“ਪਛਤਾਵੇ ਦਾ ਪਸਚਾਤਾਪ ਕਰਨ ਦੀ ਬਜਾਏ ਪਛਤਾਵੇ ਦੀ ਮੁਹਾਰ ਨੂੰ ਉਸਾਰੂ ਬਿਰਤੀਆਂ ਵੱਲ ਸੇਧਤ ...”
(11 ਦਸੰਬਰ 2025)
ਪਰਵਾਸ ਕਰਨਾ ਪੰਜਾਬੀਆਂ ਦਾ ਸੁਭਾਅ ਹੈ। ਉਹ ਆਪਣੀ ਬਿਹਤਰੀ, ਚੰਗੇ ਮੌਕਿਆਂ ਦੀ ਤਲਾਸ਼, ਨਵੇਂ ਸੁਪਨਿਆਂ ਦੀ ਸਿਰਜਣਾ, ਨਵੀਂਆਂ ਧਰਤੀਆਂ ਨੂੰ ਗਾਹੁਣ, ਕੁਝ ਨਵੇਕਲਾ ਕਰਨ ਅਤੇ ਵਿਲੱਖਣ ਪ੍ਰਾਪਤੀਆਂ ਦਾ ਸਿਰਲੇਖ ਬਣਨ ਲਈ ਪ੍ਰਵਾਸ ਕਰਦੇ ਰਹੇ ਹਨ। ਕਈ ਵਾਰ ਉਹ ਮਜਬੂਰੀ ਵੱਸ, ਕਈ ਵਾਰ ਲੋੜ ਨੂੰ ਅਤੇ ਕਈ ਵਾਰ ਸ਼ੌਕ ਲਈ ਵੀ ਪਰਵਾਸ ਕਰਦੇ ਹਨ। ਪੰਜਾਬੀਆਂ ਵਿੱਚ ਭੇਡਚਾਲ ਦੀ ਬਿਰਤੀ ਵੀ ਭਾਰੂ ਹੈ। ਕਈ ਵਾਰ ਦੇਖਾ-ਦੇਖੀ ਵੀ ਪਰਵਾਸ ਕਰਨ ਪ੍ਰਤੀ ਰੁਚਿਤ ਹੋ ਜਾਂਦੇ ਹਨ।
ਵੱਖ ਵੱਖ ਸਮਿਆਂ ਵਿੱਚ ਪਰਵਾਸ ਕਰਨ ਦੇ ਵੱਖ ਵੱਖ ਕਾਰਨ ਦਨ। ਕਦੇ ਬੇਰੁਜ਼ਗਾਰੀ ਤੋਂ ਅੱਕਿਆਂ ਨੇ ਪਰਵਾਸ ਕੀਤਾ, ਕਈਆਂ ਨੇ ਗਰੀਬੀ ਦਾ ਜੂਲਾ ਗੱਲੋਂ ਲਾਹੁਣ ਲਈ ਪਰਵਾਸ ਕੀਤਾ, ਕੁਝ ਨੇ ਕਾਲੇ ਦੌਰ ਵਿੱਚ ਪੁਲੀਸ ਤਸ਼ੱਦਦ ਤੋਂ ਬਚਣ ਜਾਂ ਆਪਣੀਆਂ ਕੀਤੀਆਂ ਦੀ ਸਜ਼ਾ ਭੁਗਤਣ ਤੋਂ ਬਚਣ ਲਈ ਪਰਵਾਸ ਕੀਤਾ। ਕੁਝ ਨੇ ਆਪਣੇ ਪਰਿਵਾਰ ਨੂੰ ਵਿਦੇਸ਼ੀ ਧਰਤੀ ’ਤੇ ਪਹੁੰਚਾਉਣ ਲਈ ਆਪਣੀਆਂ ਧੀਆਂ ਦਾ ਜੂਆ ਖੇਡਦਿਆਂ ਅਣਜੋੜ ਰਿਸ਼ਤੇ ਵਿੱਚ ਬੰਨ੍ਹਿਆ ਅਤੇ ਕੁਝ ਕੁ ਵੱਡੇ ਘਰਾਂ ਵਾਲਿਆਂ ਨੇ ਆਪਣੇ ਵਿਗੜੇ ਕਾਕਿਆਂ ਤੋਂ ਅੱਕਿਆਂ ਨੇ ਪਰਵਾਸ ਕੀਤਾ। ਚਾਅ ਨਾਲ ਬਹੁਤ ਘੱਟ ਲੋਕ ਪਰਵਾਸ ਕਰਦੇ ਹਨ।
ਪਰਵਾਸ ਦਾ ਇੱਕ ਅਜਿਹਾ ਦੌਰ ਵੀ ਆਇਆ ਕਿ ਪੰਜਾਬੀ ਨੌਜਵਾਨਾਂ ਨੇ ਪੜ੍ਹਾਈ ਨੂੰ ਵਿਸਾਰ ਕੇ ਆਪਣੇ ਸੁਪਨਿਆਂ ਨੂੰ ਆਈਲੈਟਸ ਤਕ ਹੀ ਸੀਮਿਤ ਕਰ ਲਿਆ। ਜਿਹੜੇ ਆਈਲੈਟਸ ਵੀ ਕਰ ਨਹੀਂ ਸੀ ਸਕਦੇ, ਉਨ੍ਹਾਂ ਨੇ ਪੈਸੇ ਦੇ ਜ਼ੋਰ ’ਤੇ ਆਈਲੈਟਸ ਕੀਤੀ ਲੜਕੇ/ਲੜਕੀ ’ਤੇ ਦਾਅ ਖੇਡ ਕੇ ਵਿਦੇਸ਼ੀ ਧਰਤੀ ਉੱਤੇ ਪੈਰ ਧਰ ਲਿਆ ਅਤੇ ਉਨ੍ਹਾਂ ਦੇ ਮਗਰ ਹੀ ਸੈਲਾਨੀ ਬਣ ਕੇ ਮਾਪੇ ਵੀ ਆ ਗਏ।
ਬੇਤਹਾਸ਼ੇ ਪਰਵਾਸ ਨੇ ਪੰਜਾਬ ਦੇ ਮੁਹਾਂਦਰੇ ਦੇ ਨਾਲ ਨਾਲ ਪੰਜਾਬੀਆਂ ਦੀ ਮਾਨਸਿਕਤਾ ਵਿੱਚ ਵਿਗਾੜ ਲਿਆ ਦਿੱਤਾ। ਪਰਵਾਸ ਕਰਨ ਵਾਲੇ ਵੱਡੇ ਘਰਾਂ ਦੇ ਕਾਕਿਆਂ ਲਈ ਖੁੱਲ੍ਹਾ ਖਰਚ ਕਰਨਾ, ਸ਼ੌਕ ਪਾਲਣੇ ਜਾਂ ਮਹਿੰਗੀਆਂ ਗੱਡੀਆਂ ਦਾ ਸ਼ੌਕ ਹੋਵੇ ਤਾਂ ਉਨ੍ਹਾਂ ਲਈ ਬੇਸਮੈਂਟਾਂ ਵਿੱਚ ਰਹਿਣਾ ਨਾ-ਮੁਮਕਿਨ। ਆਪਣੇ ਮਹਿੰਗੇ ਸ਼ੌਕਾਂ ਦੀ ਪੂਰਤੀ ਲਈ ਗੈਰ-ਕਾਨੂੰਨੀ ਕੰਮ ਕਰਨ ਤੋਂ ਬਾਜ਼ ਨਹੀਂ ਆਉਂਦੇ ਭਾਵੇਂ ਚੋਰੀ ਕਰਨੀ ਹੋਵੇ, ਫਿਰੌਤੀਆਂ ਮੰਗਣਾ ਹੋਵੇ ਜਾਂ ਗੱਡੀਆਂ ਚੋਰੀ ਕਰਨੀਆਂ ਹੋਣ ਜਾਂ ਦੇਹ ਵਪਾਰ ਰਾਹੀਂ ਪੈਸੇ ਕਮਾਉਣੇ ਹੋਣ। ਵਿਦੇਸ਼ਾਂ ਵਿੱਚ ਆਪਣੀ ਮਿਹਨਤ ਅਤੇ ਲਿਆਕਤ ਨਾਲ ਆਪਣੀ ਚੰਗੇਰੀ ਪਛਾਣ ਸਿਰਜਣ ਵਾਲੇ ਪੰਜਾਬੀਆਂ ਦੀ ਪਛਾਣ ਜਦੋਂ ਗੈਰ-ਕਾਨੂੰਨੀ ਧੰਦਿਆਂ ਦੇ ਸਰਗਣਿਆਂ ਦੇ ਰੂਪ ਵਿੱਚ ਹੋਣ ਲੱਗ ਪਵੇ ਤਾਂ ਸੰਵੇਦਨਸ਼ੀਲ ਪੰਜਾਬੀਆਂ ਨੂੰ ਨਮੋਸ਼ੀ ਤਾਂ ਆਵੇਗੀ ਹੀ। ਪੰਜਾਬ ਅਤੇ ਪੰਜਾਬੀਆਂ ਦਾ ਬਿੰਬ ਧੁੰਦਲਾ ਕਰਨ ਵਿੱਚ ਅਸੀਂ ਪੰਜਾਬੀ ਖੁਦ ਜ਼ਿੰਮੇਵਾਰ ਹਾਂ ਕਿਉਂਕਿ ਅਸੀਂ ਆਪਣੀ ਨਸਲ ਨੂੰ ਮਾਨਵੀ ਕਦਰਾਂ-ਕੀਮਤਾਂ ਨਾਲ ਜੁੜਨ ਅਤੇ ਸੱਚੀ ਸੁੱਚੀ ਮਿਹਨਤ ਕਰਨ ਦਾ ਗੁਰ ਤਾਂ ਸਿਖਾਇਆ ਹੀ ਨਹੀਂ। ਆਪਣੇ ਵਿਰਸੇ ਨਾਲ ਜੋੜਿਆ ਹੀ ਨਹੀਂ ਅਤੇ ਫਿਰ ਅਸੀਂ ਕਿਵੇਂ ਆਸ ਰੱਖਾਂਗੇ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪੰਜਾਬੀਅਤ ਦੀ ਤਾਸੀਰ ਦੀ ਗਵਾਹ ਬਣੀਆਂ ਰਹਿਣਗੀਆਂ।
ਬਹੁਤ ਹੀ ਸੁਚੇਤ ਪੰਜਾਬੀ ਦੀ ਲੇਰ, “ਅਸੀਂ ਵਿਦੇਸ਼ਾਂ ਵਿੱਚ ਆ ਕੇ ਆਪਣੀਆਂ ਨਸਲਾਂ ਹੀ ਗਵਾ ਲਈਆਂ” ਦਰਅਸਲ ਅੰਦਰੋਂ ਨਿਕਲੀ ਪਛਤਾਵੇ ਦੀ ਚੀਖ਼ ਹੈ, ਜਿਹੜੀ ਧੁਰ ਅੰਦਰ ਤੀਕ ਲਹਿ ਜਾਂਦੀ ਹੈ। ਇਸ ਬਾਰੇ ਤਾਂ ਪਰਵਾਸ ਕਰਨ ਤੋਂ ਪਹਿਲਾਂ ਸੋਚਣ ਦੀ ਲੋੜ ਸੀ ਕਿ ਜਿਸ ਸਮਾਜ ਵਿੱਚ ਸਾਡੇ ਬੱਚੇ ਵਿਚਰਨਗੇ, ਉਨ੍ਹਾਂ ਨੇ ਉਸ ਸਮਾਜ ਦੀਆਂ ਕਦਰਾਂ ਕੀਮਤਾਂ ਨੂੰ ਵੀ ਤਾਂ ਅਪਣਾਉਣਾ ਹੀ ਹੈ। ਸਾਡੇ ਕੋਲ ਤਾਂ ਜ਼ਿਆਦਾਤਰ ਸਮਾਂ ਹੀ ਨਹੀਂ ਹੁੰਦਾ ਆਪਣੇ ਬੱਚਿਆਂ ਨਾਲ ਬੈਠਣ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਨ, ਸਮਝਣ ਅਤੇ ਇਸਦਾ ਕੋਈ ਯੋਗ ਹੱਲ ਕੱਢਣ ਦਾ।
ਵਿਦੇਸ਼ ਵਿੱਚ ਰਹਿੰਦਿਆਂ ਸਾਡੀ ਨੌਜਵਾਨ ਨਸਲ ਨੇ ਬਦਲਣਾ ਹੀ ਬਦਲਣਾ ਹੈ। ਹਾਂ, ਇਸਦੀ ਰਫਤਾਰ ਘਟਾਈ ਜਾ ਸਕਦੀ ਹੈ। ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ। ਲੋੜ ਹੈ ਕਿ ਅਸੀਂ ਕੋਸ਼ਿਸ਼ ਕਰੀਏ ਕਿ ਬੱਚੇ ਆਪਣੇ ਧਾਰਮਿਕ ਅਕੀਦੇ, ਰਵਾਇਤਾਂ, ਧਾਰਨਾਵਾਂ ਅਤੇ ਕਦਰਾਂ-ਕੀਮਤਾਂ ਨਾਲ ਸਾਂਝ ਬਣਾਈ ਰੱਖਣਾ। ਪਰ ਇਸ ਲਈ ਸਾਨੂੰ ਉਨ੍ਹਾਂ ਲਈ ਮਾਰਗ-ਦਰਸ਼ਕ ਬਣਨਾ ਪਵੇਗਾ।
ਵਿਦੇਸ਼ਾਂ ਵਿੱਚ ਪੜ੍ਹੇ ਬੱਚਿਆਂ ਦੀ ਸੋਚ, ਉਨ੍ਹਾਂ ਦਾ ਵਰਤੋਂ ਵਿਵਹਾਰ, ਉਨ੍ਹਾਂ ਦਾ ਆਪਣੇ ਫੈਸਲੇ ਖੁਦ ਲੈਣ ਦੀ ਜੁਰਅਤ ਅਤੇ ਆਪਣੀ ਜ਼ਿੰਦਗੀ ਨੂੰ ਆਪਣੇ ਢੰਗ ਨਾਲ ਜਿਊਣ ਦਾ ਅੰਦਾਜ਼, ਉਨ੍ਹਾਂ ਨੇ ਆਪਣੇ ਜਮਾਤੀਆਂ, ਸਹਿਕਰਮੀਆਂ ਅਤੇ ਸਾਥੀਆਂ ਤੋਂ ਸਿੱਖਣਾ ਹੈ, ਜਿਨ੍ਹਾਂ ਨਾਲ ਉਹ ਦਿਨ ਦਾ ਜ਼ਿਆਦਾ ਵਕਤ ਬਿਤਾਉਂਦੇ ਹਨ। ਸਿੱਖ ਪਰਿਵਾਰਾਂ ਦੇ ਬੱਚਿਆਂ ਦਾ ਕਲੀਨ ਸ਼ੇਵ ਹੋਣਾ, ਘਰਾਂ ਵਿੱਚ ਸਿਰਫ ਅੰਗੇਰੇਜੀ ਬੋਲਣੀ, ਵਿਆਹ ਤੋਂ ਪਹਿਲਾਂ ਕਈ ਸਾਲਾਂ ਤੀਕ ਲਿਵ-ਇਨ ਰਿਲੇਸ਼ਨ ਬਣਾਈ ਰੱਖਣਾ, ਗੈਰ-ਪੰਜਾਬੀ/ਭਾਰਤੀ ਲੜਕੀਆਂ/ਲੜਕਿਆਂ ਨਾਲ ਸਰੀਰਕ ਸਬੰਧ ਬਣਾਉਣੇ, ਵਿਆਹ ਕਰਵਾਉਣੇ, ਵਿਆਹ ਦੀ ਪਾਕੀਜ਼ਗੀ ਤੋਂ ਪ੍ਰਹੇਜ਼ ਕਰਨਾ ਆਮ ਹੈ। ਹੁਣ ਤਾਂ ਪੰਜਾਬੀ ਵੀ ਨਿਆਣਿਆਂ ਵਾਲੇ ਹੋ ਕੇ ਲਾਵਾਂ ਲੈਣ ਲੱਗ ਪਏ ਨੇ। ਵਿਆਹ ਦੀ ਪਰੰਪਰਾ ਨੂੰ ਨਕਾਰਨਾ ਸਾਡਾ ਖਾਸਾ ਬਣਦਾ ਜਾ ਰਿਹਾ ਹੈ।
ਕਈ ਵਾਰ ਕੁਝ ਪਰਵਾਸੀਆਂ ਨੂੰ ਕਹਿੰਦੇ ਸੁਣੀਦਾ ਹੈ ਕਿ ਪੰਜਾਬ ਵਿੱਚ ਅਸੀਂ ਅਫਸਰ ਸਾਂ, ਖੁੱਲ੍ਹੀ ਕਮਾਈ ਅਤੇ ਖੁੱਲ੍ਹਾ ਖਰਚ ਕਰਦੇ ਸਾਂ। ਜ਼ਿੰਦਗੀ ਸੌਖੀ ਸੀ। ਇੱਥੇ ਆ ਕੇ ਤੰਗੀਆਂ ਤੁਰਸ਼ੀਆਂ ਵਾਲੀ ਜ਼ਿੰਦਗੀ ਬਣ ਗਈ ਹੈ। ਇੱਕ ਪਛਤਾਵਾ ਉਨ੍ਹਾਂ ਦੇ ਮਨ ਵਿੱਚ ਹਰਦਮ ਪਨਪਦਾ ਰਹਿੰਦਾ ਹੈ। ਉਹ ਖੁਦ ਇਸ ਪਛਤਾਵੇ ਦੇ ਸੇਕ ਵਿੱਚ ਧੁਖਦੇ ਹਨ ਕਿ ਕਾਹਨੂੰ ਪਰਵਾਸ ਕਰਨਾ ਸੀ? ਉੱਥੇ ਹੀ ਭਲੇ ਸੀ। ਭਲਾ! ਉਨ੍ਹਾਂ ਭਲੇਮਾਣਸਾਂ ਨੂੰ ਕੋਈ ਪੁੱਛੇ ਕਿ ਕੀ ਕਿਸੇ ਵਿਦੇਸ਼ੀ ਸਫ਼ੀਰ ਨੇ ਤੁਹਾਡੇ ਤਰਲੇ ਕੀਤੇ ਸਨ ਕਿ ਤੁਸੀਂ ਸਾਡੇ ਦੇਸ਼ ਵਿੱਚ ਜ਼ਰੂਰ ਪਰਵਾਸ ਕਰੋ, ਸਾਡਾ ਤੁਹਾਡੇ ਬਗੈਰ ਸਰਦਾ ਨਹੀਂ। ਪ੍ਰਵਾਸ ਤਾਂ ਅਸੀਂ ਖੁਦ ਕਰਦੇ ਹਾਂ ਅਤੇ ਫਿਰ ਪਛਤਾਉਣ ਲੱਗਦੇ ਹਾਂ। ਦਰਅਸਲ ਸਾਡੇ ਪੰਜਾਬੀਆਂ ਦੀ ਇਹ ਆਦਤ ਹੈ ਕਿ ਅਸੀਂ ਉਹ ਕੁਝ ਜ਼ਰੂਰ ਕਰਨਾ ਹੈ, ਜੋ ਸਾਡੇ ਗਵਾਂਢੀ ਨੇ ਕੀਤਾ ਹੋਵੇ ਭਾਵੇਂ ਕਿ ਸਾਨੂੰ ਬਾਅਦ ਵਿੱਚ ਪਛਤਾਉਣਾ ਕਿਉਂ ਨਾ ਪਵੇ। ਕਈ ਲੋਕ ਆਪਣੇ ਰਿਸ਼ਤੇਦਾਰਾਂ, ਸਾਕ-ਸਬੰਧੀਆਂ ਜਾਂ ਦੋਸਤਾਂ-ਮਿੱਤਰਾਂ ਦੀ ਦੇਖਾ ਦੇਖੀ ਹੀ ਪਰਵਾਸ ਕਰਦੇ ਹਨ ਅਤੇ ਫਿਰ ਬੀਤੇ ਦੇ ਸੁਪਨੇ ਲੈਂਦੇ ਪਛਤਾਉਣ ਲੱਗਦੇ ਹਨ।
ਸਾਨੂੰ ਪਛਤਾਵਾ ਤਾਂ ਉਸ ਗੱਲ, ਵਰਤਾਰੇ, ਕਾਰਨ ਜਾਂ ਵਿਵਹਾਰ ਦਾ ਕਰਨਾ ਚਾਹੀਦਾ ਜਿਹੜਾ ਸਾਡੀ ਆਸ ਤੋਂ ਉਲਟ ਹੋਵੇ ਜਾਂ ਜਿਹੜੀ ਧਾਰਨਾ ਸਾਡੇ ਉੱਤੇ ਕਿਸੇ ਨੇ ਠੋਸੀ ਹੋਵੇ ਅਤੇ ਨਾ ਚਾਹੁੰਦਿਆਂ ਅਜਿਹਾ ਕੁਝ ਕੀਤਾ ਹੋਵੇ, ਜਿਹੜਾ ਸਾਡਾ ਮਨ ਨਹੀਂ ਸੀ ਕਰਨਾ ਚਾਹੁੰਦਾ ਸੀ। ਪਰਵਾਸ ਤਾਂ ਬੰਦਾ ਖੁਦ ਕਰਦਾ ਹੈ, ਫਿਰ ਇਹ ਤਾਂ ਬੰਦੇ ਦੀ ਸੋਚ ਦਾ ਕਸੂਰ ਹੋਇਆ ਕਿ ਉਸਨੇ ਭਵਿੱਖਮੁਖੀ ਅਸਰਾਂ ਤੋਂ ਅਣਜਾਣ ਹੋ ਕੇ ਥੋੜ੍ਹ-ਚਿਰੇ ਹਿਤਾਂ ਦੀ ਪੂਰਤੀ ਲਈ ਕੁਝ ਅਜਿਹਾ ਕਰ ਲਿਆ, ਜਿਸ ਕਰਕੇ ਸਾਰੀ ਉਮਰ ਦਾ ਪਛਤਾਵਾ ਉਸਦੇ ਪੱਲੇ ਪੈ ਗਿਆ।
