“ਦੋਵੇਂ ਬੱਚੇ ਪੋਲੇ ਜਿਹੇ ਕਦਮਾਂ ਨਾਲ ਕਮਰੇ ਵਿੱਚ ਆ ਕੇ ਕਹਿਣ ਲੱਗੇ, “ਪਾਪਾ ਜੀ, ਅੱਜ ਅਜੇ ਤਕ ਅਸੀਂ ਵੀ ਰੋਟੀ ਨਹੀਂ ਖਾਧੀ ...”
(10 ਜਨਵਰੀ 2024)
ਇਸ ਸਮੇਂ ਪਾਠਕ: 565.
ਪਿੰਡ ਦਾ ਪ੍ਰਾਇਮਰੀ ਸਕੂਲ ਬਹੁਤ ਛੋਟਾ ਜਿਹਾ ਸੀ। ਮੁਸ਼ਕਲ ਨਾਲ ਪਿੰਡ ਵਿੱਚੋਂ ਮੇਰੇ ਸਮੇਤ ਦਸ ਬਾਰਾਂ ਬੱਚੇ ਪੜ੍ਹਦੇ ਸੀ। ਸਕੂਲ ਦੀ ਹੋਂਦ ਕਾਇਮ ਰੱਖਣ ਲਈ ਦੂਸਰੇ ਪਿੰਡ ਤੋਂ ਬੱਚੇ ਲਿਆ ਕੇ ਮਾਸਟਰ ਜੀ ਨੇ ਦਾਖਲ ਕੀਤੇ ਸੀ। ਇਹ ਉਹ ਵੇਲਾ ਸੀ ਜਦੋਂ ਐਸ਼ ਲਈ ਸਕੂਲ ਮਾਸਟਰੀ ਮੋਹਰੀ ਕਿੱਤਾ ਸੀ। ਅਕਸਰ ਹੀ ਸ਼ਰਾਬੀ ਅਧਿਆਪਕਾਂ ਨੂੰ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਦਿਆਂ ਦੇਖਿਆ ਜਾ ਸਕਦਾ ਸੀ। ਅੱਜ ਦੇ ਮੁਕਾਬਲੇ ਉਦੋਂ ਸਕੂਲ ਦਾ ਅਜੀਬ ਜਿਹਾ ਮਾਹੌਲ ਹੁੰਦਾ ਸੀ। ਡੰਡਾ-ਪਰੇਡ ਆਮ ਹੁੰਦੀ ਸੀ। ਕਈ ਬੱਚੇ ਡੰਡਾ-ਪਰੇਡ ਤੋਂ ਡਰਦੇ ਅਨਪੜ੍ਹ ਰਹਿਣਾ ਪਸੰਦ ਕਰਦੇ ਸੀ।
ਸਾਡੇ ਪ੍ਰਾਇਮਰੀ ਦੇ ਅਧਿਆਪਕ ਬੜੇ ਮਿਹਨਤੀ ਹੁੰਦੇ ਸੀ। ਅੱਠਵੀਂ ਤਕ ਦੀ ਪੜ੍ਹਾਈ ਦੂਸਰੇ ਪਿੰਡ ਦੇ ਮਿਡਲ ਸਕੂਲ ਤੋਂ ਕਰਨੀ ਪੈਂਦੀ ਸੀ। ਉਹਨਾਂ ਸਮਿਆਂ ਵਿੱਚ ਅਸੀਂ ਪੀਟੀ ਮਾਸਟਰ ਦੇ ਡੰਡੇ ਤੋਂ ਡਰਦੇ ਰੱਬ-ਰੱਬ ਕਰਦੇ ਰਹਿੰਦੇ ਸੀ। ਮਿਡਲ ਸਕੂਲ ਵਿੱਚ ਵੀ ਸ਼ਰਾਬੀ ਅਧਿਆਪਕਾਂ ਨਾਲ ਵਾਹ ਪੈਂਦਾ ਰਿਹਾ। ਪਰ ਬਹੁਤ ਮਿਹਨਤੀ ਅਧਿਆਪਕ ਵੀ ਸਕੂਲ ਵਿੱਚ ਸਨ। ਅੱਠਵੀਂ ਤੇ ਦਸਵੀਂ ਵਿੱਚ ਪਤਾ ਲੱਗਾ ਕਿ ਮਿਹਨਤ ਕੀ ਹੁੰਦੀ ਹੈ। ਸਾਡੇ ਇੱਕ ਮਿਹਨਤੀ ਅਧਿਆਪਕ ਸਵੇਰੇ ਚਾਰ ਵਜੇ ਗਰੁਪਾਂ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੰਦੇ। ਸਵੇਰੇ ਦੋ ਕਿਲੋਮੀਟਰ ਸਾਈਕਲ ’ਤੇ ਜਾ ਕੇ ਉਹਨਾਂ ਕੋਲ ਪੜ੍ਹ ਕੇ ਵਾਪਸ ਪਿੰਡ ਆ ਕੇ ਦੁਬਾਰਾ ਫੇਰ ਸਕੂਲ ਜਾਣਾ ਪੈਂਦਾ।
ਬਹੁਤੇ ਸਹਿਪਾਠੀ ਜੋ ਮੇਰੇ ਪਿੰਡ ਦੇ ਹੁੰਦੇ ਸਨ, ਉਹ ਪੜ੍ਹਨ ਨੂੰ ਪੰਗਾ ਸਮਝਦੇ ਸਨ, ਸੁੱਤੇ ਰਹਿੰਦੇ ਤੇ ਸਕੂਲ ਘਰਦਿਆਂ ਤੋਂ ਡਰਦੇ ਤੇ ਅਣਸਰਦੇ ਨੂੰ ਜਾਂਦੇ। ਉਸ ਵੇਲੇ ਝੱਲੀਆਂ ਤਕਲੀਫ਼ਾਂ ਤੇ ਮਿਹਨਤਾਂ ਨੂੰ ਉਹ ਸਾਰੇ ਨਜ਼ਰ ਅੰਦਾਜ਼ ਕਰ ਚੁੱਕੇ ਨੇ। ਇਹ ਤਾਂ ਪੰਜਾਬੀਆਂ ਦੀ ਫਿਤਰਤ ਹੀ ਹੈ, ਮਿਹਨਤਾਂ ਨੂੰ ਨਜ਼ਰਅੰਦਾਜ਼ ਕਰਨਾ ਤੇ ਤਰੱਕੀਆਂ ਨਾਲ ਈਰਖਾ ਰੱਖਣਾ। ਖ਼ਾਸ ਕਰ ਕੇ ਅਜਿਹੇ ਹਾਲਾਤ ਵਿੱਚ ਪੜ੍ਹਨਾਉਦੋਂ ਬਹੁਤ ਔਖਾ ਸੀ ਜਦੋਂ ਘਰ ਦਾ ਮਾਹੌਲ ਹੀ ਪੜ੍ਹਨ ਵਾਲਾ ਨਾ ਹੋਵੇ। ਉਸ ਵਕਤ ਪਿੰਡਾਂ ਵਿੱਚ ਰਿਹਾਇਸ਼ ਦੇ ਸੀਮਿਤ ਸਾਧਨ ਹੁੰਦੇ ਸੀ। ਮੇਰੇ ਦੋਸਤਾਂ ਦੇ ਘਰ ਇਸ ਵਾਸਤੇ ਡਾਂਟਿਆ ਜਾਂਦਾ ਸੀ ਕਿ ਟੀ ਵੀ ਬੰਦ ਕਰਕੇ ਪੜ੍ਹਾਈ ਕਰੋ। ਮੇਰੇ ਨਾਲ ਉਲਟ ਹੁੰਦਾ ਸੀ, ਮੈਂ ਟੀ ਵੀ ਚੱਲਦੇ ਸਮੇਂ ਪੜ੍ਹ ਨਹੀਂ ਸਕਦਾ ਸੀ। ਫੇਰ ਮੇਰੇ ਆਖੇ ਟੀ ਵੀ ਬੰਦ ਵੀ ਨਹੀਂ ਹੁੰਦਾ ਸੀ। ਦਿਨ ਸਮੇਂ ਸਾਂਝਾ ਪਰਿਵਾਰ ਪੂਰਾ ਰੌਲਾ ਰੱਪਾ ਪਾਈ ਰੱਖਦਾ। ਇਸਦਾ ਹੱਲ ਮੇਰੇ ਕੋਲ ਇਹ ਹੁੰਦਾ ਕਿ ਮੈਂ ਕਿਤਾਬ ਲੈ ਕੇ ਗੁਰਦੁਆਰੇ ਕੋਲ ਕਿੱਕਰ ਹੇਠ ਬੈਠ ਕੇ ਪੜ੍ਹਨ ਲਗਦਾ। ਮੇਰੇ ਸਹਿਪਾਠੀ ਜਾਂ ਮਿੱਤਰ ਮੇਰੀ ਸਮੱਸਿਆ ਨੂੰ ਸਮਝਣ ਦੀ ਬਜਾਏ ਮੈਨੂੰ ਮਜ਼ਾਕ ਕਰਦੇ, “ਇਹ ਪੜ੍ਹਦਾ ਨਹੀਂ, ਆਉਂਦੇ ਜਾਂਦੇ ਲੋਕਾਂ ਨੂੰ ਦਿਖਾਉਂਦਾ ਕਿ ਮੈਂ ਪੜ੍ਹ ਰਿਹਾਂ।” ਸ਼ਾਇਦ ਉਹ ਹੁਣ ਮੇਰੀ ਉਸ ਸਮੇਂ ਦੀ ਸਮੱਸਿਆ ਸਮਝ ਗਏ ਹੋਣ। ਲੋਕਾਂ ਨੂੰ ਦਿਖਾ ਕੇ ਪੜ੍ਹਨ ਨਾਲ ਮੈਨੂੰ ਕੀ ਹਾਸਲ ਹੋਇਆ, ਇਹ ਵੀ ਉਨ੍ਹਾਂ ਦੇਖ ਲਿਆ ਹੋਣਾ ਹੈ।
ਅੱਠਵੀਂ ਜਮਾਤ ਪਹਿਲੇ ਦਰਜੇ ਵਿੱਚ ਪਾਸ ਹੋਣ ਦਾ ਵਜੀਫਾ 200 ਰੁਪਏ ਦਸਵੀਂ ਵਿੱਚ ਜਾ ਕੇ ਮਿਲਿਆ, ਇਵੇਂ ਲੱਗਿਆ, ਜਿਵੇਂ ਦੁਨੀਆ ਜਿੱਤ ਲਈ ਹੋਵੇ। ਕਈ ਵਾਰ ਅਜਿਹੇ ਹਾਲਾਤ ਪੈਦਾ ਹੋਏ ਕਿ ਪੜ੍ਹਾਈ ਜਾਰੀ ਰੱਖਣੀ ਔਖੀ ਹੋਣ ਲੱਗੀ। ਬਹੁਤ ਸਖ਼ਤ ਮਿਹਨਤ ਕਰ ਕੇ ਬੀ ਏ ਕੀਤੀ। ਇੱਕ ਅਧਿਆਪਕ ਦੀ ਬੇਰੁਖ਼ੀ ਕਾਰਨ ਮਜਬੂਰੀ ਵਿੱਚ ਕਾਨੂੰਨ ਦੀ ਪੜ੍ਹਾਈ ਕਰਨੀ ਪਈ। ਤੇ ਫੇਰ ਵਕਾਲਤ ਵਿੱਚ ਮਿਹਨਤ ਦਾ ਸਿਲਸਿਲਾ ਸ਼ੁਰੂ ਹੋਇਆ। ਤੁਰ ਕੇ ਜਾ ਜੇ ਦੂਸਰੇ ਪਿੰਡ ਤੋਂ ਬੱਸ ਫੜਨੀ ਤੇ ਪੰਜਾਹ ਕਿਲੋਮੀਟਰ ਦੂਰ ਜ਼ਿਲ੍ਹਾ ਅਦਾਲਤ ਜਾਣਾ। ਕਈ ਵਾਰ ਵਕਾਲਤ ਛੱਡਣ ਵਰਗੇ ਹਾਲਾਤ ਵੀ ਬਣੇ। ਈਰਖਾ ਦਾ ਸੱਪ ਹੋਰ ਵਿਕਰਾਲ ਰੂਪ ਧਾਰਦਾ ਗਿਆ। ਸਾਥੀ ਵਕੀਲਾਂ ਦੇ ਬੇਹੂਦਾ ਮਜ਼ਾਕ ਸਹਿਣ ਕਰਨੇ ਪਏ, ਪਰ ਮਿੱਤਰਾਂ ਦਾ ਸਹਿਯੋਗ ਵੀ ਮਿਲਦਾ ਰਿਹਾ। ਵਕੀਲ ਤੋਂ ਵਕੀਲ ਸਾਹਬ ਹੋਣ ਦਾ ਸਫ਼ਰ ਬਹੁਤ ਕਠਨਾਈਆਂ ਭਰਿਆ ਸੀ। ਕਈ ਵਾਰ ਫਾਕੇ ਵੀ ਕੱਟੇ।
ਇੱਕ ਘਟਨਾ ਹਮੇਸ਼ਾ ਦਿਮਾਗ ਵਿੱਚ ਆਹ ਬਣ ਕੇ ਘੁੰਮਦੀ ਰਹਿੰਦੀ ਹੈ। ਦੋਵੇਂ ਬੱਚੇ ਬਹੁਤ ਛੋਟੇ ਸੀ। ਉਦੋਂ ਤਕ ਇੱਕ ਕਮਰੇ ਨੂੰ ਮੈਂ ਦਫਤਰ ਵਜੋਂ ਵਰਤਣ ਲੱਗ ਪਿਆ ਸੀ। ਸ੍ਰੀ ਮਤੀ ਕਦੇ ਵੀ ਪੜ੍ਹਦੇ ਸਮੇਂ ਇਕਾਗਰਤਾ ਭੰਗ ਨਾ ਕਰਦੀ। ਰਾਤ ਦਾ ਖਾਣਾ ਤਿਆਰ ਹੋ ਗਿਆ ਸੀ ਪਰ ਮੈਂ ਖਾਣਾ ਭੁੱਲ ਗਿਆ ਰਾਤ ਦੇ ਗਿਆਰਾਂ ਕਦੋਂ ਵੱਜ ਗਏ, ਪਤਾ ਹੀ ਨਾ ਲੱਗਾ। ਦੋਵੇਂ ਬੱਚੇ ਪੋਲੇ ਜਿਹੇ ਕਦਮਾਂ ਨਾਲ ਕਮਰੇ ਵਿੱਚ ਆ ਕੇ ਕਹਿਣ ਲੱਗੇ, “ਪਾਪਾ ਜੀ, ਅੱਜ ਅਜੇ ਤਕ ਅਸੀਂ ਵੀ ਰੋਟੀ ਨਹੀਂ ਖਾਧੀ।”
