰਜ ਪ੍ਰਤੀ ਕਿੰਨਾ ਸਮਰਪਿਤ, ਸੰਜੀਦਾ ਅਤੇ ਸਮਝਦਾਰ ਹੈ। ਇਸ ਵਿੱਚ ਤੀਸਰੀ ਅੱਖ ਰਾਹੀਂ ਝਾਕਣਾ ਬਹੁਤ ਅਹਿਮ ਹੁੰਦਾ ਕਿ ਤੁਸੀਂ ਕੋਈ ਵੀ ਖੋਜ-ਕਾਰਜ ਕਰਦਿਆਂ, ਇਸ ਵਿੱਚੋਂ ਕਿਹੋ ਜਿਹੇ ਸਿੱਟੇ ਕਿਆਸ ਕਰ ਸਕਦੇ ਹੋ? ਇਹਨਾਂ ਵਿੱਚੋਂ ਕਿਹੜੇ ਨਵੇਂ ਤੱਥ ਸਾਹਮਣੇ ਲਿਆ ਸਕਦੇ ਹੋ, ਜਿਹਨਾਂ ਵਿੱਚੋਂ ਭੌਤਿਕ ਵਿਗਿਆਨ ਨੂੰ ਸਮੁੱਚਤਾ ਵਿੱਚ ਵਰਤਿਆ ਤੇ ਸਮਝਿਆ ਜਾ ਸਕਦਾ ਹੈ? ਇਸਦੀਆਂ ਕਿਹੜੀਆਂ ਲੱਭਤਾਂ ਵਿੱਚੋਂ ਮਨੁੱਖ ਨੂੰ ਖ਼ੁਦ ਨੂੰ ਵਿਸਥਾਰਤ ਕਰਨ ਦਾ ਮੌਕਾ ਮਿਲਦਾ ਹੈ?
ਮੇਰਾ ਪੀਐੱਚਡੀ ਦਾ ਵਿਸ਼ਾ ਸੀ ਕਿ ਰੇਡੀਆਈ ਕਿਰਨਾਂ (ਅਲਫ਼ਾ, ਬੇਟਾ ਅਤੇ ਗਾਮਾ ਕਿਰਨਾਂ) ਵੱਖੋ-ਵੱਖਰੇ ਪਦਾਰਥਾਂ ਵਿੱਚੋਂ ਕਿਵੇਂ ਲੰਘਦੀਆਂ ਅਤੇ ਇਹਨਾਂ ਵਿੱਚ ਜ਼ਜ਼ਬ ਹੁੰਦੀਆਂ ਨੇ? ਇਹਨਾਂ ਪਦਾਰਥਾਂ ਨੂੰ ਇਹਨਾਂ ਕਿਰਨਾਂ ਤੋਂ ਬਚਾ ਲਈ ਮਨੁੱਖ ਕਿਵੇਂ ਵਰਤ ਸਕਦਾ ਹੈ। ਇਸ ਖੋਜ ਕਾਰਜ ਵਿੱਚ ਕੁਝ ਹਿੱਸਾ ਪ੍ਰੋਯੋਗਕੀ ਅਤੇ ਕੁਝ ਥਿਊਰੈਟੀਕਲ ਸੀ। ਲੈਬ ਵਿੱਚ ਪ੍ਰਯੋਗ ਕਰਦਿਆਂ ਅਕਸਰ ਹੀ ਰੇਡੀਆਈ ਪਦਾਰਥਾਂ ਅਤੇ ਕਿਰਨਾਂ ਨਾਲ ਵਾਹ ਪੈਂਦਾ ਸੀ ਅਤੇ ਇਹਨਾਂ ਤੋਂ ਖੁਦ ਨੂੰ ਬਚਾਉਣਾ ਵੀ ਜ਼ਰੂਰੀ ਸੀ।
