“ਵਕਤ ਨਾਲ ਜ਼ਿੰਦਗੀ ਦੇ ਮਾਅਨੇ ਬਦਲਦੇ ਜਾਂਦੇ ਹਨ; ਜੀਵਨ ਦੀਆਂ ਤਰਜੀਹਾਂ ...”
(28 ਮਾਰਚ 2026)
ਬੜੇ ਚਿਰ ਬਾਅਦ ਮੈਂ ਆਪਣੇ ਪਿੰਡ ਗਿਆ। ਗਲੀ ਵਿੱਚ ਦੀ ਲੰਘਦਿਆਂ ਜਾਣਕਾਰ ਬਜ਼ੁਰਗ ਬਰਾਂਡੇ ਵਿੱਚ ਬੈਠਾ ਦਿਸਿਆ। ਦੁਆ-ਸਲਾਮ ਤੋਂ ਬਾਅਦ ਜਦੋਂ ਮੈਂ ਹਾਲ ਪੁੱਛਿਆ ਤਾਂ ਉਸਨੇ ਸਿਰਫ ਇੰਨਾ ਹੀ ਕਿਹਾ, “ਹਾਂ, ਠੀਕ ਹਾਂ।”
ਇਸ ‘ਠੀਕ ਹਾਂ’ ਵਿਚਲੀ ਅਸਲੀਅਤ ਅਤੇ ਇਸਦੀਆਂ ਪਰਤਾਂ ਫਰੋਲਣ ਲਈ ਕੀ ਕਿਸੇ ਨੂੰ ਸੋਝੀ ਹੈ ਕਿ ਉਹ ਖਾਮੋਸ਼ ਕਿਉਂ ਹੈ? ਇੱਕ ਚੁੱਪ ਚੌਗਿਰਦੇ ਵਿੱਚ ਤਾਰੀ ਸੀ। ਹਾਣੀਆਂ ਦੀ ਮਹਿਫ਼ਲ ਵਿੱਚ ਹਾਸਾ-ਠੱਠਾ ਕਰਨ ਵਾਲਾ, ਜੀਵਨ ਦੇ ਹਰ ਮੋੜ ’ਤੇ ਜ਼ਿੰਦਾਦਿਲੀ ਨਾਲ ਸਾਹਮਣਾ ਕਰਨ ਵਾਲਾ ਅਤੇ ਰੱਬ ਦੇ ਰੰਗਾਂ ਵਿੱਚ ਰਾਜ਼ੀ ਰਹਿਣ ਵਾਲਾ ਇਹ ਇਨਸਾਨ ਚੁੱਪ ਕਿਉਂ ਹੈ? ਕੀ ਕਾਰਨ ਹੈ ਇਸਦੀ ਉਦਾਸੀ ਦਾ? ਕਿਉਂ ਹੈਂ ਉਹ ਗੁੰਮਸੰਮ ਜਿਹਾ, ਜੀਵਨ ਦੇ ਆਖਰੀ ਪਹਿਰ ਵਿੱਚ ਸਿਵਿਆਂ ਵੱਲ ਜਾਣ ਦੀ ਕਾਹਲ ਵਿੱਚ? ਉਸਦਾ ਆਰ-ਪਰਿਵਾਰ ਤਾਂ ਸੁਖੀ ਵਸਦਾ। ਪਰ ਉਸਦੇ ਅੰਦਰ ਵਸੀ ਹੋਈ ਚੁੱਪ ਨੂੰ ਕੌਣ ਬੋਲ ਦੇਵੇ? ਉਸਦੀ ਅੰਦਰਲੀ ਘੁੰਢੀ ਨੂੰ ਕੌਣ ਖੋਲ੍ਹੇ ਕਿ ਉਸਦਾ ਸੁੰਗੜਿਆ ਆਪਾ ਵੀ ਪਰ ਤੋਲੇ? ਪਰ ਬਜ਼ੁਰਗ ਤਾਂ ਕਬਰ ਮੱਲਣ ਲਈ ਤਿਆਰ ਅਤੇ ਕਿਸੇ ਜੀਅ ਨੂੰ ਖਬਰ ਨਹੀਂ ਕਿ ਉਹ ਇੰਝ ਕਿਉਂ ਹੋ ਗਿਆ? ਉਸਦੀ ਮਾਨਸਿਕ ਤਿੜਕਣ, ਉਸਦੀ ਅੰਤਰੀਵੀ ਟੁੱਟ-ਭੱਜ ਲਈ ਕੌਣ ਜ਼ਿੰਮੇਵਾਰ ਹੈ?
ਬਜ਼ੁਰਗ ਪਰਿਵਾਰ ਦਾ ਸਭ ਤੋਂ ਪ੍ਰਮੁੱਖ ਸਰਮਾਇਆ ਹੁੰਦੇ ਹਨ। ਜੇਕਰ ਔਲਾਦ ਹੀ ਇਸ ਸਰਮਾਏ ਨੂੰ ਅਣਗੌਲਿਆ ਕਰੇ, ਉਸਦੀ ਅਣਦੇਖੀ ਨੂੰ ਆਪਣਾ ਹੱਕ ਸਮਝੇ, ਉਸਦਾ ਅਦਬ ਕਰਨ ਦੀ ਬਜਾਏ ਉਸਦੀ ਹੇਠੀ ਕਰੇ ਅਤੇ ਘਰ ਵਾਲਾ ਬੇਘਰੇ ਦੀ ਜੂਨ ਹੰਢਾਵੇ ਤਾਂ ਘਰ ਵਾਲੇ ਦੇ ਨਾਲ-ਨਾਲ ਘਰ ਵੀ ਉਦਾਸ ਹੋ ਜਾਂਦਾ ਹੈ।
ਨਿੱਜ ਦੇ ਚੱਕਰਵਿਊ ਵਿੱਚ ਜਕੜੀ ਔਲਾਦ ਨੂੰ ਇਹ ਯਾਦ ਹੀ ਨਹੀਂ ਕਿ ਉਸਦੇ ਬਜ਼ੁਰਗ ਨੂੰ ਤਾਂ ਕਦੇ ਨਿੱਜ ਦਾ ਖਿਆਲ ਹੀ ਨਹੀਂ ਸੀ ਆਇਆ। ਉਸਨੇ ਆਪਣੇ ਜੀਵਨ ਦੇ ਰਾਂਗਲੇ ਦਿਨਾਂ ਨੂੰ ਵੀ ਭੁਲਾਈ ਰੱਖਿਆ ਤਾਂ ਕਿ ਉਸਦੀ ਔਲਾਦ ਚਾਨਣ ਰੰਗੇ ਵਕਤਾਂ ਨੂੰ ਮਾਣੇ। ਉਸਨੇ ਆਪਣੇ ਸੁਪਨਿਆਂ ਨੂੰ ਕਦੇ ਤਰਜੀਹ ਨਾ ਦਿੱਤੀ ਕਿਉਂਕਿ ਉਸਦੀ ਪਹਿਲ ਆਪਣੇ ਲਾਡਲਿਆਂ ਦੇ ਸੁਪਨਿਆਂ ਦੀ ਤਾਮੀਰਦਾਰੀ ਸੀ। ਉਹ ਨਹੀਂ ਸੀ ਚਾਹੁੰਦਾ ਕਿ ਉਸਦੇ ਲਾਡਲੇ ਆਪਣੇ ਸੁਪਨਸਾਜ਼ੀ ਦੇ ਮਾਰਗ ਤੋਂ ਭਟਕ ਜਾਣ।
ਉਹ ਆਪਣੇ ਬੱਚਿਆਂ ਦਾ ਪੇਟ ਪਾਲਣ ਲਈ ਫਾਕੇ ਕੱਟਦਾ ਰਿਹਾ। ਆਪਣੇ ਝੱਗੇ ਦੀ ਪਾਟੀ ਜੇਬ ਨੂੰ ਆਪਣੇ ਬੱਚਿਆਂ ਲਈ ਸਿਉਂਦਾ ਰਿਹਾ। ਉਸਨੇ ਸੱਖਣੀ ਜੇਬ ਦੇ ਹੁੰਦਿਆਂ ਵੀ ਖੁਦ ਨੂੰ ਗਹਿਣੇ ਰੱਖ ਕੇ ਆਪਣੇ ਬੱਚਿਆਂ ਨੂੰ ਪਤਾ ਨਾ ਲੱਗਣ ਦਿੱਤਾ। ਉਨ੍ਹਾਂ ਦੀਆਂ ਖੁਸ਼ੀਆਂ ਲਈ ਤੰਗੀਆਂ ਤੁਰਸ਼ੀਆਂ ਨੂੰ ਜਰਦਿਆਂ ਸੀਅ ਨਹੀਂ ਸੀ ਕਰਦਾ। ਖੁਦ ਅਨਪੜ੍ਹ ਹੁੰਦਿਆਂ ਵੀ ਆਪਣੇ ਬੱਚਿਆਂ ਨੂੰ ਉਚੇਰੀ ਸਿੱਖਿਆ ਦਾ ਦਾਨ ਕਰਨ ਵਾਲਾ ਬਾਪ ਜਦੋਂ ਅੱਖਰਾਂ ਦੀ ਗੱਲ ਨਾ ਸਮਝ ਸਕਦਾ ਤਾਂ ਉਹ ਮਖ਼ੌਲ ਦਾ ਪਾਤਰ ਬਣ ਜਾਂਦਾ। ਜਦੋਂ ਬੱਚੇ ਉਸਨੂੰ ਆਪਣੇ ਹਾਣੀਆਂ ਸਾਹਵੇਂ ਹੀਣਤਾ ਦਾ ਅਹਿਸਾਸ ਕਰਵਾਉਂਦੇ ਤਾਂ ਬਾਪ ਦਾ ਅੰਦਰ ਮਰਨਹਾਰਾ ਹੋ ਜਾਂਦਾ ਅਤੇ ਉਸਦੇ ਬੋਲਾਂ ਨੂੰ ਚੁੱਪ ਖਾ ਜਾਂਦੀ।
ਬਜ਼ੁਰਗ ਮਾੜੀ-ਮੋਟੀ ਬਿਮਾਰੀ ਆਪਣੇ ਬੱਚਿਆਂ ਨੂੰ ਦੱਸਣ ਤੋਂ ਵੀ ਜਦੋਂ ਡਰਨ ਲੱਗ ਪਵੇ ਤਾਂ ਸਮਝੋ ਕਿ ਹੁਣ ਉਹ ਅੰਦਰੋਂ ਮਰ ਗਿਆ ਹੈ। ਬੁਢਾਪੇ ਦੀਆਂ ਅਲਾਮਤਾਂ ਦੀ ਅਣਦੇਖੀ ਕਰਨਾ ਅਤੇ ਬਹਾਨੇ ਲਾ ਕੇ ਉਸਦੇ ਇਲਾਜ ਤੋਂ ਆਨਾਕਾਨੀ ਦਾ ਅਹਿਸਾਸ ਹੋਣ ’ਤੇ ਬਜ਼ੁਰਗ ਸਰੀਰਕ ਤਕਲੀਫਾਂ ਨਾਲ ਜਿਊਣਾ ਸਿੱਖ ਜਾਂਦਾ ਹੈ ਅਤੇ ਇਸ ਪੀੜ ਵਿੱਚ ਖੁਦ ਹੀ ਪੀੜ ਪੀੜ ਹੋ ਕੇ ਜੀਣ ਤੋਂ ਆਤੁਰ ਹੋ ਜਾਂਦਾ ਹੈ।
ਬਜ਼ੁਰਗ ਚੁੱਪ ਹੀ ਹੋ ਜਾਂਦਾ ਜਦੋਂ ਉਸਨੂੰ ਦੋ ਡੰਗ ਦੀ ਰੋਟੀ ਬਾਰੇ ਚਿਤਾਰਿਆ ਜਾਂਦਾ। ਉਸਨੂੰ ਅਹਿਸਾਸ ਕਰਵਾਇਆ ਜਾਂਦਾ ਕਿ ਉਸਨੂੰ ਸਿਰ ਲੁਕਾਉਣ ਲਈ ਛੱਤ ਮਿਲੀ ਹੈ, ਰੋਟੀ ਪਾਣੀ ਦਾ ਕੋਈ ਫਿਕਰ ਨਹੀਂ, ਫਿਰ ਉਸਨੂੰ ਹੋਰ ਕੀ ਚਾਹੀਦਾ? ਪਰ ਜਦੋਂ ਉਸਦੇ ਢਿਡੋਂ ਜਾਏ ਇਹ ਸਮਝਣ ਤੋਂ ਕੋਰੇ ਹੋਣ ਕਿ ਬਜ਼ੁਰਗਾਂ ਲਈ ਪੇਟ ਦੀ ਭੁੱਖ ਕੋਈ ਅਹਿਮ ਨਹੀਂ ਹੁੰਦੀ। ਉਨ੍ਹਾਂ ਲਈ ਅਦਬ ਅਤੇ ਸਤਿਕਾਰ, ਅਹਿਮੀਅਤ ਅਤੇ ਆਪਣਾਪਣ, ਕੁਝ ਪਲ ਕੋਲ ਬਹਿ ਕੇ ਉਸਦੇ ਮਨ ਦੀਆਂ ਪਰਤਾਂ ਨੂੰ ਸੁਣਨਾ ਅਤੇ ਸਮਝਣਾ ਜ਼ਰੂਰੀ ਹੈ। ਇਸ ਨਾਲ ਉਨ੍ਹਾਂ ਦੇ ਪੱਲੇ ਵਿੱਚ ਸੁਖਨ ਅਤੇ ਸਕੂਨ ਧਰਨਾ, ਦਰਅਸਲ ਬਜ਼ੁਰਗਾਂ ਨੂੰ ਬਹੁਤ ਚੰਗਾ ਲਗਦਾ ਹੈ।
ਮੈਂ ਇੱਕ ਨਿੱਕੀ ਜਿਹੀ ਨਜ਼ਮ ਵਿੱਚ ਆਪਣੇ ਮਨ ਦੀਆਂ ਬਰੂਹਾਂ ਵਿੱਚ ਬਹਿ ਕੇ ਖੁਦ ਨੂੰ ਮੁਖਾਤਬ ਹੋਇਆ;
ਮੇਰੇ ਬੱਚੇ
ਅਕਸਰ ਹੀ
ਮੇਰੇ ਕੋਲ ਬਹਿ ਕੇ
ਮੇਰੇ ਮੱਥੇ ਦੀਆਂ ਝੁਰੜੀਆਂ
ਪੈਰਾਂ ਦੀਆਂ ਬਿਆਈਆਂ
ਤੇ ਹੱਥਾਂ ਦੇ ਰੱਟਣਾਂ ਦੀ
ਤਵਾਰੀਖ਼ ਪੜ੍ਹਦੇ।
ਮੈਂਨੂੰ
ਮੇਰੇ ਬੱਚਿਆਂ ਵਿੱਚੋਂ
ਮੇਰੇ ਮਾਂ-ਬਾਪ
ਨਜ਼ਰ ਆਉਂਦੇ।
ਬਜ਼ੁਰਗ ਚੁੱਪ ਹੋ ਹੀ ਜਾਂਦੇ ਹਨ ਜਦੋਂ ਉਨ੍ਹਾਂ ਨੂੰ ਮਨਪਸੰਦ ਖਾਣੇ ਤੋਂ ਵਿਰਵਾ ਰੱਖਿਆ ਜਾਂਦਾ ਹੈ। ਉਨ੍ਹਾਂ ਦੇ ਮਨ ਭਾਉਂਦੇ ਸ਼ੌਕਾਂ ਨੂੰ ਦੁਰਕਾਰਿਆ ਜਾਂਦਾ ਹੈ। ਉਸਦੀ ਜੀਵਨ-ਜਾਚ ’ਤੇ ਹੀ ਪ੍ਰਸ਼ਨ ਪੈਦਾ ਹੋ ਜਾਂਦੇ ਹਨ। ਉਸਦੇ ਨਜ਼ਰੀਏ ਨੂੰ ਨਕਾਰਾਤਮਿਕ ਸਮਝਿਆ ਜਾਂਦਾ ਹੈ ਜਾਂ ਉਸਦੀ ਸੋਚ ਦੀ ਸਕਾਰਾਤਮਿਕਤਾ ਨੂੰ ਨਿੰਦਿਆ ਜਾਂਦਾ ਹੈ। ਬਜ਼ੁਰਗਾਂ ਦੀਆਂ ਰੁਚੀਆਂ ਅਤੇ ਰਵਾਇਤਾਂ ਨੂੰ ਦੁਰਕਾਰਿਆ ਜਾਂਦਾ ਹੈ।
ਕਦੇ ਸੋਚਿਆ ਜੇ ਕਿ ਬਜ਼ੁਰਗਾਂ ਨੇ ਕਿੰਨੇ ਸੁਪਨਿਆਂ ਨੂੰ ਦਫਨਾਇਆ, ਕਿੰਨੀਆਂ ਰੀਝਾਂ ਦਾ ਸਿਵਾ ਸੇਕਿਆ, ਕਿੰਨੇ ਚਾਵਾਂ ਦੀ ਧੂਣੀ ਸੇਕੀ, ਕਿੰਨੀਆਂ ਆਸਾਂ ਨੂੰ ਬੇਆਸ ਕੀਤਾ, ਕਿੰਨੀਆਂ ਸੁਪਨ ਉਡਾਰੀਆਂ ਦੇ ਪਰ ਮਰੋੜੇ, ਕਿੰਨੀਆਂ ਸੱਧਰਾਂ ਨੂੰ ਪੈਰਾਂ ਹੇਠ ਮਧੋਲਿਆ, ਕਿੰਨੇ ਮਨੋਭਾਵਾਂ ਨੂੰ ਅੱਗ ਵਿੱਚ ਸਾੜਿਆ ਤਾਂ ਕਿ ਉਹ ਆਪਣੀ ਬਜਾਏ ਆਪਣੀ ਔਲਾਦ ਨੂੰ ਉਹ ਸਭ ਕੁਝ ਦੇ ਸਕਣ, ਜਿਨ੍ਹਾਂ ਤੋਂ ਮਹਿਰੂਮੀਅਤ ਨੇ ਉਨ੍ਹਾਂ ਦੇ ਵਿਅਕਤੀਤਵ ਨੂੰ ਅਸਾਵਾਂ ਬਣਾਈ ਰੱਖਿਆ।
ਸਦਾ ਸਿਰ ਉੱਚਾ ਰੱਖ ਕੇ ਜੀਵਨ ਨੂੰ ਮੁਖ਼ਾਤਬ ਹੋਣ ਵਾਲਾ, ਜ਼ਿੰਦਗੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਇਸਦੀਆਂ ਮੁਹਾਰਾਂ ਆਪਣੀ ਮਰਜ਼ੀ ਮੁਤਾਬਿਕ ਮੋੜਨ ਵਾਲਾ, ਜੀਵਨ ਦੇ ਆਖਰੀ ਪੜਾਅ ’ਤੇ ਬੇਜ਼ਾਰ, ਬਿਗਾਨਾ, ਨਿਤਾਣਾ ਅਤੇ ਨਿਕੰਮਾ ਹੋ ਜਾਂਦਾ ਹੈ ਕਿਉਂਕਿ ਆਪਣਿਆਂ ਦੀਆਂ ਨਜ਼ਰਾਂ ਵਿੱਚ ਉਹ ਹੁਣ ਕਿਸੇ ਕੰਮ ਦਾ ਨਹੀਂ ਰਿਹਾ।
ਆਪਣੇ ਬੱਚਿਆਂ ਲਈ ਹਿੰਮਤ, ਹੌਸਲਾ, ਸਾਧਨਾ, ਸਿਰੜ, ਸਮਰਪਣ, ਸਾਦਗੀ ਅਤੇ ਸਹਿਜਤਾ ਦਾ ਸਿਰਨਾਵਾਂ ਬਣ ਕੇ ਮਾਰਗ-ਦਰਸ਼ਨ ਕਰਨ ਵਾਲਾ ਬਜ਼ੁਰਗ ਜਦੋਂ ਬੇਧਿਆਨਾ ਹੋਣ ਲਗਦਾ ਹੈ ਤਾਂ ਉਹ ਨਹੀਂ ਬੋਲਦਾ, ਸਗੋਂ ਉਸਦੀ ਖਾਮੋਸ਼ੀ ਬੋਲਦੀ ਹੈ।
ਆਪਣੇ ਬਜ਼ੁਰਗਾਂ ਨੂੰ ਨਜ਼ਰਅੰਦਾਜ਼ ਕਰਨ ਵਾਲੇ ਦਰਅਸਲ ਅਜਿਹੀ ਫਸਲ ਬੀਜ ਰਹੇ ਹੁੰਦੇ ਹਨ ਜਿਸਨੂੰ ਕੱਟਣ ਲੱਗਿਆਂ ਉਨ੍ਹਾਂ ਦੇ ਨੈਣਾਂ ਵਿੱਚ ਵਗੇਗਾ ਖ਼ਾਰਾ ਸਮੁੰਦਰ। ਉਨ੍ਹਾਂ ਦੀਆਂ ਚਾਨਣੀਆਂ ਰਾਤਾਂ ਵਿੱਚ ਉੱਤਰਨੀ ਹੈ ਮੱਸਿਆ ਕਿਉਂਕਿ ਜੋ ਵੀ ਤੁਸੀਂ ਬੀਜਦੇ ਹੋ, ਉਹ ਵੱਢਣਾ ਤਾਂ ਖੁਦ ਨੂੰ ਹੀ ਪੈਣਾ ਹੈ।
ਸਿਆਣੇ ਅਕਸਰ ਕਿਹਾ ਕਰਦੇ ਸਨ ਕਿ ਘਰ ਦੇ ਭਾਗ ਦੇਖਣੇ ਹੋਣ ਤਾਂ ਉਸ ਘਰ ਦੇ ਬਜ਼ੁਰਗਾਂ ਨੂੰ ਦੇਖਣਾ। ਤੁਹਾਨੂੰ ਘਰ ਦੇ ਨਸੀਬ ਦਾ ਆਪਣੇ ਆਪ ਹੀ ਪਤਾ ਲੱਗ ਜਾਵੇਗਾ ਕਿ ਉਸ ਘਰ ਦੀਆਂ ਨੀਹਾਂ ਮਜ਼ਬੂਤ ਨੇ ਜਾਂ ਜ਼ਰਜਰੀਆਂ ਨੇ। ਇਸਦੇ ਚੌਬਾਰੇ ਦੇ ਕਿੰਗਰੇ ਡਿਗਣ ਵਾਲੇ ਹਨ ਜਾਂ ਇਸਦੀ ਬੁਲੰਦਗੀ ਸਦੀਵ ਹੈ। ਇਸਦੇ ਬਨੇਰਿਆਂ ’ਤੇ ਮੋਮਬੱਤੀਆਂ ਜਗਣਗੀਆਂ ਜਾਂ ਉਲੂ ਬੋਲਣਗੇ, ਕੰਧਾਂ ਦੀ ਖੋੜਾਂ ਵਿੱਚ ਪਿੱਪਲ ਅਤੇ ਬੋਹੜ ਉੱਗਣਗੇ ਜਾਂ ਕੰਧਾਂ ਘਰ ਦੀ ਸਲਾਮਤੀ ਦਾ ਰਾਗ ਗਾਉਣਗੀਆਂ। ਬਹੁਤ ਕੁਝ ਦੱਸ ਦਿੰਦੀ ਹੈ ਬਜ਼ੁਰਗਾਂ ਦੀ ਦਸ਼ਾ।
ਬਜ਼ੁਰਗ ਤਾਂ ਆਲੇ ਵਿਚਲਾ ਉਹ ਚਿਰਾਗ ਹੁੰਦੇ ਹਨ ਜਿਸਨੇ ਵਿਹੜੇ ਨੂੰ ਰੌਸ਼ਨ ਕਰਨਾ ਹੁੰਦਾ ਹੈ। ਘਰ ਦੀ ਪਾਕੀਜ਼ਗੀ ਦਾ ਪ੍ਰਮਾਣ; ਸਿਆਣਪਾਂ ਅਤੇ ਸਮੁੱਤਾਂ ਦਾ ਅਣਮੋਲ ਖਜ਼ਾਨਾ; ਆਪਣੀ ਔਲਾਦ ਦੇ ਖ਼ੈਰਖਾਹ; ਆਪਣੇ ਬੱਚਿਆਂ ਦੀਆਂ ਸੁੱਖਾਂ ਮੰਗਦੇ; ਆਪਣੀ ਅਰਦਾਸ ਵਿੱਚ ਸ਼ਾਮਲ ਕਰਦੇ ਕੁੱਖੋਂ ਜਾਇਆਂ ਨੂੰ। ਪਰ ਜਦੋਂ ਕੁੱਖੋਂ ਜਾਏ ਹੀ ਮਾਪਿਆਂ ਦੀ ਅੰਤਿਮ ਅਰਦਾਸ ਕਰਨ ਲਈ ਕਾਹਲੇ ਹੋਣ ਤਾਂ ਬਜ਼ੁਰਗਾਂ ਦੀਆਂ ਅਸੀਸਾਂ ਵਿੱਚ ਪੈਦਾ ਹੋਇਆ ਰੁੱਦਨ ਘਰ ਨੂੰ ਰੁਆ ਦਿੰਦਾ ਹੈ। ਅੱਥਰੂਆਂ ਵਿੱਚ ਖੁਰ ਜਾਂਦੀ ਘਰ ਦੀ ਹੋਂਦ। ਬੇਗਾਨਗੀ ਹੰਢਾਉਂਦਾ ਘਰ ਕਿੰਨਾ ਕੁ ਚਿਰ ਆਪਣੀ ਸਥਿਰਤਾ ਨੂੰ ਕਿਆਸ ਸਕਦਾ ਹੈ?
ਕਈ ਵਾਰ ਮਨ ਵਿੱਚ ਆਉਂਦਾ ਹੈ ਕਿ ਅਸੀਂ ਆਪਣੇ ਬਜੁ਼ਰਗਾਂ ਦੀ ਅਣਦੇਖੀ ਕਿਉਂ ਕਰਦੇ? ਕੀ ਉਨ੍ਹਾਂ ਨੂੰ ਨਕਾਰਨਾ ਅਤੇ ਦੁਰਕਾਰਨਾ ਸ਼ੋਭਾ ਦਿੰਦਾ ਹੈ? ਅਸੀਂ ਉਨ੍ਹਾਂ ਵੱਲ ਧਿਆਨ ਕਿਉਂ ਨਹੀਂ ਦਿੰਦੇ ਜਦੋਂ ਕਿ ਨਿੱਕੇ ਹੁੰਦਿਆਂ ਤਾਂ ਸਾਡੇ ਮਾਪਿਆਂ ਦਾ ਸਾਹ ਹੀ ਸੁੱਕ ਜਾਂਦਾ ਸੀ। ਉਹ ਸਾਡੀ ਤਾਮੀਰਦਾਰੀ ਕਰਦੇ, ਸਾਡੀਆਂ ਭਾਵਨਾਵਾਂ ਦੀ ਤਰਜੀਹ। ਉਹ ਸਾਡੀ ਪ੍ਰੇਰਨਾ, ਮਾਣ ਅਤੇ ਸਨਮਾਨ। ਸਾਡੇ ਸੁਪਨਿਆਂ ਦਾ ਸੱਚ ਉਨ੍ਹਾਂ ਦੀ ਬਦੌਲਤ। ਜ਼ਰਾ ਸੋਚਣਾ! ਅਗਰ ਬਜ਼ੁਰਗ ਨਾ ਹੁੰਦੇ ਤਾਂ ਕੀ ਤੁਸੀਂ ਹੁੰਦੇ? ਤੁਸੀਂ ਜੋ ਹੁਣ ਹੋ, ਇਹ ਸਭ ਕੁਝ ਤਾਂ ਬਜ਼ੁਰਗਾਂ ਦੀ ਦੇਣ ਹੈ। ਆਪਣੇ ਬਜ਼ੁਰਗਾਂ ਤੋਂ ਬੇਮੁਖੀ, ਬੇਅਦਬੀ, ਬੇਧਿਆਨੀ, ਬੇਰੁਹਮਤੀ ਅਤੇ ਉਨ੍ਹਾਂ ਨੂੰ ਆਖਰੀ ਵਕਤ ਸੂਲੀ ’ਤੇ ਲਟਕਾਉਣ ਦਾ ਹਰਜ਼ਾਨਾ ਤੁਹਾਨੂੰ ਹੀ ਭੁਗਤਣਾ ਪੈਣਾ ਹੈ ਕਿਉਂਕਿ ਜੋ ਕੁਝ ਤੁਸੀਂ ਕਰ ਰਹੇ ਹੋ, ਤੁਹਾਡੀ ਔਲਾਦ ਸਭ ਕੁਝ ਦੇਖ ਰਹੀ ਹੈ।
ਕਦੇ ਕਦਾਈਂ ਆਪਣੇ ਅੰਦਰ ਝਾਤੀ ਜ਼ਰੂਰ ਮਾਰਨਾ, ਆਪਣੇ ਆਪ ਦੇ ਰੁਬਰੂ ਜ਼ਰੂਰ ਹੋਣਾ। ਖੁਦ ਨੂੰ ਪ੍ਰਸ਼ਨ ਕਰਨਾ ਅਤੇ ਫਿਰ ਆਪਣੇ ਅੰਦਰੋਂ ਹੀ ਇਸਦਾ ਜਵਾਬ ਲੱਭਣਾ ਕਿ ਅਗਰ ਭਵਿੱਖ ਵਿੱਚ ਮੇਰੀ ਔਲਾਦ ਨੇ ਮੇਰੇ ਨਾਲ ਇੰਝ ਕੀਤਾ ਤਾਂ ਮੈਂਨੂੰ ਕਿੰਝ ਮਹਿਸੂਸ ਹੋਵੇਗਾ। ਇਹੀ ਸਾਡੇ ਬਜ਼ੁਰਗ ਮਹਿਸੂਸਦੇ ਹਨ ਜਦੋਂ ਅਸੀਂ ਉਨ੍ਹਾਂ ਕੋਲੋਂ ਪਿੱਠ ਕਰਦੇ ਹਾਂ।
ਕਦੇ ਬਜ਼ੁਰਗਾਂ ਦੀਆਂ ਅਧੂਰੀਆਂ ਇੱਛਾਵਾਂ ਨੂੰ ਪੂਰਾ ਕਰਨਾ, ਉਨ੍ਹਾਂ ਦੇ ਅਪੂਰਨ ਚਾਵਾਂ ਦੀ ਸਾਰ ਲੈਣੀ, ਮਨਚਾਹੀਆਂ ਵਸਤਾਂ ਨੂੰ ਪ੍ਰਾਪਤ ਕਰਨ ਦੀ ਲੋਚਾ ਪੂਰੀ ਕਰਨੀ; ਉਨ੍ਹਾਂ ਥਾਂਵਾਂ ਦੀ ਸੈਰ ਕਰਵਾਉਣੀ, ਜਿਹੜੀਆਂ ਉਹ ਤੁਹਾਡੀ ਸੰਭਾਲ ਕਰਦਿਆਂ, ਚਾਹੁੰਦਿਆਂ ਵੀ ਨਾ ਜਾ ਸਕੇ। ਉਨ੍ਹਾਂ ਨਾਲ ਚਾਹ ਦਾ ਕੱਪ ਸਾਂਝਾ ਕਰਦਿਆਂ ਦਿਲ ਲਗੀ ਕਰਨੀ; ਉਨ੍ਹਾਂ ਦੀ ਜ਼ਿੰਦਗੀ ਦੀ ਕਿਤਾਬ ਦੇ ਵਰਕਿਆਂ ਨੂੰ ਪੜ੍ਹਨਾ। ਉਨ੍ਹਾਂ ਦੀ ਜੱਦੋਜਹਿਦ ਦਾ ਧਿਆਨ ਧਰਨਾ। ਆਪਣੇ ਬੱਚਿਆਂ ਲਈ ਉਨ੍ਹਾਂ ਦੇ ਮਨ ਵਿੱਚ ਪੈਦਾ ਹੋਏ ਵਲਵਲਿਆਂ ਦੀ ਦਾਸਤਾਨ ਤਾਂ ਸੁਣਨਾ, ਤੁਹਾਨੂੰ ਚੰਗਾ ਲੱਗੇਗਾ ਕਿ ਤੁਹਾਡੇ ਬਚਪਨੇ ਅਤੇ ਜਵਾਨੀ ਪਹਿਰ ਵਿੱਚ ਤੁਹਾਡੇ ਮਾਪਿਆਂ ਨੇ ਕਿੰਨਾ ਕੁਝ ਚਿਤਵਿਆ ਅਤੇ ਇਸਦੀ ਪੁਰਤੀ ਲਈ ਕਿੰਨੇ ਜੋਖ਼ਮ ਉਠਾਏ?
ਬਜ਼ੁਰਗਾਂ ਦੀ ਸ਼ਿਕਾਇਤ ਕਰਨ ਦੀ ਬਜਾਏ ਕਦੇ ਮਨ ਵਿੱਚ ਸ਼ੁਕਰਗੁਜ਼ਾਰੀ ਦਾ ਅਹਿਸਾਸ ਉਪਜਾਉਣਾ। ਉਨ੍ਹਾਂ ਦੀਆਂ ਅੱਖਾਂ ਵਿੱਚ ਪੈਦਾ ਹੋਏ ਹੁਲਾਸ ਅਤੇ ਚਿਹਰੇ ਉੱਤੇ ਪੈਦਾ ਹੋਏ ਖੇੜੇ ਨੂੰ ਜਦੋਂ ਤੁਸੀਂ ਆਪਣੇ ਸਾਹਵੇਂ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਮਾਪਿਆਂ ਲਈ ਨਿੱਕੀਆਂ ਨਿੱਕੀਆਂ ਖੁਸ਼ੀਆਂ ਵਾਸਤੇ ਉਨ੍ਹਾਂ ਨਾਲ ਬਿਤਾਏ ਕੁਝ ਕੁ ਪਲ ਕਿੰਨੇ ਅਰਥ ਭਰਪੂਰ ਅਤੇ ਅਹਿਮ ਹਨ।
ਯਾਦ ਰਹੇ ਕਿ ਵਕਤ ਨਾਲ ਜ਼ਿੰਦਗੀ ਦੇ ਮਾਅਨੇ ਬਦਲਦੇ ਜਾਂਦੇ ਹਨ; ਜੀਵਨ ਦੀਆਂ ਤਰਜੀਹਾਂ ਬਦਲ ਜਾਂਦੀਆਂ ਹਨ। ਕਾਰ-ਵਿਹਾਰ ਅਤੇ ਜੀਵਨ-ਜਾਚ ਵੀ ਬਦਲ ਜਾਂਦੀ ਹੈ। ਸਰੋਕਾਰ ਅਤੇ ਸੰਵੇਦਨਾਵਾਂ ਵੀ ਬਦਲਦੀਆਂ ਹਨ ਤੇ ਸਮਾਜ ਵੀ ਬਦਲਦਾ ਹੈ। ਪਰ ਜਿਹੜੇ ਲੋਕ ਆਪਣੀਆਂ ਕਦਰਾਂ ਕੀਮਤਾਂ ਦਾ ਸੌਦਾ ਕਰਦੇ ਹਨ, ਮਾਨਵੀ ਮੁੱਲਾਂ ਨੂੰ ਨਿਲਾਮ ਕਰਦੇ ਹਨ, ਆਪਣੀ ਜ਼ਮੀਰ ਦੀ ਸੌਦੇਬਾਜ਼ੀ ਕਰਦੇ ਹਨ ਅਤੇ ਨਿੱਜੀ ਮੁਫਾਦ ਦੀ ਖ਼ਾਤਰ ਆਪਣੇ ਬਜ਼ੁਰਗਾਂ ਨੂੰ ਬੇਦਖ਼ਲੀ, ਬੇਘਰੀ ਅਤੇ ਬੇਗਾਨਗੀ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਕਰਦੇ ਹਨ, ਉਹ ਸਮਾਜ ਲਈ ਸਭ ਤੋਂ ਵੱਡਾ ਕਲੰਕ ਹਨ। ਅਜਿਹੇ ਲੋਕ ਆਪਣੀ ਔਲਾਦ ਕੋਲੋਂ ਕੁਝ ਚੰਗੇਰੇ ਦੀ ਆਸ ਕਿਵੇਂ ਰੱਖਣਗੇ? ਅਜਿਹੇ ਲੋਕ ਬਜ਼ੁਰਗਾਂ ਦੇ ਪਿਆਰ ਦੀ ਲੋਚਾ ਦਾ ਸਿਵਾ ਆਪਣੇ ਹੱਥੀਂ ਸੇਕ, ਆਪਣਾ ਮਰਸੀਆ ਖੁਦ ਪੜ੍ਹਦੇ ਹਨ।
ਬਜ਼ੁਰਗਾਂ ਦੀ ਨਿੱਕੀ ਮੋਟੀ ਗਲਤੀ ਨੂੰ ਨਜ਼ਰਅੰਦਾਜ਼ ਕਰੋ। ਉਨ੍ਹਾਂ ਦੀ ਕੁਤਾਹੀ ਨੂੰ ਅਣਡਿੱਠ ਕਰੋ। ਉਨ੍ਹਾਂ ਦੀਆਂ ਝਿੜਕਾਂ ਦਾ ਬੁਰਾ ਨਾ ਮਨਾਓ। ਉਹ ਨਾ ਰਹੇ ਤਾਂ ਤੁਹਾਨੂੰ ਕਿਸੇ ਨੇ ਨਹੀਂ ਝਿੜਕਣਾ। ਉਨ੍ਹਾਂ ਦੀਆਂ ਸਲਾਹਾਂ ਵੱਲੋਂ ਬੇਧਿਆਨੇ ਨਾ ਹੋਵੋ। ਉਨ੍ਹਾਂ ਦੇ ਖਾਣ-ਪੀਣ, ਰਹਿਣ-ਸਹਿਣ ਅਤੇ ਕੱਪੜਿਆਂ ਵੱਲ ਤਵੱਜੋ ਦਿਓ। ਉਨ੍ਹਾਂ ਦੀਆਂ ਸ਼ਿਕਾਇਤਾਂ ਅਤੇ ਸ਼ਿਕਵਿਆਂ ਨੂੰ ਦੂਰ ਕਰੋ। ਉਨ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਲਈ ਉਚੇਚ ਕਰੋ। ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰੋ। ਉਨ੍ਹਾਂ ਨੂੰ ਅਹਿਸਾਸ ਕਰਾਓ ਕਿ ਉਹ ਤੁਹਾਡੇ ਸਭ ਤੋਂ ਕਰੀਬੀ ਹਨ। ਉਨ੍ਹਾਂ ਨੂੰ ਅਹਿਮਅਿਤ ਦਿਓ। ਉਨ੍ਹਾਂ ਨੂੰ ਇਹ ਦੱਸੋ ਕਿ ਤੁਸੀਂ ਉਨ੍ਹਾਂ ਦੇ ਸਭ ਤੋਂ ਪਿਆਰੇ ਹੋ ਅਤੇ ਇਹੀ ਪਿਆਰ ਤੁਹਾਨੂੰ ਕਈ ਗੁਣਾ ਹੋ ਕੇ ਮਿਲੇਗਾ। ਖਾਸ ਮੌਕਿਆਂ ’ਤੇ ਉਨ੍ਹਾਂ ਨੂੰ ਖਾਸ ਹੋਣ ਦਾ ਅਹਿਸਾਸ ਵੀ ਕਰਵਾਓ।
ਕੀ ਤੁਹਾਨੂੰ ਪਤਾ ਹੈ ਕਿ ਕਿੰਨੀਆਂ ਖਾਹਿਸ਼ਾਂ, ਖ਼ਾਬ ਅਤੇ ਖ਼ਿਆਲ ਆਪਣੇ ਦਿਲ ਵਿੱਚ ਦਫਨਾ ਬਜ਼ੁਰਗ ਇਸ ਜਹਾਨੋਂ ਰੁਖਸਤ ਹੋ ਜਾਂਦੇ ਹਨ। ਇਸ ਅਧੂਰੇਪਨ, ਅਪੂਰਨਤਾ ਅਤੇ ਅਮਾਨਵਤਾ ਨੂੰ ਆਪਣੇ ਅੰਦਰ ਲੈ ਕੇ ਅਤੇ ਆਪਣੇ ਬੱਚਿਆਂ ਦੀਆਂ ਨੋਕ-ਝੋਕ ਨੂੰ ਸਹੇੜ ਕੇ ਜਿਊਣਾ ਬਜ਼ੁਰਗਾਂ ਲਈ ਕਿੰਨਾ ਵੱਡਾ ਅਜ਼ਾਬ ਹੈ। ਸਮਝਣਾ ਚਾਹੀਦਾ ਹੈ ਕਿ ਜਦੋਂ ਬਜ਼ੁਰਗ ਆਖ਼ਰੀ ਵਕਤ ਆਪਣਿਆਂ ਵਿੱਚ ਘਿਰਿਆ, ਆਪਣਿਆਂ ਨੂੰ ਆਖਰੀ ਅਲਵਿਦਾ ਕਹਿ ਕੇ ਅੱਖਾਂ ਮੀਟਦਾ ਹੈ ਤਾਂ ਘਰ ਦੀ ਫਿਜ਼ਾ ਵਿੱਚ ਮਾਣਮੱਤੀ ਜ਼ਿੰਦਗੀ ਦੀ ਸਰਗਮ ਛੇੜਦਾ ਹੈ, ਜਿਹੜੀ ਸਰਗਮ ਅਗਲੀ ਪੀੜ੍ਹੀ ਨੇ ਸੁਣ ਕੇ ਆਪਣੇ ਮਾਪਿਆਂ ਦੇ ਨਾਮ ਸੁਖਨ ਕਰਨਾ ਹੁੰਦਾ। ਦਰਅਸਲ ਸੱਚ ਤਾਂ ਇਹ ਹੈ ਕਿ:
ਮਾਪੇ ਹੁੰਦੇ ਰਹਿਮਤ ਰੱਬ ਦੀ, ਤੇ ਝੋਲੀ ਵਿੱਚ ਦੁਆਵਾਂ।
ਝੱਖੜ-ਝਾਂਜੀ ਛਤਰੀ ਤਣਦੇ, ਤੇ ਧੁੱਪਾਂ ਦੇ ਵਿੱਚ ਛਾਵਾਂ।
ਰਾਹਾਂ ਵਿੱਚੋਂ ਕੰਡੇ ਚੁਗਦੇ, ਤੇ ਕਰਦੇ ਸਫਰ ਸੁਖਾਲਾ,
ਮੱਥੇ ਉੱਤੇ ਉਕਰ ਦਿੰਦੇ ਆ, ਮੰਜ਼ਲ ਦਾ ਸਿਰਨਾਵਾਂ।
ਰੱਬ ਪਤਾ ਨਹੀਂ ਕਿੱਥੇ ਰਹਿੰਦਾ, ਤੇ ਕਦੋਂ ਸੁਣੇ ਫਰਿਆਦਾਂ,
ਮਾਪੇ ਹਰਦਮ ਅੰਗ-ਸੰਗ ਰਹਿੰਦੇ, ਕਸਬੇ, ਸ਼ਹਿਰ ਗਰਾਵਾਂ।
ਜ਼ਿੰਦਗੀ ਦੇ ਹਰ ਮੋੜ ’ਤੇ ਜਿਹੜੇ, ਮੱਤਾਂ ਨਾਲ ਨਿਵਾਜਣ,
ਮਾਪੇ ਹੁੰਦੇ ਪ੍ਰੇਮ-ਪਿਆਲਾ, ਤੇ ਆਉਂਦੀਆਂ ਜਾਂਦੀਆਂ ਸਾਹਵਾਂ।
ਹਰ ਸੱਜਣ ਦਾ ਕਰਜ਼ ਤਾਂ ਬੰਦਾ, ਹੱਸ ਕੇ ਦੇਵੇ ਉਤਾਰ,
ਮਾਪਿਆਂ ਦਾ ਹਰ ਸਾਹੇ ਚੜ੍ਹਿਆ, ਕੀਕਣ ਕਰਜ਼ ਚੁਕਾਵਾਂ।
ਜਿਊਂਦੇ ਜੀਅ ਜਿਸ ਸੁਖਨ-ਸੰਧੂਰੀ, ਮੇਰੇ ਲੇਖ ਨਿਖਾਰੇ,
ਕੁਦਰਤ ਦੀ ਇਸ ਬਖਸ਼ਿਸ਼ ਦਾ, ਦਿਲ ਤੋਂ ਸ਼ੁਕਰ ਮਨਾਵਾਂ।
ਜਦੋਂ ਮੈਂ ਆਪਣੇ ਜ਼ਿੰਦਗੀ ਦੇ ਪੰਨੇ ਪਲਟਦਾ ਹਾਂ ਤਾਂ ਚਾਰ ਵਾਰੀ ਆਪਣੇ ਬਾਪ ਦੇ ਦੀਦਿਆਂ ਵਿੱਚ ਆਏ ਹਾਵ-ਭਾਵ ਹੁਣ ਤੀਕ ਵੀ ਚੇਤੇ ਹਨ। ਇਹ ਪਲ ਮੈਂਨੂੰ ਅਪਣੱਤ ਦਾ ਅਹਿਸਾਸ ਕਰਵਾਉਂਦੇ ਹਨ, ਨਮੋਸ਼ੀ ਵਿੱਚ ਪੀੜ-ਪੀੜ ਵੀ ਕਰਦੇ ਹਨ ਅਤੇ ਮੈਂਨੂੰ ਅਸੀਮ ਅਸੀਸਾਂ ਨਾਲ ਵੀ ਨਿਵਾਜਦੇ ਹਨ। ਪਹਿਲੀ ਵਾਰ ਮੈਂ ਆਪਣੇ ਬਾਪ ਦੇ ਨੈਣਾਂ ਨੂੰ ਨੀਝ ਨਾਲ ਉਸ ਵੇਲੇ ਤੱਕਿਆ ਜਦੋਂ ਮੈਂ ਪ੍ਰੈਪ ਵਿੱਚੋਂ ਫੇਲ੍ਹ ਹੋ ਗਿਆ। ਉਸਦੀਆਂ ਅੱਖਾਂ ਵਿੱਚ ਉੱਤਰੀ ਉਦਾਸੀ ਅਤੇ ਹਤਾਸ਼ੀ ਨੇ ਮੈਂਨੂੰ ਇੰਨਾ ਬੇਚੈਨ ਅਤੇ ਸ਼ਰਮਿੰਦਾ ਕੀਤਾ ਕਿ ਉਸ ਪਲ ਨੇ ਮੇਰੇ ਲਈ ਜ਼ਿੰਦਗੀ ਦੇ ਅਰਥ ਹੀ ਬਦਲ ਦਿੱਤੇ। ਬਦਲ ਗਈਆਂ ਮੇਰੀਆਂ ਤਰਜੀਹਾਂ ਅਤੇ ਮੱਥੇ ’ਤੇ ਲਿਖੀਆਂ ਗਈਆਂ ਤਕਦੀਰਾਂ। ਦੂਸਰੀ ਵਾਰ ਬਾਪ ਦੇ ਮਾਣਮੱਤੇ ਨੈਣਾਂ ਨੂੰ ਉਦੋਂ ਨਿੱਠ ਕੇ ਦੇਖਿਆ ਜਦੋਂ ਪ੍ਰੈਪ ਵਿੱਚ ਫੇਲ੍ਹ ਹੋਣ ਵਾਲੇ ਉਸਦੇ ਪੁੱਤ ਨੇ ਨਿਊਕਲੀਅਰ ਫਿਜ਼ਿਕਸ ਵਿੱਚ ਪੀਐੱਚਡੀ ਕੀਤੀ। ਤੀਸਰੀ ਵਾਰ ਬਾਪ ਦੇ ਨੈਣਾਂ ਵਿੱਚ ਵਿਛੋੜੇ ਦਾ ਦਰਦ ਉਦੋਂ ਛਲਕਿਆ ਜਦੋਂ ਉਨ੍ਹਾਂ ਨੂੰ ਇਹ ਪਤਾ ਲੱਗਾ ਕਿ ਪੁੱਤ ਸ਼ਾਨਦਾਰ ਨੌਕਰੀ ਛੱਡ ਕੇ ਪ੍ਰਦੇਸ ਦੀਆਂ ਔਕੜਾਂ ਭਰੀ ਜ਼ਿੰਦਗੀ ਵਿੱਚੋਂ ਆਪਣੇ ਹਿੱਸੇ ਦਾ ਅਸਮਾਨ ਲੱਭਣ ਲਈ ਪਰਵਾਸੀ ਹੋਣ ਲੱਗਾ ਹੈ। ਪਰ ਮੇਰੇ ਲਈ ਸਭ ਤੋਂ ਮਹੱਤਵਪੂਰਨ ਅਤੇ ਅਣਮੋਲ ਸੀ ਉਹ ਪਲ ਜਦੋਂ ਬਾਪ ਨੇ ਆਖਰੀ ਸਾਹ ਲੈਣ ਤੋਂ ਪਹਿਲਾਂ ਮੰਜੇ ਦੀ ਬਾਹੀ ’ਤੇ ਬੈਠੇ ਆਪਣੇ ਪੁੱਤ ਨੂੰ ਅੱਖਾਂ ਭਰ ਕੇ ਦੇਖਿਆ। ਪਤਾ ਨਹੀਂ ਕਿੰਨੀਆਂ ਅਸੀਸਾਂ, ਦੁਆਵਾਂ ਅਤੇ ਰਹਿਮਤਾਂ ਨਾਲ ਨਿਵਾਜ, ਹੌਲੀ ਹੌਲੀ ਸਦਾ ਲਈ ਅੱਖਾਂ ਬੰਦ ਕਰ ਲਈਆਂ। ਉਨ੍ਹਾਂ ਅੱਖਾਂ ਦਾ ਤਸੱਵਰ ਮੇਰੇ ਲਈ ਸਭ ਤੋਂ ਵੱਡੀ ਅਮਾਨਤ ਅਤੇ ਵਿਰਾਸਤ ਹੈ, ਜਿਸਨੇ ਮੇਰੀਆਂ ਝੋਲੀਆਂ ਭਰ ਦਿੱਤੀਆਂ ਸਨ। ਇਸ ਅਨਮੋਲ ਅਮਾਨਤ ਦੇ ਕੋਲ ਹੁੰਦਿਆਂ ਬਾਪ ਦੇ ਤੁਰ ਜਾਣ ਦਾ ਦਰਦ ਮੈਂ ਜ਼ੀਰ ਗਿਆ ਕਿਉਂਕਿ ਮੈਂ ਆਪਣੇ ਬਾਪ ਦੀਆਂ ਅੱਖਾਂ ਵਿੱਚ ਆਏ ਵਿਭਿੰਨ ਰੰਗਾਂ ਰਾਹੀਂ ਦੇਖਿਆ ਕਿ ਮੈਂ ਆਪਣੇ ਬਾਪ ਦਾ ਕੁਝ ਤਾਂ ਕਰਜ਼ ਉਤਾਰ ਸਕਿਆ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































