“ਅਸਲ ਵਿੱਚ ਅੰਨ੍ਹੀ ਸ਼ਰਧਾ ਮਨੁੱਖ ਦੀ ਸੋਚਣ ਵਿਚਾਰਨ ਤੇ ਸਹੀ ਗਲਤ ਫੈਸਲੇ ਲੈਣ ਦੀ ਸ਼ਕਤੀ ਨੂੰ ਬਾਂਝ ਕਰ ਦਿੰਦੀ ਹੈ ...”
(11 ਮਈ 2023)
ਇਸ ਸਮੇਂ ਪਾਠਕ 272.
ਇਹ ਬਹੁਤ ਹੀ ਦੁਖਦਾਈ ਵਰਤਾਰਾ ਹੈ ਕਿ ਅਜੋਕੇ ਵਿਗਿਆਨ ਅਤੇ ਤਕਨਾਲੋਜੀ ਦੇ ਹੈਰਾਨਕੁਨ ਵਿਕਾਸ ਦੇ ਬਾਵਜੂਦ ਭਾਰਤੀ ਲੋਕਾਂ ਦੀ ਵੱਡੀ ਗਿਣਤੀ ਅੱਜ ਵੀ ਗੈਰ-ਵਿਗਿਆਨਕ ਤੇ ਤਰਕਹੀਣ ਸੋਚਾਂ ਦੇ ਰਾਹ ਪਈ ਹੋਈ ਹੈ। ਅਖਾਉਤੀ ਬਾਬਿਆਂ, ਤਾਂਤਰਿਕਾਂ ਤੇ ਲੋਕਾਂ ਦੀ ਸੋਚ ਨੂੰ ਖੁੰਡਾ ਕਰਨ ਵਾਲੇ ਡੇਰਿਆਂ ਨੇ ਪੂਰੇ ਸਮਾਜ ਵਿੱਚ ਆਪਣਾ ਭਰਮਜਾਲ ਵਿਛਾਇਆ ਹੋਇਆ ਹੈ। ਸ਼ਰਧਾਵਾਨਾਂ ਦੀਆਂ ਭੀੜਾਂ ਦਾ ਕੋਈ ਅੰਤ ਪਾਰਾਵਾਰ ਨਹੀਂ ਹੈ। ਕੁਝ ਸਾਲਾਂ ਵਿੱਚ ਹੀ ਸ਼ਰਧਾਲੂਆਂ ਦੀ ਅੰਨ੍ਹੀ ਲੁੱਟ ਨਾਲ ਡੇਰਿਆਂ ਦਾ ‘ਕਾਰੋਬਾਰ’ ਇੰਨਾ ਫੈਲ ਜਾਂਦਾ ਹੇ ਕਿ ਬੰਦਾ ਹੈਰਾਨ ਹੋਏ ਬਿਨਾਂ ਨਹੀਂ ਰਹਿ ਸਕਦਾ। ਇਹ ਹੋਰ ਵੀ ਹੈਰਾਨ ਕਰਨ ਵਾਲੀ ਸਥਿਤੀ ਹੈ ਕਿ ਆਪਣੇ ਕਾਲੇ ਕਾਰਨਾਮਿਆਂ ਦੀ ਬਦੌਲਤ ਅਪਰਾਧੀ ਬਣੇ ਬਹੁਤੇ ਸਾਧ ਹੁਣ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਹਨ, ਪਰ ਸ਼ਰਧਾਵਾਨਾਂ ਦੀਆਂ ਅੱਖਾਂ ਉੱਤੇ ਅਜੇ ਵੀ ਭਰਮ ਦੀ ਪੱਟੀ ਬੱਝੀ ਹੋਈ ਹੈ।
