“ਇਹ ਸੰਦੇਸ਼ ਦੇਣ ਲਈ 30 ਮਈ ਨੂੰ ਦੋਹਾਂ ਜਥੇਬੰਦੀਆਂ ਦੀ ਸੂਬਾਈ ਕਨਵੈਨਸ਼ਨ ...”
(26 ਮਈ 2026)
ਹਕੀਕੀ ਮੁੱਦਿਆਂ ’ਤੇ ਜੱਦੋਜਹਿਦ ਤੇਜ਼ ਕਰੋ।
ਇਨਕਲਾਬੀ ਤਬਦੀਲੀ ਦੇ ਰਾਹ ’ਤੇ ਅੱਗੇ ਵਧੋ।
--- ਲੋਕ ਮੋਰਚਾ ਪੰਜਾਬ ਇਨਕਲਾਬੀ ਕੇਂਦਰ ਪੰਜਾਬ
ਦੇਸ਼ ਅੰਦਰ ਫਿਰਕਾਪ੍ਰਸਤੀ ਵਾਲੀ ਪਾਟਕ ਪਾਊ ਸਿਆਸਤ ਰਾਹੀਂ ਤੇਜ਼ ਹੋ ਰਹੇ ਫਿਰਕੂ ਫਾਸ਼ੀ ਹਮਲਿਆਂ ਦਰਮਿਆਨ ਪੰਜਾਬ ਅੰਦਰ ਵੀ ਅਜਿਹੀਆਂ ਕੋਸ਼ਿਸ਼ਾਂ ਤੇਜ਼ ਕੀਤੀਆਂ ਜਾ ਰਹੀਆਂ ਹਨ। ਵਿਸ਼ੇਸ਼ ਕਰਕੇ ਪੰਜਾਬ ਵਿਧਾਨ ਸਭਾ ਦੀਆਂ ਨਜ਼ਦੀਕ ਆ ਰਹੀਆਂ ਚੋਣਾਂ ਕਾਰਨ ਨਕਲੀ, ਭੜਕਾਊ ਅਤੇ ਫਿਰਕੂ ਮੁੱਦੇ ਉਭਾਰਨ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਬੰਗਾਲ ਵਿੱਚ ਫਿਰਕੂ ਫਾਸ਼ੀ ਹਥਕੰਡੇ ਅਪਣਾਉਣ ਰਾਹੀਂ ਅਤੇ ਮਮਤਾ ਸਰਕਾਰ ਦੇ 15 ਵਰ੍ਹਿਆਂ ਦੇ ਲੋਕ ਦੋਖੀ ਜਾਬਰ ਰਾਜ ਦੇ ਅਕੇਵੇਂ ਦਾ ਲਾਹਾ ਲੈਣ ਰਾਹੀਂ ਭਾਜਪਾ ਸੱਤਾ ਹਥਿਆਉਣ ਮਗਰੋਂ ਹੁਣ ਪੰਜਾਬ ਵਿੱਚ ਵੀ ਅਜਿਹੀ ਖੇਡ ਖੇਡਣਾ ਚਾਹੁੰਦੀ ਹੈ। ਸੂਬੇ ਦੇ ਲੋਕ ਪਹਿਲਾਂ ਹੀ ਆਪ ਪਾਰਟੀ ਦੀ ਹਕੂਮਤ ਅਤੇ ਕੇਂਦਰੀ ਹਕੂਮਤ, ਦੋਹਾਂ ਦੀਆਂ ਲੋਕ ਦੋਖੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਹੇਠ ਪਿਸ ਰਹੇ ਹਨ। ਅਜਿਹੀ ਹਾਲਤ ਵਿੱਚ ਲੋਕਾਂ ਵਿੱਚ ਰੋਹ ਅਤੇ ਬੇਚੈਨੀ ਤਿੱਖੀ ਹੋ ਰਹੀ ਹੈ। ਸਭ ਹਾਕਮ ਪਾਰਟੀਆਂ ਇਸ ਰੋਹ ਅਤੇ ਬੇਚੈਨੀ ਨੂੰ ਵੋਟਾਂ ਵਿੱਚ ਢਾਲ ਕੇ ਗੱਦੀ ਤਕ ਪਹੁੰਚਣ ਲਈ ਪਿਛਾਖੜੀ ਹਥਕੰਡੇ ਅਪਣਾਉਣ ’ਤੇ ਉਤਾਰੂ ਹਨ।
