“ਇੱਥੇ ਤਾਂ ਕੋਈ ਕਿਸੇ ਵੱਲ ਝਾਕਦਾ ਈ ਨਹੀਂ, ਬੁਲਾਉਣਾ ਤਾਂ ਦੂਰ ਰਿਹਾ। ਕਿਸੇ ਦੇ ਘਰੇ ...”
(7 ਅਪਰੈਲ 2026)
ਸਿਡਨੀ ਪਰਵਾਸ ਦੌਰਾਨ ਅਸੀਂ ਦੋਵੇਂ ਜੀਅ ਹਰ ਸ਼ਾਮ ਧੀ ਦੇ ਘਰ ਨੇੜਲੇ ਪਾਰਕ ਵਿੱਚ ਸੈਰ ਕਰਨ ਜਾਂਦੇ ਹਾਂ। ਪਾਰਕ ਕਾਹਦੀ, ਪੂਰੀ ਵੱਡੀ ਸੈਰਗਾਹ ਹੈ, ਵਾਹਵਾ ਦੂਰ ਤਕ ਫੈਲੀ ਹੋਈ। ਲਗਦਾ ਹੈ ਦਸ ਕਿੱਲਿਆਂ ਜਿੰਨੇ ਰਕਬੇ ਵਿੱਚ ਹੋਵੇਗੀ। ਚਾਰੇ ਪਾਸੇ ਉੱਚੇ ਲੰਮੇ ਹਰੇ ਭਰੇ ਦਰਖਤ ਹੀ ਦਰਖਤ, ਵੱਖ-ਵੱਖ ਖੇਡਾਂ ਲਈ ਵੱਡਾ ਮਖਮਲੀ ਮੈਦਾਨ, ਚਾਰੇ ਪਾਸੇ ਉੱਚੇ ਲੰਮੇ ਪੋਲਾਂ ’ਤੇ ਲੱਗੀਆਂ ਫਲੋਰਾ ਲਾਈਟਾਂ। ਸੈਰ ਕਰਦੇ ਤੁਸੀਂ ਕਿਸੇ ਪਾਸੇ ਵੀ ਗੇੜਾ ਦੇ ਆਉ, ਸਾਫ-ਸੁਥਰੇ ਪੱਧਰ ਕੀਤੇ ਸੋਹਣੇ ਮਨਮੋਹਣੇ ਘਾਹ ਦੇ ਮੈਦਾਨ, ਕਿਤੇ ਕੋਈ ਕੂੜਾ ਨਹੀਂ, ਕੋਈ ਗੰਦਗੀ ਨਹੀਂ। ਸੈਰ ਕਰਦਿਆਂ ਸਾਫ, ਸ਼ੁੱਧ ਸਰਸਰਾਹਟ ਕਰਦੀ, ਸੁਗੰਧੀਆਂ ਬਿਖੇਰਦੀ ਵਗਦੀ ਤਾਜ਼ਾ ਹਵਾ ਅਤੇ ਠੰਢਕ ਤੁਹਾਨੂੰ ਅੰਦਰੋਂ-ਬਾਹਰੋਂ ਠਾਰ ਦਿੰਦੀ ਹੈ। ਇੱਥੇ ਏ ਕਿਊ ਆਈ ਅਕਸਰ ਵੀਹ ਪੱਚੀ ਰਹਿੰਦਾ ਹੈ।
ਉਸ ਦਿਨ ਵੀ ਅਸੀਂ ਗੱਲੀਂ ਲੱਗੇ ਆਪਣੇ ਧਿਆਨ ਵਿੱਚ ਸੈਰ ਕਰਦੇ ਤੁਰੇ ਜਾ ਰਹੇ ਸੀ। ਸਾਡੇ ਮੋਹਰੇ ਹੀ ਇੱਕ ਘਰੋਂ ਨਿਕਲ ਕੇ ਗੇੜਾ ਕੱਢ ਰਹੀ ਸੱਠਵਿਆਂ ਤੋਂ ਉੱਪਰ ਉਮਰ ਦੀ ਬੀਬੀ ਨੇ ਸਾਨੂੰ ਦੇਖਕੇ ਮੇਰੀ ਪਤਨੀ ਨੂੰ ਹਾਕ ਮਾਰ ਕੇ ਪੁੱਛ ਲਿਆ, “ਭੈਣ ਜੀ ਕਿੱਥੋਂ, ਪੰਜਾਬ ਤੋਂ?”
“ਹਾਂ ਜੀ, ਅਸੀਂ ਲੁਧਿਆਣੇ ਤੋਂ।”
“ਅੱਛਾ, ਅਸੀਂ ਰਾਜਪੁਰੇ ਤੋਂ।”
ਉਸ ਨੂੰ ਜਿਵੇਂ ਚਿਰਾਂ ਤੋਂ ਕੁਝ ਗੁਆਚਿਆ ਲੱਭ ਗਿਆ ਹੋਵੇ, ਜਿਵੇਂ ਸੁੰਨ ਬੀਆਬਾਨ ਵਿੱਚ ਉਸ ਨੂੰ ਚਿਰਾਂ ਤੋਂ ਵਿਛੜਿਆ ਕੋਈ ਮਿਲ ਗਿਆ ਹੋਵੇ। ਖੜ੍ਹਿਆਂ-ਖੜ੍ਹਿਆਂ ਦੋਵੇਂ ਜਣੀਆਂ ਦਾ ਗੱਲਾਂ ਦਾ ਸਿਲਸਿਲਾ ਅਗਾਂਹ ਦੀ ਅਗਾਂਹ ਤੁਰਦਾ ਗਿਆ। ਮੈਂ ਹੂੰ ਹਾਂ ਕਰਦਾ ਪੱਕਾ ਸਰੋਤਾ ਬਣ ਸੁਣੀ ਗਿਆ। “ਭੈਣ ਜੀ, ਕਾਹਦੀ ਗੱਲ ਐ ਇੱਥੇ ਤਾਂ ਕੋਈ ਕਿਸੇ ਨੂੰ ਬੁਲਾਉਂਦਾ ਈ ਹੈ ਨਹੀਂ। ਮੇਰਾ ਤਾਂ ਜਮ੍ਹਾਂ ਈ ਜੀਅ ਨਹੀਂ ਲਗਦਾ ਇੱਥੇ। ਦੋ ਮਹੀਨੇ ਹੋ ਗਏ ਇੱਥੇ ਆਈ ਨੂੰ, ਮਨ ਜਮਾਂ ਓਦਰਿਆ ਪਿਆ ਹੈ। ਕੁੜੀ ਆ ਮੇਰੀ ਇੱਥੇ, ਉਹਨੂੰ ਅੱਠ ਸਾਲ ਹੋ ਗਏ ਆਈ ਨੂੰ, ਹੁਣੇ ਪੱਕੀ ਹੋਈ ਐ। ਮੰਗੀ ਐ ਅਜੇ ਥੋੜ੍ਹੀ ਦੇਰ ਪਹਿਲਾਂ। ਹੁਣ ਉਸੇ ਨਾਲ ਹੀ, ਕੀ ਇਹ ਸਹੁਰੀ ਦਾ ਲਵ ਇਨ ਕਿ ਲਿਵ ਇਨ ਵਿੱਚ ਰਹਿੰਦੇ ਆ ਦੋਵੇਂ ਜੀਅ। ਲੁਧਿਆਣੇ ਦੇ ਰਾਏਕੋਟ ਲਾਗੇ ਪਿੰਡ ਐ ਮੁੰਡੇ ਦਾ। ਇਸ ਨਵੰਬਰ ਵਿੱਚ ਵਿਆਹਾਂਗੇ।”
ਗੱਲਾਂ ਕਰਦਿਆਂ ਨੂੰ ਉਸਦੀ ਧੀ ਵੀ ਆਪਣੀ ਕਾਰ ਲੈ ਕੇ ਆ ਖੜ੍ਹੀ। ਉਹ ਸਿਡਨੀ ਵਿੱਚ ਬਜ਼ੁਰਗਾਂ ਦੀ ਦੇਖਭਾਲ ਦਾ ਕੰਮ ਕਰਦੀ ਹੈ। “ਹੈਲੋ!” ਕਹਿ ਉਸਨੇ ਸਤਿਕਾਰ ਅਤੇ ਜ਼ੋਰ ਨਾਲ ਸਾਨੂੰ ਘਰ ਅੰਦਰ ਸੱਦ ਲਿਆ। ਸਾਡੇ ਨਾਂਹ-ਨੁੱਕਰ ਕਰਨ ’ਤੇ ਦੋਵੇਂ ਮਾਂ ਧੀ ਨੇ ਮੇਰੀ ਪਤਨੀ ਨੂੰ ਬਾਂਹ ਤੋਂ ਫੜ ਅੰਦਰ ਕਰ ਲਿਆ। ਦਰਵਾਜ਼ੇ ’ਤੇ ਅਸੀਂ ਜੁੱਤੀ ਲਾਹੁਣ ਲੱਗੇ ਤਾਂ ਬੋਲ ਪਈ, “‘ਕੋਈ ਗੱਲ ਨਹੀਂ ਵੀਰ ਜੀ, ਲੰਘ ਆਉ।”
ਪਰ ਅਸੀਂ ਦੋਵੇਂ ਜੀਅ ਜੁੱਤੀਆਂ ਲਾਹ ਉਸਦੇ ਨਾਲ ਹੀ ਅੰਦਰ ਪੁਰਾਣੇ ਜਿਹੇ ਸੋਫੇ ’ਤੇ ਜਾ ਬੈਠੇ। ਧੀ ਫਟਾਫਟ ਗਲਾਸਾਂ ਵਿੱਚ ਠੰਢਾ ਪਾ ਲਿਆਈ।
“ਸ਼ੁਕਰ ਐ ਭੈਣ ਜੀ ਤੁਸੀਂ ਮਿਲ ਗਏ। ਇੱਥੇ ਤਾਂ ਕੋਈ ਕਿਸੇ ਵੱਲ ਝਾਕਦਾ ਈ ਨਹੀਂ, ਬੁਲਾਉਣਾ ਤਾਂ ਦੂਰ ਰਿਹਾ। ਕਿਸੇ ਦੇ ਘਰੇ ਆਉਣਾ-ਜਾਣਾ ਤਾਂ ਹੋਰ ਵੀ ਦੂਰ। ਸਾਡੇ ਤਾਂ ਰਾਜਪੁਰੇ ਮੁਹੱਲੇ ਵਿੱਚ ਆਂਢ-ਗੁਆਂਢ ਬੁੜ੍ਹੀਆਂ ਤਾਂ ਸਾਡੀ ਦੇਹਲੀ ਤੋਂ ਈ ਨਹੀਂ ਸੀ ਉੱਠਦੀਆਂ। ਇੱਥੇ ਤਾਂ ਇੰਜ ਆ, ਜਿਵੇਂ ਦਿਨੇ ਹੀ ਕਰਫਿਊ ਲੱਗਾ ਹੋਵੇ। ਕੋਈ ਵਿਰਲੀ ਟਾਵੀਂ ਕਾਰ ਲੰਘਦੀ ਤੋਂ ਲੱਗਦੈ ਕਿ ਆਸਟਰੇਲੀਆ ਵਿੱਚ ਵੀ ਭਾਈ ਲੋਕ ਵਸਦੇ ਐ। ਜਾਂ ਪਤਾ ਲੱਗਦੈ ਸਟੋਰਾਂ ਜਾਂ ਮੌਲਾਂ ਤੋਂ। ਕੁੜੀ ਨਾਲ ਗਰੌਸਰੀ ਲੈਣ ਗਈ ਭਾਈ, ਮੈਂ ਤਾਂ ਬੈਂਚ ਜਿਹੇ ’ਤੇ ਬਹਿ ਜਾਂਦੀ ਹਾਂ। ਕਾਲੇ ਗੋਰੇ, ਅੱਧ-ਪਚੱਧ ਨੰਗ-ਧੜੰਗੇ ਰੇਹੜੀਆਂ ਜਿਹੀਆਂ ਲੈਂਦੇ ਆ, ਭਰ-ਭਰ ਕੇ ਗੱਡੀਆਂ ਵਿੱਚ ਲੱਦ ਮੁੜ ਜਾਂਦੇ ਐ। ਇੱਕੋ ਛੱਤ ਹੇਠ ਦੁਨੀਆ ਭਰ ਦਾ ਲੋਹੜਿਆਂ ਦਾ ਸਮਾਨ। ਬਾਕੀ ਤਾਂ ਭਾਈ ਇੰਝ ਲੱਗਦੈ ਜਿਵੇਂ ਘਰ ਤੋਂ ਗੱਡੀ ਚੁੱਕੀ ਕੰਮ ’ਤੇ ਕੰਮ ਤੋਂ ਗੱਡੀ ਚੁੱਕੀ ਘਰੇ। ਬੱਸ ਫਿਰ ਤਾਂ ਇਹ ਡੱਬੀਆਂ ਜਿਹੀਆਂ ਵਿੱਚ ਬੰਦ ਹੋ ਜਾਂਦੇ ਐ। ਕੋਈ ਕਿਸੇ ਗੁਆਂਢੀ ਨੂੰ ਨਹੀਂ ਜਾਣਦਾ। ਕੋਈ ਹਾਲ ਨਹੀਂ ਪੁੱਛਦਾ, ਕੋਈ ਚਾਲ ਨਹੀਂ ਪੁੱਛਦਾ। ਇਹ ਕਾਹਦੀ ਜ਼ਿੰਦਗੀ ਐ ਭੈਣ ਜੀ! ਮੈਂ ਤਾਂ ਅੱਕੀ ਪਈ ਆਂ। ਬੰਦਾ ਭਲਾ ਟੀਵੀ ਵੀ ਕਿੰਨੀ ਕੁ ਦੇਰ ਦੇਖ ਸਕਦੈ। ਮੈਂ ਤਾਂ ਅਗਲੇ ਮਹੀਨੇ ਇੰਡੀਆ ਮੁੜ ਜਾਣਾ ਹੈ।”
“ਆਹੋ ਮੁੜ ਜਾਣੈ...!” ਉਸਦੀ ਧੀ ਨੇ ਵਿਚਾਲਿਓਂ ਟੋਕ ਦਿੱਤਾ, “ਨਾ ਤਾਂ ਮੰਮੀ ਦਾ ਇੱਥੇ ਜੀਅ ਲੱਗੇ ਤੇ ਨਾ ਰਾਜਪੁਰੇ।”
ਅਸੀਂ ਦੋਵੇਂ ਹੱਸ ਪਏ।
“ਕਾਹਨੂੰ ਆਂਟੀ, ਮੈਂ ਤਾਂ ਮੰਮੀ ਨੂੰ ਕਿਹਾ ਕਿ ਮੋਬਾਇਲ ’ਤੇ ਐਡ ਦਿੰਨੇ ਆਂ ਬਈ ਕੋਈ ਸਾਡੀ ਮੰਮੀ ਦੀ ਸਹੇਲੀ ਬਣ ਜਾਵੇ, ਪਰ ਇਹ ਮੰਨਦੀ ਈ ਨਹੀਂ।”
“ਏਥੇ ਕਿਸੇ ਕੋਲ ਟੈਮ ਹੈ ਨਹੀਂ ਭਾਈ।” ਮੈਂ ਕਿਹਾ, “ਧੀਏ, ਇਨ੍ਹਾਂ ਮੁਲਕਾਂ ਵਿੱਚ ਸਾਰੀ ਦੁਨੀਆ ਦੇ ਦੇਸ਼ਾਂ ਤੋਂ ਆਏ ਭਿੰਨ-ਭਿੰਨ ਰੰਗਾਂ ਦੇ, ਭਿੰਨ-ਭਿੰਨ ਬੋਲੀਆਂ, ਵੱਖ-ਵੱਖ ਮਾਨਤਾਵਾਂ ਦੇ, ਸੱਭਿਆਚਾਰਾਂ ਦੇ ਲੋਕ ਵਸਦੇ ਐ। ਸਾਡੇ ਜੀਵਨ ਵਿੱਚ, ਸਾਡੇ ਸੱਭਿਆਚਾਰ ਵਿੱਚ ਹੋ ਰਹੀ ਇਹ ਟੁੱਟ-ਭੱਜ ਉਨ੍ਹਾਂ ਸਾਰੇ ਪਰਵਾਸੀਆਂ ਦਾ, ਉਨ੍ਹਾਂ ਦੇ ਮਾਪਿਆਂ ਦਾ ਇੱਕ ਅਜਿਹਾ ਸਰਾਪ ਬਣ ਚੁੱਕੀ ਹੈ, ਜਿਸਦਾ ਸੰਤਾਪ ਨਿਰੰਤਰ ਦੋਹਾਂ ਪੀੜ੍ਹੀਆਂ ਨੇ ਭੋਗਣਾ ਹੀ ਭੋਗਣਾ ਹੈ। ਜੜ੍ਹਾਂ ਤੋਂ ਉੱਖੜਿਆ ਬਿਰਖ ਦੂਜੀ ਥਾਂ ਜਾ ਕੇ ਬੜੀ ਹਿੰਮਤ ਨਾਲ ਈ ਹਰਾ ਹੁੰਦੈ ਭਾਈ। ਸੰਸਾਰ ਭਰ ਵਿੱਚ ਇਸ ਪਰਵਾਸ ਦੀ ਜੜ੍ਹ ਸਾਡੀ ਆਰਥਿਕਤਾ ਹੈ। ਹੁਣ ਤਾਂ ਪਾਣੀਆਂ ਦੇ ਓਹਲੇ ਨਵੇਂ ਪਰਵਾਸੀਆਂ ਦੀਆਂ ਦਰਦ ਕਹਾਣੀਆਂ ਪੰਦਰਾਂ ਵੀਹ ਸਾਲ ਪਹਿਲਾਂ ਨਾਲੋਂ ਕਿਤੇ ਵੱਧ ਪੀੜ ਭਰੀਆਂ ਤੇ ਦਰਦਨਾਕ ਨੇ। ਜਦੋਂ ਅੰਬਰਸਰ ਹਵਾਈ ਅੱਡੇ ’ਤੇ ਬੇੜੀਆਂ ਜਕੜੇ ਭਾਰਤੀ ਉੱਤਰਦਿਆਂ ਦੀਆਂ ਤਸਵੀਰਾਂ ਦੇਖੀਆਂ ਸਨ ਤਾਂ ਕੌਣ ਹਿੱਕ ਠੋਕ ਕੇ ਕਹਿ ਸਕਦਾ ਸੀ ਬਈ ਅਸੀਂ ਆਜ਼ਾਦ ਹਾਂ। ਭਾਈ, ਸ਼ੁਕਰ ਕਰ ਆਪਣੇ ਬੱਚੇ ਇੱਥੇ ਪੱਕੇ ਹੋ ਗਏ। ਲੇਬਰ ਕਰਨ ਜਾਂ ਕੋਈ ਹੋਰ ਕੰਮ, ਪਤੈ ਬਈ ਰੋਟੀ ਤਾਂ ਵਧੀਆ ਹੀ ਖਾਣਗੇ, ਭਾਵੇਂ ਰੋਟੀ ਇਨ੍ਹਾਂ ਮੁਲਕਾਂ ਵਿੱਚ ਵੀ ਮਹਿੰਗੀ ਹੋ ਰਹੀ ਹੈ।”
ਫਿਰ ਉਹ ਸਾਡੇ ਨਾਲ ਹੀ ਪੂਰੇ ਚਾਅ ਨਾਲ ਸੈਰ ’ਤੇ ਤੁਰ ਪਈ। ਗੱਲਾਂ ਕਰਦਿਆਂ ਅਸੀਂ ਤਿੰਨੇ ਕਦੋਂ ਦੂਰ ਤਕ ਨਿਕਲ ਗਏ ਪਤਾ ਹੀ ਨਾ ਲੱਗਾ। ਮੈਂ ਕਿਹਾ, “ਭੈਣ ਜੀ, ਅਸਲ ਵਿੱਚ ਦੁਨੀਆ ਭਰ ਵਿੱਚ ਆਰਥਿਕਤਾ ਦੇ ਖੇਤਰ ਵਿੱਚ ਆਇਆ ਤਿੱਖਾ ਅਸਾਵਾਂਪਣ ਹੀ ਸਾਡੇ ਇਸ ਸੰਤਾਪ ਦੀ ਜੜ੍ਹ ਹੈ, ਪਰਵਾਸ ਦੀ ਜੜ੍ਹ ਹੈ। ... ਅਸੀਂ ਮੁੱਕ ਜਾਵਾਂਗੇ। ਜੜ੍ਹਾਂ ਟੁੱਟ ਜਾਣਗੀਆਂ। ਜਦੋਂ ਬਜ਼ੁਰਗਾਂ ਦੇ ਚਿਹਰੇ, ਉਨ੍ਹਾਂ ਦਾ ਪਿਆਰ, ਦੁਲਾਰ ਤੇ ਫਿਕਰ ਵਟਸਐਪ ’ਤੇ ਮੁੱਕ-ਮੁਕਾ ਜਾਵੇਗਾ ਤਾਂ ਕਹਾਣੀ ਵੀ ਮੁੱਕ-ਮੁਕਾ ਜਾਵੇਗੀ, ਸਭ ਕੁਝ ਖ਼ਤਮ ਹੋ ਜਾਵੇਗਾ। ਸਾਡੀ ਅਗਲੀ ਤੋਂ ਅਗਲੀ ਪੀੜ੍ਹੀ ਦੀਆਂ ਜੜ੍ਹਾਂ ਤਾਂ ਇੱਥੇ ਹੀ ਫੁੱਟੀਆਂ ਨੇ, ਇੱਥੇ ਹੀ ਪੁੰਗਰਨਗੀਆਂ, ਇੱਥੇ ਹੀ ਜੰਮਣਗੀਆਂ। ਸਾਡੇ ਤੋਂ ਬਾਅਦ ਇਹ ਤੀਜੀ ਪੀੜ੍ਹੀ ਫਿਰ ਪਰਵਾਸੀ ਨਹੀਂ ਕਹਾਵੇਗੀ। ਇਹ ਇੱਥੇ ਹੀ ਇੱਕ-ਮਿੱਕ ਹੋ ਜਾਵੇਗੀ। ਕੁਦਰਤ ਦਾ ਇਹੀ ਵਰਤਾਰਾ ਹੈ। ਨਵੇਂ ਰਿਸ਼ਤੇ, ਨਵੀਂਆਂ ਕਦਰਾਂ, ਨਵਾਂ ਸੱਭਿਆਚਾਰ ਹੌਲੀ-ਹੌਲੀ ਇਨ੍ਹਾਂ ਦੀ ਪਛਾਣ ਬਣ ਜਾਵੇਗਾ। ਇਹ ਪੀੜ੍ਹੀ, ਆਉਣ ਵਾਲੀਆਂ ਪੀੜ੍ਹੀਆਂ, ਸ਼ਾਲਾ! ਜਿੱਥੇ ਵੀ ਰਹਿਣ, ਸੁਖੀ ਵਸਣ, ਖ਼ੁਸ਼ੀਆਂ ਮਾਣਨ, ਵਧਣ ਫੁੱਲਣ।”
ਇਹ ਗੱਲਾਂ ਸੁਣ ਕੇ ਭੈਣ ਜੀ ਨੇ ਠੰਢਾ ਹਉਕਾ ਭਰਿਆ। ਸ਼ਾਇਦ ਉਸ ਨੂੰ ਥੋੜ੍ਹਾ ਜਿਹਾ ਸਕੂਨ ਮਿਲ ਗਿਆ ਸੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































