“ਮਾਸੂਮ ਬੱਚਿਆਂ ਤੋਂ ਮੁੱਢਲੇ ਸਾਲਾਂ ਵਿਚ ਹੀ ਮਾਂ-ਬੋਲੀ ਦਾ ਹੱਕ ਖੋਹ ਕੇ, ਉਨ੍ਹਾਂ ਨੂੰ ਅੰਗਰੇਜ਼ੀ ਦੀ ਗੁਲਾਮੀ ਦੇ ਲੜ ...”
(23 ਫਰਬਰੀ 2018)
ਕੌਮਾਂਤਰੀ ਮਾਂ ਬੋਲੀ ਦਿਵਸ ’ਤੇ ਵਿਸ਼ੇਸ਼
ਮਾਂ ਬੋਲੀ ਕਿਸੇ ਵੀ ਖਿੱਤੇ ਵਿਚ ਵਸੇ ਲੋਕਾਂ ਦੀ ਪਛਾਣ ਦਾ ਮਹੱਤਵਪੂਰਨ ਚਿੰਨ੍ਹ ਹੁੰਦੀ ਹੈ। ਜਿਵੇਂ ਕੋਈ ਵੀ ਮਾਂ ਦੀ ਮਮਤਾ ਦਾ ਕਰਜ਼ ਨਹੀਂ ਉਤਾਰ ਸਕਦਾ, ਬਿਲਕੁਲ ਉਸੇ ਤਰ੍ਹਾਂ ਹੀ ਮਾਂ ਦੇ ਦੁੱਧ ਤੋਂ ਮਿਲੀ ਮਾਖਿਓਂ ਮਿੱਠੀ ਮਾਂ-ਬੋਲੀ ਨੂੰ ਵਿਸਾਰਨਾ ਵੀ ਆਪਣੀ ਮਾਂ ਦਾ ਨਿਰਾਦਰ ਕਰਨ ਦੇ ਤੁੱਲ ਹੈ। ਮਾਂ-ਬੋਲੀ ਕੇਵਲ ਵਿਚਾਰਾਂ ਦੇ ਪ੍ਰਗਟਾਵੇ ਦਾ ਮਾਧਿਅਮ ਹੀ ਨਹੀਂ ਹੁੰਦੀ, ਸਗੋਂ ਜ਼ਿੰਦਗੀ ਨਾਲ ਜੁੜੇ ਹਰ ਸਰੋਕਾਰ ਅਤੇ ਜੀਵਨ-ਜਾਚ ਦਾ ਜੀਵੰਤ ਪ੍ਰਗਟਾਵਾ ਹੁੰਦੀ ਹੈ। ਮਨੁੱਖੀ ਮਨ ਦੇ ਸਾਰੇ ਅਹਿਸਾਸਾਂ ਨੂੰ ਜਿਸ ਸ਼ਿੱਦਤ ਨਾਲ ਮਾਂ-ਬੋਲੀ ਰਾਹੀਂ ਪ੍ਰਗਟਾਇਆ ਜਾ ਸਕਦਾ ਹੈ, ਉਹ ਕਿਸੇ ਹੋਰ ਭਾਸ਼ਾ ਨਾਲ ਸੰਭਵ ਹੀ ਨਹੀਂ। ਸੋਚਾਂ, ਵਿਚਾਰਾਂ ਤੇ ਸੁਪਨਿਆਂ ਬਾਰੇ ਸ਼ਾਇਦ ਮਾਂ-ਬੋਲੀ ਤੋਂ ਬਿਨਾਂ ਹੋਰ ਕਿਸੇ ਭਾਸ਼ਾ ਦੇ ਮਾਧਿਅਮ ਰਾਹੀਂ ਸੋਚਿਆ ਵੀ ਨਹੀਂ ਜਾ ਸਕਦਾ। ਕਿਸੇ ਵੀ ਸਭਿਆਚਾਰ ਦੇ ਸਾਹਾਂ ਵਿਚ ਵਸਦੀ ਮਾਂ-ਬੋਲੀ ਨੂੰ ਉਸ ਤੋਂ ਨਿਖੇੜ ਕੇ ਕਦੇ ਵੀ ਨਹੀਂ ਦੇਖਿਆ ਜਾ ਸਕਦਾ। ਮਾਂ-ਬੋਲੀ ਸਭਿਆਚਾਰ ਦੀ ਜਿੰਦਜਾਨ ਹੁੰਦੀ ਹੈ। ਜੇ ਮਾਂ-ਬੋਲੀ ਲੋਕਾਂ ਦੇ ਹਿਰਦਿਆਂ ਵਿਚ ਵਸੀ ਹੋਵੇ ਤਾਂ ਨਾਂ ਬੋਲੀ ਨੂੰ ਕੋਈ ਖਤਰਾ ਹੰਦਾ ਹੈ ਤੇ ਨਾਂ ਹੀ ਸਭਿਆਚਾਰ ਦੇ ਮੁੱਲਵਾਨ ਆਦਰਸ਼ਾਂ ਦੇ ਖੁਰਨ ਦਾ ਕੋਈ ਖ਼ਦਸ਼ਾ ਹੁੰਦਾ ਹੈ। ਮਾਂ ਬੋਲੀਆਂ ਨੂੰ ਮਾਨਤਾ ਦੇਣ ਲਈ ਅਤੇ ਪੂਰੀ ਦੁਨੀਆਂ ਵਿਚ ਭਾਸ਼ਾਈ ਵੰਨਸੁਵੰਨਤਾ ਨੂੰ ਬਰਕਰਾਰ ਰੱਖਣ ਦੇ ਮਕਸਦ ਨਾਲ ਹੀ ਯੁਨੈਸਕੋ ਨੇ 17 ਨਵੰਬਰ 1999 ਨੂੰ 21 ਫਰਵਰੀ ਦੇ ਦਿਨ ਨੂੰ ‘ਕੌਮਾਂਤਰੀ ਮਾਂ ਬੋਲੀ ਦਿਵਸ’ ਵਜੋਂ ਮਾਨਤਾ ਦਿੱਤੀ ਹੋਈ ਹੈ। ਇਸ ਦਿਨ ਦਾ ਪਿਛੋਕੜ ਇਹ ਹੈ ਕਿ ਆਪਣੀ ਮਾਂ ਬੋਲੀ ਬੰਗਲਾ ਨੂੰ ਹੱਕੀ ਸਥਾਨ ਦਿਵਾਉਣ ਲਈ ਲੋਕ ਬਹੁਤ ਵੱਡੀ ਪੱਧਰ ’ਤੇ ਮੁਜ਼ਾਹਰੇ ਕਰ ਰਹੇ ਸਨ। ਇਸ ਦੌਰਾਨ ਹੀ ਪੁਲੀਸ ਦੀਆਂ ਗੋਲੀਆਂ ਨਾਲ ਢਾਕਾ ਯੂਨੀਵਰਸਿਟੀ ਦੇ ਤਿੰਨ ਵਿਦਿਆਰਥੀਆਂ ਸਮੇਤ ਕਈ ਲੋਕ ਮਾਰੇ ਗਏ ਤੇ ਅਨੇਕਾਂ ਜ਼ਖਮੀ ਹੋ ਗਏ। ਪਾਕਿਸਤਾਨ ਤੋਂ ਵੱਖ ਹੋ ਕੇ 1971 ਵਿਚ ‘ਬੰਗਲਾ ਦੇਸ਼’ ਬਣਨ ਤੋਂ ਬਾਅਦ ਬੰਗਲਾ ਨੂੰ ਰਾਸ਼ਟਰ ਭਾਸ਼ਾ ਐਲਾਨਿਆ ਗਿਆ। ਮਾਂ ਬੋਲੀ ਲਈ ਸ਼ਹੀਦ ਹੋਏ ਆਪਣੇ ਨੌਜਵਾਨਾਂ ਦੀ ਯਾਦ ਨੂੰ ਸਦੀਵੀ ਬਣਾਈ ਰੱਖਣ ਲਈ, ਬੰਗਲਾਦੇਸ਼ ਨੇ 28 ਹੋਰ ਦੇਸ਼ਾਂ ਦੇ ਸਹਿਯੋਗ ਨਾਲ ਯੁਨੈਸਕੋ ਵਿਚ ਇਹ ਮਤਾ ਪੇਸ਼ ਕੀਤਾ ਕਿ 21 ਫਰਵਰੀ ਦੇ ਦਿਨ ਨੂੰ ‘ਕੌਮਾਂਤਰੀ ਮਾਂ ਬੋਲੀ ਦਿਵਸ’ ਵਜੋਂ ਮਨਾਇਆ ਜਾਵੇ। ਇਸ ਤਰ੍ਹਾਂ ਬਹੁਤ ਸਾਰੇ ਦੇਸ਼ਾਂ ਵਿਚ ਆਪਣੀਆਂ ਮਾਂ ਬੋਲੀਆਂ ਨੂੰ ਪਿਆਰ ਕਰਨ ਵਾਲੇ ਲੋਕ ਇਸ ਦਿਨ ਨੂੰ ਮਨਾ ਕੇ ਮਾਂ ਬੋਲੀ ਦੀ ਬਿਹਤਰੀ ਲਈ ਯਤਨਸ਼ੀਲ ਹੁੰਦੇ ਹਨ।
ਰਸੂਲ ਹਮਜ਼ਾਤੋਵ ਦਾ ਕਥਨ ਹੈ, ਜਿਹੜਾ ਆਦਮੀ ਆਪਣੀ ਮਾਂ-ਬੋਲੀ ਦਾ ਸਤਿਕਾਰ ਨਹੀਂ ਕਰਦਾ, ਉਹ ਸਾਰੀ ਇੱਜ਼ਤ ਗੁਆ ਬੈਠਦਾ ਹੈ।’ ਪੰਜਾਬ ’ਤੇ ਇਹ ਕਥਨ ਬਿਲਕੁਲ ਢੁੱਕਦਾ ਹੈ। ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਪੰਜ ਪਾਣੀਆਂ ਦੀ ਬੋਲੀ ਪੰਜਾਬੀ ਨੂੰ ਆਪਣੇ ਹੀ ਖਿੱਤੇ ਵਿਚ ਰੁਲਣਾ ਪੈ ਰਿਹਾ ਹੈ। 1967 ਵਿਚ ਰਾਜ-ਭਾਸ਼ਾ ਦਾ ਰੁਤਬਾ ਪ੍ਰਾਪਤ ਕਰਨ ਦੇ ਬਾਵਜੂਦ ਮਾਂ-ਬੋਲੀ ਪੰਜਾਬੀ ਇਸ ਧਰਤੀ ਦੀ ਪਟਰਾਣੀ ਬਣਨ ਦੀ ਥਾਂ ਹੁਣ ਤੱਕ ਗੋਲੀ ਹੀ ਬਣੀ ਰਹੀ ਹੈ। ਅੱਜ ਵੀ ਲੇਖਕਾਂ, ਸਹਿਤਕਾਰਾਂ ਤੇ ਪੰਜਾਬੀ ਪ੍ਰੇਮੀਆਂ ਨੂੰ ਮਾਂ-ਬੋਲੀ ਨੂੰ ਹੱਕੀ ਸਥਾਨ ਦਵਾਉਣ ਲਈ ਧਰਨੇ, ਮੁਜ਼ਾਹਰੇ ਤੇ ਰੈਲੀਆਂ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸਮੇਂ ਦੇ ਬੀਤਣ ਨਾਲ ਮਾਤ-ਭਾਸ਼ਾ ਪੰਜਾਬੀ ਦੀ ਸਥਿਤੀ ਵਿਚ ਕੁਝ ਹਾਂ-ਪੱਖੀ ਰੁਝਾਨ ਆਉਣ ਦੀ ਥਾਂ, ਹਾਲਾਤ ਨਿੱਘਰਦੇ ਜਾ ਰਹੇ ਹਨ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਮੁਦਈ ਕਹਾਉਣ ਵਾਲਿਆਂ ਨੇ ਭਾਸ਼ਾ ਮਾਹਿਰਾਂ ਦੀ ਰਾਏ ਦੇ ਉਲਟ ਜਾ ਕੇ, ਸਰਕਾਰੀ ਸਕੂਲਾਂ ਵਿਚ ਪਹਿਲੀ ਜਮਾਤ ਤੋਂ ਅੰਗਰੇਜ਼ੀ ਠੋਸ ਕੇ ਪੰਜਾਬੀ ਦੇ ਰਾਹ ਵਿਚ ਕੰਡੇ ਬੀਜਣ ਦਾ ਕੰਮ ਕੀਤਾ। ਸਰਕਾਰੀ ਦਫਤਰਾਂ ਵਿਚ ਅੱਜ ਵੀ ਬਹੁਤਾ ਕੰਮ ਅੰਗਰੇਜ਼ੀ ਵਿਚ ਹੀ ਹੁੰਦਾ ਹੈ। ਰਾਜ ਭਾਸ਼ਾ ਆਰਡੀਨੈਂਸ ਦੇ ਬਾਵਜੂਦ ਅਫਸਰਸ਼ਾਹੀ ਅੰਗਰੇਜ਼ੀ ਦੀ ਗੁਲਾਮ ਜ਼ਹਿਨੀਅਤ ਦਾ ਤਿਆਗ ਕਰਨ ਲਈ ਤਿਆਰ ਨਹੀਂ।
ਅਸਲ ਕਹਾਣੀ ਇਹ ਹੈ ਕਿ ਜੇ ਪੰਜਾਬ ਦੀ ਹਕੂਮਤ ਚਲਾਉਣ ਵਾਲਿਆਂ ਦੇ ਮਨ ਵਿਚ ਹੀ ਮਾਂ ਬੋਲੀ ਪੰਜਾਬੀ ਪ੍ਰਤੀ ਸਤਿਕਾਰ ਤੇ ਸੁਹਿਰਦਤਾ ਦੀ ਭਾਵਨਾ ਨਹੀਂ ਹੈ ਤਾਂ ਕਿਸ ਨੂੰ ਦੋਸ਼ ਦਿੱਤਾ ਜਾਵੇ। ਪੰਜਾਬ ਦੀ ਨਵੀਂ ਬਣੀ ਸਰਕਾਰ ਦੇ ਮੁੱਖ ਮੰਤਰੀ ਸਮੇਤ ਬਹੁਤੇ ਮੰਤਰੀਆਂ ਵਲੋਂ ਅੰਗਰੇਜ਼ੀ ਵਿਚ ਸੌਂਹ ਚੁੱਕਣ ਤੋਂ ਹੀ ਇਹ ਗੱਲ ਸਪੱਸ਼ਟ ਹੋ ਗਈ ਸੀ ਕਿ ਪੰਜਾਬੀ ਮਾਂ-ਬੋਲੀ ਪ੍ਰਤੀ ਇਨ੍ਹਾਂ ਦਾ ਰਵਈਆ ਕੀ ਹੈ। ਹੈਰਾਨੀਜਨਕ ਵਰਤਾਰਾ ਹੈ ਕਿ ਲੋਕਾਂ ਕੋਲੋਂ ਵੋਟਾਂ ਮੰਗਣ ਸਮੇਂ ਇਨ੍ਹਾਂ ਨੂੰ ਪੰਜਾਬੀ ਦਾ ਹੇਜ ਜਾਗ ਜਾਂਦਾ ਹੈ ਤੇ ਸਰਕਾਰ ਦੇ ਗਠਨ ਤੋਂ ਬਾਅਦ ਅੰਗਰੇਜ਼ੀ ਹਊਮੈ ਦਾ ਸਬੂਤ ਦਿੰਦਿਆਂ ਇਹ ਆਪਣੇ ਆਪ ਨੂੰ ਰਾਜ ਦੇ ਲੋਕਾਂ ਤੋਂ ਵੱਖਰੇ ਸਮਝਣ ਲੱਗ ਜਾਂਦੇ ਹਨ। ਇਸ ਤੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ ਹੈ ਕਿ ਜੇ ਸਿੱਖਿਆ ਤੇ ਭਾਸ਼ਾ ਮੰਤਰੀ ਨੂੰ ਹੀ ਪੰਜਾਬੀ ਬੋਲਦਿਆਂ ‘ਅਸਹਿਜਤਾ’ ਮਹਿਸੂਸ ਹੁੰਦੀ ਹੈ ਤਾਂ ਮਾਂ-ਬੋਲੀ ਦੀ ਬਿਹਤਰੀ ਲਈ ਉਨ੍ਹਾਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ। ਸਰਕਾਰੀ ਸਕੂਲਾਂ ਵਿੱਚੋਂ ਵੱਡੀ ਗਿਣਤੀ ਵਿਚ ਸਕੂਲਾਂ ਨੂੰ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਵਿਚ ਬਦਲਿਆ ਜਾ ਰਿਹਾ ਹੈ। ਮਿਡਲ ਸਕੂਲਾਂ ਵਿੱਚੋਂ ਪੰਜਾਬੀ ਅਤੇ ਹਿੰਦੀ ਅਧਿਆਪਕਾਂ ਦੀਆਂ ਆਸਾਮੀਆਂ ਵਿੱਚੋਂ ਇਕ ਆਸਾਮੀ ਚੁੱਕ ਲੈਣ ਦਾ ਫੁਰਮਾਨ ਵੀ ਜਾਰੀ ਹੋ ਚੁੱਕਾ ਹੈ। ਹੁਣ ਹਿੰਦੀ ਵਾਲਾ ਪੰਜਾਬੀ ਪੜ੍ਹਾਏਗਾ ਤੇ ਪੰਜਾਬੀ ਵਾਲਾ ਹਿੰਦੀ ਪੜ੍ਹਾਏਗਾ।
ਕੋਈ ਵੀ ਭਾਸ਼ਾ ਦੂਜੀ ਭਾਸ਼ਾ ਤੋਂ ਸ੍ਰੇਸ਼ਠ ਨਹੀਂ ਹੁੰਦੀ। ਹਰ ਭਾਸ਼ਾ ਦਾ ਆਪਣਾ ਗੌਰਵ ਤੇ ਮਹਾਨਤਾ ਹੁੰਦੀ ਹੈ। ਵੱਖ ਵੱਖ ਭਾਸ਼ਾਵਾਂ ਵਿਚ ਕਿਸੇ ਵਿਅਕਤੀ ਦੀ ਮੁਹਾਰਤ ਉਸ ਦੇ ਵਿਸ਼ਾਲ ਦਾਇਰੇ ਵਿਚ ਵਿਚਰਣ ਲਈ ਸਹਾਈ ਹੋ ਸਕਦੀ ਹੈ। ਪਰ ਮਾਂ-ਬੋਲੀ ਦਾ ਦਰਜਾ ਕਿਸੇ ਵੀ ਹੋਰ ਬੋਲੀ ਤੋਂ ਉੱਪਰ ਹੋਣ ਬਾਰੇ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ। ਕਿਸੇ ਵਿਅਕਤੀ ਨੂੰ ਕਿੰਨੀਆਂ ਭਾਸ਼ਾਵਾਂ ਆਉਂਦੀਆਂ ਹਨ, ਇਹ ਮਹੱਤਵਪੂਰਨ ਨਹੀਂ ਹੈ, ਮਹੱਤਵਪੂਰਨ ਇਹ ਹੈ ਕਿ ਉਸ ਦਾ ਆਪਣੀ ਮਾਂ-ਬੋਲੀ ਪ੍ਰਤੀ ਕੀ ਨਜ਼ਰੀਆ ਹੈ। ਜਦੋਂ ਵੀ ਮਾਂ ਬੋਲੀ ਪੰਜਾਬੀ ਦੇ ਹੱਕ ਵਿਚ ਆਵਾਜ਼ ਉਠਾਈ ਜਾਂਦੀ ਹੈ ਤਾਂ ਇਸ ਦਾ ਇਹ ਮਤਲਬ ਹਰਗਿਜ਼ ਨਹੀਂ ਕਿ ਹਿੰਦੀ ਜਾਂ ਅੰਗਰੇਜ਼ੀ ਦੀ ਵਿਰੋਧਤਾ ਕੀਤੀ ਜਾ ਰਹੀ ਹੈ। ਇਨ੍ਹਾਂ ਭਾਸ਼ਾਵਾਂ ਦੀ ਆਪਣੀ ਮਹਾਨਤਾ ਹੈ ਤੇ ਇਨ੍ਹਾਂ ਨੂੰ ਸਿੱਖਣ ਵਿਚ ਕੋਈ ਮਿਹਣਾ ਨਹੀਂ ਹੈ। ਪਰ ਪੰਜਾਬੀ ਨੂੰ ਵਿਸਾਰ ਕੇ ਇਨ੍ਹਾਂ ਨੂੰ ਮੋਹਰੀ ਬਣਾਉਣਾ ਕਿਸੇ ਵੀ ਤਰ੍ਹਾਂ ਵਾਜਿਬ ਨਹੀਂ ਕਿਹਾ ਜਾ ਸਕਦਾ। ਭਾਸ਼ਾ ਮਾਹਿਰਾਂ ਦੀ ਰਾਏ ਹੈ ਕਿ ਜੇਕਰ ਮਾਂ-ਬੋਲੀ ਵਿਚ ਕਿਸੇ ਦੀ ਚੰਗੀ ਮੁਹਾਰਤ ਹੋਵੇ ਤਾਂ ਹੋਰ ਭਾਸ਼ਾਵਾਂ ਸਿੱਖਣ ਵਿਚ ਵੀ ਆਸਾਨੀ ਹੁੰਦੀ ਹੈ।
ਬਹੁਤ ਦੁਖਦਾਈ ਵਰਤਾਰਾ ਹੈ ਕਿ ਪੰਜਾਬ ਦੇ ਲੋਕ ਆਪਣੀ ਮਾਂ-ਬੋਲੀ ’ਤੇ ਮਾਣ ਕਰਨ ਦੀ ਥਾਂ, ਇਸ ਵੱਲ ਪਿੱਠ ਕਰੀ ਬੈਠੇ ਹਨ। ਮਾਸੂਮ ਬੱਚਿਆਂ ਤੋਂ ਮੁੱਢਲੇ ਸਾਲਾਂ ਵਿਚ ਹੀ ਮਾਂ-ਬੋਲੀ ਦਾ ਹੱਕ ਖੋਹ ਕੇ, ਉਨ੍ਹਾਂ ਨੂੰ ਅੰਗਰੇਜ਼ੀ ਦੀ ਗੁਲਾਮੀ ਦੇ ਲੜ ਲਾਇਆ ਜਾ ਰਿਹਾ ਹੈ। ਘਰਾਂ ਵਿਚ ਵੀ ਪੰਜਾਬੀ ਵਿਚ ਗੱਲਬਾਤ ਕਰਨ ਦੀ ਥਾਂ ਅੰਗਰੇਜ਼ੀ ਅਤੇ ਹਿੰਦੀ ਵਿਚ ਗੱਲ ਕਰਕੇ ‘ਮਾਣ’ ਮਹਿਸੂਸ ਕੀਤਾ ਜਾ ਰਿਹਾ ਹੈ। ਪੰਜਾਬੀ ਰਿਸ਼ਤੇ-ਨਾਤੇ ਅਤੇ ਨਿੱਤ ਵਰਤੋਂ ਵਿਚ ਆਉਂਦੀਆਂ ਗੱਲਾਂ ਨੂੰ ਵੀ, ਬੱਚੇ ਦੀ ਤੋਤਲੀ ਜ਼ੁਬਾਨ ਤੋਂ ਸੁਣ ਕੇ ਮਾਪੇ ਫੁੱਲੇ ਨਹੀਂ ਸਮਾਉਂਦੇ। ਲੋਕਾਂ ਦੀ ਇਸ ਮਾਨਸਿਕਤਾ ਦਾ ਲਾਭ ਉਠਾ ਕੇ ਹੀ ਕਾਨਵੈਂਟ ਸਕੂਲਾਂ ਵਾਲੇ, ਸਕੂਲ ਵਿਚ ਹਿੰਦੀ ਜਾਂ ਅੰਗਰੇਜ਼ੀ ਵਿਚ ਹੀ ਗੱਲਬਾਤ ਕਰਨ ਦੇ ਫੁਰਮਾਨ ਜਾਰੀ ਕਰਦੇ ਹਨ ਤੇ ਪੰਜਾਬੀ ਬੋਲਣ ਵਾਲੇ ਨੂੰ ਸਜ਼ਾ ਦਿੱਤੀ ਜਾਂਦੀ ਹੈ। ਕਿਸੇ ਬੱਚੇ ਨੂੰ ਆਪਣੀ ਮਾਂ-ਬੋਲੀ ਵਿਚ ਵਿਚਾਰ ਪ੍ਰਗਟ ਕਰਨ ਤੋਂ ਰੋਕਣਾ, ਮਾਨਸਿਕ ਤੌਰ ’ਤੇ ਉਸ ਤੇ ਜ਼ੁਲਮ ਕਰਨ ਬਰਾਬਰ ਹੈ। ਮੁੱਢਲੇ ਸਾਲਾਂ ਵਿਚ ਹੀ ਬੱਚੇ ਉੱਤੇ ਅੰਗਰੇਜ਼ੀ ਭਾਸ਼ਾ ਦਾ ਬੋਝ ਪਾ ਕੇ, ਉਸ ਦੇ ਸਰੀਰਕ, ਮਾਨਸਿਕ, ਸਭਿਆਚਾਰਕ ਅਤੇ ਭਾਵਨਾਤਮਿਕ ਵਿਕਾਸ ਦੇ ਰਾਹ ਵਿਚ ਰੋੜੇ ਅਟਕਾਏ ਜਾ ਰਹੇ ਹਨ।
ਦਿਲਚਸਪ ਗੱਲ ਇਹ ਹੈ ਕਿ ਅੰਗਰੇਜ਼ੀ ਦਾ ‘ੳ, ਅ’ ਨਾਂ ਜਾਣਨ ਵਾਲੇ ਲੋਕ ਵੀ ਵਿਆਹ-ਸ਼ਾਦੀ ਦੇ ਕਾਰਡ ਅੰਗਰੇਜ਼ੀ ਵਿਚ ਛਪਾ ਕੇ ਆਪਣੀ ਹਊਮੈ ਨੂੰ ਪੱਠੇ ਪਾ ਰਹੇ ਹਨ। ਜੇ ਪੁੱਛੋ ਤਾਂ ਜਵਾਬ ਮਿਲਦਾ ਹੈ ਕਿ ਇਸ ਤਰ੍ਹਾਂ ਪੜ੍ਹੇ-ਲਿਖੇ ਤੇ ਅਧੁਨਿਕ ਹੋਣ ਦਾ ਪ੍ਰਭਾਵ ਪੈਂਦਾ ਹੈ। ਥੋੜ੍ਹੇ ਲੋਕ ਹੀ ਹਨ ਜਿਹੜੇ ਪੰਜਾਬੀ ਬੋਲੀ ਦੀ ਮਹਾਨਤਾ ਤੋਂ ਵਾਕਿਫ ਹਨ। ਜਿਸ ਬੋਲੀ ਵਿਚ ਉੱਚ ਪਾਏ ਦਾ ਲੋਕ-ਸਾਹਿਤ ਹੋਵੇ, ਗੁਰੁ ਸਾਹਿਬਾਨ ਵਲੋਂ ਰਚੀ ਬਾਣੀ ਹੋਵੇ, ਸੂਫੀ ਸਾਹਿਤ ਤੇ ਕਿੱਸਾ ਕਾਵਿ ਦੀ ਰਚਨਾ ਹੋਵੇ ਤੇ ਆਧੁਨਿਕ ਸਮਿਆਂ ਵਿਚ ਸਾਹਿਤ ਦੀਆਂ ਸਾਰੀਆਂ ਵਿਧਾਵਾਂ ਵਿਚ ਰਚੇ ਸਾਹਿਤ ਦੀਆਂ ਮੁੱਲਵਾਨ ਕਿਰਤਾਂ ਹੋਣ, ਉਸ ਬੋਲੀ ਤੋਂ ਵੀ ਕੋਈ ਮੂੰਹ ਮੋੜ ਲਵੇ ਤਾਂ ਮਨ ਪੀੜੋ-ਪੀੜ ਹੋ ਉੱਠਦਾ ਹੈ।
ਹਿੰਦੀ ਦੇ ਰਾਸ਼ਟਰੀ ਭਾਸ਼ਾ ਹੋਣ ਦਾ ਬਹੁਤ ਪ੍ਰਚਾਰ ਕੀਤਾ ਜਾਂਦਾ ਹੈ ਜਦੋਂ ਕਿ ਹਕੀਕਤ ਇਹ ਹੈ ਕਿ ਸੰਵਿਧਾਨ ਦੀ ਅੱਠਵੀਂ ਸੂਚੀ ਵਿਚ ਦਰਜ ਸਾਰੀਆਂ ਬੋਲੀਆਂ ਹੀ ਰਾਸ਼ਟਰੀ ਭਾਸ਼ਾਵਾਂ ਹਨ। ਅੱਜ ਕੱਲ ਇਕ ਹੋਰ ਮਸਲਾ ਬਹੁਤ ਭਖਿਆ ਹੋਇਆ ਹੈ। ਕੌਮੀ ਰਾਜ ਮਾਰਗਾਂ ’ਤੇ ਲੱਗੇ ਬੋਰਡਾਂ ’ਤੇ ਵੀ ਧੱਕੇਸ਼ਾਹੀ ਕਰਦਿਆਂ ਪੰਜਾਬੀ ਭਾਸ਼ਾ ਨਾਲ ਧੱਕਾ ਕੀਤਾ ਜਾ ਰਿਹਾ ਹੈ। ਪਤਾ ਨਹੀਂ ਇਹ ਸਲਾਹ ਕਿਸ ਨੇ ਦਿੱਤੀ ਕਿ ਸਭ ਤੋਂ ਉੱਤੇ ਹਿੰਦੀ ਫੇਰ ਅੰਗਰੇਜ਼ੀ ਅਤੇ ਪੰਜਾਬੀ ਨੂੰ ਤੀਜੇ ਨੰਬਰ ’ਤੇ ਧੱਕ ਦਿੱਤਾ ਜਾਵੇ। ਅਸਲ ਵਿਚ ਇਹ ਸਾਰਾ ਕੁਝ ਪੰਜਾਬੀਆਂ ਵਲੋਂ ਆਪਣੀ ਮਾਂ-ਬੋਲੀ ਪੰਜਾਬੀ ਪ੍ਰਤੀ ਦਿਖਾਈ ਜਾ ਰਹੀ ਗੈਰ-ਜ਼ਿੰਮੇਵਾਰੀ ਤੇ ਬੇਰੁਖ਼ੀ ਦੀ ਭਾਵਨਾ ਦਾ ਸਿੱਟਾ ਹੈ। ਜੇ ਪੰਜਾਬੀ ਹੀ ਆਪਣੀ ਮਾਂ-ਬੋਲੀ ਨੂੰ ਮਾਣ ਨਹੀਂ ਦੇਣਗੇ ਤਾਂ ਦੂਜਿਆਂ ਤੋਂ ਕੋਈ ਆਸ ਰੱਖਣੀ ਕੇਵਲ ਭਰਮ ਹੀ ਹੈ। ਪੰਜਾਬੀ ਬੋਲੀ ਦੇ ਪ੍ਰੇਮ ਵਿਚ ਰੰਗਿਆ ਕਰਨਾਟਕ ਦਾ ਪ੍ਰੋ. ਰਾਉ ਧਰੇਨਵਰ ਇਕੱਲਾ ਹੀ, ਪੰਜਾਬੀ ਬੋਲੀ ਨੂੰ ਹੱਕੀ ਸਥਾਨ ਦਿਵਾਉਣ ਲਈ ਝੰਡਾ ਚੁੱਕੀ ਤੁਰਿਆ ਹੋਇਆ ਹੈ। ਪੰਜਾਬੀਆਂ ਲਈ ਇਹ ਸ਼ਰਮਸਾਰ ਹੋਣ ਵਾਲੀ ਗੱਲ ਵੀ ਹੈ ਕਿ ਮਾਂ-ਬੋਲੀ ਕੰਨੜ ਦਾ ਜਾਇਆ ਇਕ ਸ਼ਖ਼ਸ ਪੰਜਾਬੀ ਨਾਲ ਇਸ ਹੱਦ ਤੱਕ ਇਸ਼ਕ ਕਰ ਰਿਹਾ ਹੈ ਕਿ ਉਸ ਕੋਲੋਂ ਪੰਜਾਬੀ ਪ੍ਰਤੀ ਕੀਤਾ ਜਾ ਰਿਹਾ ਵਿਤਕਰਾ ਬਰਦਾਸ਼ਤ ਨਹੀਂ ਹੁੰਦਾ, ਤੇ ਉਹ ਆਪਣਾ ਰੋਸ ਪ੍ਰਗਟਾਉਣ ਲਈ ਝੰਡਾ ਚੁੱਕ ਕੇ ਤੁਰ ਪੈਂਦਾ ਹੈ। ਜੇ ਪੰਜਾਬੀਆਂ ਦੇ ਮਨ ਵਿਚ ਮਾਂ-ਬੋਲੀ ਪ੍ਰਤੀ ਅਜਿਹਾ ਅਹਿਸਾਸ ਪੈਦਾ ਹੋਇਆ ਹੁੰਦਾ ਤਾਂ ਅੱਜ ਸਥਿਤੀ ਹੋਰ ਹੁੰਦੀ।
ਅਜਿਹੀ ਨਾਖ਼ੁਸ਼ਗਵਾਰ ਸਥਿਤੀ ਵਿਚ ਬਹੁਤ ਉਦਾਸ ਹੈ ਮਾਂ-ਬੋਲੀ। ਉਹਦੇ ਆਪਣੇ ਜਾਇਆਂ ਨੇ ਹੀ ਉਸ ਕੋਲੋਂ ਮੂੰਹ ਮੋੜ ਲਿਆ ਹੈ। ਪੰਜਾਬੀ ਸ਼ਾਇਰ ਫਿਰੋਜ਼ਦੀਨ ਸ਼ਰਫ ਨੇ ਤਾਂ ਕਈ ਵਰ੍ਹੇ ਪਹਿਲਾਂ ਹੀ ਮਾਂ-ਬੋਲੀ ਦੇ ਦਰਦ ਨੂੰ ਇਕ ਕਵਿਤਾ ਰਾਹੀਂ ਪੇਸ਼ ਕਰਦਿਆਂ ਮਾਂ-ਬੋਲੀ ਵਲੋਂ ਪੰਜਾਬੀ ਪਿਆਰਿਆਂ ਨੂੰ ਮਿਹਣਾ ਮਾਰਦਿਆਂ ਕਿਹਾ ਸੀ, “ਪੁੱਛੀ ਸ਼ਰਫ ਨਾਂ ਜਿਨ੍ਹਾਂ ਨੇ ਬਾਤ ਮੇਰੀ, ਵੇ ਮੈਂ ਬੋਲੀ ਹਾਂ ਉਨ੍ਹਾਂ ਪੰਜਾਬੀਆਂ ਦੀ।” ਸਮੇਂ ਦੀ ਲੋੜ ਅਨੁਸਾਰ ਅੰਗਰੇਜ਼ੀ ਸਿੱਖਣ ਪੜ੍ਹਨ ਵਿਚ ਕੋਈ ਬੁਰਾਈ ਨਹੀਂ ਹੈ, ਪਰ ਮਾਂ-ਬੋਲੀ ਪੰਜਾਬੀ ਨੂੰ ਦਰ-ਕਿਨਾਰ ਕਰਕੇ ਕਿਸੇ ਹੋਰ ਭਾਸ਼ਾ ਦੇ ਲੜ ਲੱਗ ਜਾਣਾ ਬੇਸਮਝੀ ਦਾ ਪ੍ਰਗਟਾਵਾ ਹੀ ਕਿਹਾ ਜਾ ਸਕਦਾ ਹੈ। ਪੰਜਾਬੀ ਸ਼ਾਇਰ ਗੁਰਮੁਖ ਸਿੰਘ ਮੁਸਾਫਿਰ ਨੇ ਪੰਜਾਬੀਆਂ ਦੀ ਅਜਿਹੀ ਮਾਨਸਿਕਤਾ ਬਾਰੇ ਕਦੇ ਲਿਖਿਆ ਸੀ:
ਇਹਦੇ ਪੁੱਤ ਰੰਗੀਲੜੇ ਛੈਲ ਬਾਂਕੇ
ਬੋਲੀ ਆਪਣੀ ਮਨੋਂ ਭੁਲਾਈ ਜਾਂਦੇ।
ਪਿੱਛੇ ਸਿੱਪੀਆਂ ਦੇ ਖਾਂਦੇ ਫਿਰਨ ਗੋਤੇ,
ਤੇ ਪੰਜ ਆਬ ਦਾ ਮੋਤੀ ਰੁਲਾਈ ਜਾਂਦੇ।
ਗੁਰਬਿੰਦਰ ਸਿੰਘ ਮਾਣਕ
ਮੁਬਾਇਲ-9815356086
**
ਰਿਸ਼ਤਿਆਂ ਦੀ ਗੰਢ --- ਤਰਸੇਮ ਲੰਡੇ
ਜਿੰਦਗੀ ਦੇ ਵਿੱਚ ਰਿਸ਼ਤਿਆਂ ਦੀ ਬਹੁਤ ਅਹਿਮੀਅਤ ਹੁੰਦੀ ਹੈ। ਪੈਸੇ ਤੋਂ ਵੱਧ ਕੇ ਰਿਸ਼ਤੇ ਜ਼ਰੂਰੀ ਹਨ। ਇਸਦਾ ਪਤਾ ਕਿਸੇ ਦੇ ਤੁਰ ਜਾਣ ਤੋਂ ਬਾਅਦ ਹੀ ਲੱਗਦਾ ਹੈ। ਕਿਸੇ ਦੇ ਅੰਤਮ ਕਿਰਿਆ ਕਰਮ ਦੌਰਾਨ ਹਰੇਕ ਦੇ ਮੂੰਹ ’ਤੇ ਉਸ ਚਲੇ ਗਏ ਵਿਅਕਤੀ ਦੀਆਂ ਹੀ ਗੱਲਾਂ ਹੁੰਦੀਆਂ ਹਨ। ਉਸ ਵੇਲੇ ਸਾਨੂੰ ਇਹ ਅਹਿਸਾਸ ਹੁੰਦਾ ਕਿ ਇਸ ਛੋਟੀ ਜਿਹੀ ਜ਼ਿੰਦਗੀ ਵਿੱਚ ਅਸੀਂ ਕਿਉਂ ਸ਼ਰੀਕੇ ਬੰਨ੍ਹਣ ਲੱਗੇ ਹੋਏ ਹਾਂ। ਪਰ ਘਰ ਆ ਕੇ ਸਭ ਭੁੱਲ ਭਲਾ ਜਾਂਦੇ ਹਾਂ। ਇਸੇ ਤਰ੍ਹਾਂ ਦੀ ਹੀ ਇਹ ਇੱਕ ਘਟਨਾ ਹੈ। ਮੇਰੇ ਤਾਏ ਦਾ ਮੁੰਡਾ ਹਰਜਿੰਦਰ ਸੀ.ਆਰ.ਪੀ.ਐੱਫ ਵਿੱਚ ਬਤੌਰ ਹੌਲਦਾਰ ਸੇਵਾਵਾਂ ਨਿਭਾ ਰਿਹਾ ਸੀ। ਅੰਦਾਜ਼ਨ ਮੈਂ ਉਸ ਤੋਂ ਕੋਈ 8-9 ਸਾਲ ਛੋਟਾ ਹੋਵਾਂਗਾ। ਅਸੀਂ ਦਿਲਾਂ ਦੇ ਚੰਗੇ ਸਾਂਝੀ ਸਾਂ। ਕਈ ਵਾਰ ਉਸ ਨੇ ਇਸ ਸਬੰਧੀ ਕਹਿ ਵੀ ਦੇਣਾ ‘ਰਿਸ਼ਤਾ ਉਮਰਾਂ ਦਾ ਨਹੀਂ, ਦਿਲਾਂ ਦਾ ਹੁੰਦਾ ਹੈ।’ ਮੇਰੇ ਮੁਤਾਬਕ ਇਹ ਬਿਲਕੁਲ ਸਾਰਥਕ ਸ਼ਬਦ ਸਨ। ਜਦ ਉਸਨੇ ਛੁੱਟੀ ਆਉਣਾ ਹੁੰਦਾ ਤਾਂ ਅੱਗੋਂ ਲੈਣ ਲਈ ਮੈਂ ਸਾਇਕਲ ’ਤੇ ਪਹਿਲਾਂ ਹੀ ਸਮਾਲਸਰ (ਲਾਗਲੇ ਪਿੰਡ) ਚਲੇ ਜਾਣਾ। ਸੰਨ 2006 ਵਿੱਚ ਮੈਂ ਲੁਧਿਆਣੇ ਲੈਬੌਰੇਟਰੀ ਟੈਕਨੀਸ਼ੀਅਨ ਦਾ ਡਿਪਲੋਮਾ ਕਰ ਰਿਹਾ ਸੀ ਤੇ ਹਰਜਿੰਦਰ ਦੀ ਪੋਸਟਿੰਗ ਦਿੱਲੀ ਵਿਖੇ ਸੀ। ਇਸ ਵਕਤ ਦੌਰਾਨ ਉਸ ਦੇ ਛੋਟੇ ਭਰਾ ਪਲਵਿੰਦਰ ਦੀ ਅਚਾਨਕ ਹੀ ਮੌਤ ਹੋ ਗਈ। ਮੌਤ ਦੀ ਖਬਰ ਸੁਣਦਿਆਂ ਹੀ ਅਸੀਂ ਆਪਣੇ-ਆਪਣੇ ਟਿਕਾਣਿਆਂ ਤੋਂ ਘਰ ਵੱਲ ਨੂੰ ਚੱਲ ਪਏ। ਅਸੀਂ ਦੋਵੇਂ ਮੋਗੇ, ਕੋਟਕਪੂਰਾ ਬਾਈਪਾਸ ’ਤੇ ਇਕੱਠੇ ਹੋ ਗਏ। ‘ਆ ਮੇਰਾ ਭਰਾ ...’ ਕਹਿ ਉਸਦੀ ਭੁੱਬ ਨਿਕਲ ਗਈ। ਇੱਕ ਦੂਜੇ ਨੂੰ ਗਲੇ ਮਿਲ ਕੇ ਅਸੀਂ ਆਪਣਾ ਮਨ ਹਲਕਾ ਕੀਤਾ। ਇੱਥੋਂ ਬੱਸ ਲਈ ਤੇ ਪਿੰਡ ਵੱਲ ਨੂੰ ਚੱਲ ਪਏ। ਘਰ ਦਾ ਗਮਗੀਨ ਮਾਹੌਲ ਨਾ ਝੱਲਣਯੋਗ ਸੀ। ਸਿਆਣੇ ਕਹਿੰਦੇ ਭਰਾ ਤਾਂ ਸੱਜੀਆਂ-ਖੱਬੀਆਂ ਬਾਹਾਂ ਹੁੰਦੇ ਹਨ। ਆਫਤ ਆਉਣ ਤੇ ਇੱਕ-ਦੂਜੇ ਦੇ ਦੁੱਖ ਵਿੱਚ ਸ਼ਰੀਕ ਹੁੰਦੇ ਹਨ। ਪਰ ਰੱਬ ਦੇ ਇਸ ਭਾਣ ਅੱਗੇ ਤਾਂ ਬੰਦਾ ਵੀ ਲਾਚਾਰ ਤੇ ਬੇਵੱਸ ਹੁੰਦਾ ਹੈ।
ਕੁਦਰਤ ਦਾ ਭਾਣਾ ਮੰਨਦਿਆਂ ਸਭ ਰੀਤਾਂ ਨੂੰ ਪੂਰਿਆ ਗਿਆ। ਘਰਦੇ ਹਾਲਾਤ ਕੁਝ ਸਮਾਂ ਤਾਂ ਅਣਸੁਖਾਵੇਂ ਚੱਲਦੇ ਰਹੇ। ਜਿਸਦੇ ਸਿਰ ਦਾ ਸਾਂਈ ਚਲਾ ਗਿਆ ਸੀ, ਉਹ ਭਲਾ ਔਲਾਦ ਤੋਂ ਬਿਨਾਂ ਕਿਸ ਸਹਾਰੇ ਇੱਥੇ ਦਿਨ ਕੱਢਦੀ। ਸਮਾਂ ਪਾ ਕੇ ਉਸ ਨੇ ਕਿਤੇ ਹੋਰ ਵਿਆਹ ਕਰਵਾ ਲਿਆ। ਜ਼ਿੰਦਗੀ ਦੀ ਗੱਡੀ ਹੌਲੀ-ਹੌਲੀ ਆਪਣੀ ਲੀਹ ’ਤੇ ਚੱਲਣ ਲੱਗੀ।
ਹਰਜਿੰਦਰ ਦੀ ਸਾਖ ਟੁੱਟ ਜਾਣ ਕਰਕੇ ਉਹ ਵੀ ਇਕੱਲਾਪਨ ਮਹਿਸੂਸ ਕਰਦਾ ਸੀ। ਪਰ ਚਾਚੇ-ਤਾਏ ਦੇ ਮੁੰਡਿਆਂ ਵਿੱਚ ਕੀ ਫਰਕ ਹੁੰਦਾ, ਮੈਨੂੰ ਵੀ ਉਸਦੀ ਮੌਤ ਦਾ ਦੁੱਖ ਸੀ ਤੇ ਉਂਝ ਮੈਂ ਵੀ ਇਕੱਲਾ ਹੀ ਸਾਂ। ਹਰਜਿੰਦਰ ਤੇ ਮੈਂ ਬਾਹਰ ਰਹਿੰਦੇ ਹੋਣ ਕਰਕੇ ਉਸਦਾ ਦੋਹਾਂ ਘਰਾਂ ਨੂੰ ਆਸਰਾ ਸੀ। ਸਾਡਾ ਤਿੰਨਾਂ ਦਾ ਮੋਹ ਪਿਆਰ ਹੁਣ ਦੋਹਾਂ ਵਿੱਚ ਵੰਡ ਗਿਆ ਸੀ। ਪਿਤਾ ਜੀ ਤੇ ਤਾਏ ਵਿਚਕਾਰ ਕਦੀ ਉੱਨੀ- ਇੱਕੀ ਹੋ ਵੀ ਜਾਣੀ ਤਾਂ ਵੀ ਅਸੀਂ ਆਪਣਾ ਵਰਤਾ ਉਵੇਂ ਹੀ ਰੱਖਦੇ। ਪਰ ਫਿਰ ਜੇ ਕਦੀ ਕੋਈ ਨਿੱਕਾ ਮੋਟਾ ਗਿਲਾ-ਸ਼ਿਕਵਾ ਹੋ ਵੀ ਜਾਣਾ ਤਾਂ ਜਦ ਉਸਨੇ ਛੁੱਟੀ ਆਉਣਾ ਤਾਂ ਅਸੀਂ ਇਕੱਠਿਆਂ ਬੈਠ ਆਪਣੇ ਮਨ-ਮੁਟਾਵ ਸਾਂਝੇ ਕਰ ਲੈਣੇ। ਹਰ ਵੇਲੇ ਉਹ ਸਾਫ ਦਿਲ ਇਨਸਾਨ ਜਾਪਿਆ। ਉਸਨੇ ਕਹਿਣਾ, “ਜੇ ਕਿਤੇ ਕੋਈ ਗਿਲਾ-ਸ਼ਿਕਵਾ ਹੋ ਵੀ ਜਾਂਦਾ ਤਾਂ ਦਿਲ ਵਿੱਚ ਰੱਖਣ ਨਾਲੋਂ, ਬਹਿ ਕੇ ਸਾਂਝਾ ਕਰ ਲੈਣਾ ਚੰਗਾ ਹੁੰਦੈ ...।” ਉਸਦੇ ਇਹ ਸ਼ਬਦ ਉਸਦੀ ਸਿਆਣਪਤਾ ਨੂੰ ਦਰਸਾਉਂਦੇ ਸਨ।
ਮੇਰੇ ਵਿਆਹ ਵੇਲੇ ਵੀ ਸਾਰੀ ਜ਼ਿੰਮੇਵਾਰੀ ਹਰਜਿੰਦਰ ਦੇ ਮੋਢਿਆਂ ’ਤੇ ਸੀ। ਛੋਟਾ ਹੋਣ ਕਰਕੇ ਮੈਂ ਉਸਦੀ ਹਰ ਗੱਲ ਨੂੰ ਸਿਰ ਮੱਥੇ ਮੰਨਦਾ ਸੀ। ਉਹ ਨਿਡਰ, ਵਧੀਆ ਅਗਵਾਈਕਾਰ, ਸੁੱਘੜ-ਸਿਆਣਾ ਇਨਸਾਨ ਸੀ। ਬਾਕੀ ਉਹ ਦੂਜੇ ਫੌਜੀ ਸੈਨਿਕਾਂ ਵਾਂਗ ਆਪਣੀਆਂ ਸੇਵਾਵਾਂ ਪ੍ਰਤੀ ਪੂਰੀ ਤਰ੍ਹਾਂ ਸੁਹਿਰਦ ਸੀ।
ਹੁਣ ਹਰਜਿੰਦਰ ਦੀ ਤਾਇਨਾਤੀ ਸ਼੍ਰੀ ਨਗਰ ਦੀ ਸੀ। ਇਸ ਵਾਰ ਛੁੱਟੀ ਕੱਟ ਕੇ ਜਾਣ ਤੋਂ ਬਾਅਦ ਉਸਦੀ ਫੋਨ ’ਤੇ ਘਰ ਗੱਲ ਬਹੁਤ ਘੱਟ ਹੋਈ। ਉੱਥੇ ਨੈੱਟਵਰਕ ਦੀ ਸਮੱਸਿਆ ਅਕਸਰ ਹੀ ਰਹਿੰਦੀ ਸੀ। ਕਈ ਵਾਰ ਮੈਂ ਫੋਨ ਲਾਇਆ ਵੀ ਪਰ ਸੰਪਰਕ ਨਹੀਂ ਹੋ ਪਾਇਆ। ਦਿਲ ਵਿੱਚ ਮੈਂ ਇਹ ਸੋਚਦਾ ਕਿਤੇ ਕੋਈ ਗਿਲਾ-ਸ਼ਿਕਵਾ ਨਾ ਹੋਏ ਉਸ ਨੂੰ, ਜੋ ਉਸ ਨੇ ਫੋਨ ਵੀ ਨਹੀਂ ਕੀਤਾ। ਪਰ ਸ੍ਰੀਨਗਰ ਦੇ ਅਣਸੁਖਾਵੇਂ ਹਾਲਾਤਾਂ ਤੋਂ ਵੀ ਅਸੀਂ ਭਲੀਭਾਂਤ ਜਾਣੂ ਸਾਂ। ਇਸੇ ਕਰਕੇ ਸਾਡੇ ਪਰਿਵਾਰ ਨੂੰ ਉਸਦੀ ਜ਼ਿਆਦਾ ਫਿਕਰ ਰਹਿੰਦੀ। ਬਾਕੀ ਤਾਇਆ ਜੀ ਅਤੇ ਬਾਕੀ ਪਰਿਵਾਰ ਨੂੰ ਉਸ ਦੂਰ ਬੈਠੇ ਦਾ ਵੀ ਸਹਾਰਾ ਸੀ। ਰੋਜ਼ਾਨਾ ਦੀਆਂ ਨਵੀਆਂ ਖਬਰਾਂ ਸੁਣ ਇੱਥੇ ਬੈਠੇ ਬੰਦੇ ਦਾ ਸਰੀਰ ਵੀ ਸੁੰਨ ਹੋ ਜਾਂਦਾ ਹੈ। ਫਿਰ ਅਜਿਹੇ ਹਾਲਾਤ ਦਾ ਸਾਹਮਣਾ ਉਹ ਕਿਵੇਂ ਕਰਦੇ, ਇਹ ਤਾਂ ਉਹਨਾਂ ਨੂੰ ਹੀ ਪਤਾ ਹੁੰਦਾ। ਕਈ ਵਾਰ ਉਸ ਕੋਲੋਂ ਇਹ ਜ਼ਰੂਰ ਪਤਾ ਲੱਗਣਾ ਕਿ ਇਹ ਹਮਲਾ ਸਾਡੇ ਨੇੜੇ ਹੀ ਜਾਂ ਸਾਡੇ ਤੋਂ ਥੋੜ੍ਹੀ ਦੂਰ ਹੀ ਹੋਇਆ ਸੀ।
ਪਰ ਢਿੱਲੀ ਗੱਲ ਕਰਨਾ ਹਰਜਿੰਦਰ ਦੇ ਸੁਭਾਅ ਦੇ ਉਲਟ ਸੀ। ਇਹ ਗੱਲ ਕੋਈ ਜੁਲਾਈ 2012 ਦੀ ਹੈ, ਜਦ ਉਸਦੇ ਅਫਸਰ ਦਾ ਫੋਨ ਆਇਆ ਕਿ ਹਰਜਿੰਦਰ ਦੀ ਤਬੀਅਤ ਠੀਕ ਨਹੀਂ ...। ਹਰਜਿੰਦਰ ਦੇ ਘਰ ਵਾਲੀ ਰਿਸ਼ਤੇ ਵਿੱਚੋਂ ਮੇਰੀ ਮਾਸੀ ਲੱਗਦੀ ਸੀ। ਅਫਸਰ ਦੇ ਕਹਿਣ ਮੁਤਾਬਕ ਮਾਸੀ ਅਤੇ ਪਿਤਾ ਜੀ ਸ੍ਰੀਨਗਰ ਵੱਲ ਚੱਲ ਪਏ। ਪਿੱਛੋਂ ਅਸੀਂ ਸਭ ਉਸਦੀ ਖੈਰੀਅਤ ਦੀਆਂ ਦੁਆਵਾਂ ਮੰਗ ਰਹੇ ਸਾਂ। ਪਰ ਕੁਦਰਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਉੱਥੇ ਪਹੁੰਚ ਕੇ ਪਿਤਾ ਜੀ ਹੋਰਾਂ ਤੋਂ ਪਤਾ ਲੱਗਾ ਕਿ ਉਸਦੇ ਦਿਮਾਗ ਦੀ ਨਾੜੀ ਫਟ ਗਈ ਤੇ ... ਉਹ ...।
ਰੱਬ ਦਾ ਇਹ ਭਾਣਾ ਮੰਨਣਾ ਸਾਨੂੰ ਬਹੁਤ ਔਖਾ ਹੋ ਗਿਆ। ਖਬਰ ਸੁਣਦਿਆਂ ਹੀ ਘਰ ਵਿੱਚ ਤਰਥੱਲੀ ਮੱਚ ਗਈ। ਬੱਚਿਆਂ ਸਮੇਤ ਪਰਿਵਾਰ ਨੂੰ ਇਹ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ। ਇਸ ਤਰ੍ਹਾਂ ਦਾ ਘਾਟਾ ਤਾਂ ਰੱਬ ਕਿਸੇ ਨੂੰ ਨਾ ਪਾਵੇ। ਉਸ ਵੇਲੇ ਤਾਂ ਇਹ ਮਹਿਸੂਸ ਹੁੰਦਾ ਸੀ ਕਿ ਪਰਿਵਾਰ ਇਸ ਅਸਹਿ ਦੁੱਖ ਵਿੱਚੋਂ ਕਿਵੇਂ ਨਿਕਲੇਗਾ। ਪਰ `ਜੋ ਤਿਸ ਭਾਵੈ ਨਾਨਕਾ ਸੋਈ ਗੱਲ ਚੰਗੀ’ ਵਾਕ ਦੇ ਸਹਾਰੇ ਸਭ ਸਾਧਾਰਨ ਜਿਹੀ ਜਿੰਦਗੀ ਵਿੱਚ ਪਰਤ ਆਏ। ਪਰ ਉਸਦੇ ਕਹੇ ਹੋਏ ਸ਼ਬਦ ‘ਜੇ ਕਿਤੇ ਕੋਈ ਗਿਲਾ-ਸ਼ਿਕਵਾ ਹੋ ਵੀ ਜਾਂਦਾ ਤਾਂ ਦਿਲ ਵਿੱਚ ਰੱਖਣ ਨਾਲੋਂ ਬਹਿ ਕੇ ਸਾਂਝਾ ਕਰ ਲੈਣਾ ਚੰਗਾ ਹੁੰਦੈ ...।’ ਉਪਦੇਸ਼ ਦੇਣ ਦੇ ਨਾਲ-ਨਾਲ ਅੱਜ ਵੀ ਅੱਖਾਂ ਨੂੰ ਨਮ ਕਰ ਦਿੰਦੇ ਹਨ।
*****
(1027)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)