“ਚੱਲੋ, ਅੱਜ ਤੋਂ ਕੁਝ ਤਾਂ ਅਜਿਹਾ ਸੋਚੀਏ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਆਪਣੇ ...”
(23 ਅਪਰੈਲ 2026)
ਸੱਚੋ-ਸੱਚ ਬੋਲ ਫਕੀਰਾ, ਦੱਸ ਜ਼ਿੰਦਗੀ ਦਾ ਰਾਜ਼। ਕਿਹੜੇ ਵਕਤ ਦਾ ਲੇਖਾ ਹੁੰਦੈ, ਕਿਹੜਾ ਜੀਵਨ ਰਾਜ਼? ਕਿਹੜੇ ਵੇਲੇ ਭਰਨੀ ਚਾਹੀਦੀ, ਅੰਬਰ ਵਿੱਚ ਪ੍ਰਵਾਜ਼ … ਤਾਂ ਕਿ ਜੀਵਨ ਨੂੰ ਮਾਣੇ, ਸਾਹਾਂ ਸੰਦੜਾ ਸਾਜ਼। ਇਸਦੀ ਰੂਹ ਵਿੱਚੋਂ ਸਦਾ ਸੁਣੇਸੀ, ਜੀਣ, ਜਸ਼ਨ, ਅੰਦਾਜ਼।
ਜ਼ਿੰਦਗੀ ਬਹੁਤ ਹੀ ਖੂਬਸੂਰਤ ਹੈ। ਜਿਊਣਾ ਅਤੇ ਜਿਊਣ ਨੂੰ ਮਾਣਨਾ ਦੋ ਵੱਖ-ਵੱਖ ਪਹਿਲੂ। ਕੀ ਕਦੇ ਸੋਚਿਆ ਹੈ ਕਿ ਅਸੀਂ ਜ਼ਿੰਦਗੀ ਨੂੰ ਜਿਊਂਦੇ ਹਾਂ ਜਾਂ ਜ਼ਿੰਦਗੀ ਸਾਨੂੰ ਜਿਉਂ ਰਹੀ ਹੈ? ਕੀ ਅਸੀਂ ਜ਼ਿੰਦਗੀ ਦੇ ਹਰ ਪਲ ਨੂੰ ਖ਼ੂਬਸੂਰਤ ਬਣਾਉਣ ਲਈ ਕੋਈ ਉਪਰਾਲਾ ਕਰਦੇ ਹਾਂ? ਕੀ ਜ਼ਿੰਦਗੀ ਦੇ ਹਰ ਪਲ ਨੂੰ ਕੰਜੂਸੀ ਨਾਲ ਵਰਤਦਿਆਂ ਇਸਦੇ ਸਾਹਾਂ ਦੀ ਸੰਘੀ ਨੱਪੀ ਰੱਖਦੇ ਹਾਂ?
ਜੀਵਨ ਦੇ ਮੁਢਲੇ ਪੜਾਅ ਵਿੱਚ ਸਥਾਪਤੀ ਲਈ ਜੱਦੋਜਹਿਦ ਕਰਦਿਆਂ ਸਾਨੂੰ ਅਕਸਰ ਹੀ ਜ਼ਿੰਦਗੀ ਦੇ ਸੁਹਾਵਣੇ ਪਲ੍ਹਾਂ ਦਾ ਚੇਤਾ ਭੁੱਲ ਜਾਂਦਾ ਹੈ। ਅਸੀਂ ਇਸ ਜੱਦੋਜਹਿਦ ਵਿੱਚੋਂ ਹੀ ਆਪਣੇ ਹਿੱਸੇ ਦਾ ਅੰਬਰ ਅਤੇ ਆਪਣੇ ਸਿਰ ਗੋਚਰੀ ਥਾਂ ਜੁ ਤਲਾਸ਼ਣੀ ਹੁੰਦੀ ਹੈ। ਸਿਰ ਦੀ ਛੱਤ ਲਈ ਵੀ ਹੰਭਲਾ ਮਾਰਨਾ ਹੁੰਦਾ ਹੈ। ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਲਈ ਖੁਦ ਨੂੰ ਇੰਨਾ ਕੁ ਸਮਰੱਥ ਕਰਨਾ ਹੁੰਦਾ ਹੈ ਕਿ ਇਸ ਬੋਝ ਥੱਲੇ ਸਾਡਾ ਲੱਕ ਹੀ ਕੁੱਬਾ ਨਾ ਹੋ ਜਾਵੇ। ਅਸੀਂ ਆਪਣੀ ਧੌਣ ਉੱਚੀ ਕਰਕੇ ਜੀਵਨ ਮਾਰਗ ਦੇ ਪਾਂਧੀ ਬਣੇ ਰਹੀਏ। ਪਰ ਕੀ ਸਾਰੀ ਉਮਰ ਹੀ ਅਸੀਂ ਆਪਣੇ ਹਿੱਸੇ ਦੀ ਜ਼ਿੰਦਗੀ ਤੋਂ ਅਵੇਸਲੇ ਰਹਿ ਕੇ ਸਾਹਾਂ ਨੂੰ ਸਮੇਟ ਇਸ ਜਹਾਨੋਂ ਹੀ ਤੁਰ ਜਾਣਾ ਹੈ? ਇਹ ਸਵਾਲ ਹਰ ਉਸ ਵਿਅਕਤੀ ਦੇ ਮਨ ਵਿੱਚ ਜ਼ਰੂਰ ਆਉਣਾ ਚਾਹੀਦਾ ਹੈ ਜੋ ਆਪਣੇ ਆਪ ਤੋਂ ਬੇਮੁੱਖ ਹੋ ਕੇ ਕੋਹਲੂ ਦਾ ਬਲਦ ਬਣਿਆ ਹੋਇਆ ਹੈ।