ਸ਼ੁਰੂ ਸ਼ੁਰੂ ਵਿੱਚ ਡਾ. ਥਿੰਦ ਨੂੰ ਲੱਗਿਆ ਕਿ ਸ਼ਾਇਦ ਮੈਂ ਪੀਐੱਚਡੀ ਨੂੰ ਪੂਰੀ ਨਾ ਕਰ ਸਕਾਂ ਕਿਉਂਕਿ ਉਹਨਾਂ ਨੇ ਦੇਖਿਆ ਸੀ ਕਿ ਕੁਝ ਕਾਲਜਾਂ ਦੇ ਪ੍ਰੋਫੈਸਰ ਯੂਜੀਸੀ ਵੱਲੋਂ ਫ਼ੈਲੋਸ਼ਿੱਪ ਲੈ ਕੇ ਪੀਐੱਚੀਡੀ ਕਰਨ ਲਈ ਆਉਂਦੇ ਸਨ ਅਤੇ ਪੰਜ ਸਾਲ ਗਵਾ ਕੇ ਬਿਨਾਂ ਪੀਐੱਚਡੀ ਕੀਤਿਆਂ ਹੀ ਵਾਪਸ ਚਲੇ ਜਾਂਦੇ ਸਨ। ਪਰ ਮੈਂ ਤਾਂ ਕਾਲਜ ਵਿੱਚ ਪੜ੍ਹਾਉਂਦਿਆਂ ਹੀ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪਾਰਟ ਟਾਈਮ ਪੀਐੱਚਡੀ ਕਰਨ ਦਾ ਫੈਸਲਾ ਕੀਤਾ ਸੀ। ਇਸ ਵਿੱਚ ਕਪੂਰਥਲਾ ਅਤੇ ਅੰਮ੍ਰਿਤਸਰ ਵਿਚਲੀ ਦੂਰੀ ਅਤੇ ਮੇਰੀਆਂ ਕਾਲਜ ਅਧਿਆਪਨ ਦੀਆਂ ਬੰਦਸ਼ਾਂ ਵੀ ਸਨ। ਇਹਨਾਂ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਹੀ ਪੀਐੱਚਡੀ ਕਰਨ ਦਾ ਅਸੰਭਵ ਜਾਪਦਾ ਕਾਰਜ ਕਰਨ ਦਾ ਮਨ ਵਿੱਚ ਧਾਰਿਆ।
ਯਾਦ ਸੀ ਕਿ ਕੁਝ ਵੀ ਅਸੰਭਵ ਨਹੀਂ ਹੁੰਦਾ। ਇਹ ਸਿਰਫ਼ ਤੁਹਾਡੀ ਮਾਨਸਿਕਤਾ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸਕਾਰਜ ਨੂੰ ਸੰਭਵ ਜਾਂ ਅਸੰਭਵ ਸਮਝਦੇ ਹੋ। ਮਨ ਦੀ ਤਾਕਤ ਨੇ ਤੁਹਾਡੀ ਸਰੀਰਕ ਤਾਕਤ ਬਣ ਕੇ ਤੁਹਾਡੇ ਲਈ ਤਦਬੀਰਾਂ ਅਤੇ ਤਕਦੀਰਾਂ ਦੀ ਤਾਮੀਰਦਾਰੀ ਕਰਨੀ ਹੁੰਦੀ ਹੈ। ਇਸ ਵਿੱਚੋਂ ਹੀ ਤੁਹਾਡੇ ਵਿਅਕਤੀਤਵ ਦੇ ਉਸ ਰੂਪ ਨੇ ਉਜਾਗਰ ਹੋਣਾ ਹੁੰਦਾ ਜਿਸ ਤੋਂ ਤੁਸੀਂ ਵੀ ਨਾਵਾਕਫ਼ ਹੁੰਦੇ ਹੋ।
ਜਦੋਂ ਮੈਂ ਪਿਛਲਝਾਤੀ ਮਾਰਦਾ ਹਾਂ ਤਾਂ ਯਾਦ ਆਉਂਦੇ ਨੇ 1991 ਤੋਂ 1995 ਤੀਕ ਦੇ ਉਹ ਦਿਨ ਜਦੋਂ ਮੇਰਾ ਹਰ ਸਨਿੱਚਰਵਾਰ ਅਤੇ ਐਤਵਾਰ ਯੂਨੀਵਰਸਿਟੀ ਦੀ ਲੈਬ ਵਿੱਚ ਗੁਜ਼ਰਦਾ ਸੀ। ਸੋਮਵਾਰ ਨੂੰ ਪਹਿਲੀ ਬੱਸ ਲੈ ਕੇ ਕਪੂਰਥਲੇ ਆਉਂਦਾ ਸਾਂ ਅਤੇ ਕਾਲਜ ਵਿੱਚ ਪੜ੍ਹਾਉਣ ਜਾਂਦਾ ਸੀ। ਇਹ ਡਾ. ਥਿੰਦ ਦੀ ਦੀਦਾ-ਦਲੇਰੀ ਸੀ ਕਿ ਉਹ ਵੀ ਸਨਿੱਚਰਵਾਰ ਅਤੇ ਐਤਵਾਰ ਨੂੰ ਅਕਸਰ ਹੀ ਲੈਬ ਵਿੱਚ ਆ ਜਾਂਦਾ ਅਤੇ ਹੋ ਰਹੇ ਖੋਜ ਕਾਰਜ ਦੀ ਪ੍ਰਗਤੀ ਬਾਰੇ ਜਾਣਦਾ ਅਤੇ ਹੋਰ ਨਿਰੇਦਸ਼ ਦਿੰਦਾ। ਗਰਮੀਆਂ ਦੀਆਂ ਛੁੱਟੀਆਂ ਜਾਂ ਕ੍ਰਿਸਮਿਸ ਦੀਆਂ ਛੁੱਟੀਆਂ ਵੀ ਖੋਜ ਕਾਰਜ ਦੇ ਲੇਖੇ ਹੀ ਲੱਗਦੀਆਂ ਸਨ। ਘਰੋਂ ਬਾਹਰ ਰਹਿਣ ਕਰਕੇ ਘਰ ਦਾ ਸਮੁੱਚਾ ਦਾਰੋਮਦਾਰ ਪਤਨੀ ਦੀ ਅਗਵਾਈ ਵਿੱਚ ਪੂਰਨ ਰੂਪ ਵਿੱਚ ਨਿਰਵਿਘਨ ਚੱਲ ਰਿਹਾ ਸੀ।
ਉਸ ਸਮੇਂ ਵਿੱਚ ਬਹੁਤ ਘੱਟ ਕੰਪਿਊਟਰ ਹੁੰਦੇ ਸਨ। ਕਪੂਰਥਲਾ ਵਿੱਚ ਮੇਰੇ ਇੱਕ ਵਿਦਿਆਰਥੀ ਰਮਨ ਨੇ ਕੰਪਿਊਟਰ ਸੈਂਟਰ ਖੋਲ੍ਹਿਆ ਸੀ। ਮੇਰੇ ਖੋਜ ਕਾਰਜ ਲਈ ਲੰਮੀਆਂ ਚੌੜੀਆਂ ਕੈਲਕੂਲੇਸ਼ਨ ਕਰਨ ਲਈ ਕੰਪਿਊਟਰ ਦਾ ਪ੍ਰੋਗਰਾਮ ਵਰਤਣਾ ਜ਼ਰੂਰੀ ਸੀ। ਇਸ ਲਈ ਜਦੋਂ ਕੰਪਿਊਟਰ ਸੈਂਟਰ ਰਾਤ ਨੂੰ 8 ਵਜੇ ਬੰਦ ਹੋ ਜਾਂਦਾ ਤਾਂ ਮੈਂ ਸੈਂਟਰ ਦਾ ਕੰਪਿਊਟਰ ਵਰਤ ਕੇ ਰਾਤ ਦੇ ਬਾਰਾਂ ਵਜੇ ਤਕ ਕੈਲਕੂਲੇਸ਼ਨ ਕਰਦਾ ਅਤੇ ਪ੍ਰਿੰਟਆਊਟ ਲੈਂਦਾ ਰਹਿੰਦਾ ਸਾਂ। ਇਹ ਮੇਰੇ ਵਿਦਿਆਰਥੀ ਦੀ ਮੁਹੱਬਤ ਸੀ ਕਿ ਉਹ ਰਾਤ ਨੂੰ ਬਾਰਾਂ ਵਜੇ ਤੀਕ ਜਾਗਦਾ ਰਹਿੰਦਾ ਤਾਂ ਕਿ ਮੇਰੇ ਜਾਣ ਤੋਂ ਬਾਅਦ ਸੈਂਟਰ ਨੂੰ ਬੰਦ ਕਰ ਸਕੇ। ਇਹ ਸਭ ਕੁਝ ਇਸ ਲਈ ਕਰਨਾ ਜ਼ਰੂਰੀ ਸੀ ਕਿਉਂਕਿ ਇਹਨਾਂ ਕੈਲਕੂਲੇਸ਼ਨਾਂ ਦੇ ਅਧਾਰ ’ਤੇ ਹੀ ਮੈਂ ਇਸ ਨੂੰ ਗਰਾਫ਼ਾਂ ਵਿੱਚ ਦਰਸਾਉਂਦਾ ਅਤੇ ਫਿਰ ਇਹਨਾਂ ਗਰਾਫ਼ਾਂ ਵਿੱਚੋਂ ਨਵੇਂ ਤੱਥ ਕੱਢਕੇ ਇਸ ਨੂੰ ਖੋਜ ਕਾਰਜ ਦੇ ਰੂਪ ਵਿੱਚ ਪ੍ਰਗਟਾਉਂਦਾ। ਇਹ ਕਾਰਜ ਨਵੇਂ ਖੋਜ ਪੱਤਰ ਦੇ ਰੂਪ ਵਿੱਚ ਅੰਤਰਰਾਸ਼ਟਰੀ ਮੈਗਜ਼ੀਨਾਂ ਵਿੱਚ ਛਪਦਾ ਸੀ।
ਮੇਰੇ ਖੋਜ ਕਾਰਜ ਦੀ ਨਵੀਨਤਾ ਅਤੇ ਇਸ ਵਿੱਚੋਂ ਨਿਕਲੇ ਸਿੱਟਿਆਂ ਦਾ ਕੇਹਾ ਆਲਮ ਸੀ ਕਿ ਮੇਰੇ ਥੀਸਸ ਦੇ 14 ਚੈਪਟਰ ਸਨ। ਇਹ ਚੌਦਾਂ ਚੱਪਟਰ ਹੀ ਖੋਜ ਪੱਤਰਾਂ ਦੇ ਰੂਪ ਵਿੱਚ ਵੱਖ-ਵੱਖ ਅੰਤਰਰਾਸ਼ਟਰੀ ਮੈਗਜ਼ੀਨਾਂ ਵਿੱਚ ਛਪ ਗਏ ਅਤੇ ਸਾਰਾ ਖੋਜ ਕਾਰਜ ਅੰਤਰਰਾਸ਼ਟਰੀ ਖੋਜ ਦਾ ਹਿੱਸਾ ਬਣ ਸਕਣ ਦੇ ਕਾਬਲ ਹੋਇਆ।
ਮੇਰੀ ਖੋਜ-ਕਾਰਜ ਪ੍ਰਤੀ ਸਮਰਪਿਤਾ ਦਾ ਇਹ ਆਲਮ ਸੀ ਕਿ ਜਿੰਨਾ ਵੀ ਕੰਮ ਮੈਂਨੁੰ ਦੱਸਿਆ ਜਾਂਦਾ, ਉਹ ਨਿਸ਼ਚਿਤ ਸਮੇਂ ਵਿੱਚ ਪੂਰਾ ਕਰਕੇ ਮੈਂ ਯੂਨੀਵਰਸਿਟੀ ਪਹੁੰਚ ਜਾਂਦਾ ਅਤੇ ਫਿਰ ਅਗਲੇਰਾ ਪੜਾਅ ਸ਼ੁਰੂ ਕਰ ਦਿੰਦਾ। ਮੇਰੇ ਮਿੱਤਰ ਪਰ ਗਾਈਡ ਡਾ. ਥਿੰਦ ਦਾ ਕਹਿਣਾ ਸੀ, “ਗੁਰਬਖ਼ਸ਼! ਤੂੰ ਮੈਂਨੂੰ ਦੱਸ ਕਿ ਤੂੰ ਸੌਂਦਾ ਕਦੋਂ ਏਂ? ਤੂੰ ਕਾਲਜ ਵੀ ਪੜ੍ਹਾਉਂਦਾ ਅਤੇ ਕਾਲਜ ਦੇ ਸਾਰੇ ਕੰਮਾਂ ਵਿੱਚ ਵਧ ਚੜ੍ਹ ਕੇ ਭਾਗ ਲੈਂਦਾ ਏਂ। ਸਾਹਿਤ ਦਾ ਤੈਨੂੰ ਸ਼ੌਕ ਏ, ਜਿਸਨੂੰ ਹੁਣ ਵੀ ਪਾਲ ਰਿਹਾ ਏਂ। ਪਰਿਵਾਰ ਨੂੰ ਸਮਾਂ ਜ਼ਰੂਰ ਦਿੰਦਾ ਹੋਵੇਂਗਾ। ਪਰ ਇਸ ਸਭ ਦੇ ਬਾਵਜੂਦ ਤੂੰ ਪੀਐੱਚਡੀ ਲਈ ਇੰਨਾ ਸਮਾਂ ਕੱਢ ਲੈਂਦਾ ਏਂ, ਇਹ ਕਮਾਲ ਏ। ਮੈਂ ਕਈ ਵਾਰ ਸੋਚਦਾ ਸਾਂ ਕਿ ਤੂੰ ਕਦੇ ਤਾਂ ਆ ਕੇ ਕਹੇਂਗਾ ਕਿ ਮੈਂ ਇਸ ਹਫ਼ਤੇ ਦਾ ਕੰਮ ਨਹੀਂ ਕਰ ਸਕਿਆ। ਪਰ ਤੂੰ ਹਰ ਵਾਰ ਮੈਂਨੂੰ ਲਾਜਵਾਬ ਕਰ ਦਿੰਦਾ ਏਂ। ਇਹ ਤੇਰੀ ਮਿਹਨਤ ਅਤੇ ਪ੍ਰਤੀਬੱਧਤਾ ਦਾ ਹੀ ਸਿੱਟਾ ਏ ਕਿ ਤੂੰ ਤਿੰਨ ਸਾਲਾਂ ਵਿੱਚ ਆਪਣੀ ਪੀਐੱਚਡੀ ਕਰ ਲਈ ਜਦੋਂ ਕਿ ਕਈ ਤਾਂ 5-7 ਸਾਲ ਤੀਕ ਵੀ ਯੂਨੀਵਰਸਿਟੀ ਵਿੱਚ ਰੁਲਦੇ ਰਹਿੰਦੇ ਨੇ। ਖਾਸ ਗੱਲ ਇਹ ਹੈ ਕਿ ਤੂੰ ਪੀਐੱਚਡੀ ਦੌਰਾਨ ਅੰਤਰਰਾਸ਼ਟਰੀ ਕਾਨਫ੍ਰੰਸ ਵਿੱਚ ਸ਼ਾਮਲ ਹੋ ਕੇ ਆਪਣੇ ਨਾਮ ਇੱਕ ਹੋਰ ਕਾਮਯਾਬੀ ਨੂੰ ਕੀਤਾ ਹੈ। ਤੇਰੀ ਮਿਹਨਤ ਅਤੇ ਸਮਰਪਿਤਾ ਨੂੰ ਸਲਾਮ।”
ਦਰਅਸਲ ਜਦੋਂ ਮੈਂ ਐੱਮਐੱਸਸੀ ਤੋਂ ਬਾਅਦ ਉਚੇਰੀ ਪੜ੍ਹਾਈ ਲਈ ਕੈਨੇਡਾ ਨਾ ਜਾ ਸਕਿਆ ਤਾਂ ਇੱਕ ਚੀਸ ਮਨ ਵਿੱਚ ਘਰ ਪਾ ਬੈਠੀ। ਇੱਕ ਲਲ੍ਹਕ ਸੀ ਕਿ ਕੈਨੇਡਾ ’ਕੇਰਾਂ ਜ਼ਰੂਰ ਜਾਣਾ ਹੈ। ਫਿਰ 1993 ਵਿੱਚ ਯੂਨੀਵਰਸਿਟੀ ਆਫ ਵੈਸਟਰਨ ਓਨਟਾਰੀਓ, ਲੰਡਨ, ਕੈਨੇਡਾ ਵਿੱਚ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਇਸ ਨਾਲ ਮੇਰੇ ਮਨ ਵਿੱਚ ਬੈਠੀ ਚਸਕ ਨੂੰ ਕੁਝ ਰਾਹਤ ਜ਼ਰੂਰ ਮਿਲੀ। ਇਸ ਕਾਨਫਰੰਸ ਦਾ ਰੌਚਕ ਤੱਥ ਇਹ ਵੀ ਸੀ ਕਿ ਇਸ ਕਾਨਫਰੰਸ ਵਿੱਚ ਮੈਂ ਅਤੇ ਮੇਰੇ ਗੁਰੂ ਡਾ. ਹਰਦੇਵ ਸਿੰਘ ਵਿਰਕ ਸ਼ਾਮਲ ਸਨ। ਮੈਂ ਆਪਣਾ ਕੈਨੇਡਾ ਦਾ ਸਫ਼ਰਨਾਮਾ ‘ਸੁਪਨਿਆਂ ਦੀ ਜੂਹ – ਕੈਨੇਡਾ’ ਲਿਖਿਆ ਜੋ ਰੋਜ਼ਾਨਾ ਅਜੀਤ ਅਖਬਾਰ ਵਿੱਚ ਲੜੀਵਾਰ ਛਪਿਆ ਸੀ ਅਤੇ ਡਾ. ਵਿਰਕ ਦਾ ਕੈਨੇਡਾ ਸਫ਼ਰਨਾਮਾ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਸੀ।
ਪੀਐੱਚਡੀ ਦੇ ਦੌਰਾਨ ਲੈਬ ਤੋਂ ਬਾਅਦ ਦੇ ਪਲਾਂ ਵਿੱਚ ਮੇਰਾ ਰੈਣ ਬਸੇਰਾ ਡਾ. ਥਿੰਦ ਦਾ ਘਰ ਹੀ ਹੁੰਦਾ ਸੀ, ਜਿੱਥੇ ਆਪਣੇ ਘਰ ਵਰਗੀ ਅਣਪੱਤ ਵੀ ਮਾਣੀ। ਇਸ ਦੌਰਾਨ ਆਪਣੇ ਜੀਵਨ ਦੇ ਉਹਨਾਂ ਪਲਾਂ ਦਾ ਚਿੱਤਰਨ ਵੀ ਕਰ ਸਕਿਆ ਜੋ ਕਦੇ ਮੇਰੇ ਮਸਤਕ ਦੀ ਚਿੱਤਰਪਟ ਬਣਨ ਲਈ ਕਾਹਲੇ ਸਨ। ਆਪਣੇ ਹੀ ਆਪਣਿਆਂ ਦਾ ਨਸੀਬਾ ਬਣਨ ਲਈ ਜਦੋਂ ਅਹੁਲਦੇ ਨੇ ਤਾਂ ਫਿਰ ਕਾਮਯਾਬੀਆਂ ਦਾ ਕਾਫ਼ਲਾ ਉਹਨਾਂ ਦਾ ਨਸੀਬ ਬਣ ਜਾਂਦਾ ਹੈ ਜਿਹਨਾਂ ਨੇ ਜ਼ਿੰਦਗੀ ਦੀਆਂ ਤਲਖ਼ੀਆਂ, ਬੇਰੁਖੀਆਂ, ਬੇਗਾਨਗੀਆਂ ਤੇ ਬੇਤਰਤੀਬੀਆਂ ਨੂੰ ਨੰਗੇ ਪਿੰਡਿਆਂ ’ਤੇ ਜਰਿਆ ਹੋਵੇ ਅਤੇ ਜਿਹਨਾਂ ਦਾ ਸੁਪਨ-ਸੰਸਾਰ ਉਹਨਾਂ ਤੋਂ ਵਿੱਥ ਸਿਰਜਣ ਦਾ ਆਦੀ ਹੋਵੇ।
ਜਨੂੰਨ, ਜਜ਼ਬਾ ਤੇ ਜਜ਼ਬਾਤ ਵਿੱਚੋਂ ਉੱਗੀ ਹੋਈ ਜਿੱਤ ਦੇ ਨਕਸ਼ ਜ਼ਿੰਦਗੀ ਨੂੰ ਜਿਊਣ ਜੋਗਾ ਕਰਦੇ ਨੇ। ਇਸ ਵਿੱਚੋਂ ਹੀ ਉਹਨਾਂ ਰਾਹਾਂ ਦੀ ਪਛਾਣ ਹੁੰਦੀ ਹੈ, ਜਿਹਨਾਂ ਰਾਹਾਂ ਵਿੱਚ ਖੁਸ਼ੀਆਂ ਤੇ ਖੇੜਿਆਂ ਦੀ ਫਸਲ ਲਹਿਰਾਉਂਦੀ ਹੈ। ਅਜਿਹਾ ਹੀ ਕੇਹਾ ਵਕਤ ਦਾ ਮਜ਼ਾਜ਼ ਸੀ ਜਦੋਂ ਲਾਲ ਗਾਊਨ ਪਾ ਕੇ ਪੀਐੱਚਡੀ ਦੀ ਡਿਗਰੀ ਲੈਣ ਗਿਆ ਸਾਂ। ਉਸ ਸਮੇਂ ਦੌਰਾਨ ਮੇਰੇ ਪਰਿਵਾਰ ਵਾਲਿਆਂ ਦੇ ਮੁਖੜੇ ਤੇ ਨੂਰੀ ਆਭਾ ਵਿੱਚੋਂ ਮੈਂ ਆਪਣੀ ਕਿਸਮਤ ਦੀਆਂ ਸੁਰਖ਼-ਰੇਖਾਵਾਂ ਨੂੰ ਕਿਆਸ ਸਕਦਾ ਸਾਂ। ਇਸ ਮੌਕੇ ’ਤੇ ਡਾ. ਥਿੰਦ ਦੇ ਬੋਲਾਂ ਵਿਚਲਾ ਪਿਆਰ ਅਤੇ ਆਪਣੇ ਮਿੱਤਰ ਨੂੰ ਚੇਲੇ ਦੇ ਰੂਪ ਵਿੱਚ ਇਸ ਅਕਾਦਮਿਕ ਪ੍ਰਾਪਤੀ ਦਾ ਸਿਰਲੇਖ ਬਣਿਆ ਦੇਖਣਾ ਬਹੁਤ ਚੰਗਾ ਲੱਗਾ ਸੀ। ਉਸ ਪਲ ਮੈਂ ਭੁੱਲ ਹੀ ਗਿਆ ਸੀ ਪਿਛਲੇ ਸਾਲਾਂ ਦੀ ਦੌੜ-ਭੱਜ, ਅੰਮ੍ਰਿਤਸਰ ਤੇ ਕਪੂਰਥਲੇ ਦਰਮਿਆਨ ਮਾਰੇ ਹੋਏ ਬੇਹਿਸਾਬ ਗੇੜੇ ਅਤੇ ਅੱਧੀ ਅੱਧੀ ਰਾਤ ਤੀਕ ਕਿਤਾਬਾਂ ਨਾਲ ਮੱਥਾ ਮਾਰਦਿਆਂ ਆਪਣੇ ਖੋਜ ਕਾਰਜ ਨੂੰ ਸਿਰੇ ਚਾੜ੍ਹਨ ਦੀ ਜ਼ਿਦ ਦੌਰਾਨ ਉਨੀਂਦਰੀਆਂ ਰਾਤਾਂ, ਆਪਣੀ ਕਾਰਜ ਦੌਰਾਨ ਭੁੱਖ, ਨੀਂਦ ਅਤੇ ਪਿਆਸ ਤੋਂ ਅਣਭਿੱਜਤਾ। ਸਕੂਨ ਅਤੇ ਸੁਖਨ ਨਾਲ ਲਬਰੇਜ਼ ਉਹ ਕੇਹੀ ਮਾਨਸਿਕ ਅਵਸਥਾ ਸੀ, ਜਿਸ ਵਿੱਚੋਂ ਮੈਂਨੂੰ ਆਪਣੇ ਬਾਪ ਦਾ ਉਹ ਦੈਵੀ ਮੁੱਖੜਾ ਨਜ਼ਰ ਆਇਆ, ਜਿਸ ’ਤੇ ਕਦੇ ਮੇਰੇ ਪ੍ਰੈੱਪ ਵਿੱਚੋਂ ਫੇਲ ਹੋਣ ’ਤੇ ਸ਼ਿਕਨ ਉੱਗੀ ਸੀ। ਪਰ ਉਹ ਉਸ ਮੁੱਖ ’ਤੇ ਮਾਣਭਰੀ ਆਭਾ ਦਾ ਜਲੌਅ ਮੇਰੇ ਖ਼ੁਆਬਾਂ ਨੂੰ ਹੋਰ ਉਚੇਰੀਆਂ ਪੁਲਾਂਘਾਂ ਪੁੱਟਣ ਲਈ ਉਤਸ਼ਾਹਿਤ ਕਰ ਗਿਆ।
