KanwaljitKhanna7ਅਮਰੀਕਾ ਦੇ ਉਦਯੋਗਪਤੀ ਐਲਨ ਮਸਕ ਸਮੇਤ ਦੁਨੀਆ ਦਾ ਸਮੁੱਚਾ ਕਾਰਪੋਰੇਟ ...
(2 ਮਾਰਚ 2025)

ਭਲੇ ਵੇਲਿਆਂ ਵੇਲੇ ਸਮਾਜ ਵਿੱਚ ਪੰਛੀ-ਪਰਦੇਸੀਆਂ ਪ੍ਰਤੀ ਹੇਰਵਾ, ਸਤਕਾਰ ਤੇ ਹਮਦਰਦੀ ਹੁੰਦੀ ਸੀਪਰ ਸਮੇਂ ਦਾ ਗੇੜ ਦੇਖੋ, ਅੱਜ ਪ੍ਰਵਾਸੀ ਆਪਣੇ ਦੇਸ ਵੀ ਪਰਾਏ ਤੇ ਪ੍ਰਦੇਸ ਵੀ ਪਰਾਏਕਿਰਤ ਮੰਡੀ ਵਿੱਚ ਆਪਣਾ ਮੁੱਲ ਪਵਾਉਣ ਨਿਕਲੇ ‘ਅਪਰਾਧੀ’ ਹੋ ਨਿੱਬੜੇਗੁਰਬਤ ਦੀਆਂ ਜ਼ੰਜੀਰਾਂ ਤੋੜਨ ਤੁਰੇ ਬੇੜੀਆਂ ਵਿੱਚ ਜਕੜੇ ਵਾਪਸ ਪਰਤ ਰਹੇ ਹਨ‘ਦੇਸ ਪੈਣ ਧੱਕੇ, ਪਰਦੇਸ ਢੋਈ ਨਾ, ਸਾਡਾ ਪਰਦੇਸੀਆਂ ਦਾ ਦੇਸ ਕੋਈ ਨਾ’ ਵਰਗੀ ਦਸ਼ਾ ਵਿੱਚ ਘਿਰੀ ਜਵਾਨੀ ਸਮਾਜਿਕ ਤੇ ਰਾਜਸੀ ਬੇਗਾਨਗੀ ਦਾ ਸ਼ਿਕਾਰ ਹੋ ਰਹੀ ਹੈਕਾਮਾਗਾਟਾਮਾਰੂ ਕਾਂਡ ਦਾ ਦਰਦਨਾਕ ਤੇ ਸ਼ਰਮਨਾਕ ਪੰਨਾ ਮੁੜ ਦੁਹਰਾਇਆ ਜਾ ਰਿਹਾ ਹੈਸਰਕਾਰੀ-ਦਰਬਾਰੀ ਮੀਡੀਆ ਪਸ਼ੂਆਂ ਵਾਂਗ ਸੰਗਲਾਂ ਨਾਲ ਨੂੜ ਕੇ, ਜ਼ਲੀਲ ਕਰਕੇ ਵਤਨ ਘੱਲੇ ਪ੍ਰਵਾਸੀਆਂ ਨੂੰ ਕੋਸ ਰਿਹਾ ਹੈਅਖੇ! ਕਿਸ ਨੇ ਕਿਹਾ ਸੀ ਕਿ ਲੱਖਾਂ ਰੁਪਏ ਖ਼ਰਚ ਕੇ ਬਾਹਰ ਜਾਓ?