ਦਰਅਸਲ ਕਈ ਵਾਰ ਇੰਝ ਵੀ ਹੁੰਦਾ ਹੈ ਕਿ ਤੁਸੀਂ ਪਛਤਾਉਂਦੇ ਨਹੀਂ, ਤੁਹਾਡੇ ਲਈ ਤੁਹਾਡਾ ਲਿਆ ਹੋਇਆ ਫੈਸਲਾ ਸਹੀ ਹੁੰਦਾ। ਪਰ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਤੁਹਾਨੂੰ ਅਹਿਸਾਸ ਕਰਵਾਉਂਦੇ ਕਿ ਤੁਸੀਂ ਪ੍ਰਵਾਸ ਕਰਕੇ ਬਹੁਤ ਵੱਡੀ ਗਲਤੀ ਕੀਤੀ ਹੈ। ਉਨ੍ਹਾਂ ਦੀਆਂ ਗੱਲਾਂ ਵਿੱਚ ਆ ਕੇ ਤੁਸੀਂ ਪਛਤਾਉਣ ਲਗਦੇ ਹੋ।
ਇੱਕ ਵੇਰ ਇੱਕ ਪਾਰਟੀ ਵਿੱਚ ਮੇਰਾ ਜਾਣਕਾਰ ਆਪਣੇ ਕਿਸੇ ਦੋਸਤ ਨੂੰ ਮੇਰੇ ਵੱਲ ਇਸ਼ਾਰਾ ਕਰਕੇ ਕਹਿਣ ਲੱਗਾ ਕਿ ਇਹ ਪੰਜਾਬ ਵਿੱਚ ਪ੍ਰੋਫੈਸਰ ਸੀ। ਮੇਰੇ ਜਾਣਕਾਰ ਦੇ ਦੋਸਤ ਨੇ ਮੇਰੇ ਵੱਲ ਕੁਣੱਖਾ ਜਿਹਾ ਝਾਕਦਿਆਂ ਕਿਹਾ, “ਹਾਂ! ਇੱਥੇ ਆ ਕੇ ਸਾਰੇ ਹੀ ਆਪਣੇ ਆਪ ਨੂੰ ਪ੍ਰੋਫੈਸਰ ਹੀ ਦੱਸਦੇ ਆ ਭਾਵੇਂ ਉੱਥੇ ਕਿਸੇ ਸਕੂਲ ਵਿੱਚ ਚਪੜਾਸੀ ਲੱਗੇ ਹੋਏ ਹੋਣ।”
ਇਹ ਸੁਣ ਕੇ ਮੈਂ ਭੁਚੱਕਾ ਰਹਿ ਗਿਆ ਕਿ ਇਹ ਲੋਕ ਕੇਹੀ ਹੀਣ ਭਾਵਨਾ ਦੇ ਸ਼ਿਕਾਰ ਹਨ ਕਿ ਕਿਸੇ ਦਾ ਪ੍ਰੋਫੈਸਰ ਹੋਣਾ ਵੀ ਨਹੀਂ ਜਰ ਸਕਦੇ। ਜਦੋਂ ਮੇਰੇ ਜਾਣਕਾਰ ਨੇ ਆਪਣੇ ਦੋਸਤ ਨੂੰ ਹਲੂਦਿਆਂ ਕਿਹਾ ਕਿ ਹੋਸ਼ ਨਾਲ ਬੋਲ। ਇਹ ਪੰਜਾਬ ਵਿੱਚ ਹੀ ਪ੍ਰੋਫੈਸਰ ਨਹੀਂ ਸਨ, ਇੱਥੇ ਵੀ ਯੂਨੀਵਰਸਿਟੀ ਵਿੱਚ ਪੜ੍ਹਾਉਂਦੇ ਹਨ ਤਾਂ ਉਹ ਸੱਜਣ ਲਮਕਾਵਾਂ ਜਿਹਾ ‘ਅੱਛਾ’ ਕਹਿ ਕੇ ਸਾਥੋਂ ਦੂਰ ਚਲੇ ਗਿਆ। ਅਜਿਹੇ ਬੰਦਿਆਂ ਦਾ ਮਾਨਸਿਕ ਦਿਵਾਲੀਆਪਣ ਭਾਵੁਕ ਬੰਦੇ ਨੂੰ ਬਹੁਤ ਪੀੜਿਤ ਕਰਦਾ ਹੈ। ਫਿਰ ਉਹ ਸੋਚਣ ਲਗਦਾ ਕਿ ਅਜਿਹੇ ਲੋਕਾਂ ਦੀ ਮਾੜੀ ਸੋਚਣੀ ਅਤੇ ਗਰੀਬ ਮਾਨਸਿਕਤਾ ਦਾ ਸ਼ਿਕਾਰ ਹੋਣ ਦੀ ਬਜਾਏ ਪਰਵਾਸ ਨਾ ਹੀ ਕਰਦੇ ਤਾਂ ਚੰਗਾ ਸੀ। ਇੱਕ ਬੇਲੋੜਾ ਪਛਤਾਵਾ ਮਨ ’ਤੇ ਤਾਰੀ ਹੋ ਜਾਂਦਾ ਹੈ।
ਸਭ ਤੋਂ ਜ਼ਿਆਦਾ ਪਛਤਾਵਾ ਉਨ੍ਹਾਂ ਪਰਵਾਸੀਆਂ ਨੂੰ ਹੁੰਦਾ ਹੈ ਜਿਨ੍ਹਾਂ ਨੇ ਸਾਰੀਆਂ ਸੁੱਖ-ਸਹੂਲਤਾਂ ਮਾਣੀਆਂ ਹੁੰਦੀਆਂ ਹਨ, ਨੌਕਰਾਂ-ਚਾਕਰਾਂ ’ਤੇ ਹੁਕਮ ਚਲਾਏ ਹੁੰਦੇ ਹਨ, ਮਾਤਹਿਤਾਂ ’ਤੇ ਰੋਹਬ ਪਾਇਆ ਹੁੰਦਾ ਹੈ ਅਤੇ ਕਦੇ ਵੀ ਕਿਸੇ ਕੰਮ ਨੂੰ ਹੱਥ ਨਹੀਂ ਲਾਇਆ ਹੁੰਦਾ। ਜਦੋਂ ਉਨ੍ਹਾਂ ਨੂੰ ਹਰ ਕੰਮ ਹੱਥੀਂ ਕਰਨਾ ਪੈਂਦਾ ਹੈ, ਜੀਵਨ ਦੀਆਂ ਕਰੂਰ ਹਾਲਤਾਂ ਦੇ ਰੁਬਰੂ ਹੋਣਾ ਪੈਂਦਾ ਹੈ, ਕੋਠੀਆਂ ਛੱਡ ਕੇ ਇੱਕ ਬੇਸਮੈਂਟ ਤੋਂ ਆਪਣੇ ਜ਼ਿੰਦਗੀ ਨੂੰ ਰੇੜ੍ਹਨਾ ਪੈਂਦਾ ਹੈ। ਆਪਣੀ ਬੇਗਾਨਗੀ ਨੂੰ ਆਪਣੀ ਪਛਾਣ ਵੰਨੀਂ ਤੋਰਨ ਲਈ ਕਠਨ ਮਿਹਨਤ ਕਰਨੀ ਪੈਂਦੀ ਹੈ ਜਿਸਦੇ ਉਹ ਅਕਸਰ ਆਦੀ ਨਹੀਂ ਹੁੰਦੇ ਕਿਉਂਕਿ ਉਹ ਮੂੰਹ ਵਿੱਚ ਸੋਨੇ ਦਾ ਚਮਚਾ ਲੈ ਕੇ ਜਨਮੇ ਹੁੰਦੇ ਹਨ ਤਾਂ ਉਨ੍ਹਾਂ ਦੇ ਮਨਾਂ ਵਿੱਚ ਪਛਤਾਵੇ ਦਾ ਗੁਬਾਰ ਫੁੱਟਦਾ ਹੈ।
ਕਈ ਵਾਰ ਬੰਦਾ ਪਛਤਾਵੇ ਵਿੱਚ ਇੰਨਾ ਗਲਤਾਨ ਹੋ ਜਾਂਦਾ ਕਿ ਉਹ ਹਰ ਹੀਲੇ ਆਪਣੇ ਪਿੰਡ, ਖੇਤਾਂ, ਗਲੀਆਂ ਨੂੰ ਉਡ ਜਾਣਾ ਲੋਚਦਾ ਹੈ। ਉਸਦੀ ਰੂਹ ਪ੍ਰਵਾਸ ਦੇ ਪਿੰਜਰੇ ਤੋਂ ਅਜ਼ਾਦ ਹੋਣਾ ਲੋਚਦੀ ਹੈ ਅਤੇ ਉਹ ਆਪਣੇ ਪਿੰਡ ਦੀ ਖੁੱਲ੍ਹੀ ਫਿਜ਼ਾ ਵਿੱਚ ਡੂੰਘੇ ਸਾਹ ਲੈ, ਆਪਣੇ ਖੇਤਾਂ ਦੀਆਂ ਫਸਲਾਂ ਦੀ ਮਹਿਕ ਨੂੰ ਅੰਦਰ ਰਚਾਉਣਾ ਚਾਹੁੰਦਾ ਹੈ। ਉਸਦੀ ਭਾਵੁਕਤਾ ਉਸ ਉੱਤੇ ਇੰਨੀ ਹਾਵੀ ਹੋ ਜਾਂਦੀ ਹੈ ਕਿ ਉਹ ਆਪਣੀਆਂ ਖੁਸ਼ੀਆਂ ਦੀ ਧੂਣੀ ਸੇਕਦਾ ਹੋਇਆ ਖੁਦ ਨੂੰ ਬੀਤੇ ਵਿੱਚ ਲੈ ਜਾਣਾ ਚਾਹੁੰਦਾ ਹੈ। ਇੱਕ ਅਜਿਹਾ ਹੀ ਦ੍ਰਿਸ਼ ਬੀਤੇ ਸਮੇਂ ਵਿੱਚ ਮੈਂ ਖੁਦ ਦੇਖਿਆ। ਕੈਨੇਡਾ (ਬਰੈਂਪਟਨ) ਵਿੱਚ ਸ਼ਾਮ ਨੂੰ ਬੱਸ ਦਾ ਸਫਰ ਕਰ ਰਿਹਾ ਸਾਂ ਤਾਂ ਨਸ਼ੇ ਵਿੱਚ ਟੁੰਨ ਇੱਕ ਲੁੜ੍ਹਕਦਾ ਹੋਇਆ ਪੰਜਾਬੀ ਬੱਸ ਵਿੱਚ ਆ ਚੜ੍ਹਿਆ। ਜਦੋਂ ਡਰਾਈਵਰ ਨੇ ਟਿਕਟ ਦੇਣ ਲਈ ਪੁੱਛਿਆ ਕਿ ਕਿੱਥੇ ਜਾਣਾ ਹੈ ਤਾਂ ਉਹ ਕਹਿਣ ਲੱਗਾ ਕਿ ਡਿਕਸੀ-ਡੇਰੀ-ਮੁੱਲਾਂਪੁਰ। ਡਰਾਈਵਰ ਨੂੰ ਡਿਕਸੀ-ਡੇਰੀ ਇੰਟਰਸੈਕਸ਼ਨ ਦੀ ਸਮਝ ਤਾਂ ਆਵੇ ਪਰ ਉਹ ਹਰ ਵਾਰ ‘ਡਿਕਸੀ-ਡੇਰੀ-ਮੁੱਲਾਂਪੁਰ’ ਸੁਣ ਕੇ ਭਵੰਤਰ ਜਾਵੇ। ਡਿਕਸੀ-ਡੇਰੀ ’ਤੇ ਬੱਸ ਰੁਕੀ ਤਾਂ ਡਰਾਈਵਰ ਨੇ ਉੱਤਰਨ ਲਈ ਕਿਹਾ ਤਾਂ ਉਹ ਕਹਿੰਦਾ, “ਨਹੀਂ ਉੱਤਰਨਾ। ਮੈਂ ਤਾਂ ਡਿਕਸੀ-ਡੇਰੀ-ਮੁੱਲਾਂਪੁਰ ਜਾਣਾ। ਮੁਲਾਂਪੁਰ ਤੋਂ ਮੈਂ ਆਪਣੇ ਯਾਰ ਦੀ ਗੱਡੀ ਲੈ ਕੇ ਪਿੰਡ ਜਾਣਾ ਅਤੇ ਆਪਣੇ ਯਾਰਾਂ ਦੋਸਤਾਂ ਅਤੇ ਮਾਂ ਪਿਓ ਨੂੰ ਮਿਲਣਾ। ਮੈਂ ਡਿਕਸੀ ਡੇਰੀ ਮੁਲਾਂਪੁਰ ਹੀ ਜਾਣਾ।” ਦਰਅਸਲ ਇਹ ਉਸਦੇ ਅੰਦਰ ਵਿੱਚ ਆਪਣੇ ਪਿੰਡ ਲਈ ਹੇਰਵਾ ਦੇ ਨਾਲ ਨਾਲ ਆਪਣੇ ਪਰਿਵਾਰ ਨੂੰ ਛੱਡ ਕੇ ਪਰਵਾਸ ਕਰਨ ਦਾ ਪਚਤਾਵਾ ਸੀ। ਆਪਣਿਆਂ ਨੂੰ ਮਿਲਣ ਦੀ ਚਾਹਨਾ ਸੀ ਕਿ ਮੈਂ ਇੰਨਾ ਦੂਰ ਰਹਿੰਦਿਆਂ ਕਿੰਨੇ ਚਿਰ ਤੋਂ ਆਪਣਿਆਂ ਨੂੰ ਮਿਲ ਹੀ ਨਹੀਂ ਸਕਿਆ। ਇਹ ਬੰਦੇ ਦੇ ਅੰਦਰ ਵਸਦਾ ਹੇਰਵਾ, ਪਛਤਾਵਾ, ਪ੍ਰਵਾਸ ਦੀ ਪੀੜਾ ਅਤੇ ਪੰਜਾਬ ਦੀ ਯਾਦ ਦਾ ਮਿਸ਼ਰਣ ਸੀ।
ਪਛਤਾਵਾ ਤਾਂ ਹੁੰਦਾ ਹੀ ਹੈ ਆਪਣੇ ਭੈਣ-ਭਰਾਵਾਂ ਤੋਂ ਦੂਰ ਜਾਣ ਦਾ, ਆਪਣੇ ਘਰ ਨੂੰ ਆਪਣੇ ਹੱਥੀਂ ਜਿੰਦਰੇ ਲਾਉਣ ਦਾ, ਆਪਣੇ ਮਾਪਿਆਂ ਦੀਆਂ ਦੁਆਵਾਂ ਅਤੇ ਅਸੀਸਾਂ ਤੋਂ ਵਿਰਵੇ ਹੋਣ ਦਾ, ਆਪਣੇ ਸੱਜਣਾਂ-ਮਿੱਤਰਾਂ ਦੀਆਂ ਯਾਰੀਆਂ ਦਾ ਬੇਤੁਕੱਲਫ਼ੀ ਨਾਲ ਨਿੱਘ ਨਾ ਮਾਣਨ ਦਾ, ਖੇਤਾਂ ਵੰਨੀਂ ਗੇੜਾ ਨਾ ਲਾਉਣ ਦਾ, ਮੇਲੇ ਮੱਸਿਆ ਦੀਆਂ ਰੌਣਕਾਂ ਵਿੱਚੋਂ ਗੈਰ-ਹਾਜ਼ਰ ਹੋਣ ਦਾ ਅਤੇ ਅਤੇ ਆਪਣੀ ਪਹਿਲੀ ਜ਼ਿੰਦਗੀ ਤੋਂ ਦੂਰ ਹੋ ਜਾਣ ਦਾ। ਪਰ ਇਸ ਪਛਤਾਵੇ ਵਿੱਚੋਂ ਸਾਨੂੰ ਉਹ ਰੰਗ ਜ਼ਰੂਰ ਨਜ਼ਰ ਆਉਣਾ ਚਾਹੀਦਾ ਕਿ ਇਸ ਪਛਤਾਵੇ ਦੇ ਬਾਵਜੂਦ ਤੁਸੀਂ ਉਹ ਕੁਝ ਪ੍ਰਾਪਤ ਕਰ ਲਿਆ ਜਿਸਦੀ ਤੁਸੀਂ ਕਦੇ ਤੁਵੱਕੋ ਕੀਤੀ ਸੀ। ਤੁਸੀਂ ਇੱਕ ਸਾਫ-ਸੁਥਰੇ, ਸੁਰੱਖਿਅਤ ਸਮਾਜ ਵਿੱਚ ਆਪਣੇ ਸੁਪਨਿਆਂ ਦੀ ਪ੍ਰਵਾਜ਼ ਭਰ ਸਕਦੇ ਹੋ, ਆਪਣੀਆਂ ਤਰਜੀਹਾਂ ਅਤੇ ਤਮੰਨਾਵਾਂ ਨੂੰ ਤ੍ਰਿਪਤ ਕਰ ਸਕਦੇ ਹੋ, ਆਪਣੀਆਂ ਕਲਾ-ਬਿਰਤੀਆਂ ਵਿੱਚ ਸਕੂਨ ਅਤੇ ਸਹਿਜ ਦਾ ਸਿਮਰਨ ਕਰਕੇ ਆਪਣੀ ਸੰਵੇਦਨਾ ਵਿੱਚ ਸੂਖਮ ਰੰਗ ਭਰ ਸਕਦੇ ਹੋ। ਤੁਸੀਂ ਕਿਸੇ ਬਾਹਰੀ ਦਖਲ ਤੋਂ ਬਗੈਰ ਆਪਣੀ ਜ਼ਿੰਦਗੀ ਨੂੰ ਆਪਣੇ ਰੰਗ ਵਿੱਚ ਮਾਣਦੇ, ਬੇਲੋੜੀਆਂ ਦੁਸ਼ਮਣੀਆਂ, ਨਫਰਤਾਂ, ਈਰਖ਼ਾ ਅਤੇ ਦਵੈਸ਼ ਤੋਂ ਨਿਜਾਤ ਪਾ, ਆਪਣਾ ਜੀਵਨ ਜੀਅ ਸਕਦੇ ਹੋ।
ਦਰਅਸਲ ਪਛਤਾਵਾ ਕਰਨ ਦੀ ਬਜਾਏ ਖੁਦ ਦਾ ਚਿੰਤਨ ਹੋਣਾ ਚਾਹੀਦਾ ਹੈ, ਆਪਣੇ ਆਪ ਨਾਲ ਸੰਵਾਦ ਰਚਾਉਣਾ, ਆਪਣੇ ਅੰਤਰੀਵ ਨੂੰ ਉਲਥਾਉਣਾ, ਆਪਣੀਆਂ ਉਨ੍ਹਾਂ ਸੁੱਤੀਆਂ ਬਿਰਤੀਆਂ ਨੂੰ ਜਗਾਉਣਾ ਚਾਹੀਦਾ ਹੈ ਤਾਂ ਕਿ ਪਛਤਾਵੇ ਦਾ ਪਸਚਾਤਾਪ ਕਰਨ ਦੀ ਬਜਾਏ ਪਛਤਾਵੇ ਦੀ ਮੁਹਾਰ ਨੂੰ ਉਸਾਰੂ ਬਿਰਤੀਆਂ ਵੱਲ ਸੇਧਤ ਕੀਤਾ ਜਾਵੇ ਤਾਂ ਕਿ ਪਛਤਾਵੇ ਵਿੱਚੋਂ ਨਿਕਲ ਨੇ ਨਵੀਂਆਂ ਪ੍ਰਸਥਿਤੀਆਂ ਅਤੇ ਹਾਲਤਾਂ ਅਨੁਸਾਰ ਖੁਦ ਨੂੰ ਢਾਲ ਕੇ ਕੁਝ ਅਜਿਹਾ ਕਰੋ ਕਿ ਤੁਹਾਡੇ ਲਈ ਪਛਤਾਵਾ ਬੇਮਾਅਨਾ ਹੋ ਜਾਵੇ। ਤੁਸੀਂ ਪਰਵਾਸ ਵਿੱਚ ਕੀਤੀਆਂ ਪ੍ਰਾਪਤੀਆਂ ਦੇ ਜਸ਼ਨਾਂ ਵਿੱਚ ਖ਼ੁਦ ਨੂੰ ਇੰਨਾ ਰੁਝਾ ਲਵੋ ਕਿ ਤੁਹਾਡੀ ਮਾਨਸਿਕਤਾ ਵਿੱਚ ਹਰ ਪਲ ਜ਼ਿੰਦਗੀ ਦਾ ਸਭ ਤੋਂ ਸੁੰਦਰ ਪਲ ਬਣ ਜਾਵੇ। ਜ਼ਿੰਦਗੀ ਨੂੰ ਸੁਰਖ ਪਲ ਬਣਾ ਕੇ ਜ਼ਿੰਦਗੀ ਦੇ ਸੂਹੇ ਰੰਗਾਂ ਨੂੰ ਜੀਵਨ ਦੇ ਰੰਗਾਂ ਨਾਲ ਤਸ਼ਬੀਹ ਦੇਣੀ ਸਿੱਖ ਲਈਏ ਤਾਂ ਸਮਝੋ ਕਿ ਤੁਸੀਂ ਪਛਤਾਵੇ ਦੀਆਂ ਹਨੇਰੀ ਖੁੰਦਰ ਵਿੱਚੋਂ ਸਦਾ ਲਈ ਹੀ ਬਾਹਰ ਆ ਗਏ। ਇਹੀ ਤਾਂ ਪਰਵਾਸੀਆਂ ਲਈ ਸਭ ਤੋਂ ਸੁੰਦਰ, ਸਾਰਥਿਕ ਅਤੇ ਸੁਖਨਮਈ ਸੋਚ ਦਾ ਸਰੂਪ ਹੋਵੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (