“ਨਿੱਤ ਵਾਪਰ ਰਹੇ ਹਨ ਅਜਿਹੇ ਭਿਆਨਕ ਹਾਦਸੇ। ਅਵਾਰਾ ਗਾਵਾਂ ਹਰ ਪਿੰਡ, ਸ਼ਹਿਰ ਤੇ ਕਸਬੇ ਦੀਆਂ ਸੜਕਾਂ ...”
(13 ਅਕਤੂਬਰ 2024)
ਇਸ ਬਾਰੇ ਤਾਂ ਕਿਸੇ ਨੂੰ ਇਲਮ ਨਹੀਂ ਹੈ ਕਿ ਮੌਤ ਕਦੋਂ ਤੇ ਕਿਵੇਂ ਆਉਣੀ ਹੈ ਪਰ ਜੀਵਨ ਦੀ ਸੁਰੱਖਿਆ ਨੂੰ ਕੇਵਲ ‘ਰੱਬ’ ਆਸਰੇ ਹੀ ਛੱਡ ਦੇਣਾ ਕੋਈ ਸਮਝਦਾਰੀ ਨਹੀਂ ਹੈ। ਸਰਕਾਰਾਂ ਤਾਂ ਸੰਘ ਪਾੜ-ਪਾੜ ਦੁਹਾਈ ਪਾਉਂਦੀਆਂ ਹਨ ਕਿ ਦੇਸ਼ ਨੇ ਤਰੱਕੀ ਹੀ ਬਹੁਤ ਕਰ ਲਈ ਹੈ। ਚਲੋ, ਇਹ ਗੱਲ ਵੀ ਥੋੜ੍ਹੇ ਬਹੁਤੇ ਫਰਕ ਨਾਲ ਮੰਨੀ ਜਾ ਸਕਦੀ ਹੈ ਕਿ ਦੇਸ਼ ਨੇ ਜੀਵਨ ਦੇ ਬਹੁਤੇ ਖੇਤਰਾਂ ਵਿੱਚ ਵਿਕਾਸ ਕਰਕੇ ਆਪਣੀ ਪੈਂਠ ਬਣਾਈ ਹੈ। ਮਨੁੱਖੀ ਜੀਵਨ ਦੀ ਕੋਈ ਕੀਮਤ ਨਹੀਂ ਪਾਈ ਜਾ ਸਕਦੀ, ਇਹ ਅਣਮੁੱਲੀ ਦਾਤ ਹੈ। ਜੀਵਨ ਨੂੰ ਚੰਗੇਰਾ ਬਣਾਉਂਦੇ ਬਣਾਉਂਦੇ ਅਸੀਂ ਇਸ ਦੌੜ ਵਿੱਚ ਇੰਨਾ ਉਲਝ ਗਏ ਹਾਂ ਕਿ ਸਾਨੂੰ ਆਪਣੇ ਜੀਵਨ ਦੀ ਸੁਰੱਖਿਆ ਦੀ ਵੀ ਕੋਈ ਪ੍ਰਵਾਹ ਨਹੀਂ ਰਹੀ। ਅਸੀਂ ਹਰ ਤਰਫ ਹੀ ਮੌਤ ਦਾ ਸਮਾਨ ਇਕੱਠਾ ਕਰਦੇ ਜਾ ਰਹੇ ਹਾਂ, ਜਿਹੜਾ ਨਿੱਤ-ਦਿਨ ਹੀ ਸਾਡੀ ਬੇਸਮਝੀ ਕਾਰਨ ਮੌਤ ਦੇ ਸੱਥਰ ਵਿਛਾ ਰਿਹਾ ਹੈ। ਸਾਡੇ ਆਲੇ-ਦੁਆਲੇ ਵਿੱਚ ਮੌਤ ਇੰਨੀ ਸਸਤੀ ਹੋ ਗਈ ਹੈ ਕਿ ਇਹ ਸਾਨੂੰ ਕਿਸੇ ਵੀ ਸੜਕ, ਮੋੜ, ਚੁਰਾਹੇ ਵਿੱਚ ਮਿਲ ਸਕਦੀ ਹੈ। ਕੁਝ ਸਾਲਾਂ ਤੋਂ ਚੀਨੀ ਡੋਰ ਨੇ ਮੌਤ ਦਾ ਆਤੰਕ ਮਚਾਇਆ ਹੋਇਆ ਹੈ। ਤੁਸੀਂ ਆਪਣੀਆਂ ਸੋਚਾਂ ਵਿੱਚ ਗਲਤਾਨ ਹੋਏ ਕਿਸੇ ਵੀ ਸੜਕ ’ਤੇ ਜਾ ਰਹੇ ਹੋਵੋ ਤਾਂ ਐਨ ਸੰਭਵ ਹੈ ਕਿ ਪਤੰਗ ਉਡਾਉਂਦੇ ਕਿਸੇ ਬੱਚੇ ਦੀ ਚੀਨੀ ਡੋਰ ਤੁਹਾਡੇ ਗੱਲ ਵਿੱਚ ਪੈ ਕੇ ਤੁਹਾਨੂੰ ਇਸ ਤਰ੍ਹਾਂ ਉਲਝਾ ਲਵੇ। ਤੁਹਾਡੇ ਮੂੰਹ, ਮੱਥੇ ’ਤੇ ਧੌਣ ਤੇ ਡੂੰਘੇ ਜ਼ਖਮ ਕਰ ਦੇਵੇ ਤਾਂ ਇਸ ਨੂੰ ਗਨੀਮਤ ਹੀ ਸਮਝਿਓ, ਬਚਾ ਕਰਦਿਆਂ ਤੁਹਾਡਾ ਆਪਣਾ ਵਹੀਕਲ ਤੋਂ ਡਿਗਣਾ ਵੀ ਤੈਅ ਹੈ। ਜੇ ਹੱਡ-ਗੋਡਿਆਂ ’ਤੇ ਜ਼ਖਮ ਵੀ ਹੋ ਗਏ ਹਨ ਤਾਂ ਵੀ ਸ਼ੁਕਰ ਕਰਿਓ, ਕਿਉਂਕਿ ਚੀਨੀ ਡੋਰਾਂ ਦੇ ਜਾਲ ਨੇ ਤਾਂ ਕਈ ਘਰਾਂ ਵਿੱਚ ਸੱਥਰ ਵਿਛਾ ਦਿੱਤੇ ਹਨ। ਕਈ ਘਰਾਂ ਦੇ ਮਸੂਮ ਬੱਚੇ ਇਸ ਡਰਾਉਣੀ ਡੋਰ ਨੇ ਮਾਪਿਆਂ ਪਾਸੋਂ ਖੋਹ ਲਏ ਹਨ। ਕੁਝ ਸਮਾਂ ਪਹਿਲਾਂ ਸਮਰਾਲੇ ਦੇ ਚਾਰ ਸਾਲਾਂ ਦੀ ਉਮਰ ਦੇ ਬੱਚੇ ਦਾ ਚਿਹਰਾ ਇਸ ਨਾਂ-ਮੁਰਾਦ ਡੋਰ ਨੇ ਇੰਨਾ ਕੱਟ ਦਿੱਤਾ ਕਿ ਡਾਕਟਰਾਂ ਨੂੰ ਸੱਤਰ ਟਾਂਕੇ ਲਾਉਣੇ ਪਏ। ਹਰ ਰੋਜ਼ ਭਿਆਨਕ ਘਟਨਾਵਾਂ ਬਾਦਸਤੂਰ ਵਾਪਰ ਰਹੀਆਂ ਹਨ।
ਮਾਪੇ ਕਿਵੇਂ ਇਸ ਦਰਦ ਨੂੰ ਸਹਿੰਦੇ ਹੋਣਗੇ, ਇਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਮੌਤ-ਰੂਪੀ ਡੋਰ ਦੀ ਲਪੇਟ ਵਿੱਚ ਆ ਕੇ ਅਕਸਰ ਹੀ ਲੋਕ ਡੂੰਘੇ ਜ਼ਖਮਾਂ ਦੇ ਸ਼ਿਕਾਰ ਹੋ ਜਾਂਦੇ ਹਨ। ਹੈਰਾਨੀਜਨਕ ਗੱਲ ਹੈ ਕਿ ਪ੍ਰਸ਼ਾਸਨ ਤੇ ਸਰਕਾਰਾਂ ਨੂੰ ਇਹੋ ਜਿਹੀਆਂ ਦੁਖਦਾਈ ਘਟਨਾਵਾਂ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਡੋਰ ਆਉਂਦੀ ਕਿੱਥੋਂ ਹੈ? ਜੇ ਇਸ ਨੂੰ ਚੀਨੀ-ਡੋਰ ਕਿਹਾ ਜਾਂਦਾ ਹੈ ਤਾਂ ਫਿਰ ਤਾਂ ਸਪਸ਼ਟ ਹੀ ਹੈ ਕਿ ਇਹ ਚੀਨ ਤੋਂ ਆਉਂਦੀ ਹੋਵੇਗੀ। ਸਰਕਾਰਾਂ ਦੀ ਮਨਜ਼ੂਰੀ ਤੋਂ ਬਿਨਾਂ ਤਾਂ ਇਹ ਸੰਭਵ ਹੀ ਨਹੀਂ ਕਿ ਕੋਈ ਆਪਣੇ ਪੱਧਰ ’ਤੇ ਇਸ ਨੂੰ ਮੰਗਵਾ ਸਕੇ। ਇਹ ਵੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਸਰਕਾਰਾਂ ਨੇ ਇਸ ਡੋਰ ਨੂੰ ਵੇਚਣ ਉੱਤੇ ਵਰਤਣ ਉੱਤੇ ਪਾਬੰਦੀ ਲਾਈ ਹੋਈ ਹੈ। ਜਦੋਂ ਰੌਲਾ-ਰੱਪਾ ਪੈਂਦਾ ਹੈ ਤਾਂ ਅਧਿਕਾਰੀ ਅਕਸਰ ਹੀ ਛਾਪੇ ਵੀ ਮਾਰਦੇ ਹਨ, ਤੇ ਕਿਸੇ ਗਰੀਬ ਪਤੰਗ ਵੇਚਣ ਵਾਲੇ ਨੂੰ ਜ਼ਰੂਰ ਪ੍ਰੇਸ਼ਾਨ ਕੀਤਾ ਜਾਂਦਾ ਹੈ। ਬਹੁਤੇ ਲੋਕਾਂ ਦਾ ਤਾਂ ਇਹੀ ਵਿਚਾਰ ਹੈ ਕਿ ਇਹ ਮੌਤ ਦਾ ਸਮਾਨ ਭਾਰਤ ਵਿੱਚ ਹੀ ਤਿਆਰ ਹੁੰਦਾ ਹੈ। ਇਹ ਸੂਤੀ ਧਾਗੇ ਦੀ ਥਾਂ ਨਾਇਲਨ ਤੇ ਪਲਾਸਟਿਕ ਦਾ ਬਣਿਆ ਧਾਗਾ ਹੁੰਦਾ ਹੈ, ਜਿਸ ਉੱਤੇ ਕੱਚ ਨੂੰ ਬਰੀਕ ਕਰਕੇ ਉਸ ਦੀ ਪਰਤਾਂ ਚੜ੍ਹਾਈਆਂ ਜਾਂਦੀਆਂ ਹਨ। ਪਤੰਗਾਂ ਦੇ ਸ਼ੌਕੀਨ ਵੀ ਇਸ ਤਰ੍ਹਾਂ ਦੀ ਮਜ਼ਬੂਤ ਡੋਰ ਨੂੰ ਹੀ ਪਸੰਦ ਕਰਦੇ ਹਨ।
ਚੀਨੀ ਨਾਂ ਦੀ ਇਹ ਡੋਰ ਭਾਰਤ ਵਿੱਚ ਸਭ ਤੋਂ ਵੱਧ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੀਆਂ ਕਈ ਥਾਵਾਂ ’ਤੇ ਬਣਾਈ ਜਾਂਦੀ ਹੈ ਤੇ ਇਸ ਨੂੰ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਵੇਚਣ ਲਈ ਭੇਜਿਆ ਜਾਂਦਾ ਹੈ। ਲਗਾਤਾਰ ਹੋ ਰਹੀਆਂ ਮੌਤਾਂ ਕਾਰਨ 2016 ਵਿੱਚ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਇਹ ਡੋਰ ਬਣਾਉਣ, ਵੇਚਣ ਤੇ ਇਸਦੀ ਵਰਤੋਂ ਕਰਨ ’ਤੇ ਪੂਰੀ ਪਾਬੰਦੀ ਲਾ ਦਿੱਤੀ ਸੀ। ਇਸ ਪਾਬੰਦੀ ਦੀ ਉਲੰਘਣਾ ਕਰਨ ਵਾਲੇ ਨੂੰ ਪੰਜ ਸਾਲ ਦੀ ਸਜ਼ਾ ਤੇ ਇੱਕ ਲੱਖ ਤਕ ਦੇ ਜ਼ੁਰਮਾਨੇ ਦੀ ਵਿਵਸਥਾ ਵੀ ਕੀਤੀ ਗਈ ਹੈ। ਵੱਖ ਵੱਖ ਰਾਜਾਂ ਨੇ ਵੀ ਇਸ ਕਾਰਨ ਹੀ ਇਸ ਡੋਰ ’ਤੇ ਪਾਬੰਦੀ ਲਗਾਈ ਹੋਈ ਹੈ।
ਦੁਖਦਾਈ ਤੇ ਹੈਰਾਨੀਜਨਕ ਗੱਲ ਹੈ ਕਿ ਮੁਕੰਮਲ ਪਾਬੰਦੀ ਦੇ ਬਾਵਜੂਦ ਇਹ ਡੋਰ ਸ਼ਰੇਆਮ ਵਿਕ ਰਹੀ ਹੈ। ਜਿਸ ਖੇਤਰ ਵਿੱਚ ਕੋਈ ਜਦੋਂ ਕਦੇ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਪ੍ਰਸ਼ਾਸਨ ਕੁਝ ਦਿਨਾਂ ਲਈ ਹਰਕਤ ਵਿੱਚ ਆਉਂਦਾ ਹੈ। ਕੁਝ ਦਿਨਾਂ ਦੇ ਰੌਲੇ-ਰੱਪੇ ਤੋਂ ਬਾਅਦ ਗੱਲ ਖਤਮ ਹੋ ਜਾਂਦੀ ਹੈ। ਜਿਹੜੀ ਗੱਲ ਲੋਕਾਂ ਦੀ ਜਾਨ ਦਾ ਖੌਅ ਬਣੀ ਹੋਈ ਹੈ, ਉਸ ਪ੍ਰਤੀ ਸਰਕਾਰਾਂ ਦਾ ਰਵੱਈਆ ਬਹੁਤ ਹੀ ਨਿੰਦਣਯੋਗ ਹੈ। ਬਹੁਤੇ ਲੋਕ-ਮੁੱਦੇ ਤਾਂ ਅਕਸਰ ਹੀ ਸਰਕਾਰਾਂ ਵੱਲੋਂ ਵਿਸਾਰ ਹੀ ਦਿੱਤੇ ਜਾਂਦੇ ਹਨ। ਪਰ ਇਹੋ ਜਿਹੇ ਮੁੱਦੇ ਜਿੱਥੇ ਸਰਕਾਰਾਂ ਦਾ ਕੋਈ ਪੈਸਾ ਵੀ ਖਰਚ ਨਹੀਂ ਹੋਣਾ, ਪ੍ਰਤੀ ਗੰਭੀਰ ਨਾ ਹੋਣਾ ਚੰਗੇ ਪ੍ਰਸ਼ਾਸਨ ਦੀ ਨਿਸ਼ਾਨੀ ਨਹੀਂ ਹੈ।