ਇਹ ਦਰਬਾਰੀ ਰਾਸ਼ਟਰਵਾਦੀ ਉਹਨਾਂ ਕਾਰਨਾਂ ਦੀ ਕਦੇ ਗੱਲ ਨਹੀਂ ਕਰਨਗੇ, ਜਿਨ੍ਹਾਂ ਕਾਰਨਾਂ ਕਰਕੇ ਕਿ ਇਹ ਲੱਖਾਂ ਲੋਕ ਵਿਦੇਸ਼ਾਂ ਵੱਲ ਕੂਚ ਕਰਨ ਲਈ ਮਜਬੂਰ ਹੋ ਰਹੇ ਹਨ ਆਪਣੀ ਜੂਨ ਸੰਵਾਰਨ ਅਤੇ ਬਿਹਤਰ ਰੁਜ਼ਗਾਰ ਲਈ ਘਰ ਦੀਆਂ ਵਲਗਣਾਂ ਵਿੱਚੋਂ ਨਿਕਲਕੇ ਪਨਾਮਾ ਦੇ ਜੰਗਲ ਅਤੇ ਮੈਕਸੀਕੋ ਦੀਆਂ ਕੰਧਾਂ ਟੱਪਣ ਵਾਲੀ ਜਵਾਨੀ ਕਿਸੇ ਵੀ ਰਾਸ਼ਟਰਵਾਦੀ ਨਾਲੋਂ ਵੱਧ ਜਾਣਦੀ-ਸਮਝਦੀ ਹੈ ਕਿ ਰੋਟੀ ਦੀ ਗੋਲਾਈ ਵੱਡੀ ਹੈ ਜਾਂ ਧਰਤ ਦੀ? ਔਖੇ ਪੈਂਡੇ ਤੇ ਲੰਮੀਆਂ ਵਾਟਾਂ ਗਾਹੁੰਦੇ-ਗਾਹੁੰਦੇ ਉਹ ਸਿੱਖ ਰਹੇ ਹਨ ਕਿ ਪ੍ਰਵਾਸ ਤੇ ਜੁਰਮ ਵਿੱਚ ਫਰਕ ਮਹਿਜ਼ ਸਰਹੱਦੀ ਲਕੀਰਾਂ ਜਿੰਨਾ ਹੀ ਹੈਉਹ ਸਮਝ ਰਹੇ ਹਨ ਕਿ ਕਿਰਤੀ-ਕਾਮਾ ਸਰਹੱਦੀ ਵਲਗਣਾਂ ਦੇ ਅੰਦਰ ਵੀ ਉਜਰਤੀ ਗੁਲਾਮ ਹੈ ਤੇ ਵਲਗਣਾਂ ਤੋਂ ਬਾਹਰ ਵੀਜਿਹੜਾ ਦੇਸ਼ ਆਪਣੀ ਜਵਾਨੀ ਦਾ ਵਰਤਮਾਨ ਅਤੇ ਭਵਿੱਖ ਨਹੀਂ ਸਾਂਭ ਸਕਦਾ, ਜਿਹੜਾ ਦੇਸ਼ ਆਪਣੇ ਦੇਸ਼ ਵਾਸੀਆਂ ਦੀ ਰੋਜ਼ੀ-ਰੋਟੀ ਦਾ ਹੀਲਾ ਨਹੀਂ ਕਰ ਸਕਦਾ, ਉਹ ਭਲਾ ‘ਵਿਸ਼ਵਗੁਰੂ’ ਹੋਣ ਦੇ ਦਮਗਜ਼ੇ ਕਿਸ ਇਖਲਾਕ ਨਾਲ ਮਾਰ ਸਕਦਾ ਹੈ? ਅੱਜ ਵਿਕਾਸ ਦੇ ਜੁਮਲਿਆਂ ਹੇਠ ਰਿਸ ਰਿਹਾ ਪ੍ਰਵਾਸ ਦੇਸ਼ ਲਈ ਸੰਤਾਪ ਬਣ ਰਿਹਾ ਹੈ

ਗੁਜਰਾਤ ਦੇ ਇੱਕ ਪਿੰਡ ਦੇ ਨਿੱਜੀ ਸਕੂਲ ਦਾ ਅਧਿਆਪਕ ਆਪਣੀ ਜੀਵਨ ਸਾਥਣ ਅਤੇ ਦੋ ਬੱਚਿਆਂ ਸਮੇਤ ਪੈਂਹਠ ਲੱਖ ਦਾ ਕਰਜ਼ਾ ਚੁੱਕ ਕੇ ਕੈਨੇਡਾ ਰਾਹੀਂ ਡੰਕੀ ਲਾ ਕੇ ਅਮਰੀਕਾ ਨੂੰ ਇਸ ਕਰਕੇ ਤੁਰਿਆ ਸੀ ਕਿ ‘ਸ਼ਾਈਨਿੰਗ ਇੰਡੀਆ’ ਵਿੱਚ ਉਸਦਾ ਭਵਿੱਖ ਹਨੇਰਾ ਸੀਪਰ ਵਿਦੇਸ਼ੀ ਮਿੱਟੀ ਵਿੱਚ ਸੁਪਨੇ ਭਾਲਣ ਗਏ ਖੁਦ ਸੁਪਨਾ ਹੋ ਗਏਉਨ੍ਹਾਂ ਚਾਰਾਂ ਦੀਆਂ ਲਾਸ਼ਾਂ ਅਮਰੀਕਾ ਦੇ ਬਾਰਡਰ ’ਤੇ ਬਰਫ਼ ਵਿੱਚ ਗਲੀਆਂ ਮਿਲੀਆਂਚੰਗੀ ਜ਼ਿੰਦਗੀ ਦੀ ਚਾਹਤ ਭਲਾ ਕਿਸ ਨੂੰ ਨਹੀਂ ਹੁੰਦੀ? ਜੇਕਰ ਇੱਧਰ ਖਾਂਦੇ-ਪੀਂਦੇ ਲੋਕ ਆਪਣਾ ਸਭ ਕੁਝ ਵੇਚ-ਵੱਟ ਕੇ ਉੱਧਰ ਗਏ ਹਨ, ਪ੍ਰਵਾਸੀ ਬਣੇ ਹਨ ਤਾਂ ਉਸ ਪਿੱਛੇ ਵੀ ਕਾਰਨ ਸੁਖੱਲੀ-ਸਵੱਲੀ ਜ਼ਿੰਦਗੀ ਦੀ ਚਾਹਤ ਹੈਤੁਹਾਡੇ ਵਿੱਚੋਂ ਵਿਰਲੇ-ਟਾਵੇਂ ਹੋਣਗੇ ਜੋ ਸਾਧਨਹੀਣ ਨੀਰਸ ਜ਼ਿੰਦਗੀ ਲੋਚਦੇ ਹੋਣਗੇ! ਜ਼ਿੰਦਗੀ ਨੂੰ ਖੂਬਸੂਰਤ ਬਣਾਉਣਾ ਇੱਕ ਅਦੁੱਤੀ ਮਨੁੱਖੀ ਫਿਤਰਤ ਹੈ ਤੇ ਪ੍ਰਵਾਸ ਇਸੇ ਫਿਤਰਤ ਦੀ ਭਟਕਣਾ ਦਾ ਇੱਕ ਰੂਪ ਹੈ

ਹੁਣ ਤਾਂ ਗੈਰਕਨੂੰਨੀ ਪ੍ਰਵਾਸੀ ਭਾਰਤੀਆਂ ਦੀਆਂ ਤਿੰਨ ਖੇਪਾਂ ਭੇਜਣ ਤੋਂ ਬਾਅਦ ਦੁਨੀਆਂ ਭਰ ਵਿੱਚ ਉਜਾੜਾ ਪੈਦਾ ਕਰਨ ਵਾਲੀ ‘ਮਹਾਂਸ਼ਕਤੀ’ ਦੇ ਨਵੇਂ ਹਾਕਮ ਨੇ ਲੱਖਾਂ ਰੁਪਏ ਖਰਚ ਕੇ ਵਾਪਸ ਭੇਜਣ ਦਾ ਕਜੀਆ ਹੀ ਮੁਕਾ ਦਿੱਤਾ ਹੈਅਮਰੀਕਾ ਨੇ ਕੋਸਟਾਰੀਕਾ, ਪਨਾਮਾ, ਅਲਸਲਵਾਡੋਰ, ਗੁਆਟੇਮਾਲਾ ਜਿਹੇ ਕਠਪੁਤਲੀ ਹਾਕਮਾਂ ਦੀ ਮਦਦ ਨਾਲ ਗ਼ੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਉੱਥੇ ਬਣੀਆਂ ਜੇਲ੍ਹਾਂ ਵਿੱਚ ਰੱਖਣ ਦੇ ਸਮਝੌਤੇ ਕਰ ਲਏ ਹਨਹੁਣ ਭਾਰਤੀ ਗ਼ੈਰ ਕਾਨੂੰਨੀ ਪ੍ਰਵਾਸੀਆਂ ਦੀ ਚੌਥੀ ਖੇਪ ਕੋਸਟਾਰੀਕਾ ਦੀਆਂ ਪ੍ਰਾਈਵੇਟ ਜੇਲ੍ਹਾਂ ਵਿੱਚ ਬੇੜੀਆਂ ਅਤੇ ਹੱਥਕੜੀਆ ਵਿੱਚ ਜਕੜ ਕੇ ਧੱਕ ਦਿੱਤੀ ਗਈ ਹੈਇਹ ਕਵਾਇਦ ਅੱਗੇ ਵੀ ਜਾਰੀ ਹੈਇਨ੍ਹਾਂ ਜੇਲ੍ਹਾਂ ਵਿੱਚ ਉਨ੍ਹਾਂ ਨੂੰ ਅੱਤ ਦੀਆਂ ਅਣਮਨੁੱਖੀ ਹਾਲਤਾਂ ਵਿੱਚ ਸਾਹ ਘੜੀਸਣ ਲਈ ਮਜਬੂਰ ਕੀਤਾ ਜਾ ਰਿਹਾ ਹੈਉਨ੍ਹਾਂ ਜੇਲ੍ਹਾਂ ਵਿੱਚ ਉੱਥੋਂ ਦੀਆਂ ਸਰਕਾਰਾਂ ਉਨ੍ਹਾਂ ਨੂੰ ਖੇਤੀ ਅਤੇ ਸਨਅਤੀ ਪੈਦਾਵਾਰ ਦੇ ਕੰਮਾਂ ਵਿੱਚ ਲਾ ਕੇ 18-18 ਘੰਟੇ ਉਜਰਤੀ ਗੁਲਾਮੀ ਕਰਵਾਕੇ ਉਨ੍ਹਾਂ ਨੂੰ ਸਿਰਫ਼ ਜਿਊਣ ਜੋਗੀ ਬੁਰਕੀ ਦੇ ਕੇ ਉਨ੍ਹਾਂ ਦਾ ਸ਼ੋਸ਼ਣ ਕਰਨ ਦੇ ਮਨਸੂਬੇ ਪਾਲੀ ਬੈਠੀਆਂ ਹਨਉਨ੍ਹਾਂ ਨੂੰ ਆਪਣੇ ਦੇਸ਼ ਪਰਤਣ ਲਈ ਪਤਾ ਨਹੀਂ ਕਿਹੜੇ ਮੋੜਾਂ-ਘੋੜਾ ਵਿੱਚੋਂ ਲੰਘਣਾ ਪਵੇਗਾਖੂਹ ਵਿੱਚੋਂ ਨਿਕਲੇ, ਖਾਤੇ ਵਿੱਚ ਡਿਗੇ ਇਨ੍ਹਾਂ ਪ੍ਰਵਾਸੀ ਗੁਲਾਮਾਂ ਦਾ ਭਵਿੱਖ ਕੀ ਹੋਵੇਗਾ, ਅੰਦਾਜ਼ਾ ਲਾਉਣਾ ਔਖਾ ਹੈਜਿਸ ਅਮਰੀਕਾ ਨੇ ਸਾਲਾਂ-ਬੱਧੀ ਲੱਖਾਂ ਗੁਲਾਮਾਂ ਦਾ ਸ਼ਿਕਾਰ ਕਰਕੇ ਆਪਣੇ ਮੁਲਕ ਨੂੰ ਦੁਨੀਆਂ ਦੀ ਵੱਡੀ ਤਾਕਤ ਬਣਾਇਆ ਹੋਵੇ, ਇਸ ਤੋਂ ਹੋਰ ਆਸ ਵੀ ਕੀ ਕੀਤੀ ਜਾ ਸਕਦੀ ਹੈਬੀਤੇ ਦਿਨੀਂ ਮਹਾਨ ਲੇਖਕ ਐਲਕਸ ਹੇਲੀ (ਅਨੁਵਾਦ: ਦਲਜੀਤ ਸਿੰਘ ਐਡਮਿੰਟਨ) ਦਾ ਸ਼ਾਹਕਾਰ ਨਾਵਲ “ਰੂਟਸ” ਪੜ੍ਹਿਆਇਹ ਨਾਵਲ ਇੱਕ ਕਾਲੇ ਅਮਰੀਕਨ ਪਰਿਵਾਰ ਦੀ ਦਰਦਨਾਕ ਤੇ ਦਿਲਾਂ ਨੂੰ ਹਲੂਣਨ ਵਾਲੀ ਗਾਥਾ ਹੈ828 ਪੰਨਿਆਂ ਦੀ ਕਹਾਣੀ ਵਿੱਚ ਲੇਖਕ ਨੇ ਆਪਣੇ ਪਰਿਵਾਰ ਦੀਆਂ ਛੇ ਪੀੜ੍ਹੀਆਂ ਦੀ ਪੀੜਾ ਨੂੰ ਬਹੁਤ ਹੀ ਕਮਾਲ ਨਾਲ ਪੇਸ਼ ਕੀਤਾ ਹੈਸੰਨ 1767 ਤੋਂ ਸ਼ੁਰੂ ਇਸ ਗਾਥਾ ਵਿੱਚ ਲੇਖਕ ਨੇ ਬਿਆਨ ਕੀਤਾ ਹੈ ਕਿ ਉਦੋਂ ਇਸੇ ਅਮਰੀਕਾ ਦੇ ਗੋਰੇ, ਅਫਰੀਕਾ ਦੇ ਕਾਲੇ ਲੋਕਾਂ ਨੂੰ ਜਬਰੀ ਅਗਵਾ ਕਰਕੇ ਚਾਰ-ਚਾਰ ਮਹੀਨਿਆਂ ਦੇ ਦਿਲ ਕੰਬਾਊ ਸੰਮੁਦਰੀ ਸਫ਼ਰ ਤੋਂ ਬਾਅਦ ਅਮਰੀਕਾ ਦੀ ਮੰਡੀ ਵਿੱਚ ਲਿਆਕੇ ਵੇਚ ਦਿੰਦੇ ਸਨ ਆਪਣੇ ਖੇਤਾਂ ਵਿੱਚ ਸਵੇਰ ਦੀ ਟਿੱਕੀ ਚੜ੍ਹਨ ਤੋਂ ਲੈ ਕੇ ਹਨੇਰਾ ਹੋਣ ਤਕ ਡੰਗਰਾਂ ਵਾਂਗ ਵਾਹੁੰਦੇ ਸਨਬਾਗ਼ੀ ਹੋਣ ਵਾਲੇ ਨੂੰ ਵੱਢ ਦਿੱਤਾ ਜਾਂਦਾ ਸੀਗੋਰੇ ਮਾਲਕ ਕਾਲੇ ਗ਼ੁਲਾਮਾਂ ਦੀਆਂ ਔਰਤਾਂ ਨਾਲ ਹਮਬਿਸਤਰ ਹੋਣਾ ਅਪਣਾ ਹੱਕ ਸਮਝਦੇ ਸਨਦੋ ਸੌ ਸਾਲ ਬਾਅਦ ਗੁਲਾਮਾਂ ਦੀ ਬਗਾਵਤ ਨੇ ਅਮਰੀਕਾ ਦਾ ਨਕਸ਼ਾ ਬਦਲ ਦਿੱਤਾ ਸੀਉਸ ਸਮੇਂ ਲੁੱਟ ਲਈ ਅਮਰੀਕਾ ਵੱਲੋਂ ਜਬਰੀ ਪ੍ਰਵਾਸ ਕਰਵਾਇਆ ਗਿਆਹੁਣ ਆਪਣੇ ਆਰਥਿਕ-ਰਾਜਸੀ ਸੰਕਟ ਤੋਂ ਬਚਣ ਲਈ ਪ੍ਰਵਾਸੀ ਜਬਰੀ ਬਾਹਰ ਧੱਕੇ ਜਾ ਰਹੇ ਹਨਉਨ੍ਹਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈਨਿੱਜੀ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ

ਅਮਰੀਕਾ ਦੇ ਉਦਯੋਗਪਤੀ ਐਲਨ ਮਸਕ ਸਮੇਤ ਦੁਨੀਆ ਦਾ ਸਮੁੱਚਾ ਕਾਰਪੋਰੇਟ ਟੋਲਾ ਲੁੱਟ-ਜਬਰ ਦੇ ਸੰਦਾਂ ਨੂੰ ਪੂਰੀ ਨਿਪੁੰਨਤਾ ਨਾਲ ਵਰਤਣ ਦਾ ਵੱਲ ਸਿੱਖ ਗਿਆ ਹੈਸੰਸਾਰ ਦਾ ਚੌਧਰੀ ਅਮਰੀਕਾ ਦਾ ਕਾਰਪੋਰੇਟ ਰਾਸ਼ਟਰਪਤੀ ਟਰੰਪ ਜੋ ਐਲਾਨ ਕਰ ਰਿਹਾ ਹੈ, ਜਿਨ੍ਹਾਂ ਐਲਾਨਾਂ ’ਤੇ ਅਮਲ ਕਰ ਰਿਹਾ ਹੈ, ਉਸਨੇ ਪੂਰੀ ਦੁਨੀਆਂ ਵਿੱਚ ਦਹਿਸ਼ਤ ਅਤੇ ਘਬਰਾਹਟ ਪੈਦਾ ਕਰ ਦਿੱਤੀ ਹੈਕਿਰਤੀ ਲੋਕਾਂ ਦੀ ਚੇਤਨਾ, ਸੰਘਰਸ਼ ਅਤੇ ਏਕਤਾ ਨਾਲ ਹੀ ਸੰਸਾਰ ਪੱਧਰੀ ਲੁੱਟ-ਜਬਰਅ ਤੇ ਦਹਿਸ਼ਤ ਦੇ ਇਸ ਜਮੂਦ ਨੂੰ ਤੋੜਿਆ ਜਾ ਸਕਦਾ ਹੈ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਕੰਵਲਜੀਤ ਖੰਨਾ

ਕੰਵਲਜੀਤ ਖੰਨਾ

Whatsapp (91 - 94170 - 67344)
Email: (kanwaljeetkhanna@gmail.com)