ਬੇਹੱਦ ਦੁੱਖ ਹੋਇਆ। ਪਰ ਮੌਕਾ ਸਾਂਭਿਆ ਤੇ ਦੋਵਾਂ ਨੂੰ ਕਿਹਾ, “ਬੇਟਾ, ਇਸ ਕੇਸ ਵਿੱਚ ਹਾਰ ਦੀ ਸੰਭਾਵਨਾ ਜ਼ਿਆਦਾ ਸੀ ਇਸ ਕਰਕੇ ਜਿੱਥੇ ਤੁਹਾਨੂੰ ਲੱਗੇ ਕਿ ਹਾਰ ਜਾਵਾਂਗੇ, ਉੱਥੇ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ।”
ਅੱਜ ਤਕ ਦੋਵੇਂ ਬੱਚੇ ਸਖ਼ਤ ਮਿਹਨਤ ਨੂੰ ਅਪਣਾ ਚੁੱਕੇ ਨੇ ਤੇ ਇਹ ਵਾਕਿਆ ਯਾਦ ਰੱਖਦੇ ਨੇ।
ਉਸ ਤੋਂ ਬਾਅਦ ਸਿਲਸਿਲਾ ਸ਼ੁਰੂ ਹੋਇਆ ਕਿ ਮੈਨੂੰ ਪੜ੍ਹਨ ਤੋਂ ਕਿਵੇਂ ਰੋਕਿਆ ਜਾਵੇ ਤੇ ਪ੍ਰੇਸ਼ਾਨ ਕਿਵੇਂ ਕੀਤਾ ਜਾਵੇ। ਮੇਰੀ ਆਦਤ ਵਿੱਚ ਸ਼ੁਮਾਰ ਹੈ, ਸਵੇਰ ਵੇਲੇ ਸਾਰੇ ਕੇਸ ਪੜ੍ਹਨੇ ਤੇ ਪੂਰੀ ਤਿਆਰੀ ਨਾਲ ਅਦਾਲਤ ਵਿੱਚ ਜਾਣਾ। ਕਿਸੇ ਕੋਲ ਹੋਰ ਕੋਈ ਸਾਧਨ ਨਹੀਂ ਸੀ ਪ੍ਰੇਸ਼ਾਨ ਕਰਨ ਲਈ, ਇੱਕ ਗੁਰਦੁਆਰੇ ਦੇ ਸਪੀਕਰ ਤੋਂ ਬਿਨਾ। ਇਹ ਦਸਤੂਰ ਅਜਿਹਾ ਚਲਿਆ, ਜਿਸ ਲਈ ਬਹੁਤ ਬੇਨਤੀਆਂ ਕੀਤੀਆਂ ਕਿ ਥੋੜ੍ਹੀ ਆਵਾਜ਼ ਘੱਟ ਕਰ ਲਓ ਪਰ ਸਪੀਕਰ ਇੱਕ ਜ਼ਰੀਆ ਬਣਾਇਆ ਗਿਆ ਈਰਖਾ ਦੀ ਅੱਗ ਮੱਠੀ ਕਰਨ ਲਈ। ਫੇਰ ਆਵਾਜ਼ ਤੋਂ ਬਚਣ ਲਈ ਨਵਾਂ ਦਫਤਰ ਬਣਾਇਆ ਤਾਂ ਜਾ ਕੇ ਛੁਟਕਾਰਾ ਹੋਇਆ। ਉਦਾਹਰਣ ਦਿੱਤੀ ਜਾਣ ਲੱਗੀ ਕਿ ਵਿਆਹਾਂ ਵਿੱਚ ਡੀਜੇ ਲਗਦੇ ਨੇ, ਤੁਸੀਂ ਉਦੋਂ ਨਹੀਂ ਬੋਲਦੇ, ਚੰਗਾ ਕੰਮ ਕਿਉਂ ਰੋਕਦੇ ਹੋ? ਅਜਿਹੇ ਵਿਦਵਾਨ ਲੋਕਾਂ ਦੀ ਅੰਨ੍ਹੀ ਵਿਦਵਤਾ ਨੂੰ ਤੁਸੀਂ ਖੁਦ ਜਵਾਬ ਦੇਣਾ ਮੁਨਾਸਿਬ ਨਹੀਂ ਸਮਝੋਗੇ। ਇਹ ਪ੍ਰੇਸ਼ਾਨੀ ਮੇਰੇ ਲਈ ਤਾਂ ਖ਼ਤਮ ਹੋ ਗਈ ਪਰ ਈਰਖਾ ਨੇ ਸਪੀਕਰ ਇੱਕ ਦੀ ਥਾਂ ਦੋ ਕਰ ਦਿੱਤੇ।
ਪਰ ਅਜੇ ਵੀ ਮੇਰੇ ਦਫਤਰ ਦਾ ਮਾਹੌਲ ਪੜ੍ਹਨ ਲਈ ਬਹੁਤ ਵਧੀਆ ਹੈ। ਸ਼ਾਇਦ ਹਰ ਗਲ਼ੀ ਵਿੱਚ ਇੱਕ-ਇੱਕ ਸਪੀਕਰ ਲਾ ਕੇ ਕਿਸੇ ਨੂੰ ਪੜ੍ਹਨ ਤੋਂ ਰੋਕਿਆ ਜਾ ਸਕਦਾ ਹੈ, ਇਹ ਵਡਮੁੱਲੀ ਖੋਜ ਜ਼ਰੂਰ ਸਾਂਝੀ ਕਰਨਾ ਚਾਹਾਂਗਾ। ਭਵਿੱਖ ਵਿੱਚ ਆਉਣ ਵਾਲੀ ਪੀੜ੍ਹੀ ਵਿੱਚ ਕੋਈ ਵਿਦਵਾਨ ਬੰਦਾ ਪਿੰਡਾਂ ਦੇ ਇਹਨਾਂ ਵਿਦਵਾਨਾਂ ਦੀ ਫੌਜ ਨੂੰ ਸਮਝਾਉਣ ਵਿੱਚ ਸਫਲ ਹੋ ਸਕੇ ਤਾਂ ਪੂਰੇ ਸਮਾਜ ਨੂੰ ਅਹਿਸਾਨਮੰਦ ਹੋਣਾ ਚਾਹੀਦਾ ਹੈ। ਸਾਡੇ ਵਰਗੇ ਤੁੱਛ ਬੁੱਧੀ ਉਹਨਾਂ ਬੁੱਧੀਜੀਵੀਆਂ ਨੂੰ ਸਮਝਾ ਨਹੀਂ ਸਕੇ। ਐਨੇ ਤੂਫਾਨਾਂ ਵਿੱਚੋਂ ਗੁਜ਼ਰ ਕੇ ਇੱਥੋਂ ਤਕ ਪਹੁੰਚ ਗਿਆ ਹਾਂ ਕਿ ਅਕਸਰ ਇਹ ਦੋ ਸ਼ੇਅਰ ਮਨ ਦੇ ਅਕਾਸ਼ ਵਿੱਚ ਫੇਰੀਆਂ ਪਾਉਂਦੇ ਰਹਿੰਦੇ ਹਨ:
ਖੁਦੀ ਕੋ ਕਰ ਬੁਲੰਦ ਇਤਨਾ
ਕਿ ਹਰ ਤਕਦੀਰ ਸੇ ਪਹਿਲੇ
ਖੁਦਾ ਬੰਦੇ ਸੇ ਖੁਦ ਪੂਛੇ
ਬਤਾ ਤੇਰੀ ਰਜ਼ਾ ਕਿਆ ਹੈ?
**
ਲੋ ਹਮਨੇ ਫਿਰ ਸੇ ਬਨਾ ਲੀਆ ਹੈ ਆਸ਼ਿਆਨਾ,
ਯੇ ਬਾਤ ਜਾ ਕਰ ਫਿਰ ਕਿਸੀ ਤੂਫ਼ਾਨ ਸੇ ਕਹੋ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4615)
(ਸਰੋਕਾਰ ਨਾਲ ਸੰਪਰਕ ਲਈ: (