ਮੁਲਕ ਦੀ ਸਭ ਤੋਂ ਵੱਡੀ ਹਾਕਮ ਪਾਰਟੀ ਅਤੇ ਕੇਂਦਰੀ ਸੱਤਾ ’ਤੇ ਕਾਬਜ਼ ਭਾਜਪਾ ਇਸ ਵੇਲੇ ਫਿਰਕੂ ਰਾਸ਼ਟਰਵਾਦੀ ਫਾਸ਼ੀ ਹੱਲੇ ’ਤੇ ਸਵਾਰ ਹੈ। ਕੇਂਦਰੀ ਰਾਜ ਮਸ਼ੀਨਰੀ ਉੱਤੇ ਕਾਬਜ਼ ਹੋਣ ਕਰਕੇ ਸਭਨਾਂ ਸੰਸਥਾਵਾਂ ਉੱਤੇ ਆਪਣੇ ਕੰਟਰੋਲ ਰਾਹੀਂ ਉਨ੍ਹਾਂ ਦੀ ਸਿਆਸਤੀ ਮੰਤਵਾਂ ਲਈ ਖੁੱਲ੍ਹਮਖੁੱਲ੍ਹੀ ਅਤੇ ਥੋਕ ਵਰਤੋਂ ਕਰ ਰਹੀ ਹੈ। ਇਹ ਪਾਰਟੀ ਵੋਟਾਂ ਹਥਿਆਉਣ ਲਈ ਫਿਰਕੂ ਫਾਸ਼ੀ ਲਾਮਬੰਦੀਆਂ ਸਮੇਤ ਸਭ ਤਰ੍ਹਾਂ ਦੇ ਘੋਰ ਪਿਛਾਖੜੀ ਹਥਕੰਡੇ ਇਖਤਿਆਰ ਕਰਨ ਵਿੱਚ ਮੋਹਰੀ ਬਣੀ ਹੋਈ ਹੈ। ਦੇਸ਼ ਅੰਦਰ ਉੱਠਦੇ ਲੋਕ ਸੰਘਰਸ਼ਾਂ ਨੂੰ ਕੁਚਲਣ ਅਤੇ ਲੋਕਾਂ ਦੀ ਜ਼ੁਬਾਨਬੰਦੀ ਕਰਨ ਲਈ ਕਾਲੇ ਕਾਨੂੰਨਾਂ ਦੀ ਥੋਕ ਵਰਤੋਂ ਕਰ ਰਹੀ ਹੈ ਤੇ ਕਾਲੇ ਕਾਨੂੰਨਾਂ ਦੇ ਦੰਦ ਹੋਰ ਤਿੱਖੇ ਕਰ ਰਹੀ ਹੈ। ਹਕੂਮਤੀ ਨੀਤੀਆਂ ਦਾ ਵਿਰੋਧ ਕਰਦੇ ਦਰਜਨਾਂ ਬੁੱਧੀਜੀਵੀਆਂ, ਪੱਤਰਕਾਰਾਂ ਅਤੇ ਜਮਹੂਰੀ ਹੱਕਾਂ ਦੇ ਕਾਰਕੁਨ ਜੇਲ੍ਹਾਂ ਵਿੱਚ ਡੱਕੇ ਹੋਏ ਹਨ। ਹੁਣ ਤਾਜ਼ਾ ਜਾਬਰ ਹੱਲਾ ਵੱਡੇ ਸਰਮਾਏਦਾਰਾਂ ਦੀ ਅੰਨ੍ਹੀ ਲੁੱਟ ਖਿਲਾਫ ਆਵਾਜ਼ ਉਠਾ ਰਹੇ ਸਨਅਤੀ ਮਜ਼ਦੂਰਾਂ ’ਤੇ ਬੋਲਿਆ ਗਿਆ ਹੈ। ਦੇਸ਼ ਅੰਦਰ ਸੈਂਕੜੇ ਮਜ਼ਦੂਰ ਆਗੂ ਤੇ ਸਿਆਸੀ/ਸਮਾਜਿਕ ਕਾਰਕੁਨ ਝੂਠੇ ਕੇਸ ਮੜ੍ਹ ਕੇ ਜੇਲ੍ਹੀਂ ਡੱਕ ਦਿੱਤੇ ਗਏ ਹਨ। ਦੂਸਰੀਆਂ ਹਾਕਮ ਪਾਰਟੀਆਂ ਵੀ ਭਾਜਪਾ ਨਾਲ ਵੋਟਾਂ ਦੇ ਅਖਾੜੇ ਵਿੱਚ ਭਿੜਨ ਵੇਲੇ ਆਪੋ ਆਪਣੇ ਵੋਟ ਅਧਾਰ ਦੀਆਂ ਲੋੜਾਂ ਅਨੁਸਾਰ ਪਿਛਾਖੜੀ ਅਤੇ ਪਾਟਕ ਪਾਊ ਤਰੀਕਿਆਂ ਦੀ ਦੌੜ ਵਿੱਚ ਸ਼ਾਮਲ ਹਨ। ਵੋਟ ਪਾਰਟੀਆਂ ਦਾ ਇਹ ਵੋਟ ਸਿਆਸਤੀ ਭੇੜ ਨਕਲੀ ਅਤੇ ਭਰਮਾਊ ਮੁੱਦਿਆਂ ਨੂੰ ਮੋਹਰੇ ਲਿਆਉਣ ਰਾਹੀਂ ਲੋਕਾਂ ਦੇ ਅਸਲੀ ਹੱਕੀ ਮੁੱਦਿਆਂ ਨੂੰ ਰੋਲਣ ਦਾ ਜ਼ਰੀਆ ਬਣ ਰਿਹਾ ਹੈ। ਕੇਂਦਰੀ ਹਕੂਮਤ ਵੱਲੋਂ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਮੰਤਰੀਆਂ ਨੂੰ ਅਤੇ ਹੋਰਨਾਂ ਵਿਰੋਧੀ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਡਰਾਉਣ ਦਬਕਾਉਣ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਇਸੇ ਆਪਸੀ ਕੁੱਕੜਖੋਹੀ ਦਾ ਨਤੀਜਾ ਹੈ।
ਭਾਜਪਾ ਦਾ ਫਿਰਕੂ ਪ੍ਰਚਾਰ ਮੋੜਵੇਂ ਰੂਪ ਵਿੱਚ ਪੰਜਾਬ ਦੇ ਸਿੱਖ ਫਿਰਕੇ ਵਿੱਚੋਂ ਵੋਟਾਂ ਬਟੋਰਨ ਵਾਲੇ ਫਿਰਕੂ ਸਿਆਸਤਦਾਨਾਂ ਨੂੰ ਤਕੜਾਈ ਦਿੰਦਾ ਹੈ, ਜਿਹੜੇ ਪਹਿਲਾਂ ਹੀ ਫਿਰਕੂ ਪ੍ਰਚਾਰ ਜ਼ਰੀਏ ਸਿੱਖ ਵੋਟਾਂ ਭੁਗਤਾ ਕੇ ਗੱਦੀ ’ਤੇ ਪਹੁੰਚਣ ਲਈ ਤਰਲੋਮੱਛੀ ਹੋ ਰਹੇ ਹਨ। ਇਸ ਵੋਟ ਸਿਆਸਤੀ ਭੇੜ ਦੌਰਾਨ ਪਰਵਾਸੀ ਮਜ਼ਦੂਰਾਂ ਖਿਲਾਫ ਜ਼ਹਿਰੀਲੇ ਭੜਕਾਊ ਪ੍ਰਚਾਰ, ਧਾਰਮਿਕ ਬੇਅਦਬੀ, ਧਰਮ ਬਦਲੀ ਅਤੇ ਹੋਰ ਤਰ੍ਹਾਂ ਤਰ੍ਹਾਂ ਦੇ ਬਿਰਤਾਂਤ ਸਿਰਜੇ ਅਤੇ ਵਰਤਾਏ ਜਾ ਰਹੇ ਹਨ। ਇਹ ਨਕਲੀ ਅਤੇ ਭਰਮਾਊ ਬਿਰਤਾਂਤ ਅਖੌਤੀ ਆਰਥਿਕ ਸੁਧਾਰਾਂ ਦੇ ਨਿੱਜੀਕਰਨ, ਵਪਾਰੀਕਰਨ ਵਾਲੇ ਹੱਲੇ ਦੀ ਹਕੀਕਤ ਢਕਣ ਦਾ ਸਾਧਨ ਵੀ ਬਣਾਏ ਜਾਂਦੇ ਹਨ, ਜਿਸ ਹਮਲੇ ਨੂੰ ਸੂਬਾਈ ਅਤੇ ਕੇਂਦਰੀ ਹਕੂਮਤਾਂ ਇੱਕ ਦੂਜੇ ਤੋਂ ਵਧ ਕੇ ਲਾਗੂ ਕਰਨ ਲਈ ਜੁਟੀਆਂ ਹੋਈਆਂ ਹਨ। ਇਸ ਹੱਲੇ ਦਾ ਸਿੱਟਾ ਦਿਨੋਂ ਦਿਨ ਵਧ ਰਹੀ ਮਹਿੰਗਾਈ, ਕਿਰਤੀਆਂ ਦੀ ਤਿੱਖੀ ਹੋ ਰਹੀ ਲੁੱਟ, ਮਨਰੇਗਾ ਵਰਗੀਆਂ ਵਕਤੀ ਰਾਹਤ ਸਕੀਮਾਂ ਦਾ ਸੁੰਗੇੜਾ, ਨਿੱਜੀਕਰਨ ਦਾ ਹੋ ਰਿਹਾ ਪਸਾਰਾ, ਮਹਿੰਗੀ ਹੁੰਦੀ ਸਿੱਖਿਆ, ਇਲਾਜ ਅਤੇ ਹੋਰ ਸਹੂਲਤਾਂ, ਤੇਜ਼ੀ ਨਾਲ ਵਧਦੀ ਬੇਰੁਜ਼ਗਾਰੀ, ਕਿਰਤੀ ਮਜ਼ਦੂਰਾਂ-ਕਿਸਾਨਾਂ ਸਿਰ ਵਧਦਾ ਕਰਜ਼ਿਆਂ ਦਾ ਭਾਰ, ਗ਼ਰੀਬ ਕਿਸਾਨੀ ਦੀਆਂ ਖੁਰਦੀਆਂ ਜ਼ਮੀਨਾਂ ਆਦਿ ਵਜੋਂ ਨਿਕਲ ਰਿਹਾ ਹੈ।
ਹਾਕਮ ਪਾਰਟੀ ਦੇ ਵੋਟ ਬਿਰਤਾਂਤ ਇਨ੍ਹਾਂ ਅਸਲ ਮੁੱਦਿਆਂ ਦੀ ਚਰਚਾ ਤਕ ਨੂੰ ਵੀ ਪਿੱਛੇ ਧੱਕ ਰਹੇ ਹਨ। ਇਨ੍ਹਾਂ ਮੁੱਦਿਆਂ ਪਿਛਲੀਆਂ ਨੀਤੀਆਂ ’ਤੇ ਚਰਚਾ ਕਰਨੀ ਤਾਂ ਉਂਝ ਹੀ ਦੂਰ ਦੀ ਗੱਲ ਹੈ ਕਿਉਂਕਿ ਇਨ੍ਹਾਂ ਨੀਤੀਆਂ ’ਤੇ ਇਹ ਸਾਰੀਆਂ ਪਾਰਟੀਆਂ ਸਹਿਮਤ ਹਨ ਅਤੇ ਇਨ੍ਹਾਂ ਨੂੰ ਲਾਗੂ ਕਰਨ ਲਈ ਭਰਮਾਊ ਹਥਿਆਰਾਂ ਵਜੋਂ ਵਰਤੇ ਜਾਂਦੇ ਹਥਕੰਡਿਆਂ ਤੋਂ ਕਿਸੇ ਨੂੰ ਕੋਈ ਗੁਰੇਜ਼ ਨਹੀਂ ਹੈ। ਪੰਜਾਬ ਦੀ ਆਪ ਸਰਕਾਰ ਵੀ ਸਾਮਰਾਜੀ ਨੀਤੀਆਂ ਦੇ ਧਾਵੇ ਨੂੰ ਅੱਗੇ ਵਧਾਉਣ ਵਿੱਚ ਭਾਜਪਾ ਤੋਂ ਪਿੱਛੇ ਨਹੀਂ ਰਹਿ ਰਹੀ ਹੈ। ਇਸੇ ਕਰਕੇ ਪੰਜਾਬ ਦੇ ਸਾਰੇ ਮਿਹਨਤਕਸ਼ ਵਰਗ ਇਸ ਹਕੂਮਤ ਖਿਲਾਫ ਸੰਘਰਸ਼ਾਂ ਦੇ ਮੋਰਚੇ ਮੱਲ ਰਹੇ ਹਨ ਤੇ ਇਹ ਸਰਕਾਰ ਵੀ ਪੱਤਰਕਾਰਾਂ ਦੀ ਜ਼ੁਬਾਨਬੰਦੀ ਕਰਨ ਲਈ ਝੂਠੇ ਕੇਸ ਬਣਾਉਣ, ਲੇਖਕਾਂ ਖਿਲਾਫ 295-ਏ ਵਰਗੀ ਧਾਰਾ ਦੀ ਵਰਤੋਂ ਕਰਨ ਤੋਂ ਲੈ ਕੇ ਲੋਕਾਂ ਦੇ ਸੰਘਰਸ਼ਾਂ ਨੂੰ ਡੱਕਣ ਵਿੱਚ ਲੱਗੀ ਹੋਈ ਹੈ। ਇੱਥੋਂ ਤਕ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਕਾਨੂੰਨ ਲਿਆਉਣ ਰਾਹੀਂ ਵੀ ਇਹ ਪਿਛਾਖੜੀ ਹਥਕੰਡੇ ਅਪਣਾਉਣ ਵਿੱਚ ਭਾਜਪਾ ਨੂੰ ਟੱਕਰ ਦੇਣਾ ਚਾਹੁੰਦੀ ਹੈ। ਇਨ੍ਹਾਂ ਦਿਨਾਂ ਵਿੱਚ ਮੋਦੀ ਹਕੂਮਤ ਵੱਲੋਂ ਲੋਕਾਂ ਸਿਰ ਮਹਿੰਗਾਈ ਦਾ ਭਾਰ ਪਾਉਣ ਦਾ ਨਵਾਂ ਹੱਲਾ ਹੋ ਰਿਹਾ ਹੈ। ਤੇਲ, ਰਸੋਈ ਗੈਸ ਅਤੇ ਹੋਰ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਦੇ ਵਾਧਿਆਂ ਨੂੰ ਅਮਰੀਕਾ ਇਰਾਨ ਜ਼ੰਗ ਦੇ ਖਾਤੇ ਪਾ ਕੇ ਸਰਕਾਰ ਲੋਕਾਂ ਦੀ ਲੁੱਟ ਦੇ ਨਵੇਂ ਕਦਮ ਲੈ ਰਹੀ ਹੈ। ਵੱਡੇ ਸਰਮਾਏਦਾਰਾਂ ਅਤੇ ਕੰਪਨੀਆਂ ਦੇ ਆਰਥਿਕ ਸੰਕਟਾਂ ਦਾ ਭਾਰ ਲੋਕਾਂ ਉੱਤੇ ਲੱਦਣ ਅਤੇ ਉਨ੍ਹਾਂ ਦੇ ਕਾਰੋਬਾਰਾਂ ਦੇ ਮੁਨਾਫਿਆਂ ਨੂੰ ਕਾਇਮ ਰੱਖਣ ਅਤੇ ਵਧਾਉਣ ਲਈ ਕੌਮਾਂਤਰੀ ਜੰਗੀ ਮਾਹੌਲ ਦੀ ਓਟ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਲੋਕਾਂ ਦਾ ਮੱਥਾ ਹਕੂਮਤੀ ਨੀਤੀਆਂ ਕਾਰਨ ਪੈਦਾ ਹੋਏ ਆਰਥਿਕ ਸੰਕਟ ਦੇ ਅਗਲੇ ਗੇੜ ਨਾਲ ਲੱਗਣ ਜਾ ਰਿਹਾ ਹੈ। ਇਨ੍ਹਾਂ ਹਾਲਾਤ ਵਿੱਚ ਲੋਕਾਂ ਦਾ ਪਹਿਲਾ ਸਰੋਕਾਰ ਬਣਦਾ ਹੈ ਕਿ ਆਪਣੀ ਜਮਾਤੀ ਤਬਕਾਤੀ ਏਕਤਾ ਦੀ ਰਾਖ਼ੀ ਕੀਤੀ ਜਾਵੇ। ਇਸ ਨੂੰ ਮੌਕਾਪ੍ਰਸਤ ਵੋਟ ਪਾਰਟੀਆਂ ਅਤੇ ਸਿਆਸਤਦਾਨਾਂ ਦੇ ਪਾਟਕ ਪਾਊ ਪੈਂਤੜਿਆਂ ਤੋਂ ਬਚਾਇਆ ਜਾਵੇ। ਇਸ ਲੋਕ ਦੋਖੀ ਪ੍ਰਦੂਸ਼ਿਤ ਮਾਹੌਲ ਦਰਮਿਆਨ ਆਪਣੇ ਹੱਕੀ ਮੁੱਦਿਆਂ ਦੀ ਚਰਚਾ ਰੁਲਣ ਨਾ ਦਿੱਤੀ ਜਾਵੇ, ਸਗੋਂ ਹਰ ਤਰ੍ਹਾਂ ਦੇ ਭਟਕਾਊ ਅਤੇ ਪਾਟਕਪਾਊ ਬਿਰਤਾਂਤਾਂ ਨੂੰ ਰੱਦ ਕਰਦੇ ਹੋਏ ਆਪਣੇ ਅਸਲੀ ਮੁੱਦਿਆਂ ਨੂੰ ਉਭਾਰਨ ਅਤੇ ਇਨ੍ਹਾਂ ਲਈ ਸੰਘਰਸ਼ ਤੇਜ਼ ਕਰਨ ਉੱਤੇ ਜ਼ੋਰ ਲਾਇਆ ਜਾਵੇ। ਭਾਜਪਾ ਦੇ ਫਿਰਕੂ ਫਾਸ਼ੀ ਹਮਲੇ ਦੇ ਟਾਕਰੇ ਲਈ ਕਿਸੇ ਇੱਕ ਜਾਂ ਦੂਜੀ ਬਦਲਵੀਂ ਵੋਟ ਪਾਰਟੀ ਤੋਂ ਉਮੀਦਾਂ ਦਾ ਭਰਮ ਰੱਖਣ ਦੀ ਥਾਂ ਆਪਣੀ ਜਥੇਬੰਦ ਲੋਕ ਤਾਕਤ ਅਤੇ ਸੰਘਰਸ਼ ’ਤੇ ਟੇਕ ਰੱਖਣ ਦੀ ਪਹੁੰਚ ਅਪਣਾਈ ਜਾਵੇ। ਇਸ ਲਈ ਜ਼ਰੂਰੀ ਹੈ ਕਿ ਪੰਜਾਬ ਦੇ ਲੋਕ ਦੋਹਾਂ ਹਕੂਮਤਾਂ ਦੇ ਲੋਕ ਦੋਖੀ ਜਾਬਰ ਕਦਮਾਂ ਖਿਲਾਫ ਆਵਾਜ਼ ਉਠਾਉਂਦਿਆਂ ਅਖੌਤੀ ਆਰਥਿਕ ਸੁਧਾਰਾਂ ਦਾ ਹਮਲਾ ਰੱਦ ਕਰਨ, ਸਾਮਰਾਜੀ ਮੁਲਕਾਂ ਨਾਲ ਅਣਸਾਵੀਆਂ ਵਪਾਰਕ ਅਤੇ ਫ਼ੌਜੀ ਸੰਧੀਆਂ ਰੱਦ ਕਰਨ, ਜਮਹੂਰੀ ਹੱਕਾਂ ’ਤੇ ਹਮਲੇ ਬੰਦ ਕਰਨ ਤੇ ਜਾਬਰ ਕਾਲੇ ਕਾਨੂੰਨ ਰੱਦ ਕਰਨ, ਨਿੱਜੀਕਰਨ ਵਪਾਰੀਕਰਨ ਦੇ ਸਾਰੇ ਕਦਮ ਫੌਰੀ ਰੋਕਣ ਅਤੇ ਵਾਪਸ ਕਰਨ, ਗੁਜ਼ਾਰੇ ਲਾਇਕ ਅਤੇ ਮਾਣ ਸਨਮਾਨ ਯੋਗ ਜ਼ਿੰਦਗੀ ਲਈ ਘੱਟੋ ਘੱਟ ਉਜਰਤਾਂ ਤੈਅ ਕਰਕੇ ਲਾਗੂ ਕਰਨ, ਮਹਿੰਗਾਈ ਦੇ ਕਦਮ ਰੋਕਣ, ਵੱਡੇ ਸਰਮਾਏਦਾਰ ਅਤੇ ਸਾਮਰਾਜੀ ਕੰਪਨੀਆਂ ਉੱਤੇ ਟੈਕਸ ਲਾਕੇ ਸਰਕਾਰੀ ਖਜ਼ਾਨਾ ਭਰਨ ਤੇ ਲੋਕਾਂ ਤੋਂ ਟੈਕਸਾਂ ਦਾ ਬੋਝ ਘੱਟ ਕਰਨ ਵਰਗੇ ਮੁੱਦਿਆਂ ਲਈ ਸੰਘਰਸ਼ ਤੇਜ਼ ਕਰਨ।