ਅਖਾਉਤੀ ਬਾਬਿਆਂ ਵੱਲੋਂ ਫੈਲਾਏ ਮਾਇਆਜਾਲ ਤੇ ਸ਼ਰਧਾਵਾਨਾਂ ਨਾਲ ਧ੍ਰੋਹ ਕਮਾਉਣ ਵਾਲਿਆਂ ਵਿੱਚ ਅਨੇਕਾਂ ਸਾਧ ਸ਼ਾਮਲ ਹਨ। ਸਿਰਸੇ ਵਾਲੇ ਰਾਮ ਰਹੀਮ ਦਾ ਮਾਮਲਾ ਤਾਂ ਅਜੇ ਬਹੁਤਾ ਪੁਰਾਣਾ ਨਹੀਂ ਹੋਇਆ, ਆਸੂ ਰਾਮ ਤੇ ਉਸ ਦੇ ਪੁੱਤਰ ਨਰਾਇਣ ਸਵਾਮੀ ਵੀ ਕਾਲੇ ਧੰਦਿਆਂ ਦਾ ਪਰਦਾ ਫਾਸ਼ ਹੋਣ ਤੋਂ ਬਾਅਦ ਸਲਾਖਾਂ ਪਿੱਛੇ ਬੰਦ ਹਨ। ਸਚਾਈ ਤਾਂ ਇਹ ਹੈ ਕਿ ਧਰਮ ਦੇ ਨਾਂ ’ਤੇ ਲੋਕਾਂ ਦੀ ਭਾਵਨਾ ਨਾਲ ਖਿਲਵਾੜ ਕਰਨ ਵਾਲੇ, ਸ਼ਰਧਾਲੂਆਂ ਨੂੰ ਦੋਹੀਂ-ਹੱਥੀਂ ਲੁੱਟਣ ਵਾਲੇ ਅਜਿਹੇ ਬਹੁਰੂਪੀਆਂ ਦੀ ਸੂਚੀ ਬਹੁਤ ਲੰਮੀ ਹੈ।
ਸ਼ਰਧਾਲੂਆ ਦੀ ਅੰਨ੍ਹੀ ਲੁੱਟ ਕਰਕੇ ਉਸਾਰੇ ਇਹ ਮਹਿਲ-ਨੁਮਾ ਡੇਰੇ ਇਨ੍ਹਾਂ ਅਖਾਉਤੀ ਬਾਬਿਆਂ ਦੀ ਨਿੱਜੀ ‘ਸਲਤਨਤ’ ਦੇ ਸਮਾਨ ਕਹੇ ਜਾ ਸਕਦੇ ਹਨ। ਵੱਡੇ ਵੱਡੇ ਸਿਆਸੀ ਨੇਤਾ ਅਜਿਹੇ ਬਾਬਿਆਂ ਦੇ ਪੈਰਾਂ ’ਤੇ ਸਿਰ ਰੱਖ ਕੇ ਮੱਥੇ ਰਗੜਦੇ ਦੇਖੇ ਜਾ ਸਕਦੇ ਹਨ। ਜਿਵੇਂ ਸਿਰਸਾ ਕਾਂਡ ਨੇ ਡੇਰੇ ਦੀ ਅੰਦਰਲੀ ਗਲਾਜ਼ਤ ਨੂੰ ਨੰਗਾ ਕੀਤਾ, ਲੋਕ ਦੰਦਾਂ ਹੇਠ ਜੀਭ ਦੇਣ ਲਈ ਮਜਬੂਰ ਹੋ ਗਏ ਸਨ। ਇਨ੍ਹਾਂ ਦੇ ਕਾਲੇ ਕਾਰਨਾਮਿਆਂ ਦੀਆਂ ਪਰਤਾਂ ਖੁੱਲ੍ਹਣ ਨਾਲ ਹਰ ਸੰਵੇਦਨਸ਼ੀਲ ਵਿਅਕਤੀ ਦਾ ਮਨ ਨਫਰਤ, ਗੁੱਸੇ ਅਤੇ ਦਰਦ ਨਾਲ ਤੜਪ ਉੱਠਿਆ ਸੀ। ਲੋਕ ਇਸ ਗੱਲੋਂ ਅਚੰਭਿਤ ਸਨ ਕਿ ਡੇਰਾ ਮੁਖੀ ਤੇ ਉਸ ਦਾ ਲਾਣਾ ਧਾਰਮਿਕ ਲਬਾਦੇ ਹੇਠ ਅਜਿਹੇ ਨਜਾਇਜ਼ ਅਤੇ ਅਨੈਤਿਕ ਕੰਮ ਕਿਵੇਂ ਬੇਰੋਕ ਟੋਕ ਕਰਦੇ ਰਹੇ। ਸਿਆਸੀ ਨੇਤਾਵਾਂ ਅਤੇ ਪੁਲੀਸ ਪ੍ਰਸ਼ਾਸਨ ਦੀ ਪੁਸ਼ਤਪਨਾਹੀ ਵੀ ਉਸ ਨੂੰ ਪੂਰੀ ਤਰ੍ਹਾਂ ਹਾਸਲ ਰਹੀ। ਇਸ ਤਰ੍ਹਾਂ ਹੀ ਆਸਾ ਰਾਮ ਨੇ ਸ਼ਰਧਾਲੂਆਂ ਨੂੰ ਦੋਹੀਂ ਹੱਥੀਂ ਲੁੱਟ ਕੇ 400 ਆਸ਼ਰਮਾਂ ਵਾਲਾ ਅਜਿਹਾ ‘ਸਾਮਰਾਜ’ ਸਿਰਜਿਆ, ਜਿੱਥੇ ਉਹ ਮਨ-ਆਈਆਂ ਕਰਦਾ ਰਿਹਾ। ਦਸ ਹਜ਼ਾਰ ਕਰੋੜ ਦੀ ਜਾਇਦਾਦ ਦੇ ਮਾਲਕ ਇਸ ਅਖਾਉਤੀ ਸਾਧ ਦੇ ਕਾਲੇ-ਕਾਰਨਾਮਿਆਂ ਦਾ ਸੱਚ ਵੀ ਹੁਣ ਉਜਾਗਰ ਹੋ ਚੁੱਕਾ ਹੈ। ਇਹ ਪਿਉ ਪੁੱਤ ਵੀ ਜਬਰ ਜਨਾਹ ਦੇ ਦੋਸ਼ੀ ਪਾਏ ਗਏ ਹਨ।
ਸੰਵਿਧਾਨ ਅਨੁਸਾਰ ਦੇਸ਼ ਦੇ ਹਰ ਨਾਗਰਿਕ ਨੂੰ ਕਿਸੇ ਵੀ ਧਰਮ ਨੂੰ ਮੰਨਣ ਜਾਂ ਧਾਰਮਿਕ ਰਹੁ-ਰੀਤਾਂ ਨਿਭਾਉਣ ਦੀ ਅਜ਼ਾਦੀ ਹੈ। ਭਾਰਤ ਕਈ ਧਰਮਾਂ, ਅਨੇਕਾਂ ਵਿਸ਼ਵਾਸਾਂ, ਅਨੇਕਾਂ ਸੱਭਿਆਚਾਰਕ ਰੀਤਾਂ, ਵੱਖੋ-ਵੱਖਰੀਆਂ ਪੂਜਾ ਵਿਧੀਆਂ, ਅਨੇਕਾਂ ਬੋਲੀਆਂ, ਖਾਣ-ਪੀਣ ਦੇ ਵਖਰੇਵਿਆਂ ਅਤੇ ਅਨੇਕਾਂ ਹੋਰ ਵਿਲੱਖਣਤਾਵਾਂ ਦੇ ਰੰਗ ਵਿੱਚ ਰੰਗਿਆ ਦੇਸ਼ ਹੈ। ਸੰਸਾਰ ਦੇ ਮੁੱਖ ਧਰਮ ਹਿੰਦੂ, ਮੁਸਲਿਮ, ਈਸਾਈ, ਸਿੱਖ, ਜੈਨੀ ਅਤੇ ਪਾਰਸੀ ਧਰਮਾਂ ਨੂੰ ਮੰਨਣ ਵਾਲਿਆਂ ਦੀ ਬਹੁਤ ਵੱਡੀ ਗਿਣਤੀ ਭਾਰਤ ਵਿੱਚ ਵਸੀ ਹੋਈ ਹੈ। ਇਸ ਤੋਂ ਬਿਨਾਂ ਇਸ ਦੇਸ਼ ਵਿੱਚ ਦੇਵੀ-ਦੇਵਤਿਆਂ ਦੀ ਗਿਣਤੀ ਵੀ ਕਰੋੜਾਂ ਵਿੱਚ ਹੈ। ਕਰੋੜਾਂ ਲੋਕ ਅੱਜ ਵੀ ਅਗਿਆਨਤਾ ਦੇ ਗੂੜ੍ਹੇ ਹਨ੍ਹੇਰੇ ਵਿੱਚ ਵਿਚਰਦੇ ਦੇਖੇ ਜਾ ਸਕਦੇ ਹਨ। ਪਿੰਡਾਂ, ਸ਼ਹਿਰਾਂ ਵਿੱਚ ਵੱਡੀ ਗਿਣਤੀ ਵਿੱਚ ਖੁੱਲ੍ਹੇ ਬਾਬਿਆਂ ਦੇ ਡੇਰਿਆਂ, ਤਾਂਤਰਿਕਾਂ ਦੇ ਅੱਡਿਆਂ ਤੇ ਬੇਨਾਮ ਅਤੇ ਅਗਿਆਤ ਕਬਰਾਂ ’ਤੇ ਜੁੜਦੀਆਂ ਸ਼ਰਧਾਲੂਆਂ ਦੀਆਂ ਭੀੜਾਂ ਤੋਂ ਇਹ ਸਪਸ਼ਟ ਹੈ ਕਿ ਕਰੋੜਾਂ ਲੋਕ ਜੀਵਨ ਦੀਆਂ ਦੁਸ਼ਵਾਰੀਆਂ ਵਿੱਚ ਉਲਝੇ, ਗਰੀਬੀ ਅਤੇ ਅਨਪੜ੍ਹਤਾ ਨਾਲ ਝੰਬੇ, ਮਾਨਸਿਕ ਤੌਰ ’ਤੇ ਕੁਝ ਮੌਲਿਕ ਸੋਚਣ ਤੋਂ ਅਸਮਰੱਥ, ਭੇਡ-ਚਾਲ ਦੇ ਸ਼ਿਕਾਰ ਹੋਏ ਕਿਸੇ ਚਮਤਕਾਰ ਦੀ ਆਸ ਵਿੱਚ ਭਟਕਣਾ ਦਾ ਸ਼ਿਕਾਰ ਹੋ ਚੁੱਕੇ ਹਨ।
ਡੇਰਿਆਂ ਵਾਲੇ ਆਪਣੇ ‘ਕਾਰੋਬਾਰ’ ਨੂੰ ਵੱਡੇ ਪੱਧਰ ਉੱਤੇ ਸਥਾਪਿਤ ਕਰਨ ਲਈ ਅਤੇ ਭੋਲੇ-ਭਾਲੇ ਸ਼ਰਧਾਲੂਆਂ ਦੀਆਂ ਭੀੜਾਂ ਆਪਣੇ ਡੇਰੇ ਨਾਲ ਜੋੜ ਕੇ ਸ਼ਰਧਾਲੂਆਂ ਵਿੱਚੋਂ ਹੀ ਕਈਆਂ ਨੂੰ ਡੇਰੇ ਦੇ ਪ੍ਰਚਾਰ ਦਾ ਜ਼ਿੰਮਾ ਸੌਂਪ ਦਿੰਦੇ ਹਨ। ਇਹ ਝੂਠਾ ਪ੍ਰਚਾਰ ਕੀਤਾ ਜਾਂਦਾ ਹੈ ਕਿ ਇਸ ਡੇਰੇ ਦਾ ‘ਬਾਬਾ’ ਬਹੁਤ ਹੀ ਕਰਨੀ ਵਾਲਾ ਅਤੇ ਰਿੱਧੀਆਂ-ਸਿੱਧੀਆਂ ਦਾ ਮਾਲਕ ਹੈ। ਬਾਬੇ ਦੇ ‘ਚਮਤਕਾਰਾਂ’ ਦੇ ਝੂੱਠੇ ਕਿੱਸੇ ਲੋਕਾਂ ਨੂੰ ਸੁਣਾਏ ਜਾਂਦੇ ਹਨ। ਹੌਲੀ ਹੌਲੀ ਦੁੱਖਾਂ ਕਸ਼ਟਾਂ ਵਿੱਚ ਗ੍ਰਸੇ ਲੋਕਾਂ ਦੀਆਂ ਭੀੜਾਂ ਜੁੜਨੀਆਂ ਸ਼ੁਰੂ ਹੋ ਜਾਂਦੀਆਂ ਹਨ। ਭੀੜਾਂ ਜੁੜਨਗੀਆਂ ਤਾਂ ਸ਼ਰਧਾਵਾਨ ਆਪਣੇ ਮਨ ਵਿੱਚ ਕਿਸੇ ਆਸ ਦੀ ਚਿਣਗ ਲਈ ਵਿਤੋਂ ਬਾਹਰੇ ਹੋ ਕੇ ਵੀ ਮਾਇਆ ਨਾਲ ਮੱਥੇ ਟੇਕਣਗੇ। ਸ਼ਰਧਾਲੂ ਔਖੇ ਹੋ ਕੇ ਵੀ ਕਿਸੇ ਪ੍ਰਾਪਤੀ ਦੀ ਆਸ ਵਿੱਚ ਆਪਣੀਆਂ ਸੁੱਖਾਂ ਲਾਹੁੰਦੇ ਹਨ। ਬਹੁਤੇ ਡੇਰਿਆਂ ਦੀਆਂ ਆਲੀਸ਼ਾਨ ਇਮਾਰਤਾਂ ਅਤੇ ਹੋਰ ਸੁਖ ਸਹੂਲਤਾਂ ਸ਼ਰਧਾਲੂਆਂ ਦੇ ਪੈਸੇ ਨਾਲ ਹੀ ਸੰਭਵ ਹੋ ਸਕੀਆਂ ਹਨ। ਜਿਸ ਤਰ੍ਹਾਂ ਇੱਕ ਡੇਰੇ ਦੀ ਜ਼ਮੀਨ ਜਾਇਦਾਦ, ਸਕੂਲ, ਕਾਲਜ, ਫੈਕਟਰੀਆਂ, ਅਤਿ ਮਹਿੰਗੀਆਂ ਗੱਡੀਆਂ ਦਾ ਕਾਫਲਾ, ਪੰਜ-ਤਾਰਾ ਹੋਟਲਾਂ ਵਾਲੇ ਐਸ਼-ਪ੍ਰਸਤੀ ਦੇ ਸਾਧਨਾਂ ਨਾਲ ਲੈਸ ਸੁਖ-ਸਹੂਲਤਾਂ, ਮਹਿੰਗੇ ਜਿੰਮ, ਪਿਕਨਿਕ ਸਪਾਟ ਅਤੇ ਹੋਰ ਅਨੇਕਾਂ ਪਰਤਾਂ ਜਿਉਂ ਜਿਉਂ ਖੁੱਲੀਆਂ, ਉਸ ਤੋਂ ਇਹ ਗੱਲ ਭਲੀਭਾਂਤ ਸਪਸ਼ਟ ਹੋ ਗਈ ਕਿ ਡੇਰੇ ਦੇ ਸੰਚਾਲਕਾਂ ਨੇ ਸ਼ਰਧਾਲੂਆਂ ਦੀ ਰੱਜ ਕੇ ਲੁੱਟ ਕੀਤੀ ਸੀ।
ਅਜਿਹੇ ਬਾਬਿਆਂ ਅਤੇ ਡੇਰਿਆਂ ਦਾ ਸਭ ਤੋਂ ਮਾੜਾ ਪੱਖ ਇਹ ਹੈ ਕਿ ਇਹ ਸ਼ਰਧਾਲੂਆਂ ਦੀ ਅੰਨ੍ਹੀ ਸ਼ਰਧਾ ਦਾ ਲਾਹਾ ਲੈ ਕੇ, ਉਨ੍ਹਾਂ ਨੂੰ ਅਗਿਆਨਤਾ ਦੇ ਰਾਹ ਪਾ ਕੇ ਉਨ੍ਹਾਂ ਦੀ ਸੋਚ ਨੂੰ ਖੁੰਢਾ ਕਰ ਰਹੇ ਹਨ। ਲੋਕਾਂ ਦੀਆਂ ਅੱਖਾਂ ਵਿੱਚ ‘ਚਮਤਕਾਰਾਂ’ ਦੇ ਸੁਪਨੇ ਸਜ਼ਾ ਕੇ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਬਿਮਾਰ ਕੀਤਾ ਜਾ ਰਿਹਾ ਸੀ। ਇਨ੍ਹਾਂ ਡੇਰਿਆਂ ਵਿੱਚ ਜਿਸ ਤਰ੍ਹਾਂ ਦੀ ਗੈਰ-ਵਿਗਿਆਨਕਤਾ ਫੈਲਾਈ ਜਾ ਰਹੀ ਸੀ, ਉਹ ਵੀ ਹੈਰਾਨ ਕਰਨ ਵਾਲੀ ਸੀ। ਇਹ ਬਹੁਤ ਹੀ ਹੈਰਾਨ ਕਰਨ ਵਾਲਾ ਅਤੇ ਦੁਖਦਾਈ ਪੱਖ ਹੈ ਕਿ ਮਾਪੇ ਅੰਨ੍ਹੀਂ ਸ਼ਰਧਾ ਦੀ ਬਦੌਲਤ ਲੋਕ ਆਪਣੀਆਂ ਜਵਾਨ ਧੀਆਂ ਕਿਵੇਂ ਡੇਰੇ ਦੇ ਸਪੁਰਦ ਕਰ ਦਿੰਦੇ ਸਨ। ਆਪੇ ਬਣੇ ਬਾਬਿਆਂ ਦੇ ਬਹੁਤੇ ਡੇਰਿਆਂ ਵਿੱਚ ਕੁੜੀਆਾਂ/ਔਰਤਾਂ ਨੂੰ ਧਰਮ ਦੀ ਆੜ ਵਿੱਚ ਵਰਗਲਾ ਕੇ ਅਨੈਤਿਕ ਕੰਮਾਂ ਲਈ ਵਰਤਿਆ ਜਾਂਦਾ ਹੈ। ਪਰਦਿਆਂ ਪਿੱਛੇ ਕਾਲੇ-ਕਾਰਨਾਮਿਆਂ ਦਾ ਸੱਚ, ਕਿਸੇ ਨਾ ਕਿਸੇ ਦਿਨ ਆਖਰ ਪ੍ਰਗਟ ਹੋ ਹੀ ਜਾਂਦਾ ਹੈ।
