“ਇਹ ਇੰਨਾ ਸੌਖਾ ਤਾਂ ਨਹੀਂ ਪਰ ਲੋਕਾਂ ਲਈ ਇਹ ਕਿਸੇ ਵਰਦਾਨ ਤੋਂ ਘੱਟ ਵੀ ਨਹੀਂ ...”
(5 ਜੁਲਾਈ 2025)
ਗੌਰਤਲਬ ਹੈ ਕਿ ਬੀਤੇ ਦਿਨੀਂ ਵਿਜੀਲੈਂਸ ਵਿਭਾਗ ਵੱਲੋਂ ਬਿਕਰਮ ਮਜੀਠੀਆ ਖਿਲਾਫ਼ ਐਕਸ਼ਨ ਲੈਂਦਿਆਂ ਗ੍ਰਿਫ਼ਤਾਰੀ ਪਾਈ ਗਈ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮਾਨਯੋਗ ਅਦਾਲਤ ਵੱਲੋਂ ਸੱਤ ਦਿਨ ਦਾ ਰਿਮਾਂਡ ਲਿਆ ਗਿਆ ਹੈ। ਦੱਸ ਦੇਈਏ ਕਿ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਗਿਆ ਸੀ। ਵਿਜੀਲੈਂਸ ਦਾ ਕਹਿਣਾ ਕਿ ਬਿਕਰਮ ਮਜੀਠੀਆ ਨੇ ਇਹ ਜਾਇਦਾਦ ਕਿਵੇਂ ਖੜ੍ਹੀ ਕੀਤੀ, ਇਸਦੀ ਜਾਂਚ ਤੋਂ ਬਾਅਦ ਪਤਾ ਲੱਗੇਗਾ। ਭਾਵੇਂ ਸ਼੍ਰੋਮਣੀ ਅਕਾਲੀ ਦਲ ਸਣੇ ਕਾਂਗਰਸ ਅਤੇ ਭਾਜਪਾ ਦੇ ਲੀਡਰਾਂ ਵੱਲੋਂ ਵੀ ਬਿਕਰਮ ਮਜੀਠੀਆ ਦੀ ਗ੍ਰਿਫ਼ਤਾਰੀ ਨੂੰ ਲੈਕੇ ਸਰਕਾਰ ਉੱਤੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਾਏ ਗਏ ਹਨ ਪਰ ਇਸ ਗ੍ਰਿਫ਼ਤਾਰੀ ਨੂੰ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਵਿਜੀਲੈਂਸ ਵਿਭਾਗ ਵੱਲੋਂ ਕੇਸ ਭਾਵੇਂ ਹੋਰ ਦਰਜ ਕੀਤਾ ਗਿਆ ਹੈ ਪਰ ਸਰਕਾਰ ਵੱਲੋਂ ਪ੍ਰਚਾਰਿਆ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨਾਲ ਜੋੜ ਕੇ ਜਾ ਰਿਹਾ ਹੈ ਕਿਉਂਕਿ ਪੰਜਾਬ ਦੇ ਵੱਡੀ ਗਿਣਤੀ ਲੋਕ ਨਸ਼ਿਆਂ ਨੂੰ ਅਕਾਲੀ ਦਲ ਦੀ ਦੇਣ ਹੀ ਮੰਨਦੇ ਹਨ, ਜਿਸ ਵਿੱਚ ਪਹਿਲਾ ਨਾਮ ਬਿਕਰਮ ਮਜੀਠੀਆ ਦਾ ਹੀ ਆਉਂਦਾ ਹੈ। ਭਾਵੇਂ ਸੁਖਬੀਰ ਬਾਦਲ ਨੇ ਕਿਹਾ ਕਿ ਇਸ ਮਾਮਲੇ ਵਿੱਚ ਹਾਈ ਕੋਰਟ ਨੇ ਇਹ ਵੀ ਕਿਹਾ ਸੀ ਕਿ ਪੰਜਾਬ ਪੁਲਿਸ ਕੋਲ ਬਿਕਰਮ ਮਜੀਠੀਆ ਵਿਰੁੱਧ ਕੋਈ ਸਬੂਤ ਨਹੀਂ ਹੈ, ਇਸ ਕਰਕੇ ਹਾਈ ਕੋਰਟ ਨੇ ਮਜੀਠੀਆ ਨੂੰ ਜ਼ਮਾਨਤ ਦੇ ਦਿੱਤੀ। ਸੁਖਬੀਰ ਬਾਦਲ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਮਜੀਠੀਆ ਖਿਲਾਫ਼ ਕਾਰਵਾਈ ਕਰਨ ਲਈ 5 ਐੱਸਆਈਟੀ ਬਣਾਈਆਂ ਪਰ ਕਿਸੇ ਨੂੰ ਕੁਝ ਨਹੀਂ ਮਿਲਿਆ। ਈ ਡੀ ਜੋ ਕਿ ਸਭ ਤੋਂ ਵੱਡੀ ਜਾਂਚ ਏਜੰਸੀ ਹੈ, ਉਸ ਨੂੰ ਵੀ ਇਸ ਮਾਮਲੇ ਵਿੱਚ ਕੁਝ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਮਜੀਠੀਆ ਦੀ ਜ਼ਮਾਨਤ ਰੱਦ ਕਰਵਾਉਣ ਲਈ ਮਾਨ ਸਰਕਾਰ ਸੁਪਰੀਮ ਕੋਰਟ ਗਈ ਪਰ ਸੁਪਰੀਮ ਕੋਰਟ ਨੇ ਵੀ ਇਹ ਸਵੀਕਾਰ ਕੀਤਾ ਕਿ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਸਹੀ ਗੱਲ ਕਹੀ ਹੈ ਤੇ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਬਰਕਰਾਰ ਰੱਖੀ। ਪਰ ਐੱਸ ਆਈ ਟੀ ਦੇ ਹੈੱਡ ਨਿਰੰਜਨ ਸਿੰਘ ਨੇ ਹੋਰ ਹੀ ਗੱਲ ਕਹਿ ਦਿੱਤੀ ਕਿ ਜਦੋਂ ਰਿਪੋਰਟ ਪੇਸ਼ ਕਰਨੀ ਸੀ, ਉਸ ਵਕਤ ਮੇਰੀ ਬਦਲੀ ਕਰ ਦਿੱਤੀ। ਜੋ ਰਿਪੋਰਟ ਮੈਂ ਦਿੱਤੀ ਸੀ, ਉਸ ਨੂੰ ਦਬਾਆ ਦਿੱਤਾ ਗਿਆ। ਨਿਰੰਜਨ ਸਿੰਘ ਦਾ ਹੋਰ ਕਹਿਣਾ ਹੈ ਕਿ ਮੈਨੂੰ ਕੰਮ ਕਰਨ ਤੋਂ ਹਰ ਵਾਰ ਰੋਕਿਆ ਗਿਆ, ਕਈ ਤਰ੍ਹਾਂ ਦਾ ਦਬਾਅ ਪਾਇਆ ਗਿਆ। ਮੇਰੇ ਨਾਲ ਜੋ ਸਾਥੀ ਕੰਮ ਕਰਦੇ ਸੀ, ਉਹ ਵੀ ਮੈਨੂੰ ਰਿਪੋਰਟਾਂ ਦੇਣ ਦੇ ਬਜਾਏ ਹੋਰਾਂ ਨਾਲ ਸਾਂਝੀਆਂ ਕਰਨ ਲੱਗ ਪਏ। ਉਹ ਇੰਨੇ ਦਬਾਅ ਹੇਠ ਆ ਗਏ ਕਿ ਕੰਮ ਵਿੱਚ ਕੁਤਾਹੀ ਕਰਨ ਲੱਗੇ। ਇਸ ਤਰ੍ਹਾਂ ਮੈਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਲਗਦੀ ਸੀ। ਮੇਰੇ ਨਾਲ ਦੇ ਸਾਥੀਆਂ ਦੇ ਨਾਲ ਵੀ ਇਸ ਤਰ੍ਹਾਂ ਦਾ ਵਿਹਾਰ ਕੀਤਾ ਗਿਆ। ਜਦੋਂ ਵਿਜੀਲੈਂਸ ਨੇ ਮਜੀਠੀਆ ਨੂੰ ਗ੍ਰਿਫ਼ਤਾਰ ਕੀਤਾ, ਮਜੀਠੀਆ ਨਾਲ ਸੰਬਧਿਤ 26 ਥਾਂਵਾਂ ’ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਮਜੀਠੀਆ ਦੇ ਘਰ ਤੋਂ 29 ਮੋਬਾਇਲ ਫੋਨ, 5 ਲੈਪਟਾਪ, 3 ਆਈਪੈਡ, 2 ਡੈਸਕਟਾਪ, 8 ਡਾਇਰੀਆਂ ਅਤੇ ਹੋਰ ਦਸਤਾਵੇਜ਼ ਜ਼ਬਤ ਕੀਤੇ ਗਏ। ਇਸਦੇ ਨਾਲ ਹੀ ਵਿਜੀਲੈਂਸ ਨੇ ਕਿਹਾ ਕਿ ਮਜੀਠੀਆ ਨੇ 540 ਕਰੋੜ ਰੁਪਏ ਦੀ ਗੈਰ-ਕਾਨੂੰਨੀ ਜਾਇਦਾਦ ਇਕੱਠੀ ਕੀਤੀ ਹੈ। ਮਜੀਠੀਆ ਦੁਆਰਾ ਨਿਯੰਤਰਿਤ ਕੰਪਨੀਆਂ ਦੇ ਬੈਂਕ ਖਾਤਿਆਂ ਵਿੱਚ 161 ਕਰੋੜ ਰੁਪਏ ਦੀ ਬੇਹਿਸਾਬ ਨਕਦੀ ਜਮ੍ਹਾਂ ਹੈ। 141 ਕਰੋੜ ਰੁਪਏ ਦੇ ਲੈਣ-ਦੇਣ ਸ਼ੱਕੀ ਵਿਦੇਸ਼ੀ ਸੰਸਥਾਵਾਂ ਰਾਹੀਂ ਕੀਤੇ ਗਏ ਸਨ। ਕੰਪਨੀ ਦੇ ਵਿੱਤੀ ਬਿਆਨਾਂ ਵਿੱਚ ਬਿਨਾਂ ਕਿਸੇ ਜਾਣਕਾਰੀ ਅਤੇ ਸਪਸ਼ਟੀਕਰਨ ਦੇ 236 ਕਰੋੜ ਰੁਪਏ ਦੀ ਰਕਮ ਦਾ ਖੁਲਾਸਾ ਕੀਤਾ ਗਿਆ ਸੀ।
ਜਾਣਕਾਰੀ ਮੁਤਾਬਿਕ ਸਾਬਕਾ ਵਿਧਾਇਕ ਬੋਨੀ ਅਜਨਾਲਾ ਨੇ ਵਿਜੀਲੈਂਸ ਟੀਮ ਅੱਗੇ ਆਪਣੇ ਬਿਆਨ ਦਰਜ ਕਰਵਾਏ ਹਨ। ਬੋਨੀ ਅਜਨਾਲਾ ਵੀ ਅਕਾਲੀ ਦਲ ਛੱਡ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਇਸ ਤੋਂ ਇਲਾਵਾ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਵੀ ਮਜੀਠੀਆ ਖਿਲਾਫ ਕਾਰਵਾਈ ਕੀਤੀ ਸੀ। ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਜਗਜੀਤ ਸਿੰਘ ਚਾਹਲ ਅਤੇ ਬਿੱਟੂ ਔਲਖ ਵਿਜੀਲੈਂਸ ਦਫਤਰ ਤੋਂ ਬਾਹਰ ਨਿਕਲੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿੱਟੂ ਔਲਖ ਨੇ ਕਿਹਾ, “ਜੇਕਰ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੀ ਜਾਂਚ ਅਧਿਕਾਰੀ ਤਹਿ ਤਕ ਕਰਨਾ ਚਾਹੁੰਦੇ ਹਨ ਤਾਂ ਉਹ ਉਸ ਸਮੇਂ ਦੇ ਐੱਸ. ਐੱਸ. ਪੀ. ਹਰਦਿਆਲ ਸਿੰਘ ਮਾਨ ਨੂੰ ਪੁੱਛਗਿੱਛ ਲਈ ਬੁਲਾਉਣ।
ਜ਼ਿਕਰਯੋਗ ਹੈ ਕਿ ਜਦੋਂ ਮਨੁੱਖੀ ਅਧਿਕਾਰ ਸਭਾ ਨਾਲ ਸੰਬਧਿਤ ਵਕੀਲ ਰਾਜਵਿੰਦਰ ਸਿੰਘ ਬੈਂਸ ਵੱਲੋਂ ਇੱਕ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਸੰਬਧਿਤ ਕੇਸ ਨਾਲ ਜ਼ਿਮਨੀ ਦੇ ਵਰਕੇ ਅਦਾਲਤੀ ਰਿਕਾਰਡ ਵਿੱਚੋਂ ਗਾਇਬ ਕੀਤੇ ਗਏ ਸਨ। ਮਜੀਠੀਆ ਦੀ ਪਤਨੀ ਦੇ ਨਾਮ ਕੀਤੀ ਰਜਿਸਟਰੀ ਦਾ ਰਿਕਾਰਡ ਮਾਲ ਵਿਭਾਗ ਵਿੱਚੋਂ ਗ਼ਾਇਬ ਕੀਤਾ ਗਿਆ ਸੀ। ਇਸ ਕੇਸ ਨਾਲ ਸੰਬੰਧਿਤ ਕਈ ਲੋਕ ਅੱਗੇ ਹੋ ਕੇ ਸਰਕਾਰ ਦਾ ਸਾਥ ਦੇ ਰਹੇ ਹਨ। ਅਕਾਲੀ ਸਰਕਾਰ ਵੇਲੇ ਜੋ ਲੋਕ ਬਿਕਰਮ ਸਿੰਘ ਮਜੀਠੀਆ ਦੇ ਨਜ਼ਦੀਕੀ ਰਹੇ ਹਨ, ਉਹ ਹੀ ਅੱਗੇ ਆ ਕੇ ਹਰ ਮਹੱਤਵਪੂਰਨ ਜਾਣਕਾਰੀ ਦੇ ਰਹੇ ਹਨ। ਇਨ੍ਹਾਂ ਲੋਕਾਂ ਕੋਲੋਂ ਮਿਲੀ ਨਵੀਂ ਤੋਂ ਨਵੀਂ ਜਾਣਕਾਰੀ ਦੇ ਅਧਾਰ ’ਤੇ ਬਿਕਰਮ ਸਿੰਘ ਮਜੀਠੀਆ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਸਰਕਾਰ ਲੋਕਾਂ ਦਾ ਭਰੋਸਾ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ। ਲੋਕ ਵੀ ਚਾਹੁੰਦੇ ਹਨ ਕਿ ਪੰਜਾਬ ਨਸ਼ਾ ਮੁਕਤ ਹੋਵੇ। ਇਸ ਲਈ ਮਾਨ ਸਰਕਾਰ ਪੂਰੇ ਉਤਸ਼ਾਹ ਵਿੱਚ ਦਿਖਾਈ ਦੇ ਰਹੀ ਹੈ। ਉਹ ਨਸ਼ੇ ਦੇ ਵੱਡੇ ਗਠਜੋੜ ਨੂੰ ਤੋੜਨ ਲਈ ਕੋਈ ਕਸਰ ਨਹੀਂ ਛੱਡਣੀ ਚਾਹੁੰਦੀ। ਉਹ ਇਨ੍ਹਾਂ ਨੂੰ ਸੁਲਾਖਾਂ ਪਿੱਛੇ ਭੇਜਣ ਲਈ ਪੂਰਾ ਜ਼ੋਰ ਲਾਵੇਗੀ। ਸਾਰੇ ਪੰਜਾਬੀ ਪੰਜਾਬ ਨੂੰ ਨਸ਼ਾ ਮੁਕਤ ਦੇਖਣਾ ਚਾਹੁੰਦੇ ਹਨ ਕਿਉਂਕਿ ਪੰਜਾਬ ਵਿੱਚ ਬਹੁਤ ਲੋਕ ਨਸ਼ਿਆਂ ਕਾਰਨ ਮਰ ਚੁੱਕੇ ਹਨ। ਕੋਈ ਕੋਈ ਹੀ ਨਸ਼ਿਆਂ ਬਾਰੇ ਰਿਪੋਰਟ ਲਿਖਵਾਉਂਦਾ ਹੈ, ਜ਼ਿਆਦਾਤਰ ਲੋਕ ਇਸ ਨੂੰ ਝੰਜਟ ਸਮਝਦੇ ਹੋਏ ਚੁੱਪ ਰਹਿ ਕੇ ਹੀ ਅੰਤਿਮ ਅਰਦਾਸ ਕਰ ਦਿੰਦੇ ਹਨ। ਵਿਜੀਲੈਂਸ ਨੇ ਕੇਸ ਭਾਵੇਂ ਅਸਾਸਿਆਂ ਤੋਂ ਵੱਧ ਖਰਚ ਕਰਨ ਦਾ ਦਰਜ ਕੀਤਾ ਹੈ ਪਰ ਗੱਲ ਨਸ਼ੇ ਦੀ ਹੋ ਰਹੀ ਹੈ। ਇਸ ਲਈ ਅਕਾਲੀ ਆਗੂ ਬਿਕਰਮ ਮਜੀਠੀਆ ਤੋਂ ਬਾਅਦ ਹੁਣ ਪੁਲਿਸ ਹੁਣ ਉਨ੍ਹਾਂ ਦੇ ਕਰੀਬੀਆਂ ਅਤੇ ਉਨ੍ਹਾਂ ਦੇ ਵਰਕਰਾਂ ਉੱਤੇ ਸ਼ਿਕੰਜਾ ਕੱਸਦੀ ਹੋਈ ਨਜ਼ਰ ਆ ਰਹੀ ਹੈ। ਅੰਮ੍ਰਿਤਸਰ ਪੁਲਿਸ ਵੱਲੋਂ ਬਿਕਰਮ ਮਜੀਠੀਆ ਦੇ ਘਰ ਹੋਈ ਰੇਡ ਤੋਂ ਬਾਅਦ ਇੱਕ-ਇੱਕ ਵਰਕਰ ਅਤੇ ਸਮਰਥਕ ਤੋਂ ਪੁੱਛਗਿੱਛ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਕਈ ਮਹਿਕਮਿਆਂ ਤੋਂ ਰਿਪੋਰਟਾਂ ਲਈਆਂ ਜਾ ਰਹੀਆਂ ਹਨ, ਜਿਸਦਾ ਅਕਾਲੀ ਦਲ ਦੇ ਵਰਕਰਾਂ ਨੂੰ ਵੀ ਪਤਾ ਲੱਗ ਚੁੱਕਾ ਹੈ। ਇਸ ਲਈ ਕਈ ਅਕਾਲੀਆਂ ਵੱਲੋਂ ਕਾਨੂੰਨੀ ਰਾਏ ਲਈ ਜਾ ਰਹੀ ਹੈ। ਪੰਜਾਬ ਵਿੱਚ ਕਈ ਸਰਕਾਰਾਂ ਨਸ਼ੇ ਨੂੰ ਖਤਮ ਕਰਨ ਦਾ ਨਾਅਰਾ ਦੇ ਕੇ ਬਣੀਆਂ ਹਨ, ਇਸ ਲਈ ਭਗਵੰਤ ਮਾਨ ਸਰਕਾਰ ਆਪਣੀ ਹੋਂਦ ਨੂੰ ਬਚਾਉਣ ਲਈ ਬਿਕਰਮ ਸਿੰਘ ਮਜੀਠੀਆ ਦੇ ਬਹਾਨੇ ਕਈ ਹੋਰਨਾਂ ਨੂੰ, ਜੋ ਨਸ਼ੇ ਦੇ ਵੱਡੇ ਕਾਰੋਬਾਰੀ ਹਨ, ਹੱਥ ਪਾਵੇਗੀ। ਇਹ ਇੰਨਾ ਸੌਖਾ ਤਾਂ ਨਹੀਂ ਪਰ ਲੋਕਾਂ ਲਈ ਇਹ ਕਿਸੇ ਵਰਦਾਨ ਤੋਂ ਘੱਟ ਵੀ ਨਹੀਂ ਹੋਵੇਗਾ। ਰੱਬ ਕਰੇ ਨਸ਼ੇ ਦੇ ਕਾਰੋਬਾਰ ਦੀ ਜੜ੍ਹ ਪੁੱਟੀ ਜਾਵੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)