ਅਸੀਂ ਅਕਸਰ ਹੀ ਆਪਣੀਆਂ ਸੱਤ ਪੁੱਸ਼ਤਾਂ ਲਈ ਧਨ ਇਕੱਠਾ ਕਰਨ ਦੀ ਹੋੜ ਵਿੱਚ ਆਪਣਾ ਵਰਤਮਾਨ ਦਾਅ ’ਤੇ ਲਾ ਦਿੰਦੇ ਹਾਂ। ਸਾਨੂੰ ਇਹ ਭਰਮ ਹੁੰਦਾ ਹੈ ਕਿ ਸ਼ਾਇਦ ਸਾਡੀ ਅਗਲੀ ਨਸਲ ਨੇ ਕਿਸੇ ਜੋਗੀ ਨਹੀਂ ਰਹਿਣਾ। ਅਸੀਂ ਉਨ੍ਹਾਂ ਦੇ ਕੱਲ੍ਹ ਦੇ ਫਿਕਰ ਵਿੱਚ ਆਪਣਾ ਅੱਜ ਦਾਅ ’ਤੇ ਲਾ ਦਿੰਦੇ ਹਾਂ।
ਯਾਦ ਰਹੇ ਕਿ ਆਪਣੇ ਬੱਚਿਆਂ ਨੂੰ ਧਨ ਨਾ ਦਿਓ ਸਗੋਂ ਉਹਨਾਂ ਨੂੰ ਧਨ ਕਮਾਉਣ ਦੇ ਯੋਗ ਬਣਾਓ। ਤੁਹਾਡਾ ਦਿੱਤਾ ਹੋਇਆ ਧਨ ਤਾਂ ਉਹ ਬੜੀ ਜਲਦੀ ਉਡਾ ਹੀ ਦੇਣਗੇ ਪਰ ਜੇ ਉਹ ਖੁਦ ਕਮਾਈ ਕਰਨ ਦੇ ਯੋਗ ਹੋ ਗਏ ਤਾਂ ਉਹ ਆਪਣੀਆਂ ਆਰਥਿਕ ਲੋੜਾਂ ਦੀ ਪੂਰਤੀ ਖੁਦ ਕਰ ਲੈਣਗੇ।
ਬੱਚਿਆਂ ਨੂੰ ਧਨ ਨਹੀਂ ਸਗੋਂ ਉਨ੍ਹਾਂ ਨੂੰ ਤੁਹਾਡੇ ਵਕਤ ਦੀ ਲੋੜ ਹੈ ਕਿ ਤੁਸੀਂ ਉਨ੍ਹਾਂ ਨਾਲ ਕਿੰਨਾ ਸਮਾਂ ਬਿਤਾਉਂਦੇ ਹੋ? ਉਨ੍ਹਾਂ ਨਾਲ ਕਿਸ ਕਿਸਮ ਦਾ ਰਿਸ਼ਤਾ ਬਣਾਉਂਦੇ ਹੋ? ਆਪਣੇ ਨਾਲ ਕਿੰਝ ਜੋੜਦੇ ਹੋ? ਉਨ੍ਹਾਂ ਦੇ ਪੱਧਰ ’ਤੇ ਉਨ੍ਹਾਂ ਵਾਂਗ ਸੋਚਦੇ, ਉਨ੍ਹਾਂ ਨੂੰ ਆਪਣੇ ਪੈਰਾਂ ’ਤੇ ਖੜ੍ਹਨ ਅਤੇ ਸੁਪਨੇ ਪੂਰੇ ਕਰਨ ਲਈ ਕਿੰਨੀ ਕੁ ਹੱਲਾਸ਼ੇਰੀ ਅਤੇ ਹੌਸਲਾ ਦਿੰਦੇ ਹੋ?
ਸਾਡੀ ਪੰਜਾਬੀਆਂ ਦੀ ਫਿਤਰਤ ਹੈ ਕਿ ਅਸੀਂ ਆਪ ਤਾਂ ਚੱਜ ਦਾ ਖਾਂਦੇ ਜਾਂ ਹੰਢਾਉਂਦੇ ਨਹੀਂ ਸਗੋਂ ਧਨ ’ਤੇ ਕੁੰਡਲੀ ਮਾਰ ਕੇ ਬੈਠਦੇ ਹਾਂ। ਕਈ ਵਾਰ ਆਪਣੀ ਔਲਾਦ ਨੂੰ ਵੀ ਭੇਤ ਨਹੀਂ ਦਿੰਦੇ। ਲੋੜੀਂਦੇ ਆਰਥਿਕ ਸਹਿਯੋਗ ਤੋਂ ਬਗੈਰ ਜੇ ਔਲਾਦ ਹੀ ਭਟਕ ਗਈ ਤਾਂ ਜਮ੍ਹਾਂ ਕੀਤੇ ਧਨ ਦਾ ਕੀ ਅਰਥ ਰਹਿ ਜਾਵੇਗਾ? ਬਜ਼ੁਰਗਾਂ ਨੂੰ ਇਹ ਲਗਦਾ ਕਿ ਅਸੀਂ ਜਿੰਨਾ ਧਨ ਆਪਣੇ ਕੋਲ ਜਮ੍ਹਾਂ ਰੱਖਾਂਗੇ, ਸਾਡੀ ਔਲਾਦ ਉਸ ਧਨ ਦੇ ਲਾਲਚ ਵਿੱਚ ਬਜ਼ੁਰਗੀ ਵੇਲੇ ਸਾਡੀ ਦੇਖਭਾਲ ਕਰੇਗੀ ਅਤੇ ਸਾਡਾ ਆਖਰੀ ਵੇਲਾ ਬਹੁਤ ਸੌਖਾ ਹੋਵੇਗਾ। ਯਾਦ ਰਹੇ ਕਿ ਇੰਝ ਨਹੀਂ ਹੁੰਦਾ। ਬੱਚਿਆਂ ਨੇ ਸੇਵਾ ਉਨ੍ਹਾਂ ਦੀ ਮਾਨਸਿਕਤਾ, ਮਿਲੇ ਸੰਸਕਾਰਾਂ, ਹੋਈ ਪਰਿਵਰਸ਼ ਅਤੇ ਦੇਖੇ ਅਤੇ ਹੰਢਾਏ ਹਾਲਾਤ ਨੂੰ ਸਮਝਦਿਆਂ ਹੀ ਕਰਨੀ ਹੁੰਦੀ ਹੈ।
ਅੱਜ ਕੱਲ੍ਹ ਤਾਂ ਬੱਚੇ ਅਕਸਰ ਹੀ ਕਹਿ ਦਿੰਦੇ ਹਨ ਕਿ ਸਾਨੂੰ ਤੁਹਾਡੇ ਪੈਸਿਆਂ ਦੀ ਲੋੜ ਨਹੀਂ, ਤੁਸੀਂ ਆਪਣੀ ਜ਼ਿੰਦਗੀ ਨੂੰ ਮਾਣੋ। ਪਰ ਕੀ ਅਸੀਂ ਕਦੇ ਇਸ ’ਤੇ ਅਮਲ ਕਰਦੇ ਹਾਂ? ਇਹ ਬਹੁਤ ਵੱਡਾ ਪ੍ਰਸ਼ਨ ਹੈ ਅਤੇ ਇਸਦਾ ਜਵਾਬ ਵੀ ਸਾਨੂੰ ਹੀ ਦੇਣਾ ਪੈਣਾ ਹੈ। ਔਲਾਦ ਆਪਣੇ ਮਾਪਿਆਂ ਪ੍ਰਤੀ ਕਿੰਨੀ ਕੁ ਸੰਵੇਦਨਸ਼ੀਲ ਹੈ, ਇਹ ਮੈਂ ਕੈਨੇਡਾ/ਅਮਰੀਕਾ ਵਿੱਚ ਰਹਿੰਦਿਆਂ ਬਹੁਤ ਨੇੜਿਉਂ ਪ੍ਰਤੱਖ ਦੇਖਿਆ ਹੈ। ਇੱਕ ਰਿਟਾਇਰਡ ਬਜ਼ੁਰਗ ਜੋੜੇ ਨੇ ਆਪਣਾ ਸਭ ਕੁਝ ਵੇਚ ਵੱਟ ਕੇ ਆਪਣੇ ਬੱਚਿਆਂ ਨੂੰ ਦੇ ਦਿੱਤਾ ਤਾਂ ਕਿ ਉਨ੍ਹਾਂ ਦੇ ਬੱਚੇ ਵਿਦੇਸ਼ ਵਿੱਚ ਆਪਣਾ ਘਰ ਲੈ ਲੈਣ ਅਤੇ ਉਨ੍ਹਾਂ ਦਾ ਬਢੇਪਾ ਵੀ ਬਹੁਤ ਸੁਖਾਲਾ ਹੋਵੇਗਾ। ਔਲਾਦ ਨੇ ਮਾਪਿਆਂ ਨੂੰ ਘਰ ਦੀ ਬੇਸਮੈਂਟ ਕੁਝ ਸਮਾਂ ਰੱਖ ਕੇ ਘਰੋਂ ਹੀ ਕੱਢ ਦਿੱਤਾ ਤਾਂ ਕਿ ਮਾਪੇ, ਬੱਚਿਆਂ ਦੀ ਜ਼ਿੰਦਗੀ ਵਿੱਚ ਖਲਲ ਨਾ ਪਾਉਣ। ਬਾਪ ਬਿਮਾਰ ਹੋ ਹਸਪਤਾਲ ਵਿੱਚ ਆਖਰੀ ਸਾਹਾਂ ’ਤੇ ਸੀ ਤਾਂ ਬੱਚਿਆਂ ਨੂੰ ਇਹ ਫਿਕਰ ਹੋ ਗਿਆ ਕਿ ਇਹ ਜਲਦੀ ਮਰੇ ਅਤੇ ਅਸੀਂ ਆਪਣੇ ਕੰਮਾਂ ’ਤੇ ਜਾਈਏ। ਇੰਝ ਹੀ ਹੋਇਆ ਕਿ ਬਾਪ ਦੇ ਮਰਨ ਤੋਂ ਪਹਿਲਾਂ ਹੀ ਉਸਦੇ ਸਸਕਾਰ ਅਤੇ ਅੰਤਿਮ ਰਸਮਾਂ ਦੀਆਂ ਪੂਰੀਆਂ ਤਿਆਰੀਆਂ ਅਤੇ ਤਰੀਖ਼ਾਂ ਨਿਸਚਿੱਤ ਕਰ ਲਈਆਂ। ਕੇਹੀ ਸੋਚ ਹੈ ਕਿ ਔਲਾਦ ਲਈ ਬਾਪ ਦਾ ਜਲਦੀ ਤੁਰ ਜਾਣਾ ਹੀ ਰਾਹਤ ਦਾ ਸਭ ਤੋਂ ਵੱਡਾ ਸਬੱਬ ਬਣ ਗਿਆ।
ਯਾਦ ਰਹੇ ਕਿ ਬਾਪ ਦੇ ਬਲਦੇ ਸਿਵੇ ਕੋਲ ਖੜ੍ਹਕੇ ਜ਼ਮੀਨ ਦੀਆਂ ਵੰਡੀਆਂ ਪਾਉਣ ਵਾਲਿਆਂ ਦੀ ਔਲਾਦ ਨੇ ਤਾਂ ਉਨ੍ਹਾਂ ਦੀ ਲਾਸ਼ ਹੀ ਵੰਡ ਲੈਣੀ ਹੈ ਕਿਉਂਕਿ ਜੋ ਔਲਾਦ ਆਪਣੀ ਅੱਖੀਂ ਦੇਖਦੀ ਹੈ, ਉਸ ਤੋਂ ਵਧ ਕੇ ਉਨ੍ਹਾਂ ਨਾਲ ਉਨ੍ਹਾਂ ਦੀ ਆਪਣੀ ਔਲਾਦ ਨੇ ਕਰਨਾ ਹੈ।
ਪੰਜਾਬੀਆਂ ਦੀ ਜੀਵਨ ਸ਼ੈਲੀ ਹੀ ਅਜਿਹੀ ਕਿ ਅਸੀਂ ਧਨ ਜੋੜਨ ਨੂੰ ਤਰਜੀਹ ਦਿੰਦੇ ਹਾਂ। ਜਮ੍ਹਾਂ ਕੀਤੇ ਧਨ ਨਾਲ ਮਨ ਦੀਆਂ ਖੁਸ਼ੀਆਂ ਨੂੰ ਮਾਣਨ, ਖੂਬਸੂਰਤ ਥਾਂਵਾਂ ਦੇਖਣ ਅਤੇ ਯਾਦਗਾਰੀ ਪਲਾਂ ਨੂੰ ਸਿਰਜਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਬੱਚਤ ਤਾਂ ਕਰਨੀ ਹੀ ਚਾਹੀਦੀ ਪਰ ਇਹ ਬਹੁਤ ਸੰਤੁਲਿਤ ਤਰੀਕੇ ਨਾਲ ਹੋਵੇ। ਅਜਿਹਾ ਨਾ ਹੋਵੇ ਕਿ ਬੈਂਕਾਂ ਅਤੇ ਤਿਜੂਰੀਆਂ ਵਿੱਚ ਪਿਆ ਧਨ ਵੀ ਸਿਸਕਦਾ ਰਹੇ ਕਿ ਕਮਾਈ ਕਰਨ ਵਾਲੇ ਹੱਥਾਂ ਨੇ ਮੈਂਨੂੰ ਤਾਂ ਖਰਚਿਆ ਹੀ ਨਹੀਂ। ਬੱਚਤ ਇੰਨੀ ਕੁ ਕਰੋ ਕਿ ਤੁਹਾਡੇ ਆਖਰੀ ਸਮੇਂ ਤਕ ਦੀਆਂ ਲੋੜਾਂ ਪੂਰੀਆਂ ਹੋਈ ਜਾਣ। ਤੁਸੀਂ ਜ਼ਿੰਦਗੀ ਨੂੰ ਇੰਝ ਮਾਣੋ ਕਿ ਤੁਹਾਨੂੰ ਆਖਰੀ ਵਕਤ ਕੋਈ ਗਿਲਾ ਨਾ ਹੋਵੇ ਕਿ ਮੈਂ ਆਪਣੀ ਜੀਵਨ ਯਾਤਰਾ ਅਜਾਈਂ ਹੀ ਪੂਰੀ ਕਰ ਗਿਆ।
ਇੱਕ ਵੇਰ ਮੈਂ ਵੱਡੇ ਜ਼ਿਮੀਦਾਰ ਦੇ ਘਰ ਗਿਆ ਤਾਂ ਤਾਰ ’ਤੇ ਲਟਕਦੀ ਚੁੰਨੀਂ ਵਿਚਲੇ ਮਘੋਰੇ ਅਤੇ ਬਨੈਣ ਵਿਚਲੇ ਛੇਕ ਦੇਖ ਕੇ ਹੈਰਾਨ ਰਹਿ ਗਿਆ। ਬਜ਼ੁਰਗ ਇੱਕ ਅਲਾਣੀ ਮੰਜੀ ’ਤੇ ਬੈਠਾ ਸੀ ਜਿਸਦੇ ਤਨ ਤੇ ਪਾਏ ਅਧੋਰਾਣੇ ਕੱਪੜਿਆਂ ਵਿੱਚ ਝਲਕਦੀ ਸੀ ਮੈਲ। ਜਦੋਂ ਸਾਡੀ ਬਿਰਤੀ ਸਿਰਫ ਧਨ ਜੋੜਨ ਤਕ ਹੀ ਸੀਮਿਤ ਹੋ ਜਾਵੇ ਤਾਂ ਬਜ਼ੁਰਗ ਤਾਂ ਸ਼ਾਇਦ ਆਪਣੀ ਆਦਤ ਤੋਂ ਮਜਬੂਰ ਹੋਣ ਪਰ ਕੀ ਉਨ੍ਹਾਂ ਦੀ ਔਲਾਦ ਨੂੰ ਇੰਨਾ ਵੀ ਅਹਿਸਾਸ ਨਹੀਂ ਕਿ ਆਪਣੇ ਮਾਪਿਆਂ ਪ੍ਰਤੀ ਧਿਆਨ ਰੱਖ ਲਿਆ ਜਾਵੇ। ਨਿੱਕੇ ਹੁੰਦਿਆਂ ਇਸੇ ਬਾਪ ਨੇ ਹਰ ਤੰਗੀ ਤੁਰਸ਼ੀ ਸਹਿੰਦਿਆ ਆਪਣੇ ਬੱਚਿਆਂ ਦੀ ਹਰ ਲੋੜ ਪੂਰੀ ਕਰਦਿਆਂ ਉਨ੍ਹਾਂ ਨੂੰ ਫੁੱਲਾਂ ਵਾਂਗ ਰੱਖ ਕੇ ਪਾਲਿਆ ਸੀ।
ਇੱਕ ਸ਼ਖਸ ਰਿਟਾਇਰ ਹੋ ਗਿਆ। ਸਾਰੀ ਜ਼ਿੰਦਗੀ ਧਨ ਜੋੜਨ ਵਿੱਚ ਹੀ ਰੁੱਝਿਆ ਰਿਹਾ। ਆਪਣੇ ਆਪ ਵੱਲੋਂ ਅਵੇਸਲਾ। ਉਸਦੀ ਜੀਵਨ ਸਾਥਣ ਵੀ ਜਲਦੀ ਹੀ ਸਦੀਵੀ ਵਿਛੋੜਾ ਦੇ ਗਈ। ਉਹ ਅਕਸਰ ਹੀ ਗੰਢੇ-ਅਚਾਰ ਨਾਲ ਰੋਟੀ ਖਾ ਕੇ ਗੁਜ਼ਾਰਾ ਕਰਦਾ ਜਦੋਂ ਕਿ ਉਹ ਆਪਣੇ ਜੋੜੇ ਹੋਏ ਧਨ ਨਾਲ ਬਿਹਤਰੀਨ ਜ਼ਿੰਦਗੀ ਜੀਅ ਸਕਦਾ ਸੀ। ਉਸਦੀ ਮੌਤ ਤੋਂ ਬਾਅਦ ਉਸਦੀ ਔਲਾਦ ਨੂੰ ਪਤਾ ਹੀ ਨਹੀਂ ਲੱਗਾ ਕਿ ਉਸਨੇ ਕਿੰਨੇ ਪੈਸੇ ਕਿਸਨੂੰ ਵਿਆਜੀ ਦਿੱਤੇ ਸਨ? ਉਸਨੇ ਕਿੰਨੇ ਪਲਾਟ ਖਰੀਦੇ ਸਨ ਅਤੇ ਕਿੰਨੀ ਹੋਰ ਪੂੰਜੀ ਨਿਵੇਸ਼ ਕੀਤੀ ਸੀ। ਜਦੋਂ ਅਸੀਂ ਆਪਣੀ ਔਲਾਦ ਕੋਲੋਂ ਉਹਲਾ ਰੱਖਣ ਲਗਦੇ ਹਾਂ ਤਾਂ ਦਰਅਸਲ ਸਾਨੂੰ ਆਪਣੇ ਆਪ ਤੋਂ ਡਰ ਲਗਦਾ ਹੈ। ਆਪਣੇ ਸਾਹਾਂ ਵਰਗੇ ਬੱਚਿਆਂ ਤੋਂ ਬੇਇਤਬਾਰੀ ਦਰਅਸਲ ਆਪਣੇ ਆਪ ’ਤੇ ਹੀ ਬੇਯਕੀਨੀ ਹੁੰਦੀ ਹੈ। ਇਸ ਬੇਯਕੀਨੀ ਵਿੱਚ ਅਸੀਂ ਆਪਣਿਆਂ ’ਤੇ ਭਰੋਸਾ ਵੀ ਗਵਾ ਲੈਂਦੇ ਹਾਂ ਅਤੇ ਜੋੜਿਆ ਹੋਇਆ ਪੈਸਾ ਵੀ ਗਵਾਚ ਜਾਂਦਾ ਹੈ। ਸਮਾਜ ਵਿੱਚ ਤੁਸੀਂ ਆਪਣਿਆਂ ਅਤੇ ਬਿਗਾਨਿਆਂ ਵੱਲੋਂ ਨਫਰਤ ਦਾ ਪਾਤਰ ਬਣ ਕੇ ਇਸ ਜਹਾਨੋਂ ਰੁਖਸਤ ਹੁੰਦੇ ਹੋ।
ਮੇਰੇ ਇਲਾਕੇ ਦੇ ਇੱਕ ਅਮੀਰ ਨੂੰ ਆਪਣੀ ਦੌਲਤ ’ਤੇ ਬਹੁਤ ਗੁਮਾਨ ਸੀ। ਗਰੀਬਾਂ ਅਤੇ ਲੋੜਵੰਦਾਂ ਨੂੰ ਬਹੁਤ ਜ਼ਿਆਦਾ ਬਿਆਜ ’ਤੇ ਪੈਸੇ ਦਿੰਦਾ। ਗਰੀਬ ਲੋਕ ਜਦੋਂ ਕਰਜ਼ਾ ਨਾ ਮੋੜਦੇ ਤਾਂ ਉਨ੍ਹਾਂ ਦੀ ਲਵੇਰੀ ਮੱਝ ਜਾਂ ਗਾਂ ਜ਼ਬਰੀ ਕਿਲੇ ਤੋਂ ਖੋਲ੍ਹ ਲਿਆਉਂਦਾ ਜਾਂ ਕੋਈ ਬਲਦ ਹੀ ਲੈ ਆਉਂਦਾ। ਉਸਨੇ ਬਹੁਤ ਸਾਰੀ ਜ਼ਮੀਨ ਗਹਿਣੇ ਲਈ ਹੋਈ ਸੀ। ਜ਼ਿੰਦਗੀ ਦੇ ਆਖਰੀ ਪਹਿਰ ਵਿੱਚ ਉਸਦੇ ਇੱਕ ਮੁੰਡੇ ਨੇ ਉਸਨੂੰ ਪਤਿਆਕੇ ਅਤੇ ਚਾਪਲੂਸੀ ਨਾਲ ਉਸਦਾ ਧਨ ਆਪਣੇ ਕਬਜ਼ੇ ਵਿੱਚ ਕਰ ਲਿਆ ਅਤੇ ਕੁਝ ਦੇਰ ਬਾਅਦ ਉਸਨੂੰ ਘਰੋਂ ਕੱਢ ਦਿੱਤਾ। ਬਾਅਦ ਵਿੱਚ ਉਸਦੇ ਉਸ ਪੁੱਤ ਨੇ ਆਖਰੀ ਵਕਤ ਸੰਭਾਲਿਆ, ਜਿਸਨੂੰ ਉਸਨੇ ਕੁਝ ਨਹੀਂ ਸੀ ਦਿੱਤਾ। ਤੁਹਾਡੀ ਦੇਖਭਾਲ ਤੁਹਾਡੀ ਔਲਾਦ ਦੀ ਸੋਚ ਨੇ ਕਰਨੀ ਹੈ। ਕਦੇ ਵੀ ਧਨ ਦੌਲਤ ਦਾ ਦਿਖਾਵਾ ਕਰਕੇ ਸੇਵਾ-ਸੰਭਾਲ ਦਾ ਹੱਕ ਜਿਤਾਉਣ ਦੀ ਭੁੱਲ ਨਾ ਕਰਿਓ।
ਅੱਜਕੱਲ ਪੱਛਮੀ ਦੇਸ਼ਾਂ ਵਿੱਚ ਇੱਕ ਨਵੀਂ ਜੀਵਨ ਜਾਚ ਦਾ ਰੁਝਾਨ ਪੈਦਾ ਹੋ ਰਿਹਾ ਹੈ ਜਿਸਨੂੰ ਜ਼ੀਰੋ ਬੈਲੈਂਸ ਕਹਿੰਦੇ ਹਨ। ਯਾਨੀ, ਜਿਊਂਦੇ ਜੀਅ ਜਮ੍ਹਾਂ ਕੀਤਾ ਧਨ ਖਰਚੋ। ਲੋੜ ਜੋਗਾ ਬਚਿਆ ਰਹੇ। ਆਪਣੇ ਧਨ ਨਾਲ ਜਵਾਨ ਹੋ ਰਹੇ ਆਪਣੇ ਬੱਚਿਆਂ ਨੂੰ ਨਵੀਂਆਂ ਅਤੇ ਖੂਬਸੂਰਤ ਯਾਦਾਂ ਨਾਲ ਵਰਸਾਓ। ਉਨ੍ਹਾਂ ਦੇ ਚਾਵਾਂ ਦਾ ਖ਼ਿਆਲ ਰੱਖੋ। ਉਨ੍ਹਾਂ ਦੇ ਸੁਪਨਿਆਂ ਦੀ ਤਾਮੀਰਦਾਰੀ ’ਤੇ ਧਨ ਖਰਚ ਕਰੋ। ਅਜਿਹਾ ਨਾ ਹੋਵੇ ਕਿ ਬੱਚੇ ਤਰਸਦੇ ਰਹਿਣ ਅਤੇ ਤੁਸੀਂ ਧਨ ਜੋੜਨ ਵਿੱਚ ਹੀ ਮਸਤ ਰਹੋ।
ਜ਼ਿੰਦਗੀ ਇੱਕ ਵਾਰ ਮਿਲਦੀ ਹੈ। ਇਸ ਜੀਵਨ ਵਿੱਚ ਤੁਸੀਂ ਕੀ ਕੀਤਾ, ਕੀ ਕਮਾਇਆ, ਕੀ ਹੰਢਾਇਆ, ਕਿੰਨਾ ਸਮਾਂ ਖੁਦ ਦੇ ਲੇਖੇ ਲਾਇਆ ਅਤੇ ਕਿੰਨਾ ਪੈਸਾ ਖੁਦ ’ਤੇ ਲੁਟਾਇਆ? ਯਾਦ ਰਹੇ ਕਿ ਪੈਸਾ ਖਰਚ ਕਰਨ ਦਾ ਮਤਲਬ ਫਜ਼ੂਲ ਖਰਚੀ ਨਹੀਂ, ਸਗੋਂ ਇਸਨੂੰ ਸੁਚੇਤ ਪੱਧਰ ’ਤੇ ਅਜਿਹੀਆਂ ਘੁਮੱਕੜੀਆਂ, ਗਤੀਵਿਧੀਆਂ, ਸੈਰ-ਸਪਾਟੇ, ਉਸਾਰੂ ਸ਼ੌਕ ਜਾਂ ਕਲਾ-ਬਿਰਤੀਆਂ ’ਤੇ ਖਰਚ ਕਰਨਾ ਹੁੰਦਾ ਹੈ, ਜਿਹੜੀਆਂ ਤੁਹਾਨੂੰ ਸਕੂਨ ਦੇਣ, ਜਿਨ੍ਹਾਂ ਨਾਲ ਤੁਹਾਡੀ ਰੂਹ ਤ੍ਰਿਪਤ ਹੋਵੇ, ਜੋ ਤੁਹਾਨੂੰ ਜੀਣ ਦਾ ਮਕਸਦ ਪ੍ਰਦਾਨ ਕਰੇ, ਜਿਸ ਨਾਲ ਤੁਹਾਨੂੰ ਅਹਿਸਾਸ ਹੋਵੇ ਕਿ ਤੁਸੀਂ ਕੁਝ ਤਾਂ ਅਜਿਹਾ ਕੀਤਾ ਕਿ ਤੁਹਾਨੂੰ ਆਪਣੇ ਆਪ ’ਤੇ ਨਾਜ਼ ਹੈ। ਭਾਵੇਂ ਇਹ ਕਿਸੇ ਲੋੜਵੰਦ ਦੀ ਮਦਦ ਹੋਵੇ, ਕਿਸੇ ਦੇ ਬਸਤੇ ਵਿੱਚ ਕਿਤਾਬਾਂ ਧਰਨੀਆਂ ਹੋਣ, ਕਿਸੇ ਦੇ ਸਿਰ ਨੂੰ ਛੱਤ ਦੇਣੀ ਹੋਵੇ, ਕਿਸੇ ਦਾ ਤਨ ਢੱਕਣ ਦਾ ਉਪਰਾਲਾ ਹੋਵੇ। ਦਰਅਸਲ ਧਨ ਆਪਣੇ ਲਈ ਅਤੇ ਲੋੜਵੰਦਾਂ ਲਈ ਖਰਚਣ ਦਾ ਵਸੀਲਾ ਹੋਣਾ ਚਾਹੀਦਾ ਹੈ। ਤੁਹਾਡੇ ਖਾਤੇ ਵਿੱਚ ਬਚ ਗਏ ਧਨ ਦੀ ਸ਼ਾਇਦ ਤੁਹਾਡੀ ਔਲਾਦ ਨੂੰ ਵੀ ਲੋੜ ਨਾ ਹੋਵੇ। ਕਈ ਵਾਰ ਇਹ ਧਨ ਅਜਾਈਂ ਹੀ ਚਲਾ ਜਾਂਦਾ ਹੈ।
ਕਈ ਵਾਰ ਮੈਂ ਸੋਚਦਾ ਕਿ ਧਨ ਜੋੜਨ ਅਤੇ ਕਬਜ਼ਾ ਕਰਨ ਦੀ ਇਸ ਜਗੀਰੂ ਸੋਚ ਤੋਂ ਆਪਣੇ ਆਪ ਨੂੰ ਪੜ੍ਹਿਆ ਲਿਖਿਆ ਸਮਝਣ ਵਾਲਾ ਵਰਗ ਵੀ ਮੁਕਤ ਕਿਉਂ ਨਹੀਂ? ਉਹ ਧਨ ਉੱਤੇ ਹਮੇਸ਼ਾ ਕੁੰਡਲੀ ਮਾਰੀ ਬੈਠਾ ਰਹਿੰਦਾ ਹੈ। ਦਰਅਸਲ ਇਹ ਸਾਡੀ ਉਸ ਮਾਨਕਿਸਤਾ ਦਾ ਕਸੂਰ ਹੈ ਜਿਹੜੀ ਖੁਦ ’ਤੇ ਵੀ ਯਕੀਨ ਨਹੀਂ ਕਰਦੀ। ਸਾਨੂੰ ਹਮੇਸ਼ਾ ਇਹ ਖਦਸ਼ਾ ਰਹਿੰਦਾ ਕਿ ਸ਼ਾਇਦ ਜੇ ਸਾਡੇ ਕੋਲ ਜੋੜਿਆ ਧਨ ਨਾ ਹੋਇਆ ਤਾਂ ਸਾਨੂੰ ਸਾਡੀ ਔਲਾਦ ਨੇ ਪੁੱਛਣਾ ਨਹੀਂ। ਜ਼ਰਾ ਸੋਚਿਓ, ਜੇ ਤੁਸੀਂ ਆਪਣੇ ਬਜ਼ੁਰਗਾਂ ਦੀ ਆਖਰੀ ਉਮਰੇ ਪੂਰਨ ਸਮਰਪਿਤਾ ਨਾਲ ਤਾਮੀਰਦਾਰੀ ਕੀਤੀ ਹੈ, ਉਹਨਾਂ ਨੂੰ ਅਣਪੱਤ ਅਤੇ ਮੋਹ ਦਾ ਅਹਿਸਾਸ ਕਰਵਾਉਂਦਿਆਂ ਉਨ੍ਹਾਂ ਦੇ ਆਖਰੀ ਪਲਾਂ ਵੇਲੇ ਉਨ੍ਹਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਰਹੇ ਹੋ ਤਾਂ ਤੁਹਾਡੀ ਔਲਾਦ ਉਹੀ ਕੁਝ ਤੁਹਾਡੇ ਨਾਲ ਜ਼ਰੂਰ ਕਰੇਗੀ। ਐਵੇਂ ਕਾਹਤੋਂ ਫਿਕਰਾਂ ਵਿੱਚ ਝੂਰਦੇ ਹੋ। ਤੁਸੀਂ ਹੀ ਤਾਂ ਸਭ ਵੱਡੇ ਰੋਲ ਮਾਡਲ ਹੋ ਆਪਣੀ ਔਲਾਦ ਲਈ। ਜ਼ਰੂਰੀ ਹੈ ਕਿ ਪਹਿਲਾਂ ਅਸੀਂ ਖੁਦ ਰੋਲ ਮਾਡਲ ਬਣੀਏ। ਫਿਰ ਸਾਡੇ ਮਨ ਵਿੱਚ ਕਿਸੇ ਵੀ ਕਿਸਮ ਦਾ ਸੰਸਾ ਨਹੀਂ ਰਹੇਗਾ ਕਿ ਸਾਡੀ ਆਖਰੀ ਉਮਰ ਕਿਵੇਂ ਬੀਤੇਗੀ?
ਮੇਰਾ ਇੱਕ ਦੋਸਤ ਹੈ। ਉਹ ਸੇਵਾ ਮੁਕਤ ਹੋ ਚੁੱਕਾ ਹੈ। ਅੱਜ ਕੱਲ੍ਹ ਭਾਰਤ ਦੇ ਭਰਮਣ ’ਤੇ ਨਿਕਲਿਆ ਹੋਇਆ ਹੈ। ਅਕਸਰ ਹੀ ਖੂਬਸੂਰਤ ਜਗ੍ਹਾਵਾਂ ਦੀ ਫੋਟੋਆਂ ਰਾਹੀਂ ਮੈਂਨੂੰ ਦੇਖਣਯੋਗ ਅਤੇ ਕਮਾਲ ਦੀ ਸੱਭਿਅਤਾ ਦੇ ਦਰਸ਼ਨ ਕਰਵਾਉਂਦਾ ਹੈ। ਉਸਦਾ ਕਹਿਣਾ ਹੈ, “ਸਾਡੀ ਔਲਾਦ ਨੂੰ ਸਾਡੇ ਪੈਸਿਆਂ ਦੀ ਲੋੜ ਨਹੀਂ। ਪੈਨਸ਼ਨ ਆਉਂਦੀ ਹੈ, ਸੋਚਿਆ, ਕਿਉਂ ਨਾ ਬੱਚਤ ਕੀਤੀ ਕਮਾਈ ਨਾਲ ਜੀਵਨ ਦੇ ਆਖਰੀ ਪਹਿਰ ਨੂੰ ਰੂਹ ਨਾਲ ਜੀਵੀਏ। ਇਸ ਲਈ ਮੈਂ ਤਾਂ ਆਪਣੇ ਜੀਵਨ ਦਾ ਨਜ਼ਰੀਆ ਹੀ ਬਦਲ ਲਿਆ ਹੈ। ਖੂਬਸੂਰਤ ਥਾਂਵਾਂ ’ਤੇ ਵਸਦੇ ਖੂਬਸੂਰਤ ਲੋਕਾਂ ਦੀ ਰਹਿਣੀ ਬਹਿਣੀ ਨੂੰ ਦੇਖਦਿਆਂ, ਉਨ੍ਹਾਂ ਥਾਂਵਾਂ ਨੂੰ ਗਾਹੁਣ ਦਾ ਮਨ ਵਿੱਚ ਧਾਰਿਆ, ਜਿਹੜੀਆਂ ਮੈਂ ਪਹਿਲੀ ਉਮਰੇ ਨਹੀਂ ਦੇਖ ਸਕਿਆ। ਜਦੋਂ ਗੋਡੇ ਹੀ ਰਹਿ ਗਏ ਫਿਰ ਤਾਂ ਘਰ ਹੀ ਬੈਠਣਾ।”
ਕਿੰਨੇ ਕੁ ਪੰਜਾਬੀ ਹਨ ਜਿਹੜੇ ਇਸ ਮਾਨਸਿਕਤਾ ਦੇ ਹਾਮੀ ਹਨ? ਕਿੰਨਿਆਂ ਨੇ ਸੈਰ-ਸਪਾਟੇ ਰਾਹੀਂ ਜ਼ਿੰਦਗੀ ਦੀ ਖੂਬਸੂਰਤੀ ਨੂੰ ਮਾਣਿਆ ਹੈ? ਭਾਵੇਂ ਇਹ ਜੰਗਲ, ਪਹਾੜ, ਬੀਚਾਂ ਜਾਂ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਵਾਲੀਆਂ ਥਾਂਵਾਂ ਦੀ ਜ਼ਿਆਰਤ ਹੀ ਹੋਵੇ।
ਚੱਲੋ, ਅੱਜ ਤੋਂ ਕੁਝ ਤਾਂ ਅਜਿਹਾ ਸੋਚੀਏ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਆਪਣੇ ਹਿਸਾਬ ਨਾਲ ਮਾਣਨਾ ਹੈ। ਇਸਦੀਆਂ ਰੰਗ ਬਿਰੰਗੀਆਂ ਪਰਤਾਂ ਵਿੱਚ ਖੁਦ ਨੂੰ ਰੰਗਣਾ ਹੈ। ਜੀਵਨ ਦਾ ਨਾਦ ਗਾਉਣਾ ਹੈ। ਅੰਬਰ ਦੇ ਤਾਰਿਆਂ ਨੂੰ ਜ਼ਿੰਦਗੀ ਦਾ ਗੀਤ ਸੁਣਾਉਣਾ ਹੈ। ਰੁਮਕਦੀਆਂ ਪੌਣਾਂ ਦੇ ਨਾਮ ਸੁਗਮ ਸੰਗੀਤ ਲਾਉਣਾ ਹੈ। ਬਿਰਖ਼ਾਂ ਦੇ ਪੱਤਿਆਂ ਵਿੱਚੋਂ ਸਰਕਦੀ ਹਵਾ ਨੂੰ ਸਹਿਲਾਉਣਾ ਹੈ। ਪੰਛੀਆਂ ਦੇ ਆਲ੍ਹਣਿਆਂ ਦੀ ਚਹਿਕਣੀ ਨੂੰ ਆਪਣੇ ਮਨ ਦੇ ਆਲ੍ਹਣਿਆਂ ਵਿੱਚ ਉਪਜਾਉਣਾ ਹੈ। ਆਪਣੇ ਮਕਾਨ ਨੂੰ ਵੀ ਘਰ ਬਣਾਉਣਾ ਹੈ। ਹਰ ਕਮਰੇ ਵਿੱਚ ਜੀਵਨ ਦਾ ਰਾਗ ਉਪਜਾਉਣਾ ਹੈ। ਖੁੱਲ੍ਹੀਆਂ ਫਿਜ਼ਾਵਾਂ ਵਿੱਚ ਆਪਣੇ ਸਾਹਾਂ ਨੂੰ ਮਹਿਕਾਉਣਾ ਹੈ। ਸੰਸਾਰ ਭਰ ਦੇ ਹੁਸੀਨ ਅਤੇ ਰੰਗੀਨ ਰੰਗਾਂ ਨਾਲ ਖੁਦ ਨੂੰ ਸਜਾਉਣਾ ਹੈ।
ਚੱਲੋ! ਸ਼ੁਰੂਆਤ ਤਾਂ ਕਰੀਏ। ਅੰਜਾਮ ਬਹੁਤ ਹੀ ਸੁਹਾਵਣਾ ਅਤੇ ਮਨ-ਭਾਵਣਾ ਹੋਵੇਗਾ। ਜਸ਼ਨ ਵਰਗੀ ਜ਼ਿੰਦਗੀ ਨੂੰ ਰੂਹ ਦੀ ਹਾਣਨ ਬਣਾਈਏ ਅਤੇ ਹਰ ਪਲ ਮਾਣਨ ਦਾ ਗੁਰ ਅਪਣਾਈਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