ਅਸਲ ਵਿੱਚ ਅੰਨ੍ਹੀ ਸ਼ਰਧਾ ਮਨੁੱਖ ਦੀ ਸੋਚਣ ਵਿਚਾਰਨ ਤੇ ਸਹੀ ਗਲਤ ਫੈਸਲੇ ਲੈਣ ਦੀ ਸ਼ਕਤੀ ਨੂੰ ਬਾਂਝ ਕਰ ਦਿੰਦੀ ਹੈ। ਪਿਛਲੇ ਕੁਝ ਸਾਲਾਂ ਵਿੱਚ ਜਿਸ ਪ੍ਰਕਾਰ ਪੰਜਾਬ ਵਿੱਚ ਡੇਰਿਆਂ ਦਾ ਪਾਸਾਰਾ ਹੋਇਆ ਹੈ, ਉਸ ਤੋਂ ਇਹ ਅਨੁਮਾਨ ਲਾਉਣਾ ਔਖਾ ਨਹੀਂ ਕਿ ਪੰਜਾਬ ਦੇ ਲੋਕ ਪਹਿਲਾਂ ਤੋਂ ਕਿਤੇ ਵੱਧ ਵਹਿਮਾਂ-ਭਰਮਾਂ ਅਤੇ ਗੈਰ-ਵਿਗਿਆਨਕ ਸੋਚਣੀ ਦੇ ਸ਼ਿਕਾਰ ਹੋ ਚੁੱਕੇ ਹਨ। ਦੰਭੀ ਬਾਬਿਆਂ ਦੇ ਅਖਾਉਤੀ ਭਰਮਜਾਲ ਵਿੱਚ ਫਸ ਕੇ ਲੋਕ ਆਪਣੀ ਸੁੱਧ-ਬੁੱਧ ਹੀ ਗਵਾਈ ਜਾ ਰਹੇ ਹਨ। ਜਬਰ-ਜਨਾਹ ਅਤੇ ਕਤਲ ਦੇ ਇਲਜ਼ਾਮ ਵਿੱਚ ਸਜ਼ਾ-ਜ਼ਾਫਤਾ ਅਪਰਾਧੀ ਨੂੰ ਵਾਰ ਵਾਰ ਪੈਰੋਲ ਦੇ ਕੇ ਹਰਿਆਣਾ ਸਰਕਾਰ ਸਪਸ਼ਟ ਰੂਪ ਵਿੱਚ ਆਪਣੇ ਸਿਆਸੀ ਹਿਤ ਪਾਲ ਰਹੀ ਹੈ। ਘਿਨਾਉਣੇ ਜੁਰਮਾਂ ਵਿੱਚ ਕੈਦ ਭੁਗਤ ਰਹੇ ਮੁਜਰਿਮ ਬਾਰੇ ਇਹ ਕਹਿਣਾ ਕਿ ਉਹ ਕਿਹੜਾ ‘ਹਾਰਡ ਕੋਰ’ ਅਪਰਾਧੀ ਹੈ, ਕਾਨੂੰਨ ਦਾ ਮਜ਼ਾਕ ਉਡਾਉਣ ਬਰਾਬਰ ਹੈ।
ਇਹ ਗੱਲ ਮੰਨੀ ਜਾ ਸਕਦੀ ਹੈ ਕਿ ਅਨਪੜ੍ਹ ਲੋਕ ਚਮਤਕਾਰੀ ਮਾਇਆਜਾਲ ਵਿੱਚ ਛੇਤੀ ਫਸ ਜਾਂਦੇ ਹਨ। ਪਰ ਅਨੇਕਾਂ ਪੜ੍ਹੇ ਲਿਖੇ ਲੋਕਾਂ ਦਾ ਤਰਕਹੀਣਤਾ ਦੇ ਰਾਹ ਤੁਰ ਪੈਣਾ ਬਹੁਤ ਦੁਖਦਾਈ ਹੈ। ਇਨ੍ਹਾਂ ਡੇਰਿਆਂ ਵਿੱਚ ਵੱਡੀ ਗਿਣਤੀ ਸ਼ਰਧਾਲੂ ਅਨਪੜ੍ਹਤਾ ਦੇ ਹਨ੍ਹੇਰੇ ਵਿੱਚ ਵਿਚਰਦੇ ਹੋ ਸਕਦੇ ਹਨ, ਪਰ ਇਹ ਗੱਲ ਵੀ ਤਾਂ ਹੈਰਾਨ ਕਰਨ ਵਾਲੀ ਹੈ ਕਿ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਵੀ ਇਨ੍ਹਾਂ ਡੇਰਿਆਂ ਦਾ ਹਿੱਸਾ ਹੋਣਗੇ, ਉਹ ਵੀ ਡੇਰੇ ਵਿੱਚ ਵਾਪਰ ਰਹੀਆਂ ਅਨੈਤਿਕ ਤੇ ਗੈਰ-ਵਿਗਿਆਨਕ ਗਤੀ-ਵਿਧੀਆਂ ਦੇ ਖਿਲਾਫ ਕਿਉਂ ਨਹੀਂ ਬੋਲੇ। ਇਸ ਤਰ੍ਹਾਂ ਦੀ ਅੰਨ੍ਹੀ ਸ਼ਾਰਧਾ ਨੇ ਹੀ ਡੇਰਿਆਂ ਨੂੰ ਆਪਹੁਦਰੀਆਂ ਕਰਨ ਦੇ ਰਾਹ ਤੋਰ ਦਿੱਤਾ ਹੈ। ਪ੍ਰਸ਼ਾਸਨਿਕ ਅਤੇ ਸਿਆਸੀ ਤੌਰ ’ਤੇ ਵੀ ਬਹੁਤੇ ਡੇਰਿਆਂ ਨੂੰ ਪੁਸ਼ਤਪਨਾਹੀ ਹਾਸਲ ਹੈ।
ਹਰ ਪਾਰਟੀ ਦੇ ਸਿਆਸੀ ਨੇਤਾਵਾਂ ਦੀ ਇਨ੍ਹਾਂ ਡੇਰਿਆਂ ਨਾਲ ਨੇੜਤਾ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ। ਹਰ ਚੋਣ ਸਮੇਂ ਸਾਰੀਆਂ ਸਿਆਸੀ ਜਮਾਤਾਂ ਦੇ ਨੇਤਾ ਡੇਰਿਆਂ ਨਾਲ ਜੁੜੇ ਸ਼ਾਰਧਾਲੂਆਂ ਦੀਆਂ ਵੋਟਾਂ ਆਪਣੇ ਪੱਖ ਵਿੱਚ ਕਰਨ ਲਈ ਇਨ੍ਹਾਂ ਅਖਾਉਤੀ ਬਾਬਿਆਂ ਦੇ ਪੈਰੀਂ ਢਹਿੰਦੇ ਦੇਖੇ ਜਾ ਸਕਦੇ ਹਨ। ਇਹ ਵਰਤਾਰਾ ਵੀ ਹੈਰਾਨ ਕਰਨ ਵਾਲਾ ਹੈ ਕਿ ਸ਼ਰਧਾਲੂਆਂ ਦੀ ਵੱਡੀ ਗਿਣਤੀ ਵਿੱਚੋਂ ਕਿਸੇ ਨੂੰ ਵੀ ਡੇਰਿਆਂ ਦੇ ਪ੍ਰਮੁੱਖ ਬਾਬਿਆਂ ਦੇ ਚਿਹਰੇ ਦੇ ਹਾਵ-ਭਾਵ, ਸਰੀਰਕ ਮੁਦਰਾਵਾਂ, ਐਸ਼-ਪ੍ਰਸਤੀ ਵਾਲੀ ਜੀਵਨ-ਸ਼ੈਲੀ ਅਤੇ ਬੋਲਚਾਲ ਤੋਂ ਕਦੇ ਇਹ ਸ਼ੱਕ ਨਹੀਂ ਪੈਦਾ ਹੋਇਆ ਕਿ ਇਨ੍ਹਾਂ ਬਾਬਿਆਂ ਦੇ ਚਿਹਰੇ ’ਤੇ ‘ਨਕਾਬ’ ਚੜ੍ਹਿਆ ਹੋਇਆ ਹੈ। ਸ਼ਰਧਾਵਾਨਾਂ ਨੂੰ ਆਰਥਿਕ ਰੂਪ ਵਿੱਚ ਵੀ ਬਹੁਤ ਸ਼ਾਤਰਾਨਾ ਢੰਗ ਨਾਲ ਲੁੱਟਿਆ ਜਾਂਦਾ ਹੈ ਤੇ ਉਨ੍ਹਾਂ ਦਾ ਸਰੀਰਕ ਤੇ ਮਾਨਸਿਕ ਸ਼ੋਸ਼ਣ ਵੀ ਕੀਤਾ ਜਾਂਦਾ ਹੈ।
ਇਹ ਬਹੁਤ ਤਸੱਲੀ ਵਾਲੀ ਗੱਲ ਹੈ ਕਿ ਕੁਝ ਅਖਾਉਤੀ ਬਾਬੇ ਕਾਨੂੰਨ ਦੇ ਲੰਮੇ ਹੱਥਾਂ ਤੋਂ ਨਹੀਂ ਬਚ ਸਕੇ ਤੇ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਆਪਣੇ ਜੁਰਮਾਂ ਦੀ ਸਜ਼ਾ ਭੁਗਤ ਰਹੇ ਹਨ। ਪਰ ਅੱਜ ਵੀ ਅਜਿਹੇ ਡੇਰਿਆਂ ਉੱਤੇ ਭੀੜਾਂ ਦਾ ਕੋਈ ਅੰਤ ਪਾਰਾਵਾਰ ਨਹੀਂ ਹੈ। ਸ਼ਰਧਾਲੂਆਂ ਨੂੰ ਵੀ ਬਹੁਤ ਗੰਭੀਰਤਾ ਨਾਲ ਅਤੇ ਸੁਚੇਤ ਹੋ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਨ ਦੀ ਲੋੜ ਹੈ। ਹੁਣ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਇਹ ਬਾਬੇ ਆਪਣੇ ਆਪ ਬਣੇ ‘ਰੱਬ’ ਹਨ ਤੇ ਅੰਨ੍ਹੇ ਵਿਸ਼ਵਾਸ ਨੇ ਇਨ੍ਹਾਂ ਨੂੰ ਚਮਤਕਾਰੀ ਦੇਵ-ਪੁਰਸ਼ ਮੰਨਣ ਦਾ ਭਰਮ ਪਾਲਿਆ ਹੋਇਆ ਹੈ। ਜੇ ਲੋਕ ਅਜੇ ਵੀ ਨਾ ਸਮਝੇ ਤਾਂ ਸੁਭਾਵਿਕ ਹੈ ਕਿ ਇਹ ਵਰਤਾਰਾ ਇੰਜ ਹੀ ਜਾਰੀ ਰਹੇਗਾ। ਕਿਸੇ ਸਰਕਾਰ ਨੇ ਇਨ੍ਹਾਂ ਡੇਰਿਆਂ ਨੂੰ ਬੰਦ ਨਹੀਂ ਕਰਨਾ ਤੇ ਵੋਟ ਰਾਜਨੀਤੀ ਦੀ ਖਾਤਰ ਆਪਣੀ ਸਰਪ੍ਰਸਤੀ ਵੀ ਜਾਰੀ ਰੱਖਣੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3963)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)