“ਅੱਜ ਵੀ ਇਸ ਖੇਤਰ ਵਿੱਚ ਰੋਅਬ ਰੱਖਣ ਵਾਲੇ ਲੋਕਾਂ ਦਾ ਦਬਦਬਾ ਕਾਇਮ ਹੈ ਅਤੇ ਇਹ ਧਨਾਡ ...”
(29 ਨਵੰਬਰ 2023)
ਇਸ ਸਮੇਂ ਪਾਠਕ: 155.
ਗੁਰੂਆਂ ਦੀ ਧਰਤੀ ਪੰਜਾਬ ਦੇ ਪਿੰਡਾਂ ਵਿੱਚ ਵਸਣ ਵਾਲੇ ਲੋਕ ਆਪਣਾ ਫਰਜ਼ ਨਹੀਂ ਨਿਭਾ ਰਹੇ। ਹਜ਼ਾਰਾਂ ਦੇ ਹਿਸਾਬ ਨਾਲ ਮਾਨਸਿਕ ਸੰਤੁਲਨ ਗਵਾ ਚੁੱਕੇ ਵਰ੍ਹਿਆਂ ਤੋਂ ਬੰਧੂਆ ਮਜ਼ਦੂਰ ਬਣਾ ਕੇ ਰੱਖੇ ਵਿਅਕਤੀਆਂ ਦੀਆਂ ਵੀਡੀਓ ਵੇਖ ਕੇ ਰੂਹ ਕੰਬਦੀ ਉੱਠਦੀ ਹੈ ਕਿ ਪੰਜਾਬ ਦੇ ਲੋਕ ਐਨੇ ਗਏ ਗੁਜ਼ਰੇ ਹੋ ਗਏ ਹਨ? ਵੇਖ ਕੇ ਯਕੀਨ ਨਹੀਂ ਆ ਰਿਹਾ। ਕੁਝ ਲੋਕ ਮਾਨਸਿਕ ਸੰਤੁਲਨ ਗਵਾ ਚੁੱਕੇ ਆਦਮੀਆਂ ਜਾਂ ਔਰਤਾਂ ਨੂੰ ਨਸ਼ਾ ਦੇ ਕੇ ਹਰ ਕੰਮ ਕਰਵਾ ਰਹੇ ਹਨ। ਚੰਗੇ ਚੰਗੇ ਘਰਾਂ ਦੇ ਪੰਜਾਬੀ ਪਰਿਵਾਰ ਉਨ੍ਹਾਂ ਕੋਲੋਂ ਗੋਹਾ ਕੂੜਾ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਸੰਗਲ ਨਾਲ ਬੰਨ੍ਹੀ ਰੱਖਦੇ ਹਨ। ਇਨ੍ਹਾਂ ਵਿੱਚ ਯੂਪੀ ਬਿਹਾਰ ਦੇ ਤਾਂ ਬੰਧੂਆ ਮਜ਼ਦੂਰ ਹੈ ਹੀ ਹਨ, ਪਰ ਪੰਜਾਬੀਆਂ ਦੀ ਗਿਣਤੀ ਘੱਟ ਨਹੀਂ। ਧਰਿਗ ਹੈ ਐਹੋ ਜਿਹੇ ਲੋਕਾਂ ’ਤੇ। ਐਨੇ ਪੱਥਰ ਦਿਲ, ਐਨੇ ਜ਼ਾਲਿਮ ਹਨ ਇਹ ਲੋਕ ਕਿ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਕਿੱਥੋਂ ਦੇ ਰਹਿਣ ਵਾਲੇ ਹਨ, ਉਨ੍ਹਾਂ ਦੇ ਮਾਂ ਪਿਉ ਕੌਣ ਹਨ, ਉਨ੍ਹਾਂ ਦਾ ਘਰ ਕਿੱਥੇ ਹੈ, - ਇਹ ਘਟੀਆ ਕਿਸਮ ਦੇ ਲੋਕ ਉਨ੍ਹਾਂ ਨੂੰ ਸੰਗਲਾ ਨਾਲ ਬੰਨ੍ਹ ਕੇ ਉਨ੍ਹਾਂ ਕੋਲ਼ੋਂ ਕੰਮ ਕਰਵਾਉਂਦੇ ਹਨ, ਆਪ ਵਿਹਲੇ ਰਹਿੰਦੇ ਹਨ।
ਅਜਿਹੇ ਕੇਸ ਹਜ਼ਾਰਾਂ ਵਿੱਚ ਹਨ। ਇਹੋ ਜਿਹੇ ਦਰਿੰਦਿਆਂ ਦੀ ਅਗਲੀ ਨਸਲ ਕਿਹੋ ਜਿਹੀ ਹੋਵੇਗੀ, ਜੋ ਇਹਨਾਂ ਨੂੰ ਆਪਣੀਆਂ ਅੱਖਾਂ ਸਾਹਮਣੇ ਦਰਿੰਦਗੀ ਕਰਦਿਆਂ ਵੇਖਦੀ ਹੈ? ਕੋਈ ਸੇਵਾ ਸੁਸਾਇਟੀਆਂ ਆਪਣਾ ਫਰਜ਼ ਨਹੀਂ ਨਿਭਾ ਰਹੀਆਂ। ਲਾਗੇ ਰਹਿੰਦੇ ਲੋਕ ਇਹ ਜਾਣਦੇ ਹੋਏ ਵੀ ਕਿ ਇਹ ਜੋ ਇਨਸਾਨ ਬਿਨਾ ਪੈਸੇ ਤੋਂ ਕਮ ਕਰ ਰਹੇ ਹਨ, ਇਨ੍ਹਾਂ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ, ਇਨ੍ਹਾਂ ਦੀ ਕੋਈ ਸਹਾਇਤਾ ਨਹੀਂ ਕਰਦੇ। ਜਾਣਦੇ ਹੋਏ ਵੀ ਅਣਜਾਣ ਬਣੇ ਰਹਿੰਦੇ ਹਨ। ਜੇ ਇਹ ਲੋਕ ਬੁਜ਼ਦਿਲ ਨਹੀਂ ਹਨ ਤਾਂ ਹੋਰ ਕੀ ਹਨ? ਕੀ ਇਨ੍ਹਾਂ ਵਿੱਚੋਂ ਪੰਜਾਬੀਅਤ ਮਰ ਚੁੱਕੀ ਹੈ, ਜੋ ਇਨ੍ਹਾਂ ਨੂੰ ਗੁਰੂਆਂ ਨੇ ਬਖਸ਼ੀ ਸੀ? ਹੁਣ ਇਹ ਪੰਜਾਬੀ ਕਹਾਉਣ ਦੇ ਲਾਇਕ ਨਹੀਂ ਰਹੇ। ਸ਼ਾਇਦ ਇਸੇ ਕਰਕੇ ਹੀ ਹੁਣ ਪੰਜਾਬੀ ਨੂੰ ਨਜ਼ਰ ਲੱਗ ਚੁੱਕੀ ਹੈ, ਤਾਂ ਹੀ ਤਾਂ ਪੰਜਾਬ ਨਸ਼ਿਆਂ ਵਿੱਚ ਗੋਤੇ ਖਾ ਰਿਹਾ ਹੈ। ਨਿਪੁੰਸਿਕ ਪੰਜਾਬੀ ਅੱਜ ਅਫਰੀਕਣਾਂ ਦੇ ਜਿਵਾਣੂੰਆਂ ਰਾਹੀਂ ਬੱਚੇ ਪੈਦਾ ਕਰ ਰਹੇ ਹਨ।
ਪੰਜਾਬ ਵਿੱਚ ਉਹ ਦੱਬੇ ਕੁਚਲੇ ਲੋਕ ਹਨ, ਜੋ ਪੀੜ੍ਹੀ ਦਰ ਪੀੜ੍ਹੀ ਕਰਜ਼ੇ ਹੇਠ ਦੱਬੇ ਰਹਿੰਦੇ ਹਨ, ਉਹ ਵੀ ਬੰਧੂਆ ਮਜ਼ਦੂਰ ਬਣਾ ਲਏ ਜਾਂਦੇ ਹਨ। ਬੰਧੂਆ ਮਜ਼ਦੂਰੀ, ਜਿਸ ਨੂੰ ਕਰਜ਼ੇ ਦੀ ਗੁਲਾਮੀ ਵੀ ਕਿਹਾ ਜਾਂਦਾ ਹੈ, ਅਤੇ ਜਿਸ ਵਿਅਕਤੀ ਤੋਂ ਕਰਜ਼ਾ ਲਿਆ ਹੈ, ਉਸ ਦਾ ਇੱਕ ਤਰ੍ਹਾਂ ਮਜ਼ਦੂਰ ਉੱਤੇ ਪੂਰਾ ਨਿਯੰਤਰਣ ਹੋ ਜਾਂਦਾ ਹੈ। ਕਰਜ਼ਾ ਦੇਣ ਲੱਗਿਆਂ ਉਹ ਹਰ ਸ਼ਰਤ ਮਨਵਾ ਲਈ ਜਾਂਦੀ ਹੈ ਤਾਂ ਜੋ ਬੰਧੂਆ ਮਜ਼ਦੂਰੀ ਪੀੜ੍ਹੀ ਦਰ ਪੀੜ੍ਹੀ ਚਲਦੀ ਰਹਿ ਸਕੇ। ਜਦੋਂ ਕਰਜ਼ਾ ਮੋੜਨ ਦਾ ਵਾਅਦਾ ਇੱਕ ਵਿਅਕਤੀ ਦੁਆਰਾ ਕੀਤਾ ਜਾਂਦਾ ਹੈ, ਤਾਂ ਮਾਲਕ ਅਕਸਰ ਗੈਰ ਕਾਨੂੰਨੀ ਢੰਗ ਨਾਲ ਬਿਆਜ ਦਰਾਂ ਨੂੰ ਵਧਾ ਕੇ ਰੱਖਦਾ ਹੈ, ਜਿਸ ਨਾਲ ਵਿਅਕਤੀ ਲਈ ਬੰਧੂਆ ਮਜ਼ਦੂਰੀ ਛੱਡਣਾ ਅਸੰਭਵ ਹੋ ਜਾਂਦਾ ਹੈ। ਜਿਸ ਰਫਤਾਰ ਨਾਲ ਮੂਲ ਰਕਮ ਮਜ਼ਦੂਰੀ ਨਾਲ ਘੱਟ ਹੁੰਦੀ ਹੈ, ਉਸੇ ਦਰ ਨਾਲ ਬਿਆਜ ਵਿੱਚ ਜੋੜ ਕੇ ਉਸ ਰਕਮ ਨੂੰ ਉੰਨਾ ਹੀ ਕਰ ਦਿੰਦਾ ਹੈ। ਜਦੋਂ ਬੰਧੂਆ ਮਜ਼ਦੂਰ ਦੀ ਮੌਤ ਹੋ ਜਾਂਦੀ ਹੈ, ਤਾਂ ਕਰਜ਼ੇ ਅਕਸਰ ਬੱਚਿਆਂ ਉੱਤੇ ਪਾ ਦਿੱਤੇ ਜਾਂਦੇ ਹਨ। ਅਗਾਂਹ ਬੱਚੇ ਫਿਰ ਉਸੇ ਚੱਕੀ ਵਿੱਚ ਜ਼ਿੰਦਗੀ ਗਾਲਲ਼ ਦਿੰਦੇ ਹਨ। ਖੇਤਾਂ, ਭੱਠਿਆਂ, ਖਾਣਾਂ, ਘਰਾਂ, ਹੋਟਲਾਂ ਤੇ ਹੋਰ ਸਭਨਾਂ ਥਾਵਾਂ ’ਤੇ ਕੰਮ ਕਰਨ ਵਾਲੇ ਬੰਧੂਆ ਮਜ਼ਦੂਰਾਂ ਤੋਂ ਸਖਤ ਕੰਮ ਲਿਆ ਜਾਂਦਾ ਹੈ। ਨਿੱਤ ਦਿਨ ਕੁੱਟਮਾਰ ਤੇ ਗਾਲੀ-ਗਲੋਚ ਝੱਲਣਾ ਇਹਨਾਂ ਦੇ ਕੰਮ ਦਾ ਹਿੱਸਾ ਬਣ ਜਾਂਦਾ ਹੈ। ਇਨ੍ਹਾਂ ਦੀ ਖੁਰਾਕ, ਸਫਾਈ, ਸਿਹਤ ਅਤੇ ਸੁਰੱਖਿਆ ਬਾਰੇ ਹਾਲਾਤ ਬਿਆਨ ਨਹੀਂ ਕੀਤੇ ਜਾ ਸਕਦੇ। ਇਹ ਬਹੁਤ ਹੀ ਮਾੜੇ ਹੁੰਦੇ ਹਨ। ਇਨ੍ਹਾਂ ਗਰੀਬ, ਦਲਿਤ, ਆਦਿਵਾਸੀਆਂ ਅਤੇ ਪਛੜੀਆਂ ਜਾਤੀਆਂ ਉੱਤੇ ਜ਼ੁਲਮ ਅਤੇ ਅੱਤਿਆਚਾਰ ਦੀ ਘਟਨਾਵਾਂ ਵਿੱਚ ਕਈ ਗੁਣਾ ਵਾਧਾ ਹੀ ਹੁੰਦਾ ਹੈ, ਕਦੇ ਵੀ ਘਾਟਾ ਨਹੀਂ ਦਰਜ ਕੀਤਾ ਗਿਆ ਹੈ।
ਇਹ ਦੱਬੇ ਹੋਏ ਲੋਕ ਕਰਜ਼ੇ ਦੇ ਭਾਰ ਹੇਠ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਨ। ਪ੍ਰਸ਼ਾਸਨ ਸਭ ਕੁਝ ਜਾਣਦੇ ਹੋਏ ਵੀ ਆਪਣੀਆਂ ਅੱਖਾਂ ਅਤੇ ਕੰਨ ਬੰਦ ਕਰਕੇ ਬੈਠਾ ਹੋਇਆ ਹੈ। ਇਸ ਲਈ ਹੀ ਇਸ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਵੀ ਇਨ੍ਹਾਂ ਲੋਕਾਂ ਨੂੰ ਉਚਿਤ ਮਦਦ ਨਹੀਂ ਮਿਲਦੀ। ਬੰਧੂਆ ਮਜ਼ਦੂਰੀ ਦੇ ਸਿਰ ’ਤੇ ਚੱਲਦੀਆਂ ਸਨਅਤਾਂ ਅੰਦਰ ਵੱਡੀ ਗਿਣਤੀ ਬੱਚਿਆਂ ਨੂੰ ਘਰ-ਨੁਮਾ ਫੈਕਟਰੀਆਂ ਅੰਦਰ ਭੀੜੇ, ਅੱਤ ਦੇ ਗੰਦੇ ਤੇ ਨਾਮਾਤਰ ਰੌਸ਼ਨੀ ਵਾਲੇ ਕਮਰਿਆਂ ਵਿੱਚ ਤਾੜ ਕੇ ਰੱਖਿਆ ਜਾਂਦਾ ਹੈ। ਸਾਹ ਦੀਆਂ ਬਿਮਾਰੀਆਂ, ਟੀ.ਬੀ., ਫੇਫੜਿਆਂ ਦੇ ਰੋਗ ਇਹਨਾਂ ਬੱਚਿਆਂ ਵਿੱਚ ਆਮ ਹੀ ਪਾਏ ਜਾਂਦੇ ਹਨ। ਇਹਨਾਂ ਬਿਮਾਰੀਆਂ ਦਾ ਸ਼ਿਕਾਰ ਬਣੇ ਅਨੇਕਾਂ ਬੱਚੇ ਜਵਾਨੀ ਦੀ ਦਹਿਲੀਜ਼ ਚੜ੍ਹਨ ਤੋਂ ਪਹਿਲਾਂ ਹੀ ਮੌਤ ਦੇ ਮੂੰਹ ਜਾ ਪੈਂਦੇ ਹਨ।
ਧਨਾਢ ਚੌਧਰੀਆਂ ਦੇ ਗੁਲਾਮ ਬੰਧੂਆ ਮਜ਼ਦੂਰਾਂ ਨੂੰ ਇਸ ਸਥਿਤੀ ਵਿੱਚੋਂ ਕੱਢਣ ਲਈ ਪੇਂਡੂ ਮਜ਼ਦੂਰਾਂ ਨੂੰ ਕੋਅਪਰੇਟਿਵ ਸੁਸਾਈਟੀਆ ਵਿੱਚ ਬਿਨਾਂ ਸ਼ਰਤ ਮੈਂਬਰ, ਹਿੱਸੇਦਾਰ ਬਣਾਇਆ ਜਾਵੇ। ਪੰਜਾਬ ਰਾਜ ਐੱਸ ਸੀ ਕਮਿਸ਼ਨ ਨੇ ਵੀ ਬੇਜ਼ਮੀਨੇ ਦਲਿਤ ਮਜ਼ਦੂਰਾਂ ਉੱਤੇ ਹੋ ਰਹੇ ਅੱਤਿਆਚਾਰ ਵੇਖ ਕੇ ਚੁੱਪ ਧਾਰੀ ਹੋਈ ਹੈ। ਪੇਂਡੂ ਮਜ਼ਦੂਰਾਂ ਨੂੰ ਸਸਤੇ ਬਿਆਜ ਦਰਾਂ ਉੱਪਰ ਵੱਧ ਤੋਂ ਵੱਧ ਕਰਜ਼ੇ ਦਿੱਤੇ ਜਾਣ ਤਾਂ ਜੋ ਪੇਂਡੂ ਮਜ਼ਦੂਰ ਧਨਾਢ ਚੌਧਰੀਆਂ ਦੀ ਗੁਲਾਮੀ ਤੋਂ ਬਚ ਸਕੇ। ਇਸ ਤੋਂ ਇਲਾਵਾ ਹੋਰ ਮੰਗਾਂ ਵੀ ਪੂਰੀਆਂ ਕੀਤੀਆਂ ਜਾਣ ਜਿਸਨੇ ਮੁਲਕ ਅੰਦਰ ਗਰੀਬੀ, ਭੁੱਖਮਰੀ, ਜਲਾਲਤ, ਲੁੱਟ-ਖੋਹ, ਦਾਬੇ, ਵਿਤਕਰੇ ਅਤੇ ਜਬਰੋ-ਜ਼ੁਲਮ ਨੂੰ ਕਾਇਮ ਰੱਖਿਆ ਹੋਇਆ ਹੈ।
ਬੜੇ ਹਿਰਖ਼ੇ ਮਨ ਨਾਲ ਕਹਿਣਾ ਪੈਂਦਾ ਹੈ ਕਿ ਅਪਰਾਧੀ ਨੂੰ ਸਜ਼ਾ ਨਹੀਂ ਮਿਲਦੀ। ਇਸ ਲਈ ਸਖਤ ਕਾਨੂੰਨ ਬਣਾਏ ਜਾਣ ਦੀ ਲੋੜ ਹੈ। ਅਪਰਾਧੀ ਨੂੰ ਉਸ ਦੇ ਜੁਰਮ ਦੀ ਸਜ਼ਾ ਤੁਰੰਤ ਜਾਂ ਨਿਸ਼ਚਿਤ ਸਮੇਂ ਵਿੱਚ ਦਿੱਤੀ ਜਾਣੀ ਚਾਹੀਦੀ ਹੈ। ਪੀੜਤ ਨੂੰ ਨਵਾਂ ਜੀਵਨ ਮਿਲਣ ਦੀ ਗਾਰੰਟੀ ਦਿੱਤੀ ਜਾਣੀ ਚਾਹੀਦੀ ਹੈ। ਇਨਸਾਨ ਨੂੰ ਵੇਚਣਾ, ਖਰੀਦਣਾ, ਬੰਧੂਆ ਮਜ਼ਦੂਰ ਬਣਾਉਣਾ ਤੇ ਸਰੀਰਕ ਸ਼ੋਸ਼ਣ ਕਰ ਕੇ ਉਸ ਦੀ ਜ਼ਿੰਦਗੀ ਨੂੰ ਨਰਕ ਬਣਾਉਣਾ, ਇਸ ਤੋਂ ਵੱਡਾ ਕੋਈ ਅਪਰਾਧ ਨਹੀਂ ਹੋ ਸਕਦਾ ਹੈ। ਅੱਜ ਵੀ ਇਸ ਖੇਤਰ ਵਿੱਚ ਰੋਅਬ ਰੱਖਣ ਵਾਲੇ ਲੋਕਾਂ ਦਾ ਦਬਦਬਾ ਕਾਇਮ ਹੈ ਅਤੇ ਇਹ ਧਨਾਡ ਗਰੀਬ ਭਾਈਚਾਰੇ ਦੇ ਲੋਕਾਂ ਨਾਲ ਧੱਕੇਸ਼ਾਹੀ ਕਰ ਰਹੇ ਹਨ। ਸਿਆਸੀ ਲੀਡਰਾਂ ਦੀ ਸ਼ਹਿ ਪ੍ਰਾਪਤ ਹੋਣ ਕਰਕੇ ਉਨ੍ਹਾਂ ਉੱਤੇ ਕੋਈ ਕਾਰਵਾਈ ਵੀ ਨਹੀਂ ਹੁੰਦੀ ਹੈ। ਇਸ ਲਈ ਭਾਵੇਂ ਪਹਿਲਾਂ ਵੀ ਕਈ ਕਾਨੂੰਨ ਹਨ ਪਰ ਅਪਰਾਧੀ ਲੋਕ ਵਕੀਲਾਂ ਦੀ ਮਦਦ ਨਾਲ ਇਨ੍ਹਾਂ ਕਾਨੂੰਨਾਂ ਵਿਚਲੀਆਂ ਕਮਜ਼ੋਰੀਆਂ ਲੱਭ ਕੇ ਬਚ ਨਿਕਲਦੇ ਹਨ। ਇਸ ਲਈ ਸਖਤ ਕਾਨੂੰਨ ਬਣਾਉਣ ਦੀ ਲੋੜ ਹੈ ਤਾਂ ਕਿ ਜਿਸ ਨੇ ਅਪਰਾਧ ਕੀਤਾ ਹੈ, ਉਸ ਨੂੰ ਕਾਨੂੰਨ ਮੁਤਾਬਿਕ ਬਣਦੀ ਸਜ਼ਾ ਮਿਲ ਸਕੇ। ਪੰਜਾਬ ਵਿੱਚ ਵੱਡੀ ਪੱਧਰ ਤੇ ਉਹ ਲੋਕ ਜੋ ਸਾਰੀ ਜ਼ਿੰਦਗੀ ਸੀਰ ਕਰਦਿਆਂ ਗੁਜ਼ਾਰ ਦਿੰਦੇ ਹਨ, ਆਖਰ ’ਤੇ ਜਦੋਂ ਮਰ ਵੀ ਜਾਣ ਤਾਂ ਕਰਜ਼ਾ ਜਿਉਂ ਦਾ ਤਿਉਂ ਹੀ ਖੜ੍ਹਾ ਰਹਿੰਦਾ ਹੈ। ਸਾਰੀ ਜ਼ਿੰਦਗੀ ਕੰਮ ਦੀ ਖਾਤਰ ਸੀਰੀ ਨੂੰ ਨਸ਼ਾ ਖਵਾ ਕੇ ਉਸ ਦੀ ਦੇਹੀ ਦੀ ਤਾਕਤ ਤੋਂ ਵੱਧ ਕੰਮ ਲਿਆ ਜਾਂਦਾ ਹੈ, ਇਹ ਅਪਰਾਧ ਨਹੀਂ ਤਾਂ ਹੋਰ ਕੀ ਹੈ? ਕਿਹਾ ਜਾਂਦਾ ਹੈ ਕਿ ਸੀਰੀਆਂ ਨੂੰ ਨਸ਼ਾ ਦਿੰਦੇ ਦਿੰਦੇ ਸਰਮਾਏਦਾਰਾਂ ਦੇ ਕਾਕੇ ਵੀ ਦਿੱਤੇ ਹੋਏ ਨਸ਼ੇ ਨਾਲ ਲਿੱਬੜੇ ਹੱਥਾਂ ਨੂੰ ਚੱਟਦੇ ਚੱਟਦੇ ਨਸ਼ੇ ਦੇ ਆਦੀ ਹੋ ਜਾਂਦੇ ਨੇ। ਸ਼ਾਇਦ ਇਸੇ ਕਰਕੇ ਹੀ ਅੱਜ ਪੰਜਾਬੀ ਨਸ਼ਈ ਹੋ ਗਏ ਹਨ। ਇਨ੍ਹਾਂ ਬੰਧੂਆ ਮਜ਼ਦੂਰਾਂ ਨੂੰ ਛੁਡਾਉਣ ਲਈ ਸਵੈਸੇਵਕ ਜਥੇਬੰਦੀਆਂ ਅਤੇ ਪ੍ਰਸ਼ਾਸਨ ਨੂੰ ਅੱਗੇ ਆਉਣਾ ਚਾਹੀਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4512)
(ਸਰੋਕਾਰ ਨਾਲ ਸੰਪਰਕ ਲਈ: (