ਭਾਰਤੀ ਰਾਜ ਦੀਆਂ ਹਾਕਮ ਜਮਾਤਾਂ ਦੇ ਵਧ ਰਹੇ ਜਾਬਰ ਅਤੇ ਫਾਸ਼ੀ ਰੁਝਾਨਾਂ ਅਤੇ ਇਨ੍ਹਾਂ ਦੀ ਝੰਡਾਬਰਦਾਰ ਬਣ ਕੇ ਉੱਭਰੀ ਅਤੇ ਲੋਕਾਂ ਖਿਲਾਫ ਸਾਮਰਾਜੀ ਨੀਤੀਆਂ ਦੇ ਧਾਵੇ ਨੂੰ ਫਾਸ਼ੀ ਹੱਲੇ ਨਾਲ ਜੋੜ ਕੇ ਅੱਗੇ ਵਧਾ ਰਹੀ ਭਾਜਪਾ ਹਕੂਮਤ ਦੇ ਟਾਕਰੇ ਦਾ ਰਾਹ ‘ਇਨਕਲਾਬ’ ਦਾ ਰਾਹ ਹੈ। ਇਹ ਫਾਸ਼ੀ ਹੱਲਾ ਅਖੌਤੀ ਜਮਹੂਰੀਅਤ ਨੂੰ ਹੋਰ ਵਧੇਰੇ ਜਾਬਰ ਅਤੇ ਖੂੰਖਾਰ ਬਣਾਉਣ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ। ਇਸ ਲਈ ਖਰੀ ਲੋਕ ਜਮਹੂਰੀਅਤ ਦੀ ਸਿਰਜਣਾ ਲਈ ਲੋਕ ਸੰਘਰਸ਼ਾਂ ਨੂੰ ਅੱਗੇ ਵਧਾਉਂਦੇ ਹੋਏ ਹੀ ਇਸ ਜਾਬਰ ਫਿਰਕੂ ਫਾਸ਼ੀ ਹਮਲੇ ਦਾ ਟਾਕਰਾ ਕੀਤਾ ਜਾ ਸਕਦਾ ਹੈ। ਇਸ ਲਈ ਸਭਨਾਂ ਧਰਮ ਨਿਰਪੱਖ, ਜਮਹੂਰੀ, ਲੋਕ ਪੱਖੀ, ਦੇਸ਼ ਭਗਤ ਤਾਕਤਾਂ ਦਾ ਵਿਸ਼ਾਲ ਏਕਾ ਉਸਾਰਿਆ ਜਾਣਾ ਚਾਹੀਦਾ ਹੈ। ਇਸ ਵਿਸ਼ਾਲ ਏਕੇ ਦੇ ਜ਼ੋਰ ਸੰਸਾਰ ਸਾਮਰਾਜੀ ਅਤੇ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਦੇ ਹੱਲੇ ਖਿਲਾਫ ਸੰਘਰਸ਼ ਨੂੰ ਅੱਗੇ ਵਧਾਉਂਦਿਆਂ, ਫਿਰਕੂ ਫਾਸ਼ੀ ਹਮਲੇ ਦਾ ਟਾਕਰਾ ਕੀਤਾ ਜਾ ਸਕਦਾ ਹੈ। ਅਸੀਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੰਦੇ ਹਾਂ ਕਿ ਹਾਕਮ ਜਮਾਤੀ ਪਾਰਟੀਆਂ ਦੀ ਇਸ ਪਿਛਾਖੜੀ ਅਤੇ ਲੋਕ ਦੋਖੀ ਵੰਡ ਪਾਊ ਸਿਆਸਤ ਦਰਮਿਆਨ, ਆਪਣੀ ਹਕੀਕੀ ਇਨਕਲਾਬੀ ਸਿਆਸਤ ਦੀ ਪਛਾਣ ਕਰਨ, ਤਰ੍ਹਾਂ ਤਰ੍ਹਾਂ ਦੇ ਬਿਰਤਾਂਤਾਂ ਦਰਮਿਆਨ ਆਪਣੇ ਹੱਕੀ ਜਮਾਤੀ ਮੁੱਦਿਆਂ ਦੇ ਸੰਘਰਸ਼ਾਂ ਨੂੰ ਵਿਸ਼ਾਲ ਕਰਨ ਅਤੇ ਇਨ੍ਹਾਂ ਨੂੰ ਇਨਕਲਾਬੀ ਤਬਦੀਲੀ ਦੀ ਸੇਧ ਵਿੱਚ ਅੱਗੇ ਵਧਾਉਣ। ਸਾਂਝੇ ਮੁੱਦਿਆਂ ਵਾਲੇ ਕਿਰਤੀ ਵਰਗਾਂ ਦੇ ਸਾਂਝੇ ਸੰਘਰਸ਼ਾਂ ਦੀ ਗੂੰਜ ਉੱਚੀ ਕਰਨ। ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਨੇ ਪੰਜਾਬ ਦੇ ਲੋਕਾਂ ਨੂੰ ਹਾਕਮ ਜਮਾਤੀ ਪਾਰਟੀਆਂ ਦੀ ਭਟਕਾਊ, ਪਾਟਕ ਪਾਊ ਫਿਰਕੂ ਸਿਆਸਤ ਤੋਂ ਸੁਚੇਤ ਰਹਿ ਕੇ ਆਪਣੇ ਅਸਲੀ ਮੁੱਦਿਆਂ ਤੇ ਜੱਦੋਜਹਿਦ ਤੇਜ਼ ਕਰਦੇ ਹੋਏ ਬੁਨਿਆਦੀ ਇਨਕਲਾਬੀ ਤਬਦੀਲੀ ਦੇ ਰਾਹ ’ਤੇ ਅੱਗੇ ਵਧਣ ਦਾ ਸੱਦਾ ਦਿੱਤਾ ਹੈ। ਇਨ੍ਹਾਂ ਹਾਲਾਤ ’ਤੇ ਚਰਚਾ ਕਰਨ ਅਤੇ ਪੰਜਾਬ ਦੇ ਲੋਕਾਂ ਨੂੰ ਇਹ ਸੰਦੇਸ਼ ਦੇਣ ਲਈ 30 ਮਈ ਨੂੰ ਦੋਹਾਂ ਜਥੇਬੰਦੀਆਂ ਦੀ ਸੂਬਾਈ ਕਨਵੈਨਸ਼ਨ ਜਥੇਬੰਦ ਕੀਤੀ ਜਾ ਰਹੀ ਹੈ।
ਇਸ ਕਨਵੈਨਸ਼ਨ ਵਿੱਚ ਇਨਕਲਾਬੀ ਜਮਹੂਰੀ ਜਥੇਬੰਦੀਆਂ ਦੀ ਜਾਗਰੂਕ ਕਾਰਕੁਨਾਂ ਨੂੰ ਸ਼ਾਮਲ ਹੋਣ ਦੀ ਪੁਰਜ਼ੋਰ ਅਪੀਲ। ਜਾਰੀ ਕਰਤਾ: ਲੋਕ ਮੋਰਚਾ ਪੰਜਾਬ, ਇਨਕਲਾਬੀ ਕੇਂਦਰ ਪੰਜਾਬ। ਜਗਮੇਲ ਸਿੰਘ 94172-24822, ਕੰਵਲਜੀਤ ਖੰਨਾ 94170-67344.
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)















































































































