“ਨਸ਼ਾ ਵੇਚਣ ਵਾਲੇ ਘਰ ਦੀ ਇਕ ਔਰਤ ਨੇ ਠਾਣੇਦਾਰ ਨੂੰ ਪਾਸੇ ਕਰ ਕੇ ਕਿਹਾ, ...”
(25 ਜਨਵਰੀ 2017)
ਨਸ਼ਿਆਂ ਦੇ ਪ੍ਰਕੋਪ ਸਬੰਧੀ ਲੋਕਾਂ ਨੂੰ ਜਾਗ੍ਰਿਤ ਕਰਨ ਲਈ ਕੀਤੇ ਗਏ ਇਕ ਸਮਾਗਮ ਵਿਚ ਕੁਝ ਹੋਰ ਬੁਲਾਰਿਆਂ ਸਮੇਤ ਮੈਂ ਵੀ ਹਾਜ਼ਰ ਸਾਂ। ਸਰੋਤਿਆਂ ਵਿਚ ਬਹੁਤੀ ਗਿਣਤੀ ਡਰਾਇਵਰ ਭਾਈਚਾਰੇ ਦੀ ਸੀ। ਕੁਝ ਨੌਜਵਾਨਾਂ ਨੂੰ ਛੱਡ ਕੇ ਬਹੁ-ਗਿਣਤੀ ਅੱਧਖੜ ਜਿਹੇ, ਪੰਜਾਹਾਂ ਸੱਠਾਂ ਨੂੰ ਢੁੱਕੇ ਵਿਅਕਤੀਆਂ ਦੀ ਸੀ। ਸਿਰਾਂ ’ਤੇ ਡੱਬੀਆਂ ਵਾਲੇ ਪਰਨੇ, ਚਿਹਰਿਆਂ ’ਤੇ ਤਣਾਅ ਭਰੀਆਂ ਝੁਰੜੀਆਂ, ਬੁਝੀਆਂ ਜਿਹੀਆਂ ਅੱਖਾਂ ਤੇ ਮਾੜਕੂ ਜਿਹੇ ਸਰੀਰਾਂ ਵਾਲੇ ਇਨ੍ਹਾਂ ਡਰਾਇਵਰਾਂ ਵਲ ਪਹਿਲੀ ਨਜ਼ਰੇ ਵੇਖਿਆਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਇਹ ਕਿਸੇ ਨਾਂ ਕਿਸੇ ਨਸ਼ੇ ਦੇ ਜ਼ਰੂਰ ਆਦੀ ਹੋਣਗੇ। ਬੁਲਾਰਿਆਂ ਨੇ ਨਸ਼ਿਆਂ ਕਾਰਨ ਬਦਤਰ ਹੋ ਰਹੀ ਸਥਿਤੀ ਅਤੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਨਾਲ ਸਾਡਾ ਸਮਾਜਿਕ ਜੀਵਨ ਕਿਸ ਤਰ੍ਹਾਂ ਨਿਘਾਰ ਦੀ ਚਰਮ-ਸੀਮਾ ਤੱਕ ਪਹੁੰਚ ਚੁੱਕਾ ਹੈ, ਬਾਰੇ ਵਿਸਥਾਰ ਨਾਲ ਚਾਨਣਾ ਪਾਉਣਾ ਸ਼ੁਰੂ ਕੀਤਾ। ਇਹ ਵੀ ਚਰਚਾ ਹੋਈ ਕਿ ਹਕੂਮਤੀ ਧਿਰ ਅਜੇ ਵੀ ਇਹ ਮੰਨਣ ਲਈ ਤਿਆਰ ਨਹੀਂ ਹੈ ਕਿ ਪੰਜਾਬ ਵਿਚ ਨਸ਼ਿਆਂ ਦੀ ਕੋਈ ਗੰਭੀਰ ਸਮੱਸਿਆ ਹੈ। ਹੋਰ ਸਿਆਸੀ ਧਿਰਾਂ ਵੀ ਪੰਜਾਬ ਨੂੰ ਇਸ ਕੋਹੜ ਤੋਂ ਬਚਾਉਣ ਲਈ ਕੋਈ ਸੁਹਿਰਦ ਉਪਰਾਲਾ ਕਰਨ ਦੀ ਥਾਂ, ਸਿਆਸੀ ਦੂਸ਼ਣਬਾਜੀ ਕਰਕੇ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਲਾਹਾ ਲੈਣ ਦੀ ਤਾਕ ਵਿਚ ਹਨ।
ਇਕ ਡਾਕਟਰ ਸਾਹਿਬ ਨੇ ਨਸ਼ਿਆਂ ਦੇ ਮਨੁੱਖੀ ਸਿਹਤ ’ਤੇ ਪੈਂਦੇ ਬੁਰੇ ਪ੍ਰਭਾਵਾਂ ਬਾਰੇ ਗੱਲ ਸਮਝਾਈ। ਸਰੋਤੇ ਬਹੁਤ ਧਿਆਨ ਪੂਰਵਕ ਬੁਲਾਰਿਆ ਦੀਆਂ ਗੱਲਾਂ ਸੁਣਦੇ ਰਹੇ। ਕਦੇ ਕਦੇ ਥੋੜ੍ਹੀ ਜਿਹੀ ਘੁਸਰ-ਮੁਸਰ ਹੁੰਦੀ। ਇਕ ਦੋ ਨੇ ਇਹ ਵੀ ਕਿਹਾ ਕਿ ਤੁਸੀਂ ਕਹਿੰਦੇ ਹੋ ਸ਼ਰਾਬ ਬਹੁਤ ਮਾੜੀ ਆ ਪਰ ਸਰਕਾਰ ਤਾਂ ਇਹਨੂੰ ਨਸ਼ਾ ਹੀ ਨਹੀਂ ਮੰਨਦੀ। ਇਕ ਪੱਤਰਕਾਰ ਨੇ ਤਾਂ ਇਹ ਵੀ ਦੱਸਿਆ ਕਿ ਨਸ਼ਿਆਂ ਦੀ ਵਿਕਰੀ ਹੋਣ ਬਾਰੇ ਜਦੋਂ ਪੁਲਿਸ ਪਾਰਟੀ ਪਿੰਡ ਪਹੁੰਚੀ ਤਾਂ ਨਸ਼ਾ ਵੇਚਣ ਵਾਲੇ ਘਰ ਦੀ ਇਕ ਔਰਤ ਨੇ ਠਾਣੇਦਾਰ ਨੂੰ ਪਾਸੇ ਕਰ ਕੇ ਕਿਹਾ, “ਅਸੀਂ ਤਾਂ ਤੁਹਾਡਾ ਹਿਸਾਬ ਪਰਸੋਂ ਹੀ ਕਰ ਆਏ ਹਾਂ, ਹੁਣ ਤੁਸੀਂ ਕੀ ਕਰਨ ਆਏ ਹੋ?” ਸਰੋਤਿਆ ਵਿਚ ਚੰਗਾ ਹਾਸਾ ਮਚਿਆ।
ਜਦੋਂ ਸਾਰੇ ਬੁਲਾਰੇ ਬੋਲ ਹਟੇ ਤਾਂ ਸਰੋਤਿਆਂ ਵਿਚ ਬੈਠਾ ਇਕ ਅਧਖੜ ਜਿਹਾ ਬੰਦਾ ਸਟੇਜ ’ਤੇ ਆ ਗਿਆ। ਉਹਦੇ ਚਿਹਰੇ ਤੋਂ ਉਦਾਸੀ ਝਲਕਦੀ ਸੀ ਪਰ ਉਸ ਨੇ ਆਪਣੀ ਗੱਲ ਦੱਸਣੀ ਸ਼ੁਰੂ ਕੀਤੀ। ਉਹ ਕਹਿਣ ਲੱਗਾ, “ਮੈਂ ਫੌਜੀ ਬੰਦਾ ਹਾਂ। ਮੈਂ ਬੱਚਿਆਂ ਦੀ ਖਾਤਰ ਕਈ ਸਾਲ ਪਹਿਲਾਂ ਸ਼ਰਾਬ ਛੱਡ ਦਿੱਤੀ ਸੀ। ਮਾੜੀ ਹਾਲਤ ਹੋਣ ਦੇ ਬਾਵਜੂਦ ਆਪਣੇ ਦੋਵੇਂ ਬੱਚਿਆਂ ਨੂੰ ਉੱਚ ਵਿੱਦਿਆ ਦੁਆਈ। ਕੋਈ ਵੀ ਮਨ ਦੀ ਰੀਝ ਪੂਰੀ ਨਹੀਂ ਕੀਤੀ। ਬੱਸ ਇੱਕੋ ਨਿਸ਼ਾਨਾ ਸੀ ਕਿ ਮੇਰੇ ਬੱਚੇ ਚੰਗੀ ਸਿੱਖਿਆ ਹਾਸਲ ਕਰਕੇ ਆਪਣੇ ਪੈਰਾਂ ’ਤੇ ਖੜ੍ਹੇ ਹੋ ਜਾਣ, ਫਿਰ ਘਰ ਦੇ ਧੋਣੇ ਧੋਤੇ ਜਾਣਗੇ। ਪਰ ਮੇਰੀਆਂ ਸਭ ਆਸਾਂ ’ਤੇ ਪਾਣੀ ਫਿਰ ਗਿਆ। ਮੇਰੇ ਬੱਚਿਆਂ ਨੂੰ ਅਜੇ ਤੱਕ ਕੋਈ ਨੌਕਰੀ ਨਹੀਂ ਮਿਲੀ। ਮੈਂ ਘਰ ਦੀ ਸਾਰੀ ਪੂੰਜੀ ਹੂੰਝ ਕੇ ਉਨ੍ਹਾਂ ’ਤੇ ਖਰਚ ਦਿੱਤੀ । ਹੁਣ ਬੇਰੋਜ਼ਗਾਰੀ ਦੇ ਤਣਾਉ ਕਰਕੇ ਸਾਰਾ ਟੱਬਰ ਹੀ ਮਾਨਸਿਕ ਪ੍ਰੇਸ਼ਾਨੀ ਵਿੱਚੋਂ ਗੁਜ਼ਰ ਰਿਹਾ ਹੈ। ਮੈਨੂੰ ਦਿਨ ਰਾਤ ਡਰ ਲਗਾ ਰਹਿੰਦਾ ਹੈ ਕਿ ਜਿਨ੍ਹਾਂ ਬੱਚਿਆਂ ਨੂੰ ਮੈਂ ਨਸ਼ਿਆਂ ਤੋਂ ਬਚਾਉਂਦਾ ਰਿਹਾ, ਉਹ ਬੇਰੁਜ਼ਗਾਰੀ ਦੇ ਦਰਦ ਕਰਕੇ ਕਿਸੇ ਨਸ਼ੇ ਦਾ ਸਹਾਰਾ ਨਾ ਲੈਣ ਲੱਗ ਜਾਣ। ਘਰੋਂ ਬਾਹਰ ਗਏ ਬੱਚੇ ਜੇ ਥੋੜ੍ਹਾ ਜਿਹਾ ਵੀ ਲੇਟ ਹੋ ਜਾਣ ਤਾਂ ਮੇਰਾ ਤ੍ਰਾਹ ਨਿਕਲ ਜਾਂਦਾ ਹੈ। ਭੈੜੇ ਤੇ ਨਿਰਾਸ਼ਾਵਾਦੀ ਵਿਚਾਰਾਂ ਨਾਲ ਮਨ ਡਰ ਜਾਂਦਾ ਹੈ ਕਿ ਮੇਰੇ ਬੱਚੇ ਕਿਸੇ ਗਲਤ ਰਾਹ ਨਾ ਤੁਰ ਪੈਣ। ਕਦੇ ਕਦੇ ਜਦੋਂ ਬੱਚੇ ਚੁੱਪ ਚਾਪ ਆਪਣੇ ਕਮਰੇ ਵਿਚ ਸਾਰਾ ਦਿਨ ਬੈਠੇ ਰਹਿੰਦੇ ਹਨ ਤਾਂ ਮੈਂ ਕਨਸੋਆਂ ਲੈਂਦਾ ਰਹਿੰਦਾ ਹਾਂ ਕਿ ਇਹ ਨਿਰਾਸ਼ਾ ਦੇ ਆਲਮ ਵਿਚ ਕੋਈ ਗਲਤ ਕਦਮ ਨਾ ਚੁੱਕ ਲੈਣ। ਜਦੋਂ ਵੀ ਕਦੇ ਕਿਸੇ ਨੌਕਰੀ ਦੀ ਇੰਟਰਵਿਊ ਲਈ ਜਾਂਦੇ ਹਨ ਤਾਂ ਹਰ ਵਾਰ ਨਿਰਾਸ਼ ਪਰਤ ਆਉਂਦੇ ਹਨ। ਸਰਕਾਰੀ ਨੌਕਰੀਆਂ ਦਾ ਤਾਂ ਉਂਜ ਹੀ ਕਾਲ ਪੈ ਗਿਆ ਹੈ ਤੇ ਪਰਾਈਵੇਟ ਅਦਾਰਿਆਂ ਦੇ ਬਾਹਰ ਬੇਰੋਜ਼ਗਾਰਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਮੇਰੇ ਕੋਲ ਤਾਂ ਬਹੁਤੀ ਜ਼ਮੀਨ ਜਾਇਦਾਦ ਵੀ ਨਹੀਂ ਕਿ ਵੇਚ ਕੇ ਉਨ੍ਹਾਂ ਨੂੰ ਬਾਹਰਲੇ ਦੇਸ਼ ਭੇਜ ਦਿਆਂ। ਤੁਸੀਂ ਤਾਂ ਸਾਰੇ ਮਾਹਰ ਹੋ, ਮੈਨੂੰ ਦੱਸੋ, ਮੈਂ ਕੀ ਕਰਾਂ?”
ਉਹਦਾ ਮਨ ਏਨਾ ਭਰ ਗਿਆ ਕਿ ਉਹ ਅੱਗੇ ਕੁਝ ਵੀ ਬੋਲ ਨਾ ਸਕਿਆ। ਸਾਡੇ ਕੋਲ ਉਸਦੇ ਦਰਦ ਦਾ ਕੋਈ ਜਵਾਬ ਨਹੀਂ ਸੀ। ਪੰਜਾਬ ਦੇ ਹਜ਼ਾਰਾਂ ਨੌਜਵਾਨ ਡਿਗਰੀਆਂ ਦੇ ਥੱਬੇ ਚੁੱਕੀ ਬੇਰੋਜ਼ਗਾਰੀ ਦਾ ਸੰਤਾਪ ਹੰਢਾਉਂਦੇ ਨਸ਼ਿਆਂ ਦੇ ਰਾਹ ਤੁਰਨ ਲਈ ਮਜਬੂਰ ਹਨ। ਕੋਈ ਇਨ੍ਹਾਂ ਦੀ ਬਾਂਹ ਫੜਨ ਵਾਲਾ ਨਹੀਂ। ਕੀ ਤੁਹਾਡੇ ਕੋਲ ਹੈ ਇਸ ਸਮੱਸਿਆ ਦਾ ਹੱਲ?
*****
(983)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)