SatpalSDeol7ਮਿਹਨਤ ਨਾਲ ਕੀਤੀ ਆਪਣੀ ਕਮਾਈ ਲੋੜਵੰਦ ਲੋਕਾਂ ਵਿੱਚ ਪਹੁੰਚਦੀ ਕਰਨ ਲਈ ਕਿਸੇ ਸੰਸਥਾ ’ਤੇ ...
(3 ਜਨਵਰੀ 2026)


ਘਰ ਤੋਂ ਪਟਿਆਲਾ ਬਹੁਤ ਦੂਰ ਮਹਿਸੂਸ ਹੁੰਦਾ ਹੈ। ਹੁਣ ਜਦੋਂ ਵੀ ਜਾਂਦੇ ਹਾਂ ਤਾਂ ਸਵਖਤੇ ਹੀ ਘਰੋਂ ਚੱਲ ਪੈਂਦੇ ਹਾਂ ਕਿਉਂਕਿ ਸ਼੍ਰੀਮਤੀ ਦੀ ਦਵਾਈ ਜਿਸ ਡਾਕਟਰ ਕੋਲੋਂ ਲੈਣੀ ਹੁੰਦੀ ਹੈ
, ਉਸ ਪਾਸ ਭੀੜ ਬਹੁਤ ਹੁੰਦੀ ਹੈ। ਸਵੇਰ ਦਾ ਨਾਸ਼ਤਾ ਵੀ ਰਸਤੇ ਵਿੱਚ ਪਟਿਆਲਾ-ਸੁਨਾਮ ਸੜਕ ’ਤੇ ਇੱਕ ਮਸ਼ਹੂਰ ਢਾਬੇ ’ਤੇ ਕਰ ਲੈਂਦੇ ਹਾਂ। ਇਸ ਢਾਬੇ ’ਤੇ ਸਵੇਰ ਸਮੇਂ ਨਾਸ਼ਤਾ ਕਰਨ ਵਾਲਿਆਂ ਦੀ ਭੀੜ ਬਹੁਤ ਜ਼ਿਆਦਾ ਹੁੰਦੀ ਹੈ। ਬਠਿੰਡਾ, ਮਾਨਸਾ, ਸਿਰਸਾ, ਸੰਗਰੂਰ, ਬਰਨਾਲਾ ਵੱਲੋਂ ਰਾਜਧਾਨੀ ਚੰਡੀਗੜ੍ਹ ਵੱਲ ਜਾਣ ਵਾਲੇ ਲੋਕਾਂ ਦੀਆਂ ਕਾਰਾਂ ਅਕਸਰ ਹੀ ਇਸ ਢਾਬੇ ’ਤੇ ਰੁਕਦੀਆਂ ਹਨ।

ਇੱਕ ਟਰੈਕਟਰ ਟਰਾਲੀ, ਜਿਸ ਨੂੰ ਸਿੱਧਾ ਸਾਧਾ ਜਿਹਾ ਬੰਦਾ ਚਲਾ ਰਿਹਾ ਸੀ, ਮੇਰੀ ਕਾਰ ਤੋਂ ਥੋੜ੍ਹੀ ਦੂਰੀ ’ਤੇ ਉਸੇ ਢਾਬੇ ’ਤੇ ਰੁਕਿਆ। ਹੈਰਾਨੀ ਜਿਹੀ ਹੋਈ ਕਿਉਂਕਿ ਉਸ ਢਾਬੇ ’ਤੇ ਟਰੈਕਟਰ ਅਤੇ ਟਰੱਕ ਨਹੀਂ ਰੁਕਦੇ। ਇਸੇ ਕਾਰਨ ਹੀ ਸ਼ਾਇਦ ਕਾਰਾਂ ਦੀ ਭੀੜ ਹੁੰਦੀ ਹੈ। ਟਰਾਲੀ ਵਿੱਚ ਇੱਕ ਕਰਾਹ, ਹਲ, ਜੋ ਪੁਰਾਣੇ ਤੇ ਜੰਗਾਲੇ ਜਿਹੇ ਜਾਪਦੇ ਸੀ, ਲੱਦੇ ਹੋਏ ਸੀ। ਮੇਰੇ ਤੋਂ ਰਿਹਾ ਨਹੀਂ ਗਿਆ, ਮੈਂ ਉਸ ਨੂੰ ਪੁੱਛ ਹੀ ਲਿਆ, “ਵੇਚਣ ਚੱਲੇ ਓਂ।” ਉਸ ਬੰਦੇ ਦੇ ਮੂੰਹੋਂ ਅਸਲੀਅਤ ਸੁਣ ਕੇ ਮੇਰਾ ਮਨ ਅਸ਼ ਅਸ਼ ਕਰ ਉੱਠਿਆ। ਦਿਲੋਂ ਦੁਆ ਨਿਕਲੀ, “ਵਾਹ ਓਏ ਜੱਟਾ! ਜਿਊਂਦਾ ਰਹਿ, ਧਨ ਹੈ ਤੇਰੀ ਸੇਵਾ ਤੇ ਸਬਰ। ਤੇਰੇ ਸਿਰ ਪੰਜਾਬੀ ਤੇ ਦਾਨੀ ਹੋਣ ਦਾ ਤਾਜ ਹਮੇਸ਼ਾ ਝੁੱਲਦਾ ਰਹੇ।”

ਉਹਨੇ ਦੱਸਿਆ ਕਿ ਉਹ ਸਿਰਫ ਚਾਹ-ਪਾਣੀ ਲਈ ਢਾਬੇ ’ਤੇ ਰੁਕਿਆ ਹੈ। ਸੰਗਰੂਰ ਜ਼ਿਲ੍ਹੇ ਦੇ ਘੱਗਰ ਕੰਢੇ ਵਸੇ ਪਿੰਡ ਦਾ ਉਹ ਵਸਨੀਕ ਹੈ ਤੇ ਪੰਜ ਕੁ ਏਕੜ ਵਾਲਾ ਕਿਸਾਨ ਹੈ। ਆਮ ਕਿਸਾਨ ਪਰਿਵਾਰਾਂ ਵਾਂਗ ਉਹਦੀ ਜ਼ਮੀਨ ਵੀ ਬੈਂਕ ਵੱਲੋਂ ਕੁਰਕ ਕਰਵਾ ਦਿੱਤੀ ਗਈ ਹੈ। ਦੋ ਕੁ ਸਾਲ ਪਹਿਲਾਂ ਘੱਗਰ ਦਾ ਬੰਨ੍ਹ ਟੁੱਟਣ ਕਾਰਨ ਉਹਦੀ ਫਸਲ ਵੀ ਬਰਬਾਦ ਹੋਈ ਸੀ ਤੇ ਉਹਦੇ ਸਿਰ ਕਰਜ਼ੇ ਦਾ ਬੋਝ ਵਧ ਜਾਣਾ ਤੈਅ ਸੀ। ਉਸ ਵਕਤ ਮਾਝੇ ਵਾਲੇ ਪਾਸੇ ਤੋਂ ਟਰੈਕਟਰ ਟਰਾਲੀਆਂ ’ਤੇ ਆ ਕੇ ਲੋਕਾਂ ਨੇ ਉਨ੍ਹਾਂ ਨੂੰ ਮਦਦ ਪਹੁੰਚਾਈ ਸੀ। ਉਸਦੀ ਜ਼ਮੀਨ ਵਿੱਚ ਪੰਜ-ਪੰਜ ਫੁੱਟ ਰੇਤ ਚੜ੍ਹ ਗਈ ਸੀ। ਜ਼ਿਲ੍ਹਾ ਗੁਰਦਾਸਪੁਰ ਦੇ ਕੁਝ ਮਦਦਗਾਰ ਆਏ, ਜ਼ਮੀਨ ਪੱਧਰ ਕਰਕੇ ਉਹਦੀ ਅਗਲੀ ਫਸਲ ਵੀ ਬੀਜੀ ਤੇ ਉਸ ਨੂੰ ਕਰਜ਼ਾ ਹੋਰ ਨਹੀਂ ਲੈਣਾ ਪਿਆ। ਜੇ ਮਦਦ ਨਾ ਆਉਂਦੀ ਤਾਂ ਸ਼ਾਇਦ ਉਹਨੂੰ ਕਿੱਲਾ ਜ਼ਮੀਨ ਵੇਚਣੀ ਪੈਂਦੀ ਤੇ ਬੈਂਕ ਦੀ ਕੁਰਕੀ ਦਾ ਹੱਲ ਵੀ ਕਰਨਾ ਪੈਂਦਾ।

ਤੇ ਹੁਣ ਜਦੋਂ ਉਹ ਲੋਕ ਮੁਸੀਬਤ ਵਿੱਚ ਨੇ, ਉਹਨੇ ਦੋ ਢੋਲ ਤੇਲ ਦਾ ਜੁਗਾੜ ਕਰ ਲਿਆ ਸੀ ਅਤੇ ਆਪਣੇ ਖੇਤੀਬਾੜੀ ਦੇ ਸੰਦ ਲੈਕੇ ਮਦਦ ਲਈ ਜਾ ਰਿਹਾ ਸੀ। ਮਿਹਨਤ ਨਾਲ ਕੀਤੀ ਆਪਣੀ ਕਮਾਈ ਲੋੜਵੰਦ ਲੋਕਾਂ ਵਿੱਚ ਪਹੁੰਚਦੀ ਕਰਨ ਲਈ ਕਿਸੇ ਸੰਸਥਾ ’ਤੇ ਉਹਨੂੰ ਵਿਸ਼ਵਾਸ ਨਹੀਂ ਸੀ। ਬੇਸ਼ਕ ਉਹਦੀ ਮਦਦ ਨਿਗੂਣੀ ਜਾਪਦੀ ਹੋਵੇ ਪਰ ਉਹਦੇ ਪਿੱਛੇ ਭਾਵਨਾ ਬੜੀ ਉੱਚੀ ਅਤੇ ਸੁੱਚੀ ਜਾਪਦੀ ਸੀ। ਪੰਜਾਬ ਦੇ ਇਸ ਵੱਡੇ ਜਿਗਰੇ ਵਾਲੇ ਇਨਸਾਨ ਅੱਗੇ ਨਤਮਸਤਕ ਹਾਂ। ਜਦੋਂ ਬੰਦਾ ਖੁਦ ਕਰਜ਼ ਦਾ ਦੱਬਿਆ ਹੁੰਦਾ ਹੈ ਤਾਂ ਅਜਿਹਾ ਸੋਚ ਵੀ ਨਹੀਂ ਸਕਦਾ। ਪਰ ਸੱਚਮੁੱਚ ਉਸ ਬੰਦੇ ਦਾ ਬਹੁਤ ਵੱਡਾ ਜੇਰਾ ਸੀ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਐਡਵੋਕੇਟ ਸਤਪਾਲ ਸਿੰਘ ਦਿਓਲ

ਐਡਵੋਕੇਟ ਸਤਪਾਲ ਸਿੰਘ ਦਿਓਲ

Sardulgarh, Mansa, Punjab, India.
Phone: (91 - 98781 - 70771)

Email: (satpal.deol0@gmail.com)

More articles from this author