“ਸਮਾਜ ਨੂੰ ਦਿਖਾਵੇ ਦੇ ਕੁਹਜ ਵੱਲ ਧੱਕਣ ਵਾਲੇ ਇਹੀ ਧਨਾਢ ਲੋਕ ਹਨ, ਜਿਨ੍ਹਾਂ ਦੀ ਆਮਦਨ ਦਾ ਕੋਈ ਪਾਰਾਵਾਰ ...”
(26 ਨਵੰਬਰ 2024)
ਮਨੁੱਖ ਦੀ ਮਾਨਸਿਕਤਾ ਵਿੱਚ ਰਸਮਾਂ ਦੇ ਗਾਨੇ ਬੰਨ੍ਹਣ ਦੀ ਬਹੁਤ ਡੂੰਘੀ ਪ੍ਰਵਿਰਤੀ ਹੈ। ਜੀਵਨ ਜਿਊਂਦਿਆਂ ਮਨੁੱਖ ਅਨੇਕਾਂ ਪ੍ਰਕਾਰ ਦੀਆਂ ਰਸਮਾਂ ਨਿਭਾਉਂਦਿਆਂ ਵਿਚਰਦਾ ਹੈ। ਜੇ ਇਹ ਕਿਹਾ ਜਾਵੇ ਕਿ ਮਨੁੱਖ ਦਾ ਜੀਵਨ ਤਰ੍ਹਾਂ ਤਰ੍ਹਾਂ ਦੀਆਂ ਅਨੇਕਾਂ ਰਸਮਾਂ ਦੇ ਆਡੰਬਰਾਂ ਨਾਲ ਭਰਿਆ ਪਿਆ ਹੈ ਤਾਂ ਇਹ ਕੋਈ ਅੱਤਕਥਨੀ ਨਹੀਂ ਹੋਵੇਗੀ। ਜਨਮ, ਵਿਆਹ, ਮੌਤ, ਕੰਮ-ਧੰਦਾ, ਖੇਤੀ-ਬਾੜੀ, ਗੱਲ ਕੀ ਜੀਵਨ ਦੇ ਹਰ ਵਰਤਾਰੇ ਨਾਲ ਵਿਚਰਦਿਆਂ ਮਨੁੱਖ ਕਈ ਰੰਗ-ਬਰੰਗੀਆਂ ਰਸਮਾਂ ਨਿਭਾਉਂਦਾ, ਖੁਸ਼ੀਆਂ ਖੇੜੇ ਤੇ ਗਮੀਆਂ ਉਦਾਸੀਆਂ ਦੇ ਸੰਗ ਵਿਚਰਦਾ ਆ ਰਿਹਾ ਹੈ। ਕਦੇ ਮਨੁੱਖ ਦਾ ਜੀਵਨ ਬਹੁਤ ਹੀ ਸਾਦਗੀ ਭਰਿਆ, ਸੀਮਤ ਲੋੜਾਂ ਤੇ ਕੁਦਰਤੀ ਦਾਤਾਂ ਦੇ ਅੰਗਸੰਗ ਸਬਰ ਅਤੇ ਸੰਤੋਖ ਦੇ ਜੀਵੰਤ ਵਰਤਾਰੇ ਨਾਲ ਨਿਵਾਜਿਆ ਹੋਇਆ ਸੀ। ਜਿਉਂ ਜਿਉਂ ਅਸੀਂ ਕੁਦਰਤ ਦੇ ਵਰਤਾਰੇ ਤੋਂ ਦੂਰ ਹੁੰਦੇ ਗਏ ਹਾਂ, ਤਿਉਂ ਤਿਉਂ ਜੀਵਨ ਦੀ ਤੋਰ ਵੀ ਪੂਰੀ ਤਰ੍ਹਾਂ ਬਦਲ ਗਈ ਹੈ।
ਪਹਿਲਾਂ ਪਹਿਲ ਧਨ, ਦੌਲਤ, ਜ਼ਮੀਨ-ਜਾਇਦਾਦ ਤੇ ਹੋਰ ਵਸਤਾਂ ਪ੍ਰਤੀ ਹੰਕਾਰੀ ਪ੍ਰਵਿਰਤੀ ਅਤੇ ਦਿਖਾਵੇ ਦੀ ਭਾਵਨਾ, ਸਮਾਜ ਦੇ ਵਿਰਲੇ ਲੋਕਾਂ ਵਿੱਚ ਹੀ ਸੀ। ਕਦੇ ਸਮਾਂ ਸੀ ਜੀਵਨ ਦੀ ਤੋਰ ਸਬਰ, ਸੰਤੋਖ, ਪਿਆਰ, ਮਿਲਵਰਤਣਅ ਤੇ ਦੂਜਿਆਂ ਪ੍ਰਤੀ ਦਇਆ ਭਾਵਨਾ ਨਾਲ ਬੱਝੀ ਹੋਈ ਸੀ। ਮਨੁੱਖ ਦੀਆਂ ਲੋੜਾਂ ਬਹੁਤ ਸੀਮਤ ਸਨ ਤੇ ਮਿਹਨਤ ਕਰਦਿਆਂ ਪਸੀਨਾ ਵਹਾਉਂਦੇ ਇਹ ਰੱਬੀ ਰੂਹ ਵਾਲੇ ਲੋਕ ਰੁੱਖੀ-ਮਿੱਸੀ ਖਾ ਕੇ ਵੀ ਕੁਦਰਤ ਵੱਲੋਂ ਮਿਲੀਆਂ ਦਾਤਾਂ ਦਾ ਸੌ ਸੌ ਵਾਰ ਸ਼ੁਕਰ ਮਨਾਉਂਦੇ ਸਨ। ਵਿਆਹ ਸ਼ਾਦੀ ਜਾਂ ਹੋਰ ਖੁਸ਼ੀ ਗਮੀ ਦੇ ਸਮੇਂ ਰਸਮਾਂ ਤਾਂ ਉਦੋਂ ਵੀ ਨਿਭਾਈਆਂ ਜਾਂਦੀਆਂ ਸਨ, ਪਰ ਅਜੋਕੇ ਸਮਿਆਂ ਵਰਗੇ ਅਡੰਬਰ ਅਤੇ ਦਿਖਾਵੇ ਦੀ ਹੋੜ ਨਹੀਂ ਸੀ।
ਜਿਉਂ ਜਿਉਂ ਮਨੁੱਖ ਤਰੱਕੀ ਦੀਆਂ ਮੰਜ਼ਿਲਾਂ ਤੈਅ ਕਰਦਾ ਗਿਆ, ਤਿਉਂ ਤਿਉਂ ਮਨੁੱਖ ਦੇ ਜੀਵਨ ਦੀਆਂ ਲੋੜਾਂ ਅਤੇ ਲਾਲਸਾਵਾਂ ਵੀ ਵਧਦੀਆਂ ਗਈਆਂ। ਮਨੁੱਖ ਦੇ ਕੰਮ-ਧੰਦੇ, ਨੌਕਰੀਆਂ, ਵਪਾਰ ਅਤੇ ਸੋਚਾਂ ਦਾ ਦਾਇਰਾ ਵਿਸ਼ਾਲ ਹੋਣ ਨਾਲ ਜ਼ਿੰਦਗੀ ਦੀ ਤੋਰ ਵੀ ਹੌਲੀ ਹੌਲੀ ਬਦਲਣ ਲੱਗੀ। ਸਹਿਜ ਅਤੇ ਸਾਦਗੀ ਭਰਿਆ ਜੀਵਨ ਜਿਊਂਦਾ ਮਨੁੱਖ ਆਪਣੀਆਂ ਤੀਬਰ ਲਾਲਸਾਵਾਂ, ਬਦਲ ਰਹੀ ਜੀਵਨ-ਜਾਚ, ਸਮਾਜਿਕ ਪ੍ਰਤਿਸ਼ਠਾ, ਇੱਕ ਦੂਜੇ ਤੋਂ ਅੱਗੇ ਲੰਘਣ ਦੀ ਹੋੜ ਤੇ ਆਪਣੀ ਹਊਮੈ ਨੂੰ ਪੱਠੇ ਪਾਉਣ ਦੀਆਂ ਸੋਚਾਂ ਵਿੱਚ ਘਿਰਿਆ ਦਿਖਾਵੇ ਭਰੀ ਜ਼ਿੰਦਗੀ ਦੇ ਰਾਹ ਪੈ ਗਿਆ। ਪਹਿਲਾਂ ਪਹਿਲ ਤਾਂ ਸਮਾਜ ਦੇ ਕੁਝ ਸਰਦੇ-ਪੁੱਜਦੇ ਲੋਕ ਹੀ ਆਪਣੀ ਦੌਲਤ, ਜ਼ਮੀਨ-ਜਾਇਦਾਦ ਤੇ ਹੋਰ ਕੀਮਤੀ ਵਸਤੂਆਂ ਦਾ ਦਿਖਾਵਾ ਕਰਕੇ ਸਮਾਜ ਵਿੱਚ ਆਪਣੇ ਵੱਡੇ ਰੁਤਬੇ ਨੂੰ ਦਰਸਾਉਣ ਦਾ ਯਤਨ ਕਰਦੇ ਸਨ। ਸਿੱਖਿਆ, ਵਿਗਿਆਨ ਤੇ ਤਕਨਾਲੋਜੀ ਦੁਆਰਾ ਮਨੁੱਖ ਨੂੰ ਪ੍ਰਾਪਤ ਹੋਈਆਂ ਅਨੇਕਾਂ ਸੁਖ ਸਹੂਲਤਾਂ ਨੇ ਮਨੁੱਖੀ ਜੀਵਨ-ਜਾਚ ਵਿੱਚ ਵੱਡੀਆਂ ਤਬਦੀਲੀਆਂ ਲਿਆਉਣ ਵਿੱਚ ਹੈਰਾਨਕੁਨ ਭੂਮਿਕਾ ਨਿਭਾਈ। ਪ੍ਰੰਪਰਾਗਤ ਪੈਦਾਵਾਰੀ ਸਾਧਨਾਂ ਦੇ ਨਾਲ ਨਾਲ ਹੋਰ ਅਨੇਕਾਂ ਵਸੀਲੇ ਪੈਦਾ ਹੋ ਗਏ, ਜਿਨ੍ਹਾਂ ਨੇ ਮਨੁੱਖ ਨੂੰ ਪਹਿਲਾਂ ਦੇ ਮੁਕਾਬਲੇ ਆਰਥਿਕ ਤੌਰ ’ਤੇ ਸੁਖਾਲਾ ਕਰ ਦਿੱਤਾ। ਸਿਆਣੇ ਲੋਕ ਕਿਹਾ ਕਰਦੇ ਸਨ ਕਿ ਜੇ ਮਨੁੱਖ ਦੀ ਜੇਬ ਵਿੱਚ ਪੈਸਾ ਹੋਵੇ ਤਾਂ ਉਸ ਦੀਆਂ ਸੋਚਾਂ, ਸੁਪਨੇ, ਆਦਤਾਂ ਤੇ ਮਨ ਦੇ ਅਮੋੜ ਵਲਵਲੇ ਟਿਕਣ ਨਹੀਂ ਦਿੰਦੇ।
ਮਨੁੱਖ ਇੱਕ ਸਮਾਜਿਕ ਪ੍ਰਾਣੀ ਹੋਣ ਦੇ ਨਾਤੇ ਸਮਾਜ ਵਿੱਚ ਵਿਚਰਦਾ ਹੈ। ਜਿੱਥੇ ਉਹ ਸਮਾਜ ਦੀ ਜੀਵਨ-ਤੋਰ ਤੋਂ ਪ੍ਰਭਾਵਿਤ ਹੁੰਦਾ ਹੈ, ਉੱਥੇ ਉਹ ਦੂਜਿਆਂ ’ਤੇ ਅਸਰ-ਅੰਦਾਜ਼ ਵੀ ਹੁੰਦਾ ਹੈ। ਸਾਡੀਆਂ ਲੋਕ-ਸਿਆਣਪਾਂ ਵਿੱਚ ਇਸ ਨੂੰ ਹੀ ਕਿਹਾ ਜਾਂਦਾ ਸੀ ‘ਨੱਕ-ਨਮੂਜ ਰੱਖਣਾ।’ ਜਿਹੜੇ ਲੋਕਾਂ ਦੀ ਆਰਥਿਕਤਾ ਵੀ ਬਹੁਤੀ ਮਜ਼ਬੂਤ ਨਹੀਂ ਹੁੰਦੀ, ਉਹ ਵੀ ਸਮਾਜ ਵਿੱਚ ਸਾਧਨ-ਸੰਪਨ ਲੋਕਾਂ ਦੁਆਰਾ ਪਾਈਆਂ ਪ੍ਰਿਤਾਂ ਦੇ ਮਗਰ ਲੱਗ ਕੇ ਆਪਣਾ ‘ਨੱਕ’ ਬਚਾਉਣ ਦੇ ਰਾਹ ਤੁਰ ਕੇ ਆਪਣਾ ਝੁੱਗਾ ਚੌੜ ਕਰਾ ਲੈਂਦੇ ਹਨ। ਪੰਜਾਬ ਦੇ ਪ੍ਰਸੰਗ ਵਿੱਚ ਦੇਖੀਏ ਤਾਂ ਪਹਿਲਾਂ-ਪਹਿਲ ਵਿਦੇਸ਼ਾਂ ਵਿੱਚ ਗਏ ਲੋਕ ਜਦੋਂ ਕਦੇ ਵਿਆਹ-ਸ਼ਾਦੀ ਜਾਂ ਹੋਰ ਸਮਾਗਮ ਲਈ ਵਿਦੇਸ਼ਾਂ ਤੋਂ ਪਰਤਦੇ ਤਾਂ ਆਪਣੀ ਖੂਨ-ਪਸੀਨੇ ਦੀ ਕਮਾਈ ਨਾਲ ਅਜਿਹੀ ਸ਼ਾਨੋ-ਸ਼ੌਕਤ ਦਿਖਾਉਂਦੇ ਕਿ ਹਰ ਕੋਈ ਦੰਦਾਂ ਹੇਠ ਜੀਭ ਦੇਣ ਲਈ ਮਜਬੂਰ ਹੋ ਜਾਂਦਾ। ਦੋਵੇਂ ਹੱਥਾਂ ਦੀਆਂ ਉਂਗਲਾਂ ਸੋਨੇ ਦੀਆਂ ਛਾਪਾਂ ਨਾਲ ਭਰੀਆਂ ਹੁੰਦੀਆਂ, ਕੀਮਤੀ ਕੱਪੜੇ ਤੇ ਹੋਰ ਸਜ-ਧਜ ਦੇਖ ਕੇ ਹਰ ਨੌਜਵਾਨ ਵਿਦੇਸ਼ ਜਾਣ ਦੇ ਸੁਪਨੇ ਸਿਰਜਣ ਲਗਦਾ। ਹਾਂਲਾਂਕਿ ਇਹ ਦਿਖਾਵੇ ਤੋਂ ਵੱਧ ਕੁਝ ਨਹੀਂ ਹੁੰਦਾ। ਕੇਵਲ ਭਾਈਚਾਰੇ ਵਿੱਚ ਆਪਣੀ ਪੈਂਠ ਬਣਾਉਣ ਲਈ ਵਿਦੇਸ਼ੋਂ ਪਰਤਿਆ ਬੰਦਾ ਕੁਝ ਦਿਨਾਂ ਲਈ ਆਪਣੇ ਮਨ ਨੂੰ ਖੁਸ਼ੀ ਦੇਣ ਲਈ ਅਜਿਹਾ ਕਰਦਾ ਸੀ, ਜਦੋਂ ਕਿ ਸਚਾਈ ਇਹ ਹੈ ਕਿ ਜਿੰਨੀ ਮਿਹਨਤ, ਸਿਰੜ ਤੇ ਸੰਘਰਸ਼ ਵਿਦੇਸ਼ਾਂ ਵਿੱਚ ਜਾ ਕੇ ਲੋਕ ਕਰਦੇ ਹਨ ਤੇ ਅਨੇਕਾਂ ਕਸ਼ਟਾਂ ਵਿੱਚੋਂ ਲੰਘਦੇ ਹਨ, ਕਈ ਕਈ ਸਾਲ ਗੁਜ਼ਾਰ ਕੇ ਜ਼ਿੰਦਗੀ ਦੀ ਗੱਡੀ ਨੂੰ ਤੋਰੀ ਰੱਖਣ ਵਿੱਚ ਕਾਮਯਾਬ ਹੁੰਦੇ ਹਨ। ਅੱਜ ਵੀ ਸਿਆਣੇ ਤੇ ਸੂਝਵਾਨ ਲੋਕਾਂ ਦੀ ਕਮੀ ਨਹੀਂ ਹੈ, ਜਿਹੜੇ ਕਦੇ ਦਿਖਾਵਾ ਨਹੀਂ ਕਰਦੇ ਤੇ ਸਾਦਗੀ ਭਰਿਆ ਜੀਵਨ ਜਿਊਂਦੇ, ਉੱਚੀ-ਸੁੱਚੀ ਸੋਚ ਦੇ ਮਾਲਕ ਹਨ। ਉਂਜ ਤਾਂ ਮਿਹਨਤ ਨਾਲ ਕਮਾਇਆ ਧਨ ਬਹੁਤ ਨਹੀਂ ਹੁੰਦਾ, ਪਰ ਜੇ ਹੋਵੇ ਵੀ ਤਾਂ ਫਜ਼ੂਲ ਖਰਚਣ ਦੀ ਥਾਂ, ਸਮਾਜ ਸੇਵਾ ਤੇ ਲੋਕ-ਭਲਾਈ ਲਈ ਦਾਨ ਦੇ ਕੇ ਸਮਾਜ ਨੂੰ ਵੱਡੀ ਦੇਣ ਦਿੱਤੀ ਜਾ ਸਕਦੀ ਹੈ।
ਬਰੈਂਡਿਡ ਕੱਪੜੇ, ਵਿਦੇਸ਼ੀ ਸਾਜੋ-ਸਮਾਨ, ਕੀਮਤੀ ਗਹਿਣੇ, ਮਹਿਲਾਂ ਵਰਗੀਆਂ ਕੋਠੀਆਂ ਤੇ ਵੱਡੀਆਂ ਗੱਡੀਆਂ ਤੇ ਹੋਰ ਅਨੇਕਾਂ ਸੁਖ-ਸਹੂਲਤਾਂ ਦੀ ਹੋੜ ਪਿੱਛੇ, ਕਿਤੇ ਨਾ ਕਿਤੇ ਮਨੁੱਖੀ ਮਨ ਵਿੱਚ ਦਿਖਾਵੇ ਅਤੇ ਸਮਾਜ ਨੂੰ ਆਪਣੀ ਝੂਠੀ ਪ੍ਰਤਿਸ਼ਠਾ ਦਿਖਾਉਣ ਦੀ ਹੈਂਕੜ ਵੀ ਕੰਮ ਕਰ ਰਹੀ ਹੁੰਦੀ ਹੈ। ਪੂੰਜੀਪਤੀ, ਧਨਾਢ, ਵਿਦੇਸ਼ਾਂ ਵਿੱਚ ਗਏ ਪ੍ਰਵਾਸੀ ਤੇ ਦੋ ਨੰਬਰ ਦੀ ਕਮਾਈ ਕਰਨ ਵਾਲਿਆਂ ਨੇ ਸਮਾਜ ਵਿੱਚ ਵਿਆਹ-ਸ਼ਾਦੀਆਂ ਅਤੇ ਹੋਰ ਸਮਾਗਮਾਂ ਵਿੱਚ ਪੈਸਾ ਪਾਣੀ ਵਾਂਗ ਵਹਾ ਕੇ ਸਮਾਜ ਨੂੰ ਗਲਤ ਦਿਸ਼ਾ ਵਲ ਤੋਰ ਦਿੱਤਾ ਹੈ। ਦੇਖਾ-ਦੇਖੀ, ਸੀਮਤ ਕਮਾਈ ਵਾਲੇ ਮੱਧ-ਵਰਗੀ ਲੋਕ ਵੀ ਦਿਖਾਵੇ ਦੀ ਦੌੜ ਵਿੱਚ ਸ਼ਾਮਲ ਹੋ ਗਏ ਹਨ। ਕਈ ਵਾਰ ਤਾਂ ਸਮਾਜਿਕ ਰੁਤਬੇ ਦੀ ਖਾਤਰ ਕਰਜ਼ਾ ਚੁੱਕ ਕੇ ਵੀ ਫਾਹਾ ਲਿਆ ਜਾਂਦਾ ਹੈ। ਮਿਹਨਤ ਨਾਲ ਕਮਾਈ ਕਰਨ ਵਾਲੇ ਪਿੰਡਾਂ ਦੇ ਸਧਾਰਨ ਲੋਕ ਵੀ ਇੱਕ ਦੂਜੇ ਦੀ ਦੇਖਾ-ਦੇਖੀ ਦਿਖਾਵੇਬਾਜ਼ੀ ਦਾ ਸ਼ਿਕਾਰ ਹੋ ਚੁੱਕੇ ਹਨ। ਘਰਾਂ ਵਿੱਚ ਪਏ ਚੰਗੇ-ਭਲੇ ਵਰਤੋਂ ਯੋਗ ਸਮਾਨ ਨੂੰ ‘ਆਊਟ-ਡੇਟਡ’ ਕਹਿ ਕੇ ਹੋਰ ਕੀਮਤੀ ਵਸਤਾਂ ਖਰੀਦ ਕੇ ਘਰਾਂ ਦਾ ਸ਼ਿੰਗਾਰ ਬਣਾਉਣ ਦੀ ਪ੍ਰਵਿਰਤੀ ਆਪਣੀ ਹਊਮੈ ਦਿਖਾਉਣ ਤੋਂ ਵੱਧ ਕੁਝ ਨਹੀਂ ਹੈ। ਇੱਕ ਤਾਂ ਬਿਨਾਂ ਕਿਸੇ ਲੋੜ ਦੇ ਪੈਸੇ ਦੀ ਬਰਬਾਦੀ ਤੇ ਦੂਜਾ ਸਮਾਜ ਨੂੰ ਵੀ ਬਹੁਤ ਗਲਤ ਸੁਨੇਹਾ ਜਾਂਦਾ ਹੈ। ਕਿਸੇ ਗਵਾਂਢੀ ਦੇ ਘਰ ਆਏ ਸਮਾਨ ਵੱਲ ਦੇਖ ਕੇ ਦੂਜਿਆਂ ਦੇ ਮਨਾਂ ਵਿੱਚ ਵੀ ਵਸਤਾਂ ਖਰੀਦਣ ਦੀ ਲਾਲਸਾ ਜਾਗਦੀ ਹੈ। ਜੇ ਆਰਥਿਕ ਹਾਲਤ ਕਮਜ਼ੋਰ ਹੋਵੇ ਤਾਂ ਕਈ ਵਾਰ ਲੜਾਈ ਝਗੜੇ ਵੀ ਹੁੰਦੇ ਹਨ।
‘ਵੀਆਈਪੀ ਕਲਚਰ’ ਵਿੱਚ ਰੰਗੇ ਸਿਆਸੀ ਨੇਤਾਵਾਂ ਨੇ ਵੀ ਦਿਖਾਵੇ ਦੀ ਹੋੜ ਨੂੰ ਵਧਾਅ ਕੇ ਸਮਾਜ ਨੂੰ ਗਲਤ ਦਿਸ਼ਾ ਦਿੱਤੀ ਹੈ। ਅਕਸਰ ਹੀ ਨੇਤਾਵਾਂ ਦੇ ਨਾਲ ਗੱਡੀਆਂ ਦੇ ਕਾਫਲੇ, ਅੱਗੇ-ਪਿੱਛੇ ਸੁਰੱਖਿਆ ਵਾਹਨਾਂ ਦੇ ਕੰਨ-ਪਾੜਵੇਂ ਹੂਟਰ, ਅਫਸਰਾਂ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਜਮਘਟਾ ਤੇ ਅਜਿਹਾ ਹੋਰ ਬਹੁਤ ਕੁਝ ਕੇਵਲ ਤੇ ਕੇਵਲ ਸਮਾਜ ਨੂੰ ਆਪਣੀ ਹੰਕਾਰੀ ਪ੍ਰਤਿਸ਼ਠਾ ਦਿਖਾਉਣਾ ਹੈ। ਕਈ ਵਾਰ ਤਾਂ ਨੇਤਾਵਾਂ ਦੇ ਲੰਘਣ ਕਾਰਨ ਬਾਕੀ ਟਰੈਫਿਕ ਨੂੰ ਰੋਕ ਦਿੱਤਾ ਜਾਂਦਾ ਹੈ, ਸੜਕਾਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ। ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਆਪਣੇ ਹੀ ਲੋਕਾਂ ਵਿੱਚ ਵਿਚਰਨ ਤੋਂ ਕਿਉਂ ਡਰ ਲਗਦਾ ਹੈ? ਕਿਸੇ ਮੰਤਰੀ, ਵਿਧਾਇਕ ਨੇ ਵੀ ਇਲਾਕੇ ਦਾ ਦੌਰਾ ਕਰਨਾ ਹੋਵੇ ਤਾਂ ਪੁਲੀਸ ਕਰਮਚਾਰੀਆਂ ਨੂੰ ਵਖਤ ਪੈ ਜਾਂਦਾ ਹੈ। ਇਹ ਸਭ ਕੁਝ ਲੋਕਾਂ ਨੂੰ ਆਪਣੀ ਹੋਂਦ ਦਰਸਾਉਣ ਦਾ ਦਿਖਾਵਾ ਮਾਤਰ ਹੀ ਹੈ।
ਅਜੋਕੇ ਸਮਾਜ ਵਿੱਚ ਔਰਤਾਂ, ਮਰਦਾਂ, ਨੌਜਵਾਨਾਂ, ਗੱਲ ਕੀ ਸਭ ਵਿੱਚ ਹੀ ਦਿਖਾਵੇ ਦੀ ਪ੍ਰਵਿਰਤੀ ਬਹੁਤ ਵਧ ਗਈ ਹੈ। ਮਹਿੰਗੇ ਕੱਪੜੇ, ਕੀਮਤੀ ਸਾਬਣ, ਸ਼ੈਂਪੂ, ਸੈਂਟ, ਕੀਮਤੀ ਸ਼ਰਾਬ, ਵੱਡੀਆਂ ਗੱਡੀਆਂ, ਪਸਤੌਲ, ਦੁਨਾਲੀਆਂ, ਮਹਿੰਗੇ ਰੈਸਟੋਰੈਂਟਾਂ ਵਿੱਚ ਪਾਰਟੀਆਂ ਆਮ ਵਰਤਾਰਾ ਹੋ ਗਿਆ ਹੈ। ਔਰਤਾਂ ਵਿੱ ਕੱਪੜੇ, ਗਹਿਣੇ ਅਤੇ ਹੋਰ ਵਸਤਾਂ ਦਾ ਦਿਖਾਵਾ ਕਰਨ ਦੀ ਪ੍ਰਵਿਰਤੀ ਕੁਝ ਵਧੇਰੇ ਦੇਖੀ ਜਾਂਦੀ ਹੈ। ਕਿਸੇ ਖਰੀਦੀ ਵਸਤੂ ਬਾਰੇ ਵਧਾਅ-ਚੜ੍ਹਾ ਕੇ ਜੇ ਗਵਾਂਢਣ ਨੂੰ ਦੱਸ ਕੇ ਉਤੇਜਿਤ ਨਾ ਕੀਤਾ ਤਾਂ ਮਹਿੰਗਾ ਸਮਾਨ ਖਰੀਦਣ ਦਾ ਕੀ ਫਾਇਦਾ। ਇੱਕ ਦੂਜੇ ਦੀ ਦੇਖਾ-ਦੇਖੀ, ਚਾਦਰ ਤੋਂ ਬਾਹਰ ਪੈਰ ਪਸਾਰਨੇ ਕੋਈ ਸਿਆਣਪ ਨਹੀਂ ਕਹੀ ਜਾ ਸਕਦੀ। ਜਿਹੜਾ ਸਕੂਨ ਤੁਹਾਨੂੰ ਆਪਣੇ ਘਰ-ਪਰਿਵਾਰ ਵਿੱਚ ਪਿਆਰ, ਇਤਫਾਕ ਅਤੇ ਸਾਂਝ ਨਾਲ ਮਿਲ ਸਕਦਾ ਹੈ, ਉਹ ਵਸਤਾਂ ਵਿੱਚੋਂ ਪ੍ਰਾਪਤ ਨਹੀਂ ਹੋ ਸਕਦਾ। ਘਰ ਤਾਂ ਘਰ ਹੀ ਰਹਿਣਾ ਚਾਹੀਦਾ ਹੈ, ਸ਼ੋ-ਰੂਮ ਨਹੀਂ ਬਣਨਾ ਚਾਹੀਦਾ।
ਹਰ ਇੱਕ ਮਨੁੱਖ ਦੇ ਮਨ ਵਿੱਚ ਸੁਖ-ਸਹੂਲਤਾਂ ਪ੍ਰਾਪਤ ਕਰਨ ਦੀ ਇੱਛਾ ਵੀ ਬਹੁਤ ਪ੍ਰਬਲ ਹੈ। ਪਰ ਇਸ ਲਾਲਸਾ ਦੀ ਵੀ ਕੋਈ ਸੀਮਾ ਨਿਸ਼ਚਿਤ ਕਰਨੀ ਜ਼ਰੂਰੀ ਹੈ। ਸਾਧਨਹੀਣ ਤੇ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਲੱਖਾਂ ਲੋਕ ਸਾਡੇ ਆਲੇ-ਦੁਆਲੇ ਵਿਚਰਦੇ ਦੇਖੇ ਜਾ ਸਕਦੇ ਹਨ। ਵੱਡੇ ਸੁਪਨੇ ਤੇ ਅਗਾਂਹਵਧੂ ਸੋਚ ਹੋਣੀ ਬਹੁਤ ਵੱਡੀ ਗੱਲ ਹੈ, ਪਰ ਕਿਸੇ ਦੌਲਤਮੰਦ, ਅਮੀਰ ਦੀ ਰੀਸ ਕਰਨ ਬਾਰੇ ਸੋਚਣਾ ਬੇਹੂਦਾ ਗੱਲ ਹੈ। ਸਮਾਜ ਨੂੰ ਦਿਖਾਵੇ ਦੇ ਕੁਹਜ ਵੱਲ ਧੱਕਣ ਵਾਲੇ ਇਹੀ ਧਨਾਢ ਲੋਕ ਹਨ, ਜਿਨ੍ਹਾਂ ਦੀ ਆਮਦਨ ਦਾ ਕੋਈ ਪਾਰਾਵਾਰ ਨਹੀਂ ਹੈ। ਉਨ੍ਹਾਂ ਦਾ ਰਹਿਣ-ਸਹਿਣ ਤੇ ਸੁਖ-ਸਹੂਲਤਾਂ ਦੇਖ ਕੇ ਤਾਂ ਮਨੁੱਖੀ ਮਨ ਅਚੰਭਿਤ ਹੋ ਜਾਂਦਾ ਹੈ। ਆਪਣੇ ਧਨ ਨੂੰ ਪਾਣੀ ਵਾਂਗ ਵਹਾ ਕੇ ਦਿਖਾਵਾ ਕਰਨ ਵਾਲੇ ਜੇ ਆਪਣੇ ਤੋਂ ਹੇਠਲੇ ਲੋਕਾਂ ਬਾਰੇ ਵੀ ਕਦੇ ਸੋਚ ਲੈਣ ਤਾਂ ਲੱਖਾਂ ਲੋਕਾਂ ਨੂੰ ਦੋ ਵੇਲੇ ਦੀ ਰੋਟੀ ਤਾਂ ਮੁਹਈਆ ਕਰਾਈ ਹੀ ਜਾ ਸਕਦੀ ਹੈ। ਵਿਆਹ-ਸ਼ਾਦੀਆਂ ਅਤੇ ਪਾਰਟੀਆਂ ਵਿੱਚ ਅਨੇਕਾਂ ਪ੍ਰਕਾਰ ਦੇ ਭੋਜਨ ਪ੍ਰੋਸਣੇ ਵੀ ਅਸਲ ਵਿੱਚ ਆਪਣੀ ਦੌਲਤ ਦਾ ਦਿਖਾਵਾ ਕਰਨ ਤੋਂ ਵੱਧ ਕੁਝ ਨਹੀਂ ਹੈ। ਮਿਹਨਤ ਨਾਲ ਕਮਾਏ ਧਨ ਨੂੰ ਡੀਜੇ ਦੇ ਸ਼ੋਰ ਵਿੱਚ ਨੱਚਣ ਵਾਲਿਆਂ ਵੱਲੋਂ ਬੁੱਕਾਂ ਦੇ ਬੁੱਕ ਰੁਪਇਆਂ ਦਾ ਮੀਂਹ ਵਰ੍ਹਾਉਣਾ ਆਪਣੀ ਹਊਮੈ ਨੂੰ ਪੱਠੇ ਪਾਉਣ ਦੇ ਤੁੱਲ ਤੇ ਦਿਖਾਵੇ ਦੀ ਸਿਖਰ ਹੈ। ਇਹ ਪੈਸਾ ਸਮਾਜ ਦੇ ਸਾਧਨਹੀਣ ਲੋਕਾਂ ਲਈ ਖਰਚ ਕੇ ਸੱਚੀ ਖੁਸ਼ੀ ਪ੍ਰਾਪਤ ਕੀਤੀ ਜਾ ਸਕਦੀ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5477)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)