ਮੌਤ-ਰੂਪੀ ਇਹ ਡੋਰ ਮਨੁੱਖਾਂ ਲਈ ਹੀ ਨਹੀਂ ਸਗੋਂ ਪੰਛੀਆਂ ਅਤੇ ਜਾਨਵਰਾਂ ਲਈ ਵੀ ਜਾਨ ਦੀ ਦੁਸ਼ਮਣ ਬਣੀ ਹੋਈ ਹੈ। ਅਕਸਰ ਹੀ ਪੰਛੀ ਇਸਦੀ ਲਪੇਟ ਵਿੱਚ ਆ ਕੇ ਤੜਫ ਤੜਫ ਕੇ ਮਰ ਜਾਂਦੇ ਹਨ। ਕਈ ਪਰਿੰਦੇ ਤਾਂ ਇਸ ਡੋਰ ਨਾਲ ਇੰਨੇ ਜ਼ਖਮੀਂ ਹੋ ਜਾਂਦੇ ਹਨ ਕਿ ਉਨ੍ਹਾਂ ਦੇ ਖੰਭ ਵੀ ਨੋਚੇ ਜਾਂਦੇ ਹਨ। ਕਈ ਵਾਰ ਆਵਾਰਾ ਘੁੰਮਦੇ ਪਸ਼ੂ ਵੀ ਇਸ ਡੋਰ ਦੇ ਲਪੇਟੇ ਵਿੱਚ ਆਉਣ ਕਾਰਨ ਖੂਨੋ-ਖੂਨ ਹੋ ਜਾਂਦੇ ਹਨ। ਪੰਛੀਆਂ ਲਈ ਰੁੱਖ ਤਾਂ ਅਸੀਂ ਪਹਿਲਾਂ ਹੀ ਨਹੀਂ ਰਹਿਣ ਦਿੱਤੇ, ਉਹ ਕਿੱਥੇ ਕਰਨ ਆਪਣਾ ਰੈਣ-ਬਸੇਰਾ। ਅਸੀਂ ਤਾਂ ਉਨ੍ਹਾਂ ਦੇ ਖੁੱਲ੍ਹੇ ਅਸਮਾਨ ਵਿੱਚ ਉਡਾਰੀਆਂ ਭਰਨ ’ਤੇ ਵੀ ਰੁਕਾਵਟਾਂ ਖੜ੍ਹੀਆਂ ਕਰ ਦਿੱਤੀਆਂ ਹਨ।
ਜੇ ਤੁਸੀਂ ਚੀਨੀ-ਡੋਰ ਦੇ ਪ੍ਰਕੋਪ ਤੋਂ ਬਚ ਗਏ ਹੋ ਤਾਂ ਗਨੀਮਤ ਸਮਝੋ। ਪਰ ਮੌਤ ਦਾ ਸਮਾਨ ਤਾਂ ਅਜੇ ਹੋਰ ਵੀ ਬਹੁਤ ਹੈ। ਹਰ ਥਾਂ ਹੀ ਆਵਾਰਾ ਕੁੱਤਿਆਂ ਨੇ ਖੌਫ ਦਾ ਆਤੰਕ ਮਚਾਇਆ ਹੋਇਆ ਹੈ। ਇਕੱਲੇ-ਦੁਕੱਲੇ ਬੱਚੇ, ਬਜ਼ੁਰਗ ਜਾਂ ਕਿਸੇ ਹੋਰ ਵੀ ਨੂੰ ਘੇਰ ਕੇ ਇਹ ਖੂਨੀ ਹੋਏ ਕੁੱਤੇ ਇਸ ਕਦਰ ਨੋਚ ਦਿੰਦੇ ਹਨ ਕਿ ਅਨੇਕਾਂ ਲੋਕ ਆਪਣੀ ਜਾਨ ਦੀ ਆਹੂਤੀ ਪਾ ਚੁੱਕੇ ਹਨ। ਛੋਟੇ ਬੱਚਿਆਂ ਨੂੰ ਤਾਂ ਮਾਪੇ ਇਕੱਲੇ ਬਾਹਰ ਭੇਜਣ ਤੋਂ ਵੀ ਡਰਦੇ ਹਨ। ਜੇ ਹਨੇਰੇ ਪਏ ਕਿਤੇ ਜਾ ਰਹੇ ਹੋ ਤਾਂ ਕੁੱਤਿਆਂ ਪ੍ਰਤੀ ਜ਼ਰੂਰ ਸੁਚੇਤ ਰਹਿਣਾ। ਪਤਾ ਨਹੀਂ ਆਪਣੀ ‘ਵਫਾਦਾਰੀ’ ਦਾ ਹੀ ਸ਼ਾਇਦ ਮਨੁੱਖ ਕੋਲੋਂ ਕੋਈ ਬਦਲਾ ਲੈ ਰਹੇ ਹਨ। ਇਹ ਸੱਚਮੁੱਚ ਹੀ ਹੁਣ ਮਨੁੱਖ ਤੋਂ ‘ਉੱਤੇ’ ਹੋ ਗਏ ਹਨ। ਲਗਾਤਾਰ ਕੁੱਤਿਆਂ ਵੱਲੋਂ ਲੋਕ ਨੋਚੇ ਜਾ ਰਹੇ ਹਨ ਪਰ ਸਰਕਾਰਾਂ ਦੇ ਕੰਨਾਂ ’ਤੇ ਕੋਈ ਜੂੰਅ ਨਹੀਂ ਸਰਕਦੀ। ਹਰ ਗਲੀ ਮੋੜ ਚੁਰਾਹੇ ’ਤੇ ਕੁੱਤਿਆਂ ਦੀਆਂ ਧਾੜਾਂ ਦੀਆਂ ਧਾੜਾਂ ਤੁਹਾਨੂੰ ਖੌਫਜ਼ਦਾ ਕਰਨ ਲਈ ਹਾਜ਼ਰ ਹਨ। ਜੇ ਜਾਨਵਰਾਂ ਦੀ ਹਿਫਾਜ਼ਤ ਲਈ ਕਾਨੂੰਨ ਹੈ ਤਾਂ ਕੀ ਮਨੁੱਖ ਨੂੰ ਇਨ੍ਹਾਂ ਦੇ ਹਮਲਿਆਂ ਤੋਂ ਬਚਾਉਣ ਲਈ ਕੋਈ ਨਿਯਮ, ਕਾਨੂੰਨ ਨਹੀਂ ਹੈ?
ਰਾਤ-ਬਰਾਤੇ ਕਿਤੇ ਜਾਂਦਿਆਂ ਆਪਣੀ ਕਾਰ ਜਾਂ ਦੋ-ਪਹੀਆ ਵਾਹਨ ਵੀ ਹੌਲੀ ਤੇ ਸੁਚੇਤ ਹੋ ਕੇ ਚਲਾਇਓ, ਪਤਾ ਨਹੀਂ ਕਿਹੜੇ ਪਾਸਿਓਂ ਕੋਈ ‘ਗਊ ਮਾਤਾ’ ਤੁਹਾਡੀ ‘ਮੁਕਤੀ’ ਲਈ ਆ ਬਹੁੜੇ। ਨਿੱਤ ਵਾਪਰ ਰਹੇ ਹਨ ਅਜਿਹੇ ਭਿਆਨਕ ਹਾਦਸੇ। ਅਵਾਰਾ ਗਾਵਾਂ ਹਰ ਪਿੰਡ, ਸ਼ਹਿਰ ਤੇ ਕਸਬੇ ਦੀਆਂ ਸੜਕਾਂ ਮੱਲੀ ਬੈਠੀਆਂ ਹਨ। ਸੜਕਾਂ ’ਤੇ ਹਾਦਸੇ ਵਾਪਰ ਰਹੇ ਹਨ। ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਰਹੀਆਂ ਹਨ।ਸਰਕਾਰਾਂ ਕੋਲ ਤਾਂ ਅਜਿਹੇ ‘ਨਿਗੂਣੇ’ ਕੰਮਾਂ ਲਈ ਵਿਹਲ ਹੀ ਨਹੀਂ ਹੈ, ਫਿਰ ਇਹ ਚਿੰਤਾ ਕੌਣ ਕਰੇਗਾ?
ਸਰਕਾਰਾਂ ਲੋਕਾਂ ਦੀ ਜਾਨ-ਮਾਲ ਦੀ ਰਾਖੀ ਦੇ ਅਕਸਰ ਹੀ ਵਾਅਦੇ ਕਰਦੀਆਂ ਹਨ ਪਰ ਜ਼ਮੀਨੀ ਹਕੀਕਤਾਂ ਕੁਝ ਹੋਰ ਹਨ। ਕਿਸੇ ਵੀ ਭਿਆਨਕ ਹਾਦਸੇ ਲਈ ਹਰ ਤਰਫ ਹੀ ਮੌਤ ਦਾ ਪਹਿਰਾ ਹੈ। ਲੋਕਾਂ ਨੂੰ ਆਪ ਹੀ ਸੁਚੇਤ ਹੋਣਾ ਪੈਣਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5360)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: