“ਅੱਧੀ ਸਦੀ ਬੀਤ ਜਾਣ ਦੇ ਬਾਵਜੂਦ ਵੀ ਪਿੰਡ ਵਿੱਚ ਉੱਸਰੀ ਸ਼ਹੀਦੀ ਯਾਦਗਾਰ ’ਤੇ ਹਰ ਸਾਲ ...”
(23 ਅਪਰੈਲ 2025)
ਇਹ ਗੱਲ ਸਾਲ 1974 ਦੇ ਫਰਵਰੀ ਮਹੀਨੇ ਦੀ ਵੀਹ ਤਰੀਖ ਦੀ ਹੈ। ਉਦੋਂ ਪੰਜਾਬ ਵਿੱਚ ਸਰਕਾਰ ਸੀ ਕਾਂਗਰਸ ਦੀ। ਕਿਸਾਨ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੇ ਪੈਟਰੋਲ ਪੰਪਾਂ ’ਤੇ ਰਾਤਾਂ ਝਾਕਦੇ ਸਨ। ਲੰਮੀਆਂ ਲਾਈਨਾਂ ਵਿੱਚ ਲੱਗੇ ਊਠ ਦੇ ਬੁੱਲ੍ਹ ਦੇ ਡਿਗਣ ਵਾਂਗ ਤੇਲ ਦੀ ਗੱਡੀ ਉਡੀਕ ਕਰਦੇ ਸਨ। ਹਰੇ ਇਨਕਲਾਬ ਨੇ ਨਵੇਂ ਬੀਜਾਂ, ਨਵੀਂਆਂ ਕਿਸਮਾਂ, ਨਵੇਂ ਸੁਪਨਿਆਂ ਨੂੰ ਉਤਸ਼ਾਹਿਤ ਕੀਤਾ ਸੀ। ਇਨ੍ਹਾਂ ਬੀਜਾਂ ਰਾਹੀਂ ਪੈਦਾ ਹੋਈਆਂ ਫਸਲਾਂ ਪਿਆਸੀa] ਰਹਿੰਦੀਆਂ ਸਨ। ਉਨ੍ਹਾਂ ਦੀ ਪਿਆਸ ਬੁਝਾਉਣ ਲਈ ਨਹਿਰੀ ਪਾਣੀ ਦੀ ਕਮੀ ਸੀ। ਖੇਤੀ ਲਈ ਪਾਣੀ ਦਾ ਸਰੋਤ ਜਾਂ ਤਾਂ ਬਾਰਸ਼ ਦਾ ਪਾਣੀ ਸੀ ਤੇ ਜਾਂ ਫਿਰ ਇੰਜਣ। ਫਸਲਾਂ ਪੱਕਣ ਦੇ ਨੇੜੇ ਸਨ ਤੇ ਡੀਜ਼ਲ ਦੀ ਕਿੱਲਤ ਸੀ। ਤੇਲ ਲਾਬੀ ਵੱਲੋਂ ਪੈਦਾ ਕੀਤੀ ਇਸ ਨਕਲੀ ਕਿੱਲਤ ਨੇ ਕਿਸਾਨਾਂ ਦੇ ਸਾਹ ਸੂਤ ਹੋਏ ਸਨ। ਫਸਲਾਂ ਸੁੱਕ ਜਾਣ ਦੇ ਡਰੋਂ ਕਿਸਾਨੀ ਪੈਟਰੋਲ ਪੰਪਾਂ ’ਤੇ ਤੇਲ ਵਾਲੀ ਗੱਡੀ ਆਉਣ ਦੀ ਝਾਕ ਵਿੱਚ ਲੰਮੀਆਂ ਲਾਈਨਾਂ ਵਿੱਚ ਆਪਣੀਆਂ ਢੋਲੀਆਂ ਤੇ ਕੇਨੀਆਂ ਲੈ ਬੈਠੀ ਰਾਤਾਂ ਝਾਕ ਰਹੀ ਸੀ। ਕੇਨੀਆਂ, ਢੋਲੀਆਂ ’ਤੇ ਬੰਨ੍ਹੀਆਂ ਰੰਗ ਬਰੰਗੀਆਂ ਲੀਰਾਂ ਜਾਂ ਉੱਕਰੇ ਨਾਂਵਾਂ ਦੇ ਬਾਵਜੂਦ ਹਰ ਘਰ ਦਾ ਬੰਦਾ ਪੱਕੇ ਤੌਰ ’ਤੇ ਦਿਨ-ਰਾਤ ਪੰਪ ’ਤੇ ਹਾਜ਼ਰ ਰਹਿੰਦਾ ਸੀ। ਇੱਕ ਜਾਂਦਾ ਸੀ, ਦੂਜਾ ਚਾਹ ਰੋਟੀ ਲੈ ਕੇ ਪੰਪ ’ਤੇ ਪਰਤ ਆਉਂਦਾ ਸੀ, ਮਤੇ ਗੈਰਹਾਜ਼ਰੀ ਵਿੱਚ ਗੱਡੀ ਆ ਜਾਵੇ ਤੇ ਉਸ ਦੀ ਵਾਰੀ ਕੱਟੀ ਜਾਵੇ।
ਉਦੋਂ ਤੇਲ ਦੀ ਬਲੈਕ ਵੀ ਜ਼ੋਰਾਂ ’ਤੇ ਸੀ। ਸਿੱਟੇ ਵਜੋਂ ਹੰਭੀ ਥੱਕੀ ਕਿਸਾਨੀ ਕੋਲ ਸੰਘਰਸ਼ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। ਉਸ ਸੰਕਟ ਦੇ ਸਮੇਂ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਕਿਸਾਨ ਜਥੇਬੰਦੀ “ਪੰਜਾਬ ਵਾਹੀਕਾਰਾ ਯੂਨੀਅਨ” ਦਾ ਊਦੈ ਹੋਇਆ। ਜਗਰਾਓਂ ਮੋਗਾ ਇਲਾਕੇ ਦੇ ਪਿੰਡਾਂ ਵਿੱਚ ਕਿਸਾਨਾਂ ਨੂੰ ਜਥੇਬੰਦ ਕਰਕੇ ਤੇਲ ਦੀ ਬਲੈਕ ਅਤੇ ਨਕਲੀ ਕਿੱਲਤ ਖ਼ਿਲਾਫ਼ ਕਿਸਾਨੀ ਨੂੰ ਸੜਕਾਂ ’ਤੇ ਲਿਆਂਦਾ ਗਿਆ। ਪੀ ਐੱਸ ਯੂ ’ਚੋਂ ਨਿਕਲੇ, ਰਾਜ ਤੇ ਸਮਾਜ ਬਦਲੀ ਲਈ ਤੁਰੇ ਕਿਸਾਨਾਂ ਦੇ ਪੁੱਤਾਂ ਨੇ ਇਹ ਜ਼ਿੰਮੇਵਾਰੀ ਓਟੀ। ਉਸ ਸਮੇਂ ਮੈਂ ਜਗਰਾਓਂ ਦੇ ਐੱਲ ਆਰ ਐੱਮ ਕਾਲਜ ਦਾ ਵਿਦਿਆਰਥੀ ਸੀ ਤੇ ਪੰਜਾਬ ਸਟੂਡੈਂਟਸ ਯੂਨੀਅਨ ਦਾ ਵਰਕਰ ਸੀ। ਕਲਾਸ ਵਿੱਚ ਲੈਕਚਰ ਅਟੈਂਡ ਕਰਦਿਆਂ ਅਚਾਨਕ ਉਸ ਦਿਨ ਜਦੋਂ ਵਿਦਿਆਰਥੀਆਂ ਨੇ ਗੋਲੀਆਂ ਚੱਲਣ ਦੀ ਕੜ-ਕੜ ਸੁਣੀ ਤਾਂ ਭੱਜ ਕੇ ਬਾਹਰ ਨਿਕਲੇ। ਕਾਲਜ ਦੇ ਜਮਾਂ ਲਾਗੇ ਰੇਲਵੇ ਫਾਟਕਾਂ ’ਤੇ ਜਦੋਂ ਭੱਜ ਕੇ ਪੰਹੁਚੇ ਤਾਂ ਪੁਲਿਸ ਨੇ ਅੱਗੇ ਨਾ ਜਾਣ ਦਿੱਤਾ। ਦੂਰੋਂ ਦੇਖਿਆ ਕਿ ਪੁਲਸੀਏ ਇਕੱਠੇ ਹੋਏ ਕਿਸਾਨਾਂ ਦੇ ਮੁਜ਼ਾਹਰੇ ’ਤੇ ਡਾਂਗਾਂ ਵਰ੍ਹਾਉਂਦੇ ਦੂਰ ਤਕ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ। ਰੇਲਵੇ ਲਾਈਨਾਂ ਵਿਚਾਲੇ ਕਈ ਥਾਂਈਂ ਖੂਨ ਡੁੱਲ੍ਹਿਆ ਹੋਇਆ ਸੀ ਤੇ ਬਚਾ ਲਈ ਖਿੰਡ ਗਏ ਕਿਸਾਨਾਂ ਮਜ਼ਦੂਰਾਂ ਦੀਆਂ ਜੁੱਤੀਆਂ ਵੱਡੀ ਗਿਣਤੀ ਵਿੱਚ ਇੱਧਰ ਉੱਧਰ ਖਿੰਡੀਆਂ ਪਈਆਂ ਸਨ। ਮੰਜ਼ਰ ਦੱਸਦਾ ਸੀ ਕਿ ਹੁਣੇ ਹੁਣੇ ਇੱਥੇ ਵੱਡਾ ਖੂਨੀ ਘੱਲੂਘਾਰਾ ਵਾਪਰਿਆ ਹੈ।
ਪੰਜਾਬ ਵਾਹੀਕਾਰਾ ਯੂਨੀਅਨ ਦੀ ਅਗਵਾਈ ਵਿੱਚ ਕਿਸਾਨ ਤੇਲ ਦੀ ਬਲੈਕ ਅਤੇ ਕਿੱਲਤ ਖ਼ਿਲਾਫ਼ ਸ਼ਹਿਰ ਵਿੱਚ ਮੁਜ਼ਾਹਰਾ ਕਰਕੇ ਐੱਸ ਡੀ ਐੱਮ ਜਗਰਾਂਓ ਨੂੰ ਮੰਗ-ਪੱਤਰ ਦੇਣਾ ਚਾਹੁੰਦੇ ਸਨ ਪਰ ਸਥਾਨਕ ਡੀ ਐੱਸ ਪੀ ਨੇ ਕਹਿ ਦਿੱਤਾ ਕਿ ਤੁਹਾਨੂੰ ਸ਼ਹਿਰ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ। ਦਫਾ ਚੁਤਾਲੀ ਲੱਗੀ ਹੋਈ ਹੈ। ਕਿਸਾਨਾਂ ਦੇ ਅੱਗੇ ਵਧਣ ਦੀ ਦੇਰ ਸੀ ਕਿ ਪੁਲਿਸ ਨੇ ਅੰਨ੍ਹਾ ਲਾਠੀਚਾਰਜ ਕਰ ਦਿੱਤਾ। ਪੁਲਿਸ ਵੱਲੋਂ ਮੁਜ਼ਾਹਰਾਕਾਰੀਆਂ ਨੂੰ ਰੋਕਣ ਵਿੱਚ ਨਾਕਾਮ ਰਹਿਣ ’ਤੇ ਇੱਕ ਦਮ ਗੋਲੀ ਚਲਾ ਦਿੱਤੀ ਗਈ। ਸਿੱਟੇ ਵਜੋਂ ਦਰਜਨਾਂ ਕਿਸਾਨ ਮਜ਼ਦੂਰ ਜ਼ਖਮੀ ਹੋਏ। ਪਿੰਡ ਗਾਲਬ ਕਲਾਂ ਦਾ ਕਿਸਾਨ ਦਾ ਸੀਰੀ ਪਿਆਰਾ ਸਿੰਘ ਗਾਲਬ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ। ਇੱਕ ਹੋਰ ਮਜ਼ਦੂਰ ਸੋਮਾ ਸਿੰਘ ਦੇ ਪੱਟ ਵਿੱਚ ਗੋਲੀ ਲੱਗਣ ਕਾਰਨ ਸਖ਼ਤ ਜ਼ਖਮੀ ਹੋ ਗਿਆ।
ਇਸ ਘਟਨਾ ਤੋਂ ਬਾਅਦ ਜਗਰਾਓਂ ਪੁਲਿਸ ਨੇ ਦਰਜਨਾਂ ਕਿਸਾਨ ਮਜ਼ਦੂਰ ਆਗੂਆਂ ’ਤੇ ਇਰਾਦਾ ਕਤਲ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਪਰਚੇ ਦਰਜ ਕੀਤੇ। ਗ੍ਰਿਫ਼ਤਾਰੀਆਂ ਹੋਈਆਂ। ਕੇਸ ਚੱਲੇ। ਕਿਸਾਨੀ ਦੀ ਲੁੱਟ ਖਿਲਾਫ ਇੱਕ ਸੀਰੀ ਦੀ ਸ਼ਹਾਦਤ ਦਾ ਇਤਿਹਾਸ ਅੱਜ ਵੀ ਲੜਦੇ ਲੋਕਾਂ ਲਈ ਚਾਨਣ ਮੁਨਾਰਾ ਹੈ। ਇਹ ਸੰਘਰਸ਼ ਮਜ਼ਦੂਰ ਕਿਸਾਨ ਦੀ ਪੱਕੀ ਕਰੰਘੜੀ ਦਾ ਪ੍ਰਤੀਕ ਹੈ। ਕਿਸਾਨ ਜਥੇਬੰਦੀ ਵੱਲੋਂ ਉਸ ਸਮੇਂ ਤੋਂ ਲੈ ਕੇ ਸ਼ਹੀਦ ਪਿਆਰਾ ਸਿੰਘ ਗਾਲਬ ਨੂੰ ਜੀਉਂਦਾ ਰੱਖਿਆ ਹੋਇਆ ਹੈ। ਅੱਧੀ ਸਦੀ ਬੀਤ ਜਾਣ ਦੇ ਬਾਵਜੂਦ ਵੀ ਪਿੰਡ ਵਿੱਚ ਉੱਸਰੀ ਸ਼ਹੀਦੀ ਯਾਦਗਾਰ ’ਤੇ ਹਰ ਸਾਲ ਇਲਾਕੇ ਦੇ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ (ਪਹਿਲਾਂ ਸਿੱਧੂਪੁਰ) ਦੀ ਅਗਵਾਈ ਵਿੱਚ ਝੰਡਾ ਝੁਲਾਉਣ ਦੀ ਰਸਮ ਅਦਾ ਕਰ ਕੇ ਸ਼ਰਧਾਂਜਲੀ ਸਮਾਗਮ ਕੀਤਾ ਜਾਂਦਾ ਹੈ। ਇੱਕ ਦਲਿਤ ਮਜ਼ਦੂਰ ਦੀ ਕਿਸਾਨੀ ਦੇ ਹਿਤ ਲਈ ਦਿੱਤੀ ਕੁਰਬਾਨੀ ਨੇ ਕੁੱਲ ਕਿਰਤੀਆਂ ਯਾਨਿ ਮਜ਼ਦੂਰਾਂ ਕਿਸਾਨਾਂ ਦੀ ਜਮਾਤੀ ਸਾਂਝ ਦਾ ਨਵਾਂ ਵਰਕਾ ਲਿਖਿਆ ਸੀ ਉਸ ਸਮੇਂ।
ਉਂਝ ਤਾਂ ਪਿੰਡਾਂ ਵਿੱਚ ਦਲਿਤਾਂ ਦੇ ਬਾਈਕਾਟ ਅਤੇ ਧਨਾਢਾਂ ਦੇ ਜਬਰ, ਧੱਕੇ, ਬਲਾਤਕਾਰ ਦੀਆਂ ਘਟਨਾਵਾਂ ਵਾਪਰਦੀਆਂ ਸਾਡਾ ਦਿਮਾਗ਼ ਹਲੂਣਦੀਆਂ ਰਹਿੰਦੀਆਂ ਹਨ ਪਰ ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਅਤੇ ਫਰੀਦਕੋਟ ਦੇ ਪਿੰਡ ਚੰਦਭਾਨ ਦੇ ਬਹੁ ਗਿਣਤੀ ਕਿਸਾਨਾਂ ਨੇ ਆਪਣੇ ਪਿੰਡਾਂ ਦੇ ਦਲਿਤਾਂ ਪ੍ਰਤੀ ਜੋ ਵਤੀਰਾ ਇਖਤਿਆਰ ਕੀਤਾ, ਜੋ ਜਾਤੀਵਾਦੀ ਭਾਵਨਾ ਅਤੇ ਭੇਦਭਾਵ ਦਿਖਾਇਆ ਹੈ, ਉਸ ਤੋਂ ਸਪਸ਼ਟ ਹੈ ਕਿ ਹਜ਼ਾਰਾਂ ਸਾਲਾਂ ਬਾਅਦ ਵੀ ਸਾਡੇ ਸਮਾਜ ਨੇ ਜਾਤੀ-ਪਾਤੀ ਕੋਹੜ ਤੋਂ ਅਜੇ ਤਕ ਖਹਿੜਾ ਨਹੀਂ ਛੁਡਾਇਆ। ਕੀ ਇਹ ਕਿਸਾਨ ਸੰਘਰਸ਼ਾਂ ਵਿੱਚ ਯੋਗਦਾਨ ਪਾਉਣ ਵਾਲੇ ਹਜ਼ਾਰਾਂ ਮਜ਼ਦੂਰਾਂ ਅਤੇ ਕਿਸਾਨ ਘੋਲ ਵਿੱਚ ਸ਼ਹਾਦਤ ਦਾ ਜਾਮ ਪੀ ਜਾਣ ਵਾਲੇ ਦਲਿਤ ਮਜ਼ਦੂਰ ਸ਼ਹੀਦ ਪਿਆਰਾ ਸਿੰਘ ਗਾਲਬ ਵਰਗਿਆਂ ਦੀ ਸ਼ਹਾਦਤ ਦਾ ਨਿਰਾਦਰ ਨਹੀਂ? “ਸਭਿ ਸਾਂਝੀਵਾਲ ਸਦਾਇਣ, ਕੋਇ ਨਾ ਦਿਸੈ ਬਾਹਰਿ ਜੀਓ।” ਦਾ ਹੋਕਰਾ ਦੇਣ ਵਾਲੀ ਵਿਚਾਰਧਾਰਾ ਦਾ ਹਰ ਪਿੰਡ ਵਿੱਚ ਗੁੰਜਦਾ ਸ਼ਬਦ ਸਾਡੇ ਯਾਦ ਕਿਉਂ ਨਹੀਂ ਹੈ? ਦਸਵੇਂ ਗੁਰੂ ਵੱਲੋਂ ਇੱਕੋ ਬਾਟੇ ’ਚੋਂ ਅੰਮ੍ਰਿਤ ਛਕਾਉਣ ਵਾਲੀ ਉਸ ਮਹਾਨ ਪਰੰਪਰਾ ਦੇ ਅਸਲ ਮਕਸਦ ਨੂੰ ਅਜੇ ਵੀ ਕਿਉਂ ਛੁਟਿਆਇਆ ਜਾ ਰਿਹਾ ਹੈ? ਕਿਸਾਨ ਅੰਦੋਲਨ ਵਿੱਚ ਮਜ਼ਦੂਰ ਕਿਸਾਨ ਏਕਤਾ ਦੇ ਨਾਹਰੇ ਦੀ ਬਦੌਲਤ ਜਿੱਤ ਹਾਸਲ ਕਰਨ ਵਾਲੀ ਬਹੁਗਿਣਤੀ ਕਿਸਾਨੀ ਦੇ ਮਨਾਂ ਵਿੱਚ ਪੱਥਰ ਵਾਂਗ ਜਮ੍ਹਾਂ ਹੋਇਆ ਇਹ ਜਾਤੀ ਪਾੜਾ ਕਿਉਂ ਖਤਮ ਨਹੀਂ ਹੋ ਰਿਹਾ ਹੈ?
ਚੰਗਾ ਲੱਗਾ ਕਿ ਪਿੰਡ ਚੰਦਭਾਨ ਦੇ ਬੇਕਸੂਰ ਮਜ਼ਦੂਰਾਂ ਨੂੰ ਜੇਲ੍ਹਾਂ ਵਿੱਚੋਂ ਬਿਨਾਂ ਸ਼ਰਤ ਕਢਾਉਣ ਅਤੇ ਦੋਸ਼ੀ ਧਨਾਢ ’ਤੇ ਪਰਚਾ ਦਰਜ ਕਰਾਉਣ ਦੇ ਮਿਸਾਲੀ ਸੰਘਰਸ਼ ਵਿੱਚ ਕਿਸਾਨ ਜਥੇਬੰਦੀਆਂ ਨੇ ਵੀ ਮੋਢਾ ਲਾਇਆ ਹੈ। ਮੁਜ਼ਾਰਿਆਂ ਨੂੰ ਆਪਣੇ ਹਿੱਸੇ ਆਉਂਦੀ ਜ਼ਮੀਨ ਦਾ ਹੱਕ ਦਿਵਾਉਣ ਦੇ ਜਿਓਂਦ ਪਿੰਡ ਦੇ ਸੰਘਰਸ਼ ਵਿੱਚ ਮਜ਼ਦੂਰਾਂ ਨੂੰ ਵੀ ਸ਼ਾਮਲ ਕੀਤਾ ਜਾਵੇ ਕਿਉਂਕਿ ਜ਼ਮੀਨ ’ਤੇ ਹੱਕ ਉਨ੍ਹਾਂ ਦਾ ਵੀ ਹੈ ਭਾਵੇਂ ਇਹ ਹੱਕ ਲੈਂਡ ਸੀਲਿੰਗ ਤੋਂ ਉੱਪਰ ਆਉਂਦੀ ਜ਼ਮੀਨ ’ਚੋਂ ਹਾਸਲ ਕੀਤਾ ਜਾਵੇ ਕਿਉਂਕਿ ਅਜੋਕੇ ਲੁੱਟ ਅਤੇ ਜਬਰ ਦੇ ਯੁਗ ਵਿੱਚ ਮਜ਼ਦੂਰ ਕਿਸਾਨ ਏਕਤਾ ਹੀ ਹਰ ਹੱਕੀ ਸੰਘਰਸ਼ ਦੀ ਜਿੱਤ, ਰਾਜ ਅਤੇ ਸਮਾਜ ਬਦਲੀ ਦੀ ਇੱਕੋ ਇੱਕ ਗਰੰਟੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.om)