ਜਜ਼ਬਾ ਤੇ ਜ਼ਨੂਨ ਦੀ ਜ਼ਰਬ ਵਿੱਚੋਂ ਉੱਗੀ ਪੀਐੱਚਡੀ ਦੀ ਡਿਗਰੀ ਦੀ ਹਾਸਲਤਾ ਜਸ਼ਨਮਈ ਕਾਮਯਾਬੀ ਸੀ, ਜਿਸ ਨੂੰ ਕਦੇ ਸੁਪਨਈ ਰੂਪ ਵਿੱਚ ਦੇਖਿਆ ਸੀ ਪਰ ਹੁਣ ਇਹ ਸੱਚ ਮੇਰਾ ਹਾਸਲ ਬਣ ਚੁੱਕਿਆ ਸੀ।
ਅਤੇ ਇਹ ਪੀਐੱਚਡੀ ਹੀ ਸੀ ਜਿਸ ਤੋਂ ਮਹਿਰੂਮ ਕਰਨ ਲਈ ਮੇਰੇ ਆਪਣਿਆਂ ਨੇ ਮੈਂਨੂੰ ਕੈਨੇਡਾ ਜਾਣ ਤੋਂ ਹੋੜਿਆ ਸੀ। ਪਰ ਇਸ ਡਿਗਰੀ ਅਤੇ ਮਾਪਿਆਂ ਦੀਆਂ ਦੁਆਵਾਂ ਨੇ ਹੀ ਮੈਂਨੂੰ ਅਮਰੀਕਾ ਦੀ ਯੂਨੀਵਰਸਿਟੀ ਵਿੱਚ ਪੜ੍ਹਾਉਣ ਦਾ ਮੌਕਾ ਪ੍ਰਦਾਨ ਕੀਤਾ, ਵਰਨਾ ਮੰਡ ਵਿੱਚ ਪਸ਼ੂ ਚਾਰਨ ਵਾਲੇ ਦੇ ਭਾਗਾਂ ਵਿੱਚ ਕਿੱਥੇ ਸੀ ਵਿਦੇਸ਼ ਪੜ੍ਹਾਉਣਾ ਅਤੇ ਆਪਣੇ ਵਿਦਿਆਰਥੀਆਂ ਨੂੰ ਉਹ ਕੁਝ ਵਾਪਸ ਦੇਣ ਦਾ ਮਾਣ ਪ੍ਰਾਪਤ ਕਰ ਰਿਹਾ ਹਾਂ ਜੋ ਸਮਾਜ ਨੇ ਮੈਂਨੂੰ ਦਿੱਤਾ ਸੀ ਅਤੇ ਜਿਸਦੀ ਤਵੱਕੋ ਮੇਰੇ ਮਾਪਿਆਂ ਨੇ ਮੇਰੇ ਕੋਲੋਂ ਕੀਤੀ ਸੀ। ਮੈਂ ਆਪਣੇ ਮਾਪਿਆਂ ਦੀ ਕਿਰਤਾਰਥਾ ਦਾ ਕਰਜ਼ ਉਤਾਰਨ ਲਈ ਹੁਣ ਤੀਕ ਵੀ ਯਤਨਸ਼ੀਲ ਹਾਂ। ਇਹ ਸਫ਼ਰ ਆਖਰੀ ਸਾਹ ਤੀਕ ਇੰਝ ਹੀ ਜਾਰੀ ਰਹੇ, ਇਹ ਹੀ ਇੱਕ ਮਨ ਦੀ ਤਮੰਨਾ ਹੈ ਜੋ ਮੈਂਨੂੰ ਜਿਊਣ ਦਾ ਸਬੱਬ ਬਖਸ਼ਦੀ ਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5204)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: