“ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਵਕੀਲ ਰਾਕੇਸ਼ ਕਿਸ਼ੋਰ ਨੇ ਕਿਸੇ ਦੇ ਇਸ਼ਾਰੇ ’ਤੇ ...”
(13 ਨਵੰਬਰ 2025)
ਅਕਸਰ ਕਿਹਾ ਜਾਂਦਾ ਹੈ ਕਿ ਆਜ਼ਾਦੀ ਤੋਂ ਬਾਅਦ ਦੇਸ਼ ਨੇ ਹਰ ਖੇਤਰ ਵਿੱਚ ਹੀ ਵਿਕਾਸ ਦੀਆਂ ਵੱਡੀਆਂ ਪਲਾਂਘਾਂ ਪੁੱਟੀਆਂ ਹਨ। ਬਾਹਰੀ ਵਿਕਾਸ ਤਾਂ ਜ਼ਰੂਰ ਹੋਇਆ ਹੈ, ਪਰ ਸਾਡੇ ਮਨਾਂ ਵਿੱਚ ਪਈਆਂ ਸਦੀਆਂ ਪੁਰਾਣੀਆਂ ਧਾਰਨਾਵਾਂ ਅਜੇ ਵੀ ਜਿਉਂ ਦੀਆਂ ਤਿਉਂ ਕਾਇਮ ਹਨ। ਸਿੱਖਿਆ, ਵਿਗਿਆਨ ਅਤੇ ਤਕਨਾਲੌਜੀ ਦੇ ਸਮਿਆਂ ਵਿੱਚ ਵੀ ਸਾਡੇ ਮਹਾਨ ਭਾਰਤ ਵਿੱਚ ਜਾਤ-ਪਾਤੀ ਪ੍ਰਬੰਧ ਦਾ ਘਿਨਾਉਣਾ ਵਰਤਾਰਾ ਅੱਜ ਵੀ ਦੇਸ਼ ਦੇ ਮੱਥੇ ’ਤੇ ਬਦਨੁਮਾ ਦਾਗ ਬਣਿਆ ਹੋਇਆ ਹੈ। ਇੱਕ ਵਾਰ ਫਿਰ ਮਨਾਂ ਨੂੰ ਵਲੂੰਧਰਨ ਵਾਲੀਆਂ ਘਿਨਾਉਣੀਆਂ ਘਟਨਾਵਾਂ ਨੇ ਹਰ ਸੰਵੇਦਨਸ਼ੀਲ ਬੰਦੇ ਨੂੰ ਕੰਬਣੀ ਛੇੜ ਦਿੱਤੀ ਹੈ। ਦੇਸ਼ ਦੀ ਸਰਵਉੱਚ ਅਦਾਲਤ ਦੇ ਚੀਫ ਜਸਟਿਸ ਮਾਨਯੋਗ ਬੀ. ਆਰ. ਗਵਈ ਨੂੰ ਅਦਾਲਤੀ ਕਾਰਵਾਈ ਦੌਰਾਨ ਹੀ ਇੱਕ ਵਕੀਲ ਵੱਲੋਂ, ਉਨ੍ਹਾਂ ਵਲ ਜੁੱਤੀ ਸੁੱਟਣ ਦੀ ਕੋਸ਼ਿਸ਼ ਕਰਕੇ ਬੇਇੱਜ਼ਤ ਕਰਨਾ ਅੰਤਾਂ ਦੀ ਘਿਨਾਉਣੀ ਘਟਨਾ ਹੈ। ਇਸ ਨਾਲ ਦੁਨੀਆਂ ਭਰ ਵਿੱਚ ਦੇਸ਼ ਦੇ ਅਕਸ ਨੂੰ ਵੀ ਗਹਿਰਾ ਧੱਕਾ ਲੱਗਾ ਹੈ। ਇਹ ਦੇਸ਼ ਵਿੱਚ ਲਗਾਤਾਰ ਫੈਲਾਈ ਜਾ ਰਹੀ ਫਿਰਕੂ ਨਫਰਤ, ਦਲਿਤਾਂ ਪ੍ਰਤੀ ਸੰਵੇਦਨਹੀਣਤਾ ਅਤੇ ਅਸਹਿਣਸ਼ੀਲਤਾ ਦਾ ਪ੍ਰਗਟਾਵਾ ਹੈ। ਅਨੁਮਾਨ ਲਾਇਆ ਜਾ ਸਕਦਾ ਹੈ ਕਿ ਜੇਕਰ ਇੰਨੇ ਉੱਚੇ ਅਹੁਦੇ ਉੱਤੇ ਬੈਠੇ ਸਨਮਾਨਯੋਗ ਮੁੱਖ ਜੱਜ ਪ੍ਰਤੀ ਇਸ ਤਰ੍ਹਾਂ ਦਾ ਵਿਵਹਾਰ ਕਰਨ ਦੀ ਕੋਈ ਜੁਰਅਤ ਕਰ ਸਕਦਾ ਹੈ ਤਾਂ ਬਾਕੀ ਸਧਾਰਨ ਲੋਕਾਂ ਨੂੰ ਕਿੰਨੇ ਦਰਦ ਸਹਿਣੇ ਪੈਂਦੇ ਹੋਣਗੇ।
ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਵਕੀਲ ਰਾਕੇਸ਼ ਕਿਸ਼ੋਰ ਨੇ ਕਿਸੇ ਦੇ ਇਸ਼ਾਰੇ ’ਤੇ ਇਹ ਘਿਨਾਉਣਾ ਕਦਮ ਚੁੱਕਿਆ ਹੋਵੇਗਾ। ਹੈਰਾਨੀਜਨਕ ਗੱਲ ਇਹ ਹੈ ਕਿ ਕਥਿਤ ਦੋਸ਼ੀ ਟੀ ਵੀ ਚੈਨਲਾਂ ’ਤੇ ਇਹ ਕਹਿ ਰਿਹਾ ਹੈ ਕਿ ਮੈਨੂੰ ਕੁਝ ਨਹੀਂ ਪਤਾ ਮੈਂ ਕੀ ਕੀਤਾ, ਇਹ ਤਾਂ ਭਗਵਾਨ ਨੇ ਹੀ ਮੇਰੇ ਕੋਲੋਂ ਕਰਵਾਇਆ ਹੈ। ਲਾਹਣਤ ਹੈ ਅਜਿਹੇ ਵਕੀਲ ਦੀ ਸੋਚ ਅਤੇ ਮਾਨਸਿਕਤਾ ਉੱਤੇ। ਦੂਜੇ ਪਾਸੇ ਮਾਨਯੋਗ ਜਸਟਿਸ ਗਵਈ, ਇਸ ਅਚਾਨਕ ਵਾਪਰੀ ਘਟਨਾ ਤੋਂ ਬਾਅਦ ਵੀ ਉਤੇਜਿਤ ਨਹੀਂ ਹੋਏ ਤੇ ਪੂਰੀ ਤਰ੍ਹਾਂ ਸ਼ਾਂਤ-ਚਿੱਤ ਰਹੇ। ਉਨ੍ਹਾਂ ਨੇ ਅਦਾਲਤੀ ਕਾਰਵਾਈ ਨੂੰ ਵੀ ਜਾਰੀ ਰੱਖਣ ਲਈ ਕਿਹਾ। ਇਹ ਗੱਲ ਉਨ੍ਹਾਂ ਦੇ ਉੱਚੇ-ਸੁੱਚੇ ਕਿਰਦਾਰ ਨੂੰ ਦਰਸਾਉਂਦੀ ਹੈ ਕਿ ਉਨ੍ਹਾਂ ਨੇ ਇੰਨੀ ਵੱਡੀ ਘਟਨਾ ਹੋਣ ਦੇ ਬਾਵਜੂਦ ਵੀ ਇੱਕ ਤਰ੍ਹਾਂ ਨਾਲ ਉਸ ਨੂੰ ਮੁਆਫ ਹੀ ਕਰ ਦਿੱਤਾ ਹੈ। ਕੀ ਸਰਕਾਰ ਜਾਂ ਸਥਾਨਿਕ ਪ੍ਰਸ਼ਾਸਨ ਦਾ ਕੋਈ ਫਰਜ਼ ਨਹੀਂ ਬਣਦਾ ਕਿ ਇੰਨੀ ਨਿਰਾਦਰ ਭਰੀ ਘਟਨਾ ਨੂੰ ਅੰਜਾਮ ਦੇਣ ਵਾਲੇ ਨੂੰ ਬਣਦੀ ਸਜ਼ਾ ਦਿੱਤੀ ਜਾਵੇ। ਇਸ ਤੋਂ ਵੀ ਮਾੜਾ ਪੱਖ ਇਹ ਹੈ ਕਿ ਅਜੇ ਵੀ ਗੋਦੀ ਮੀਡੀਆ ਇਸ ਘਟਨਾ ਦੇ ਦੋਸ਼ੀ ਨੂੰ ਚੈਨਲਾਂ ’ਤੇ ਹਾਈਲਾਈਟ ਕਰਕੇ ਇੱਕ ਤਰ੍ਹਾਂ ਨਾਲ ਨਿਆਂ ਵਿਵਸਥਾ ਦਾ ਨਿਰਾਦਰ ਕਰ ਰਿਹਾ ਹੈ।
ਹਾਲ ਹੀ ਵਿੱਚ ਵਾਪਰੀ ਦੂਜੀ ਘਟਨਾ ਇਸ ਤੋਂ ਵੀ ਵੱਧ ਹੌਲਨਾਕ ਹੈ। ਇਸ ਘਟਨਾ ਤੋਂ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈ ਕਿ ਕੋਈ ਦਲਿਤ ਵਿਅਕਤੀ, ਆਪਣੀ ਮਿਹਨਤ ਅਤੇ ਲਗਨ ਦੀ ਬਦੌਲਤ ਭਾਵੇਂ ਜਿੰਨੇ ਮਰਜ਼ੀ ਉੱਚੇ ਅਹੁਦੇ ਉੱਤੇ ਪਹੁੰਚ ਜਾਵੇ, ਪਰ ਅਖਾਉਤੀ ਉੱਚੀ-ਜਾਤ ਦੇ ਹੰਕਾਰੀ ਅਤੇ ਅਭਿਮਾਨੀ ਲੋਕ ਉਨ੍ਹਾਂ ਨਾਲ ਦੁਰਵਿਵਹਾਰ ਅਤੇ ਜਬਰ ਕਰਨ ਦਾ ਕੋਈ ਮੌਕਾ ਨਹੀਂ ਗਵਾਉਂਦੇ। ਹਰਿਆਣੇ ਦੇ ਸੀਨੀਅਰ ਆਈਪੀਐੱਸ ਅਧਿਕਾਰੀ ਵਾਈ ਪੂਰਨ ਕੁਮਾਰ ਦੀ ਖੁਦਕੁਸ਼ੀ ਨੇ ਹਰ ਸੰਵੇਦਨਸ਼ੀਲ ਮਨੁੱਖ ਨੂੰ ਸੁੰਨ ਕਰਕੇ ਰੱਖ ਦਿੱਤਾ ਹੈ। ਅੱਠ ਸਫਿਆਂ ਦੇ ਖੁਦਕੁਸ਼ੀ ਨੋਟ ਤੋਂ ਇਹ ਸਪਸ਼ਟ ਹੈ ਕਿ ਇਹ ਉੱਚ ਅਫਸਰ ਜਾਤੀ ਅਧਾਰਿਤ ਅਪਮਾਨ ਦਾ ਸ਼ਿਕਾਰ ਹੋਇਆ ਹੈ। ਇਸ ਘਟਨਾ ਨੇ ਸਾਡੇ ਸਿਸਟਮ ਦੇ ਅੰਦਰਲੀ ਗਲਾਜ਼ਤ ਨੂੰ ਸਪਸ਼ਟ ਰੂਪ ਵਿੱਚ ਸਾਹਮਣੇ ਲੈ ਆਂਦਾ ਹੈ। ਸ੍ਰੀ ਵਾਈ. ਪੂਰਨ ਕੁਮਾਰ ਦੀ ਪਤਨੀ ਸ਼੍ਰੀਮਤੀ ਅਮਨੀਤ ਪੀ. ਕੁਮਾਰ ਵੀ ਹਰਿਆਣੇ ਵਿੱਚ ਆਈਏਐੱਸ ਅਧਿਕਾਰੀ ਹੈ। ਸ਼੍ਰੀ ਪੂਰਨ ਕੁਮਾਰ ਪਿਛਲੇ ਪੰਜ ਸਾਲਾਂ ਤੋਂ ਜਾਤੀ ਅਧਾਰਿਤ ਨਿਰਾਦਰ ਅਤੇ ਵਿਤਕਰੇ ਸਹਿ ਰਿਹਾ ਸੀ। ਉਸ ਦੁਆਰਾ ਲਿਖੇ ਖੁਦਕੁਸ਼ੀ ਨੋਟ ਤੋਂ ਪਤਾ ਲਗਦਾ ਹੈ ਕਿ ਉਸਨੇ ਆਪਣੇ ਉੱਚ ਅਫਸਰਾਂ ਨੂੰ ਇਨ੍ਹਾਂ ਤਾਹਨਿਆਂ-ਮਿਹਣਿਆਂ ਅਤੇ ਵਿਤਕਰਿਆਂ ਦੇ ਖਿਲਾਫ ਅਨੇਕਾਂ ਵਾਰ ਬੇਨਤੀਆਂ ਕੀਤੀਆਂ। ਪਰ ਉਸਦੀ ਕਿਸੇ ਨੇ ਨਹੀਂ ਸੁਣੀ, ਸਗੋਂ ਉਸ ਨੂੰ ਹਰ ਵਾਰ ਬੇਇੱਜ਼ਤ ਕੀਤਾ ਗਿਆ। ਉਸਦੀ ਯੋਗਤਾ ਨੂੰ ਦਰਕਿਨਾਰ ਕਰਕੇ ਉਸ ਨੂੰ ਘੱਟ ਮਹੱਤਤਾ ਵਾਲੇ ਵਿਭਾਗਾਂ ਵਿੱਚ ਲਾ ਕੇ ਮਾਨਸਿਕ ਰੂਪ ਵਿੱਚ ਪ੍ਰੇਸ਼ਾਨ ਕੀਤਾ ਗਿਆ। ਉਸਨੇ ਖੁਦਕੁਸ਼ੀ ਨੋਟ ਵਿੱਚ ਉਨ੍ਹਾਂ ਪੰਦਰ੍ਹਾਂ ਆਈਏਐੱਸ ਤੇ ਆਈਪੀਐੱਸ ਅਧਿਕਾਰੀਆਂ ਦੇ ਬਕਾਇਦਾ ਨਾਂ ਲਿਖੇ ਹਨ, ਜਿਨ੍ਹਾਂ ਨੇ ਉਸ ਨੂੰ ਜਾਤ ਦੇ ਆਧਾਰ ’ਤੇ ਮਾਨਸਿਕ ਰੂਪ ਵਿੱਚ ਇੰਨਾ ਪੀੜਿਤ ਕਰ ਦਿੱਤਾ ਹੈ ਕਿ ਉਹ ਬੇਵੱਸ ਅਤੇ ਲਾਚਾਰ ਹੋ ਗਿਆ।
ਬਰਦਾਸ਼ਤ ਕਰਨ ਦੀ ਵੀ ਕੋਈ ਸੀਮਾ ਹੁੰਦੀ ਹੈ, ਕੋਈ ਕਿੰਨਾ ਕੁ ਸਹਿ ਸਕਦਾ ਹੈ। ਇਨ੍ਹਾਂ ਮੰਦਭਾਗੀਆਂ ਸਥਿਤੀਆਂ ਵਿੱਚ ਹੀ ਉਸਦਾ ਸਬਰ ਜਵਾਬ ਦੇ ਗਿਆ ਤੇ ਉਸਨੇ ਮੌਤ ਨੂੰ ਗਲੇ ਲਾ ਲਿਆ। ਹੁਣ ਕੇਸ ਵੀ ਦਰਜ ਹੁੰਦੇ ਰਹਿਣਗੇ, ਰੌਲਾ-ਰੱਪਾ ਵੀ ਪੈਂਦਾ ਰਹੇਗਾ। ਪਰ ਉਸਦੇ ਬੱਚਿਆਂ, ਪਤਨੀ ਅਤੇ ਪਰਿਵਾਰ ਲਈ ਸਾਰਾ ਜਹਾਨ ਹੀ ਉੱਜੜ ਗਿਆ ਹੈ। ਸਿਆਸੀ ਨੇਤਾ ਆਪਣੀਆਂ ਸਿਆਸੀ ਗਿਣਤੀਆਂ-ਮਿਣਤੀਆਂ ਵਿੱਚ ਉਲਝੇ ਕਈ ਰੰਗ ਦਿਖਾਉਣਗੇ। ਇੰਨਾ ਸੰਵੇਦਨਸ਼ੀਲ ਮੁੱਦਾ ਹੋਣ ਦੇ ਬਾਵਜੂਦ ਅਜੇ ਤਕ ਡੀਜੀਪੀ ਸ਼ਤਰੂਜੀਤ ਕਪੂਰ ਨੂੰ ਅਹੁਦੇ ਤੋਂ ਹਟਾਇਆ ਨਹੀਂ ਗਿਆ। ਸਰਕਾਰ ਕਿਸੇ ਦੋਸ਼ੀ ਨੂੰ ਬਚਾਉਣ ਲਈ ਕਿਉਂ ਬਜ਼ਿੱਦ ਹੈ? ਪਹਿਲਾਂ ਵੀ ਇਸ ਤਰ੍ਹਾਂ ਅਕਸਰ ਵਾਪਰਦਾ ਰਿਹਾ ਹੈ ਕਿ ਰਾਜਨੀਤਕ ਪਾਰਟੀਆਂ ਦੋਸ਼ੀਆਂ ਨੂੰ ਬਚਾਉਣ ਲਈ ਹਰ ਹੀਲਾ ਵਰਤਦੀਆਂ ਰਹੀਆਂ ਹਨ।
ਉਂਜ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਦੇਸ਼ ਵਿੱਚ ਹਰ ਰੋਜ਼ ਹੀ ਅਜਿਹੀਆਂ ਦਰਦਨਾਕ ਅਤੇ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਹ ਸ਼ਰਮਨਾਕ ਗੱਲ ਹੈ ਕਿ ਉੱਚ ਪ੍ਰਸ਼ਾਸਨਿਕ ਅਹੁਦਿਆਂ ’ਤੇ ਬੈਠੇ ਲੋਕ ਅਜੋਕੇ ਗਿਆਨ-ਵਿਗਿਆਨ ਦੇ ਸਮਿਆਂ ਵਿੱਚ ਵੀ ਜਾਤ ਦੇ ਕੋਹੜ ਦੀ ਮਾਨਸਿਕਤਾ ਦਾ ਸ਼ਿਕਾਰ ਹਨ। ਕਈ ਸਾਲ ਪਹਿਲਾਂ ਚੰਗਾਲੀਵਾਲਾ ਪਿੰਡ ਦਾ ਨੌਜਵਾਨ ਜਗਮੇਲ ਸਿੰਘ ਵੀ ਇਸ ਤਰ੍ਹਾਂ ਦੇ ਜਾਤ-ਪਾਤੀ ਅਪਮਾਨ ਦਾ ਸ਼ਿਕਾਰ ਹੋ ਕੇ ਤੁਰ ਗਿਆ ਸੀ। ਉੱਚ ਜਾਤੀ ਦੇ ਹੰਕਾਰ ਵਿੱਚ ਗ੍ਰਸੇ, ਸਮਾਜਿਕ ਤੌਰ ’ਤੇ ਰਸੂਖਵਾਨ ਧਿਰ ਅਤੇ ਸਿਆਸੀ ਪੁਸ਼ਤਪਨਾਹੀ ਦੀ ਸ਼ਹਿ ’ਤੇ ਜ਼ਾਲਮ ਹੱਥਾਂ ਨੇ ਜਗਮੇਲ ਨੂੰ ਅਜਿਹੀ ਮੌਤ ਦਿੱਤੀ, ਜੋ ਹਰ ਪੜ੍ਹਨ ਸੁਣਨ ਵਾਲੇ ਦੇ ਕਾਲਜੇ ਵਿੱਚ ਛੇਕ ਕਰਦੀ ਹੈ। ਮਨੁੱਖੀ ਭਾਵਨਾਵਾਂ ਤੋਂ ਹੀਣੇ ਵਹਿਸ਼ੀ ਦਰਿੰਦਿਆਂ ਨੇ ਉਸ ਨੂੰ ਇੱਕ ਥਮਲੇ ਨਾਲ ਬੰਨ੍ਹ ਕੇ ਕੁੱਟਿਆ ਮਾਰਿਆ, ਲੋਹੇ ਦੀਆਂ ਰਾਡਾਂ ਨਾਲ ਉਸਦੀ ਲੱਤਾਂ ਤੋੜੀਆਂ, ਉਸਦੇ ਜ਼ਖਮਾਂ ਨੂੰ ਨੋਚਿਆ। ਜ਼ੁਲਮ ਦੀ ਇੰਤਹਾ ਤਾਂ ਉਦੋਂ ਹੋ ਗਈ ਜਦੋਂ ਜਗਮੇਲ ਵੱਲੋਂ ਪਾਣੀ ਮੰਗਣ ’ਤੇ ਉਸ ਨੂੰ ਪਿਸ਼ਾਬ ਪੀਣ ਲਈ ਮਜਬੂਰ ਕੀਤਾ ਗਿਆ। ਅਜਿਹੀ ਹਾਲਤ ਵਿੱਚ ਉਹ ਜ਼ਿੰਦਗੀ ਮੌਤ ਵਿਚਕਾਰ ਲਟਕਦਾ ਤੜਫਦਾ ਰਿਹਾ। ਆਖਰ ਜਗਮੇਲ ਦਮ ਤੋੜ ਗਿਆ ਤੇ ਪਿੱਛੇ ਛੱਡ ਗਿਆ ਹੈ, ਸਾਡੇ ਮਨਾਂ ਵਿੱਚ ਲਗਾਤਾਰ ਗੂੜ੍ਹੀ ਹੋ ਰਹੀ ਜਾਤੀਵਾਦ ਦੀ ਮਾਨਸਿਕਤਾ ਦਾ ਘਿਨਾਉਣਾ ਸੱਚ।
ਅਜਿਹੀ ਹੀ ਇੱਕ ਘਿਨਾਉਣੀ ਘਟਨਾ ਇਨ੍ਹਾਂ ਦਿਨਾਂ ਵਿੱਚ ਹਿਮਾਚਲ ਵਿੱਚ ਵੀ ਵਾਪਰੀ ਹੈ, ਜਿੱਥੇ ਇੱਕ ਬਾਰਾਂ ਸਾਲਾਂ ਦੇ ਮਸੂਮ ਬੱਚੇ ਨੂੰ ਆਪਣੀ ਜਾਨ ਗੁਆਉਣ ਲਈ ਮਜਬੂਰ ਹੋਣਾ ਪਿਆ। ਉੱਚ-ਜਾਤੀ ਦੇ ਹੰਕਾਰ ਨਾਲ ਭਰੀ ਇੱਕ ਔਰਤ ਨੇ ਬੱਚੇ ’ਤੇ ਇਹ ਦੋਸ਼ ਲਾਇਆਂ ਕਿ ਇਸਨੇ ਮੇਰਾ ਘਰ ‘ਭਿੱਟ’ ਦਿੱਤਾ ਹੈ। ਇਸ ਮਸੂਮ ਦੀ ਕੁੱਟ-ਮਾਰ ਵੀ ਕੀਤੀ ਗਈ ਤੇ ਉਸ ਨੂੰ ਡੰਗਰਾਂ ਦੇ ਵਾੜੇ ਵਿੱਚ ਬੰਦ ਵੀ ਕੀਤਾ ਗਿਆ। ਘਰ ਨੂੰ ਪਵਿੱਤਰ ਕਰਨ ਲਈ ਬੱਚੇ ਦੇ ਮਾਪਿਆਂ ਤੋਂ ਬੱਕਰੀ ਦੀ ਮੰਗ ਕੀਤੀ ਗਈ ਤਾਂ ਕਿ ਉਸਦੀ ਬਲੀ ਦਿੱਤੀ ਜਾ ਸਕੇ। ਪਰ ਮਸੂਮ ਬੱਚੇ ਨੇ ਆਪਣੇ ਮਾਪਿਆਂ ਦੀ ਗਰੀਬੀ ਕਾਰਨ, ਅਪਮਾਨ ਸਹਿਣ ਨਾਂ ਕਰਦਿਆਂ ਜ਼ਹਿਰ ਖਾ ਕੇ ਆਪਣੀ ਜੀਵਨ-ਲੀਲਾ ਖਤਮ ਕਰ ਲਈ। ਭਾਰਤ ਦੇ ਅਨੇਕਾਂ ਹਿੱਸਿਆਂ ਵਿੱਚ ਜਾਤ ਦੇ ਹੰਕਾਰੀ ਲੋਕਾਂ ਵੱਲੋਂ ਦਲਿਤਾਂ ਦਾ ਜਿਊਣਾ ਹੀ ਦੁੱਭਰ ਕੀਤਾ ਹੋਇਆ ਹੈ। ਕਦੇ ਖਬਰ ਆਉਂਦੀ ਹੈ ਕਿ ਦਲਿਤ ਲਾੜੇ ਨੂੰ ਉੱਚੀ ਜਾਤ ਦੇ ਅਭਿਮਾਨੀਆਂ ਨੇ ਘੋੜੀ ਚੜ੍ਹਨ ਕਾਰਨ ਕੁੱਟਮਾਰ ਕੀਤੀ।
ਇਹ ਵਰਤਾਰਾ ਇੰਨੀ ਘਿਨਾਉਣੀ ਹੱਦ ਤਕ ਵਧ ਗਿਆ ਹੈ ਕਿ ਨਿੱਤ ਦਿਨ ਕਿਸੇ ਨਾਂ ਕਿਸੇ ਪੱਧਰ ’ਤੇ ਦਲਿਤਾਂ ਨੂੰ ਅੱਤਿਆਚਾਰ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਗੁਰਾਂ ਦੇ ਨਾਂ ’ਤੇ ਵਸਦੇ ਪੰਜਾਬ ਵਿੱਚ ਅਜਿਹੇ ਗੁਨਾਹਾਂ ਦਾ ਵਾਪਰਨਾ ਹੋਰ ਵੀ ਦੁਖਦਾਈ ਹੈ। ਇਹ ਤਾਂ ਗੁਰੂ ਦੀ ਸਿੱਖਿਆ ਦੀ ਬੇਅਦਬੀ ਹੈ। ਪੰਜਾਬ ਵਿੱਚ ਵੀ ਜਾਤੀ ਅਭਿਮਾਨ ਨਾਲ ਜੁੜੇ ਮਾਮਲੇ ਵਾਪਰਨੇ ਗੁਰੂ ਸਾਹਿਬਾਨ ਦੇ ਸਾਂਝੀਵਾਲਤਾ ਦੇ ਉਪਦੇਸ਼ਾਂ ਦੀ ਘੋਰ ਉਲੰਘਣਾ ਹੈ। ਅਕਾਲੀ ਭਾਜਪਾ ਸਰਕਾਰ ਸਮੇਂ ਵੀ ਭੀਮ ਟਾਂਕ ਕਤਲ ਕਾਂਡ ਵਰਗੀ ਘਿਨਾਉਣੀ ਘਟਨਾ ਵਾਪਰ ਚੁੱਕੀ ਹੈ। ਮਾਰ ਕੁੱਟ ਕਰਨਾ, ਬੇਇੱਜ਼ਤ ਕਰਨਾ, ਉੱਚ ਜਾਤੀ ਦੀ ਹਉਮੈਂ ਦਾ ਪ੍ਰਗਟਾਵਾ ਕਰਦਿਆਂ ਜਾਤੀ-ਸੂਚਕ ਸ਼ਬਦ ਬੋਲ ਕੇ ਜ਼ਲੀਲ ਕਰਨਾ, ਸਿਆਸੀ ਬਦਲਾਖੋਰੀ ਕਾਰਨ ਬੇਇੱਜ਼ਤ ਕਰਨਾ ਆਦਿ ਘਟਨਾਵਾਂ ਤਾਂ ਨਿੱਤ ਦਾ ਹੀ ਵਰਤਾਰਾ ਹਨ। ਲੋਕਤੰਤਰੀ ਪ੍ਰਬੰਧ ਵਿੱਚ ਅਜਿਹੀਆਂ ਹਿਰਦੇਵੇਧਕ ਘਟਨਾਵਾਂ ਦਾ ਵਾਪਰਨਾ ਬੇਹੱਦ ਨਿੰਦਣਯੋਗ ਹੈ।
ਇੱਕੀਵੀਂ ਸਦੀ ਵਿੱਚ ਪਹੁੰਚ ਕੇ ਵੀ ਜੇ ਸਾਡੇ ਸਮਾਜ ਦੀ ਸੋਚ ਅਤੇ ਵਿਹਾਰ ਵਿੱਚ ਜਾਤੀ-ਪ੍ਰਥਾ ਜਾਰੀ ਹੈ ਤਾਂ ਇਸ ਤੋਂ ਘਿਨਾਉਣੀ ਗੱਲ ਕੀ ਹੋ ਸਕਦੀ ਹੈ। ਅਸੀਂ ਆਪਣੇ ਆਧੁਨਿਕ ਹੋ ਜਾਣ ਦਾ ਬਹੁਤ ਦਮ ਭਰਦੇ ਹਾਂ ਪਰ ਸਾਡੀ ਸੋਚ ਅੱਜ ਵੀ ਪੰਦਰਵੀਂ ਸਦੀ ਵਾਲੀ ਹੈ। ਮਾਨਸਿਕਤਾ ਬਦਲੇ ਬਿਨਾਂ ਕੁਝ ਨਹੀਂ ਕੀਤਾ ਜਾ ਸਕਦਾ। ਕਿਸੇ ਮਨੁੱਖ ਦਾ ਜਾਤੀ ਦੇ ਆਧਾਰ ’ਤੇ ਕਿਸੇ ਦੂਜੇ ਮਨੁੱਖ ਨੂੰ ਨਫਰਤ ਕਰਨਾ ਅਣਮਨੁੱਖੀ ਵਰਤਾਰਾ ਹੈ। ਵਿਕਾਸ ਦੀਆਂ ਟਾਹਰਾਂ ਮਾਰਨ ਵਾਲਿਆਂ ਨੂੰ ਵੀ ਇਹ ਗੱਲ ਸਮਝਣ ਦੀ ਲੋੜ ਹੈ ਕਿ ਜੇ ਅੱਜ ਵੀ ਸੰਵਿਧਾਨ ਦੀ ਮੂਲ ਭਾਵਨਾ ਦੇ ਵਿਰੁੱਧ ਅਜਿਹਾ ਵਾਪਰ ਰਿਹਾ ਹੈ ਤਾਂ ਇਸ ਲਈ ਪੂਰੀ ਤਰ੍ਹਾਂ ਸਿਆਸੀ ਸੱਤਾ ’ਤੇ ਕਾਬਜ਼ ਰਹੀਆਂ ਪਾਰਟੀਆਂ ਜ਼ਿੰਮੇਵਾਰ ਹਨ। ਸਿਆਸੀ ਪਾਰਟੀਆਂ ਦਲਿਤਾਂ ਨੂੰ ਕੇਵਲ ਵੋਟ ਬੈਕ ਸਮਝ ਕੇ ਹੀ ਨਾ ਵਿਵਹਾਰ ਕਰਨ, ਸਗੋਂ ਉਨ੍ਹਾਂ ਨੂੰ ਸਨਮਾਨਯੋਗ ਜ਼ਿੰਦਗੀ ਜਿਊਣ ਲਈ ਵਾਤਾਵਰਣ ਸਿਰਜਣ ਦੇ ਯਤਨ ਕਰਨ। ਜਾਤੀਵਾਦ ਦਾ ਦਰਦ ਮਜਬੂਰ ਲੋਕਾਂ ਲਈ ਇੱਕ ਨਾਸੂਰ ਦੀ ਤਰ੍ਹਾਂ ਹੈ, ਜਿਹੜਾ ਹਮੇਸ਼ਾ ਉਨ੍ਹਾਂ ਨੂੰ ਪੀੜਿਤ ਕਰਦਾ ਰਹਿੰਦਾ ਹੈ। ਪੰਜਾਬੀ ਸ਼ਾਇਰ ਸੁਖਮਿੰਦਰ ਰਾਮਪੁਰੀ ਦੇ ਇੱਕ ਗੀਤ ਦੀਆਂ ਸਤਰਾਂ ਇਸ ਦਰਦ ਨੂੰ ਬਾਖੂਬੀ ਬਿਆਨ ਕਰਦੀਆਂ ਹਨ-
“ਇਨ੍ਹਾਂ ਜ਼ਖਮਾਂ ਦਾ ਕੀ ਕਹਿਣਾ, ਜਿਨ੍ਹਾਂ ਰੋਜ਼ ਹਰੇ ਰਹਿਣਾ।”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (